ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

31 Dec 2017

ਬਹੁਤੀ ਬੀਤੀ ਥੋੜ੍ਹੀ ਰਹਿ ਗਈ

ਬੰਤੋਂ ਆਪਣੇ ਮਾਂ-ਪਿਓ ਦੇ ਤਕਰਾਰ ਤੋਂ ਆਪਣਾ ਸਹੁਰਾ ਪਿੰਡ ਛੱਡ ਕੇ ਆਪਣੇ ਪੇਕੇ ਪਿੰਡ ਰਹਿੰਦੀ ਸੀ ਅੱਜ ਆਪਣੇ ਭਰਾ ਨਾਲ ਸ਼ਾਮ ਵੇਲੇ ਝਗੜ ਕੇ ਆਪਣੀ ਮਾਸੀ ਦੇ ਪਿੰਡ ਸ਼ਾਮ ਵੱਲ ਨੂੰ ਜਾ ਰਹੀ ਸੀ ਕਿ ਆਚਨਕ ਉਹ ਲੋਕਾਂ ਦੀ ਆਵਾਜ਼ ਸੁਣ ਕੇ ਸ਼ਹਿਰ ਵੱਲ ਤੁਰ ਪਈ ਉੱਥੇ ਉਹ ਭੀੜ ਵਿੱਚ ਜਾ ਕੇ ਖੜ੍ਹੀ ਹੋ ਗਈ....
ਗਾਇਕ- "ਬਹੁੱਤ ਬਹੁੱਤ ਧੰਨਵਾਦ, ਮਹਾਰਾਜ ਜੋ ਤੁਸੀਂ ਸਲਾਨਾ ਅਖਾੜੇ ਵਿੱਚ ਗਾਉਣ ਲਈ ਸਨੇਹਾ ਪੱਤਰ ਭੇਜਿਆ, ਅਸੀਂ ਅੱਜ  ਹੁੰਮ-ਹੁਮਾ ਕੇ ਤਿਆਰੀਆਂ ਨਾਲ ਆਏ ਹਾਂ, ਮਹਾਰਾਜ  ਤੁਹਾਡਾ ਅਤੇ ਸਰੋਤਿਆਂ ਦਾ ਮਨੋਰੰਜਨ ਕਰਾਂਗੇ"।

ਮਹਾਮੰਤਰੀ - "ਮਹਾਰਾਜ ਜੀ, ਜੇ ਇਜਾਜ਼ਤ ਹੋਵੇ ਤਾਂ ਗੀਤ-ਸੰਗੀਤ ਸ਼ੁਰੂ ਕਰਵਾਇਆ ਜਾਵੇ, ਸਟੇਜ ਦੀ ਤਿਆਰੀ ਤਾਂ ਪੂਰੀ ਤਰ੍ਹਾਂ ਮੁਕੰਮਲ ਹੋ ਗਈ ਹੈ"

ਰਾਜਾ - "ਫਨਕਾਰਾਂ ਦੇ ਗਾਉਣ ਤੋਂ ਪਹਿਲਾਂ ਮੇਰੀ ਇਹ ਸ਼ਰਤਾ ਹਨ, ਮੇਰੇ ਰਾਜ ਦਰਬਾਰ ਦੇ ਪੂਰੇ ਅਖਾੜੇ ਚ ਇਹ ਐਲਾਨ ਕਰ ਦਿਓ ਕਿ ਰਾਤ ਵੇਲੇ ਗਈਕੀ ਵਿੱਚ ਕੋਈ ਢਿੱਲ ਨਹੀਂ ਆਉਣੀ ਚਾਹੀਦੀ, ਨਾ ਹੀ ਗਾਉਂਦੇ ਸਮੇਂ ਗਾਇਕ ਨੂੰ ਕੋਈ ਪੈਸਾ ਜਾ ਕੋਈ ਕਿਮਤੀ ਚੀਜ ਸੰਗੀਤ ਤੋਂ ਖੁਸ਼ ਹੋ ਕੇ ਦੇ ਸਕਦਾ ਹੈ, ਇਸ ਸ਼ਰਤ ਦਾ ਪੂਰੇ ਅਖਾੜੇ ਵਿੱਚ ਮੈਂ ਐਲਾਨ ਕਰਦਾ ਹਾਂ,
ਸੈਨਾਪਤੀ ! ਜੇਕਰ ਕੋਈ ਇਸ ਸ਼ਰਤ ਦੀ ਉਲੱਗਣਾ ਕਰੇਗਾ, ਉਹ ਸਖਤ ਤੋਂ ਸਖਤ ਸ਼ਜਾ ਦਾ ਭਾਗੀਦਾਰ ਹੋਵੇਗਾ, ਜੋ ਗਾਉਣ ਵਾਲੀਆਂ ਦਾ ਵਾਜਬ ਇਨਾਮ ਹੋਵੇਗਾ ਮੈਂ ਖੁਦ ਦੇਵਾਂਗਾ।" 

ਸੈਨਾਪਤੀ- ਜੋ ਅੱਗਿਆ ਮਹਾਰਾਜ, ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਉਸੇ ਤਰ੍ਹਾਂ ਹੋਵੇਗਾ"।

