ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

Showing posts with label ਅਨੁਵਾਦ. Show all posts
Showing posts with label ਅਨੁਵਾਦ. Show all posts

17 Feb 2018

ਮੇਰੀ ਬੇਬੇ


ਬੇਬੇ ਅੱਧ ਮੀਚੀਆਂ ਜਿਹੀਆਂ ਅੱਖਾਂ ਨਾਲ਼ ਬਾਣ ਦੇ ਮੰਜੇ 'ਤੇ ਪਈ ਧੁੱਪ ਸੇਕ ਰਹੀ ਸੀ ।ਵਿਹੜੇ ਵਿੱਚ 'ਕੱਲਾ ਖੜ੍ਹਾ ਰੁੱਖ ਠੰਡੀ ਰੁਮਕਦੀ ਪੌਣ ਨਾਲ਼ ਕਿਸੇ ਅਲੌਕਿਕ ਮਸਤੀ ' ਝੂਮਦਾ ਪ੍ਰਤੀਤ ਹੋ ਰਿਹਾ ਸੀ।ਟਹਿਣੀਆਂ ਤੇ ਪੱਤਿਆਂ 'ਚੋਂ ਪੁਣ-ਪੁਣ ਕੇ ਰਹੀ ਧੁੱਪ ਵਿਹੜੇ ' ਫੈਲ ਰਹੀ ਸੀ। ਕੋਲ਼ ਹੀ ਭੁੰਜੇ ਦਰੀ ਵਿਛਾਈ ਬੈਠੀ ਆਪਣੀ ਪੜਦੋਹਤੀ ਦੇ ਗੰਭੀਰ ਪਰ ਸ਼ਾਂਤ ਚਿਹਰੇ ਨੂੰ ਬੇਬੇ ਨਿਹਾਰ ਰਹੀ ਸੀ ਜੋ ਉਸ ਵਕਤ ਸਵੈਕੇਂਦ੍ਰਿਤ ਹੋਈ ਆਪਣਾ ਸਕੂਲ ਦਾ ਕੰਮ ਕਰ ਰਹੀ ਸੀ।ਹਲਕੀ ਜਿਹੀ ਪੀਲ਼ੀ ਭਾਅ ਮਾਰਦੇ ਉਸ ਕਾਗਜ਼ 'ਤੇ ਇੱਕ ਵਿਲੱਖਣ ਜਿਹੇ ਅੰਦਾਜ਼ ਨਾਲ਼ ਨਿਰੰਤਰ ਚੱਲ਼ ਰਹੀ ਉਸ ਦੀ ਪੈਨਸਿਲ ਦੀ ਨੋਕ ਬੇਬੇ ਦਾ ਧਿਆਨ ਖਿੱਚ ਰਹੀ ਸੀ।ਹੁਣ ਬੇਬੇ ਮੰਜੇ 'ਤੇ ਅੰਤਰ-ਮੁਗਧ ਹੋਈ ਉਸ ਕਾਗਜ਼ 'ਤੇ ਵਾਹੀਆਂ ਲਕੀਰਾਂ ਨੂੰ ਅਪਲਕ ਨਿਹਾਰ ਸੀ ਦਰੀ 'ਤੇ ਖਿਲਰੀਆਂ ਅੱਧ ਖੁੱਲ੍ਹੀਆਂ ਕਿਤਾਬਾਂ ਨਿੱਕੜੀ ਦੇ ਪੁੰਗਰਦੇ ਬੋਧ ਤੋਂ ਗਿਆਨ ਤੱਕ ਦੇ ਸਫ਼ਰ ਦੀ ਹਾਮੀ ਭਰ ਰਹੀਆਂ ਸਨ।ਨਿੱਕੜੀ ਆਪਣੇ ਕਾਗਜ਼ 'ਤੇ ਨਿਰੰਤਰ ਕੁਝ ਵਾਹੀ ਜਾ ਰਹੀ ਸੀ ਤੇ ਕਦੇ-ਕਦੇ ਨਾਲ਼ ਬੈਠੀ ਆਪਣੀ ਸਹੇਲੀ ਦੇ ਕਾਗਜ਼ ਨੂੰ ਵੀ ਵੇਖ ਲੈਂਦੀ।ਅਚਾਨਕ ਇੱਕ ਤੇਜ਼ ਹਵਾ ਦੇ ਬੁੱਲੇ ਨੇ ਕਾਗਜ਼ਾਂ ਨੂੰ ਵਿਹੜੇ ' ਉਡਦੀਆਂ ਘੁੱਗੀਆਂ ਦੀ ਡਾਰ ਵਾਂਗੂ ਦੂਰ ਤੱਕ ਖਿਲਾਰ ਦਿੱਤਾ ਸੀ।

"ਕੁੜੇ ਤੇਰੇ ਕਾਗਤ, ਤੇਰੇ ਨਕਸ਼ੇ, ਭਾਰਤੀ ਨਕਸ਼ੇ ਵਾਲ਼ੇ ਕਾਗਤ ਉੱਡਗੇ।" ਬੇਬੇ ਨੇ ਹਵਾ ਨਾਲ਼ ਖਿਲਰਦੇ ਵਰਕਿਆਂ ਵੱਲ਼ ਇਸ਼ਾਰਾ ਕਰਦਿਆਂ ਕਿਹਾ।ਕਾਹਲ਼ੀ-ਕਾਹਲ਼ੀ ਵਰਕੇ ਸਮੇਟਦੀਆਂ ਕੁੜੀਆਂ ਦੀ ਘੁਸਰ-ਮੁਸਰ ਬੇਬੇ ਨੂੰ ਸੁਣ ਗਈ ਸੀ, " ਤੇਰੀ ਪੜਨਾਨੀ ਨੂੰ ਕਿਵੇਂ ਪਤੈ ਬਈ ਨਕਸ਼ਾ ਕੀ ਹੁੰਦੈ ?" ਸਹੇਲੀ ਦੇ ਬੋਲਾਂ ਨੇ ਨਿੱਕੜੀ ਨੂੰ ਅਚੰਭਿਤ ਕਰ ਦਿੱਤਾ ਸੀ।ਸਹੇਲੀ ਨੂੰ ਇੱਕ ਸੀਮਿਤ ਜਿਹਾ ਜਵਾਬ 'ਹਾਂ' ਕਹਿ ਕੇ ਉਹ ਮਨ ਹੀ ਮਨ ਆਪਣੀ ਉਲਝਣ ਨੂੰ ਸੁਲਝਾਉਣ ਲੱਗੀ।

ਸੁਪ੍ਰੀਤ ਕੌਰ ਸੰਧੂ 
( ਐਮ.  ਬੀ. ਬੀ. ਐਸ. -ਪਹਿਲਾ ਸਾਲ )
ਅਨੁਵਾਦ - ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 515 ਵਾਰ ਪੜ੍ਹੀ ਗਈ ਹੈ। 

