ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

30 Jun 2013

ਪਾਵਰ ਕੱਟ

ਅੱਜਕੱਲ ਪੰਜਾਬ 'ਚ ਕਹਿਰਾਂ ਦੀ ਗਰਮੀ ਹੈ ਤੇ ਬਿਜਲੀ ਕੱਟਾਂ ਨੇ ਲੋਕ ਬੇਹਾਲ ਕੀਤੇ ਪਏ ਨੇ। ਸਾਡੀ ਇੱਕ ਕਲਮ ਅਜਿਹੇ ਹਾਲਾਤਾਂ ਨੂੰ ਸੇਦੋਕਾ ਸ਼ੈਲੀ 'ਚ ਇਓਂ ਬਿਆਨਦੀ ਹੈ।

1.
ਵਧੀ ਗਰਮੀ

ਅਣ-ਐਲਾਨੇ ਕੱਟ
ਮਿਲ਼ੇ ਬਿਜਲੀ ਘੱਟ।
ਬਿਨਾਂ ਬਿਜਲੀ
ਆਉਂਦੇ ਬਿੱਲ ਭਾਰੀ
ਔਖੀ ਜਨਤਾ ਸਾਰੀ ।

2.
ਪਾਵਰ ਕੱਟ
ਕਹਿਰਾਂ ਦਾ ਏ ਵੱਟ
ਵਧੇ ਰੇਟ ਯੂਨਿਟ ।
ਦੇਖ ਕੇ ਬਿੱਲ 
ਘਰ 'ਚ ਚੁੱਪੀ ਛਾਈ 
ਬਾਪੂ ਦੇਵੇ ਦੁਹਾਈ ।

ਵਰਿੰਦਰਜੀਤ ਸਿੰਘ ਬਰਾੜ
(ਬਰਨਾਲ਼ਾ) 
{ਨੋਟ- ਇਹ ਪੋਸਟ ਹੁਣ ਤੱਕ 65 ਵਾਰ ਖੋਲ੍ਹ ਕੇ ਪੜ੍ਹੀ ਗਈ }

29 Jun 2013

ਰਾਤਾਂ ਦਾ ਰਾਜਾ

ਇੱਕ ਲਿਖਾਰੀ ਚਾਹੇ ਕਿਤੇ ਵੀ ਚੱਲਿਆ ਜਾਵੇ ਆਪਣੇ ਖਿਆਲਾਂ ਨੂੰ ਸ਼ਬਦਾਂ ਦਾ ਜਾਮਾ ਪੁਆ ਪਾਠਕਾਂ ਲਈ ਜ਼ਰੂਰ ਪਰੋਸਦਾ ਹੈ। ਜਦੋਂ ਕੋਈ ਦੇਸ ਤੋਂ ਪ੍ਰਦੇਸ ਜਾਂਦਾ ਹੈ, ਦੇਸ ਤੋਂ ਪ੍ਰਦੇਸ ਵਿੱਚਲੀ ਦੂਰੀ ਨੂੰ ਓਹ ਆਪਣੇ ਸ਼ਬਦਾਂ 'ਚ ਕਿਵੇਂ ਮਾਪਦਾ ਹੈ,ਉਸ ਨੂੰ ਆਲ਼ਾ-ਦੁਆਲ਼ਾ ਕਿਵੇਂ ਪ੍ਰਭਾਵਿਤ ਕਰਦਾ ਹੈ  - ਅੱਜ ਸਾਡੀ ਇਸ ਕਲਮ ਨੇ ਸੇਦੋਕਾ ਸ਼ੈਲੀ 'ਚ ਕਹਿਣ ਦਾ ਨਿਮਾਣਾ ਜਿਹਾ ਯਤਨ ਕੀਤਾ ਹੈ। ਆਸ ਹੈ ਆਪ ਨੂੰ ਪ੍ਰਭਾਵਿਤ ਜ਼ਰੂਰ ਕਰੇਗਾ।


1.
ਵਿੱਚ ਪ੍ਰਦੇਸਾਂ
ਚੰਨ ਤਾਂ ਆਪਣਾ ਹੈ
ਚੱਲ ਮਿਲ਼ ਪਾਂਧੀ ਨੂੰ।
ਰਾਤਾਂ ਦਾ ਰਾਜਾ
ਘਟਾਵਾਂ ਨੇ ਘੇਰਿਆ
ਝਾਤ ਕਿਤੇ ਨਾ ਪਾਵੇ।

2.
ਰਾਤ ਦੀ ਪੱਟੀ
ਚੰਨ ਪਾਂਧੀ ਦੇਸ਼ਾਂ ਦਾ
ਮਿਲ਼ ਗਿਆ ਸੀ ਰਾਹੇ।
ਵੇਖ ਪ੍ਰਦੇਸੀ
ਕੇਰੇ ਪਿਆ ਚਾਨਣੀ
ਹੱਸ ਝੀਲ ਕਿਨਾਰੇ।

ਪ੍ਰੋ. ਦਵਿੰਦਰ ਕੌਰ ਸਿੱਧੂ
(ਕੈਲਗਿਰੀ- ਐਲਬਰਟਾ)

ਨੋਟ: ਇਹ ਪੋਸਟ ਹੁਣ ਤੱਕ 20 ਵਾਰ ਖੋਲ੍ਹ ਕੇ ਪੜ੍ਹੀ ਗਈ

28 Jun 2013

ਰੱਬ 'ਤੇ ਡੋਰੀ

ਹਾਇਕੁ-ਲੋਕ ਨੂੰ ਖੂਬਸੂਰਤ ਭਾਵਾਂ ਦਾ ਹੁਲਾਰਾ ਮਿਲਿਆ ਜਿਸ ਨੂੰ ਸਾਡੀ ਕਲਮ ਨੇ ਸੇਦੋਕਾ ਸ਼ੈਲੀ 'ਚ ਪੇਸ਼ ਕੀਤਾ। 

