ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

Showing posts with label ਫਲੇਲ ਸਿੰਘ ਸਿੱਧੂ. Show all posts
Showing posts with label ਫਲੇਲ ਸਿੰਘ ਸਿੱਧੂ. Show all posts

28 Jul 2016

ਘੋਰ-ਕੰਡੇ

ਕਾਫੀ ਸਮਾਂ ਪਹਿਲਾਂ ਪਿੰਡਾਂ ਵਿੱਚ ਅੱਜ ਕੱਲ ਵਰਗੇ ਮੰਨੋਰੰਜਨ ਦੇ ਸਾਧਨ ਨਹੀਂ ਹੁੰਦੇ ਸਨ| ਬੱਚਿਆਂ ਦੇ ਦਿਲ ਬਹਿਲਾਵੇ ਲਈ ਜਾਂ ਜਦੋਂ ਬੱਚੇ ਨੇ ਸੌਣ ਲਈ ਜਿਦ ਕਰਨੀ ਜਾਂ ਰੋਣਾ ਸੁਰੂ ਕਰ ਦੇਣਾ ਮਾਵਾਂ ਘਰ ਦੇ ਕੰਮ 'ਚ ਇੰਨੀਆਂ ਰੁਝੀਆਂ ਹੁੰਦੀਆਂ ਸਨ ਕਿ ਉਹਨਾਂ ਕੋਲ ਬੱਚਿਆਂ ਲਈ ਸਮਾਂ ਨਹੀਂ ਹੁੰਦਾ ਸੀ| ਤਾਂ ਘਰ ਦੇ ਬਜ਼ੁਰਗ ਨੇ ਕਹਿਣਾ ਮੇਰੇ ਕੋਲ ਆਓ ਸਾਰੇ ਮੈਂ ਥੋਡੇ ਘੋਰ-ਕੰਡੇ ਕਰਦਾਂ|ਘਰ ਦੇ ਸਾਰੇ ਬੱਚਿਆਂ ਨੇ ਬਜ਼ੁਰਗ ਕੋਲ ਇੱਕਠੇ ਹੋ ਜਾਣਾ|ਆਪਣੀ-ਆਪਣੀ ਵਾਰੀ ਲਈ ਬੱਚਿਆਂ ਨੇ ਕਾਵਾਂ ਰੌਲੀ ਪਾ ਦੇਣੀ|ਬਜ਼ੁਰਗ ਨੇ ਵਾਰੀ ਲਈ ਕੋਈ ਨਿਯਮ ਜਿਹਾ ਬਣਾ ਲੈਣਾ ਅਤੇ ਜਿਸ ਦੀ ਸਭ ਤੋਂ ਪਹਿਲਾਂ ਵਾਰੀ ਹੋਣੀ ,ਉਸ ਬੱਚੇ ਦਾ ਹੱਥ ਫੜਨਾ ਅਤੇ ਹਥੇਲੀ ਤੇ ਆਪਣੀ ਉਂਗਲ ਫੇਰਨੀ ਤੇ ਨਾਲ-ਨਾਲ ਇੱਕ ਕਹਾਣੀ ਵੀ ਸੁਣਾਉਂਦੇ ਰਹਿਣਾ -ਘੋਰ-ਕੰਡੇ,ਚੂਹੇ ਲੰਡੇ, ਹਾਲੀਓ ਪਾਲੀਓ ਐਥੇ ਸਾਡਾ ਤਾਰੀ ਨੀ ਦੇਖਿਆ,ਹੱਥ ਵਿੱਚ ਖੂੰਡੀ , ਪੈਰੀਂ ਮੋਜੇ,ਸਿਰ ਤੇ ਭੂੰਗੀ.....ਇਸ ਤਰਾਂ ਬਜ਼ੁਰਗ ਨੇ ਆਪਣੀ ਉਂਗਲੀ ਨਾਲ ਬਾਂਹ ਤੇ ਘੋਰ -ਕੰਡੇ ਜਿਹੇ ਕਰਦੇ-ਕਰਦੇ ਅੱਗੇ ਵਧਦੇ ਜਾਣਾ ਅਤੇ ਇਹ ਕਹਿੰਦੇ ਰਹਿਣਾ ਆ ਜਾਂਦੀ ਪੈੜ...ਬਈ.ਆ ਜਾਂਦੀ ਪੈੜ ...ਆ ਦੇਖੋ ਐਥੋਂ ਖੱਬੇ ਮੁੜ ਗਿਆ...ਇੱਥੋਂ ਸੱਜੇ ਮੁੜ ਗਿਆ...ਲੱਭ ਗਈ ਪੈੜ..ਬਈ ਲੱਭ ਗਈ ਪੈੜ..ਸਾਡੇ ਤਾਰੀ ਦੀ ਲੱਭ ਗਈ ਪੈੜ..ਤੇ ਅਖੀਰ ਬੋਚ ਕੇ ਬੱਚੇ ਦੀ ਕੱਛ ਚ ਅਚਾਨਕ ਕੁਤ-ਕਤਾੜੀ ਕਰ ਦੇਣੀ|ਜਦੋਂ ਕੁਤ-ਕਤਾੜੀ ਹੋਣੀ ਤਾਂ ਬੱਚਾ ਨੇ ਪੂਰੇ ਜ਼ੋਰ ਦੀ ਹੱਸਣਾ | ਇਸ ਤਰਾਂ ਕਰਨ ਨਾਲ ਬੱਚੇ ਹੱਸ ਛੱਡਦੇ ਸਨ ਅਤੇ ਆਪਣੀ ਵਾਰੀ ਦੀ ਉਡੀਕ ਕਰਦੇ| ਬਜ਼ੁਰਗ ਨੇ ਵਾਰੀ ਨਾਲ ਸਭ ਦੇ ਘੋਰ-ਕੰਡੇ ਕਰਨੇ ਅਤੇ ਘਰ ਚ ਹਾਸੜ ਪਿਆ ਰਹਿਣਾ| ਇੰਨੇ 'ਚ ਮਾਵਾਂ ਨੇ ਆਪਣਾ ਕੰਮ ਨਿਬੇੜ ਲੈਂਣਾ ਅਤੇ ਹੌਲੇ ਫੁੱਲ ਹੋਏ ਬੱਚਿਆਂ ਨੇ ਸੁੱਤਿਆਂ ਰਾਤ ਨੂੰ ਸੁਪਨੇ 'ਚ ਘੋਰ-ਕੰਡਿਆਂ ਦਾ ਅਨੰਦ ਮਾਨਣਾ|
ਫਲੇਲ ਸਿੰਘ ਸਿੱਧੂ 
(ਪਟਿਆਲਾ)

