ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

30 Nov 2016

ਗ਼ਜ਼ਲ

Surjit Bhullar's Profile Photo
ਹਰ ਪਾਸੇ ਚੁੱਪ ਚਾਪ ਕਿਉਂ ?
ਸਭ ਦੇ ਮਨਾਂ 'ਚ ਪਾਪ ਕਿਉਂ ?
.
ਬੀਜ ਕੇ ਸੂਲ਼ਾਂ ਪੁੱਛਦੇ ਹੋ,
ਮਹਿਕੇ ਨਹੀਂ ਗੁਲਾਬ ਕਿਉਂ ?
.
ਨਿਰਮਲ ਮਨ ਹੋ ਨਾ ਸਕੇ,
ਕਪਟ ਨੂੰ ਦੇਵਨ ਥਾਪ ਕਿਉਂ ?
.
ਜੋ ਨਹੀਂ ਸਭ ਦੇ ਭਲੇ ਲਈ,
ਅਜਿਹੇ ਧਰਮ ਦਾ ਜਾਪ ਕਿਉਂ ?
.
ਮਨ 'ਚ ਪੀੜ ਹੰਢਾਉਂਦੇ ਹਾਂ,
ਫਿਰ ਵੀ ਮਿਲੇ ਸਰਾਪ ਕਿਉਂ ?
.
ਆਪਣਾ ਸਭ ਕੁਝ ਵਾਰ ਦਿੱਤਾ,
ਗੈਰ ਕਰਨ ਵਿਰਲਾਪ ਕਿਉਂ ?
.
ਕਿਸ ਗੱਲੋਂ ਸ਼ਰਮ 'ਸੁਰਜੀਤ',
ਚੱਲ ਆਉਂਦੇ ਨੀ ਆਪ ਕਿਉਂ ?
-0-
ਸੁਰਜੀਤ ਸਿੰਘ ਭੁੱਲਰ

21-11-2014/16

ਨੋਟ : ਇਹ ਪੋਸਟ ਹੁਣ ਤੱਕ 30 ਵਾਰ ਪੜ੍ਹੀ ਗਈ ਹੈ।

29 Nov 2016

ਤਪੱਸਿਆ (ਸੇਦੋਕਾ)

1.
ਬਿਰਧ ਮਾਂ ਨੇ 
ਆਟੇ ਵਿੱਚ ਗੁੰਨਿਆ 
ਵੇਖੋ ਪੁੱਤ ਪਿਆਰ 
ਵਿਛੜੇ ਮਾਪੇ 
ਤਾਰਿਆਂ ਦੀ ਛਾਂ ਹੇਠ 
ਹੁਣ ਤੁਰਦੇ ਜਾਪੇ। 
2.
ਬਾਲ ਹੱਸਿਆ 
ਮਾਂ ਦੀ ਤਪੱਸਿਆ 
ਪੂਰੀ ਹੋ ਗਈ 
ਮਾਂ ਦਾ ਪਿਆਰ 
ਪੁੱਤ ਦੀਆਂ ਅੱਖਾਂ ਥੀਂ 
ਦੇਖੇ ਸੰਸਾਰ। 

ਬੁੱਧ ਸਿੰਘ ਚਿੱਤਰਕਾਰ 
ਪਿੰਡ :ਨਡਾਲੋਂ 
ਹੁਸ਼ਿਆਰਪੁਰ 
ਨੋਟ : ਇਹ ਪੋਸਟ ਹੁਣ ਤੱਕ 16 ਵਾਰ ਪੜ੍ਹੀ ਗਈ ਹੈ।

26 Nov 2016

ਸੋਚ ਆਪੋ ਆਪਣੀ (ਮਿੰਨੀ ਕਹਾਣੀ)

Image result for boy or girl
ਕਮਲ ਆਪਣੇ ਪਤੀ ਨਾਲ ਪੀਲੀਏ ਨਾਲ ਪੀੜਤ ਆਪਣੀ ਤਿੰਨ ਦਿਨਾਂ ਦੀ ਬੱਚੀ ਨੂੰ ਲੈ ਕੇ ਸਰਕਾਰੀ ਹਸਪਤਾਲ ਆਈ ਸੀ। ਡਾਕਟਰਾਂ ਨੇ ਜਦੋਂ ਖੂਨ ਬਦਲੀ ਦੀ ਸਲਾਹ ਦਿੱਤੀ ਤਾਂ ਉਹਨਾਂ ਦੀ ਚਿੰਤਾ ਹੋਰ ਵੱਧ ਗਈ। ਜ਼ੇਰੇ ਇਲਾਜ ਦੋ ਹੋਰ ਬੱਚਿਆਂ ਨਾਲ ਉਹਨਾਂ ਦੀ ਬੱਚੀ ਨੂੰ ਵੀ ਇਨਕਿਊਬੇਟਰ ‘ਚ ਪਾ ਦਿੱਤਾ ਗਿਆ। 

               ਕਮਜ਼ੋਰੀ ਕਾਰਨ ਕਮਲ  ਬਹੁਤ ਨਿਢਾਲ ਸੀ ਤੇ ਨਿੱਕੜੀ ਦੀ ਬਿਮਾਰੀ ਉਸ ਦੀ ਪੀੜਾ ਨੂੰ ਹੋਰ ਵਧਾ ਰਹੀ ਸੀ। ਉਸ ਨੂੰ ਲੱਗ ਰਿਹਾ ਸੀ ਕਿ ਘੋਰ ਕਾਲੇ ਬੱਦਲਾਂ ਦੀ ਸੰਘਣੀ ਤਹਿ ਉਸ ਅੰਦਰ ਲਹਿ ਕੇ ਉਸਦੇ ਵਜੂਦ ਨੂੰ ਕੁੱਬਾ ਕਰ ਰਹੀ ਹੈ । ਉਹ ਦੂਰ ਬੈਠੀ ਇਨਕਿਊਬੇਟਰ ‘ਚ ਪਈ ਨਿੱਕੜੀ ਨੂੰ ਇੱਕੋਟੱਕ ਨਿਹਾਰ ਰਹੀ ਸੀ।

    ਅਚਾਨਕ ਲੱਤ ਮਾਰ  ਕੇ ਨਿੱਕੜੀ ਨੇ ਆਪਣੇ ਦੁਆਲ਼ੇ ਲਿਪੇਟਿਆ ਕੱਪੜਾ ਲਾਹ ਦਿੱਤਾ। ਜਿਉਂ ਹੀ ਕਮਲ ਨੇ ਕੱਪੜਾ ਠੀਕ ਕਰਨ ਲਈ ਆਪਣਾ ਹੱਥ ਵਧਾਇਆ ਉਸ ਦੀ ਚੀਕ ਨਿਕਲ ਗਈ। ਚਿਹਰੇ ‘ਤੇ ਪਸਰੀ ਪੀੜ ਰੋਹ ‘ਚ ਬਦਲ ਗਈ। ਅਗਲੇ ਹੀ ਪਲ ਉਸ ਨੇ ਨਿੱਕੜੀ ਨੂੰ ਬਾਹਰ ਕੱਢਦਿਆਂ ਕਿਹਾ, ” ਇਹਨਾਂ ਬੱਚਿਆਂ ਨਾਲ ਕੌਣ ਹੈ ? ਬਾਹਰ ਕੱਢੋ ਲਓ ਆਪਣੇ ਬੱਚਿਆਂ ਨੂੰ ,ਐਨੇ ਤਾਪ ‘ਚ ਅਸੀਂ ਆਪਣੇ ਬੱਚੇ ਸਾੜਨੇ ਨਹੀਂ। ” ਰੌਲਾ ਸੁਣ ਕੇ ਹਸਪਤਾਲ ਦਾ ਸਟਾਫ਼ ਇੱਕਠਾ ਹੋ ਗਿਆ। ਜਾਂਚ ਉਪਰੰਤ ਪਤਾ ਲੱਗਾ ਕਿ ਤਕਨੀਕੀ ਨੁਕਸ ਕਾਰਣ ਇਨਕਿਊਬੇਟਰ ਦਾ ਤਾਪਮਾਨ ਲੋੜ ਨਾਲੋਂ ਕਈ ਗੁਣਾਂ ਵੱਧ ਗਿਆ ਸੀ। 

   “ਸ਼ੁਕਰ ਐ ਓਸ ਦਾਤੇ ਦਾ, ਥੋਡੇ ਕਾਕੇ ਨਾਲ ਸਾਡੇ ਦੀ ਵੀ ਜਾਨ ਬਚ ਗਈ, ” ਦੂਜੇ ਬੱਚੇ ਨੂੰ ਸਾਂਭਣ ਆਈ ਬੇਬੇ ਨੇ ਕਿਹਾ। “ਸਾਡੀ ਤਾਂ ਕਾਕੀ ਹੈ ,” ਕਮਲ ਨੇ ਧੰਨਵਾਦੀ ਬੋਲ ਸਵੀਕਾਰਦਿਆਂ ਬੇਬੇ ਦੀ ਸ਼ੰਕਾ ਦੂਰ ਕੀਤੀ। “ਹੈਂ ਤੁਸੀਂ ਕੁੜੀ ਖਾਤਰ ਐਨੇ ਸੰਸਿਆਂ ‘ਚ ਡੁੱਬੇ ਸਵੇਰ ਦੇ ਨੱਠ -ਭੱਜ ਕਰੀ ਜਾ ਰਹੇ ਸੀ, ਮਖਿਆ ਥੋਡਾ ਵੀ ਮੁੰਡਾ ਹੀ ਹੋਊ। ” ਬੇਬੇ ਦਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਰਹਿ ਗਿਆ। 

ਡਾ. ਹਰਦੀਪ ਕੌਰ ਸੰਧੂ 


ਨੋਟ : ਇਹ ਪੋਸਟ ਹੁਣ ਤੱਕ 244 ਵਾਰ ਪੜ੍ਹੀ ਗਈ ਹੈ।

25 Nov 2016

ਜਿੰਦ ਇੱਕਲੀ

ਜਿੰਦ ਇੱਕਲੀ ਰਾਤ ਦਾ ਵੇਲਾ 
ਡਰ ਡਰ ਕੇ ਹੀ ਰਹਿਣਾ ।
ਕਰ ਦਰਵਾਜ਼ੇ ਬੰਦ ਮੈਂ ਬੈਠੀ
ਸਾਂਭ ਕੇ ਤਨ ਦਾ ਗਹਿਣਾ ।

ਆਸ ਪਰਾਈ ਉਡ ਨਾ ਜਾਵੇ
ਵਿੱਚ ਪਿੰਜਰੇ ਦੇ ਪਾਵਾਂ ।
ਹੰਝੂਆਂ ਦਾ ਮੈਂ ਚੋਗਾ ਦੇਵਾਂ
ਵੱਡੀ ਕਰਦੀ ਜਾਵਾਂ ।

ਵਿੱਚ ਗਵਾਂਢੇ ਖੜਕਾ ਹੋਇਆ
ਕੌਣ ਪਰਾਉਣਾ ਆਇਆ ।
ਮੇਰਾ ਵੀ ਮਨ ਰੱਖਣ ਦੇ ਲਈ
ਹਵਾ ਨੇ ਭਿੱਤ ਖੜਕਾਇਆ ।