ਸੋਚਾਂ ਨਾ ਕਰ
ਰੱਬ 'ਤੇ ਸੁੱਟ ਡੋਰੀ
ਭਲੀ ਕਰੇਗਾ ਓਹੀ।
ਪੈਰ ਤਾਂ ਪੁੱਟ
ਮੰਜ਼ਲ ਉਡੀਕਦੀ
ਕਈ ਰੱਲਣਗੇ ਆ ।


ਜੋਗਿੰਦਰ ਸਿੰਘ ਥਿੰਦ 
(ਸਿਡਨੀ) 
ਨੋਟ: ਇਹ ਪੋਸਟ ਹੁਣ ਤੱਕ 20 ਵਾਰ ਖੋਲ੍ਹ ਕੇ ਪੜ੍ਹੀ ਗਈ |

27 Jun 2013

ਸੇਦੋਕਾ ਸ਼ੈਲੀ

ਸੇਦੋਕਾ ਜਪਾਨੀ ਕਾਵਿ ਵਿਧਾ ਹੈ ਜੋ ਹਾਇਕੁ ਕਾਵਿ ਨਾਲ਼ੋਂ ਕਈ ਸੌ ਸਾਲ ਪੁਰਾਣੀ ਹੈ।ਇਹ ਅੱਠਵੀਂ ਸਦੀ ‘ਚ ਬਹੁਤ ਪ੍ਰਚੱਲਤ ਰਿਹਾ । ਓਸ ਤੋਂ ਬਾਦ ਇਸ ਦਾ ਰੁਝਾਨ ਬਹੁਤ ਘੱਟ ਹੋ ਗਿਆ ਤੇ ਤਾਂਕਾ ਵਰਗੇ ਹੋਰ ਛੰਦ ਜ਼ਿਆਦਾ ਪ੍ਰਚੱਲਤ ਹੋਣ ਲੱਗੇ ।

ਸੇਦੋਕਾ ਆਮਤੌਰ ‘ਤੇ ਪ੍ਰੇਮੀ-ਪ੍ਰੇਮਿਕਾ ਨੂੰ ਸੰਬੋਧਨ ਕਰਦਾ ਸੀ।ਇਹ 5-7-7, 5-7-7 ਧੁੰਨੀ ਖੰਡ ਵਾਲ਼ੀਆਂ ਦੋ ਅੱਧੀਆਂ /ਅਧੂਰੀਆਂ  ਕਾਵਿ ਟੁਕੜੀਆਂ ਨੂੰ ਜੋੜ ਕੇ ਬਣਦਾ ਸੀ ਜਿੰਨ੍ਹਾਂ ਨੂੰ ਕਤੋਤਾ ਕਿਹਾ ਜਾਂਦਾ ਸੀ। ਇਸ ਤਰਾਂ ਦੋ ਕਤੋਤਾ ਮਿਲ਼ ਕੇ ਇੱਕ ਸਦੋਕਾ ਬਣਾਉਂਦੇ ਸਨ।  

ਇਨ੍ਹਾਂ ਦੋ ਭਾਗਾਂ ‘ਚੋਂ ਪਹਿਲਾ ਭਾਗ 5-7-5 ਵੀ ਹੋ ਸਕਦਾ ਸੀ ਪਰ ਇਸ ਤਰਾਂ ਦਾ ਪ੍ਰਚੱਲਣ ਤਾਂਕਾ ‘ਚ ਹੋਣ ਕਾਰਣ 5-7-7 ਨੂੰ ਹੀ ਸੇਦੋਕਾ ‘ਚ ਅਪਣਾਇਆ ਗਿਆ।ਦੋਵੇਂ ਭਾਗ ਪ੍ਰਸ਼ਨ-ਉੱਤਰ ਜਾਂ ਸੰਵਾਦ ਦੇ ਰੂਪ ‘ਚ ਹੋ ਸਕਦੇ ਸੀ। 

ਇੱਕ ਗੱਲ ਹੋਰ ਧਿਆਨ ਦੇਣ ਯੋਗ ਇਹ ਹੈ ਕਿ ਕਤੋਤਾ ਦਾ ਆਜ਼ਾਦ ਰੂਪ ‘ਚ ਪ੍ਰਯੋਗ ਕਿਤੇ ਵੀ ਨਹੀਂ ਮਿਲ਼ਦਾ। ਇਹ ਆਪਣੇ-ਆਪ ‘ਚ ਸੰਪੂਰਨ ਕਵਿਤਾ ਨਹੀਂ ਹੈ। ਇਹ ਜਦੋਂ ਵੀ ਲਿਖਿਆ ਗਿਆ ਦੋ-ਦੋ ਕਰਕੇ ਲਿਖੇ ਗਏ ਜੋ ‘ਸੇਦੋਕਾ’ ਬਣਿਆ। ਪਰ ਇਹ ਅਤਿ ਜ਼ਰੂਰੀ ਹੈ ਕਿ ਦੋਵੇਂ ਕਤੋਤਾ ਇੱਕੋ ਭਾਵ ਨੂੰ ਪ੍ਰਗਟ ਕਰਦੇ ਹੋਣ। ਪਹਿਲੇ ਭਾਗ ‘ਚ ਕਹੀ ਗੱਲ ਦਾ ਪੂਰਣ ਵਿਸਥਾਰ ਦੂਜਾ ਭਾਗ ਕਰੇ।

