ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

Showing posts with label ਵਾਰਤਾ. Show all posts
Showing posts with label ਵਾਰਤਾ. Show all posts

17 Feb 2018

ਮੇਰੀ ਬੇਬੇ


ਬੇਬੇ ਅੱਧ ਮੀਚੀਆਂ ਜਿਹੀਆਂ ਅੱਖਾਂ ਨਾਲ਼ ਬਾਣ ਦੇ ਮੰਜੇ 'ਤੇ ਪਈ ਧੁੱਪ ਸੇਕ ਰਹੀ ਸੀ ।ਵਿਹੜੇ ਵਿੱਚ 'ਕੱਲਾ ਖੜ੍ਹਾ ਰੁੱਖ ਠੰਡੀ ਰੁਮਕਦੀ ਪੌਣ ਨਾਲ਼ ਕਿਸੇ ਅਲੌਕਿਕ ਮਸਤੀ ' ਝੂਮਦਾ ਪ੍ਰਤੀਤ ਹੋ ਰਿਹਾ ਸੀ।ਟਹਿਣੀਆਂ ਤੇ ਪੱਤਿਆਂ 'ਚੋਂ ਪੁਣ-ਪੁਣ ਕੇ ਰਹੀ ਧੁੱਪ ਵਿਹੜੇ ' ਫੈਲ ਰਹੀ ਸੀ। ਕੋਲ਼ ਹੀ ਭੁੰਜੇ ਦਰੀ ਵਿਛਾਈ ਬੈਠੀ ਆਪਣੀ ਪੜਦੋਹਤੀ ਦੇ ਗੰਭੀਰ ਪਰ ਸ਼ਾਂਤ ਚਿਹਰੇ ਨੂੰ ਬੇਬੇ ਨਿਹਾਰ ਰਹੀ ਸੀ ਜੋ ਉਸ ਵਕਤ ਸਵੈਕੇਂਦ੍ਰਿਤ ਹੋਈ ਆਪਣਾ ਸਕੂਲ ਦਾ ਕੰਮ ਕਰ ਰਹੀ ਸੀ।ਹਲਕੀ ਜਿਹੀ ਪੀਲ਼ੀ ਭਾਅ ਮਾਰਦੇ ਉਸ ਕਾਗਜ਼ 'ਤੇ ਇੱਕ ਵਿਲੱਖਣ ਜਿਹੇ ਅੰਦਾਜ਼ ਨਾਲ਼ ਨਿਰੰਤਰ ਚੱਲ਼ ਰਹੀ ਉਸ ਦੀ ਪੈਨਸਿਲ ਦੀ ਨੋਕ ਬੇਬੇ ਦਾ ਧਿਆਨ ਖਿੱਚ ਰਹੀ ਸੀ।ਹੁਣ ਬੇਬੇ ਮੰਜੇ 'ਤੇ ਅੰਤਰ-ਮੁਗਧ ਹੋਈ ਉਸ ਕਾਗਜ਼ 'ਤੇ ਵਾਹੀਆਂ ਲਕੀਰਾਂ ਨੂੰ ਅਪਲਕ ਨਿਹਾਰ ਸੀ ਦਰੀ 'ਤੇ ਖਿਲਰੀਆਂ ਅੱਧ ਖੁੱਲ੍ਹੀਆਂ ਕਿਤਾਬਾਂ ਨਿੱਕੜੀ ਦੇ ਪੁੰਗਰਦੇ ਬੋਧ ਤੋਂ ਗਿਆਨ ਤੱਕ ਦੇ ਸਫ਼ਰ ਦੀ ਹਾਮੀ ਭਰ ਰਹੀਆਂ ਸਨ।ਨਿੱਕੜੀ ਆਪਣੇ ਕਾਗਜ਼ 'ਤੇ ਨਿਰੰਤਰ ਕੁਝ ਵਾਹੀ ਜਾ ਰਹੀ ਸੀ ਤੇ ਕਦੇ-ਕਦੇ ਨਾਲ਼ ਬੈਠੀ ਆਪਣੀ ਸਹੇਲੀ ਦੇ ਕਾਗਜ਼ ਨੂੰ ਵੀ ਵੇਖ ਲੈਂਦੀ।ਅਚਾਨਕ ਇੱਕ ਤੇਜ਼ ਹਵਾ ਦੇ ਬੁੱਲੇ ਨੇ ਕਾਗਜ਼ਾਂ ਨੂੰ ਵਿਹੜੇ ' ਉਡਦੀਆਂ ਘੁੱਗੀਆਂ ਦੀ ਡਾਰ ਵਾਂਗੂ ਦੂਰ ਤੱਕ ਖਿਲਾਰ ਦਿੱਤਾ ਸੀ।

"ਕੁੜੇ ਤੇਰੇ ਕਾਗਤ, ਤੇਰੇ ਨਕਸ਼ੇ, ਭਾਰਤੀ ਨਕਸ਼ੇ ਵਾਲ਼ੇ ਕਾਗਤ ਉੱਡਗੇ।" ਬੇਬੇ ਨੇ ਹਵਾ ਨਾਲ਼ ਖਿਲਰਦੇ ਵਰਕਿਆਂ ਵੱਲ਼ ਇਸ਼ਾਰਾ ਕਰਦਿਆਂ ਕਿਹਾ।ਕਾਹਲ਼ੀ-ਕਾਹਲ਼ੀ ਵਰਕੇ ਸਮੇਟਦੀਆਂ ਕੁੜੀਆਂ ਦੀ ਘੁਸਰ-ਮੁਸਰ ਬੇਬੇ ਨੂੰ ਸੁਣ ਗਈ ਸੀ, " ਤੇਰੀ ਪੜਨਾਨੀ ਨੂੰ ਕਿਵੇਂ ਪਤੈ ਬਈ ਨਕਸ਼ਾ ਕੀ ਹੁੰਦੈ ?" ਸਹੇਲੀ ਦੇ ਬੋਲਾਂ ਨੇ ਨਿੱਕੜੀ ਨੂੰ ਅਚੰਭਿਤ ਕਰ ਦਿੱਤਾ ਸੀ।ਸਹੇਲੀ ਨੂੰ ਇੱਕ ਸੀਮਿਤ ਜਿਹਾ ਜਵਾਬ 'ਹਾਂ' ਕਹਿ ਕੇ ਉਹ ਮਨ ਹੀ ਮਨ ਆਪਣੀ ਉਲਝਣ ਨੂੰ ਸੁਲਝਾਉਣ ਲੱਗੀ।

