ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

26 Sept 2014

ਪੰਜਾਬੀ ਸੱਭਿਅਤਾ (ਚੋਕਾ)

ਭੁੱਲ ਗਈਆਂ 
ਅੱਜ ਦੀਆਂ ਕੁੜੀਆਂ
ਸਿਰਾਂ 'ਤੇ ਲੈਣੀ 
ਰੰਗਲੀਆਂ ਚੁੰਨੀਆਂ
ਨਾ ਦਿੱਸਦੀਆਂ  
ਕਿਧਰੇ ਹੁਣ ਸਾਨੂੰ 
ਗੁੱਤਾਂ ਗੁੰਦੀਆਂ
ਨਾ ਹੀ ਓਹ ਝੂਟਣ 
ਪਿੱਪਲੀਂ ਪੀਂਘਾਂ
ਨਾ ਰਲ਼ ਲਾਉਂਦੀਆਂ 
ਹੁਣ ਕਿਧਰੇ 
ਕਦੇ ਤੀਆਂ -ਤ੍ਰਿੰਝਣ 
ਛੱਡਿਆ ਓਨ੍ਹਾਂ 
ਪੰਜਾਬੀ ਪਹਿਰਾਵਾ
ਰੰਗ -ਬਿਰੰਗੀ 
ਸਲਵਾਰ-ਕਮੀਜ਼ਾਂ
ਛੱਡ ਪਾਵਣ 
ਚੰਦਰੀਆਂ ਜਿਹੀਆਂ 
ਭੀੜੀਆਂ ਜੀਨਾ  
ਵਿਆਹ ਪਾਰਟੀਆਂ
ਪੀਣ ਸ਼ਰਾਬਾਂ
ਸ਼ਾਨ ਸਮਝਦੀਆਂ 
ਜਾਵਣ ਪੱਬਾਂ
ਪੰਜਾਬੀ ਸੱਭਿਅਤਾ
ਕਿੱਥੇ ਓ ਰੱਬਾ
ਗੁਆਚੀ ਸੱਭਿਅਤਾ
ਹੁਣ ਮੈਂ ਕਿੱਥੇ ਲੱਭਾਂ ?

ਵਰਿੰਦਰਜੀਤ ਸਿੰਘ 
(ਬਰਨਾਲਾ) 

ਨੋਟ: ਇਹ ਪੋਸਟ ਹੁਣ ਤੱਕ 25 ਵਾਰ ਖੋਲ੍ਹ ਕੇ ਵੇਖੀ ਗਈ। 

24 Sept 2014

ਕੁੜੀਆਂ -ਚਿੜੀਆਂ (ਚੋਕਾ)

ਵਗਦੀ ਪਈ 
ਕੋਈ ਪੌਣ ਪੁਰੇ ਦੀ 
ਸਹਿਕਦੇ ਨੇ
ਅਸਾਡੇ ਅੱਜ ਸਾਹ 
ਸੁਣ ਨੀ ਪੌਣੇ 
ਉੱਡ -ਪੁੱਡ ਜਾਣੀਏ 
ਅੱਜ ਤੂੰ ਸਾਨੂੰ 
ਆਪਣੇ ਨਾਲ ਮਿਲਾ 
ਲੰਬੀ ਉਡਾਰੀ 
ਭਰ ਜਾਣ  ਚਿੜੀਆਂ 
ਸਾਨੂੰ ਰੱਖਿਆ 
ਕਿਉਂ ਹੈ ਪਿੰਜਰੇ ਪਾ 
ਚਿੜੀਆਂ ਆਖੋ 
ਨਾ ਸਾਨੂੰ ਓਏ ਲੋਕਾ 
ਸਾਥੋਂ ਉੱਡਿਆ 
ਫਿਰ ਕਿਤੇ ਨਾ ਜਾਹ 
ਉੱਡਣਹਾਰੇ 
ਖਿਆਲ ਅਸਾਡੜੇ 
ਵੇਖੋ ਕਿਵੇਂ ਨੀ 
ਬਾਗ਼ੀ ਹੋ -ਹੋ ਜਾਵਣ 
ਸੋਚ ਪਿਟਾਰੀ 
ਦਫ਼ਨ ਨੀ ਕਰਦੇ 
ਸੁਣ ਨਾਲੇ ਤੂੰ 
ਉੱਚੀ ਨਾ ਮਾਰੀਂ ਧਾਹ 
ਹੋਈ ਦਲਾਲੀ 
ਬਾਬਲ ਦੇ ਵਿਹੜੇ 
ਗਊ ਵਾਂਗਰ 
ਤੋਲੇ ਨਾਲੇ ਪਰਖੇ 
ਮਾਹੀਆ ਆਵੇ 
ਲੈ ਜਾਂਵਦਾ ਨੱਥ ਪਾ 
ਅੱਜ ਵਗਦੀ 
ਕੋਈ ਪੌਣ ਪੁਰੇ ਦੀ 
ਸਹਿਕਦੇ ਨੇ ਸਾਹ। 