ਅੱਜ ਹਾਇਕੁ-ਲੋਕ ਦੇ ਦੂਜੇ ਸਾਲ ਦੇ ਪਹਿਲੇ ਦਿਨ ਮੈਂ ਪਹਿਲੀ ਵਾਰ ਸਾਡੇ ਪਾਠਕਾਂ ਨਾਲ਼ ਪੰਜਾਬੀ ਸੇਦੋਕਾ ਦੇ ਰੂਪ 'ਚ ਸਾਂਝੇ ਕਰ ਰਹੀ ਹਾਂ। ਆਸ ਕਰਦੀ ਹਾਂ ਕਿ ਮੇਰੀ ਇਹ ਕੋਸ਼ਿਸ਼ ਆਪ ਨੂੰ ਚੰਗੀ ਲੱਗੇਗੀ। 

ਨੋਟ: ਅੱਜ ਉਨ੍ਹਾਂ ਦੇਸ਼ਾਂ ਦੀ ਗਿਣਤੀ 31 ਹੋ ਗਈ ਹੈ ਜਿੱਥੇ-ਜਿੱਥੇ ਹਾਇਕੁ-ਲੋਕ ਪੜ੍ਹਿਆ ਗਿਆ; ਜਦੋਂ ਸਾਡਾ ਗੁਆਂਢੀ ਦੇਸ਼ ਪਾਕਿਸਤਾਨ ਆ ਰਲ਼ਿਆ। 

1.

ਟਿਮਟਿਮਾਵੇ

ਤਾਰਿਆਂ ਭਰੀ ਰਾਤ

ਜੋੜ ਕੇ ਡਾਹੇ ਮੰਜੇ।

ਛੱਤ ‘ਤੇ ਸੁੱਤੇ

ਠੰਢੀਆਂ ਹਵਾਵਾਂ ਨੇ

ਲੋਰੀਆਂ ਸੁਣਾਈਆਂ ।

2.

ਪਿੰਡ ਦੀ ਗਲ਼ੀ

ਵਣਜਾਰੇ ਦਾ ਹੋਕਾ

ਕੱਚ ਦੀਆਂ ਚੂੜੀਆਂ।

ਗੋਰੀ ਚੜ੍ਹਾਵੇ

ਨਾਜ਼ੁਕ ਕਲਾਈ ‘ਚ

ਵੰਗਾਂ ਨੇ ਛਣਕੀਆਂ ।

3.

ਬੂਹੇ ‘ਚ ਬੈਠੀ

ਰਾਹ ਪਈ ਤੱਕਦੀ

ਪਾਉਂਦੀ ਸੀ ਔਸੀਆਂ।

ਕਰੇ ਉਡੀਕ

ਝਾਉਲ਼ਾ ਪਰਛਾਵਾਂ

ਲੈ ਓਹੀਓ ਆਇਆ ।

ਡਾ. ਹਰਦੀਪ ਕੌਰ ਸੰਧੂ 
ਨੋਟ : ਇਹ ਪੋਸਟ ਹੁਣ ਤੱਕ 56 ਵਾਰ ਪੜ੍ਹੀ ਗਈ। 

26 Jun 2013

ਦੂਜੇ ਵਰ੍ਹੇ `ਚ ਪ੍ਰਵੇਸ਼ !