ਸਿਖਰ ਦੁਪਹਿਰੇ ਛਾਂ ਲੱਭਣ ਲਈ
ਘਰੋਂ ਬਾਹਰ ਮੈਂ ਟੁਰ ਪਈ ।
ਰਾਹ ਦੀ ਮਿੱਟੀ ਸਿਰ ਮੂੰਹ ਪੈ ਗਈ
ਛੱਡ  ਰਾਹ ਨੂੰ ਮੁੜ ਗਈ ।
ਜਿਸ ਤਾਰੇ ਵੱਲ ਗਗਨੀ ਤੱਕਿਆ
ਉਹੀ ਸੜ ਕੇ ਮੋਇਆ ।
ਹਰ ਬਿਰਹਨ ਦੇ ਭਾਗ ਨੇ ਕਾਲੇ
ਉਹੀ ਮੇਰੇ ਨਾਲ ਹੋਇਆ ।
ਦਿਨ ਦਾ ਚਾਨਣ ਪਿੰਡੇ ਚੁੱਭੇ
ਕਿਉਂ ਸੂਰਜ ਨੂੰ ਕੋਸਾਂ ।
ਆਪਣੇ ਲੇਖ ਮੈਂ ਆਪੇ ਲਿਖ ਕੇ
ਆਪਣੇ ਲਈ ਪਰੋਸਾਂ ।
ਝੋਲੀ ਮੇਰੀ ਛੇਦ ਨੇ ਲੱਖਾਂ
ਕੀ ਮੰਗਾਂ ਕੀ ਸਾਂਭਾਂ ।
ਕਿਹੜੇ ਵੇਲੇ ਕੀ ਗਵਾਚਾ
ਕਿਸ ਨੂੰ ਦੇਵਾਂ ਉਲਾਂਭਾ ।
ਦਿਲਜੋਧ ਸਿੰਘ 
ਯੂ ਐਸ ਏ 
ਨੋਟ : ਇਹ ਪੋਸਟ ਹੁਣ ਤੱਕ 69 ਵਾਰ ਪੜ੍ਹੀ ਗਈ ਹੈ।

24 Nov 2016

ਸਾਂਝਾਂ ਪਿਆਰ ਦੀਆਂ

ਦਿਲਾਂ 'ਚ ਮੁਹੱਬਤਾਂ ਰਿਸ਼ਤਿਆਂ 'ਚ ਬਹਾਰਾਂ ਕਦੇ ਨਾ ਮੁੱਕਣ ਇਹ ਸਾਂਝਾਂ ਪਿਆਰ ਦੀਆਂ । ਦੂਈ ਤੇ ਦੂਵੇਤ ਵਾਲੇ ਵਰਕੇ ਨੂੰ ਪਾੜ ਕੇ ਹੋਰ ਪਕੇਰੀਆ ਕਰੀਏ ਸਾਂਝਾਂ ਪਿਆਰ ਦੀਆਂ। ਲਿਖਾਂਗੇ ਸੱਚਾਈ ਲੱਚਰਤਾ ਨੂੰ ਛੱਡ ਕੇ ਮਾਂ ਬੋਲੀ ਨਾਲ ਪਵਾਂਗੇ ਸਾਂਝਾਂ ਪਿਆਰ ਦੀਆਂ। ਪ੍ਰੋਸਾਂਗੇ ਸੱਭਿਅਕ ਹਮੇਸ਼ਾਂ ਸਭ ਮਿਆਰੀ ਰਚਨਾਵਾਂ ਕਦੇ ਨਾ ਟੁੱਟਣ ਇਹ ਸਾਂਝਾਂ ਪਿਆਰ ਦੀਆਂ । ਨਿਰਮਲ ਦੀ ਏ ਇੱਕੋ ਹੀ ਤੰਮਨਾ ਰਹਿਣ ਪਕੇਰਿਆਂ ਸਾਂਝਾਂ ਪਿਆਰ ਦੀਆਂ ।

ਨਿਰਮਲ ਕੋਟਲਾ
ਨੋਟ : ਇਹ ਪੋਸਟ ਹੁਣ ਤੱਕ 56 ਵਾਰ ਪੜ੍ਹੀ ਗਈ ਹੈ।

22 Nov 2016

ਸਿਰਨਾਵਿਆਂ ਦੇ ਨਾਮ : ਘਰ ਵਾਪਸੀ


ਅਸੀਂ ਸੌਖੇ ਹੋਣ ਅਤੇ ਚੰਗੇ ਜੀਵਨ ਲਈ, ਬਾਕੀ ਸਭ ਕੁਝ ਦੇ ਨਾਲ ਇਸ ਮਿੱਟੀ ਦੀ ਮਹਿਕ ਨੂੰ ਵੀ ਤਿਲਾਂਜਲੀ ਦੇ ਦਿੱਤੀ । ਆਪਣੀ ਮਾਂ ਨਾਲੋਂ ਟੁੱਟਣਾ ਬੜਾ ਔਖਾ ਹੁੰਦਾ ਹੈ।  ਅਸੀਂ ਸਿਰਫ਼ ਮਾਂ ਨਾਲੋਂ ਹੀ ਨਹੀਂ , ਇੱਕ ਯੁੱਗ ਨਾਲੋਂ ਟੁੱਟ ਜਾਂਦੇ ਹਾਂ । ਕਦੇ ਆਉਣ ਲਈ, ਕਦੀ ਪੱਕੇ ਹੋਣ ਲਈ ਅਤੇ ਕਦੇ ਨਾਗਰਿਕਤਾ ਪ੍ਰਾਪਤ ਕਰਨ ਲਈ ਹਾੜ੍ਹੇ ਕੱਢਦੇ ਕੱਢਦੇ ਜ਼ਿੰਦਗੀ ਲੰਘਾ ਲੈਂਦੇ ਹਾਂ । ਜੀਵਨ ਦੀਆਂ ਖ਼ੁਸ਼ੀਆਂ ਹੌਲੀ ਹੌਲੀ ਪੱਲਾ ਛੁਡਾ ਕੇ ਅਲਵਿਦਾ ਕਹਿਣ ਲੱਗ ਪੈਂਦੀਆਂ ਹਨ । ਸਿਹਤ ਜਵਾਬ ਦੇਣ ਲੱਗਦੀ ਹੈ ਤੇ ਤੁੰਦਰੁਸਤੀ ਦੇ ਸੌਦਾਗਰ ਕੂਚ ਕਰ ਜਾਂਦੇ ਹਨ । ਹਾਂ, ਉਹਨਾਂ ਔਖਿਆਈ ਅਤੇ ਇੱਕਲਤਾ ਦੇ ਪਲਾਂ ਵਿੱਚ ਅਤੀਤ ਦੇ ਪਰਛਾਂਵੇ ਠੰਢ ਜਿਹੀ ਪਾ ਦਿੰਦੇ ਹਨ । 

ਵਗਦੇ ਖੂਹ ਦੇ ਕੁੱਤੇ ਦੀ ਟਿੱਕ ਟਿੱਕ, ਜਾਮਣਾ ਦੇ ਰੁੱਖਾਂ 'ਤੇ ਸਿਖਰ ਦੁਪਿਹਰੇ ਬੋਲਦੀਆਂ ਘੁੱਗੀਆਂ ਦਾ ਸੰਗੀਤ, ਗੁਰੂ ਘਰ ਦੇ ਸਪੀਕਰ ਵਿੱਚੋਂ ਤੜਕੇ ਤੜਕੇ ਰਸ ਭਿੰਨੇ ਪਾਠ ਦੀ ਅਵਾਜ਼ ਅਤੇ ਭਰ ਸਿਆਲ਼ਾਂ ਵਿੱਚ ਧੂਣੀ ਸੇਕਦੇ ਠੁਰ ਠੁਰ ਕਰਦੇ ਹੱਥਾਂ ਦੇ ਬਿੰਬ ਸਾਨੂੰ ਸੁਪਨਮਈ ਅਤੀਤ ਦੇ ਯਾਦਮਈ ਸਿਰਨਾਵਿਆਂ ਦਾ ਅਹਿਸਾਸ ਦਿਵਾਉਂਦੇ ਹਨ । 

ਉਹਨਾਂ ਸਿਰਨਾਵਿਆਂ ਵਿੱਚ ਸਾਡੀ ਵਾਕਫ਼ੀ ਦਾ ਧਰਾਤਲ ਬਦਲ ਚੁੱਕਿਆ ਜਾਂ ਗ਼ੁੰਮ ਹੋ ਗਿਆ ਹੁੰਦਾ ਹੈ । ਆਪਣੇ ਘਰ ਦੀਆਂ ਪੁਰਾਣੀਆਂ ਭੁਰ ਰਹੀਆਂ ਅਤੇ ਤਿੜਕ ਰਹੀਆਂ ਯਾਦ ਰੂਪੀ ਕੰਧਾਂ, ਨਿਰਵਸਤਰ ਹੋਏ ਕਮਰਿਆਂ ਅਤੇ ਸਿਰਫ਼ ਦਰਵਾਜੇ ਤੇ ਪੁਰਾਣੇ ਯੁੱਗ ਦੇ ਜੰਗਾਲ ਖਾਧੇ ਕੁੰਡੇ ਵਿੱਚ ਫਸੇ ਜਿੰਦੇ ਜਦੋਂ ਸਾਨੂੰ ਜੀਅ ਆਇਆਂ ਕਹਿੰਦੇ ਹਨ ਤਾਂ  ਉਦੋਂ ਸਾਨੂੰ ਲੰਘ ਚੁੱਕੇ ਸਾਲਾਂ, ਗੁਜਰ ਗਏ ਜੀਆਂ, ਭੁੱਲ ਗਏ ਰਿਸ਼ਤਿਆਂ ਅਤੇ ਨਾਵਾਂ ਦਾ ਦੁਖਾਂਤਿਕ ਰੂਹਾਨੀ ਅਨੁਭਵ ਹੁੰਦਾ ਹੈ । ਫਿਰ ਅਸੀਂ ਉਸ ਭਰਮ ਦੇ ਦਰਸ਼ਨ ਕਰਕੇ ਨਿਰਾਸ਼ਤਾ ਅਤੇ ਉਪਰਾਮਤਾ ਦੀ ਅਰਧ-ਅਵਸਥਾ ਦੇ ਆਲਮ ਵਿੱਚ "ਘਰ ” ਨੂੰ ਵਾਪਸ ਪਰਤ ਆਉਂਦੇ ਹਾਂ, ਬੇਘਰਿਆਂ ਵਾਂਗਰ ।