ਸੁਪ੍ਰੀਤ ਕੌਰ ਸੰਧੂ 
( ਐਮ.  ਬੀ. ਬੀ. ਐਸ. -ਪਹਿਲਾ ਸਾਲ )
ਅਨੁਵਾਦ - ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 515 ਵਾਰ ਪੜ੍ਹੀ ਗਈ ਹੈ। 

17 Nov 2017

ਬੇਰੀ ਤੇ ਧੀਆਂ (ਵਾਰਤਾ)

ਅਸੀਂ ਆਪਣੇ ਘਰਾਂ ਵਿੱਚ ਰੁੱਖ ਲਾਉਣ ਲੱਗੇ ਇਹ ਸੋਚਦੇ ਹਾਂ ਕਿ ਇਹ ਰੁੱਖ ਵੱਡਾ ਹੋ ਕੇ ਸਾਨੂੰ ਫੁੱਲ- ਫਲ ਜਾਂ ਫਿਰ ਗਰਮੀ ਦੇ ਮਹੀਨੇ ਠੰਡੀ ਛਾਂ ਦੇਵੇਗਾ ਤਾਂ ਹੀ ਅਸੀਂ ਉਸ ਦੀ ਵਧੀਆ ਤਰੀਕੇ ਨਾਲ ਸਾਂਭ ਸੰਭਾਲ ਕਰਦੇ ਹਾਂ। ਪਰ ਕਦੇ ਕਦੇ ਉਹੀ ਰੁੱਖ ਸਾਨੂੰ ਫੁੱਲ ਫਲ ਦੇਣ ਦੀ ਬਜਾਏ ਸਾਡੇ ਘਰ ਦੇ ਵਿਹੜੇ ਵਿੱਚ ਆਪਣੇ ਪੱਤੇ ਸੁੱਟ ਕੇ ਜਾਂ ਫਿਰ ਕੰਡੇ ਖਿਲਾਰਣ ਲੱਗ ਜਾਂਦਾ ਹੈ ਤੇ ਉਹ ਕੰਡੇ ਸਾਡੇ ਹੱਥਾ ਪੈਰਾਂ ਵਿੱਚ ਵੱਜਦੇ ਨੇ ਤਾਂ ਕਈ ਵਾਰੀ ਅਸੀਂ ਉਸ ਨੂੰ ਛਾਂਗ ਦਿੰਦੇ ਜਾਂ ਫਿਰ ਆਖਿਰ ਅੱਕ ਕੇ ਪੁੱਟ ਦਿੰਦੇ ਹਾਂ। ਨਾਲ ਹੀ ਕਹਿ ਦਿੰਦੇ ਹਾਂ ਕਿ ਐਵੇਂ ਹੀ ਲਾ ਲਿਆ, ਅਗਾਂਹ ਨੂੰ ਨੀ ਲਾਉਂਦੇ।

ਬੱਸ ਇਸ ਤਰਾਂ ਹੀ ਮਾਪੇ ਧੀਆਂ ਨੂੰ ਜਨਮ ਦਿੰਦੇ ਨੇ। ਬੜੇ ਲਾਡਾਂ ਚਾਵਾਂ ਨਾਲ ਧੀਆਂ ਨੂੰ ਪਾਲਦੇ ਨੇ। ਇਹ ਸੋਚ ਕੇ ਉਹਨਾਂ ਦੀ ਧੀ ਵੱਡੀ ਹੋ ਕੇ ਵਧੀਆ ਪੜ ਲਿਖ ਕੇ ਆਪਣੇ ਮਾਂ -ਪਿਉ ਤੇ ਪੂਰੇ ਖਾਨਦਾਨ ਦਾ ਨਾਂ ਰੋਸ਼ਨ ਕਰੇਗੀ ਪਰ ਬੜੇ ਦੁੱਖ ਦੀ ਗੱਲ ਜਦੋਂ ਲਾਡਾਂ ਚਾਵਾਂ ਨਾਲ ਪਾਲੀ ਉਹ ਧੀ ਜਿਸ ਨੂੰ ਮਾਪਿਆਂ ਨੇ ਬੜੇ ਦੁੱਖ ਤਕਲੀਫਾਂ ਸਹਿ ਸਹਿ ਪਾਲਿਆ ਹੋਵੇ ਤੇ ਜਿਸ 'ਤੇ ਉਹ ਰੱਬ ਵਰਗਾ ਵਿਸ਼ਵਾਸ ਕਰਦੇ ਹੋਣ ਤੇ ਉਹੀ ਧੀ ਜਦੋਂ ਝੂਠੇ ਇਸ਼ਕ ਮੁਸ਼ਕ ਦੇ ਚੱਕਰਾਂ ਵਿੱਚ ਪੈ ਕੇ ਤੇ ਮਾਪਿਆਂ ਤੋਂ ਬਾਹਰੀ ਹੋ ਕੇ ਵਿਆਹ ਕਰਵਾ ਲਵੇ ਜਾਂ ਹੋਰ ਨਸ਼ੇ ਵਰਗੀ ਬਿਮਾਰੀ ਦੀ ਸ਼ਿਕਾਰ ਹੋ ਜਾਂਦੀ ਹੈ ਤੇ ਮਾਪਿਆਂ ਦੀ ਮੁਦੱਤਾਂ ਦੀ ਬਣੀ ਇੱਜ਼ਤ ਮਿੱਟੀ ਮਿਲ ਜਾਂਦੀ ਹੈ। ਲੋਕ ਤਰਾਂ ਤਰਾਂ ਦੇ ਤਾਹਨੇ ਮਿਹਣੇ ਮਾਰਦੇ ਨੇ ਜਿਨਾਂ ਨੂੰ ਜਰਨਾ ਬੜਾ ਹੀ ਮੁਸ਼ਕਿਲ ਹੁੰਦਾ ਹੈ। ਇਹਨਾਂ ਤਾਹਨੇ ਮਿਹਣਿਆਂ ਤੋਂ ਡਰਦੇ ਮਾਰੇ ਧੀਆਂ ਜਨਮ ਲੈਣ ਤੋਂ ਪਹਿਲਾਂ ਹੀ ਮਾਰਦੇ ਨੇ। ਸ਼ਾਇਦ ਇਹੀ ਸਭ ਤੋਂ ਵੱਡਾ ਕਾਰਨ ਕਿ ਲੋਕ ਘਰੇ ਬੇਰੀ ਦਾ ਰੁੱਖ ਲਾਉਣ ਤੇ ਧੀਆਂ ਜੰਮਣ ਤੋਂ ਡਰਦੇ ਨੇ।

