ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

29 Mar 2015

ਲੰਞੇ ਡੰਗ ਬੱਤੀ (ਚੋਕਾ)

ਲੰਞੇ ਡੰਗ ਹੈ 
ਹੁਣ ਆਉਂਦੀ ਬੱਤੀ
ਸਾਨੂੰ ਬੜਾ ਹੀ 
ਸਤਾਉਂਦੀ ਏ ਬੱਤੀ
ਲੰਮੀ ਫਰਲੋ 
ਜਦ ਮਾਰ ਕੇ ਜਾਂਦੀ
ਥਓ-ਪਤਾ ਨਾ 
ਸਾਨੂੰ ਦੱਸ ਕੇ ਜਾਂਦੀ
ਪੂਰੇ ਵੋਲਟ 
ਇਹ ਕਦੇ ਨਾ ਆਵੇ
ਵਾਂਗ ਦੀਵਿਆਂ 
ਫਿਰ ਲਾਟੂ ਜਗਾਵੇ
ਅਵਾਜ਼ਾਂ ਘੂੰ-ਘੂੰ  
ਸਭ ਪੱਖੇ ਚੱਲਦੇ 
ਫਰ ਭੋਰਾ ਨਾ 
ਕਦੇ ਅੱਗੇ ਹਿੱਲਦੇ 
ਤੇਰਾ ਜਾ-ਜਾ ਕੇ 
ਆਉਣਾ ਨੀ ਅੜਿਆ
ਟੀ.ਵੀ. ਫਰਿੱਜ਼ 
ਵੇਖ ਸਾਡਾ ਸੜਿਆ
ਨਿੱਕੜੇ ਸਾਰੇ 
ਬੰਨ ਕੇ ਦੋਵੇਂ ਹੱਥ
ਆਖਣ ਭਾਈ 
ਨਾ ਲਾਵੋ ਹੁਣ ਕੱਟ
ਕਰਨੀ ਅਸੀਂ 
ਅੱਜ ਖੂਬ ਪੜ੍ਹਾਈ
ਕੱਲ ਨੂੰ ਸਾਡਾ 
ਵੱਡਾ ਪਰਚਾ ਭਾਈ
ਹਾਲ ਏ ਮੰਦਾ 
ਬਿਜਲੀ ਬੋਰਡ ਦਾ 
ਕਰਦੇ ਸਾਰੇ 
ਕੋਈ ਗੋਰਖ ਧੰਦਾ 
ਚਾਰ ਕੁ ਘੰਟੇ 
ਹੁਣ ਬਿਜਲੀ ਆਵੇ
ਸਾਡੀ ਜਾਨ ਨੂੰ 
ਫਿਰ ਸੁੱਕਣੀ ਪਾਵੇ 
ਮੁੜ ਉਹੀਓ 
ਕਾਲੀ -ਬੋਲੀ ਰਾਤ ਏ 
ਨਾ ਮੁੱਕਦੀ ਬਾਤ ਏ ! 