ਪ੍ਰੋ . ਦਵਿੰਦਰ ਕੌਰ ਸਿੱਧੂ 
(ਦੌਧਰ )
ਨੋਟ: ਇਹ ਪੋਸਟ ਹੁਣ ਤੱਕ 25 ਵਾਰ ਖੋਲ੍ਹ ਕੇ ਵੇਖੀ ਗਈ। 


22 Sept 2014

ਢਲਦੀ ਲਾਲੀ

1.
ਵੇਚੇ ਖਿਡੌਣੇ 
ਘਰੇ ਬਾਲ ਤਰਸੇ 
ਇੱਕ ਬਾਜ਼ੀ ਨੂੰ। 


2.
ਢਲਦੀ ਲਾਲੀ 
ਕਾਲੋਂ 'ਚ ਵਟ ਗਈ 
ਰਾਹ ਗੁਆਚੇ। 


ਪ੍ਰੋ. ਦਾਤਾਰ ਸਿੰਘ 
(ਮੁਕਤਸਰ )

ਨੋਟ: ਇਹ ਪੋਸਟ ਹੁਣ ਤੱਕ 40 ਵਾਰ ਖੋਲ੍ਹ ਕੇ ਵੇਖੀ ਗਈ। 

20 Sept 2014

18 Sept 2014

ਇਹ ਜ਼ਿੰਦਗੀ (ਸੇਦੋਕਾ)

1.
ਸੁੱਕੇ ਪੱਤਰ 
ਉੱਡਦੇ  'ਵਾ ਵਰੋਲੇ 
ਪੱਤਝੜ ਦਾ ਵੇਲਾ 
ਪੱਤੇ ਝੜਦੇ 
ਕੰਬ ਰਿਹਾ ਆਲ੍ਹਣਾ 
ਬੋਟ ਕੁਰਲਾਉਂਦੇ ।

2.
ਇੱਕ ਸੀ ਚਿੜੀ 
ਇੱਕ ਚਿੜਾ ਸੀ ਸਾਥੀ 
ਕੰਧ ਵਿੱਚ ਆਲ੍ਹਣਾ 
ਕਾਂ ਵੀ ਆਇਆ 
ਪੀ ਗਿਆ ਸਾਰੇ ਅੰਡੇ  
ਚਿੜੀ ਚਿੜਾ ਲਾਚਾਰ ।

ਦਿਲਜੋਧ  ਸਿੰਘ
ਨਵੀਂ ਦਿੱਲੀ 
 ਨੋਟ : ਇਹ ਪੋਸਟ ਹੁਣ ਤੱਕ 47 ਵਾਰ ਪੜ੍ਹੀ ਗਈ।

17 Sept 2014

ਮਨ ਤ੍ਰਿਪਤੀ

1.

ਹੱਥ ਕਿਤਾਬ
ਬੈਠਾ ਪੜ੍ਹੇ ਇਕਾਂਤ
ਮਨ ਤ੍ਰਿਪਤੀ।
2.
ਚੱਲੀ ਟਰੇਨ
ਗਾਵੇ ਇੱਕ ਭਿਖਾਰੀ 
ਗੀਤ ਸੁਰੀਲਾ।ਜਗਦੀਸ਼ ਰਾਏ ਕੁਲਰੀਆਂ
ਬਰੇਟਾ (ਮਾਨਸਾ)

ਨੋਟ : ਇਹ ਪੋਸਟ ਹੁਣ ਤੱਕ 16 ਵਾਰ ਪੜ੍ਹੀ ਗਈ। 

15 Sept 2014

ਰੋਂਦਾ ਕਸ਼ਮੀਰ

ਇਸ ਵਾਰ ਕਸ਼ਮੀਰ ਜਾਣ ਦਾ ਅਚਾਨਕ ਪ੍ਰੋਗਰਾਮ ਬਣ ਗਿਆ। ਸਖਤ ਗਰਮੀ 'ਚੋਂ ਨਿਕਲ ਕੇ ਆਇਆਂ ਨੂੰ  ਠੰਡੀ -ਠੰਡੀ ਹਵਾ ਦੇ ਬੁੱਲਿਆਂ ਨਾਲ ਸੱਚੀਂ ਹੀ ਕਸ਼ਮੀਰ ਦੀ ਸੁੰਦਰ ਘਾਟੀ ਸਵਰਗ ਜਾਪ ਰਹੀ ਸੀ। 

ਕਸ਼ਮੀਰ ਦੀ ਘਾਟੀ, ਘਾਟੀ ਦੀ ਨਦੀ, ਨਦੀ ਦੇ ਦੋਵੇਂ ਪਾਸੇ ਟੈਂਟ ਲੱਗੇ ਹੋਏ ਸਨ। ਟੈਂਟਾਂ 'ਚ ਰਹਿਣ ਦਾ ਆਪਣਾ ਹੀ ਮਜ਼ਾ ਸੀ । ਕਈ ਦਿਨਾਂ ਤੋਂ ਬਾਰਸ਼ ਦਾ ਮੌਸਮ ਬਣਿਆ ਹੋਇਆ ਸੀ....ਤੇ ਅਚਾਨਕ ਨਦੀ ਦਾ ਪਾਣੀ ਛੱਲਾਂ ਮਾਰਦਾ ਭਿਆਨਕ ਖੇਡਾਂ ਖੇਡਣ ਲੱਗਾ। ਟੈਂਟ ਛੱਡ ਅਸੀਂ ਕਿਸੇ ਸੁਰੱਖਿਅਤ ਥਾਂ ਦੀ ਭਾਲ 'ਚ ਚੱਲ ਪਏ। ਵੇਖਦੇ ਹੀ ਵੇਖਦੇ  ਤਵੀ ਨਦੀ ਦੇ ਜਲ ਦੀ ਕਿਆਮਤ ਨੇ ਵਾਦੀ ਦਾ ਦਾਮਨ ਲੀਰੋ -ਲੀਰ ਕਰ ਦਿੱਤਾ ਸੀ । ਅੱਜ ਫਿਰ ਲੁੱਟੀ ਗਈ ਕਸ਼ਮੀਰ ਦੀ ਧਰਤੀ। ਕੱਲ ਵੈਰੀਆਂ ਲਹੂ -ਲੁਹਾਣ ਕੀਤਾ ਸੀ ਅੱਜ ਰੱਬੀ ਕਹਿਰ ਵਰਸਿਆ ਏ।
ਅਹਿਲੇ ਹਿੰਦ ਦੀ ਮੁੰਦਰੀ ਦਾ ਨਗੀਨਾ ਜੰਮੂ -ਕਸ਼ਮੀਰ ਅੱਜ ਬਿਪਤਾ ਦੀ ਘੜੀ ਵਿੱਚ ਹੈ। ਸੁਰੱਖਿਆ  ਅਮਲੇ ਤੇ ਰਾਹਤ ਟੀਮਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾ ਰਹੀਆਂ ਹਨ । ਕਸ਼ਮੀਰ ਯਾਤਰਾ ਨੂੰ ਅੱਧ -ਵਿਚਾਲੇ ਹੀ ਛੱਡ ਕੇ ਅਸੀਂ ਤਾਂ ਪੰਜਾਬ ਮੁੜ ਆਏ.....ਪਰ ਕਸ਼ਮੀਰ ਵਾਸੀਆਂ ਦੇ ਦਿਲੀ ਉੱਠਦੇ ਹੌਲ , ਹੌਕੇ ਅਤੇ ਹਾਵੇ ਪਤਾਲ ਤੱਕ ਗੂੰਜਦੇ ਨੇ ਤੇ ਅਸਮਾਨ ਤੱਕ ਸੁਣਦੇ ਨੇ।  ਕਈ ਪਿੰਡਾਂ ਦੇ ਨਿਸ਼ਾਨ ਤੱਕ ਮਿਟ ਗਏ ਨੇ। ਘਾਟੀ ਦੀ ਮਿੱਟੀ ਦੀ ਕੁਰਲਾਹਟ ਮੇਰੇ ਦਿਲ ਨੂੰ ਐਥੇ ਬੈਠੀ ਨੂੰ ਵੀ ਹੌਲ ਪਾ ਰਹੀ ਏ। ਆਓ ਅਸੀਂ ਦੇਸ਼ ਦੇ ਇਸ ਅਤਿ ਸੁੰਦਰ ਭੂਮੀ ਦੇ ਟੁਕੜੇ 'ਤੇ ਵਸਦੇ ਲੋਕਾਂ ਦੀ ਬਾਂਹ ਫੜੀਏ। 