19 Apr 2017

ਰਣਚੰਡੀ


Image result for shamshan ghat
ਅੱਗ ਦੀਆਂ ਲਪਟਾਂ ਚਿਤਾ ਨੂੰ ਪੂਰੀ ਤਰਾਂ ਆਪਣੇ ਆਗੋਸ਼ 'ਚ ਲੈ ਚੁੱਕੀਆਂ ਸਨ। ਅਰਥੀ ਦੇ ਨਾਲ਼ ਆਏ ਲੋਕ ਸ਼ਮਸ਼ਾਨ ਵੈਰਾਗ ਭਾਵ ਨਾਲ ਓਤ -ਪੋਤ ਦੂਰ ਵਰਾਂਡੇ 'ਚ ਜਾ ਖੜ੍ਹੇ। ਉਹ ਪੱਥਰ ਦੀ ਬੁੱਤ ਬਣੀ ਦੂਰ ਖੜ੍ਹੀ ਇੱਕ ਟੱਕ ਚਿਤਾ 'ਚ ਭਸਮ ਹੋ ਰਹੀ ਸੱਸ ਲਈ ਅੱਖਾਂ 'ਚੋਂ ਬੇਰੋਕ ਅੱਥਰੂ ਵਹਾਏ ਜਾ ਰਹੀ ਸੀ। ਔਰਤਾਂ ਦਾ ਇੱਕ ਝੁੰਡ ਖੁਸਰ -ਪੁਸਰ ਕਰ ਰਿਹਾ ਸੀ। ਕਿਵੇਂ ਪਖੰਡ ਕਰ ਰਹੀ ਹੈ ਜਿਵੇਂ ਇਸ ਦੀ ਮਾਂ ਦੀ ਚਿਤਾ ਮੱਚ ਰਹੀ ਹੋਵੇ। ਕੋਈ ਸੱਸ ਲਈ ਵੀ ਇਓਂ ਰੋਂਦਾ ਹੈ। ਅੰਦਰੋਂ ਤਾਂ ਖੁਸ਼ ਹੋਵੇਗੀ ਕਿ ਹੁਣ ਘਰ ਵਿੱਚ ਮੇਰਾ ਰਾਜ ਚੱਲੇਗਾ। 
       ਉਹ ਇਕਲੌਤੀ ਸੰਤਾਨ ਵਾਲ਼ੀ ਸ ਦੇ ਘਰ ਅੱਲੜ ਉਮਰੇ ਹੀ ਨੂੰਹ ਬਣ ਕੇ ਆਈ ਸੀ। ਨਵਾਂ ਮਾਹੌਲ, ਨਵੇਂ ਲੋਕਾਂ 'ਚ ਆਪਣੇ ਆਪ ਨੂੰ ਢਾਲਣ ਨੂੰਹ ਲਈ ਕਿੰਨਾ ਮੁਸ਼ਕਿਲ ਹੁੰਦਾ ਹੈ। ਸਭ ਜਾਣਦੇ ਨੇ ਕਿ ਨੂੰਹ -ਸੱਸ ਦਾ ਰਿਸ਼ਤਾ ਕਦੇ ਮਾਂ -ਧੀ ਦਾ ਰੂਪ ਲੈਂਦਾ ਹੀ ਨਹੀਂ। ਕਦੇ ਕਦੇ ਨਾ ਅਪਵਾਦ ਦਿਖਾਈ ਦੇ ਹੀ ਜਾਂਦਾ ਹੈ। 
         ਇਸ ਨੂੰਹ ਦੇ ਪਤੀ ਤੇ ਸੱਸ ਦਾ ਸੁਭਾਅ ਕੁਝ ਜ਼ਿਆਦਾ ਹੀ ਗਰਮ ਸੀ। ਅਕਸਰ ਦੋਵਾਂ 'ਚ ਠਣ ਜਾਂਦੀ। ਨੂੰਹ ਸਹਿਮ ਜਾਂਦੀ। ਬਿਨਾਂ ਕਿਸੇ ਵਿਸ਼ੇਸ਼ ਕਾਰਣ ਦੇ ਘਰ 'ਚ ਛੋਟੀ -ਮੋਟੀ ਗੱਲ ਨੂੰ ਲੈ ਕੇ ਤੇ ਭਾਂਡਾ ਫੁੱਟਦਾ ਨੂੰਹ ਸਿਰ। ਉਸ ਦਿਨ ਗੱਲ ਕੁਝ ਐਨੀ ਵੱਧ ਗਈ ਕਿ ਪੁੱਤ ਲੜਾਈ ਦੀ ਜੜ੍ਹ ਨੂੰ ਹੀ ਖਤਮ ਕਰਨ 'ਤੇ ਉਤਾਰੂ ਹੋ ਗਿਆ। ਨਾ ਜਾਣੇ ਕਿਵੇਂ ਉਸ ਨੇ ਰਸੋਈ 'ਚੋਂ ਲਿਆ ਕੇ ਮਿੱਟੀ ਦੇ ਤੇਲ ਦੀ ਪੂਰੀ ਬੋਤਲ ਪਤਨੀ ਉੱਪਰ ਪਾ ਮਾਚਿਸ ਲੈਣ ਦੌੜਿਆ। ਮਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਨੇ ਪੁੱਤ ਨੂੰ ਧੱਕਾ ਮਾਰ ਨੂੰਹ ਨੂੰ ਕਿਸੇ ਦੂਜੇ ਕਮਰੇ 'ਚ ਧਕੇਲ ਦਿੱਤਾ। ਕੁੰਡੀ ਲਾ ਕੇ ਅੱਗੇ ਖੜ੍ਹੀ ਹੋ ਗਈ ਨੂੰਹ ਦੀ ਜਾਨ ਬਚਾਉਣ। ਨੂੰਹ ਹੈਰਾਨ ਸੀ ਸੱਸ ਦਾ ਇਹ ਰੂਪ ਵੇਖ ਕੇ। ਲੜਦੇ ਮਾਂ ਪੁੱਤ ਨੇ , ਮੈਂ ਦੋ ਪਾਟਾਂ 'ਚ ਉਂਝ ਹੀ ਪੀਸ  ਜਾਂਦੀ ਹਾਂ। ਅੱਜ ਕਿਉਂ ਉਹ ਮੇਰੀ ਜਾਨ ਬਚਾ ਰਹੀ ਹੈ ? ਬੋਲੀ ," ਮਾਂ ਜੇ ਕਲੇਸ਼ ਦੀ ਜੜ੍ਹ ਮੈਂ ਹਾਂ ਖ਼ਤਮ ਹੋ ਜਾਣ ਦੇ ਮੈਨੂੰ। " ਨੂੰਹ ਵੀ ਅੱਜ ਫੈਸਲਾ ਕਰਨ 'ਤੇ ਅੜ ਗਈ ਸੀ। 
         "ਨਹੀਂ ਕਲੇਸ਼ ਦੀ ਜੜ੍ਹ ਤੂੰ ਨਹੀਂ ਮੈਂ ਹਾਂ ਜੋ ਅਜਿਹੇ ਪੁੱਤ ਨੂੰ ਜਨਮ ਦਿੱਤਾ। ਜੋ ਆਪਣੇ ਬੱਚਿਆਂ ਦੀ ਮਾਂ ਨੂੰ ਮਾਰਨ ਜਾ ਰਿਹਾ ਹੈ। ਜਿੰਦਾ ਜਲਾਉਣ। ਮੱਤ ਮਾਰੀ ਗਈ ਹੈ ਇਸ ਦੀ। ਮੈਨੂੰ ਮਾਰ। ਕਾਤਿਲ ਪੁੱਤ ਦੀ ਮਾਂ ਕਹਾਉਣ ਨਾਲੋਂ ਤਾਂ ਚੰਗਾ ਹੈ ਅਜਿਹੇ ਪੁੱਤ ਦੇ ਹੱਥੋਂ ਖੁਦ ਮਰ ਜਾਣਾ। " ਪੁੱਤ ਦੀ ਜਾਨ ਤਾਂ ਮਾਂ 'ਚ ਵਸਦੀ ਸੀ। ਉਹ ਸ਼ਰਮ ਨਾਲ ਪਾਣੀ -ਪਾਣੀ ਹੋ ਗਿਆ। ਜਿਵੇਂ ਕਿਸੇ ਨੇ ਉਸ 'ਤੇ ਸੌ ਘੜਾ ਪਾਣੀ ਡੋਲ੍ਹ ਦਿੱਤਾ ਹੋਵੇ। ਇਸ ਗੱਲ ਨੂੰ ਹੁਣ ਅਰਸਾ ਬੀਤ ਗਿਆ ਸੀ। 
          ਅੱਜ ਓਹੀ ਸ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਚਿਤਾ 'ਤੇ ਪਈ ਰਾਖ 'ਚ ਤਬਦੀਲ ਹੋ ਰਹੀ ਸੀ। ਨੂੰਹ ਲਪਟਾਂ ਨੂੰ ਵੇਖ ਕੇ ਯਾਦਾਂ 'ਚ ਅਜਿਹੀ ਗੁਆਚੀ ਕਿ ਅੱਥਰੂ ਆਪ ਮੁਹਾਰੇ ਵਹਿ ਤੁਰੇ। ਉਸ ਨੂੰ ਨਾ ਭੁੱਲਣ ਵਾਲੀ ਇਸ ਯਾਦ ਨੇ ਆ ਘੇਰਿਆ। ਅੱਥਰੂ ਸੀ ਕਿ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ ਸਨ। ਇੱਕ ਦਿਨ ਜਿੰਦਾ ਜਲ ਗਈ ਹੁੰਦੀ ਬੱਚਿਆਂ ਨੂੰ ਵਿਲਕਦਾ ਛੱਡ ,ਜੇ ਸ ਨੇ ਬਚਾਇਆ ਨਾ ਹੁੰਦਾ। ਜਿਵੇਂ ਜਿਵੇਂ ਚਿਤਾ ਦੀਆਂ ਲਪਟਾਂ ਤੇਜ਼ ਹੁੰਦੀਆਂ ਜਾ ਰਹੀਆਂ ਸਨ ਉਸ ਦੀਆਂ ਅੱਖਾਂ 'ਚੋਂ ਗੰਗਾ -ਜਮਨਾ ਦਾ ਪ੍ਰਵਾਹ ਵੱਧਦਾ ਜਾ ਰਿਹਾ ਸੀ। ਲੋਕਾਂ ਨੂੰ ਉਸ ਦੇ ਅੱਥਰੂ ਬਨਾਉਟੀ ਲੱਗ ਰਹੇ ਸਨ। ਪ੍ਰੰਤੂ  ਉਹ ਅੱਥਰੂਆਂ ਨਾਲ ਧੁੰਦਲਾਈਆਂ ਅੱਖਾਂ ਨਾਲ ਰਾਖ ਬਣਦੀ ਸੱਸ ਦੇ ਅਸ਼ੀਰਵਾਦ ਨੂੰ ਮਹਿਸੂਸ ਕਰ ਰਹੀ ਸੀ। 

ਕਮਲਾ ਘਟਾਔਰਾ 
ਹਿੰਦੀ ਤੋਂ ਅਨੁਵਾਦ :ਡਾ.ਹਰਦੀਪ ਕੌਰ ਸੰਧੂ 
ਨੋਟ : ਇਹ ਪੋਸਟ ਹੁਣ ਤੱਕ 78 ਵਾਰ ਪੜ੍ਹੀ ਗਈ ਹੈ।