ਕੇਵਲ ਨਿਮਾਣਾ ਚੁੱਘੇ

ਨੋਟ : ਇਹ ਪੋਸਟ ਹੁਣ ਤੱਕ 90 ਵਾਰ ਪੜ੍ਹੀ ਗਈ ਹੈ। 
ਲਿੰਕ

16 Nov 2017

ਗੁਰਦਈ

      ਗੁਰਦਈ, ਮੁਹੱਲੇ ਦੀ ਰੌਣਕ ਹੁੰਦੀ ਸੀ। ਉਸ ਦੀ ਉਮਰ ਕਿੰਨੀ ਸੀ, ਕਿਸੇ ਨੂੰ ਸੋਚਣ ਦਾ ਖਿਆਲ ਹੀ ਨਹੀਂ ਆਇਆ ਸੀ। ਉਮਰ ਪੁੱਛ ਕੇ ਕੀ ਕਰਨਾ ਸੀ ? ਉਸ ਦੀਆਂ ਬਾਹਾਂ ਅਤੇ ਮੂੰਹ ਤੋਂ ਥੱਲੇ ਨੂੰ ਢਿਲਕਦਾ ਮਾਸ ਹੀ ਉਹਦਾ ਬਰਥ ਸਰਟੀਫੀਕੇਟ ਸੀ। ਗਰਮੀਆਂ ਨੂੰ ਉਹਦਾ ਮੰਜਾ ਨਿੰਮ ਦੇ ਦਰੱਖਤ ਥੱਲੇ ਹੁੰਦਾ ਸੀ ਅਤੇ ਸਰਦੀਆਂ ਨੂੰ ਉਹ ਗਲੀ ਵਿੱਚ ਹੀ ਬੈਠੀ ਧੁੱਪ ਸੇਕਦੀ ਹੁੰਦੀ ਸੀ। ਹਰ ਕੋਈ ਉਹਦੇ ਕੋਲ ਦੀ ਲੰਘਦਾ ਤਾਂ ਉਸ ਨੂੰ ਬੁਲਾ ਕੇ ਜਰੂਰ ਜਾਂਦਾ। ਗੁਰਦਈਏ ! ਕੋਈ ਗੱਲ ਸੁਣਾ ਦੇ ਚੋਂਦੀ ਚੋਂਦੀ।  ਅਕਸਰ ਬਜ਼ੁਰਗ ਵੀ ਉਹਨੂੰ ਕਹਿੰਦੇ। ਗੁਰਦਈ ਵੀ ਐਸਾ ਜਵਾਬ ਦਿੰਦੀ ਕਿ ਸਾਰੇ ਹੱਸ ਪੈਂਦੇ। ਛੋਕਰੇ ਤਾਂ ਉਹਨੂੰ ਹਮੇਸ਼ਾ ਇਹ ਹੀ ਕਹਿੰਦੇ, "ਓ ਮਾਈ, ਕੋਈ ਚੋਂਦੀ ਚੋਂਦੀ ਗਾਲ੍ਹ ਕੱਢ ਦੇ ਸਾਨੂੰ। ਸਾਡਾ ਦਿਨ ਸੋਹਣਾ ਲੰਘ ਜਾਊ।" ਗੁਰਦਈ ਵੀ ਇਹੋ ਜਿਹੀ ਗਾਲ੍ਹ ਕੱਢਦੀ ਕਿ ਸਾਰੇ ਉੱਚੀ ਉੱਚੀ ਹੱਸਣ ਲੱਗ ਪੈਂਦੇ,"ਹੈਹਾ ਵੇ ਤੁਹਾਡੇ ਪਿਓ ਦਾ.... । " ਐਸੀ ਗਾਲ੍ਹ ਕੱਢਦੀ ਕਿ ਉਥੇ ਬੈਠੀਆਂ ਹੋਰ ਬੁੜੀਆਂ ਵੀ ਉੱਚੀ ਉੱਚੀ ਹੱਸਣ ਲੱਗਦੀਆਂ। ਓ ਮਾਈ ! ਤੈਨੂੰ ਤਾਂ ਜਾਣ ਲੱਗੀ ਨੂੰ ਹੁਣ ਸੋਨੇ ਦੀ ਪੌੜੀ ਮਿਲਣੀ ਹੈ, ਅੱਗੇ ਵੀ ਤੈਨੂੰ ਸਵਰਗ ਵਿਚ ਸੋਨੇ ਦੇ ਮਹੱਲ ਮਿਲਣੇ ਆ। ਗੁਰਦਈ  ਮੁਸਕਰਾਉਣ ਲੱਗਦੀ। ਗੁਰਦਈ ਤੋਂ ਬਗੈਰ ਸਾਰਾ ਮੁਹੱਲਾ ਐਮੇਂ ਹੀ ਸੀ ਅਤੇ ਅੱਜ ਉਹ ਇਸ ਦੁਨੀਆਂ ਤੋਂ ਕੂਚ ਕਰ ਗਈ ਸੀ। ਉਹਦੀ ਅਰਥੀ ਨੂੰ ਹਰ ਕੋਈ ਮੋਢਾ ਦੇਣਾ ਚਾਹੁੰਦਾ ਸੀ। ਇਹ ਮੁਹੱਲਾ ਤਾਂ ਕੀ, ਸਾਰੇ ਪਿੰਡ ਦੇ ਲੋਕ ਉਹਦੀ ਅਰਥੀ ਨਾਲ ਸ਼ਮਸ਼ਾਨ ਘਾਟ ਗਏ ਸੀ। ਉਹਦੇ ਪੜੋਤੇ ਨਤਿਆਂ ਨੇ ਗੁਰਦਈ ਨੂੰ ਸੋਨੇ ਦੀ ਪੌੜੀ ਚੜ੍ਹਾਇਆ ਸੀ। 
