.
ਸ਼ਹਿਰ ਵਿੱਚ ਫ਼ਸਾਦ ਹੁੰਦੇ ਰਹਿੰਦੇ ਹਨ। ਪੁਲਿਸ ਦਾ ਪਹਿਰਾ,ਫ਼ੌਜ ਵੱਲੋਂ ਵੀ ਚੌਕਸੀ ਤੇ ਕਰਫ਼ਿਊ ਦਾ ਲੱਗਣਾ, ਇਹ ਸਭ ਕੁਝ ਹੁਣ ਸ਼ਹਿਰੀਆਂ ਲਈ ਨਿੱਤ ਦੀ ਕਵਾਇਦ ਦਾ ਇੱਕ ਹਿੱਸਾ ਬਣ ਕੇ ਰਹਿ ਗਿਆ ਹੈ।
.
ਹੁਣ ਵੀ ਸ਼ਹਿਰ ਦੇ ਇੱਕ ਪਾਸੀਓ ਸੰਘਣਾ ਧੂੰਆਂ ਉੱਠਦਾ ਅਸਮਾਨ 'ਚ ਫੈਲਦਾ ਦਿਖਾਈ ਦੇ ਰਿਹਾ ਹੈ। ਭੜਕਦੇ ਭਾਂਬੜ ਤੇ ਗੋਲੀਆਂ ਦੀਆਂ ਆਵਾਜ਼ਾਂ,ਲੋਕਾਂ ਦੀਆਂ ਰਲਵੀਂਆਂ ਚੀਕਾਂ, ਪੁਕਾਰਾਂ ਵਿਚੋਂ ਕੁਝ ਸਮਝ ਨਹੀਂ ਪੈਂਦੀ ਕਿ ਉਹ ਕੀ ਕਹਿੰਦੇ ਹਨ?
.
ਕਈ ਦਿਨਾਂ ਦੀ ਮਿਹਨਤ ਨਾਲ, ਸ਼ਹਿਰ ਵਿਚ ਅਮਨ ਅਮਾਨ ਦੀ ਸਥਿਤੀ ਬਹਾਲ ਹੋ ਗਈ ਹੈ। ਜੀਵਨ ਰੋਜ਼ ਦੀ ਤਰ੍ਹਾਂ,ਆਮ ਢੰਗ ਨਾਲ ਮੁੜ ਤੋਂ ਸ਼ੁਰੂ ਹੋ ਗਿਆ ਹੈ। ਬੰਦ ਕੀਤੇ ਸਕੂਲ ਖੁੱਲ ਗਏ ਹਨ।
.
ਛੋਟੀ ਜਮਾਤ ਦੇ ਬੱਚਿਆਂ ਨੇ ਮੈਡਮ ਦੇ ਕਹਿਣ 'ਤੇ ਆਪਣੇ ਆਪਣੇ ਬਸਤੇ ਚੋਂ ਕਿਤਾਬ ਕੱਢ ਲਈ ਹੈ।
.
ਮੈਡਮ ਉਨ੍ਹਾਂ ਨੂੰ ਪੁੱਛਣ ਲੱਗੀ,'ਦੱਸੋ ਬਚਿਓ,--ੳ (ਊੜਾ) ਤੋਂ ਕੀ ਬਣਦਾ?
.
ਉਹ ਬਿਨਾਂ ਕਿਤਾਬ ਖੋਲਿਆਂ ਹੀ,ਤੋਤਲੀ ਜ਼ਬਾਨ ਵਿਚ ਬੋਲੇ,--- ਉਠਾਊ --(ਉਡਾਊ)
.
ਮੈਡਮ ਚੁੱਪ ਰਹੀ ਤੇ ਅੱਗੋਂ ਬੋਲੀ,'ਅ' (ਐੜਾ) ਤੋਂ---ਰਲਵੀਂਆਂ ਮਿਲਵੀਂਆਂ ਆਵਾਜ਼ਾਂ ਆਈਆਂ,--'ਅੱਗ, ਆਰਮੀ'
.
ਤੇ ਫਿਰ--'ਚ' ( ਚੱਚੇ) ਤੋਂ --- ਬੱਚੇ ਜ਼ੋਰ ਦੀ ਬੋਲੇ,--'ਚਿੱਟਾ'
.
ਤੇ- 'ਬ' (ਬੱਬੇ) ਤੋਂ --- ਸਾਰੇ ਇੱਕ ਸੁਰ ਬੋਲੇ, --- 'ਬੰਬ., ਬਦੂਖ -- (ਬੰਦੂਕ),ਬੀਅਰ'
.
ਤੇ ਅੰਤ 'ਚ--'ਪ' (ਪੱਪੇ) ਤੋਂ--- ਫੇਰ ਇੱਕ ਸੁਰ ਉੱਠੀ-- --‘ਪਸ਼ਟੌਲ--(ਪਸਤੌਲ) --ਪੁਲਸ਼ --(ਪੁਲਿਸ)’
.