16 Apr 2017

ਪਾਪ ਜਾਂ ਪੁੰਨ

Image result for dog feeding pups punjab
ਸੰਘਣੀ ਅਬਾਦੀ ਵਾਲੇ ਉਸ ਰਿਹਾਇਸ਼ੀ ਇਲਾਕੇ 'ਚ ਇੱਕ ਭੀੜੀ ਜਿਹੀ ਸੜਕ 'ਤੇ ਬੜੀ ਆਵਾਜਾਈ ਰਹਿੰਦੀ ਸੀ। ਦੋਨਾਂ ਪਾਸੇ ਸਬਜ਼ੀ ਵਾਲਿਆਂ ਦੇ ਛਾਬੜੇ ਫੁੱਟਪਾਥ ਰੋਕ ਲੈਂਦੇ। ਰਿਕਸ਼ੇ, ਸਕੂਟਰਾਂ, ਠੇਲਿਆਂ ਤੇ ਅੱਗੇ ਜਾ ਕੇ ਇੰਡਸਟਰੀ ਦਾ ਸਮਾਨ ਲਿਆਉਣ ਵਾਲੇ ਟਰੱਕਾਂ ਦਾ ਵੀ ਆਉਣਾ -ਜਾਣਾ ਰਹਿੰਦਾ। ਤੇਜ਼ ਰਫ਼ਤਾਰ ਜ਼ਿੰਦਗੀ 'ਚ ਕੌਣ ਕਿੱਥੇ ਕੁਚਲ ਦਿੱਤਾ ਜਾਏ ਕਿਸੇ ਨੂੰ ਨਹੀਂ ਪਤਾ। ਹਾਦਸਾ ਹੋਣ 'ਤੇ ਕੋਈ ਮੁੜ ਕੇ ਵੀ ਨਹੀਂ ਦੇਖਦਾ ਕਿ ਉਹ ਕਿਸ ਨੂੰ ਕੁਚਲ ਕੇ ਆ ਰਿਹਾ ਹੈ। 
    ਸਵੇਰ ਦਾ ਨਾਸ਼ਤਾ ਕਰਕੇ ਉਹ ਇਓਂ ਹੀ ਆਪਣੀ ਖਿੜਕੀ ਤੋਂ ਬਾਹਰ ਦੇ ਨਜ਼ਾਰੇ ਦੇਖਣ ਲੱਗੀ। ਉਸ ਨੇ ਦੇਖਿਆ ਓਥੇ ਇੱਕ ਜਗ੍ਹਾ ਨਿੱਕੇ ਨਿੱਕੇ ਪਿਆਰੇ ਜਿਹੇ ਪੰਜ -ਛੇ ਕਤੂਰੇ ਆਪਣੀ ਮਾਂ ਦਾ ਦੁੱਧ ਚੁੰਘ ਰਹੇ ਸਨ ਕਿ ਇੱਕ ਸਾਈਕਲ ਸਵਾਰ ਸੜਕ 'ਤੇ ਅੱਗੇ ਜਾਣ ਦੀ ਕਾਹਲ 'ਚ ਇੱਕ ਕਤੂਰੇ ਦੀ ਲੱਤ ਤੋਂ ਹੋ ਕੇ ਲੰਘ ਗਿਆ। ਕਤੂਰੇ ਦੀ ਬਰੀਕ ਜਿਹੀ ਚੀਕ ਦੇ ਨਾਲ ਉਸ ਦੇ ਮੂੰਹੋਂ ਵੀ ਹਾਏ ਨਿਕਲ ਗਈ। ਪਲਾਂ 'ਚ ਹੀ ਖੁਸ਼ਨੁਮਾ ਮਾਹੌਲ ਦੁਖਾਂਤ 'ਚ ਬਦਲ ਗਿਆ। ਉਹ ਅਜੇ ਸੋਚ ਹੀ ਰਹੀ ਸੀ ਕਿ ਕਾਸ਼ ਉਨ੍ਹਾਂ 'ਚੋਂ ਕਿਸੇ ਇੱਕ ਕਤੂਰੇ ਨੂੰ ਉਹ ਘਰ ਲਿਆ ਕੇ ਪਾਲ ਸਕਦੀ। ਪਰ ਘਰ ਵਾਲਿਆਂ ਤੋਂ  ਇਜ਼ਾਜਤ ਨਹੀਂ ਮਿਲ ਸਕਦੀ ਸੀ। ਉਸ ਨੇ ਸੋਚਿਆ ਕਿ ਉਹ ਪਾਲ ਨਹੀਂ ਸਕਦੀ ਤਾਂ ਕੀ ਹੋਇਆ ? ਉਸ ਦੀ ਲੱਤ ਦੀ ਸੱਟ ਦਾ ਤਾਂ ਇਲਾਜ ਕਰਵਾ ਸਕਦੀ ਹੈ। ਉਹ ਤੁਰੰਤ ਬਿਨਾਂ ਸੋਚੇ ਵਿਚਾਰੇ ਉਸ ਕਤੂਰੇ ਨੂੰ ਚੁੱਕ ਕੇ ਪਸ਼ੂ ਹਸਪਤਾਲ਼ ਲੈ ਗਈ। ਚੈਕ ਕਰਾਇਆ ਕਿਤੇ ਲੱਤ ਟੁੱਟ ਤਾਂ ਨਾ ਗਈ ਹੋਵੇ। ਤਾਕਤ ਦਾ ਟੀਕਾ ਲਗਵਾਇਆ। ਦਵਾਈ ਪਿਲਾਈ ਤੇ ਉਸ ਨੂੰ ਉਸ ਦੀ ਮਾਂ ਕੋਲ ਛੱਡ ਆਈ। ਦੋਬਾਰਾ ਫੇਰ ਇੱਕ ਵਾਰ ਡਾਕਟਰ ਕੋਲ ਲੈ ਗਈ। ਡਾਕਟਰ ਨੇ ਤਸੱਲੀ ਕਰਵਾਈ ਕਿ ਲੱਤ ਬਿਲਕੁਲ ਠੀਕ ਹੈ। ਇੱਕ ਦੋ ਦਿਨ 'ਚ ਠੀਕ ਹੋ ਜਾਵੇਗੀ। ਅਤੇ ਸੱਚੀ ਦੋ ਦਿਨਾਂ ਬਾਦ ਉਹ ਫਿਰ ਤੋਂ ਚੱਲਣ ਲਾਇਕ ਹੋ ਗਿਆ। ਪਰ ਹੁਣ ਉਸ ਦੀ ਮਾਂ ਉਸ ਨੂੰ ਆਪਣੇ ਕੋਲ ਫਟਕਣ ਨਾ ਦੇਵੇ। ਉਹ ਕੁਝ ਦਿਨਾਂ 'ਚ ਚੱਲਣ -ਫਿਰਨ ਦੇ ਯੋਗ ਹੋ ਕੇ ਵੀ ਬਹੁਤੇ ਦਿਨ ਨਾ ਚੱਲ ਸਕਿਆ। ਹੁਣ ਭੁੱਖ ਨੇ ਉਸ ਦੇ ਪ੍ਰਾਣ ਲੈ ਲਏ। 
     ਉਸ ਨੂੰ ਨਹੀਂ ਪਤਾ ਸੀ ਕਿ ਬਿੱਲੀ ਜਾਂ ਕੁੱਤੇ ਦੇ ਬੱਚੇ ਨੂੰ ਉਨ੍ਹਾਂ ਕੋਲੋਂ ਵੱਖ ਕਰਕੇ ਫੇਰ ਦੁਬਾਰਾ ਛੱਡ ਆਉਣ 'ਤੇ ਮਾਂ ਉਸ ਬੱਚੇ ਨੂੰ ਨਹੀਂ ਅਪਣਾਉਂਦੀ। ਉਹ ਅਜਿਹੀਆਂ ਗੱਲਾਂ ਨੂੰ ਨਹੀਂ ਮੰਨਦੀ ਸੀ। ਲੇਕਿਨ ਇਹ ਦ੍ਰਿਸ਼ ਉਸ ਨੂੰ ਮੰਨਣ ਲਈ ਮਜਬੂਰ ਕਰ ਗਿਆ ਤੇ ਉਦਾਸ ਕਰ ਗਿਆ। ਉਹ ਸੋਚਣ ਲੱਗੀ ਕਿ ਉਸ ਨੇ ਪੁੰਨ ਕੀਤਾ ਜਾਂ ਪਾਪ ਕਮਾਇਆ ?