ਅਮਰੀਕ ਪਲਾਹੀ 
ਸਰੀ -ਬ੍ਰਿਟਿਸ਼ ਕੋਲੰਬੀਆ 
ਨੋਟ : ਇਹ ਪੋਸਟ ਹੁਣ ਤੱਕ 80 ਵਾਰ ਪੜ੍ਹੀ ਗਈ ਹੈ।


19 Nov 2016

ਕੁਦਰਤ ਦੇ ਰੰਗ

 ਮੀਂਹ ਪਿਆ ਵਰਸਦਾ 
ਬਦਲ ਪਏ ਗਰਜ਼ਦੇ 
ਦਲਾਨ ਦੀਆਂ ਸ਼ਤੀਰੀਆਂ ਵਿੱਚ 
ਚਿੜੀਆਂ ਦੇ ਆਲ੍ਹਣੇ 
ਤੇ ਆਲ੍ਹਣਿਆਂ 'ਚ ਬੋਟ 
ਚੀਂ ਚੀਂ  ਪਏ ਕਰਦੇ 
ਹੇਠਾਂ ਖੜ੍ਹਾ ਵੱਛੜਾ 
ਬਿਟ ਬਿਟ ਤੱਕੇ ਉਪਰ ਨੂੰ 
ਸੁਣਦਾ ਕੰਨ  ਚੁੱਕ 
ਚਿੜੀਆਂ ਦੀ ਚਹਿਚਹਾਟ 
ਗਰਮੀ ਦੀ ਮਾਰੀ 
ਗਾਂ ਨੂੰ ਮਸਾਂ 
ਠੰਡਕ ਪਹੁੰਚੀ 
ਉਹ ਵੱਛੜੇ ਦੀ ਪਿੱਠ 'ਤੇ 
ਜੀਭਾਂ ਪਈ ਫੇਰੇ 
ਪਤਾ ਨਹੀਂ ਕਦੋਂ ਕਲੀਆਂ ਨੇ 
ਹੱਥ ਖੋਲ ਦਿੱਤੇ 
ਬੂੰਦਾਂ ਫੜ੍ਹਨ ਨੂੰ 
ਮੀਂਹ ਪਿਆ ਵਰ੍ਹਦਾ 
ਮੈਂ ਦਲਾਨ ਦੀ ਗੁੱਠੇ 
ਮੰਜੀ ਡਾਹੀ 
ਆਪਣੀ ਕਵਿਤਾ ਲਿਖਦੀ 
ਸ਼ਬਦ ਘੜਦੀ 
ਪਰ ਇਸ ਪ੍ਰਕਿਰਤੀ ਅੱਗੇ 
ਸ਼ਬਦ ਹੋਏ ਬੇਮਾਅਨੇ 
ਛੱਡ ਦੇ ਕਲਮ 
ਮਾਣ ਕੁਦਰਤ ਦੇ ਰੰਗਾਂ ਨੂੰ। 

ਪ੍ਰੋ ਦਵਿੰਦਰ ਕੌਰ ਸਿੱਧੂ 
ਦੌਧਰ -ਮੋਗਾ 

ਪੁਸਤਕ 'ਬੇਰਹਿਮ ਪਲਾਂ ਦੀ ਦਾਸਤਾਨ' (2004) 'ਚੋਂ ਧੰਨਵਾਦ ਸਾਹਿਤ 
ਨੋਟ : ਇਹ ਪੋਸਟ ਹੁਣ ਤੱਕ 53 ਵਾਰ ਪੜ੍ਹੀ ਗਈ ਹੈ।

17 Nov 2016

ਮੈਂ ਵਾਪਸ ਪਰਤ ਆਇਆ

Surjit Bhullar's Profile Photoਵਿਦੇਸ਼ 'ਚੋਂ ਜਾ ਕੇ-
ਅੱਜ ਮੈਂ ਆਪਣੇ ਗਿਰਾਉ ਤੋਂ ਪਰਤ ਆਇਆ ਹਾਂ।
ਉਹੀ ਟੁੱਟੀ ਭੱਜੀ ਸੜਕ ,ਉਹੀ ਟੁੱਟੀਆਂ ਭੱਜੀਆਂ ਗਲੀਆਂ
ਜਿਵੇਂ ਸਰਕਾਰੀ ਗਰਾਂਟ ਲਈ ਤਰਲੇ ਕੱਢਦੀਆਂ ਹੋਣ।
ਗਿਰਾਂ ਦੇ ਬਹੁਤ ਘਰਾਂ ਦੀਆਂ ਦਿੱਖ 'ਚ ਬਦਲਾਓ ਦਿਸੇ
ਪੋਚਾ ਪਚੀ ਦੀਆਂ ਕੱਚ-ਪੱਕ ਜਿਹੀਆਂ ਨਿਸ਼ਾਨਦੇਹੀਆਂ
ਜਿਵੇਂ ਬਿਊਟੀ ਪਾਰਲਰ 'ਚੋਂ ਰੰਗ ਰੋਗਨ ਲਵਾਇਆ ਹੋਵੇ।
ਬਹੁਤੇ ਚਿਹਰੇ- ਨਵੇਂ ਨਵੇਂ ਦਿਸੇ-
ਅਗਲੀ ਪੀੜ੍ਹੀ ਦੇ ਚੋਬਰ-ਨਾ ਦੇਸੀ ਨਾ ਵਿਦੇਸ਼ੀ-
ਜਿਵੇਂ ਦੇਸੀ ਸ਼ਰਾਬ ਵਲੈਤੀ ਬੋਤਲ 'ਚ ਪੈਕ ਕੀਤੀ ਹੋਵੇ
ਹੋ ਸਕਦਾ-ਕੰਪਿਊਟਰ ਯੁੱਗ ਦੇ ਅਸਰ ਅਧੀਨ
ਚਿਹਰਾ ਮੁਹਰਾ ਤੇ ਪਹਿਰਾਵਾ ਬਦਲ ਲਿਆ ਹੋਵੇ
ਜਾਂ ਸੱਚੀ ਮੁਚੀ ਲੌਲੀ ਪੋਪ ਵਰਗੇ ਦਿੱਤੇ ਵਿਕਾਸ ਦੀ ਬਦੌਲਤ?

ਰੱਬ ਦਾ ਸ਼ੁਕਰ-ਕੁਝ ਹਮ ਉਮਰੇ ਵੀ ਮਿਲ ਗਏ।
ਬੜੀਆਂ ਗੱਲਾਂ ਕੀਤੀਆਂ- ਅੱਖਾਂ ਸੱਜਲ ਕੀਤੀਆਂ।
ਪਿਆਰ ਦੇ ਸ਼ਬਦ ਇੱਕ ਦੂਜੇ ਦੇ ਮੋਢੀਂ ਚਿਪਕਾ ਦਿੱਤੇ।
ਇੱਕ ਦੂਜੇ ਦੀਆਂ ਯਾਦਾਂ ਨੇ ਰੁਆ ਦਿੱਤੇ।

ਰਾਤੀਂ ਆਪਣੇ ਸੁੰਞੇ ਘਰ ਵਿਸਰਾਮ ਕੀਤਾ
ਕੰਨਾਂ 'ਚ ਸਾਂ ਸਾਂ ਗੂੰਜੇ - ਲੱਗਿਆ ਘਰ ਵਿਚ ਹਨੇਰੇ ਦਾ ਵਾਸਾ।
ਉਦਾਸ ਉਦਾਸ,ਸਹਿਮਿਆ ਸਹਿਮਿਆ ਤੇ ਸੱਖਣਾ ਸੱਖਣਾ
ਬਿਨਾਂ ਪਿਆਰ ਦੀ ਲੋਅ ਤੋਂ
ਮੇਰਾ ਘਰ ਡੁਸਕਦਿਆਂ ਡੁਸਕਦਿਆਂ ਗੱਲਾਂ ਕਰਨ ਲੱਗਾ-
ਮੈਂ ਸਾਹ ਰੋਕ ਉਸ ਦੇ ਕੀਰਨੇ ਸੁਣਦਾ ਰਿਹਾ।
ਤੇ ਆਖ਼ਿਰ ਸਵੈ ਸਮਝੌਤੇ ਦੇ ਸਬਰ ਵਿੱਚ
ਉਸ ਮੈਨੂੰ ਧਰਵਾਸ ਦਿੰਦੇ ਕਿਹਾ-
ਮੈਨੂੰ ਤੇਰੀ ਮਜਬੂਰੀ ਦਾ ਪਤਾ ਹੈ-
ਪਰ ਕਦੇ ਤੂੰ ਵੀ ਮੇਰੀ ਲਾਚਾਰੀ ਤਾਂ ਸਮਝ?

ਮੈਂ ਇਸ ਸਥਿਤੀ ਦਾ ਸਾਹਮਣਾ ਨਾ ਕਰਦੇ ਹੋਏ
ਮਨ ਨਾਲ ਕਸ਼ਮਕਸ਼ ਕਰਦਾ ਲਾਜਵਾਬ ਸੀ,ਬੇਬਸ ਸੀ।
ਮੈ ਮੂੰਹ ਹਨੇਰੇ ਆਪਣਾ ਸਭ ਕੁੱਝ
ਆਪਣੇ ਗਿਰਾ ਵਾਲਿਆਂ ਦੇ ਹਵਾਲੇ ਕਰ
ਵਾਪਸ ਵਿਦੇਸ਼ ਪਰਤ ਆਇਆ ਹਾਂ।

ਮੇਰੀਆਂ ਅੱਖਾਂ ਦੀਆਂ ਨਸਾਂ ਵਿਚ
ਟੱਸ ਟੱਸ ਕਰਦੀਆਂ ਪੀੜਾਂ
ਮੈਨੂੰ ਅਜੇ ਵੀ ਵਾਪਸ ਜਾਣ ਦੇ ਤਰਲੇ ਪਾਉਂਦੀਆਂ ਨੇ।
ਮੈਂ ਸੋਚਦਾ ਹਾਂ-
ਜ਼ਿੰਦਗੀ ਨੂੰ ਦੁਬਿਧਾ ਦੇ ਸਾਹਾਂ ਦੀ ਜ਼ੰਜੀਰੀ ਕਿਉਂ ਪਾ ਬੈਠਾ ਹਾਂ?
ਹੁਣ ਮੈਂ ਜ਼ਿੰਦਗੀ ਦੇ ਕੱਚੇ ਘੜੇ ਨੂੰ ਝਨਾਂ 'ਚ ਠੱਲ੍ਹ ਦਿੱਤਾ ਹੈ।
ਦੇਖਦਾ-ਇਹ ਰਿਸ਼ਤਾ ਕਦੋਂ ਤਕ ਨਿਭਦਾ ਹੈ?
ਮੈਂ ਆਪਣੇ ਗਿਰਾਉ ਵਾਪਸ ਪਰਤ ਆਇਆ ਹਾਂ।
                 *****
ਸੁਰਜੀਤ ਸਿੰਘ ਭੁੱਲਰ

15-11-2015/16
ਨੋਟ : ਇਹ ਪੋਸਟ ਹੁਣ ਤੱਕ 104 ਵਾਰ ਪੜ੍ਹੀ ਗਈ ਹੈ।

16 Nov 2016

ਕਾਲਮ ਨੰਬਰ ਅਠਾਈ


ਦਲਜੀਤ ਸਿੰਘ ਬੋਪਾਰਾਏ's Profile Photoਲੱਕੜ ਦੀਆਂ ਫੱਟੀਆਂ ਜੋੜ ਕੇ ਬਣਾਇਆ ਬੂਹਾ ਖੋਲ੍ਹ, ਮੈਂ ਜਿਉਂ ਹੀ ਘਰ ਅੰਦਰ ਦਾਖ਼ਲ ਹੋਇਆ ਤਾਂ ਉਮਰ ਦੇ ਸੱਠਵੇਂ ਦਹਾਕੇ ਨੂੰ ਢੁੱਕੀ ਮਾਤਾ ਮੰਜੇ ’ਤੇ ਬੈਠੀ ਮਟਰ ਕੱਢ ਰਹੀ ਸੀ। ਉਸ ਦੇ ਕੋਲ ਹੀ ਉਸ ਦਾ ਨੌਜਵਾਨ ਪੋਤਾ ਲੇਟਿਆ ਹੋਇਆ ਸੀ। ਦੋ ਘਰਾਂ ਨੂੰ ਵੰਡਦੀ ਕੰਧ ਢੱਠੀ ਵੇਖ ਕੇ ਮੈਂ ਕਿਹਾ, ‘‘ਮਾਤਾ ਜਦੋਂ ਮੈਂ ਪਹਿਲਾਂ ਗਿਣਤੀ ਕਰਨ ਆਇਆ ਸੀ ਤਾਂ ਇੱਥੇ ਦੋ ਘਰ ਸਨ ਹੁਣ ਇੱਕ ਕਿਵੇਂ ਹੋ ਗਿਆ?’’