ਗਾਇਕ - "ਪੂਰੇ ਅਖਾੜੇ ਦੇ ਲੋਕਾਂ ਨੂੰ ਸਾਡੇ ਰਾਜੇ ਦੀ ਸ਼ਰਤ ਨੂੰ ਸਿਰ ਮੱਥੇ ਲਾਉਣ ਲਈ ਸਹਿਮਤ ਹੋ ਜਾਣਾ ਚਹੀਦਾ ਹੈ ਕਿਉਂਕਿ ਇਹ ਸਾਡੇ ਰਾਜੇ ਦੇ ਮਾਣ ਦਾ ਸਵਾਲ ਹੈ ਮੈਂ ਅਤੇ ਮੇਰੇ ਸੁਨਣ ਵਾਲੇ ਮੈਨੂੰ ਤੇ ਮੇਰੇ ਸੰਗੀਤਕਾਰਾਂ ਨੂੰ ਕੋਈ ਪੈਸਾ-ਧੇਲਾ ਨਹੀਂ ਦੇਵਾਂਗਾ, ਬੱਸ ਤੁਸੀਂ ਮੇਰਾ ਤੇ ਮੇਰਾ ਸੰਗੀਤਕਾਰਾਂ ਦਾ ਤਾੜੀਆਂ ਨਾਲ ਸਾਥ ਦਿਓ.....
(ਪਹਿਰ ਦੇ ਤੜਕੇ ਤੱਕ ਸਭ ਲੋਕ ਗੀਤਕਾਰਾਂ ਦਾ ਅਨੰਦ ਮਾਣਦੇ ਰਹੇ)
                     ਤੇਰੀਆਂ ਯਾਦਾਂ ਤੇ ਨੀ, ਮੈਂ ਗੀਤ ਬਣਾਇਆ, 
                     ਲਿੱਖ-ਲਿੱਖ ਅੱਖਰ ਗੀਤ ਮੈਂ ਗਾਈਆ।
                     ਅੱਧੀ-ਅੱਧੀ ਰਾਤ ਮੈਂ ਉਠ-ਉਠ ਰੋਇਆ, 
                     ਤੇਰੀ ਯਾਦਾਂ ਨੂੰ ਇੱਕ ਲੜੀ 'ਚ' ਪਰੋਇਆ......
"ਬਹੁਤੀ ਬਿਤੀ ਥੋੜੀ ਰਹਿ ਗਈ, ਛਿਣ ਛਿਣ ਰਹੀ ਵਿਆ, ਜਿਹੜੀ ਰਹਿ ਗਈ ਉਹ ਵੀ ਕੱਢ ਲੈ, ਆਪਣੇ-ਆਪ ਨੂੰ ਦਾਗ ਨਾ ਲਾ "।

(ਇਹ ਗੱਲ ਸੁਣਦੇ ਸਾਰ ਹੀ ਰਾਜਕੁਮਾਰੀ ਕੁਰਸੀ ਤੋਂ ਉਠੀ, ਉਸ ਨੇ ਆਪਣੇ ਗਲੇ ਦਾ ਹਾਰ ਗਾਉਣ ਵਾਲੀਆਂ ਨੂੰ ਦੇ ਦਿੱਤਾ, ਰਾਜਕੁਮਾਰ ਦੀ ਜੇਬ ਵਿੱਚ ਵੀ ਜਿੰਨੇ ਪੈਸੇ ਸੀ ਅਤੇ ਉਸ ਕੋਲ  ਜਿੰਨਾ ਕਿਮਤੀ ਸਮਾਨ ਸੀ ਉਹ ਸਾਰਾ ਗਾਇਕਾਂ ਨੂੰ ਦੇ ਦਿੱਤਾ, ਰਾਜਾ ਚੁੱਪ ਬੈਠਾ ਰਿਹਾ, ਸਾਰੇ ਸੰਗੀਤ ਸੁਣਦੇ ਰਹੇ, ਸਵੇਰਾ ਹੋਈ ਤਾਂ ਸੰਗੀਤ ਬੰਦ ਹੋ ਗਿਆ) 

(ਰਾਜ ਦਰਬਾਰ ਵਿੱਚ ਸੁੰਨਸਾਨ ਛਈ ਹੋਈ ਹੈ--ਰਾਜੇ ਦੇ ਲੜਕੇ ਨੂੰ ਸਿਪਾਹੀ ਰਾਜੇ ਅੱਗੇ ਫੜ ਕੇ ਖੜੇ ਹਨ)

ਰਾਜਾ (ਰਾਜਕੁਮਾਰ ਨੂੰ )   "ਤੂੰ  ਨਿਯਮ ਦੀ ਉਲਾਂਗਣਾ ਕਿਉਂ ਕੀਤੀ ਹੈ "।

ਰਾਜਕੁਮਾਰ " ਪਿਤਾ ਜੀ ਇਹਨਾਂ ਦੀ ਗੱਲ ਦੀ ਕੋਈ ਕੀਮਤ ਨਹੀਂ, ਅੱਜ ਰਾਤ ਮੈਂ ਤਹਾਨੂੰ ਮਾਰ ਕੇ ਰਾਜ ਗੱਦੀ ਤੇ ਬੈਠਣ ਵਾਲਾ ਸੀ ਕਿ ਇਹਨਾ ਦੀ ਗੱਲ ਸੁਣ ਕੇ ਮੈਂ ਮਨ ਨੂੰ ਸਮਝਾਇਆ ਕਿ ਤੁਹਾਡੀ ਉਮਰ ਤਾਂ ਥੋੜੀ ਰਹਿ ਗਈ ਬਾਅਦ ਵਿੱਚ ਰਾਜ ਮੈਨੂੰ ਹੀ ਮਿਲਣਾ"।

'ਲੇਕਿਨ ਜੋ ਤੁਸੀਂ ਸਜਾ ਦਿੰਦੇ ਹੋ ਮੈਂ ਉਹ ਖੁਸ਼ੀ ਨਾਲ ਸਵੀਕਾਰ ਕਰ ਲਵਾਂਗਾ ਨਹੀਂ ਤੇ ਮੇਰੇ ਉੱਪਰ ਦਾਗ ਲੱਗ ਜਾਣਾ ਸੀ ਕਿ ਬਾਪ ਨੂੰ ਮਾਰ ਕੇ ਰਾਜ ਗੱਦੀ ਤੇ ਬੈਠਾ ਹਾਂ"।

ਰਾਜਾ -"ਹੁਣ ਮੇਰੀ ਲੜਕੀ ਪਾਲੀ ਨੂੰ ਬੁਲਿਆ ਜਾਵੇ"।
(ਦਾਸੀਆਂ ਲੜਕੀ ਪਾਲੀ ਨੂੰ ਰਾਜੇ ਅੱਗੇ ਪੇਸ਼ ਕਰਦਿਆਂ ਹਨ) 