ਕਮਲਾ ਘਟਾਔਰਾ 

ਹਿੰਦੀ ਤੋਂ ਅਨੁਵਾਦ : ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 75 ਵਾਰ ਪੜ੍ਹੀ ਗਈ ਹੈ।

ਹਿੰਦੀ 'ਚ ਪੜ੍ਹਨ ਲਈ 

11 Apr 2017

ਦਿਲਾਂ 'ਚ ਕੰਧ ਅਤੇ ਆਸ ਦੀ ਖਿੜਕੀ


Related image

ਬਚਪਨ 'ਚ ਬੱਚੇ ਆਪਸ ਵਿੱਚ ਲੜ -ਝਗੜ ਕੇ ਗੁੱਸੇ ਹੋ ਕੇ ਕੱਟੀ ਕਰ ਲੈਂਦੇ  ਨੇ। ਇਹ ਹੈ ਨੰਨ੍ਹੇ ਦਿਲਾਂ 'ਚ  ਕੱਚੀ ਕੰਧ ਜੋ ਕੁਝ ਪਲਾਂ ਤੱਕ ਹੀ ਖੜ੍ਹੀ ਰਹਿਣ ਵਾਲੀ ਹੁੰਦੀ ਹੈ। ਬੱਚੇ ਛੇਤੀ ਹੀ ਭੁੱਲ -ਭੁਲਾ ਕੇ ਸੁਲਾਹ ਕਰ ਲੈਂਦੇ ਹਨ। ਇੱਥੇ ਆਸ ਦੀ ਖਿੜਕੀ ਬਣ ਹੀ ਨਹੀਂ ਸਕਦੀ। ਕੰਧ ਆਪੇ ਹੀ ਢਹਿ ਜਾਂਦੀ ਹੈ। 
ਜਵਾਨੀ -ਜਿੱਥੇ ਇੱਕੋ ਤੱਕਣੀ 'ਚ ਹੀ ਜਨਮ ਜਨਮਾਂਤਰਾਂ ਦੇ ਬੰਧਨ ਅਚਾਨਕ ਬੱਝ ਜਾਂਦੇ ਨੇ। ਇੱਥੇ ਦਿਲਾਂ 'ਚ ਕੰਧ ਉਸਰਣ ਦੇ ਅਨੇਕਾਂ ਕਾਰਣ ਹੋ ਸਕਦੇ ਨੇ -ਜਾਤ -ਪਾਤ , ਅਮੀਰੀ -ਗਰੀਬੀ , ਧਰਮ ਭੇਦ। ਇੱਥੇ ਪ੍ਰੇਮ ਨੂੰ ਜਿਉਂਦਾ ਰੱਖਣ ਲਈ ਇਸ ਨੂੰ ਮਿੱਤਰਤਾ ਦੇ ਰੂਪ 'ਚ ਬਦਲ ਦਿੱਤਾ ਜਾ ਸਕਦਾ ਹੈ। ਸੰਭਾਵਨ ਇੱਥੇ ਆਸ ਦੀ ਖਿੜਕੀ ਮਾਅਨੇ ਰੱਖਦੀ ਹੈ। ਜਦੋਂ ਜੀ ਕਰੇ ਮਿਲਿਆ ਵਰਤਿਆ ਜਾ ਸਕਦਾ ਹੈ। 
 ਪਤੀ ਪਤਨੀ -ਇਨ੍ਹਾਂ ਦੋਹਾਂ ਦੇ ਦਿਲਾਂ 'ਚ ਕੰਧ ਅਕਸਰ ਬਣ ਜਾਂਦੀ ਹੈ, ਨਰਾਜ਼ਗੀ 'ਚ ਚੁੱਪੀ ਦੀ। ਇੱਥੇ ਆਸ ਦੀ ਖਿੜਕੀ ਬਨਾਉਣ ਦੀ ਜ਼ਰੂਰਤ ਹੀ ਨਹੀਂ ਪੈਂਦੀ। ਰੁੱਸੇ ਨੂੰ ਮਨਾਉਣ ਲਈ ਬੱਸ ਇੱਕ ਮੁਸਕਾਨ ਹੀ ਕਾਫ਼ੀ ਹੈ। ਰੁੱਸੇ ਨੂੰ ਮਨਾਏ ਬਿਨਾਂ ਜੀਵਨ ਅੱਗੇ ਚੱਲ ਹੀ ਨਹੀਂ ਸਕਦਾ। ਗੱਲ ਕੀਤੇ ਬਿਨਾਂ ਲੰਬੇ ਸਮੇਂ ਤੱਕ ਇਨਸਾਨ ਨਹੀਂ ਰਹਿ ਸਕਦਾ। ਇੱਥੇ ਕੰਧ ਇੱਟਾਂ -ਪੱਥਰ ਦੀ ਨਹੀਂ ਹੁੰਦੀ ਸਗੋਂ ਦਿਖਾਈ ਨਾ ਦੇਣ ਵਾਲੀ ਅਦ੍ਰਿਸ਼ ਹੁੰਦੀ ਹੈ। ਆਪਣੇ ਆਪ ਗਾਇਬ ਹੋ ਜਾਂਦੀ ਹੈ। 
   ਅਜੋਕੇ ਯੁੱਗ 'ਚ ਇਹ ਕੰਧ ਦਿਲਾਂ 'ਚ ਨਹੀਂ ਦੋ ਜ਼ਿੰਦਗੀਆਂ ਦੇ ਵਿਚਕਾਰ ਬਣਦੀ ਹੈ। ਇਹ ਕੰਧ ਹੈ ਤਲਾਕ ਦੀ। ਇੱਥੇ ਕੋਈ ਵੀ ਖਿੜਕੀ ਨਹੀਂ ਬਣਦੀ। ਸਿਰਫ਼ ਬੱਚਿਆਂ ਨੂੰ ਮਿਲਣ ਲਈ ਅਦਾਲਤ ਵੱਲੋਂ ਬਣਾਈ ਜਾਂਦੀ ਹੈ ਇੱਕ ਖਿੜਕੀ। 
       ਇਸ ਕੰਧ ਤੇ ਆਸ ਦੀ ਖਿੜਕੀ ਦੇ ਦਾਰਸ਼ਨਿਕ ਪੱਖ ਨੂੰ ਘੋਖਦਿਆਂ - ਆਤਮਾ ਰੂਪੀ ਦੇਹਧਾਰੀ ਜੀਵ ਪਰਮਾਤਮਾ ਰੂਪੀ ਪ੍ਰੀਤਮ ਨੂੰ ਜਦੋਂ ਪਾਉਣ ਦਾ ਹੱਕਦਾਰ ਜਾਣੀ ਅਧਿਕਾਰੀ ਨਹੀਂ ਹੁੰਦਾ ਤਾਂ ਮੋਹ ਮਾਇਆ ਦੇ ਜਾਲ ਤੋਂ ਆਪਣੇ ਆਪ ਨੂੰ ਦੂਰ ਨਹੀਂ ਰੱਖ ਪਾਉਂਦਾ। ਓਦੋਂ ਪਰਮਾਤਮਾ ਆਪਣੇ ਤੇ ਆਪਣੇ ਭਗਤਾਂ ਵਿਚਕਾਰ ਕੰਧ ਦੀ ਗੱਲ ਕਰਦਾ ਹੈ ਕਿਉਂਕਿ ਇੱਕ ਮੀਆਂ 'ਚ ਦੋ ਤਲਵਾਰਾਂ ਨਹੀਂ ਟਿਕ ਸਕਦੀਆਂ। ਇਹ ਉਹ ਕੰਧ ਹੈ ਜੋ ਜੀਵ ਨੂੰ ਪਰਮਾਤਮਾ ਤੋਂ ਦੂਰ ਕਰ ਦਿੰਦੀ ਹੈ। ਮੋਹ ਮਾਇਆ ਵਿੱਚ ਫੱਸਿਆ ਜੀਵ ਮਜਬੂਰ ਹੈ ਕਿਉਂਕਿ ਅਜੇ ਉਹ ਆਪਣੇ ਪ੍ਰੀਤਮ ਨੂੰ ਪਾਉਣ ਦਾ ਪੂਰਾ ਹੱਕਦਾਰ ਨਹੀਂ ਬਣ ਸਕਿਆ। ਸੋ ਮਨ ਨੂੰ ਓਸ ਕੰਧ ਦੀ ਮੌਜੂਦਗੀ ਦਾ ਅਹਿੰਸਾ ਕਰਾਉਂਦਾ ਹੈ। ਆਪਣੇ ਪ੍ਰੀਤਮ ਦੀ ਖੁਸ਼ੀ ਲਈ ਹਾਮੀ ਭਰਦਾ ਹੈ। ਕਹਿੰਦਾ ਹੈ ਕਿ ਮੇਰੀ ਆਤਮਾ ਇੱਕ ਦਿਨ ਇਸ ਕੰਧ ਨੂੰ ਢਾਹੁਣ ਯੋਗ ਜ਼ਰੂਰ ਬਣ ਜਾਵੇਗੀ ਤੇ ਤੈਨੂੰ ਮੈਨੂੰ ਅਪਨਾਉਣਾ ਹੀ ਪਵੇਗਾ। ਇੱਥੇ ਆਸ ਦੀ ਖਿੜਕੀ ਦੀ ਸ਼ਰਤ ਰੱਖਦਾ ਹੈ। ਉਸ ਨੂੰ ਵਿਸ਼ਵਾਸ ਹੈ ਕਿ ਕਦੇ ਨਾ ਕਦੇ ਸਾਡਾ ਮਿਲਣ ਜ਼ਰੂਰ ਹੋਵੇਗਾ। ਉਹ ਆਸ ਦੀ ਖਿੜਕੀ ਤੋਂ ਆਪਣੀ ਗੱਲ ਕਹਿ ਸਕੇਗਾ -ਮੋਹੇ ਨ ਬਿਸਰਨਾ ਮੈਂ ਤੋਂ ਜਨ ਤੇਰਾ। 
ਕਮਲਾ ਘਟਾਔਰਾ 
ਹਿੰਦੀ ਤੋਂ ਅਨੁਵਾਦ : ਡਾ. ਹਰਦੀਪ ਕੌਰ ਸੰਧੂ 
ਨੋਟ : ਇਹ ਪੋਸਟ ਹੁਣ ਤੱਕ 41 ਵਾਰ ਪੜ੍ਹੀ ਗਈ ਹੈ।