             ਸ਼ਮਸ਼ਾਨ ਘਾਟ ਤੋਂ ਆਉਂਦੇ ਵਕਤ ਮੇਹਰ ਸਿੰਘ ਤੇ ਜਵਾਲਾ ਸਿੰਘ ਉਦਾਸ ਉਦਾਸ ਤੁਰੇ ਆਉਂਦੇ ਗੁਰਦਈ ਦੀਆਂ ਗੱਲਾਂ ਕਰਦੇ ਆ ਰਹੇ ਸੀ। ਜਵਾਲਾ ਸਿਆਂਹ ! ਬਈ ਦੇਖ ਲਾ ਗੁਰਦਈ ਕਿੰਨੇ ਜਿਗਰੇ ਵਾਲੀ ਔਰਤ ਸੀ।  ਹਰ ਵੇਲੇ ਹੱਸਦੀ ਮਖੌਲ ਕਰਦੀ ਰਹਿੰਦੀ ਸੀ। ਕਿੰਨਾ ਇਹਨੇ ਜ਼ਿੰਦਗੀ ਵਿਚ ਸਖਤ ਕੰਮ ਕੀਤਾ। ਕਿੰਨੇ ਦੁੱਖ ਉਠਾਏ। ਫਿਰ ਵੀ ਹਸੂੰ ਹਸੂੰ ਕਰਦੀ  ਰਹਿੰਦੀ।  ਮੇਹਰ ਸਿੰਘ ਬੋਲਿਆ। ਹਾਂ, ਮੇਹਰ ਸਿਆਂਹ ਗੁਰਦਈ ਵਰਗਾ ਮੁੜ ਕੇ ਨਹੀਂ ਹੋਣਾ। ਤਿੰਨ ਮੁੰਡੇ ਜੰਮ ਕੇ ਵਿਧਵਾ ਹੋ ਗਈ। ਆਦਮੀਆਂ ਦੀ ਤਰਾਂ ਖੇਤਾਂ ਵਿਚ ਕੰਮ ਕੀਤਾ। ਜੁਆਕ ਪਾਲ ਕੇ ਵਿਆਹੇ, ਪੋਤੇ ਹੋਏ ਤਾਂ ਖੂਨ ਖ਼ਰਾਬੇ ਵਿਚ ਪੁੱਤ ਮਰ ਗਏ। ਪੋਤੇ ਪਾਲਦੀ ਪਾਲਦੀ ਬੁੱਢੀ ਹੋ ਗਈ, ਪਰ ਖੇਤੀ ਫਿਰ ਭੀ ਉਸੇ ਜੋਸ਼ ਵਿਚ ਕਰਦੀ, ਪੋਤੇ ਵਿਆਹੇ, ਪੜੋਤੇ ਹੋ ਗਏ ਤਾਂ ਪੋਤੇ ਸ਼ਰਾਬ ਪੀ ਪੀ ਕੇ ਮਰ ਗਏ  ਪਰ ਪਤਾ ਨਹੀਂ ਗੁਰਦਈ ਕਿਹੜੀ ਮਿੱਟੀ ਦੀ ਬਣੀ ਹੋਈ ਸੀ ! ਅੱਜ ਇਹਦੇ ਪੜੋਤਿਆਂ ਨਤਿਆਂ ਨੇ ਦੇਖ ਲੈ ਘਰ ਨੂੰ ਕਿਥੇ ਤਕ ਪਹੁੰਚਾ ਦਿੱਤਾ ! ਘਰ ਵਿਚ ਬਹਾਰਾਂ ਲੱਗੀਆਂ ਹੋਈਆਂ, ਜਮੀਨ ਕਿੰਨੀ ਖਰੀਦ ਲਈ ! ਲੇਕਿਨ ਇੰਨੀ ਗੱਲ ਦੀ ਮੈਨੂੰ ਸਮਝ ਨਹੀਂ ਆਈ ਕਿ ਇਹਨੂੰ ਕਦੇ ਕਿਸੇ ਨੇ ਰੋਂਦਿਆਂ ਨਹੀਂ ਦੇਖਿਆ, ਹਮੇਸ਼ਾ ਹੱਸਦਿਆਂ ਹੀ ਦੇਖਿਆ। ਇੰਨੀ ਸ਼ਕਤੀ ਤਾਂ ਕਿਸੇ ਦੇਵੀ ਵਿਚ ਹੀ ਹੋ ਸਕਦੀ ਹੈ, ਜਵਾਲਾ ਸਿੰਘ ਬੋਲਿਆ। ਸੱਚੀ ਗੱਲ ਹੈ, ਮੇਹਰ ਸਿੰਘ ਬੋਲਿਆ, ਸੁਣਿਆ, ਇਹਦੇ ਪੜੋਤੇ ਨਤੇ ਗੁਰਦਈ ਦੇ ਨਾਮ ਤੇ ਜਠੇਰੇ ਬਣਾਉਣ ਲੱਗੇ ਹਨ। ਚਾਹੀਦਾ ਭੀ ਹੈ, ਅਤੇ ਗੁਰਦਈ ਦੀ ਸਾਰੀ ਜ਼ਿੰਦਗੀ ਦੀ ਜਦੋ ਜਹਿਦ ਨੂੰ ਇਹਨਾਂ ਜਠੇਰਿਆਂ ਦੀ ਜਗਾਹ ਤੇ ਲਿਖਣਾ ਚਾਹੀਦਾ ਹੈ ਤਾਂਕਿ ਆਉਣ ਵਾਲੀਆਂ ਪੀੜ੍ਹੀਆਂ ਸਬਕ ਸਿੱਖਣ। ਜਵਾਲਾ ਸਿੰਘ ਨੇ ਸਿਰ ਹਿਲਾ ਕੇ ਸਹਿਮਤੀ ਦਰਸਾਈ।  