‘‘ਕਾਹਦਾ ਇੱਕ ਹੋ ਗਿਆ ਪੁੱਤਰ, ਜਦੋਂ ਦਾ ਮੇਰੇ ਪੋਤੇ ਦਾ ਐਕਸੀਡੈਂਟ ਹੋਇਆ ਸਾਡੇ ਰਿਸ਼ਤੇਦਾਰ ਕਹਿਣ ਲੱਗੇ ਤੁਸੀਂ ਦੋਹਾਂ ਜੀਆਂ ਨੇ ਦੋ-ਦੋ ਮੰਨੀਆਂ ਹੀ ਖਾਣੀਆਂ, ਮੁੰਡੇ ਵੱਲੋਂ ਖਾ ਲਿਆ ਕਰੋ, ਵਿੱਚੋਂ ਗੱਲ ਤਾਂ ਇਹ ਸੀ ਕਿ ਪੂਰਾ ਪੰਜਾਹ ਹਜ਼ਾਰ ਲੱਗਿਆ, ਜਿਹੜਾ ਸਾਰਾ ਤੇਰੇ ਬਾਈ ਨੇ ਲਾਇਆ। ਬਹੂ ਹੁਣ ਫੇਰ, ਸਾਨੂੰ ਦੋਹਾਂ ਜੀਆਂ ਨੂੰ ਭਾਰ ਸਮਝਦੀ ਐ।’’ਬੁੱਢੀ ਮਾਤਾ ਮੈਨੂੰ ਇੱਕਦਮ ਸਾਰੀ ਹਾਲਤ ਸਮਝਾ ਗਈ।

ਪੋਹ ਦੇ ਮਹੀਨੇ ਦੀ ਪੁੰਨਿਆਂ ਤੋਂ ਇੱਕ ਦਿਨ ਬਾਅਦ ਲਾਗਲੇ ਸ਼ਹਿਰ ਦੇ ਬਾਹਰਲੇ ਮੋੜ ’ਤੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਸੀ। ਇਸ ਮਾਤਾ ਦਾ ਪੋਤਾ ਤੇ ਉਸ ਦਾ ਇਕ ਸਾਥੀ ਸ਼ਹਿਰ ਸਥਿਤ ਇਤਿਹਾਸਕ ਗੁਰਦੁਆਰੇ ਤੋਂ ਕਾਰ ਸੇਵਾ ਵਾਲੇ ਬਾਬਿਆਂ ਦੇ ਲੰਗਰ ਵਿੱਚੋਂ ਮਿਲਦੀ ਖੱਟੀ ਲੱਸੀ ਦੀ ਢੋਲੀ ਲਿਆ ਰਹੇ ਸਨ ਕਿ ਸਵੇਰੇ-ਸਾਝਰੇ ਸਬਜ਼ੀ ਮੰਡੀ ਨੂੰ ਜਾਂਦੇ ਹਾਥੀ ਨੁਮਾ ਕੈਂਟਰ ਨਾਲ ਟਕਰਾ ਗਏ। ਨਾਲ ਦਾ ਮੁੰਡਾ ਤਾਂ ਥਾਏਂ ਮਰ ਗਿਆ ਤੇ ਇਹ ਨੌਜਵਾਨ ਆਪਣੀ ਲੱਤ ਦੀ ਚੱਪਨੀ ਕੀਚਰ-ਕੀਚਰ ਕਰਵਾ ਬੈਠਾ ਜਿਸ ਨੇ ਘਰ ਵਿਚਲੀ ਕੰਧ ਨੂੰ ਢਾਹ ਦਿੱਤਾ ਸੀ।
‘‘ਚੱਲ ਮਾਤਾ ਕੋਈ ਨਾ। ਤੇਰੇ ਘਰ ਦਾ ਚਿਰਾਗ ਐ, ਚੰਗਾ ਇਹ ਦੱਸ ਕਿੰਨੇ ਬੱਚੇ ਨੇ?’’ ਮੈਂ ਜਨਗਣਨਾ ਫਾਰਮ ਦਾ ਕਾਲਮ ਭਰਨ ਲਈ ਪੁੱਛਿਆ। ‘‘ਪੂਰੀਆਂ ਚਾਰ ਕੁੜੀਆਂ ਤੇ ਦੋ ਕਾਕੇ, ਭਾਈ ਸਵਰਗਵਾਸ ਹੋਏ ਨੇ, ਮਸਾਂ-ਮਸਾਂ ਇਸ ਚੰਦਰੇ ਦਾ ਮੂੰਹ ਵੇਖਿਆ ਸੀ।’’ ਮਾਤਾ ਦਾ ਭਾਵ ਆਪਣੇ ਇਕਲੌਤੇ ਲੜਕੇ ਵੱਲ ਸੀ, ਜਿਸ ਦੀ ਵਹੁਟੀ ਨੂੰ ਆਪਣੇ ਸੱਸ-ਸਹੁਰਾ ਮੂਲ ਨਹੀਂ ਸਨ ਭਾਉਂਦੇ।
ਅੱਜ ਫੱਗਣ ਦੀ ਸੰਗਰਾਂਦ ਸੀ। ਅਸਮਾਨ ਵਿੱਚ ਬੱਦਲਾਂ ਦਾ ਰੰਗ ਗੂੜ੍ਹਾ ਹੋਣ ਕਾਰਨ ਖੇਤਾਂ ਵਿੱਚ ਲਹਿ-ਲਹਾ ਰਹੇ ਸਰੋਂ ਦੇ ਪੀਲੇ-ਪੀਲੇ ਫੁੱਲ ਵੱਖਰੀ ਤਰ੍ਹਾਂ ਦੀ ਭਾਹ ਮਾਰ ਰਹੇ ਸਨ। ਸਵੇਰ ਤੋਂ ਹੀ ਕਿਣ-ਮਿਣ ਹੋਣ ਕਾਰਨ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਦਿਨੇ ਹੀ ਹਨੇਰਾ ਜਿਹਾ ਹੋ ਗਿਆ ਹੋਵੇ। ਤ੍ਰਿਸ਼ਨਾ ਪਿੰਡ ਦੀਆਂ ਜਬੇ ਵਾਲੀਆਂ ਔਰਤਾਂ ਵਿੱਚੋਂ ਸੀ ਜਿਹੜੀ ਇੱਕ ਵਾਰ ਪਿੰਡ ਦੀ ਪੰਚਾਇਤ ਮੈਂਬਰ ਵੀ ਰਹਿ ਚੁੱਕੀ ਸੀ। ਤ੍ਰਿਸ਼ਨਾ ਦੀਆਂ ਨੂੰਹਾਂ ਉਸ ਦੇ ਕਮਰੇ ਵਿੱਚ ਵਾਰੋ-ਵਾਰੀ ਆ ਕੇ ਆਪੋ-ਆਪਣੇ ਪਰਿਵਾਰਾਂ ਦਾ ਵੇਰਵਾ ਦੱਸ ਰਹੀਆਂ ਸਨ, ਜਿਸ ਨੂੰ ਮੈਂ ਜਨਗਣਨਾ ਵਾਲੇ ਫਾਰਮ ਵਿੱਚ ਦਰਜ ਕਰ ਰਿਹਾ ਸੀ।
ਅਗਲਾ ਘਰ ਤ੍ਰਿਸ਼ਨਾ ਦਾ ਸੀ। ਉਸ ਦੇ ਚਾਰ ਲੜਕੇ ਸਨ, ਚਾਰੋਂ ਹੀ ਅੱਡੋ ਅੱਡ। ਉਨ੍ਹਾਂ ਵਿੱਚੋਂ ਇਕ ਲੜਕਾ ਸਾਊਦੀ ਅਰਬ ਦੇ ਮੁਲਕ ਵਿੱਚੋਂ ਦੋ-ਚਾਰ ਸਾਲ ਲਾ ਕੇ ਮੁੜਿਆ ਸੀ। ਸ਼ਰਾਬ ਦੀ ਅਜਿਹੀ ਲੱਤ ਲੱਗੀ ਕਿ ਦਿਨ-ਰਾਤ ਟੁੰਨ ਰਿਹਾ ਕਰੇ। ਇਕ ਦਿਨ ਰੱਜੇ ਹੋਏ ਨੇ ਛੱਤ ਦੇ ਗਾਡਰ ’ਤੇ ਰੱਸੀ ਪਾ ਕੇ ਫਾਹਾ ਲੈ ਲਿਆ। ਉਸ ਦੀ ਪਤਨੀ ਦੇ ਪੇਕੇ , ਅਾਪਣੀ ਕੁੜੀ ਤੇ ਉਸ ਦੀ ਇੱਕੋ-ਇੱਕ ਮਾਸੂਮ ਧੀ ਨੂੰ ਆਪਣੇ ਪਿੰਡ ਲੈ ਗਏ ਸਨ। ਇਸ ਤਰ੍ਹਾਂ ਵਸਦਾ-ਰਸਦਾ ਪਰਿਵਾਰ ਉੱਜੜ ਗਿਆ ਸੀ। ‘‘ਦੇਖ ਲਉ ਰੱਬ ਦੇ ਰੰਗ ਭਾਈ, ਜਦੋਂ ਪਿਛਲੀ ਵਾਰ ਤੁਹਾਡੇ ਘਰ ਆ ਕੇ ਗਿਣਤੀ ਕੀਤੀ ਸੀ ਤਾਂ ਮਰਨ ਵਾਲਾ ਆਪ ਮੇਰੇ ਕੋਲ ਆਪਣੇ ਪਰਿਵਾਰ ਦਾ ਵੇਰਵਾ ਲਿਖਾ ਕੇ ਗਿਆ ਸੀ, ਹੁਣ ਵਿਚਾਰੇ ਦਾ ਪਰਿਵਾਰ ਹੀ ਖ਼ਤਮ ਹੋ ਗਿਆ।’’
‘‘ਸਰਨੀ ਤਾਂ ਵੀਰ ਜੀ, ਸਾਡਾ ਦਮ ਈ ਕੱਢ ਕੇ ਲੈ ਗਿਆ, ਅਸੀਂ ਸਾਹ-ਸਤਹੀਣ ਹੋਏ ਬੈਠੇ ਹਾਂ।’’ ਤ੍ਰਿਸ਼ਨਾ ਦੀ ਮਮਤਾ ਨੂੰ ਮੈਂ ਸਮਝ ਰਿਹਾ ਸਾਂ। ਉਸ ਦੀਆਂ ਅੱਖਾਂ ਵਿੱਚੋਂ ਨਿੱਕਲ ਕੇ ਡਿੱਗੇ ਮਮਤਾ ਦੇ ਦੋ ਹੰਝੂਆਂ ਨੂੰ ਮੈਂ ਮਨ ਹੀ ਮਨ ਸਲਾਮ ਕਰ ਰਿਹਾ ਸੀ। ਜਨਗਣਨਾ ਫਾਰਮ ਦਾ ਕਾਲਮ ਨੰਬਰ ਅਠਾਈ ਵਿਆਹੁਤਾ ਔਰਤ ਦੇ ਪੈਦਾ ਹੋਏ ਅਤੇ ਜਿਉਂਦੇ ਬੱਚੇ-ਬੱਚੀਆਂ ਬਾਰੇ ਹੁੰਦਾ ਹੈ। ਮੈਨੂੰ ਇਹ ਕਾਲਮ ਸਭ ਤੋਂ ਔਖਾ ਲੱਗਿਆ ਹੈ। ਬੀਬੀਆਂ ਜਿੱਥੇ ਆਪਣੇ ਪੈਦਾ ਹੋਏ ਬੱਚਿਆਂ ਦੀ ਜਨਮ-ਤਾਰੀਖ਼ ਬਿਨਾਂ ਕਿਸੇ ਲਿਖਤੀ ਰਿਕਾਰਡ ਦੇ ਮੂੰਹ-ਜ਼ਬਾਨੀ ਬੜਾ ਚਾਂਈ-ਚਾਂਈ ਦੱਸਦੀਆਂ ਹਨ ਉੱਥੇ ਆਪਣੇ ਮੋਏ ਬੱਚਿਆਂ ਨੂੰ ਯਾਦ ਕਰਕੇ ਅਕਸਰ ਹੀ ਭਾਵੁਕ ਹੋ ਜਾਂਦੀਆਂ ਹਨ।