ਦੁਨੀਆਂ ਭਰ 'ਚ ਵਸਦੇ ਪੰਜਾਬੀਆਂ ਦੇ ਮਨਾਂ 'ਚ ਅਹਿਮ ਥਾਂ ਬਣਾ ਚੁੱਕਾ ਪੰਜਾਬੀ ਹਾਇਕੁ ਵੈਬ-ਰਸਾਲਾ 'ਹਾਇਕੁ-ਲੋਕ' ਆਪਣਾ ਇੱਕ ਵਰ੍ਹਾ ਪੂਰਾ ਕਰਕੇ ਦੂਜੇ ਵਰ੍ਹੇ 'ਚ ਪ੍ਰਵੇਸ਼ ਕਰ ਰਿਹਾ ਹੈ।ਅੱਜ  26 ਜੂਨ, 2013 ਨੂੰ ਇੱਕ ਸਾਲ ਪੂਰਾ ਹੋ ਜਾਵੇਗਾ-ਜਦੋਂ ਇਸ ਜੱਗ ਤ੍ਰਿੰਝਣ ਦੇ 'ਇੰਟਰਨੈਟ' ਨਾਂ ਦੇ ਪਿੰਡ 'ਚ ਬੁੱਢੇ ਬੋਹੜ ਵਾਲ਼ੇ ਚੌਂਕ ਨੂੰ ਟੱਪ ਕੇ ਸਾਂਝੀ ਬੀਹੀ ਵੜਦਿਆਂ ਹੀ ਵੱਡੇ ਦਰਵਾਜ਼ੇ ਦੇ ਕੋਲ਼ ਛੱਤੇ ਖੂਹ ਦੇ ਐਨ ਸਾਹਮਣੇ ਮੋਕਲ਼ੇ ਵਿਹੜੇ ਵਾਲ਼ਾ 'ਹਾਇਕੁ-ਲੋਕ' ਨਾਂ ਦਾ ਇੱਕ ਛੋਟਾ ਜਿਹਾ ਘਰ ਵਸਿਆ ਸੀ ।ਓਦਣ ਇਸ ਘਰ 'ਚ ਸਿਰਫ਼ ਚਾਰ ਜੀਅ ਸਨ ਤੇ ਸੁੱਖ ਨਾਲ਼ ਅੱਜ ਇਹ ਘਰ 'ਵੱਡੇ ਲਾਣੇ ਕਿਆਂ ' ਦਾ ਅਖਵਾਉਂਦਾ ਹੈ ਕਿਉਂ ਜੋ ਹੁਣ ਘਰ ਦੇ 32 ਜੀਅ ਹੋ ਗਏ ਨੇ ਤੇ ਪ੍ਰਾਹੁਣੇ ਵੀ ਆਏ ਰਹਿੰਦੇ ਨੇ। ਇਹ ਵਾਧਾ ਅਜੇ ਜਾਰੀ ਹੈ।ਟੱਬਰ ਦੇ ਸਾਰੇ ਜੀਅ ਬਹੁਤ ਹੀ ਵਧੀਆ ਨੇ, ਉੱਚੀ-ਸੁੱਚੀ ਤੇ ਸੁੱਲਝੀ ਸੋਚ ਦੇ ਮਾਲਕ। ਗਾਲੜੀ ਵੀ ਬੜੇ ਨੇ । ਘਰ ਦੇ ਵਿਹੜੇ ਗੱਲਾਂ ਦਾ ਤੰਦੂਰ ਭੱਖਦਾ ਹੀ ਰਹਿੰਦਾ। ਇਸ ਸਾਂਝੇ ਤੰਦੂਰ 'ਤੇ ਅੱਜ ਤੱਕ 30 ਦੇਸ਼ਾਂ ਤੋਂ ਸਾਰੇ ਰਲ਼ ਕੇ ਹੁਣ ਤੱਕ 240 (ਪੋਸਟਾਂ) ਵਾਰੀਆਂ 'ਚ 770 ਤੰਦੂਰੀ ਰੋਟੀਆਂ (ਹਾਇਕੁ) ਲਾਹ ਚੁੱਕੇ ਨੇ। 
                  ਜੇ ਭਾਰਤ ਦੀ ਗੱਲ ਕਰੀਏ ਤਾਂ ਇੱਥੇ ਪੰਜਾਬ ਤੋਂ ਇਲਾਵਾ ਹਰਿਆਣਾ,ਜੰਮੂ ਤੇ ਕਸ਼ਮੀਰ,ਰਾਜਸਥਾਨ, ਗੁਜਰਾਤ, ਉੱਤਰ ਪ੍ਰਦੇਸ਼,ਮੱਧ ਪ੍ਰਦੇਸ਼, ਮਹਾਰਾਸ਼ਟਰ,ਉੜੀਸਾ,ਤਾਮਿਲਨਾਡੂ, ਕਰਨਾਟਕ,ਬਿਹਾਰ,ਅਸਾਮ, ਪੱਛਮੀ ਬੰਗਾਲ, ਕੇਰਲ ਤੋਂ ਆ ਕੇ ਲੋਕਾਂ ਨੇ ਇਸ ਘਰ ਦੇ ਛਾਬੇ ਦੀਆਂ ਰੋਟੀਆਂ (ਹਾਇਕੁ) ਦਾ ਸੁਆਦ ਮਾਣਿਆ। ਇਸ ਨੂੰ ਹੋਰ ਸੁਆਦਲਾ ਬਨਾਉਣ ਲਈ ਨਾਲ਼-ਨਾਲ਼ ਸੁਆਦਲੀਆਂ ਭਾਜੀਆਂ (ਤਾਂਕਾ,ਚੋਕਾ ਤੇ ਹਾਇਗਾ) ਵੀ ਪਰੋਸੀਆਂ ਜਾਂਦੀਆਂ ਨੇ। ਘਰ ਦੇ ਵਿਹੜੇ 'ਚ ਪਿਆ ਪਾਣੀ ਵਾਲ਼ਾ ਘੜਾ (ਟਿੱਪਣੀ ਵਾਲ਼ਾ ਖਾਨਾ) ਵੀ ਕਦੇ ਸੱਖਣਾ ਨਹੀਂ ਹੁੰਦਾ। 951 ਟਿੱਪਣੀਆਂ ਇਸ ਗੱਲ ਦੀ ਗਵਾਹੀ ਭਰਦੀਆਂ ਨੇ। 
      ਪਹਿਲਾ ਵਰ੍ਹਾ ਭਾਵੇਂ ਚੁਣੌਤੀਆਂ ਭਰਿਆ ਰਿਹਾ ਪਰ ਕਾਮਯਾਬੀਆਂ ਦੇ ਰਾਹ ਵੀ ਬਣਦੇ ਗਏ । ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਏਸ ਘਰ ਨੇ ਹੁਣ ਤੱਕ 16 760 ਰਾਹਗੀਰਾਂ (ਯੂਨੀਕ ਵਿਜ਼ਿਟਰ) ਦੀ ਮਹਿਮਾਨ ਨਿਵਾਜ਼ੀ ਭੁਗਤਾਈ ਹੈ। 
     ਸਾਡੇ ਕੁਝ ਸੁਹਿਰਦ ਲੇਖਕਾਂ/ ਪਾਠਕਾਂ ਜਿੰਨ੍ਹਾਂ ਆਪਣੇ ਕੀਮਤੀ ਵਕਤ 'ਚੋਂ ਵਕਤ ਕੱਢ ਹਾਇਕੁ-ਲੋਕ ਲੇਖੇ ਲਾਇਆ ਤੇ ਆਪਣੇ ਅਮੁੱਲੇ ਵਿਚਾਰਾਂ ਨਾਲ਼ ਹਾਇਕੁ-ਲੋਕ ਨੂੰ ਹੁਲਾਰਾ ਦਿੱਤਾ ਦਾ ਜ਼ਿਕਰ ਕਰਨਾ ਜ਼ਰੂਰ ਬਣਦਾ ਹੈ। ਇਹ ਨਾਂ ਹਨ- ਦਿਲਜੋਧ ਸਿੰਘ, ਜੋਗਿੰਦਰ ਸਿੰਘ ਥਿੰਧ, ਰਾਮੇਸ਼ਵਰ ਕੰਬੋਜ ਹਿੰਮਾਂਸ਼ੂ, ਵਰਿੰਦਰਜੀਤ ਸਿੰਘ, ਪ੍ਰੋ. ਦਵਿੰਦਰ ਕੌਰ ਸਿੱਧੂ, ਭੂਪਿੰਦਰ ਸਿੰਘ, ਗੁਰਸੇਵਕ ਸਿੰਘ ਧੌਲਾ। ਪਰਦੇ ਪਿੱਛੇ ਰਹਿ ਕੇ ਹੁਲਾਰਾ ਦੇਣ ਵਾਲ਼ੇ ਨੇ- ਡਾ. ਸ਼ਿਆਮ ਸੁੰਦਰ ਦੀਪਤੀ, ਸ਼ਿਆਮ ਸੁੰਦਰ ਅਗਰਵਾਲ਼, ਜਨਮੇਜਾ ਸਿੰਘ ਜੌਹਲ, ਡਾ. ਭਗਵਤ ਸ਼ਰਣ ਅਗਰਵਾਲ਼, ਡਾ. ਸੁਧਾ ਗੁਪਤਾ,ਡਾ. ਸਤੀਸ਼ਰਾਜ ਪੁਸ਼ਕਰਣਾ। ਜ਼ਿੰਦਗੀ ਦੇ ਰੁਝੇਵਿਆਂ ਕਾਰਨ ਭਾਵੇਂ ਬਾਕੀ ਦੇ ਸਾਥੀ ਕਦੇ-ਕਦੇ ਹੀ ਹਾਜ਼ਰੀ ਭਰਦੇ ਰਹੇ ਪਰ ਇਸ ਵਿਹੜੇ ਨੇ ਉਨ੍ਹਾਂ ਨੂੰ ਨਿੱਤ ਯਾਦ ਕੀਤਾ।ਉਨ੍ਹਾਂ ਬਿਨਾਂ ਘਰ ਸੁੰਨਾ ਲੱਗਦਾ ਹੈ। 