ਗੁਰਮੇਲ ਸਿੰਘ ਭੰਮਰਾ 
ਨੋਟ : ਇਹ ਪੋਸਟ ਹੁਣ ਤੱਕ 50 ਵਾਰ ਪੜ੍ਹੀ ਗਈ ਹੈ। 


ਲਿੰਕ 

12 Nov 2017

ਲੱਖੀ ਮਾਸਟਰ

ਗੱਲ 1947 ਦੀ ਵੰਡ ਤੋਂ ਪਹਿਲੇ ਸਿਆਲਕੋਟ ਦੀ ਹੈ | ਸਾਡੇ ਘਰ ਵਿੱਚ ਉਸ ਨੂੰ ਲੱਖੀ ਮਾਸਟਰ ਦੇ ਨਾਂ ਨਾਲ  ਜਾਣਿਆ ਜਾਂਦਾ ਸੀ | ਉਹ ਸ਼ਹਿਰ  ਦੀ ਮਿਊਂਸੀਪਲ ਕਮੇਟੀ ਵਲੋਂ ਚਲਾਇਆ ਜਾਂਦਾ  ਸਕੂਲ ਸੀ , ਜਿੱਥੇ ਮੈਨੂੰ ਪਹਿਲੀ ਜਮਾਤ ਦਾਖਲ ਕਰਵਾਇਆ ਗਿਆ। ਉਸ ਸਕੂਲ ਵਿੱਚ ਲੱਖੀ ਮਾਸਟਰ  ਪੜਾਉਂਦਾ ਸੀ | ਉਸ ਦਾ ਪੂਰਾ ਨਾਂ ਮੈਂ ਨਹੀਂ  ਜਾਣਦਾ | ਸਕੂਲ ਘਰ ਤੋਂ ਦੂਰ ਨਹੀਂ ਸੀ। ਸਾਡੇ ਘਰ ਵਾਲੀ ਗਲੀ ਲੰਘ ਕੇ,ਐਬਕ ਸਾਹਿਬ ਦੀ ਕੋਠੀ ਕੋਲੋਂ ਸੜਕ ਪਾਰ ਕਰਕੇ , ਸੜਕ ਦੇ ਨਾਲ ਨਾਲ  ਐਕ  (ਨਹਿਰ ) ਚਲਦੀ ਸੀ , ਬੱਸ ਥੋੜੀ ਹੀ ਦੂਰ ਸੜਕ ਕੰਢੇ  ਉਹ ਸਕੂਲ ਸੀ  | ਬਾਕੀ ਸਕੂਲ  ਬਾਰੇ  ਕੁਝ ਯਾਦ ਨਹੀਂ। ਉਹ ਕਿੰਝ ਦਾ ਸੀ ? ਕਿਹੜੇ ਕਮਰੇ ਵਿੱਚ ਮੈਂ ਪੜਦਾ ਸੀ ? ਕੀ ਪੜਦਾ ਸੀ  ਅਤੇ ਕੌਣ ਪੜਾਉਂਦਾ ਸੀ ? ਲੱਖੀ ਮਾਸਟਰ ਦਾ  ਕੁਝ ਯਾਦ ਜਿਹਾ ਆਉਂਦਾ ਹੈ। ਸ਼ਾਇਦ  ਉਹ ਜਮਾਤ ਵਿੱਚ ਕੁਰਸੀ ‘ਤੇ ਬੈਠਾ ਹੁੰਦਾ ਸੀ | ਇਹ ਯਾਦ ਹੈ ਕਿ ਮੇਰੀ ਨਾਨੀ ਜੋ ਸਾਡੇ ਨਾਲ ਰਹਿੰਦੀ ਸੀ , ਮੈਨੂੰ ਸਕੂਲੇ ਛੱਡ ਆਉਂਦੀ ਸੀ ਅਤੇ ਛੁੱਟੀ ਹੋਣ ‘ਤੇ  ਸਕੂਲੋਂ ਲੈ ਆਉਂਦੀ ਸੀ | ਕਦੋਂ ਅਤੇ ਕਿੰਝ ਮੈਨੂੰ ਪਹਿਲੀ ਜਮਾਤ ਤੋਂ ਦੂਸਰੀ ਵਿੱਚ ਕਰ ਦਿੱਤਾ , ਮੈਨੂੰ  ਚੇਤੇ  ਨਹੀਂ , ਕਿਉਂਕਿ ਉਸ ਸਮੇਂ ਮੈਂ  ਕੀ ਪੜਿਆ ਇਹ ਵੀ ਮੈਨੂੰ  ਯਾਦ ਹੀ ਨਹੀਂ ਰਿਹਾ  | ਦੂਸਰੀ  ਜਮਾਤ ਪੂਰੀ ਨਹੀਂ ਹੋਈ ਸੀ ਕਿ ਦੇਸ਼ ਦੀ ਵੰਡ ਹੋ ਗਈ। ਨਹਿਰੂ  ਅਤੇ ਜਿਨਾਹ ਜੋ ਚਾਹੁੰਦੇ ਸੀ ਉਹਨਾਂ ਨੂੰ ਮਿਲ ਗਿਆ ਅਤੇ ਸਾਡੇ ਵਰਗੇ  ਲੱਖਾਂ  ਲੋਕਾਂ  ਕੋਲ ਜੋ ਸੀ , ਸਭ ਕੁਝ ਗਵਾ ਲਿਆ |
ਲੱਖੀ ਮਾਸਟਰ  ਕੁੜਤਾ - ਪਜਾਮਾ  ਪਾਉਂਦਾ ਸੀ। ਅੱਧਖੜ  ਉਮਰ ਦਾ ਲੱਗਦਾਸੀ। ਸਿੱਧਾ ਜਿਹਾ , ਗਰੀਬੜਾ ਜਿਹਾ | ਵੱਡੇ ਹੋਏ ਤਾਂ ਜਾ ਕੇ ਪਤਾ ਲੱਗਾ ਕਿ  ਉਸ ਸਮੇਂ ਮਾਸਟਰਾਂ ਦੀ ਆਰਥਿਕ  ਹਾਲਤ ਬੜੀ ਮਾੜੀ ਹੁੰਦੀ ਸੀ  ਅਤੇ ਤਨਖਾਹ  ਬਹੁਤ ਮਾਮੂਲੀ ਜਹੀ | ਉਹ ਰੋਜ਼ ਸ਼ਾਮ ਨੂੰ ਸਾਡੇ  ਘਰ ਆਉਂਦਾ।  ਉਸ ਦੇ ਹੱਥ ਵਿੱਚ ਇੱਕ ਗੜਵੀ  ਹੁੰਦੀ ਸੀ। ਮੇਰੇ ਘਰ ਵਾਲੇ ਉਸ ਨੂੰ ਬੈਠਕ ਵਿੱਚ ਬਿਠਾਉਂਦੇ। ਉਹ ਮੈਨੂੰ ਆਵਾਜ਼ ਮਾਰਦਾ। ਮੈਂ  ਕਿਤਾਬ /ਕਾਇਦਾ  ਲੈ ਕੇ ਉਸ ਕੋਲ ਆ  ਖੜਾ ਹੁੰਦਾ |  ਮੈਨੂੰ  ਕੁਝ ਸਮੇਂ  ਪੜਾਉਂਦਾ। ਮੈਂ  ਕੀ ਪੜਦਾ ਅਤੇ ਉਹ ਕੀ  ਪੜਾਉਂਦਾ ,ਮੇਰੇ ਦਿਮਾਗ ਵਿੱਚੋਂ ਸਭ ਮਿਟ ਚੁੱਕਿਆ ਹੈ। ਬੱਸ ਐਨਾ ਯਾਦ ਹੈ ਕਿ ਮੇਰੇ ਘਰ ਵਾਲੇ ਉਸ ਸਾਹਮਣੇ  ਇੱਕ ਲੱਸੀ ਦੀ ਵੱਡਾ  ਗਲਾਸ   ਰੱਖਦੇ , ਜੋ ਉਹ ਪੀ ਜਾਂਦਾ  ਅਤੇ ਨਾਲ ਲਿਆਂਦੀ ਗੜਵੀ ਲੱਸੀ ਨਾਲ ਭਰਵਾ ਕੇ ਲੈ ਜਾਂਦਾ । ਇਹ ਉਸ ਦਾ ਘਰ ਆ ਕੇ ਮੈਨੂੰ ਪੜਾਉਣ ਦਾ ਅਤੇ ਸਕੂਲ ਵਿੱਚ ਮੇਰਾ ਲਿਹਾਜ਼ ਅਤੇ ਖਿਆਲ ਰੱਖਣ ਦਾ ਮਿਹਨਤਾਨਾ  ਸੀ । ਜੋ ਵੀ ਮੈਂ ਦੇਸ਼ ਦੀ ਵੰਡ ਤੋਂ ਪਹਿਲਾਂ ਪੜਿਆ ,ਸਭ ਵੰਡ ਦੇ ਨਾਲ ਹੀ ਨਸ਼ਟ  ਹੋ ਗਿਆ  ਕਿਉਂਕਿ ਸ਼ਰਨਾਰਥੀ  ਬਣਨ ਤੋਂ ਬਾਅਦ ਮੈਂ ਫਿਰ ਪਹਿਲੀ ਜਮਾਤ  ਵਿੱਚ ਹੀ ਦਾਖਲ ਹੋਇਆ । ਲੱਖੀ ਮਾਸਟਰ ਅਤੇ ਉਸ ਦੀ ਲੱਸੀ  ਅਜੇ ਤੱਕ ਯਾਦ ਹੈ ।