ਨੋਟ : ਇਹ ਪੋਸਟ ਹੁਣ ਤੱਕ 71 ਵਾਰ ਪੜ੍ਹੀ ਗਈ

17 Jul 2016

ਈਦ ਦਾ ਚੰਨ

1.
ਲੇਟ ਵਾਪਸੀ 
ਬੀਵੀ ਸਾਵੇਂ ਸੁੰਘੜੇ 
ਛੱਤਰੀ ਵਾਂਗ।

2.
ਚੜਿਆ ਸੌਣ
ਛਾਈ ਘੋਰ ਉਦਾਸੀ
ਭੌਰ ਦੇ ਮੁੱਖ 

3.
ਖੁਸ਼ ਆਮਦ
ਵਰ੍ਹੇ ਬਾਅਦ ਦਿਸੇ
ਈਦ ਦਾ ਚੰਨ 

ਫਲੇਲ ਸਿੰਘ ਸਿੱਧੂ 
(ਪਟਿਆਲਾ)

ਨੋਟ : ਇਹ ਪੋਸਟ ਹੁਣ ਤੱਕ 41 ਵਾਰ ਪੜ੍ਹੀ ਗਈ

12 Jul 2016

ਸਿਰਨਾਵਾਂ

ਸੱਥ ਚ ਬੈਠੀ ਢਾਣੀ ਨੂੰ
ਫਤਹਿ ਬੁਲਾ ਦੋਸਤ ਨੇ
ਪੁੱਛਿਆ ਮੇਰਾ ਘਰ |
ਕਿਹੜਾ ਏ ਦੌਲਤਖਾਨਾ
ਗੱਭਰੂ ਦਾ ?
ਅੱਛਾ!
ਹਵੇਲੀ ਵਾਲਿਆਂ ਦੇ ਜਾਣੈ ?
ਇੱਥੋਂ ਖੱਬੇ ਮੁੜ ਕੇ
ਦੂਜਾ ਮਕਾਨ ਐ |
ਕਹੇ ਤਾਂ
ਆ ਮੁੰਡੇ ਨੂੰ ਨਾਲ ਤੋਰੀਏ
ਸਿੱਧਾ ਸਾਦਾ
ਪਿੰਡ ਦੇ ਜੀਵਨ ਵਰਗਾ ਸਿਰਨਾਵਾਂ |
ਪਰ..
ਹੁਣ
ਸ਼ਹਿਰ ਆ ਕੇ
ਹਵੇਲੀ ਵਾਲਿਆਂ ਦਾ ਮੁੰਡਾ
ਤਿੰਨ ਸੌ ਛਿਆਲੀ ਬਟਾ
ਕੇ ਵਨ ਹੋ ਗਿਆ |

ਫਲੇਲ ਸਿੰਘ ਸਿੱਧੂ
ਪਟਿਆਲਾ

ਨੋਟ : ਇਹ ਪੋਸਟ ਹੁਣ ਤੱਕ 89 ਵਾਰ ਪੜ੍ਹੀ ਗਈ

8 Jul 2016

ਬਾਬਾ ਤਾਂਗੇ ਵਾਲਾ


ਅੱਜ ਸਾਡੇ ਨਾਲ ਇੱਕ ਨਵਾਂ ਨਾਂ ਆ ਜੁੜਿਆ ਹੈ -ਫਲੇਲ ਸਿੰਘ ਸਿੱਧੂ। ਆਪ ਪਿੰਡ ਸੰਗਤ ਖੁਰਦ ਤਹਿਸੀਲ ਤਲਵੰਡੀ ਸਾਬੋ ਤੋਂ ਹਨ ਤੇ ਅੱਜਕੱਲ ਪਟਿਆਲਾ ਨਿਵਾਸ ਕਰਦੇ ਹਨ।ਆਪ ਸਰਕਾਰੀ ਐਲੀਮੈਂਟਰੀ ਸਕੂਲ ਅਲੰਮਦੀਪੁਰ ਵਿਖੇ ਸੇਵਾ ਨਿਭਾ ਰਹੇ ਹਨ ਤੇ ਸਾਹਿਤ ਨਾਲ ਜੁੜੇ ਹੋਏ ਹਨ। ਸਫ਼ਰਸਾਂਝ 'ਤੇ ਆਪ ਜੀ ਦਾ ਨਿੱਘਾ ਸੁਆਗਤ ਹੈ। 