ਰਾਜਾ - "ਪਾਲੀ ਤੂੰ ਕੀਮਤੀ ਹਾਰ ਕਿਉ ਦਿੱਤਾ " ਲੜਕੀ ਨੇ ਜਵਾਬ ਦਿੱਤਾ ਪਿਤਾ ਜੀ "ਜਿੱਥੇ ਤੁਸੀਂ ਮੇਰਾ ਮੰਗਣਾ ਕੀਤਾ ਹੈ ਅੱਜ ਰਾਤ ਮੇਰਾ ਇਹ ਇਰਾਦਾ ਸੀ ਮੈਂ ਭੱਜ ਕੇ ਉੱਥੇ ਚਲੀ ਜਾਣਾ ਸੀ ਇਹਨਾਂ ਦੀ ਗੱਲ ਸੁਣ ਮਨ ਵਿੱਚ ਸੋਚਿਆ  ਕਿ ਹੁਣ ਤਾਂ ਥੋੜ੍ਹਾ ਸਮਾਂ ਹੈ ਵਿਆਹ ਲਈ ਜੇ ਮੈਂ ਚਲੇ ਜਾਂਦੀ ਮੈਨੂੰ ਦਾਗ ਲੱਗਣਾ ਸੀ, ਮੇਰੇ ਭਰਾ ਨੂੰ ਦਾਗ ਲੱਗਣਾ ਸੀ ਅਤੇ ਤੁਹਾਡੀ ਪੱਗ ਨੂੰ ਦਾਗ ਲੱਗਣਾ ਸੀ"।

ਰਾਜਾ - "ਮਹਾਮੰਤਰੀ, ਗਾਇਕ ਨੂੰ ਵੀ ਮੇਰੇ ਦਰਬਾਰ ਵਿੱਚ ਪੇਸ਼ ਕਰੋ, 
(ਮਹਾਮੰਤਰੀ ਫਨਕਾਰਾਂ ਨੂੰ ਫੜ ਕੇ ਰਾਜੇ ਅੱਗੇ ਲਿਆਉਂਦੇ ਹਨ)
ਰਾਜਾ -"ਤੇਰੇ ਤੇ ਇਹਨਾਂ ਨੇ ਇੰਨੀ ਹਮਦਰਦੀ ਕਿਓ ਵਿਖਾਈ, ਤੂੰ ਕੀ ਕਹਿਣਾ ਚਾਹੁੰਦਾ ਹੈ"।

ਗਾਇਕ - "ਬਹੁਤੀ ਬਿਤੀ ਥੋੜੀ ਰਹਿ ਗਈ, ਛਿਣ ਛਿਣ ਰਹੀ ਵਿਆ, ਜਿਹੜੀ ਰਹਿ ਗਈ ਉਹ ਵੀ ਕੱਢ ਲੈ, ਆਪਣੇ-ਆਪ ਨੂੰ ਦਾਗ ਨਾ ਲਾ, ਮਹਾਰਾਜ ਕਿਉਂਕਿ ਸਾਡੇ ਤਪਲੇ ਵਾਲੇ ਨੂੰ ਨੀਂਦ ਆਉਣ ਲੱਗ ਪਈ ਸੀ, ਸੰਗੀਤ ਦਾ ਜੋਸ਼ ਮੱਠਾ ਹੋਣ ਲੱਗ ਪਿਆ ਸੀ, ਮੈਨੂੰ ਇਹ ਡਰ ਹੋ ਗਿਆ ਕਿ ਅਸੀਂ ਰਾਜੇ ਦੀ ਸਜਾ ਦੇ ਭਾਗੀਦਾਰ ਨਾ ਬਣ ਜਾਈਏ , ਮੈ ਆਪਣੇ ਤਪਲੇ ਵਾਲੇ ਨੂੰ ਗਾਉਂਦਾ ਸਮੇਂ ਸਿੱਧਾ ਸਭ ਦੇ ਸਾਹਮਣੇ ਨਹੀਂ ਕਹਿ  ਸਕਦਾ ਸੀ ਮੈਂ ਗਾਉਂਦੇ ਹੋਏ ਉਸਨੂੰ ਸਮਝਾਇਆ , ਮੈਂ ਤਾਂ ਇਹ ਸਤਰਾਂ ਤਪਲੇ ਵਾਲੇ ਨੂੰ ਇਸ ਕਰਕੇ, ਇਹ ਕਹੀਆਂ ਸਨ "।

"ਬਹੁਤੀ ਬਿਤੀ ਥੋੜੀ ਰਹਿ ਗਈ, ਛਿਣ ਛਿਣ ਰਹੀ ਵਿਆ, ਜਿਹੜੀ ਰਹਿ ਗਈ ਉਹ ਵੀ ਕੱਢ ਲੈ, ਆਪਣੇ-ਆਪ ਨੂੰ ਦਾਗ ਨਾ ਲਾ......
ਭਾਵ ਹੈ ਕਿ- ਰਾਤ ਬਹੁਤ ਬੀਤ ਗਈ ਹੈ, ਥੋੜੀ-ਥੋੜ੍ਹੀ ਕਰਕੇ ਬੀਤ ਰਹਿ ਹੈ, ਸੰਗੀਤ ਮੱਠਾ ਹੋ ਗਿਆ ਤਾਂ ਸਾਨੂੰ ਦਾਗ ਲੱਗ ਜਾਵੇਗਾ।"

ਰਾਜਾ - "ਮਹਾਮੰਤਰੀ ਮੇਰਾ ਇਹ ਹੁਕਮ ਹੈ ਕਿ ਤੁਸੀਂ ਇਹਨਾਂ ਫਨਕਾਰਾਂ ਨੂੰ ਹੀਰੇ-ਮੋਤੀ ਅਤੇ ਕੁਝ ਹੋਰ ਵਾਜਬ ਇਨਾਮ ਦੇ ਦਿਓ, ਮੈਂ ਇਹ ਸਾਰੀ ਆਵਾਮ 'ਚ ਐਲਾਨ ਕਰਦਾ ਹਾਂ ਕੇ ਅੱਜ ਤੋਂ ਮੇਰਾ ਪੁੱਤਰ ਰਾਜ ਗੱਦੀ ਦਾ ਅਹੁਦਾ ਸੰਭਾਲੇਗਾ।"