ਮੈਂ ਤ੍ਰਿਸ਼ਨਾ ਦੇ ਫਾਰਮ ਦਾ ਅਠਾਈ ਨੰਬਰ ਕਾਲਮ ਖਾਲੀ ਛੱਡ ਦਿੱਤਾ। ਮੈਂ ਉਸ ਦੇ ਬੱਚਿਆਂ ਬਾਰੇ ਪੁੱਛ ਕੇ ਉਸ ਦੀ ਦੁਖੀ ਆਤਮਾ ਨੂੰ ਹੋਰ ਦੁਖੀ ਨਹੀਂ ਸੀ ਕਰਨਾ ਚਾਹੁੰਦਾ।


ਦਲਜੀਤ ਸਿੰਘ ਬੋਪਾਰਾਏ
( ਪੰਜਾਬੀ ਟ੍ਰਿਬਿੳੂਨ 7 ਮਾਰਚ 2011 )
ਨੋਟ : ਇਹ ਪੋਸਟ ਹੁਣ ਤੱਕ 142 ਵਾਰ ਪੜ੍ਹੀ ਗਈ ਹੈ।

15 Nov 2016

ਗਜ਼ਲ

Jogindersingh Thind's Profile Photoਬਦਲ ਜਾਂਦੇ ਨੇ ਮੌਸਮ,ਹਵਾਵਾਂ ਦੇ ਨਾਲ
ਜਿਵੇਂ ਬਦਲੇ ਕਿਸਮਤ ,ਦੁਆਵਾਂ ਦੇ ਨਾਲ

ਤੇਰੀ ਦਾਸਤਾਂ ਕਹਿਣਗੇ,ਚਿਰਾਂ ਤੱਕ ਲੋਕੀਂ 
ਲੋਕ ਸੇਵਾ ਜੋ ਕੀਤੀ ਹੈ ,ਤੂੰ ਚਾਵਾਂ ਦੇ ਨਾਲ

ਕਿਸਮਤ 'ਚ ਹੋਵੇ ਤਾਂ ਬੜਾ ਨਿੱਘ ਆਵੇ
ਮਾਂਵਾਂ ਦੀਆਂ ਦਿੱਤੀਆਂ, ਸਜ਼ਾਵਾਂ ਦੇ ਨਾਲ

ਝੁਕ ਝੁਕ ਸਲਾਮਾਂ ਤੈਨੂੰ , ਕਰੇਗੀ ਦੁਨੀਆਂ
ਚਲੇਂਗਾ ਜੇਕਰ  ਸਦਾ ਤੂੰ ਭਰਾਵਾਂ ਦੇ ਨਾਲ

ਬਾਹਾਂ 'ਚ ਬਲ ਤੇਰੇ, ਸਦਾ ਨਹੀਂਓਂ ਰਹਿਣਾ
ਬੜੇ ਬੜੇ ਢੱਲ ਜਾਂਦੇ ਵੇਖੇ , ਛਾਂਵਾਂ ਦੇ ਨਾਲ

ਦਗਾ ਕਰਨ ਤੋਂ ਪਹਿਲਾਂ, ਜਾਨ ਕੱਢ ਲੈਂਦਾ 
ਜੀਂਦੇ ਸੀ ਹਮੇਸ਼ਾਂ ਅਸੀਂ ਤੇਰੇ ਸਾਹਾਂ ਦੇ ਨਾਲ

'ਥਿੰਦ' ਤੋਬਾ ਨਾ ਕੀਤੀ, ਤਾਂ ਪਛਤਾਵੇਂਗਾ ਤੂੰ 
 ਪੰਡ ਤੇਰੀ ਜਦੋਂ ਭਰ ਗਈ, ਗੁਨਾਹਾਂ ਦੇ ਨਾਲ 
                  

ਇੰਜ: ਜੋਗਿੰਦਰ ਸਿੰਘ "ਥਿੰਦ"
ਸਿਡਨੀ


ਨੋਟ : ਇਹ ਪੋਸਟ ਹੁਣ ਤੱਕ 66 ਵਾਰ ਪੜ੍ਹੀ ਗਈ ਹੈ।

14 Nov 2016

ਇਹ ਦੁਨੀਆਂ

 ਮੈਂ ਹਾਂ 
ਮੇਰਾ ਖਿਲਾਰਾ ਹੈ 
ਜ਼ਿੰਦਗੀ ਦੀ ਦੌੜ ਭੱਜ 
ਔਖਿਆਈਆਂ, ਸਚਾਈਆਂ 
ਰੋਜ਼ਮਰਾ ਜ਼ਿੰਦਗੀ ਦੀ ਰੇਸ 
ਮਿੰਟ ਦਾ ਰੁਕਣ ਨਹੀਂ 
ਸਿਰਜਣਹਾਰ ਦਾ ਚੇਤਾ ਕਿੱਥੇ 
ਪਰ ਇੱਕ ਦਿਨ ਹੋਵੇਗਾ 
ਮੇਰਾ ਖਿਲਾਰਾ ਨਹੀਂ ਹੋਵੇਗਾ 
ਔਖ ਨਹੀਂ ਹੋਵੇਗੀ 
ਤਕਲੀਫ ਨਹੀਂ ਹੋਵੇਗੀ 
ਯਾਦਾਂ ਹੋਣਗੀਆਂ 
ਆਪਣਿਆਂ ਵਿੱਚ 
ਫਿਰ ਉਹ ਵੀ 
ਭੁੱਲ ਵਿਸਰ ਜਾਣਗੀਆਂ 
ਫਿਰ ਇਹ ਨਾਟਕੀ ਜੀਵਨ 
ਮੇਰੀ ਮੈਂ ਮੈਂ 
ਕਿਸ ਕੰਮ ਭਲਾ 
ਕਿਉਂ ਦੁਨੀਆਂ ਵਿੱਚ ਫਸਦੀ ਜਾਵਾਂ 
ਇਸ  ਦੁਨੀਆਂ ਤੋਂ ਮੈਂ ਕੀ  ਲੈਣਾ 
ਪਰਵਰਦਗਾਰ ਨੂੰ ਸਜਦਾ ਕਰਕੇ 
ਇਸ ਦੁਨੀਆਂ ਦਾ ਖਹਿੜਾ ਛੱਡਾਂ। 