ਹਿੰਦੀ 'ਚ ਪੜ੍ਹਨ ਲਈ 

22 Mar 2017

ਦਲ ਬਦਲੂ

Related imageਸੁਰੇਸ਼ ਨੂੰ ਅੱਗੇ ਪੜਾਈ ਕਰਨ ਲਈ ਹੋਸਟਲ ਗਏ ਨੂੰ ਅਜੇ ਸਾਲ ਵੀ ਨਹੀਂ ਲੰਘਿਆ ਸੀ ਕਿ ਪਿਤਾ ਜੀ ਦਾ ਖ਼ਤ ਮਿਲਿਆ। ਬੇਟੇ ਕੁਝ ਦਿਨਾਂ ਦੀ ਛੁੱਟੀ ਲੈ ਕੇ ਘਰ ਆ ਜਾ ਤੇਰੀ ਮਾਂ ਤੈਨੂੰ ਬਹੁਤ ਯਾਦ ਕਰਦੀ ਹੈ। ਉਸਦੀ ਸਿਹਤ ਠੀਕ ਨਹੀਂ ਰਹਿੰਦੀ। ਸੁਰੇਸ਼ ਨੇ ਸੋਚਿਆ ਕਿ ਜ਼ਰੂਰ ਮਾਂ ਦੀ ਸਿਹਤ ਕੁਝ ਜ਼ਿਆਦਾ ਹੀ ਖ਼ਰਾਬ ਹੋਵੇਗੀ। ਨਹੀਂ ਤਾਂ ਪਾਪਾ ਅਜਿਹਾ ਨਹੀਂ ਲਿਖਦੇ। ਉਸਨੇ ਤੁਰੰਤ ਹਫ਼ਤੇ ਦੀ ਛੁੱਟੀ ਲਈ ਤੇ ਘਰ ਆ ਗਿਆ। 
ਮਾਂ ਸੱਚਮੁੱਚ ਕੁਝ ਜ਼ਿਆਦਾ ਹੀ ਬਿਮਾਰ ਸੀ , ਪ੍ਰੰਤੂ ਪੁੱਤਰ ਨੂੰ ਦੇਖਦਿਆਂ ਹੀ ਝੱਟ ਉੱਠ ਬੈਠੀ। ਜਿਵੇਂ ਪੁੱਤਰ ਦੇ ਆਉਣਾ ਮਾਂ ਲਈ ਸੰਜੀਵਣੀ ਬੂਟੀ ਦਾ ਕੰਮ ਕਰ ਗਿਆ ਸੀ। ਹਫ਼ਤੇ ਬਾਦ ਸੁਰੇਸ਼ ਮਾਂ ਦੇ ਠੀਕ ਹੋਣ 'ਤੇ ਹੋਸਟਲ ਮੁੜ ਗਿਆ। 
ਹੁਣ ਉਹ ਵਿਆਹਿਆ ਗਿਆ। ਬਾਪ ਵੀ ਬਣ ਗਿਆ। ਫਿਰ ਵੀ ਮਾਂ ਦੇ ਪ੍ਰਤੀ ਉਸ ਦੇ ਪਿਆਰ 'ਚ ਕੋਈ ਫ਼ਰਕ ਨਹੀਂ ਪਿਆ। ਪਿਤਾ ਜੀ ਦੇ ਗੁਜ਼ਰ ਜਾਣ ਤੋਂ ਬਾਦ ਉਸ ਨੇ ਮਾਂ ਨੂੰ ਆਪਣੇ ਕੋਲ ਹੀ ਬੁਲਾ ਲਿਆ ਸੀ। ਮਾਂ ਦਾ ਇੱਥੇ ਆਉਣਾ ਹੀ ਸੀ ਕਿ ਸੁਰੇਸ਼ ਤੇ ਉਸ ਦੀ ਪਤਨੀ 'ਚ ਰੋਜ਼ਾਨਾ ਖਟਪਟ ਹੋਣ ਲੱਗੀ। ਪਤਨੀ ਇਸੇ ਮੌਕੇ ਦੀ ਤਲਾਸ਼ 'ਚ ਰਹਿੰਦੀ ਕਿਵੇਂ ਏਸ ਬਲਾ ਨੂੰ ਘਰ ਤੋਂ ਕੱਢਿਆ ਜਾਵੇ। ਰੋਜ਼ ਕੋਈ ਨਾ ਕੋਈ ਕਹਾਣੀ ਘੜ ਕੇ ਪਤੀ ਨੂੰ ਸੁਣਾਉਂਦੀ। ਪਤੀ ਚੁੱਪਚਾਪ ਸੁਣਦਾ ਰਹਿੰਦਾ। ਇੱਕ ਦਿਨ ਤਾਂ ਹੱਦ ਹੀ ਹੋ ਗਈ। ਮਾਂ ਨੂੰ ਰਾਤ ਪਿਆਸ ਲੱਗੀ। ਉਸ ਨੇ ਫਰਿਜ਼ 'ਚੋਂ ਠੰਢਾ ਪਾਣੀ ਪੀ ਲਿਆ। ਘਰ 'ਚ ਜਿਵੇਂ ਤੂਫ਼ਾਨ ਹੀ ਆ ਗਿਆ। 
ਸੁਰੇਸ਼ ਦੇ ਕੰਮ ਤੋਂ ਵਾਪਿਸ ਆਉਣ 'ਤੇ ਚਾਹ -ਨਾਸ਼ਤਾ ਪ੍ਰੋਸਦੀ ਪਤਨੀ ਬੋਲੀ ," ਤੇਰੀ ਮਾਂ ਦਾ ਢਿੱਡ ਹੈ ਜਾਂ ਖੂਹ। ਸਾਰਾ ਦਿਨ ਖਾ ਖਾ ਕੇ ਵੀ ਨਹੀਂ ਭਰਦਾ। ਰਾਤ ਨੂੰ ਵੀ ਉੱਠ -ਉੱਠ ਖਾਂਦੀ ਰਹਿੰਦੀ ਹੈ। 
"ਕਦੇ ਤਾਂ ਘਰ ਆਉਣ 'ਤੇ ਦੋ ਮਿੰਟ ਅਰਾਮ ਕਰਨ ਦਿਆ ਕਰੋ। ਆਉਂਦਿਆਂ ਹੀ ਸ਼ੁਰੂ ਹੋ ਜਾਨੀ ਹੈਂ। ਮਾਂ ਕੀ ਸੋਚੇਗੀ ?" ਸੁਰੇਸ਼ ਨੇ ਸਖਤੀ ਨਾਲ ਕਿਹਾ। 
ਮਾਂ ਨੂੰ ਸੁਣਾਉਂਦਿਆਂ ਬਹੂ ਨੇ ਫਿਰ ਕਿਹਾ , " ਮੈਂ ਕੁਝ ਗਲਤ ਤਾਂ ਨਹੀਂ ਕਹਿ ਰਹੀ। " ਕੋਲ ਬੈਠੀ ਮਾਂ ਤਾੜ ਗਈ ਸੀ। ਬੋਲੀ ," ਕੁਝ ਖਾਣ ਲਈ ਨਹੀਂ ਉੱਠੀ ਸੀ ਪੁੱਤ , ਗਲਾ ਖੁਸ਼ਕ ਹੋ ਰਿਹਾ ਸੀ , ਸੋਚਿਆ ਨਿੰਬੂ ਪਾਣੀ ਪੀ ਲਵਾਂ। ਠੰਢਾ ਪਾਣੀ ਲਿਆ ਸੀ ਤੇਰੇ ਫਰਿਜ਼ 'ਚੋਂ। ਖਾਧਾ ਕੁਝ ਨਹੀਂ। "
ਪੁੱਤਰ ਦੇ ਦਿਲ ਨੂੰ ਠੇਸ ਲੱਗੀ। ਉਹ ਕੁਝ ਨਹੀਂ ਬੋਲਿਆ। ਪਤਨੀ ਅੱਗੇ ਕੀ ਬੋਲਦਾ। ਖਾਮੋਸ਼ ਰਿਹਾ। ਸਾਰੀ ਜ਼ਿੰਦਗੀ ਪਤਨੀ ਨਾਲ ਕੱਢਣੀ ਹੈ। ਕਿਸੇ ਨੇਤਾ ਵਾਂਗ ਫ਼ਾਇਦੇ ਵਾਲੇ ਪੱਲੜੇ 'ਚ ਚਲਾ ਗਿਆ। ਮਾਂ ਦੀ ਦਿੱਤੀ ਸਫ਼ਾਈ ਉਸ ਨੂੰ ਸ਼ਰਮਿੰਦਾ ਤਾਂ ਕਰ ਗਈ , ਪਰ ਜ਼ੁਬਾਨ 'ਤੇ ਜਿਵੇਂ ਜਿੰਦਰਾ ਲੱਗ ਗਿਆ ਹੋਵੇ। 
ਮਾਂ ਦਿਲ 'ਤੇ ਲੱਗੀ ਇਸ ਗੱਲ ਨਾਲ ਸਾਰਾ ਦਿਨ ਬੁਖ਼ਾਰ ਨਾਲ ਤੜਫ਼ਦੀ ਰਹੀ। ਦੂਸਰੇ ਦਿਨ ਸ਼ਾਮ ਨੂੰ ਪੁੱਤਰ ਨੇ ਘਰ ਆ ਕੇ ਨਾ ਮਾਂ ਨਾਲ ਕੋਈ ਗੱਲ ਕੀਤੀ ਨਾ ਹਾਲ ਪੁੱਛਿਆ। 
ਹੁਣ ਇੱਥੇ ਰਹਿਣ ਦਾ ਕੋਈ ਮਤਲਬ ਨਹੀਂ ਸੀ। ਮਾਂ ਨੇ ਪਿੰਡ ਜਾਣ ਦਾ ਫ਼ੈਸਲਾ ਕਰ ਲਿਆ। ਪੁੱਤਰ ਨੂੰ ਦੱਸ ਦਿੱਤਾ। ਉਸ ਨੇ ਇੱਕ ਵਾਰੀ ਵੀ ਨਹੀਂ ਕਿਹਾ ਕਿ ਨਾ ਜਾ ਮਾਂ , ਪਿੰਡ 'ਚ ਇੱਕਲੀ ਕਿਵੇਂ ਰਹੇਂਗੀ ?" ਉਹ ਤਾਂ ਦਲ ਬਦਲੂ ਹੋ ਚੁੱਕਿਆ ਸੀ। 