ਬੰਤੋ ਇਹ ਸਭ ਸੁਣ ਤੋਂ ਬਾਅਦ ਆਪਣੇ ਸਹੁਰੇ ਘਰ ਵਾਪਸ ਪਰਤ ਗਈ ਉਸ ਦੇ ਪਤੀ ਨੇ ਉਸ ਨੂੰ ਕੁਝ ਨਾ ਕਿਹਾ, ਜੋ ਸਾਲਾਂ ਤੋਂ ਇੰਤਜਾਰ ਕਰਦਾ ਸੀ ਬੰਤੋ ਨੇ ਆਪਣੇ ਸੱਸ ਸਹੁਰੇ ਨੂੰ ਕਿਹਾ "ਤਕਰਾਰ ਤਾਂ ਦੋਵਾਂ ਪਰਿਵਾਰਾਂ ਵਿੱਚ ਹਨ ਮੇਰਾ ਤੇ ਮੇਰੇ ਘਰਵਾਲੇ ਦਾ ਕੋਈ ਝਗੜਾ ਹੀ ਨਹੀਂ।"

ਸੰਦੀਪ ਕੁਮਾਰ ਨਰ (ਐਮ.ਏ- ਥਿਏਟਰ ਐਂਡ ਟੈਲੀਵਿਜ਼ਨ )
ਸ਼ਹਿਰ- ਬਲਾਚੌਰ (ਸ਼ਹੀਦ ਭਗਤ ਸਿੰਘ ਨਗਰ )

ਮੋਬਾਈਲ -9041543692

27 Dec 2017

ਅਜ਼ਲਾਂ ਤੋਂ ਚੁੱਪ (ਹਾਇਬਨ) Audio

                     
                      ਲਿਖਤ ਤੇ ਆਵਾਜ਼ : ਡਾ. ਹਰਦੀਪ ਕੌਰ ਸੰਧੂ / (ਕਹਾਣੀ ਨਹੀਂ, ਕਿਸੇ ਦੀ ਹੱਡਬੀਤੀ ਸੱਚੇ ਤੱਥਾਂ 'ਤੇ ਅਧਾਰਿਤ)

ਸੇਕ ( ਮਿੰਨੀ ਕਹਾਣੀ )

ਮਾਸਟਰ ਸੁਖਵਿੰਦਰ ਦਾਨਗੜ੍ਹ's profile photo, Image may contain: 1 personਰਾਜਕਮਲ ਨੂੰ ਗੀਤ ਲਿਖਣ ਦਾ ਬਹੁਤ ਸ਼ੌਕ ਸੀ । ੳੁਸ ਦੇ ਗੀਤ ਬਹੁਤ ਸਾਰੇ ਕਲਾਕਾਰਾਂ ਨੇ ਗਾਏ ਵੀ ਸਨ । ਅੱਜ ਰਾਜਕਮਲ ਜਦੋਂ ਘਰ ਅਾਇਅਾ ਤਾਂ ੳੁਸ ਦੇ ਪੈਰ ਧਰਤੀ `ਤੇ ਨਹੀਂ ਲੱਗ ਰਹੇ ਸਨ । ਅਾੳੁਂਣ ਸਾਰ ੳੁਹ ਅਾਪਣੀ ਮਾਂ ਨੂੰ ਜੱਫੀ 'ਚ ਲੈ ਕੇ ਕਹਿਣ ਲੱਗਾ , 
 " ਮਾਂ, ਅੱਜ ਜਾਗੀ ਐ ਤੇਰੇ ਪੁੱਤ ਦੀ ਕਿਸਮਤ, ਇੱਕ ਗੀਤ ਬਹੁਤ ਹੀ ਮਸ਼ਹੂਰ ਗਾਇਕ ਨੂੰ ਪਸੰਦ ਅਾ ਗਿਐ, ਹੁਣ ਤਾਂ ਮੇਰਾ ਨਾਂ ਪੂਰੀ ਦੁਨੀਅਾਂ ਵਿੱਚ ਛਾਅ ਜਾਣੈ ।" ਇਹ ਸੁਣ ਕੇ ਕੋਲ ਖੜ੍ਹੀ ਉਸ ਦੀ ਭੈਣ ਸੰਮੀ ਨੂੰ ਵੀ ਚਾਅ ਚੜ੍ਹ ਗਿਆ ੳੁਹ ਰਾਜ ਨੂੰ ਕਹਿਣ ਲੱਗੀ,           
" ਵਾਹ ! ਮੁਬਾਰਕਾਂ ਵੀਰੇ , ਲੱਖ- ਲੱਖ ਸ਼ੁਕਰ ਐ ਦਾਤੇ ਦਾ , ਕਿਹੜਾ ਗੀਤ ਪਸੰਦ ਅਾਇਅੈ ? "
 ਭੈਣ ਦੇ ਪੁੱਛੇ ਸਵਾਲ ਨੇ ਰਾਜ ਨੂੰ ਧੁਰ ਅੰਦਰ ਤੱਕ ਸੇਕ ਦਿੱਤਾ ਕਿਉਂਕਿ ਉਹ ਗੀਤ ਪਰਿਵਾਰਿਕ  ਨਹੀਂ ਸੀ ।
  
ਮਾਸਟਰ ਸੁਖਵਿੰਦਰ ਦਾਨਗੜ੍ਹ

25 Dec 2017

ਅਜ਼ਲਾਂ ਤੋਂ ਚੁੱਪ (ਹਾਇਬਨ)