ਪ੍ਰੋ ਦਵਿੰਦਰ ਕੌਰ ਸਿੱਧੂ 
ਦੌਧਰ -ਮੋਗਾ 

ਬੇਰਹਿਮ ਪਲਾਂ ਦੀ ਦਾਸਤਾਨ (2004) 'ਚੋਂ ਧੰਨਵਾਦ ਸਾਹਿਤ 

ਨੋਟ : ਇਹ ਪੋਸਟ ਹੁਣ ਤੱਕ 85 ਵਾਰ ਪੜ੍ਹੀ ਗਈ ਹੈ।

12 Nov 2016

ਗੱਡੀਆਂ ਵਾਲ਼ੇ

ਦਿਨ ਦਾ ਦੂਜਾ ਪਹਿਰ ਸੀ। ਤਿੱਤਰ ਖੰਭੀ ਬੱਦਲਾਂ ਦੇ ਜਮਘਟ ਕਾਰਨ ਧੁੱਪ ਮੱਧਮ ਜਿਹੀ ਪੈ ਗਈ ਸੀ। ਪਿੰਡ ਦੀ ਫਿਰਨੀ 'ਤੇ ਗਹਿਮਾ -ਗਹਿਮੀ ਸੀ। ਲੋਕਾਂ ਨੂੰ ਤਾਂ ਚਾਅ ਜਿਹਾ ਚੜ੍ਹਿਆ ਲੱਗਦਾ ਸੀ। ਬੁੱਢੇ ਬੋਹੜ ਵਾਲੇ ਖੁੱਲ੍ਹੇ ਪਿੜ 'ਚ ਗੱਡੀਆਂ ਵਾਲਿਆਂ ਦਾ ਕਾਫ਼ਲਾ ਆਣ ਢੁੱਕਿਆ ਸੀ। ਕੋਈ ਉਨ੍ਹਾਂ ਨੂੰ ਗਾਡੀ ਲੁਹਾਰ ਕਹਿ ਰਿਹਾ ਸੀ ਤੇ ਕੋਈ ਵਣਜਾਰੇ। 
     ਕਹਿੰਦੇ ਨੇ ਕਿ ਸੋਨੇ ਰੰਗੀ  ਮਿੱਟੀ 'ਤੇ ਖੁੱਲ੍ਹੇ ਅੰਬਰ ਦੀ ਛੱਤ ਹੇਠ ਮਹਿਕਦੀ ਪੌਣ ਦੀਆਂ ਕੰਧਾਂ ਉਸਾਰ ਉਹ ਆਪਣਾ ਰੈਣ ਬਸੇਰਾ ਸਹਿਜੇ ਹੀ ਬਣਾ ਲੈਂਦੇ ਨੇ। ਅੱਜ ਵੀ ਧੁੱਪ ਛਾਂ ਦੇ ਟੋਟਿਆਂ ਹੇਠ ਬਾਂਸ ਤੇ ਲੱਕੜ -ਤਿੰਬੜ ਜੋੜ ਲਾਏ ਉਨ੍ਹਾਂ ਦੇ ਤੰਬੂਆਂ ਨੇ ਪਿੰਡ ਦਾ ਵਿਹੜਾ ਭਰ ਦਿੱਤਾ ਸੀ। ਤੰਬੂਆਂ ਮੂਹਰੇ ਹੱਥੀਂ ਬਣਾਏ ਘੁਮਾਉਦਾਰ ਰੰਗੀਨ ਪਾਵਿਆਂ ਵਾਲੇ ਮੰਜੇ ਡਾਹੇ ਹੋਏ ਸਨ। ਲਾਲ ,ਫ਼ਿਰੋਜ਼ੀ ਤੇ ਨੀਲੇ ਰੰਗ ਦੀ ਝਾਲਰਾਂ ਵਾਲੀ ਵਿਛਾਈ ਚਾਦਰ ਉਨ੍ਹਾਂ ਦੇ ਰੰਗਾਂ ਦੇ ਸਲੀਕੇ ਦਾ ਝਲਕਾਰਾ ਪਾ ਰਹੀ ਸੀ। ਰੀਝਾਂ ਨਾਲ ਸ਼ਿੰਗਾਰੇ ਗੱਡਿਆਂ ਤੋਂ ਉਨ੍ਹਾਂ ਟੱਪਰੀਵਾਸ ਵਸਤੂਕਾਰਾਂ ਦੀ ਸੰਕਲਪਨਾ ਮੂੰਹੋਂ ਬੋਲਦੀ ਸੀ। ਬਲਦਾਂ ਦੀ ਪਿੱਠ 'ਤੇ ਰੰਗੀਨ ਕੱਪੜੇ, ਗੱਲ ਟੱਲੀਆਂ ਤੇ ਪੈਰੀਂ ਬੱਝੇ ਘੁੰਗਰੂ ਹਵਾਵਾਂ 'ਚ ਸੁਰ ਘੋਲਦੇ ਜਾਪ ਰਹੇ ਸਨ। ਕੋਈ ਜ਼ਮੀਨ ਨਹੀਂ ਕੋਈ ਘਰ ਨਹੀਂ, ਇਨ੍ਹਾਂ ਦੀ ਜਾਇਦਾਦ ਨੇ ਬੱਸ ਇਹ ਗੱਡੇ ਤੇ ਚਾਰ ਕੁ ਸੰਦ ਪਰ ਮਿਹਨਤੀ ਰੰਗ। 
    ਰੂਪ ਤੇ ਸਾਦਗੀ ਦੀਆਂ ਮੂਰਤਾਂ ਲੱਗ ਰਹੀਆਂ ਸਨ ਵਣਜਾਰਣ ਤ੍ਰੀਮਤਾਂ। ਰੱਜ ਕੇ ਦਿੱਤੈ ਸੁਹੱਪਣ ਰੱਬ ਨੇ। ਤਿੱਖੇ ਨੈਣ ਨਕਸ਼ , ਰੰਗ ਮੁਸ਼ਕੀ ਤੇ ਵੰਗ ਵਰਗੀਆਂ।ਕੌਡੀਆਂ,ਮਣਕਿਆਂ ਤੇ ਸ਼ੀਸ਼ੇ ਜੜੀਆਂ ਕਾਲ਼ੇ, ਪੀਲੇ ਤੇ ਲਾਲ ਰੰਗ ਦੀਆਂ ਤੰਗ ਘੇਰੇ ਵਾਲੀਆਂ ਲੰਮੀਆਂ ਕੁੜਤੀਆਂ ਤੇ ਵੱਡੇ ਘੇਰੇ ਵਾਲੇ ਉੱਚੇ ਘੱਗਰੇ।ਕੱਸ ਕੇ ਕੀਤੀਆਂ ਮੀਢੀਆਂ ਤੇ ਰੰਗੀਨ ਲੰਮੇ ਪਰਾਂਦੇ। ਪੈਰਾਂ 'ਚ ਚਾਂਦੀ ਰੰਗੇ ਸਗਲੇ ਤੇ ਪੰਜਾਬੀ ਜੁੱਤੀ। ਨੱਕ ਚ ਨੱਥਲੀ, ਮੱਥੇ 'ਤੇ ਖੁਣਵਾਇਆ ਚੰਨ ਤੇ ਸਿਤਾਰਿਆਂ ਭਰੀਆਂ ਚੁੰਨੀਆਂ ਲਈ ਲੱਗਦੀਆਂ ਸੀ ਜਿਵੇਂ ਅਰਸ਼ੋਂ ਉਤਰੀਆਂ ਹੂਰਾਂ ਹੋਣ। ਮਜਬੂਤ ਜੁੱਸਿਆਂ ਵਾਲੇ ਅਣਖੀ ਬੰਦੇ। ਲੰਮੇ ਕੁੜਤੇ ਤੇੜ ਚਾਦਰੇ। ਗੱਲ ਕਾਲੇ ਰੰਗ ਦੀ ਤਵੀਤੀ ,ਕੰਨਾਂ 'ਚ ਨੱਤੀਆਂ ਤੇ ਬੇਤਰਤੀਬੇ ਵਲਾਂ ਵਾਲੇ ਰੰਗੀਨ ਸਾਫ਼ੇ ਤੇ ਨੋਕਦਾਰ ਜੁੱਤੀ। ਚਿਲਮਾਂ ਦੇ ਸੂਟੇ ਤੇ ਹੁੱਕੇ ਦੇ ਕਸ਼ ਖਿੱਚਦੇ ਤੇਜ਼ ਦੌੜਦੀ ਦੁਨੀਆਂ ਤੋਂ ਬੇਪਰਵਾਹ ਜਾਪ ਰਹੇ ਸਨ। 
   ਨਿੱਤ ਖੂਹ ਪੁੱਟ ਕੇ ਪਾਣੀ ਪੀਣ ਵਾਲੇ ਉਦਮੀ ਲੋਕ। ਮਰਦ ਸਾਰੀ ਦਿਹਾੜੀ ਭੱਠੀ ਤਪਾ ਕੇ ਭੂਕਨੇ, ਚਿਮਟੇ, ਖੁਰਚਣੇ, ਝਾਰਨੀਆਂ ਤੇ ਖੇਤੀ ਦੇ ਸੰਦ ਬਣਾਉਂਦੇ। ਬੱਠਲਾਂ ਤੇ ਬਾਲਟੀਆਂ ਦੇ ਥੱਲੇ ਤੇ ਪੀਪਿਆਂ ਦੇ ਢੱਕਣ ਲਾਉਂਦੇ।ਮੱਝਾਂ ਦੇ ਟੁੱਟੇ ਸੰਗਲ, ਦੇਸੀ ਜਿੰਦਰੇ ਤੇ ਹੋਰ ਟੁੱਟ -ਫੁੱਟ ਸੰਵਾਰਦੇ। ਫੇਰ ਨਿੱਤ ਸਰਘੀ ਵੇਲੇ ਇਹ ਕਿਰਤੀ ਕਣੀਆਂ ਆਪਣੇ ਹੁਨਰ ਦਾ ਹੋਕਾ ਲਾਉਂਦੀਆਂ ਹਰ ਬੂਹੇ ਜਾ ਢੁੱਕਣਗੀਆਂ , " ਬੱਠਲਾਂ ਨੂੰ ਥੱਲੇ ਲਵਾ ਲੈ ,ਚਿਮਟੇ ਖੁਰਚਣੇ ਲੈ ਲੈ ਨੀ ਬੀਬੀ ਚਿਮਟੇ ਖੁਰਚਣੇ। ਨੀ ਝਾਰਨੀ ਲਏਂਗੀ, ਬੜੇ ਕੰਮ ਆਵੇਗੀ, ਹਾਂ ! ਨੀ ਲੰਬੜਦਾਰਨੀਏ , ਸਰਦਾਰਨੀਏ ! ਦਿੰਦੀ ਨੀ ਹੁਣ ਪੱਠਿਆਂ ਦੀ ਟੋਕਰੀ।" ਝੋਲੀ ਭਰ ਦਾਣਿਆਂ ਜਾਂ ਪੱਠਿਆਂ ਦੀ ਟੋਕਰੀ ਬਦਲੇ ਉਹ ਲੋਕਾਂ ਦਾ ਕੰਮ ਕਰ ਦਿੰਦੇ ਤੇ ਆਪਣੀਆਂ ਲੋੜਾਂ ਦੀ ਪੂਰਤੀ ਕਰ ਲੈਂਦੇ। 
   ਲੰਮੇ ਰਾਹਾਂ ਦੇ ਸਫ਼ਰ 'ਤੇ ਤੁਰਦੇ ਰਹਿਣਾ ਉਨ੍ਹਾਂ ਦੇ ਹਿੱਸੇ ਆਇਆ ਹੈ। ਕਹਿੰਦੇ ਨੇ ਕਿ ਮਹਾਰਾਣਾ ਪ੍ਰਤਾਪ ਦੀ ਅਕਬਰ ਕੋਲ਼ੋਂ ਹੋਈ ਹਾਰ ਮਗਰੋਂ ਇਨ੍ਹਾਂ ਰਾਜਪੂਤ ਵੰਸ਼ੀਆਂ ਦੇ ਪੁਰਖੇ ਚਿਤੌੜ ਦੀ ਮਿੱਟੀ ਛੱਡ ਟੱਪਰਵਾਸੀ ਕਬੀਲੇ 'ਚ ਪ੍ਰਵਰਤਿਤ ਹੋ ਗਏ ਸਨ । ਜਦੋਂ ਤੱਕ ਗੁਆਚਿਆ ਵਕਾਰ ਬਹਾਲ ਨਹੀਂ ਹੋ ਜਾਂਦਾ ਇੱਕ ਥਾਂ ਟਿੱਕ ਕੇ ਨਾ ਬੈਠਣ ਦੀ ਸਹੁੰ ਖਾ ਲਈ ਤੇ ਉਹ ਸਫ਼ਰ ਪੀੜ੍ਹੀ ਦਰ ਪੀੜ੍ਹੀ ਹੁਣ ਤੱਕ ਜਾਰੀ ਹੈ। ਇੱਕ ਵਿਲੱਖਣ ਜਿਹੇ ਯਕੀਨ ਤੇ ਰਿਵਾਜ਼ਾਂ 'ਚ ਬੱਝੇ। ਸੁੱਚਾ ਸਿਦਕ, ਧਾਰਮਿਕ ਸ਼ਰਧਾ ਤੇ ਸਹਿਜ ਬਿਰਤੀ ਦੀ ਮਿੱਸ ਵਾਲੇ ਅਣਗੌਲੇ ਲੋਕ।  
 ਹੁਣ ਦਿਨ ਢਲਣ ਵਾਲਾ ਹੀ ਸੀ। ਘਰ ਦਾ ਨਿੱਕ -ਸੁੱਕ ਸਾਂਭਿਆ ਜਾ ਚੁੱਕਾ ਸੀ। ਨਿਆਣੇ ਚੁੱਲ੍ਹਿਆਂ ਲਈ ਇੱਟਾਂ -ਰੋੜੇ ਚੁੱਗ ਲਿਆਏ ਤੇ ਔਰਤਾਂ ਬਾਲਣ। ਦੇਖਦੇ ਹੀ ਦੇਖਦੇ ਪੱਛਮ 'ਚ ਸੰਧੂਰੀ ਬਾਟਾ ਡੁੱਲਣ ਤੋਂ ਪਹਿਲਾਂ ਹੀ ਇੱਕ ਨਵਾਂ ਪਿੰਡ ਬੰਨ ਦਿੱਤਾ। ਕੁੱਤੇ, ਮੁਰਗੇ, ਬੱਕਰੀਆਂ, ਬਲਦਾਂ ਸਮੇਤ ਘਰ ਦੇ ਸਾਰੇ ਜੀਅ ਹੁਣ ਗੱਡਿਆਂ ਦੇ ਥੱਕੇ ਪਹੀਆਂ ਕੋਲ ਬਲਦੇ ਚੁੱਲ੍ਹਿਆਂ ਮੂਹਰੇ ਆ ਬੈਠੇ ਸਨ। ਭਾਵੇਂ ਸਮੇਂ ਦੀ ਮਾਰ ਹੇਠ ਇਨ੍ਹਾਂ ਅਕੀਦਤਯੋਗ ਹੱਥਾਂ ਦਾ ਹੁਨਰ ਹੁਣ ਜੰਗਾਲਿਆ ਗਿਆ ਹੈ। ਪਰ ਨਵੀਂ ਸਰਘੀ ਦੀ ਆਮਦ ਨਾਲ ਆਪਣੇ ਹੁਨਰ ਦੇ ਹੁੰਗਾਰਿਆਂ ਨੂੰ ਮੁੜ ਜੀਵੰਤ ਕਰਨ ਦੀ ਆਸ ਲਈ ਹੁਣ ਉਹ ਆਪਣੀ ਹੀ ਧੁਨ 'ਚ ਮਸਤ ਬੈਠੇ ਨੇ ਲੰਮੇ ਸਫ਼ਰਾਂ ਦੀ ਥਕਾਨ ਨੂੰ ਠਹਿਰਾਓ ਦੀ ਟਕੋਰ ਕਰਨ। 
ਲੰਮਾ ਸਫ਼ਰ -
ਥੱਕੇ ਗੱਡਿਆਂ ਕੋਲ਼ 
ਬੈਠਾ ਟੱਬਰ। 