ਸੁੰਨਾ ਵਿਹੜਾ
ਉਡੀਕਣ ਅੱਖੀਆਂ
ਘਰ ਦੇ ਜੀਅ ।
ਸਮੇਂ -ਸਮੇਂ 'ਤੇ ਏਸ ਘਰ ਚਿੱਠੀਆਂ ਰਾਹੀਂ ਸੁੱਖ -ਸੁਨੇਹੇ ਵੀ ਆਉਂਦੇ ਰਹੇ ਜੋ ਚਿੱਠੀਨਾਮੇ 'ਚ ਸਾਂਭੇ ਪਏ ਨੇ।

ਪੜ੍ਹ ਕੇ ਚਿੱਠੀ
ਦੂਰ ਵਸੇਂਦੇ ਸਾਥੀ
ਲੱਗਦੇ ਨੇੜੇ ।

          ਆਸ ਕਰਦੇ ਹਾਂ ਕਿ ਅਗਲੇ ਵਰ੍ਹੇ ਅਸੀਂ ਪਹਿਲਾਂ ਵਾਂਗ ਹੀ ਮੋਹ ਤੰਦਾਂ ਜੋੜਦੇ ਹੋਏ ਅੱਗੇ ਵੱਧਦੇ ਜਾਵਾਂਗੇ। 

ਲਿਖਤਮ: 
ਹਾਇਕੁ ਲੋਕ ਮੰਚ 
ਨੋਟ: ਇਹ ਪੋਸਟ ਹੁਣ ਤੱਕ 98 ਵਾਰ ਖੋਲ੍ਹ ਕੇ ਪੜ੍ਹੀ ਗਈ। 

23 Jun 2013

ਚੰਨ-ਸੁਪਨੇ

1.
ਆਲ੍ਹਣਿਆਂ 'ਚ
ਪੰਛੀ ਮੁੜ ਰਹੇ ਨੇ
ਮੁੜੇ ਸੁਪਨੇ ।

2.
ਵਹਿੰਦਾ ਪਾਣੀ
ਕਲ-ਕਲ ਕਰਦਾ
ਵਹੇ ਸੁਪਨੇ।

3.
ਚੰਨ ਚਾਨਣੀ
ਚਾਨਣ ਖਿਲਾਰਦੀ
ਚੰਨ-ਸੁਪਨੇ ।

ਕਸ਼ਮੀਰੀ ਲਾਲ ਚਾਵਲਾ
(ਮੁਕਤਸਰ)