 ਦਿਲਜੋਧ ਸਿੰਘ 
ਵਿਸਕਾਨਸਿਨ ਅਮਰੀਕਾ 
ਨੋਟ : ਇਹ ਪੋਸਟ ਹੁਣ ਤੱਕ 50 ਵਾਰ ਪੜ੍ਹੀ ਗਈ ਹੈ। 

6 Nov 2017

ਔਰਤ

ਘਰ ਤੋਂ ਬਾਹਰ ਔਰਤ ਨਾਲ ਹਰ ਰਿਸ਼ਤਾ ਜਿਸਮਾਨੀ ਨਹੀਂ ਹੋਇਆ ਕਰਦਾ। ਤੂੰ ਸੱਚ ਜਾਣੀਂ ਕਿਸੇ ਦਾ ਤਨ ਤੈਨੂੰ ਬਹੁਤ ਥੋੜ੍ਹ ਚਿਰੀ ਖ਼ੁਸ਼ੀ ਹੀ ਦੇ ਸਕਦੈ ਤਰਸਦਾ ਰਹਿ ਜਾਏਂਗਾ ਤੂੰ..!! ਸਰੀਰਾਂ 'ਚੋਂ ਸਕੂਨ ਭਾਲਦਾ ਐਂ ਤੂੰ..!!! ਹੁਣ ਤੈਨੂੰ ਇਹ ਗੱਲਾਂ ਬਕਵਾਸ ਲੱਗਦੀਆਂ ਹੋਣਗੀਆਂ...!!! ਬੰਦੇ ਦੀ ਉਮਰ ਹੁਣ ਕੋਈ ਬਹੁਤੀ ਲੰਮੀ ਨਹੀਂ ਰਹਿ ਗਈ ਜਦ ਤੇਰਾ ਤਨ ਜਵਾਬ ਦੇਣ ਲੱਗ ਪਿਆ। ਕੇਸ ਕਾਲਿਆਂ ਤੋਂ ਬੱਗੇ ਹੋ ਗਏ ਜਦ ਤੈਨੂੰ ਸਾਥ ਦੀ ਲੋੜ ਮਹਿਸੂਸ ਹੋਈ ਉਦੋਂ ਤੂੰ ਇਕੱਲਾ ਹੀ ਹੋਵੇਂਗਾ...!!! ਉਸ ਵੇਲ਼ੇ ਤੂੰ ਔਰਤ, ਇਸਤਰੀ, ਤ੍ਰੀਮਤ ਧੀ-ਧਿਆਣੀ ਦੇ ਪਿਆਰ, ਸਤਿਕਾਰ, ਉਸ ਦੀ ਮੁਹੱਬਤ ਤਿਓ ਸੇਵਾ-ਸੰਭਾਲ ਤੇ ਓਹਦਾ ਮੁੱਖ ਦੇਖਣ ਲਈ ਤੜਪੇਂਗਾ। ਹਰ ਰਿਸ਼ਤਾ ਤਨੋ ਹੀ ਨਈਂ ਹੋਇਆ ਕਰਦਾ।
ਕੁਝ ਰਿਸ਼ਤੇ ਰੂਹ ਤੇ ਪਾਕ ਮੁਹੱਬਤ ਦੇ ਵੀ ਹੁੰਦੇ ਨੇ ਤੂੰ ਓਹਨਾ ਨੂੰ ਸਿਰਜਣਾ ਸਿੱਖ !!! ਤੂੰ ਉਦੋਂ ਹੀ ਸਮਝੇਂਗਾ ਕਿ ਔਰਤ ਕੋਈ ਸਮਾਨ/ਵਸਤੂ ਨਹੀਂ ਸਿਰਫ ਘਰ ਦੇ ਕੰਮ ਕਾਜ ਕਰਨ ਤੱਕ ਤੇ ਬੱਚੇ ਪੈਦਾ ਕਰਨ ਆਲੀ ਮਸ਼ੀਨ ਤੱਕ ਹੀ ਸੀਮਿਤ ਨਹੀਂ। ਏਹ ਸਿਰਫ਼ ਤਨ ਕਰਕੇ ਹੀ ਨਹੀਂ ਹਰ ਵਾਰ ਹਰ ਕੋਈ ਤੇਰੀ ਮਹਿਬੂਬਾ ਮਸ਼ੂਕ ਨਹੀਂ ਘਰੋਂ ਬਾਹਰ ਵੀ ਕੋਈ ਧੀ,ਭੈਣ/ਨੂੰਹ ਰਾਣੀ ਆਖ ਕੇ ਵਡਿਆਉਣ ਵਾਲੇ ਲੋਕਾਂ ਨਾਲ ਰਿਸ਼ਤੇ ਸਿਰਜ ਕੇ ਦੇਖ। ਜ਼ਰਾ ਸੋਚ....!!! ਤੂੰ ਅਪਣਾ ਨਜ਼ਰੀਆ ਬਦਲ ਕੇ ਦੇਖ !
ਰੁਪਿੰਦਰ ਕੌਰ
ਜਲੰਧਰ