ਵਾਦੀ ਦਾ ਪਾਣੀ 
ਉੱਛਲਦਾ -ਖੌਲਦਾ 
ਢਾਹੇ ਕਹਿਰ।  

ਪ੍ਰੋ.ਦਵਿੰਦਰ ਕੌਰ ਸਿੱਧੂ 
(ਦੌਧਰ -ਮੋਗਾ ) 

ਨੋਟ : ਇਹ ਪੋਸਟ ਹੁਣ ਤੱਕ 15 ਵਾਰ ਪੜ੍ਹੀ ਗਈ। 

12 Sept 2014

ਲੋਕਤੰਤਰ (ਸੇਦੋਕਾ)

1. 
ਲੋਕਤੰਤਰ
ਵੋਟ ਦਾ ਅਧਿਕਾਰ 
ਬਣਦੀ ਸਰਕਾਰ

 ਭ੍ਰਿਸ਼ਟਾਚਾਰ 
ਰਗ ਰਗ ਰਚਿਆ
ਦੁੱਖੀ ਲੋਕ ਲਾਚਾਰ। 

2.
ਹੱਥ ਜੋੜਨ
ਕਰਦੇ ਨੇ ਵਾਅਦੇ 
ਕਦੀ ਨਾ ਹੁੰਦੇ ਪੂਰੇ
ਲੀਡਰ ਝੂਠੇ
ਚੜ੍ਹ ਬੈਠ ਕੁਰਸੀ
ਹੱਥ ਫੜਾਣ ਠੂਠੇ। 

  ਇੰਜ: ਜੋਗਿੰਦਰ ਸਿੰਘ"ਥਿੰਦ"
   ( ਅੰਮ੍ਰਿਤਸਰ--ਸਿਡਨੀ) 


ਨੋਟ : ਇਹ ਪੋਸਟ ਹੁਣ ਤੱਕ 25 ਵਾਰ ਪੜ੍ਹੀ ਗਈ। 

11 Sept 2014

ਬੰਦ ਕਿਤਾਬ (ਤਾਂਕਾ)

1.

ਬੰਦ ਕਿਤਾਬ 
ਕਦੇ ਖੋਲ੍ਹ ਪਾਉਂਦੇ 
ਪਤਾ ਲੱਗਦਾ 
ਤੁਸੀਂ ਹੀ ਰਹੇ ਸਾਡੇ 
ਜੀਵਨ ਤੋਂ ਪਿਆਰੇ। 

2.
ਬੰਦ ਕਿਤਾਬ 
ਸਾਲਾਂ ਬਾਅਦ ਖੁੱਲ੍ਹੀ 
ਖੁਸ਼ਬੋ ਉੱਡੀ 
ਸ਼ਬਦ ਸ਼ਬਦ 'ਚੋਂ 
ਤੇਰੀ ਮਿੱਠੀ ਛੂਹ ਦੀ। 

ਰਾਮੇਸ਼ਵਰ ਕੰਬੋਜ ਹਿੰਮਾਂਸ਼ੂ 
ਨਵੀਂ ਦਿੱਲੀ 

ਨੋਟ : ਇਹ ਪੋਸਟ ਹੁਣ ਤੱਕ 16 ਵਾਰ ਪੜ੍ਹੀ ਗਈ। 

8 Sept 2014

ਨਵੀਂ ਪੜ੍ਹਾਈ

1.
ਹੱਥ ਮੋਬੈਲ 
ਉਂਗਲਾਂ ਨੂੰ ਘੁਮਾਵੇ
ਕਰਦਾ ਚੈਟ।
2.
ਲੈ ਲੈਪਟਾਪ
ਚਲਾਵੇ ਫੇਸਬੁੱਕ
ਨਵੀਂ ਪੜ੍ਹਾਈ। ਜਗਦੀਸ਼ ਰਾਏ ਕੁਲਰੀਆਂ 
ਬਰੇਟਾ (ਮਾਨਸਾ)