"ਹਾਇਕੂ-ਸੰਵੇਦਨਾ" ਪੁਸਤਕ 'ਚੋਂ ਧੰਨਵਾਦ ਸਾਹਿਤ 

21 Jun 2013

ਸੋਚਾਂ ਦੀ ਭੀੜ

 1. ਸਮਾਨ ਸੋਚ ਤੇ ਵਿਚਾਰਾਂ ਦੀ ਦੌਲਤ ਦੇ ਬਿਨਾਂ ਟਿੱਪਣੀ ਵੀ ਨਹੀਂ ਹੋ ਸਕਦੀ। ਜੇ ਆਪ ਕੋਲ਼ ਕਹਿਣ ਲਈ ਕੁਝ ਹੋਵੇਗਾ ਤਾਂ ਹੀ ਤੁਸੀਂ ਸਾਰਥਕ ਟਿੱਪਣੀ ਕਰ ਸਕੋਗੇ। ਬੇਲੋੜਾ ਤੇ ਅਢੁੱਕਵਾਂ ਤਾਂ ਕੋਈ ਵੀ ਕਹਿ ਸਕਦਾ ਹੈ ਪਰ ਸਾਰਥਕ ਵਿਚਾਰਾਂ ਨਾਲ਼ ਓਹੀਓ ਹੁੰਗਾਰਾ ਭਰੇਗਾ ਜੋ ਦੂਜਿਆਂ ਨੂੰ ਪੜ੍ਹਦਾ ਹੈ, ਸਾਹਿਤ ਨੂੰ ਆਪਣੀ ਖੁਰਾਕ ਸਮਝਦਾ ਹੈ। ਪੰਜਾਬੀ ਬੋਲੀ ਦੇ ਅਜਿਹੇ ਪਾਠਕਾਂ ਦੀ ਅਜੇ ਸਾਨੂੰ ਹੋਰ ਲੋੜ ਹੈ।ਸਾਡੀ ਇੱਕ ਹਾਇਕੁ ਕਲਮ ਨੇ ਚੁੱਪ ਤੇ ਸੰਨਾਟਾ 'ਤੇ ਲਿਖੇ ਹਾਇਕੁ ਦੀ ਲੜੀ ਕੁਝ ਇਓਂ ਅੱਗੇ ਤੋਰੀ ਹੈ।


  1.
  ਅੜੇ ਅੱਖਰ
  ਲਿਖ ਕੁਝ ਨਾ ਹੋਵੇ
  ਲੇਖ ਨੇ ਖਾਲੀ ।
  2
  ਬੂਹੇ 'ਤੇ ਝੌਲਾ
  ਅੰਗੂਠੇ ਉੱਤੇ ਠੋਡੀ
  ਸੋਚਾਂ ਦੀ ਭੀੜ ।
  3
  ਚੱਲਦੀ ਹਵਾ
  ਨਿਰਮੋਹੀ ਬੂਹਾ ਢੋ
  ਲੰਬੂ ਲਾਇਆ ।

  ਜੋਗਿੰਦਰ ਸਿੰਘ ਥਿੰਦ
  (ਸਿਡਨੀ)
 2. ਨੋਟ : ਇਹ ਪੋਸਟ ਹੁਣ ਤੱਕ 29 ਵਾਰ ਖੋਲ੍ਹ ਕੇ ਪੜ੍ਹੀ ਗਈ ।

18 Jun 2013

ਚੁੱਪ ਤੇ ਸੰਨਾਟਾ

ਚੁੱਪ ਤੇ ਸੰਨਾਟਾ ਕਿਸੇ ਨੂੰ ਚੰਗਾ ਨਹੀਂ ਲੱਗਦਾ । ਜੇ ਘਰ ਸੁੰਨਾ ਹੋਵੇ ਓਥੇ ਮੰਨਿਆ ਜਾ ਸਕਦਾ ਹੈ ਕਿ ਚੁੱਪ ਪਸਰੀ ਹੋਈ ਹੈ । ਪਰ ਘਰ ਦੇ ਜੀਆਂ ਦੇ ਘਰ ਹੁੰਦਿਆਂ ਜੇ ਘਰ 'ਚ ਸੰਨਾਟਾ ਹੋਵੇ ਤਾਂ ਬਰਦਾਸ਼ਤ ਨਹੀਂ ਹੁੰਦਾ । ਹਾਇਕੁ ਲੋਕ ਦੇ ਵਿਹੜੇ ਕੁਝ ਅਜਿਹਾ ਹੀ ਸੰਨਾਟਾ ਹੈ । ਅਜਿਹਾ ਕਦੇ ਨਹੀਂ ਹੋਇਆ ਕਿ ਘਰ ਦੇ ਵਿਹੜੇ ਵਾਲਾ ਗੱਲਾਂ ਦਾ ਤੰਦੂਰ ਕਦੇ ਮੱਠਾ ਪਿਆ ਹੋਵੇ | ਇਹ ਤਾਂ ਸਗੋਂ ਹਮੇਸ਼ਾਂ ਭੱਖਦਾ ਹੀ ਰਹਿੰਦਾ ਹੈ, ਜਿੱਥੇ ਰੂਹ ਦੀ ਖੁਰਾਕ , ਡੂੰਘੀ ਸੋਚ ਦੇ ਆਟੇ ਨਾਲ਼ , ਤੱਥਾਂ-ਵਿਚਾਰਾਂ ਦਾ ਬਾਲਣ ਪਾ ਚੱਤੋ ਪਹਿਰ ਪੱਕਦੀ ਰਹਿੰਦੀ ਹੈ। ਰੋਟੀਆਂ ਦਾ ਛਾਬਾ ਭਰਿਆ ਰਹਿੰਦਾ ਹੈ ਤੇ ਜੋ ਜੀਅ ਆਵੇ ਸੋ ਰਾਜੀ ਜਾਵੇ..... ਹਰ ਕਿਸੇ ਲਈ ਖੁੱਲੇ ਗੱਫੇ਼ ਖਾਣ ਨੂੰ। ਘਰ ਦੇ ਜੀਅ ਹੁੰਗਾਰਾ ਵੀ ਭਰਦੇ ਨੇ ਪਰ ਸਿਰਫ਼ ਸਿਰ ਹਿਲਾ ਕੇ ......'.ਹੂੰ ' ਕਹਿ ਕੇ ਨਹੀਂ । ਪਰ ਗੱਲਾਂ ਕਰਨ ਵਾਲੇ ਨੂੰ ਗੱਲ ਸੁਨਾਉਣ ਦਾ ਓਨਾ ਚਿਰ ਸੁਆਦ ਨਹੀਂ ਆਉਂਦਾ ਜਿੰਨਾ ਚਿਰ ਉਸ ਨੂੰ ਹੁੰਗਾਰੇ ਦੀ ਹੂੰ -ਹੂੰ ਨਹੀਂ ਸੁਣਦੀ । ਤਾਂਹੀਓ ਵਿਹੜੇ 'ਚ ਚੁੱਪ ਦਾ ਅਹਿਸਾਸ ਹੁੰਦਾ ਹੈ । ਇਸੇ ਅਹਿਸਾਸ ਨੂੰ ਸਾਡੀ ਇੱਕ ਹਾਇਕੁ ਕਲਮ ਨੇ ਮਹਿਸੂਸ ਕੀਤਾ ਜਿਸ ਨੂੰ ਹਾਇਕੁ - ਜੁਗਲਬੰਦੀ 'ਚ ਪੇਸ਼ ਕਰਨ ਦਾ ਇਹ ਇੱਕ ਨਿਮਾਣਾ ਜਿਹਾ ਉਪਰਾਲਾ ਹੈ ।
1.
ਕਾਗਜ਼ ਖਾਲੀ
ਕਲਮਾਂ ਨਾ ਚੱਲਣ                            
ਅੱਖਰ ਸੁੱਕੇ । (ਦ ਸਿੰਘ)