Image result for clouds stars and half moon with blue light
ਅਜ਼ਲਾਂ ਤੋਂ ਚੁੱਪ (ਹਾਇਬਨ)
ਰਾਤ ਦਾ ਪਿਛਲਾ ਪਹਿਰ ਸੀ। ਪੂਰਣ ਟਿਕਾਉ ਦਾ ਵੇਲ਼ਾ। ਤਾਰਿਆਂ ਭਰੀ ਚੰਗੇਰ ਦੇ ਐਨ ਵਿਚਕਾਰ ਝਾਤੀਆਂ ਮਾਰ ਰਿਹਾ ਸੀ ਅੰਬਰੀਂ ਚੰਨ। ਕਿਤੇ ਵੀ ਕੋਈ ਹਿੱਲ ਜੁਲ ਨਹੀਂ ਹੋ ਰਹੀ ਸੀ ਪਰ ਡੂੰਘੀ ਨੀਲੀ ਚੰਨ ਚਾਨਣੀ ਰੁੱਖਾਂ ਵਿੱਚੋਂ ਚੁੱਪ ਚੁਪੀਤੇ ਝਰ ਰਹੀ ਸੀ। ਅੱਜ ਫੇਰ ਮੇਰੀ ਨੀਂਦ ਉਖੜ ਗਈ ਸੀ ਤੇ ਮੈਂ ਉੱਠ ਕੇ ਕਮਰੇ ' ਪਈ ਵੱਡੀ ਅਰਾਮ ਕੁਰਸੀ 'ਤੇ ਜਾ ਬੈਠਾ। ਕਮਰੇ ਦੀ ਖਿੜਕੀ 'ਚੋਂ ਬਾਹਰ ਨਿਗ੍ਹਾ ਮਾਰਦਿਆਂ ਮੈਨੂੰ ਇਓਂ ਲੱਗਾ ਕਿ ਜਿਵੇਂ ਉਚੇ ਬਿਰਖ ਅਨੰਤ ਕਾਲ ਤੋਂ ਏਥੇ ਖਲੋਤੇ ਹੋਣ ਤੇ ਇਓਂ ਹੀ ਖੜ੍ਹੇ ਰਹਿਣਗੇ ਅਡੋਲ ਤੇ ਅਝੁੱਕ। 
      ਸ਼ਾਂਤੀ ਨਾਲ ਭਰੇ ਉਸ ਕਮਰੇ ' ਹੁਣ ਸਿਰਫ਼ ਵੱਡੀ ਸਾਰੀ ਕੰਧ ਘੜੀ ਦੀ ਟਿਕ ਟਿਕ ਦੀ ਆਵਾਜ਼ ਰਹੀ ਸੀ। ਹੁਣ ਮੈਂ ਕਦੇ ਸਾਹਮਣੇ ਕੰਧ 'ਤੇ ਲਟਕਦੀ ਤਸਵੀਰ ਵੱਲ ਤੇ ਕਦੇ ਆਪਣੀ ਹਮਸਫ਼ਰ ਵੱਲ ਵੇਖਦਾ ਮਨ ਦੀਆਂ ਭਟਕਣਾਂ ਨੂੰ ਟਿਕਾਉਣ ਦੇ ਆਹਰ ' ਸਾਂ ਪਰ ਉਹ ਦੋਵੇਂ ਤਾਂ ਜਿਵੇਂ ਅਜ਼ਲਾਂ ਤੋਂ ਡੂੰਘੀ ਚੁੱਪ ਧਾਰੀ ਬੈਠੀਆਂ ਸਨ। ਤਸਵੀਰ ਦੀ ਚੁੱਪ ਤਾਂ ਕੁਦਰਤੀ ਹੁੰਦੀ ਹੈ ਪਰ ਮੇਰੀ ਸੱਜਣੀ ਦੀ ਚੁੱਪ ਦਾ ਮੈਂ ਕੀ ਕਰਾਂ ਜਿਸ ਨੇ ਕਦੋਂ ਦਾ ਹਵਾ ਦੇ ਬੁੱਲਿਆਂ ਸੰਗ ਆਜ਼ਾਦ ਵਹਿਣਾ ਛੱਡ ਦਿੱਤਾ ਸੀ। ਆਪਣੀ ਏਸ ਚੁੱਪੀ ਲਈ ਉਹ ਬੇਵੱਸ ਸੀ ਤੇ ਸ਼ਾਇਦ ਬਹੁਤ ਹੀ ਮਜਬੂਰ। 
      ਪਲ ਪਲ ਛਿਣ ਛਿਣ ਸਮਾਂ ਬੀਤ ਰਿਹਾ ਸੀ ਤੇ ਮੇਰੇ ਦਿਲ ਦੀ ਧੱਕ ਧੱਕ ਓਸ ਘੜੀ ਦੀ ਟਿਕ ਟਿਕ ਨਾਲ਼ ਤਾਲ ਮਿਲਾਉਣ ਦੀ ਅਸਫਲ ਕੋਸ਼ਿਸ਼ ਕਰ ਰਹੀ ਸੀ। ਅਛੋਪਲੇ ਹੀ ਮੈਂ ਆਪਣੇ ਜੀਵਨ ਸਫ਼ਰ ਦੀਆਂ ਪੱਗਡੰਡੀਆਂ 'ਤੇ ਪਾਈਆਂ ਪੈੜਾਂ ' ਪੈਰ ਧਰ ਆਪਣੀ ਸਾਥਣ ਦੇ ਨਾਲ ਹੋ ਤੁਰਿਆ ਸੀ। ਲੱਗਭੱਗ ਅੱਧੀ ਸਦੀ ਪਹਿਲਾਂ ਅਸਾਂ ਰਲ਼ ਏਸ ਸਫ਼ਰ ਦਾ ਆਰੰਭ ਕੀਤਾ ਸੀ ਇੱਕ ਦੂਜੇ ਪ੍ਰਤੀ ਉਪਜੇ ਵਿਚਾਰਾਂ ਦੀ ਸੁੱਚਮਤਾ ' ਸਫ਼ਰ ਦੀ ਰੰਗਤ ਨੂੰ ਮਾਣਦਿਆਂ। ਪਰ ਮੇਰਾ ਆਪਾ ਸਦਾ ਹੀ ਇਨਕਾਰੀ ਰਿਹਾ ਸੀ ਹੋਸ਼ ਲੁਪਤ ਕਰਨ ਵਾਲੇ ਦ੍ਰਵ ਦੀ ਰੰਗਤ ਤੋਂ  ਮੈਂ ਅਟਕ ਗਿਆ ਸੀ ਓਨਾ ਪਲਾਂ ' ਜਦ ਇੱਕ ਸ਼ਾਮ ਨੂੰ ਹਾਣੀਆਂ ਦੀ ਢਾਣੀ ਦੇ ਰੰਗ ਮਾਣਦਿਆਂ ਉਸ ਨੇ ਮੈਨੂੰ ਉਨ੍ਹਾਂ ਸੰਗ ਜਾ ਰਲਣ ਦਾ ਇਸ਼ਾਰਾ ਕੀਤਾ ਸੀ। ਮੇਰੇ ਅਸਵੀਕਾਰ ਕਰਨ 'ਤੇ ਉਸ ਨੇ ਮੈਨੂੰ ਆਪਣੇ ਕਲਾਵੇ ' ਲੈ ਲਿਆ ਸੀ। ਉਹ ਅਣਕਹੇ ਅਹਿਸਾਸ ਹੁਣ ਕਿਧਰੇ ਅਣਫ਼ਰੋਲੇ ਹੀ ਰਹਿ ਗਏ। 
            ਜੀਵਨ ਸਫ਼ਰ ਦੇ ਅਗੰਮੀ ਪੈਂਡਿਆਂ ਨੂੰ ਸਿੰਜਦਿਆਂ ਦੋਹਾਂ ਰੂਹਾਂ ਨੇ ਰਲ਼ ਉਗਾਈ ਸੀ ਸੁਖਨ ਪਲਾਂ ਦੀ ਰਹਿਤਲ। ਮੇਰੀ ਹਾਨਣ ਆਪਣੇ ਜੀਵਨ ' ਸੀ ਬਹੁਤ ਹੀ ਸਾਤਵਿਕ ਚਿੱਤ। ਸੇਵਾ ਭਾਵ ਦੀ ਮੂਰਤ ਤੇ ਸਹਿਜ ਸੁਭਾਅ। ਨਾ ਕ੍ਰੋਧ ਨਾ ਹੰਕਾਰ ਬੱਸ ਅਥਾਹ ਪਿਆਰ। ਨਾਨਕ ਨਾਮ ਲੇਵਾ ਕੰਠ ਬਾਣੀਆਂ ਦੀ ਨਿੱਤ ਸੇਵਾ। ਇੱਕ ਦੂਜੇ ਨਾ ਕਦੇ ਕੀਤਾ ਗ਼ੁੱਸਾ ਗਿਲਾ ਬੱਸ ਸਰਬ ਸੁਖਨ ਦਾ ਬੇਰੋਕ ਸਿਲਸਿਲਾ। 
     ਕਹਿੰਦੇ ਨੇ ਕਿ ਜੀਵਨ ਨੂੰ ਸਮੁੱਚੇ ਰੂਪ ' ਸਮਝਣਾ ਬੜੀ ਵਿੰਡਬਣਾ ਹੈ ਤੇ ਹਾਜ਼ਰੀ ਦਾ ਮੁੱਲ ਜਾਨਣ ਲਈ ਗ਼ੈਰਹਾਜ਼ਰੀ ਲਾਜ਼ਮੀ ਹੈ। ਮੇਰੇ ਕੋਲ਼ ਉਹ ਹਾਜ਼ਰ ਹੋ ਕੇ ਵੀ ਗ਼ੈਰਹਾਜ਼ਰ ਸੀ ਕਿਸੇ ਗੰਭੀਰ ਰੋਗ ਕਾਰਨ ਚੇਤਨਾ ਤੰਤੂਆਂ ਦੀਆਂ ਗੁੰਝਲਾਂ ਨੇ ਉਸ ਦੀ ਚੇਤਨਤਾਈ ਦੇ ਰੰਗ ਮਾਂਦੇ ਪਾ ਦਿੱਤੇ ਸਨ ਉਹ ਹਰ ਵੇਲ਼ੇ ਚੁੱਪ ਰਹਿਣ ਲੱਗੀ ਤੇ ਭੁੱਖ ਮਰ ਗਈ। ਨਜ਼ਰ ਵੀ ਕੇਵਲ ਸੁਰੰਗ ਦ੍ਰਿਸ਼ ਵਾਲ਼ੀ ਰਹਿ ਗਈ ਤੇ ਚੱਲਣ ਫਿਰਨੋਂ ਵੀ ਹੌਲ਼ੀ ਹੌਲ਼ੀ ਰਹਿੰਦੀ ਗਈ। ਜੱਦੀ ਘਰ ਨੂੰ ਯਾਦ ਕਰਦੀ ਵਿੱਚੇ ਵਿੱਚ ਘੁਲ਼ਦੀ ਹੁਣ ਉਹ ਸਭ ਕੁਝ ਭੁੱਲ ਚੁੱਕੀ ਸੀ ਤੇ ਸਾਨੂੰ ਸਾਰਿਆਂ ਨੂੰ ਵੀ ਕਦੇ ਕਦੇ ਮੈਥੋਂ ਹੀ ਮੇਰੇ ਬਾਰੇ ਪੁੱਛ ਲੈਂਦੀ, "ਤੁਸੀਂ ਕੌਣ ਹੋ?" ਮੈਂ ਵੀ ਉਦਾਸ ਚਿੱਤ ਕਹਿ ਦਿੰਦਾ, "ਤੁਹਾਡਾ ਪਾਪਾ।" ਘਰ ' ਸਾਰੇ ਮੈਨੂੰ ਪਾਪਾ ਜੋ ਕਹਿੰਦੇ ਨੇ। ਬੱਸ ਹੁਣ ਉਸ ਨੂੰ ਇਹੋ ਯਾਦ ਸੀ ਉਸ ਦੀ ਅਜਿਹੀ ਅਵਸਥਾ ਮੇਰੀ ਜ਼ਿੰਦਗੀ ਦੀ ਧਾਰਾ ਹੀ ਬਦਲ ਗਈ। ਹੁਣ ਮੇਰਾ ਮਨ ਉਸ ਪ੍ਰਤੀ ਹੋਰ ਵਧੇਰੇ ਦਇਆਵਾਨ ਤੇ ਸ਼ਰਧਾਲੂ ਹੋ ਗਿਆ ਸੀ। ਉਸ ਦੀ ਮਨ ਨਾਲ ਸੇਵਾ ਕਰਨਾ ਹੀ ਮੇਰੀ ਤੀਰਥ ਯਾਤਰਾ ਹੈ ਮਨ ਦੀ ਖੁਸ਼ੀ ਤੇ ਸਕੂਨ ਵੀ। 