ਨੋਟ : ਇਹ ਪੋਸਟ ਹੁਣ ਤੱਕ 30 ਵਾਰ ਪੜ੍ਹੀ ਗਈ। 

7 Sept 2014

ਪੀਲੀ ਫ਼ਰਾਕ

ਵੱਡੇ ਦਿਨਾਂ ਦੀਆਂ ਛੁੱਟੀਆਂ ......ਨਾਨਕੇ ਜਾਣ ਦਾ ਛਣਕਦੇ ਘੁੰਗਰੂਆਂ ਵਰਗਾ ਚਾਅ। ਛੁੱਟੀਆਂ ਦਾ ਕੰਮ ਮੁੱਕਾ ਅਸੀਂ ਲੁੱਡੀਆਂ ਪਾਉਂਦੇ ਨਾਨਕੇ ਆ ਗਏ। ਚਿਹਰਿਆਂ 'ਤੇ ਰੱਜਵਾਂ ਖੇੜਾ ...... ਦਿਨ ਬਹਾਰਾਂ ਦੇ ਬੁੱਲਿਆਂ ਵਰਗੇ ਜਾਪਣ ਲੱਗੇ। ਖਾਣ ਨੂੰ ਨਿੱਤ ਨਵੇਂ ਪਕਵਾਨ  ......ਕਦੇ ਖੀਰ ਪੂੜੇ ਤੇ ਕਦੇ ਘਿਓ ਨੁੱਚੜਵੀਆਂ ਚੂਰੀਆਂ। ਦਿਨੇ ਅੰਦਰਲੇ ਘਰ ਤੇ ਕਦੇ ਬਾਹਰਲੇ ਘਰ ਅਸੀਂ ਨਿੱਕੇ -ਨਿੱਕੇ ਘੁੰਗਰੂਆਂ ਦਾ ਮੀਂਹ ਵਰ੍ਹਾਉਂਦੇ ਫਿਰਦੇ।  ਰਾਤ ਨੂੰ ਨਾਨੀ ਤੋਂ ਕਦੇ ਚੰਮ ਦਾ ਚਮੋਟਾ, ਰੂਪ -ਬਸੰਤ ਜਾਂ ਫਿਰ ਦਿਓ ਵਾਲੀਆਂ  ਬਾਤਾਂ ਸੁਣਦੇ। 
     ਇੱਕ ਦਿਨ ਮੈਨੂੰ ..........ਮਸਤ ਪੌਣ ਦੇ ਹੁਲਾਰੇ ਝੁਟਦੀ ਨੂੰ ....ਮੇਰੀ ਵੱਡੀ ਮਮੇਰੀ ਭੈਣ ਨੇ ਕੋਲ਼ ਬੁਲਾਉਂਦਿਆਂ ਕਿਹਾ, " ਐਧਰ ਆ .....ਤੇਰਾ ਮੇਚਾ ਲੈਣਾ ਹੈ।" ਭੈਣ ਦੀ ਸਿਲਾਈ ਮਸ਼ੀਨ ਕੋਲ਼ ਪੀਲੇ ਰੰਗ ਦਾ ਕੱਪੜਾ, ਰੰਗ ਤੇ ਬੁਰਸ਼ ਵੇਖ ਮੇਰੇ ਮਨ 'ਚ ਜਿਗਿਆਸਾ ਦੇ ਜੁਗਨੂੰ ਬਲ਼ ਉੱਠੇ। ਮੈਂ ਕੀ, ਕਿਓਂ, ਕਿਵੇਂ ਦੇ ਸਵਾਲਾਂ ਦਾ ਮੀਂਹ ਵਰ੍ਹਾ ਦਿੱਤਾ। ਹਾਣੀਆਂ ਨਾਲ ਖੇਡਦੀ......ਸੁਆਦਲੀਆਂ ਖੇਡਾਂ ਛੱਡ ਕੇ ਮੈਂ ਉਥੇ ਹੀ ਚੌਂਕੜੀ ਮਾਰ ਕੇ ਬੈਠ ਗਈ। ਦੋ ਖੜੀਆਂ ਇੱਟਾਂ 'ਤੇ ਸ਼ੀਸ਼ਾ ਧਰ ਕੇ ਭੈਣ ਨੇ ਛੋਟਾ ਜਿਹਾ ਇੱਕ ਮੇਜ਼ ਬਣਾਇਆ। ਮੇਜ਼ ਥੱਲੇ ਬਲਬ ਜਗਾ ਕੇ ......ਕਾਗਜ਼ 'ਤੇ ਵਾਹੀ ਫੁੱਲਾਂ ਵਾਲੀ ਬੱਤਖ ਨੂੰ ਪੀਲੇ ਕੱਪੜੇ 'ਤੇ ਉਕਰਿਆ। ਆਪਣੀਆਂ ਕਲਾਤਮਿਕ ਛੋਹਾਂ ਨਾਲ ਗੁਲਾਬੀ -ਹਰਾ ਰੰਗ ਭਰ ਕੇ ਬੱਤਖ ਨੂੰ ਸੱਚੀ ਹੀ ਜਿਉਂਦੀ ਕਰ ਦਿੱਤਾ ਸੀ। .......ਤੇ ਫੇਰ .......ਚੱਲਦੀ ਸਿਲਾਈ ਮਸ਼ੀਨ ਦਾ ਸੁਰ ਮੈਨੂੰ ਕਿਸੇ ਅਗੰਮੀ ਪ੍ਰਸੰਨਤਾ ਦੇ ਹੁਲਾਰੇ ਦੇਣ ਲੱਗਾ। ਸਰਕਦੇ ਦਿਨ ਦਾ ਮੈਨੂੰ ਪਤਾ ਹੀ ਨਾ ਲੱਗਾ। ਆਥਣ ਨੂੰ ਪੀਲੇ ਰੰਗ ਦੀ ਫ਼ਰਾਕ ਜਦੋਂ ਮੈਂ ਪਾਈ ਤਾਂ ਛਣ -ਛਣ ਕਰਦੇ ਮੇਰੇ ਹਾਸੇ ਨਾਲ ਵਿਹੜਾ ਭਰ ਗਿਆ। 
              ਸੰਦਲੀ ਯਾਦਾਂ ਦੀ ਗੱਠੜੀ ਖੋਲ੍ਹ ........ਅੱਜ ਵੀ ਜਦੋਂ ਕਦੇ ਮੈਂ ਉਹ ਪੀਲੀ ਫ਼ਰਾਕ ਪਾਉਂਦੀ ਹਾਂ ਤਾਂ ਵੱਡੀ ਭੈਣ ਦੇ ਦਿੱਤੇ ਨਿੱਘੇ ਮੋਹ ਤੇ ਅਪਣੱਤ ਦੀ ਮਹਿਕ ਨਾਲ ਮੇਰਾ ਆਪਾ ਭਰ ਜਾਂਦਾ ਹੈ। ਮੈਂ ਕਿਸੇ ਬਾਗ ਦੀ ਨੁੱਕਰੇ ਤਰਕਾਲਾਂ ਵੇਲੇ ਖਿੜੇ ਗੁਲਾਬ ਵਾਂਗ ਟਹਿਕਣ ਲੱਗ ਜਾਂਦੀ ਹਾਂ। 