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 261 ਵਾਰ ਪੜ੍ਹੀ ਗਈ ਹੈ।

11 Nov 2016

ਗਤੀਸ਼ੀਲਤਾ

Surjit Bhullar's Profile Photoਜ਼ਰੂਰੀ ਨਹੀਂ ਕਿ ਅੱਜ ਦਾ ਦਿਨ
ਸਾਡੀ ਇੱਛਿਆ ਅਨੁਸਾਰ ਮੁੱਕੇ
ਤੇ ਪੂਰਬ ਦੀ ਲਾਲੀ 'ਚ
ਉੱਗ ਰਹੇ ਸੂਰਜ ਨੂੰ ਝੋਲੀ 'ਚ ਪਾ ਕੇ
ਆਪਣੀ ਮਰਜ਼ੀ ਅਨੁਸਾਰ
ਜਿਵੇਂ ਜੀ ਚਾਹੇ ਲੋਰੀਆਂ ਦੇ ਕੇ
ਪੱਛਮ 'ਚ ਸੁਆ ਦੇਈਏ।
ਸੂਰਜ ਤੇ ਅਵੱਸ਼ ਉਦੇ ਹੋਵੇਗਾ
ਸਮਾਂ ਵੀ ਅਵੱਸ਼ ਹੱਥੋਂ ਖਿਸਕੇਗਾ
ਤੇ ਅੱਖਾਂ ਅੱਗੇ ਹੀ ਅਲੋਪ ਹੋਵੇਗਾ
ਜੇ ਅਸੀਂ ਇੰਜ ਹੀ ਹੱਥਾਂ ਤੇ ਹੱਥ ਰੱਖ
ਦੇਖਦੇ ਰਹੇ,  ਸੋਚਦੇ ਰਹੇ ।
ਕਿਉਂ ਨਾ ਫਿਰ,ਬਿਨਾ ਕਿਸੇ ਸਹਾਇਤਾ ਤੋਂ
ਸਮੇਂ ਦੇ ਛਿਣ ਨਾਲ ਸੰਗਠਿਤ ਹੋ ਜਾਈਏ
ਤੇ ਗਤੀਸ਼ੀਲ ਹੋ ਤੁਰੀਏ।
ਤਾਂ ਜੋ ਪੂਰਬ ਤੋਂ ਪੱਛਮ ਦਾ ਪੈਂਡਾ
ਤਹਿ ਕਰਦਾ ਸੂਰਜ ਸਾਡੇ ਨਾਲ ਰਹੇ।
ਤੇ ਸਮਾਂ ,
ਸਾਡੇ ਹੱਥਾਂ ਦੀਆਂ ਤਲੀਆਂ 'ਤੇ ਬੈਠਾ
ਸਾਡੇ ਨਾਲ ਸੇਧ-ਬੱਧ ਹੋ ਤੁਰੇ।
ਤੇ ਅਸੀਂ ਖਿੜੇ ਮੱਥੇ
ਵਿਦਾਇਗੀ ਦੇ ਗੀਤ ਗਾ
ਸੂਰਜ ਨੂੰ ਵਿਦਾ ਕਰੀਏ ।
ਤੇ ਉਹ ਦੇ ਪੁਨਰ-ਆਗਮਨ ਲਈ
ਸੁਆਗਤੀ ਗੀਤ ਤਿਆਰ ਕਰੀਏ ।
ਸੁਰਜੀਤ ਸਿੰਘ ਭੁੱਲਰ
ਯੂ ਐਸ ਏ 
(ਇਹ ਕਵਿਤਾ ਆਪ ਜੀ ਦੀ ਤੀਸਰੀ ਪੁਸਤਕ 'ਮੋਹ ਵੈਰਾਗ'(1983) 'ਚੋਂ ਲਈ ਗਈ ਹੈ )

ਨੋਟ : ਇਹ ਪੋਸਟ ਹੁਣ ਤੱਕ 120 ਵਾਰ ਪੜ੍ਹੀ ਗਈ ਹੈ।

10 Nov 2016

ਮੇਰੀ ਕੂਕ

ਮੇਰੀ ਕੂਕ
ਪਪੀਹੇ ਵਾਲੀ ,
ਕਦੀ ਨਾ ਤ੍ਰਿਪਤ ਹੋਈ 
ਬੱਸ 
ਤੇਰੇ ਵਜੂਦ 'ਚ
ਸਮਾ
ਜਾਣਾ ਚਾਹੁੰਦੀ ਆਂ ।

ਦਰ -ਬ -ਦਰ ,
ਭਟਕਣਾ ਨੂੰ ਛੱਡ 
ਬੱਸ 

ਇੱਕ ਦੀ ,

ਜੋਤ 'ਚ ਸਿਮਟ 

ਜਾਣਾ ਚਾਹੁੰਦੀ ਆਂ।



ਰੂਹਾਨੀਅਤ
ਮੇਰੇ ਜਿਸਮ ਅੰਦਰ 
ਫ਼ੂਕ ਦੇ ਮੇਰੇ ਮੌਲਾ 

ਮੈਂ 
ਆਪਣੇ 'ਚੋਂ ਮੈਂ ਮੁਕਾ 
ਬੱਸ ਤੂੰ ਹੀ ਤੂੰ  
ਹੋਣਾ ਚਾਹੁੰਦੀ ਹਾਂ।
ਤੇਰੇ ਵਿੱਚ
ਸਮਾਉਣਾ ਚਾਹੁੰਦੀ ਹਾਂ

ਸਵਾਂਤੀ ਬੂੰਦ ਦੀ
ਜੇ
ਕਰ ਦਵੇਂ ਬਖਸ਼ਿਸ਼
ਬੱਸ ਜ਼ਹਿਰ ਤੋਂ
ਅੰਮ੍ਰਿਤ ਹੋਣਾ ਚਾਹੁੰਦੀ ਹਾਂ। 

ਨਿਰਮਲ ਕੋਟਲਾ
ਪਿੰਡ ਕੋਟਲਾ ਮੱਝੇਵਾਲ 
ਜ਼ਿਲ੍ਹਾ ਅੰਮ੍ਰਿਤਸਰ 


ਨੋਟ : ਇਹ ਪੋਸਟ ਹੁਣ ਤੱਕ 106 ਵਾਰ ਪੜ੍ਹੀ ਗਈ ਹੈ। 

9 Nov 2016

ਆ ਵੇ ਪੰਛੀ

ਰੁੱਤ ਬਦਲੀ ,ਪੰਛੀ ਕੋਈ ਆਵੇ 
ਬੈਠ ਬੰਨੇ ਕੁਝ ਗੁਣਗੁਨਾਵੇ 

ਸੁੰਨੇ ਵਿਹੜੇ ਕਿਰਨਾਂ ਬੀਜੇ 

ਮੇਰੇ ਤਨ ਮਨ ਰੌਣਕ ਲਾਵੇ 

ਲੰਮੀ ਉਡਾਰੀ ਥੱਕਿਆ ਥੱਕਿਆ 

ਨਿੱਘ ਘਰ ਦਾ ਮੇਰੇ ਘਰ ਪਾਵੇ 

ਜਿਸ ਚੋਗੇ ਲਈ ਐਨੀ ਖਵਾਰੀ 

ਕਿੰਝ ਚੁਗਿਆ ਇਹ ਸੱਚ ਸਮਝਾਵੇ 
ਸਭ ਸਾਗਰ ਦੇ ਪਾਣੀ ਖਾਰੇ 
ਬਿੰਨ ਚੱਖਿਆਂ ਗੱਲ ਸਮਝ ਨਾ ਆਵੇ 
ਨਜ਼ਰ ਉਸ ਦੀ ਕੁਝ ਢੂੰਡ ਰਹੀ ਏ 
ਜੋ ਗਵਾਚਾ ਕੌਣ ਲੱਭ ਲਿਆਵੇ 
ਬੰਦ ਬੂਹਿਆਂ ਦੇ ਪਿੱਛੇ ਕੀ ਏ 
ਸਮਿਆਂ ਦੀ ਚੁੱਪ ਮੰਜੀ ਡਾਵੇ 
ਡਾਰਾਂ ਦੇ ਨਾਲ ਉਡ ਕੇ ਜਾਣਾ 
ਮਾਰ ਮੌਸਮ ਦੀ ਕਈਆਂ ਨੂੰ ਖਾਵੇ 
ਕਿਉਂ ਲੱਭਣਾ ਏਂ ਉਡ ਗਏ ਤੀਲੇ 
ਇੰਝ ਤਾਂ ਆਲ੍ਹਣਾ ਬਣ ਨਾ ਪਾਵੇ 
ਵਿਹੜੇ  ਮੇਰੇ ਖ਼ਾਬ ਦਾ ਬੂਟਾ
ਹਰ ਟਾਹਣੀ ਤੈਨੂੰ ਕੋਲ ਬੁਲਾਵੇ 
ਟਾਹਣੀਆਂ ਦੀ ਬੁੱਕਲ ਦੇ ਅੰਦਰ 
ਫਿਰ ਤੇਰਾ ਘਰ ਬਣ ਜਾਵੇ ।
ਦਿਲਜੋਧ ਸਿੰਘ
ਯੂ ਐਸ ਏ 
ਨੋਟ : ਇਹ ਪੋਸਟ ਹੁਣ ਤੱਕ 70 ਵਾਰ ਪੜ੍ਹੀ ਗਈ ਹੈ। 