ਕਮਲਾ ਘਟਾਔਰਾ 
(ਹਿੰਦੀ 'ਚ ਪੜ੍ਹਨ ਲਈ ਇੱਥੇ ਕਲਿੱਕ ਕਰੋ )


ਨੋਟ : ਇਹ ਪੋਸਟ ਹੁਣ ਤੱਕ 80 ਵਾਰ ਪੜ੍ਹੀ ਗਈ ਹੈ।

12 Oct 2016

ਨਾਨੀ ਨੇ ਕਿਹਾ ਸੀ (ਵਾਰਤਾ)

Image result for heaven
ਓਹ ਵੀ ਕੇਹੇ ਦਿਨ ਸਨ। ਦਾਦਕਿਆਂ ਤੋਂ ਵੱਧ ਨਾਨਕੇ ਲੁਭਾਉਂਦੇ । ਗਰਮੀਆਂ ਦੀਆਂ ਛੁੱਟੀਆਂ 'ਚ ਨਾਨਕੇ ਜਾਣ ਲਈ ਮਾਂ ਦੀ ਹਰ ਗੱਲ ਭੱਜ -ਭੱਜ ਪੂਰੀ ਕਰਨਾ ਵੀ ਥਕਾਉਂਦਾ ਨਹੀਂ ਸੀ। ਮਾਂ ਤੋਂ ਵੱਧ ਨਾਨੀ ਜੋ ਪਿਆਰੀ ਸੀ। ਛੁੱਟੀਆਂ ਦਾ ਢੇਰ ਕੰਮ -ਸੁੰਦਰ ਲਿਖਾਈ ,ਜਮਾ -ਘਟਾਓ ਦੇ ਸਵਾਲ ਤੇ ਵੀਹ ਤੱਕ ਦੇ ਪਹਾੜੇ ਯਾਦ ਕਰਨੇ। ਮਾਂ ਦਾ ਵਾਅਦਾ ਜਿੰਨੀ ਛੇਤੀ ਕੰਮ ਮੁਕਾਉਣਾ ਓਨੀ ਛੇਤੀ ਨਾਨਕੇ ਲੈ ਜਾਣ ਦਾ। ਭਲਾ ਕੰਮ ਕਿਵੇਂ ਅਧੂਰਾ ਰਹਿੰਦਾ ? ਕੰਮ ਕਰਦਿਆਂ ਵੀ ਨਾਨੀ ਦੇ ਕੋਲ ਹੋਣ ਦਾ ਅਹਿਸਾਸ ਕਿਤੇ ਘੱਟ ਲੁਭਾਉਣਾ ਨਹੀਂ ਹੁੰਦਾ ਸੀ। ਓਥੇ ਪਹੁੰਚ ਕੇ ਮਾਮੇ -ਮਾਸੀਆਂ ਦੇ ਬੱਚਿਆਂ 'ਚ ਰਲ਼ ਕੇ ਨਾਨੀ ਨੂੰ ਘੇਰਨਾ। ਨਾਨੀ ਦੀ ਗੋਦੀ 'ਚ ਬਹਿਣਾ। ਰਾਤ ਨੂੰ ਨਾਨੀ ਦੇ ਮੰਜੇ ਨਾਲ ਮੰਜਾ ਡਾਹ ਕੇ ਦੋ -ਦੋ ਬੱਚਿਆਂ ਨੇ ਇਕੱਠਾ ਸੌਣਾ ਤਾਂ ਕਿ ਨੈਣੀਂ ਦੀ ਕਹਾਣੀਆਂ ਨੇੜੇ ਹੋ ਕੇ ਸੁਣ ਸਕੀਏ ਤੇ ਸਵਾਲ ਕਰ ਸਕੀਏ। 
    ਨਾਨੀ ਦੀ ਕਹਾਣੀਆਂ ਖੰਡ ਮਿਸ਼ਰੀ ਦੀ ਗੋਲੀਆਂ। ਸਵਾਦ ਐਨੀਆਂ ਕਿ ਹੋਰ -ਹੋਰ ਦੀ ਫਰਮਾਇਸ਼ ਹੁੰਦੀ। ਕਹਾਣੀ ਕਦੇ ਲੋਰੀ ਬਣ ਸੁਲਾ ਦਿੰਦੀ ਕਦੇ ਅਸੀਂ ਪਰੀਆਂ ਜਾਂ ਰਾਜਕੁਮਾਰੀਆਂ ਬਣੀਆਂ ਲੱਗਣਾ। ਦਲਾਨ ਦੀ ਛੱਤ 'ਤੇ ਤਾਰਿਆਂ ਦੀ ਛਾਂ ਥੱਲੇ ਠੰਢੀ ਹਵਾ ਦੇ ਨਾਲ ਪਲੋਸਦੇ ਹੱਥ , ਨੀਂਦ ਵੀ ਖੂਬ ਆਉਂਦੀ। ਤੜਕਸਾਰ ਜਦੋਂ ਤ੍ਰੇਲ ਪੈਂਦੀ ਤਾਂ ਨਾਨੀ ਨੇ ਸਭ 'ਤੇ ਖੇਸ ਦੇ ਦੇਣਾ। ਹੋਰ ਵੀ ਚੰਗਾ ਲੱਗਦਾ ਰੌਸ਼ਨੀ ਵੱਧਣ 'ਤੇ ਮੂੰਹ ਸਿਰ ਲਪੇਟ ਕੇ ਸੌਣਾ। ਨੀਂਦ ਦਾ ਹੋਰ ਅਨੰਦ ਲੈਂਦੇ। ਸਕੂਲ ਖੁੱਲ੍ਹਣ ਦੇ ਪਹਿਲੇ ਦਿਨ ਸਕੂਲ ਜਾਣ ਦੀ ਕਾਹਲ਼ੀ। ਸਕੂਲ ਦਾ ਕੰਮ ਅਧਿਆਪਕ ਨੂੰ ਸਭ ਤੋਂ ਪਹਿਲਾਂ ਦਿਖਾ ਕੇ ਸ਼ਾਬਾਸ਼ ਜੋ ਲੈਣੀ ਹੁੰਦੀ। ਦੂਜਾ ਛੁੱਟੀਆਂ ਦਾ ਸਾਰਾ ਹਾਲ ਸਹੇਲੀਆਂ ਨੂੰ ਸੁਣਾਉਣਾ ਹੁੰਦਾ। 
     ਏਸ ਵਾਰ ਤਾਂ ਬੜਾ ਕੁਝ ਰੌਚਕ ਹੋਇਆ ਸੀ ਮੇਰੇ ਨਾਨਕੇ। ਓਥੇ ਪਹੁੰਚਦਿਆਂ ਹੀ ਮੈਥੋਂ ਥੋੜੀ ਜਿਹੀ ਵੱਡੇਰੀ ਮੇਰੀ ਮਾਸੀ ਨੇ ਦੱਸਿਆ," ਪਤਾ ਚਾਚੀ ਸਵਰਗ ਜਾ ਕੇ ਆਈ ਹੈ ?" ਉਹ ਮੇਰੀ ਨਾਨੀ ਦੀ ਗੱਲ ਕਰ ਰਹੀ ਸੀ ਤੇ ਆਪਣੀ ਮਾਂ ਨੂੰ ਚਾਚੀ ਕਹਿੰਦੀ ਆਪਣੀ ਤਾਈ ਦੇ ਬੱਚਿਆਂ ਵਾਂਗ।"ਹਾਂ ਉਹ ਆਪਣੇ ਦਾਦੀ, ਦਾਦਾ, ਬੀਬੀ , ਬਾਪੂ ਨੂੰ ਵੀ ਮਿਲੀ ਸੀ ਓਥੇ।"ਮਾਸੀ ਨੇ ਬੜੇ ਹੀ ਵਿਸ਼ਵਾਸ਼ ਨਾਲ ਗੱਲ ਪੂਰੀ ਕੀਤੀ। "ਹੋਰ ਕੀ  ਵੇਖਿਆ ਚਾਚੀ ਨੇ ?" "ਹੋਰ ਤਾਂ ਕਹਿੰਦੀ ਹੈ ਮੈਨੂੰ ਯਾਦ ਨਹੀਂ। ਤੂੰ ਹੀ ਪੁੱਛ ਲੈ ਸ਼ਾਇਦ ਤੈਨੂੰ ਦੱਸ ਦੇਵੇ। " ਮਾਸੀ ਨੂੰ ਲੱਗਦਾ ਸੀ ਕਿ ਨਾਨੀ ਮੈਨੂੰ ਵੱਧ ਪਿਆਰ ਕਰਦੀ ਹੈ। 