ਨੋਟ : ਇਹ ਪੋਸਟ ਹੁਣ ਤੱਕ 85 ਵਾਰ ਪੜ੍ਹੀ ਗਈ ਹੈ।

28 Oct 2017

ਪੱਕੀ ਜਗ੍ਹਾ (ਵਾਰਤਾ)

ਸਾਡੇ ਘਰ ਦੇ ਇੱਕ ਖੂੰਜੇ ਚ, ਇੱਕ ਗਮਲੇ ਵਿੱਚ ਮੇਰੀ ਪਤਨੀ ਨੇ ਮਨੀ ਪਲਾਂਟ ਨਾਂ ਦੀ ਇੱਕ ਵੇਲ ਉਗਾਈ ਹੋਈ ਹੈ ਜੋ ਕੋਈ ਬਾਰਾਂ ਚੌਦਾਂ ਫੁੱਟ ਲੰਬੀ ਹੋ ਗਈ ਹੈ ਘਰ 'ਚ ਲਾਏ ਹੋਰ ਤਰਾਂ ਤਰਾਂ ਦੇ ਪੌਦੇ ਵੀ ਨੇ ਪਰ ਇਹ ਮਨੀ ਪਲਾਂਟ ਜੋ ਕਾਫੀ ਸਾਲਾਂ ਤੋਂ ਇਸੇ ਖੂੰਜੇ ਵਿੱਚ ਪਿਆ ਹੈ। ਵੈਸੇ ਤਾਂ ਪਤਨੀ ਸਾਹਿਬਾਂ ਨੂੰ ਸਾਰੇ ਪੌਦਿਆਂ ਨਾਲ ਪਿਆਰ ਹੈ ਲੇਕਿਨ ਇਸ ਮਨੀ ਪਲਾਂਟ ਨਾਲ ਹਦੋਂ ਵੱਧ ਪਿਆਰ ਹੈ। ਕਦੀ ਕਦੀ ਉਹ ਸਵੇਰ ਨੂੰ ਇੱਕਲੇ ਇੱਕਲੇ ਪੱਤੇ ਨੂੰ ਟਿਸ਼ੂ ਪੇਪਰ ਨਾਲ ਸਾਫ ਕਰਦੀ ਹੈ ਤੇ ਪੱਤਿਆਂ ਨਾਲ ਗੱਲਾਂ ਵੀ  ਕਰਦੀ ਹੈ। ਇਹ ਪਲਾਂਟ ਕਾਫੀ ਸਾਲਾਂ ਤੋਂ ਘਰ ਦੇ ਇਸੇ ਖੂੰਜੇ ਵਿੱਚ ਹੀ ਰੱਖਿਆ ਹੋਇਆ ਹੈ। 
            ਇੱਕ ਦਿਨ ਪਤਨੀ ਦੇ ਮਨ ਵਿੱਚ ਕੋਈ ਵਿਚਾਰ ਆਇਆ ਕਿ ਕਿਓਂ ਨਾ ਉਹ ਇਸ ਨੂੰ ਚੁੱਕ ਕੇ ਖਿੜਕੀ ਦੇ ਕੋਲ ਰੱਖ ਦੇਵੇ ਤਾਂ ਕਿ ਇਸ ਨੂੰ ਖੁੱਲੀ ਰੋਸ਼ਨੀ ਮਿਲ ਸਕੇ। ਪਲਾਂਟ ਦੀ ਜਗਾਹ ਬਦਲ ਨੂੰ ਇੱਕ ਹਫਤਾ ਹੀ ਹੋਇਆ ਸੀ ਕਿ ਸਵੇਰ ਨੂੰ ਮਨੀ ਪਲਾਂਟ ਦਾ ਇੱਕ ਪੱਤਾ ਟੁੱਟ ਕੇ ਗਮਲੇ ਵਿਚ ਡਿੱਗਿਆ ਹੋਇਆ ਸੀ। ਪਤਨੀ ਨੇ ਪੱਤਾ ਚੁੱਕ ਕੇ ਕੂੜੇ ਵਾਲੇ ਬਿਨ ਵਿਚ ਸੁੱਟ ਦਿੱਤਾ। ਹੌਲੀ ਹੌਲੀ ਹਰ ਰੋਜ਼ ਪੱਤੇ ਝੜ ਕੇ ਡਿੱਗਣ ਲੱਗੇ। ਪਤਨੀ ਨੇ ਸੋਚਿਆ, ਸ਼ਾਇਦ ਪਲਾਂਟ ਨੂੰ ਫ਼ੂਡ ਦੀ ਲੋੜ ਹੈ। ਉਸ ਨੇ ਪਲਾਂਟ ਫ਼ੂਡ ਦੇ ਡਰੌਪ ਪਾਣੀ 'ਚ ਮਿਲਾ ਕੇ ਪਾਏ ਤੇ ਹਰ ਰੋਜ਼ ਪਾਣੀ ਦਾ ਵੀ ਖਿਆਲ ਰੱਖਿਆ ਲੇਕਿਨ ਕੋਈ ਫਰਕ ਨਹੀਂ ਪਿਆ।  