8 Nov 2016

ਧੰਨ ਨੇ ਮਾਂਵਾਂ (ਸੇਦੋਕਾ)

1.
ਚੱਕੀ ਫੇਰਦੀ 
ਮਾਂ ਗਾਉਂਦੀ ਰਹਿੰਦੀ 
ਨਿੱਤ  ਰੂਹ ਦੇ ਗੀਤ 
ਜਿਸ ਘਰ ਮਾਂ 
ਨੂੰਹ ਜਵਾਈ ਧੀਆਂ 
ਨਿੱਤ ਤੀਆਂ ਹੀ ਤੀਆਂ। 

2.
ਗੂੰਗੇ ਦੀ ਭਾਸ਼ਾ 
ਜੀਵਨ ਪਰਿਭਾਸ਼ਾ 
ਇੱਕ ਮਾਂ ਹੀ ਜਾਣਦੀ 
ਧੁੱਪਾਂ ਅੰਦਰ 
ਸਿਰ  ਠੰਢੀਆਂ ਛਾਵਾਂ 
ਧੰਨ ਧੰਨ ਨੇ ਮਾਂਵਾਂ। 

ਬੁੱਧ ਸਿੰਘ ਚਿੱਤਰਕਾਰ 
ਪਿੰਡ :ਨਡਾਲੋਂ 
ਹੁਸ਼ਿਆਰਪੁਰ 


ਨੋਟ : ਇਹ ਪੋਸਟ ਹੁਣ ਤੱਕ 41 ਵਾਰ ਪੜ੍ਹੀ ਗਈ ਹੈ। 

7 Nov 2016

ਮੁਹੱਬਤ (ਤਾਂਕਾ)

1.
ਚਾਰ ਚੁਫੇਰੇ 
ਮੰਦਰ ਮਸਜਿਦ 
ਤਾਂ ਵੀ ਮਨਾਂ 'ਚ 
ਇੱਕ ਦੂਜੇ ਵਾਸਤੇ 
ਘਿਰਣਾ ਤੇ ਈਰਖਾ।
2.
ਮੁਹੱਬਤ 'ਚ 
ਪਿਆਰੇ ਤੋਂ ਪਰਦਾ 
ਦਿੰਦਾ ਹੈ ਤੋੜ  
ਮੁਹੱਬਤ ਦੀ ਡੋਰ  
ਪਿਆਰੇ ਦਾ ਦਿਲ ਵੀ।  
3.
 ਪੈਸੇ ਨੂੰ ਖੁਦਾ 
ਸਮਝਦਾ ਹੈ ਬੰਦਾ 
ਪੈਸੇ ਖਾਤਰ 
ਇਹ ਸਭ ਰਿਸ਼ਤੇ 
ਤਿਆਗ ਹੈ ਸਕਦਾ। 

ਮਹਿੰਦਰ ਮਾਨ
ਪਿੰਡ ਤੇ ਡਾਕ
ਰੱਕੜਾਂ ਢਾਹਾ
ਸ਼ਹੀਦ  ਭਗਤ  ਸਿੰਘ  ਨਗਰ

ਨੋਟ : ਇਹ ਪੋਸਟ ਹੁਣ ਤੱਕ 15 ਵਾਰ ਪੜ੍ਹੀ ਗਈ ਹੈ। 

3 Nov 2016

ਗਜ਼ਲ

ਰੱਖ ਸਾਂਭ ਕੇ ਪੂੰਜੀ ਹੁਸਨਾਂ ਦੀ
 ਨਿੱਤ ਨਹੀਂਓਂ ਫਿਰ ਕਰਦਾਨ ਆਉਣੇ

ਗਿਆ ਵਕਤ ਨਾਹੀਂ ਮੁੜ ਆਵੇ
ਨਹੀਂ ਅੱਜ ਦੇ ਫਿਰ ਮਿਹਰਬਾਨ ਆਉੁਣੇ

ਫੁੱਲ ਕਿੱਕਰਾਂ ਦੇ ਵੀ ਝੜ ਜਾਣੇ
 ਬਾਗਾਂ ਵਿੱਚ ਨਾ ਸਦਾ ਇਨਸਾਨ ਆਉਣੇ

ਆਲ੍ਹਣੇ  ਛੱਡ ਪੰਛੀਆਂ ਉੱਡ ਜਾਣਾ 
ਨਹੀਂ ਕਦੇ ਇੱਥੇ ਨਵੇਂ ਮਹਿਮਾਨ ਆਉਣੇ 

ਵਕਤ ਨਾਲ ਪਰਛਾਵੇਂ ਢਲ ਜਾਣੇ
ਮੁੱਖ ਤੋਂ ਆਸ਼ਕ ਨਾ ਸਦਾ ਕੁਰਬਾਨ ਆਉਣੇ 

"ਥਿੰਦ"ਬਾਲ ਦੀਵੇ ,ਤਾਕ ਰੱਖ ਖੁੱਲ੍ਹੇ 
 ਦੀਨ ਦੁਨੀਆਂ ਦੇ ਮਾਲਕ ਭਗਵਾਨ ਆਉਣੇ 

  ਇੰਜ: ਜੋਗਿੰਦਰ ਸਿੰਘ "ਥਿੰਦ"
   (ਸਿਡਨੀ)

ਨੋਟ : ਇਹ ਪੋਸਟ ਹੁਣ ਤੱਕ 50 ਵਾਰ ਪੜ੍ਹੀ ਗਈ ਹੈ। 

2 Nov 2016

ਕਮਲ਼ੀ

Image result for old woman in punjab sketch
30-35 ਸਾਲਾਂ ਨੂੰ ਢੁੱਕੀ, ਖਿੰਡੇ ਵਾਲ਼ ਤੇ ਮੈਲ਼ੇ ਜਿਹੇ ਕੱਪੜੇ ਪਾਈ ਉਹ ਅਕਸਰ ਆਪਣੇ ਆਪ ਨਾਲ਼ ਹੱਥ ਮਾਰ-ਮਾਰ ਗੱਲਾਂ ਕਰਦੀ ਪਿੰਡ ਦੀਆਂ ਬੀਹੀਆਂ 'ਚ ਭਾਉਂਦੀ ਫਿਰਦੀ। ਅਵਾਰਾ ਕੁੱਤਿਆਂ ਤੋਂ ਡਰਦੀ ਆਪਣੇ ਹੱਥ 'ਚ ਇੱਕ ਡੰਡਾ ਜ਼ਰੂਰ ਰੱਖਦੀ। ਵੱਡੇਰੀ ਉਮਰ ਦਿਆਂ ਨੂੰ ਉਹ ਕੁਝ ਨਾ ਕਹਿੰਦੀ ਪਰ ਨਿਆਣਿਆਂ ਨੂੰ ਵੇਖਣ ਸਾਰ ਹੀ  ਵਾਹੋ-ਧਾਹੀ ਉਨ੍ਹਾਂ ਦੇ ਪਿੱਛੇ ਡੰਡਾ ਲਈ ਭੱਜਦੀ। ਕਈ ਸ਼ਰਾਰਤੀ ਨਿਆਣੇ ਉਸ ਨੂੰ  ਕਮਲ਼ੀ-ਕਮਲ਼ੀ ਕਹਿ ਛੇੜ ਕੇ ਭੱਜਦੇ ਤੇ ਕਈ ਉਸ ਨੂੰ ਦੂਰੋਂ ਆਉਂਦੀ ਨੂੰ ਵੇਖ ਡਰਦੇ ਆਪਣਾ ਰਾਹ ਬਦਲ ਲੈਂਦੇ। ਇਹ ਸਿਲਸਿਲਾ ਕਈ ਸਾਲ ਉਸ ਦੇ ਮਰਨ ਤੱਕ ਜਾਰੀ ਰਿਹਾ। 
               ਉਸ ਦਿਨ ਮਰਗਤ 'ਤੇ ਇੱਕਠੇ ਹੋਏ ਲੋਕਾਂ ਨੇ ਉਸ ਦੀ ਬੁੱਢੀ ਮਾਂ ਨੂੰ ਇਹ ਕਹਿੰਦੇ ਸੁਣਿਆ, "ਮੈਂ ਤਾਂ ਭਾਈ ਕਿੱਦਣ ਦੀ ਓਸ ਉੱਪਰ ਆਲ਼ੇ ਮੂਹਰੇ ਹੱਥ ਬੰਨਦੀ ਸੀਬਈ ਏਸ ਚੰਦਰੀ ਨੂੰ ਤੂੰ ਮੈਥੋਂ ਪਹਿਲਾਂ ਲੈ ਜਾ। ਮੈਥੋਂ ਮਗਰੋ ਏਸ ਨੂੰ ਕੌਣ ਸਾਂਭੂਜਿੱਦਣ ਦਾ ਇਹਦਾ ਅੱਠਾਂ-ਨਵਾਂ ਵਰ੍ਹਿਆਂ ਦਾ ਪੁੱਤ ਮਿੰਦੀ ਮੁੱਕਿਆਸਹੁਰਿਆਂ ਘਰੋਂ ਕੱਢੀਹਰ ਨਿਆਣੇ 'ਚੋਂ ਆਵਦਾ ਮਿੰਦੀ ਭਾਲ਼ਦੀ ਐ। ਪਿੰਡ ਦੀਆਂ ਬੀਹੀਆਂ 'ਚ ਕਮਲ਼ਿਆਂ ਆਂਗੂ ਫਿਰਦੀ ਦਾ ਦੁੱਖ ਮੈਥੋਂ ਹੁਣ ਝੱਲਿਆ ਨੀ ਸੀ ਜਾਂਦਾ। ਬੀਰਜਦੋਂ ਓਸ ਦੇ ਸਿਰ ਦੇ ਸਾਂਈ ਨੇ ਓਸ ਨੂੰ ਨਹੀਂ ਝੱਲਿਆ ਫੇਰ ਹੋਰ ਕਿਸੇ ਦੀ ਉਹ ਲੱਗਦੀ ਹੀ ਕੀ ਸੀ ?" 

ਡਾ. ਹਰਦੀਪ ਕੌਰ ਸੰਧੂ

ਨੋਟ : ਇਹ ਪੋਸਟ ਹੁਣ ਤੱਕ 549 ਵਾਰ ਪੜ੍ਹੀ ਗਈ ਹੈ।