****************************************

ਨਾਂ ਤਾਂ ਉਸ ਦਾ ਬਚਨ ਸਿਉਂ ਸੀ|ਪਿੰਡ ਦੇ ਨਿਆਣਿਆਂ ਤੋਂ ਲੈ ਕੇ ਸਿਆਣਿਆਂ ਤੱਕ ਸਾਰੇ ਉਸ ਨੂੰ ਬਾਬਾ ਤਾਂਗੇ ਵਾਲਾ ਹੀ ਕਹਿੰਦੇ ਸਨ|ਸੜਕ ਤਾਂ ਬਣ ਗਈ ਸੀ ਪਰ ਪਿੰਡ ਨੂੰ ਕੋਈ ਬੱਸ ਨਹੀਂ ਸੀ ਜਾਂਦੀ ਜਦੋਂ ਬਚਨ ਸਿਉਂ ਨੇ ਤਾਂਗਾ ਪਾਇਆ|ਦੇਖਾ-ਦੇਖੀ ਭਾਵੇਂ ਦੋ ਤਾਂਗੇ ਹੋਰ ਵੀ ਪੈ ਗਏ ਸਨ ਪਰ ਲੰਮੀ ਦੌੜ ਦੇ ਘੋੜੇ ਵਾਂਗ ਸਫਲ ਬਾਬਾ ਬਚਨਾ ਹੀ ਹੋਇਆ|ਸਤਨਾਮ ਨੇ ਘੜੂਕਾ ਵੇਚ ਕੇ ਤਾਂਗਾ ਪਾ ਲਿਆ|ਉਸ ਦੀ ਘੋੜੀ ਬੜੀ ਤੇਜ ਦੌੜਦੀ ਸੀ|ਸੱਥ ਚ ਗੱਲਾਂ ਹੁੰਦੀਆਂ|ਇੱਕ ਦਿਨ ਤਾਂ ਪੁਲ ਦੀ ਢਾਲ ਚ ਬਰੇਕ ਹੀ ਨਾ ਲੱਗੇ ਸਵਾਰੀਆਂ ਛੱਪੜ ਚ ਤਰਦੀਆਂ ਫਿਰਨ| ਫੇਰ ਰੀਸੋ -ਰੀਸ ਚਾਨਣ ਨੇ ਇਹ ਕੰਮ ਸੁਰੂ ਕਰ ਲਿਆ|ਪਰ ਉਹਦੀ ਘੋੜੀ ਰੁੱਸੀ ਜਨਾਨੀ ਵਾਂਗੂ ਜਦੋਂ ਜੀ ਕਰੇ ਪੈਰ ਗੱਡ ਕੇ ਖੜ ਜਾਇਆ ਕਰੇ|ਲੋਕ ਕਹਿਣ ਇਹ ਦਿਗਾੜੇ ਆਲੀ ਆ|ਇੱਕ ਦਿਨ ਤਾਂ ਰਾਤ ਨੂੰ ਉਸ ਨੇ ਸਾਰੇ ਪਿੰਡ ਦੀ ਭੰਮੀਰੀ ਬਣਾਤੀ ਅਜਿਹੀ ਭ਼ੱਜੀ ਕਿ ਪਿੰਡ ਚ ਲਾ-ਲਾ ਹੋਗੀ, ਭੱਜ ਲਓ ਓ ਚਾਨਣ ਦੀ ਘੋੜੀ ਆ ਗਈ| ਖੈਰ ਆਪਾਂ ਗੱਲ ਬਾਬੇ ਬਚਨ ਸਿਉਂ ਦੀ ਕਰ ਰਹੇ ਸੀ| ਇੱਕ ਗੱਲ ਉਸ ਲਈ ਵੀ ਬੜੀ ਮਸ਼ਹੂਰ ਐ| ਜਦੋ ਬਾਬੇ ਨੇ ਤਾਂਗਾ ਭਰ ਕੇ ਚੱਲਣਾ ਰਸਤੇ ਚ ਉਸ ਕਹਿਣਾ ਭਾਈ ਸਾਬ! ਥੋੜਾ ਜਿਹਾ ਪਿੱਛੇ ਨੂੰ ਭਾਰ ਦਿਉ ਤਾਂਗਾ ਦਾਬੂ ਐ| ਸਵਾਰੀਆਂ ਨੇ ਹਿਲ-ਜੁਲ ਜਿਹੀ ਕਰਨੀ, ਬਾਬੇ ਨੇ ਝੱਟ ਕਹਿਣਾ ਦੁਰ ਫਿਟੇ ਮੂੰਹ, ਸਾਰਾ ਹੀ ਭਾਰ ਪਿੱਛੇ ਨੂੰ ਕਰਤਾ ਤਾਂਗਾ ਉਲਾਰ ਹੋ ਗਿਆ| ਇਸ ਤਰਾਂ ਉਸ ਤਾਂਗਾ ਦਾਬੂ ਐ, ਤਾਂਗਾ ਉਲਾਰ ਐ ਕਰਦੇ ਰਹਿਣਾ| ਬਾਬੇ ਦੇ ਮੂੰਹੋ ਨਿਕਲੀ ਗੱਲ ਪਿੰਡ ਚ ਮੁਹਾਵਰਾ ਬਣ ਗਈ|ਜਦੋਂ ਪਿੰਡ ਚ ਕਿਸੇ ਘਰ ਦੀ ਕਬੀਲਦਾਰੀ ਦਾ ਕੋਈ ਮੂੰਹ ਸਿਰ ਨਾ ਹੋਣਾ ਤਾਂ ਪਿੰਡ ਵਾਲਿਆਂ ਕਹਿਣਾ, ਲਓ ਵੀ ਫਲਾਣਿਆਂ ਦਾ ਹਾਲ ਤਾਂ ਬਚਨੇ ਦੇ ਤਾਂਗੇ ਵਾਲਾ ਹੋ ਗਿਆ|

ਫਲੇਲ ਸਿੰਘ ਸਿੱਧੂ 

(ਪਟਿਆਲਾ )

ਨੋਟ : ਇਹ ਪੋਸਟ ਹੁਣ ਤੱਕ 109 ਵਾਰ ਪੜ੍ਹੀ ਗਈ