ਪੱਤੇ ਦਿਨ-ਬ-ਦਿਨ ਝੜਨ ਲੱਗੇ। ਫਿਰ ਉਸ ਨੇ ਇੱਕ ਹੋਰ ਖਿੜਕੀ ਦੇ ਨਾਲ ਇਸ ਗਮਲੇ ਨੂੰ ਰੱਖ ਦਿੱਤਾ ਕਿਓਂਕਿ ਉਥੇ ਲਾਈਟ ਹੋਰ ਵੀ ਜ਼ਿਆਦਾ ਪੈਂਦੀ ਸੀ ਲੇਕਿਨ ਕੋਈ ਫਰਕ ਨਹੀਂ ਪਿਆ। ਪਤਨੀ ਬਹੁਤ ਬੇਚੈਨ ਰਹਿਣ ਲੱਗੀ। ਬਥੇਰੀ ਕੋਸ਼ਿਸ਼ ਕੀਤੀ ਲੇਕਿਨ ਇੱਕ ਦਿਨ ਆਇਆ ਜਦ ਸਾਰੇ ਪੱਤੇ ਝੜ ਗਏ। ਨਿਰਾਸ਼ ਹੋ ਕੇ ਪਤਨੀ ਨੇ ਪਲਾਂਟ ਨੂੰ ਗਮਲੇ ਵਿਚੋਂ ਕੱਢ ਕੇ ਬਾਹਰ ਗਾਰਡਨ ਵਿਚ ਸੁੱਟ ਦਿੱਤਾ। ਕੁਝ ਹਫਤੇ ਉਥੇ ਹੀ ਪਿਆ ਰਿਹਾ ਅਤੇ ਬਿਲਕੁਲ ਸੁੱਕ ਗਿਆ। ਇੱਕ ਦਿਨ ਫਿਰ ਪਤਨੀ ਨੂੰ ਪਤਾ ਨਹੀਂ ਕੀ ਸੁਝਿਆ, ਉਸ ਨੇ ਪਲਾਂਟ ਨੂੰ ਮੁੜ ਗਮਲੇ 'ਚ ਪਾ ਕੇ ਮਿੱਟੀ ਪਾਈ ਅਤੇ ਫਿਰ ਉਥੇ ਹੀ ਰੱਖ ਦਿੱਤਾ ਜਿਥੇ ਕਈ ਸਾਲਾਂ ਤੋਂ ਪਿਆ ਆਇਆ ਸੀ। ਪਤਨੀ ਪਲਾਂਟ ਫ਼ੂਡ ਅਤੇ ਪਾਣੀ ਲਗਾਤਾਰ ਪਾਉਂਦੀ ਰਹੀ। ਉਸ ਦੀ ਇੱਕ ਰੂਹ ਜਿਹੀ ਸੀ ਕਿ ਇਸ ਨੂੰ ਦੁਬਾਰਾ ਉਸੇ ਸ਼ਕਲ ਵਿਚ ਲਿਆਉਣਾ ਹੈ। 
           ਦੋ ਕੁ ਹਫਤੇ ਤੋਂ ਬਾਅਦ ਇੱਕ ਦਿਨ ਪਤਨੀ ਥੱਲੇ ਆਈ ਤੇ ਪਲਾਂਟ ਵਲ ਨੂੰ ਧਿਆਨ ਨਾਲ ਦੇਖਿਆ। ਦੋ ਹਰੀਆਂ ਹਰੀਆਂ ਪਤੀਆਂ ਪਤਨੀ ਵੱਲ ਝਾਕ ਰਹੀਆਂ ਸਨ। ਪਤਨੀ ਨੇ ਜ਼ੋਰ ਦੀ ਤਾਲੀ ਵਜਾਈ ਅਤੇ ਪਲਾਂਟ ਨਾਲ ਗੱਲਾਂ ਕਰਨ ਲੱਗੀ, " ਸੌਰੀ ! ਫਿਰ ਐਸੀ ਗ਼ਲਤੀ ਨਹੀਂ ਕਰਾਂਗੀ, ਮੈਨੂੰ ਪਤਾ ਹੀ ਨਹੀਂ ਸੀ ਕਿ ਤੇਰੀ ਉਹ ਜਗ੍ਹਾ ਹੀ ਪੱਕੀ ਜਗ੍ਹਾ  ਹੈ। ਦੁਬਾਰਾ ਗਲਤੀ ਨਹੀਂ ਕਰਾਂਗੀ। " ਮੈਂ ਵੀ ਥੱਲੇ ਆ ਗਿਆ ਸੀ ਤੇ ਪਤਨੀ ਨੇ ਮੈਨੂੰ ਦੋ ਪੱਤੀਆਂ ਦਿਖਾਲੀਆਂ ਜਿਹੜੀਆਂ ਨਵੀਆਂ ਨਵੀਆਂ ਲੱਗੀਆਂ ਸਨ। ਰੋਜ਼ ਰੋਜ਼ ਪੱਤੀਆਂ ਨਿਕਲਣ ਲੱਗੀਆਂ ਅਤੇ ਕੁਝ ਹਫਤਿਆਂ ਵਿੱਚ ਹੀ ਮਨੀ ਪਲਾਂਟ ਫਿਰ ਪਹਿਲਾਂ ਵਾਲੀ ਅਵਸਥਾ ਵਿੱਚ ਆ ਗਿਆ। ਇਸ ਵਕਤ ਵੀ ਇਹ ਪਲਾਂਟ ਮੇਰੇ ਸਾਹਮਣੇ ਪਿਆ ਹੈ ਅਤੇ ਰਾਤ ਨੂੰ ਸੌਣ ਲੱਗੇ ਇਸ ਨੂੰ ਜਰੂਰ ਹੀ ਇੱਕ ਵਾਰੀ ਧਿਆਨ ਨਾਲ ਦੇਖ ਕੇ ਲਾਈਟ ਬੰਦ  ਕਰਦਾ ਹਾਂ। 

ਗੁਰਮੇਲ ਸਿੰਘ ਭੰਮਰਾ 

ਨੋਟ : ਇਹ ਪੋਸਟ ਹੁਣ ਤੱਕ 100 ਵਾਰ ਪੜ੍ਹੀ ਗਈ ਹੈ।

ਲਿੰਕ 1        ਲਿੰਕ 2