ਕਾਲੀ ਸਿਆਹੀ
ਕੋਰੇ ਕਾਗਜ਼ ਲਿਖਾਂ
ਸੂਹੇ ਅੱਖਰ । ( ਹ ਕੌਰ)
2.
ਚੁੱਪ ਪਸਰੀ
ਦਿਉੜੀ ਵਿੱਚ ਪੀੜਾ
ਬੈਠਾ ਉਡੀਕੇ । (ਦ ਸਿੰਘ)

ਸੁੰਨਾ ਵਿਹੜਾ
ਦਸਤਕ ਉਡੀਕੇ
ਆਥਣ ਵੇਲਾ । ( ਹ ਕੌਰ)
3.
ਆਵਾਜ਼ ਆਈ
ਦਰਵਾਜ਼ਾ ਹਿੱਲਿਆ
ਹਵਾ ਦਾ ਬੁੱਲਾ । (ਦ ਸਿੰਘ)

ਹਵਾ ਦਾ ਬੁੱਲਾ
ਖਹਿ - ਖਹਿ ਲੰਘਿਆ
ਬੂਹਾ ਢੋ ਗਿਆ । ( ਹ ਕੌਰ)


ਦਿਲਜੋਧ ਸਿੰਘ ( ਯੂ ਐਸ ਏ )
ਡਾ . ਹਰਦੀਪ ਕੌਰ ਸੰਧੂ ( ਸਿਡਨੀ )

ਨੋਟ : ਇਹ ਪੋਸਟ ਹੁਣ ਤੱਕ  62 ਵਾਰ ਖੋਲ੍ਹ ਕੇ ਪੜ੍ਹੀ ਗਈ ।

17 Jun 2013

ਪਿਘਲੀ ਧੁੱਪ

1.
ਜੇਠ ਮਹੀਨਾ
ਧੁੱਪ ਚਿੰਗਿਆੜੀਆਂ
ਖੂਬ ਵਰ੍ਹੀਆਂ ।

2.
ਤਪੇ ਵਿਹੜਾ
ਲੋਹੇ ਦੀ ਭੱਠੀ ਬਣ
ਪਿਘਲੀ ਧੁੱਪ।

3.
ਚੁੱਪ ਏ ਚਿੜੀ
ਨਿਗਲਿਆ ਗਰਮੀ
ਦਾਣਾ ਤੇ ਪਾਣੀ ।

ਰਾਮੇਸ਼ਵਰ ਕੰਬੋਜ 'ਹਿੰਮਾਂਸ਼ੂ'
(ਨਵੀਂ ਦਿੱਲੀ) 