ਪੀਲੀ ਫ਼ਰਾਕ -
ਮੋਹ ਧਾਗੇ ਸਿਉਂਤੀ 
ਨੱਚੀ ਨਿੱਕੜੀ। 

ਡਾ. ਹਰਦੀਪ ਕੌਰ ਸੰਧੂ
(ਅੱਜ ਵੱਡੀ ਭੈਣ ਦਵਿੰਦਰ ਦੇ ਜਨਮ ਦਿਨ 'ਤੇ ਇਹ ਹਾਇਬਨ ਤੋਹਫ਼ਾ)

ਨੋਟ : ਇਹ ਪੋਸਟ ਹੁਣ ਤੱਕ 40 ਵਾਰ ਪੜ੍ਹੀ ਗਈ। 

5 Sept 2014

ਗੀਤ ਸੁਰੀਲੇ

ਇਹ ਵੀਡੀਓ ਸ਼ਾਇਦ ਤੁਹਾਨੂੰ ਵੀ ਪ੍ਰਭਾਵਿਤ ਕਰੇ। ਸਾਜ਼ ਪਤੀਲੇ 
ਗਾਉਣ ਮੰਗਤੀਆਂ 
ਗੀਤ ਸੁਰੀਲੇ। 

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 38 ਵਾਰ ਪੜ੍ਹੀ ਗਈ। 4 Sept 2014