       ਕਹਿੰਦੇ ਨੇ ਕਿ ਜਦੋਂ ਕਿਸੇ ਆਪਣੇ ਦੇ ਮੋਹਵੰਤੇ ਬੋਲ ਤੁਹਾਨੂੰ ਸਦੀਵੀ ਅਲਵਿਦਾ ਕਹਿ ਜਾਣ ਤਾਂ ਤਾਉਮਰ ਕੰਨ ਤਰਸਣੀ ਹੰਢਾਉਂਦੇ ਨੇ। ਉਹ ਆਪਣੀ ਚੁੱਪ ਸਮਾਧੀ 'ਚੋਂ ਕਦੇ ਬਾਹਰ ਹੀ ਨਹੀਂ ਆਈ। ਹੁਣ ਮੈਂ ਉਸ ਦੀ ਨਿਗ੍ਹਾ ਰਾਹੀਂ 'ਇੱਕ' ਸ਼ਬਦ ਸੁਣਨਾ ਲੋਚਦਾ ਹਾਂ ਕਦੇ ਕਦੇ ਉਸ ਦੇ ਨਿਰਬਲ ਕੰਬਦੇ ਹੱਥਾਂ ਨੂੰ ਆਪਣੇ ਹੱਥਾਂ ' ਪਲੋਸ ਚਿਤਵਦਾ ਹਾਂ ,"ਛੋਟੇ ਹੱਥਾਂ ਦੀਆਂ ਵੱਡੀਆਂ ਬਰਕਤਾਂ।" ਤੇ ਬਰਕਤਾਂ ਵਾਲ਼ੇ ਹੱਥ ਮੇਰੇ ਤਿੱਪ ਤਿੱਪ ਵਹਿੰਦੇ ਹੰਝੂਆਂ ਨਾਲ ਭਿੱਜ ਜਾਂਦੇ ਨੇ। ਉਹ ਤਸਵੀਰ ਬਣ ਕੇ ਮੇਰੇ ਅੰਗ ਸੰਗ ਰਹਿੰਦੀ ਹੈ।ਉਸ ਦੀ ਆਤਮਾ ਨਾਲ ਮੇਰੀ ਅਨਿੱਖੜ ਅਪਣੱਤ ਤੇ ਸਾਂਝ ਹੈ। ਮੈਨੂੰ ਇੰਝ ਲੱਗਦੈ ਕਿ ਉਹ ਵੀ ਆਪਣੀ ਰੂਹ ਦਾ ਆਪਾ ਮੇਰੇ ਸਾਹਵੇਂ ਵਿਛਾਉਣ ਲਈ ਸਦਾ ਤੱਤਪਰ ਰਹਿੰਦੀ ਏ। ਉਸ ਦੀਆਂ ਸੁੰਨੀਆਂ ਅੱਖਾਂ ਦੇ ਅਣਕਹੇ ਬੋਲਾਂ ਨੂੰ ਨਿੱਤ ਕੋਰੇ ਪੰਨਿਆਂ 'ਤੇ ਉਤਾਰਦਾ ਹਾਂ  ਰੱਬ ਕਰੇ ਉਹ ਤਸਵੀਰ ਕਦੇ ਫਿਰ ਤੋਂ ਬੋਲਣ ਲੱਗ ਪਵੇ। 
        ਮੇਰੀ ਨਿਗ੍ਹਾ ਕਮਰੇ ' ਇੱਕ ਵਾਰ ਫੇਰ ਘੁੰਮਦੀ ਮੇਰੇ ਆਪਣੇ ਚੰਦ 'ਤੇ ਰੁਕਦੀ ਹੈ। ਉਸੇ ਤੋਂ ਨੇ ਮੇਰੀਆਂ ਰੌਸ਼ਨ ਰਾਹਵਾਂ ਤੇ ਓਹੀਓ ਹੈ ਮੇਰੀ ਰੂਹ ਦਾ ਪਰਛਾਵਾਂ। ਉਹ ਮੇਰੇ ਨਾਲ ਅਮੁੱਕ ਗੱਲਾਂ ਕਰਦੀ ਹੈ ਤੇ ਮੇਰੀ ਹਰ ਗੱਲ ਦਾ ਭਰਦੀ ਏ ਨਿੱਘਾ ਮੂਕ ਹੁੰਗਾਰਾ। ਚੁੱਪ ਸਮਾਧੀ ' ਬੈਠੀ ਵੀ ਉਹ ਹੁੰਦੀ ਮੇਰੇ ਨਿੱਤ ਰੂਬਰੂ, "ਇੱਕ ਵਾਰ ਜੇ ਮੇਰੀ ਸੁਣ ਉਹ ਲੈਂਦਾ।ਮੈਂ ਅੱਖਾਂ ਨਾਲ ਚੁੰਮਦੀ,ਸਜ਼ਾ ਉਹ ਦੇਂਦਾ।ਦੂਰ ਦੁਮੇਲ ਚਾਂਦੀ ਰੰਗਾ ਚੰਦ ਖੁੱਲ੍ਹੇ ਅੰਬਰ ਨਾਲ ਇੱਕ -ਮਿੱਕ ਹੋਇਆ ਘੂਕ ਸੁੱਤਾ ਪਿਆ ਜਾਪ ਰਿਹਾ ਸੀ ਪਰ ਮੇਰੀ ਬੁੱਕਲ ਦਾ ਚੰਦ ਮੇਰੇ ਸਾਹਵੇਂ ਜ਼ਰਦ ਪੀਲ਼ਾ ਹੁੰਦਾ ਦਿਨੋਂ ਦਿਨ ਮੱਧਮ ਪੈ ਰਿਹਾ ਸੀ। 
ਕਾਲਾ ਪ੍ਰਛਾਵਾਂ 
ਘੱਟ ਘੱਟ ਬਿਨਸੈ 
ਮੱਧਮ ਚੰਦ 