   ਮੈਂ ਵੀ ਬਿਨਾ ਪੁੱਛਿਆਂ ਕਿਵੇਂ ਰਹਿ ਸਕਦੀ ਸਾਂ। "ਚਾਚੀ ਜੀ ਕੀ ਤੁਸੀਂ ਸੱਚੀਂ ਸਵਰਗ ਜਾ ਆਏ ਹੋ ?"
 "ਕਿਸ ਨੇ ਕਿਹਾ ?" ਨਾਨੀ ਦਾ ਗੁੱਸੇ ਵਾਲਾ ਚਿਹਰਾ ਦੇਖ ਲੱਗ ਰਿਹਾ ਸੀ ਕਿ ਹੁਣੇ ਕੰਨ ਖਿੱਚੇਗੀ। 
"ਤੁਸੀਂ ਬੇਹੋਸ਼ ਹੋ ਗਏ ਸੀ ਕੀ ? ਸਭ ਕਹਿ ਰਹੇ ਨੇ ਕਿ ਤੁਸੀਂ ਉੱਠ ਹੀ ਨਹੀਂ ਰਹੇ ਸੀ। ਮਾਸੀ ਦਾ ਨਾਮ ਲੈਣਾ ਮੈਂ ਠੀਕ ਨਹੀਂ ਸਮਝਿਆ।
 "ਹਾਂ , ਮੈਂ ਪਤਾ ਨਹੀਂ ਕਿਉਂ ਗਹਿਰੀ ਨੀਂਦ 'ਚ ਚਲੀ ਗਈ ਸੀ। ਇਹਨਾਂ ਨੂੰ ਲੱਗਾ ਮੈਂ ਸਵਰਗ ਸਿਧਾਰ ਗਈ ਹਾਂ।" "ਅੱਛਾ ਇਹ ਗੱਲ ਏ। ਮਾਸੀ ਮੈਨੂੰ ਮੂਰਖ ਬਣਾ ਰਹੀ ਹੈ। "ਮਾਸੀ ਦੇ ਪ੍ਰਤੀ ਮਨ ਗੁੱਸੇ ਨਾਲ ਭਰ ਗਿਆ।
 "ਚਾਚੀ ਜੀ ਕੀ ਸੱਚੀਂ ਸਵਰਗ ਹੁੰਦਾ ਹੈ ?" ਮੈਂ ਕਿੱਥੇ ਗੱਲ ਨੂੰ ਛੱਡਣ ਵਾਲੀ ਸੀ। 
"ਹਾਂ ਸੱਚੀਂ ਹੁੰਦਾ ਹੈ ਸਵਰਗ। ਤੇਰੇ ਵਰਗੇ ਬੱਚਿਆਂ ਦੀਆਂ ਗੱਲਾਂ 'ਚ , ਦੁਧੀਆ ਹਾਸੇ 'ਚ ਤੇ ਕਿਲਕਾਰੀਆਂ 'ਚ। ਮੁਗਧ ਹੋ ਕੇ ਆਪਣੇ ਮਾਂ -ਬਾਪ ਵੱਲ ਵੇਖਦੇ ਨੰਨ੍ਹਿਆਂ ਦੀਆਂ ਨਿਗਾਹਾਂ 'ਚ , ਇਨ੍ਹਾਂ ਦੇ ਪਵਿੱਤਰ ਪਿਆਰ 'ਚ ਸਵਰਗ ਹੁੰਦਾ। ਪਹਿਲਾਂ ਦੱਸ ਛੁੱਟੀਆਂ ਦਾ ਕੰਮ ਪੂਰਾ ਕਰਕੇ ਆਈਂ ਏ। ਨਹੀਂ ਤਾਂ ਹੁਣੇ ਵਾਪਸ ਭੇਜ ਦੇਵਾਂਗੀ। " ਨਾਨੀ ਨੇ ਗੱਲ ਟਾਲਣ ਲਈ ਕਿਹਾ ਸੀ। 
   ਵਕਤ ਬੀਤਦਾ ਗਿਆ ਲੇਕਿਨ ਉਹ ਗੱਲ ਨਹੀਂ ਭੁੱਲੀ। ਸਵਾਲ ਮੈਨੂੰ ਤੰਗ ਕਰਦਾ ਸਵਰਗ ਦੀ ਹੋਂਦ ਬਾਰੇ। ਜਦੋਂ ਨਾਨੀ ਸਾਨੂੰ ਮਿਲਣ ਆਉਂਦੀ ਮੈਂ ਫਿਰ ਓਹੀਓ ਸਵਾਲ ਦੁਹਰਾਉਂਦੀ।
 "ਚਾਚੀ ਜੀ ਕੀ ਕੋਈ ਸਵਰਗ ਤੋਂ ਵੀ ਮੁੜ ਕੇ ਆਇਆ ਹੈ ?" 
" ਹਾਂ ਕਦੇ -ਕਦੇ ਹੋ ਜਾਂਦਾ ਹੈ। " ਅਚਾਨਕ ਨਾਨੀ ਤੋਂ ਖੁਦ ਬ ਖੁਦ ਬੋਲ ਹੋ ਗਿਆ। ਵਾਕ ਪੂਰਾ ਕਰਦਿਆਂ ਲੱਗਿਆ ਕਿ ਉਹ ਓਸ ਸਵਰਗ 'ਚ ਪਹੁੰਚ ਗਈ ਹੋਵੇ।  
" ਆਪ ਨੂੰ ਕਿਵੇਂ ਪਤਾ ?"
 "ਮੈਂ ਗਈ ਸੀ ਨਾ। " ਹੁਣ ਭੇਤ ਖੁੱਲ੍ਹ ਗਿਆ ਸੀ। 
"ਸੱਚ " ਤੁਸੀਂ ਕੀ -ਕੀ ਵੇਖਿਆ ਉੱਥੇ ?" 
" ਆਪਣੇ ਸਭ ਰਿਸ਼ਤੇਦਾਰ ਘੁੰਮਦੇ ਦੇਖੇ। ਪਰ ਮੇਰੀ ਕਿਸੇ ਨਾਲ ਗੱਲ ਨਹੀਂ ਹੋਈ। ਪਲਕ ਝਪਕਦਿਆਂ ਹੀ ਕੋਈ ਮੈਨੂੰ ਵਾਪਸ ਛੱਡ ਗਿਆ। " 
" ਤੁਸੀਂ ਉਦੋਂ ਕਿਉਂ ਨਹੀਂ ਦੱਸਿਆ ?" 
ਨਾਨੀ ਕਹਿਣ ਲੱਗੀ," ਬੱਚਿਆਂ ਨੂੰ ਅੰਧ -ਵਿਸ਼ਵਾਸ਼ 'ਚ ਕਿਓਂ ਬੰਨਦੀ ? ਤੂੰ ਜਾ ਕੇ ਆਪਣੀ ਸਹੇਲੀਆਂ ਨੂੰ ਦੱਸਦੀ। ਅਜਿਹੀਆਂ ਅਸੰਭਵ ਗੱਲਾਂ ਜੋ ਆਮ ਨਹੀਂ ਹੁੰਦੀਆਂ ਉਨ੍ਹਾਂ ਨੂੰ ਭੁੱਲ ਜਾਣਾ ਚਾਹੀਦਾ ਹੈ। ਪ੍ਰਚਾਰ ਨਹੀਂ ਕਰਨਾ ਚਾਹੀਦਾ , ਸਮਝੀ ਤੂੰ। ਸਵਰਗ ਤਾਂ ਇਸੇ ਜਗਤ 'ਚ ਹੈ। ਬੱਚਿਆਂ ਦੇ ਨਿਰਮਲ ਪਿਆਰ 'ਚ। "
 ਨਾਨੀ ਨੇ ਐਨੇ ਵਧੀਆ ਤਰੀਕੇ ਨਾਲ ਕਿਹਾ ਕਿ ਮੈਂ ਵੀ ਖੁਦ ਨੂੰ ਸਮਝਾਉਣ ਲੱਗੀ। ਕਿਉਂ ਲੱਭਾਂ ਸਵਰਗ, ਅੱਖਾਂ ਲਾ ਅੰਬਰ ਵੱਲ ,ਸਵਰਗ ਤਾਂ ਪਿਆਰ 'ਚ ਹੀ ਹੈ। 