14 Jun 2013

ਸ਼ਰਧਾਂਜਲੀ

ਤੁਰ ਜਾਣ ਵਾਲ਼ੇ ਕਦੇ ਮੁੜ ਕੇ ਨਹੀਂ ਆਉਂਦੇ-ਉਹਨਾਂ ਦੀ ਬੱਸ ਯਾਦ ਆਉਂਦੀ ਹੈ। ਜਦੋਂ ਕੋਈ ਸਾਡਾ ਬਹੁਤ ਹੀ ਅਜ਼ੀਜ਼ ਸਾਨੂੰ ਛੱਡ ਕਿਸੇ ਹੋਰ ਦੁਨੀਆਂ 'ਚ ਚਲਾ ਜਾਂਦਾ ਹੈ ਤਾਂ ਅੱਖੀਆਂ ਹਰ ਦਿਨ ਹਰ ਪਲ ਉਸ ਨੂੰ ਲੱਭਦੀਆਂ ਨੇ। ਪਤਾ ਹੁੰਦਾ ਹੈ ਕਿ ਉਸ ਨੇ ਨਹੀਂ ਆਉਣਾ ਪਰ ਫਿਰ ਵੀ ਭੁਲੇਖਾ ਜਿਹਾ ਰਹਿੰਦਾ ਹੈ ਸ਼ਾਇਦ ਉਹ ਕਿਤੋਂ ਆ ਹੀ ਜਾਵੇ - ਹੁਣੇ ਹੀ ਆ ਜਾਵੇ। 
ਸਾਡੇ ਸਾਰੇ ਭੈਣਾਂ-ਭਰਾਵਾਂ ਵਲੋਂ ਸਾਡੇ ਪਿਤਾ ਜੀ (ਡਾ.ਅਮਰਜੀਤ ਸਿੰਘ ਬਰਾੜ)  ਦੀ 22 ਵੀਂ ਵਰਸੀ 'ਤੇ ਉਨ੍ਹਾਂ ਦੀ ਯਾਦ ਨੂੰ ਸਮਰਪਿਤ 
*********


ਮੇਰੇ ਮਾਂ-ਪਿਤਾ ਜੀ ਦੇ ਵਿਆਹ ਦਾ ਕਾਰਡ - 2 ਜੁਲਾਈ 1967 

ਡਾ. ਹਰਦੀਪ ਕੌਰ ਸੰਧੂ 

10 Jun 2013

ਮੂਰਤ ਤੇਰੀ

1.
ਨੈਣਾਂ ਵਾਲ਼ਿਆ
ਦੇਵੇਂ  ਨੈਣ ਤਾਂ ਦੇਖਾਂ
ਮੂਰਤ ਤੇਰੀ
ਦੇਹ ਝੂਟਾ ਅੰਬਰੀਂ
ਤਾਨ ਮੈਂ ਸੁਣ ਸਕਾਂ ।

2.
ਸ਼ੀਸ਼ੇ 'ਚ ਦੇਖਾਂ
ਝੂਠ, ਫਰੇਬ, ਦਗਾ
ਕੀਤਾ ਉਲਟਾ
ਚਿਹਰਾ ਸੀ ਫਰੇਬੀ
ਕੀ ਉਹ ਮੈਂ ਹੀ ਨਹੀਂ ।

ਪ੍ਰੋ. ਦਵਿੰਦਰ ਕੌਰ ਸਿੱਧੂ
(ਦੌਧਰ-ਮੋਗਾ) 

8 Jun 2013

ਸੰਦੂਕ ਤੇ ਖਰਾਸ

1.
ਕੋਕੀਂ ਜੜਿਆ
ਸੁੱਫੇ ਵਿੱਚ ਸੰਦੂਕ
ਬੇਬੇ ਮਾਲਕ 


2.
ਬੇਬੇ ਦੀ ਸ਼ਾਨ
ਗੁਣਾ ਲੱਧਾ ਸੰਦੂਕ
ਨ੍ਹੇਂਘ 'ਚ ਚਾਬੀ।


3.
ਚੱਲੇ ਖਰਾਸ
ਪੀਂਹਦਾ ਆਟਾ ਥੋੜ੍ਹਾ
ਥੱਕੇ ਬਲ਼ਦ ।

4.
ਸਾਂਝੇ ਖਰਾਸ
ਆਟੇ ਭਰੇ ਮਿਠਾਸ
ਗੁੰਮ ਕਿਧਰੇ ।

ਜੋਗਿੰਦਰ ਸਿੰਘ 'ਥਿੰਦ'
(ਅੰਮ੍ਰਿਤਸਰ)       

6 Jun 2013

ਪਹੁ ਫੁਟਾਲਾ

1.
ਪਹੁ ਫੁਟਾਲਾ
ਜੀਵਾਂ ਦੀ ਨੱਠ ਭੱਜ
ਢਿੱਡ ਖਾਤਰ |
2.
ਪਹੁ ਫੁਟਾਲਾ
ਟਿਕਣ ਲੱਗੇ ਪਏ
ਰਾਤ ਦੇ ਪਾਂਧੀ |

ਭੂਪਿੰਦਰ ਸਿੰਘ
(ਨਿਊਯਾਰਕ)

3 Jun 2013

ਖਾਲੀ ਫਰੇਮ

1.

ਖਾਲੀ ਫਰੇਮ

ਕੰਧ ‘ਤੇ ਲਟਕਦਾ

ਸੁੰਨਾ ਏ ਘਰ ।

2.

ਖਾਲੀ ਫਰੇਮ

ਖਾਲੀ ਕੰਧ ‘ਤੇ ਟੰਗੇ

ਚੁੱਪ -ਗੜੁੱਪ ।

3.

ਖਾਲੀ ਫਰੇਮ

ਤਸਵੀਰ ਉਡੀਕੇ

ਜੰਮੀ ਏ ਧੂੜ ।

4.

ਚੁੱਪ ਨੇ ਬੋਲ

ਖਾਲੀ ਫੋਟੋ ਫਰੇਮ

ਕੋਈ ਨਾ ਕੋਲ਼ ।

5.

ਖਾਲੀ ਫਰੇਮ

ਅੱਖੀਆਂ ਨਿਹਾਰਣ

ਭਾਵੀ ਚਿਹਰਾ ।

ਡਾ. ਹਰਦੀਪ ਕੌਰ ਸੰਧੂ