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 440 ਵਾਰ ਪੜ੍ਹੀ ਗਈ ਹੈ। 
  ਲਿੰਕ 1                 

24 Dec 2017

ਸ਼ਹਾਦਤ

ਕਲਮ ਜਦ ਫੜੀ ਕਿ ਲਿਖਾਂ ਕੁਝ ਸ਼ਹਾਦਤ 'ਤੇ ।

ਰੀਝ ਸੀ ਕਿ ਚਿਰਾਂ ਤੋਂ ਲਿਖਾਂ ਕੁਝ ਇਬਾਦਤ 'ਤੇ ।


ਫਿਰ ਮਨ 'ਚ ਖਿਆਲ ਆਇਆ ,ਛੋਟੇ ਛੋਟੇ ਬੱਚਿਆਂ  ਦਾ ।

ਉਮਰ ਨਿਆਣੀ ਸੀ ਗੀ ਓਹਨਾਂ  ਮਨ ਦੇ ਸੱਚਿਆਂ ਦਾ ।


ਲਾਡਲੇ ਸੀ ਗੋਬਿੰਦ ਦੇ , ਮਾਂ ਗੁਜਰੀ ਦੇ ਲਾਲ ਜੀ ।

ਪਾਲੇ ਸੀ ਲਾਲ ਦੁਲਾਰੇ ,ਦੁੱਧ ਮੱਖਣਾ ਦੇ ਨਾਲ ਜੀ ।


ਗੰਗੂ ਨੇ ਧ੍ਰੋਹ ਕਮਾਇਆ ,ਲੋਭੀ ਸੀ ਹੋ ਗਿਆ ।

ਮੱਤ  ਓਹਦੀ ਮਾਰੀ ਗਈ ,ਮੱਤੋਂ  ਹੌਲਾ ਹੋ ਗਿਆ ।


ਚੰਦ ਸਿੱਕਿਆਂ ਦਾ ਲੋਭੀ ,ਮੱਥੇ ਦਾਗ ਐਸਾ ਲਾ ਗਿਆ ।

ਲੂਣ ਹਰਾਮੀ ਬਣ ,     ਕਲੰਕ ਐਸਾ  ਲਾ ਗਿਆ ,


ਪਾਪੀ ਸੁੱਚੇ  ਨੰਦ ਡਾਹਡਾ ਵੈਰ ਸੀ  ਕਮਾਇਆ ।

ਸੂਬਾ ਸਰਹੰਦ ਤਾਂਈ , ਕੰਨ  ਭਰ ਸੀ ਆਇਆ ।


ਸੱਪ ਦੇੇ ਸਪੋਲੀਆ ਨੇ ਐਦਾਂ ਨਹੀਂਓਂ  ਮੰਨਣਾ ।

ਸੁਣਾਓ ਐਸਾ ਫਤਵਾ ਤੁਸੀਂ ਭੁੱਲ ਜਾਣ ਜੰਮਣਾ ।


ਸ਼ੇਰ ਖਾਂ   ਨੇ ਹਾਅ ਦਾ ਨਾਹਰਾ ਐਸਾ  ਮਾਰਿਆ ।

ਇਹਨਾਂ ਮਸੂਮਾਂ ਨੇ ਦੱਸ  ਸਾਡਾ ਕੀ ਵਿਗਾੜਿਆ।


ਗੋਬਿੰਦ  ਦੇ ਲਾਲ  ਸਿਦਕੋਂ ਨਾ  ਡੋਲੇ ਸੀ ।

ਸੂਬੇ ਦੀ ਕਚਿਹਰੀ ਜਾ ਗੱਜ ਫ਼ਤਿਹ ਬੋਲੇ ਸੀ ।


ਸੂਬਿਆ ਓਏ ! ਨਹੀਂਓ  ਈਨ ਤੇਰੀ ਮੰਨਣੀ ।

ਅਣਖ ਤੇ ਗੈਰਤ ਨਾਲ , ਅੜ ਤੇਰੀ ਭੰਨਣੀ ।


ਹੋਵਾਂਗੇ ਸ਼ਹੀਦ ਅਸੀਂ ਧਰਮ ਬਚਾਵਾਂਗੇ ।

ਜਿੰਦ ਆਪਣੀ ਅਸੀਂ ,ਕੌਮ ਲੇਖੇ ਲਾਵਾਂਗੇ ।


ਠੰਡਾ ਬੁਰਜ ਸੀ ਠੰਡੀਆਂ ਪੋਹ ਦੀਆਂ ਰਾਤਾਂ ਸੀ

ਮਾਂ ਗੁਜਰੀ ਸ਼ਹਾਦਤਾਂ ਦੀਆਂ ਸੁਣਾਉਦੀ ਬਾਤਾਂ ਸੀ ।


ਮੋਤੀ  ਮਹਿਰਾ ਪੁੰਨ  ਸੀ ਕਮਾ ਗਿਆ ।

ਪਰਵਾਰ ਤਾਂਈ ਦੁੱਧ ਸੀ ਪਿਆ ਗਿਆ ।


ਦੇਖਿਓ !ਬੱਚਿਓ ਕਿਤੇ ਡੋਲ ਤੁਸੀਂ  ਜਾਇਓ ਨਾ ।

ਦਾਦੇ  ਦੀ ਪੱਗ ਤਾਂਈ  ਦਾਗ ਤੁਸੀਂ  ਲਇਓ ਨਾ ।


ਰੱਖ ਤੂੰ  ਭਰੋਸਾ ,ਇੰਝ ਬੋਲ ਨਾ ਤੂੰ ਅੰਮੀਏ 

ਸਿਦਕੋਂ ਨਹੀਂ ਹਾਰਾਂਗੇ ,ਡੋਲ ਨਾ ਤੂੰ ਅੰਮੀਏ!


ਨਿੱਕੀਆਂ ਸੀ ਜਿੰਦਾਂ  ਸਾਕੇ ਵੱਡੇ  ਕਰ ਗਈਆਂ  ।

ਬਣ ਕੇ ਉਹ ਨੀਂਹ ਪੱਕੀ ਕੌਮ ਖੜੀ ਕਰ ਗਈਆਂ  ।


ਜਿੰਦਾਂ ਭਾਵੇਂ ਨਿੱਕੀਆਂ ਉਮਰਾਂ  ਸੀ  ਕੱਚੀਆਂ ।

ਨਿਰਮਲ ਸੁਣਾ ਚਲੀ  ਗੱਲਾਂ ਉਹ ਸੱਚੀਆਂ।

ਵੱਡੀਆਂ ਸ਼ਹਾਦਤਾਂ ਦਾ ਮੁੱਲ ਟੋਡਰ ਮੱਲ ਪਾ ਗਿਆ ।

ਸਿੱਖ ਕੌਮ  ਦੇ ਦਿਲ ਅੰਦਰ ਥਾਂ  ਆਪਣੀ  ਬਣਾ ਗਿਆ ।


ਦਾਸਤਾਨ  ਏ ਸ਼ਹਾਦਤ ਲੋਕੋ  ਨਾ ਭੁੱਲ  ਜਾਇਓ ।

ਬੱਚਿਆਂ ਨੂੰ ਨਾਲ ਲੈ  ਕੇ ਸਰਹੰਦ  ਵਿਖਾਇਊ ।


       ਨਿਰਮਲ ਕੋਟਲਾ