ਕਮਲਾ ਘਟਾਔਰਾ 
ਯੂ ਕੇ 
ਹਿੰਦੀ ਤੋਂ ਅਨੁਵਾਦ : ਡਾ ਹਰਦੀਪ ਕੌਰ ਸੰਧੂ 

*ਟੌਫ਼ੀਆਂ ਹਾਇਬਨ ਤੋਂ ਪ੍ਰੇਰਿਤ ਹੋ ਕੇ ਲਿਖੀ ਵਾਰਤਾ। 

ਨੋਟ : ਇਹ ਪੋਸਟ ਹੁਣ ਤੱਕ 100 ਵਾਰ ਪੜ੍ਹੀ ਗਈ ਹੈ।

28 Sept 2016

ਦੋਸਤੀ ਦੀ ਗੰਢ

Image result for shaking hands drawing
ਸਾਡਾ ਵਿਹੜਾ ਕਾਫ਼ੀ ਵੱਡਾ ਸੀ। ਸ਼ਾਮ ਦੇ ਸਮੇਂ ਮੈਂ ਤੇ ਮੇਰੀ ਸਹੇਲੀਆਂ ਇੱਕਠੀਆਂ ਹੋ ਕੇ ਉੱਥੇ ਆਪਣੇ ਮਨ -ਪਸੰਦ ਖੇਲ ਖੇਡਦੀਆਂ। ਕਦੇ ਦੋ ਕੁੜੀਆਂ ਰੱਸੀ ਘੁੰਮਾਉਂਦੀਆਂ ਤੇ ਅਸੀਂ ਵਾਰੋ -ਵਾਰੀ ਵਿੱਚ ਜਾ ਕੇ ਬਿਨਾਂ ਆਊਟ ਹੋਏ ਬਾਹਰ ਆ ਜਾਂਦੀਆਂ। ਕਦੇ ਸਟਾਪੂ ਖੇਡਦੀਆਂ ਤੇ ਕਦੇ ਕਿੱਕਲੀ। ਬੈਠ ਕੇ ਗੀਟੇ ਖੇਲਣਾ ਸਾਨੂੰ ਪਸੰਦ ਨਹੀਂ ਸੀ। ਇਹ ਛੋਟੀਆਂ  ਕੁੜੀਆਂ ਖੇਡਦੀਆਂ। 
     ਉਸ ਦਿਨ ਅਸੀਂ  ਸਟਾਪੂ ਖੇਡ ਰਹੀਆਂ ਸਾਂ। ਮੇਰੀ ਇੱਕ ਸਹੇਲੀ ਤੋਂ ਖੇਡ 'ਚ ਉਸਦਾ ਸਟਾਪੂ ਏਸ ਪਾਰ ਰਹਿ ਗਿਆ ਤੇ ਲਕੀਰ ਨੂੰ ਛੂਹ ਰਿਹਾ ਸੀ। ਸਾਰਿਆਂ ਨੇ ਰੌਲ਼ਾ ਪਾ ਦਿੱਤਾ ਕਿ ਉਹ ਆਊਟ ਹੋ ਗਈ ਹੈ। ਇੱਕ ਹੋਰ ਕੁੜੀ ਬੋਲੀ, "ਹੱਟ ਪਾਸੇ , ਹੁਣ ਮੇਰੀ ਵਾਰੀ ਹੈ। " ਉਸ ਨੇ ਆਊਟ ਹੋਈ ਮੇਰੀ ਸਹੇਲੀ ਨੂੰ ਖਾਨਿਆਂ ਤੋਂ ਬਾਹਰ ਕੱਢ ਦਿੱਤਾ। ਉਹ ਪੈਰ ਪਟਕਾਉਂਦੀ ਗੁੱਸੇ ਹੋ ਕੇ ਘਰ ਚੱਲੀ ਗਈ। ਅਸੀਂ ਖੇਡਣਾ ਜਾਰੀ ਰੱਖਿਆ। ਉਸ ਨੇ ਨਹੀਂ ਖੇਡਣਾ, ਜਾਣ ਦਿਓ -ਅਸੀਂ ਸੋਚਿਆ। 
      ਪਰ ਜਾਣ ਕਿੱਥੇ ਦੇ ਸਕਦੀ ਸੀ ਉਹ। ਉਹ ਤਾਂ ਆਪਣੀ ਮਾਂ ਨੂੰ ਲੈ ਆਈ ਸਾਡੀ ਸ਼ਕਾਇਤ ਕਰਕੇ ਕਿ ਅਸੀਂ ਉਸ ਨੂੰ ਆਪਣੇ ਨਾਲ ਨਹੀਂ ਖਿਡਾਉਂਦੀਆਂ। ਉਸ ਦੀ ਮਾਂ ਬੋਲੀ ," ਕੀ ਗੱਲ ਹੈ ਬਈ ? ਇਸ ਨੂੰ ਨਾਲ ਕਿਉਂ ਨਹੀਂ ਖਿਡਾਉਂਦੀਆਂ ਤੁਸੀਂ ?"
ਮੈਂ ਕਿਹਾ, "ਆਂਟੀ , ਸਾਡੇ ਨਾਲ ਖੇਡਦੇ -ਖੇਡਦੇ ਖੁਦ ਹੀ ਉਹ ਖੇਡ ਛੱਡ ਕੇ ਚਲੀ ਗਈ। "
ਆਂਟੀ ਨੇ ਓਸ ਵੱਲ ਅੱਖਾਂ ਨਾਲ ਘੂਰਦਿਆਂ ਪੁੱਛਿਆ, " ਕੀ ਇਹ  ਸੱਚ ਬੋਲਦੀਆਂ ਨੇ ?"
ਉਸ ਨੇ ਹਾਂ 'ਚ ਸਿਰ  ਝੁਕਾ ਲਿਆ। 
ਆਂਟੀ ਬੋਲੀ ," ਚੱਲੋ ਹੱਥ ਮਿਲਾਓ , ਕਰੋ ਸੁਲਾਹ। "
ਉਹ ਆਪਣੇ ਭਰਾਵਾਂ ਦੀ ਲਾਡਲੀ ਛੋਟੀ ਭੈਣ ਕੁਝ ਜ਼ਿਆਦਾ ਹੀ ਜਿੱਦੀ ਸੀ। ਮੈਂ ਹੱਥ ਅੱਗੇ ਕਰਕੇ ਖੜੀ ਰਹੀ। ਪਰ ਉਹ ਸੁਲਾਹ ਕਰਨ ਨੂੰ ਤਿਆਰ ਨਹੀਂ ਸੀ। ਆਂਟੀ ਨੇ ਦੁਬਾਰਾ ਕੁਝ ਨਹੀਂ ਕਿਹਾ। ਬੱਸ ਸਾਡੀਆਂ  ਦੋਹਾਂ ਦੀਆਂ ਗੁੱਤਾਂ ਬੰਨ ਦਿੱਤੀਆਂ। ਮੇਰੀ ਮਾਂ ਵੀ ਉੱਥੇ ਸਾਨੂੰ ਵੇਖ ਰਹੀ ਸੀ। ਆਂਟੀ ਨੇ ਕਿਹਾ, " ਜਦ ਤੱਕ ਇਹ ਹੱਥ ਮਿਲਾ ਕੇ ਫੇਰ ਤੋਂ ਦੋਸਤੀ ਨਹੀਂ ਕਰਦੀ ਇਸੇ ਤਰਾਂ ਰਹਿਣਗੀਆਂ। ਤੁਸੀਂ  ਵੀ ਇਹਨਾਂ ਨੂੰ ਅਲੱਗ ਨਾ ਕਰਨਾ। "
ਫਿਰ ਆਂਟੀ ਨੇ ਸਾਨੂੰ ਕਿਹਾ ," ਕੁੜੇ ਬੇਫਕੂਫ਼ੋ ! ਬਚਪਨ ਹੱਸਣ ਖੇਡਣ ਲਈ ਹੁੰਦਾ ਹੈ ਜਾਂ ਰੁੱਸ ਕੇ ਆਪਣਾ ਤੇ ਆਪਣੇ ਦੋਸਤਾਂ ਦਾ ਮਨ ਦੁਖਾਉਣ ਲਈ। " ਅਸੀਂ ਜਿਉਂ ਹੀ ਆਪਣੇ ਆਪ ਨੂੰ ਇੱਕ ਦੂਜੇ ਤੋਂ ਦੂਰ ਕਰਦੀਆਂ ਸਾਡੇ ਵਾਲ਼ ਖਿੱਚ ਹੋ ਜਾਂਦੇ ਤੇ ਅਸੀਂ ਫੇਰ ਨੇੜੇ ਆ ਜਾਂਦੀਆਂ। ਇਸੇ ਚੱਕਰ 'ਚ ਸਾਡੀ ਹਾਸੀ ਨਿਕਲ ਗਈ। ਅਸੀਂ ਦੋਸਤੀ ਲਈ ਹੱਥ ਅੱਗੇ ਕਰ ਦਿੱਤੇ। ਜਦ ਤੱਕ ਸਾਡੇ ਬਚਪਨ ਨੇ ਸਾਥ ਨਹੀਂ ਛੱਡਿਆ ਦੁਬਾਰਾ ਅਜਿਹੀ ਨੌਬਤ ਨਹੀਂ ਆਈ। ਆਂਟੀ ਦੀ ਦਿੱਤੀ ਸਿੱਖਿਆ ਹੁਣ ਵੀ ਯਾਦ ਹੈ। ਦੋਸਤੀ ਤੋੜਨ ਨਾਲ ਇੱਕ ਦਾ ਨਹੀਂ ਦੋਹਾਂ ਦਾ ਮਨ ਦੁੱਖਦਾ ਹੈ ਜਿਵੇਂ ਖਿੱਚਣ ਨਾਲ ਵਾਲ਼। 

ਸ਼ਾਮ ਦਾ ਸਮਾਂ 
ਖੇਡਦੀਆਂ ਕੁੜੀਆਂ 
ਗੰਢ ਦੋਸਤੀ । 

ਕਮਲਾ ਘਟਾਔਰਾ 
ਯੂ ਕੇ 
ਅਨੁਵਾਦ : ਡਾ ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 85 ਵਾਰ ਪੜ੍ਹੀ ਗਈ