ਖਾਣ ਲਵੇਰੇ

1.
ਭੱਜਣ ਜੱਟ
ਕਹੀਆਂ ਮੋਢੇ ਰੱਖ 
ਪਾਣੀ ਬੰਨਦੇ। 

2.
ਫੁੱਟਦਾ ਘਾਹ 
ਹਰਾ -ਹਰਾ ਚੁਫੇਰੇ 
ਖਾਣ ਲਵੇਰੇ। 

ਪ੍ਰੋ. ਨਿਤਨੇਮ ਸਿੰਘ 
(ਮੁਕਤਸਰ )

ਨੋਟ : ਇਹ ਪੋਸਟ ਹੁਣ ਤੱਕ 30 ਵਾਰ ਪੜ੍ਹੀ ਗਈ। 

2 Sept 2014

ਸਾਉਣ ਦੀ ਝੜੀ

ਸ਼ਾਮ ਦਾ ਵੇਲ਼ਾ ......ਅਤਿ ਦੀ ਗਰਮੀ........ਸਾਰਿਆਂ ਦੇ ਨਾਲ ਮੈਨੂੰ ਵੀ ਮੀਂਹ ਦੀ ਉਡੀਕ ਸੀ। ਦੇਖਦੇ ਹੀ ਦੇਖਦੇ ਬੱਦਲਾਂ ਦੀ ਇੱਕ ਟੁਕੜੀ ਪੁਰੇ ਵੱਲੋਂ ਆਈ  ਤੇ ਮੇਰੇ ਘਰ ਦੇ ਅਸਮਾਨ 'ਤੇ ਛੱਤਰੀ ਬਣ ਖਲੋਤੀ ........ਤੇ ਹੌਲੀ -ਹੌਲੀ ਅਸਮਾਨ ਬੱਦਲਾਂ ਨਾਲ ਭਰ ਗਿਆ। 
ਰੁੱਖਾਂ ਪੌਦਿਆਂ ਦੇ ਕੁਮਲਾਏ ਪੱਤਿਆਂ 'ਤੇ ਇੱਕ ਟਹਿਕ ਜਿਹੀ ਆ ਗਈ। ਕਲੀਆਂ ਦੀ ਮਹਿਕ ਦੂਣੀ ਹੋ ਗਈ ਸੀ। ਚੰਬੇਲੀ ਦੀ ਸੁਗੰਧੀ.......ਚਿੜੀਆਂ ਦੀ ਚਹਿਚਹਾਟ ........ਠੰਡੀ ਹਵਾ ਦੇ ਬੁੱਲੇ .........ਮਨ ਬਾਉਰਾ ਹੋ ਗਿਆ ਸੀ। ਦਿਲ ਕਰੇ ਦੌੜਦੀ ਫਿਰਾਂ........ ਪੇੜਾਂ ਵਿੱਚ ........ਫੁੱਲਾਂ ਵਿੱਚ।
.............ਪਰ ਕਿਤੇ ਇੱਕ ਇੱਕਲ ਸੀ ਜੋ ਉਦਾਸੀ ਲੈ ਆਈ ਸੀ। ਸਬੱਬੀਂ ਓਹਨਾਂ ਪਲਾਂ 'ਚ ਮੇਰੀ ਕਲਮ ਮੇਰੇ ਬਿਲਕੁਲ ਪਾਸ ਸੀ। ਮੈਂ ਡਾਇਰੀ ਕੱਢੀ ਤਾਂ ਕਵਿਤਾ ਮੇਰੇ ਸਾਹਮਣੇ ਆ ਖਲੋਤੀ.......ਤੇ ਮੇਰੀ ਇੱਕਲ ਟੁੱਟ ਗਈ। ਏਸ ਖੁਸ਼ੀ 'ਚ ਬੱਦਲਾਂ ਨੇ ਝੜੀ ਲਾ ਦਿੱਤੀ। 

ਸਾਉਣ ਝੜੀ 
ਵਗਦੀ ਪੌਣ ਸੰਗ 
ਕਵਿਤਾ ਘੜੀ। 

ਪ੍ਰੋ. ਦਵਿੰਦਰ ਕੌਰ ਸਿੱਧੂ 
(ਦੌਧਰ  -ਮੋਗਾ )

ਨੋਟ : ਇਹ ਪੋਸਟ ਹੁਣ ਤੱਕ 20 ਵਾਰ ਪੜ੍ਹੀ ਗਈ।