ਵਰਿੰਦਰਜੀਤ ਸਿੰਘ ਬਰਾੜ 
(ਬਰਨਾਲਾ)
ਨੋਟ: ਇਹ ਪੋਸਟ ਹੁਣ ਤੱਕ 31 ਵਾਰ ਪੜ੍ਹੀ ਗਈ। 

27 Mar 2015

ਮੋਹ ਅਕਸ

ਪਿੰਡ ਦੀ ਫਿਰਨੀ ..........ਫਿਰਨੀ 'ਤੇ ਬੱਸ ਅੱਡਾ.........ਜਿਸ ਦੇ ਐਨ ਨੇੜੇ ਸਾਡੀ ਸਰਕਾਰੀ ਰਿਹਾਇਸ਼ ਸੀ। ਘਰ ਦੇ ਮੂਹਰਲੇ ਵਿਹੜੇ 'ਚ ਖੇਡਦਿਆਂ ਅਸੀਂ ਬੱਸਾਂ ਦੇ ਬੋਰਡ ਵੀ ਪੜ੍ਹਦੇ ਰਹਿੰਦੇ। ਸਿਆਲਾਂ ਦੀ ਕੋਸੀ -ਕੋਸੀ ਇੱਕ ਧੁੱਪੇ ਸੇਵੀਆਂ ਵੱਟੀਆਂ ਜਾ ਰਹੀਆਂ ਸਨ। ਮੰਜੇ ਨਾਲ ਫਿੱਟ ਕੀਤੀ ਜਿੰਦੀ ਦੀ ਹੱਥੀ ਫੇਰਨਾ ਪਾਪਾ ਜ਼ਿੰਮੇ ਸੀ ਤੇ ਪੇੜਾ ਪਾਉਂਦਿਆਂ ਵੱਟੀਆਂ ਸੇਵੀਆਂ ਨੂੰ ਤੋੜ -ਤੋੜ ਮੂਧੇ ਮਾਰੇ ਮੰਜੇ 'ਤੇ ਬੰਨੀਆਂ ਰੱਸੀਆਂ 'ਤੇ ਸਲੀਕੇ ਨਾਲ ਪਾਉਣਾ ਮਾਂ ਦੇ ਹਿੱਸੇ ਆਇਆ। ਨਿਰਵਿਘਨ ਕੰਮ ਚਲਾਉਣ ਲਈ ਸਾਨੂੰ ਨਿਆਣਿਆਂ ਨੂੰ ਮੂਹਰਲੇ ਵਿਹੜੇ 'ਚ ਖੇਲਣ ਦੇ ਆਹਰੇ ਲਾ ਦਿੱਤਾ। ਖੇਲਦੇ ਵਕਤ ਜਿਓਂ ਹੀ ਸਾਡੀ ਨਜ਼ਰ ਅੱਡੇ 'ਤੇ ਖੜ੍ਹੀ ਜਗਰਾਵਾਂ ਵਾਲੀ ਬੱਸ 'ਤੇ ਪਈ......ਸਾਡੀ ਅੱਖਾਂ ਦੀ ਚਮਕ ਇੱਕ ਸ਼ਰਾਰਤ ਵਿੱਚ ਵਟ ਗਈ। "ਵੱਡੇ ਮਾਸੀ ਜੀ ਤੇ ਮਾਸੜ ਜੀ ਆਏ ਨੇ," ਮੱਲੋ-ਮੱਲੀ ਨਿਕਲਦੀ ਹਾਸੀ ਨੂੰ ਦਬਾਉਂਦਿਆਂ ਮਾਂ -ਪਾਪਾ ਕੋਲ ਜਾ ਕੇ ਅਸੀਂ ਸਾਰੇ ਇੱਕੋ ਸੁਰ 'ਚ ਬੋਲੇ। ਮਾਸੀ ਜੀ ਹੋਰਾਂ ਨਾਲ ਮਾਂ ਦਾ ਅੰਤਾਂ ਦਾ ਮੋਹ ਏ ........ ਤੇ ਪਾਪਾ ਦੀ ਅਪਣੱਤ ਦੀ ਅਸੀਮਤਾ ਵੀ ਦੇਖਿਆਂ ਹੀ ਬਣਦੀ ਸੀ ........ਇੱਥੋਂ ਤੱਕ ਕਿ ਜਦੋਂ ਕਦੇ ਛੁੱਟੀਆਂ 'ਚ ਪਾਪਾ ਸਾਡੇ ਨਾਲ ਨਾਨਕੇ ਜਾਂਦੇ ਤਾਂ ਸਾਡਾ ਪਹਿਲਾ ਪੜਾਅ ਮਾਸੀ ਜੀ ਦੇ ਸਹੁਰਿਆਂ ਦਾ ਪਿੰਡ ਹੀ ਹੁੰਦਾ ਸੀ। 
        " ਮਾਸੀ ਹੀ ਹੋਰੀਂ ਆ ਗਏ," ਆਪਣੀ ਗੱਲ ਨੂੰ ਹੋਰ ਯਕੀਨੀ ਬਨਾਉਣ ਲਈ ਡਾਢਾ ਚਾਅ ਜਿਹਾ ਬਿਖੇਰਦਿਆਂ ਅਸੀਂ ਲੋਰ 'ਚ ਆ ਕੇ ਇੱਕ ਵਾਰ ਫਿਰ ਬੋਲੇ। ਹੁਣ ਮਾਂ ਦੇ ਚਿਹਰੇ 'ਤੇ ਰੱਜਵਾਂ ਖੇੜਾ ਸੀ ਤੇ ਪਾਪਾ ਦੀਆਂ ਅੱਖਾਂ 'ਚ ਇੱਕ ਅਨੋਖੀ ਜਿਹੀ ਚਮਕ। ਪਾਪਾ ਨੇ ਜਿੰਦੀ ਚਲਾਉਣੀ ਬੰਦ ਕਰ ਦਿੱਤੀ। " ਲਓ ਵੱਡੇ ਭੈਣ ਜੀ ਹੋਰੀਂ ਆ ਗਏ........ਮੈਨੂੰ ਦਮ ਦਵਾਉਣ," ਆਪ -ਮੁਹਾਰੇ ਖੁਸ਼ ਹੋਏ ਪਾਪਾ ਦੇ ਬੋਲ ਵਿਹੜੇ 'ਚ ਖਿੱਲਰ ਗਏ। ਪਲਾਂ -ਛਿਣਾਂ ਹੀ ਉਡੀਕਣਹਾਰ ਬਣੀਆਂ ਅੱਖਾਂ ਦਰਵਾਜ਼ੇ ਵੱਲ ਲੱਗ ਗਈਆਂ। ਕੁਝ ਵਕਫਾ ਲੰਘਣ ਪਿੱਛੋਂ ਜਦੋਂ ਕੋਈ ਵੀ ਨਾ ਆਇਆ ਤਾਂ ਬਿਹਵਲ ਜਿਹੇ ਹੁੰਦਿਆਂ ਪਾਪਾ ਮਾਂ ਨੂੰ ਬੋਲੇ, " ਤੁਸੀਂ ਚਾਹ -ਪਾਣੀ ਧਰੋ....ਮੈਂ ਭਾਈਆ ਜੀ ਹੋਰਾਂ ਨੂੰ ਬਾਹਰੋਂ ਲੈ ਕੇ ਆਇਆ। ਓਦੋਂ ਫੋਨਾਂ ਦੀ ਅਣਹੋਂਦ ਸਾਡੀ ਪ੍ਰਾਹੁਣਾਚਾਰੀ 'ਤੇ ਕੋਈ ਪ੍ਰਭਾਵ ਨਹੀਂ ਸੀ ਪਾਉਂਦੀ। ਪਾਪਾ ਨੇ ਦੂਰ ਤੱਕ ਨਜ਼ਰਾਂ ਘੁਮਾਈਆਂ .......ਬਾਹਰ ਤਾਂ ਕੋਈ ਵੀ ਨਹੀਂ ਸੀ। ਓਨੀ ਪੈਰੀਂ ਪਿਛਾਂਹ ਮੁੜਦਿਆਂ ਤੱਕ ਉਹਨਾਂ ਦੀ ਮੁਸਕਾਨ ਤੇ ਅੱਖਾਂ ਦੀ ਚਮਕ ਉਦਾਸ ਹੋ ਗਈ ਸੀ। "ਵੱਡਿਆਂ ਨਾਲ ਇਹੋ ਜਿਹਾ ਮਜ਼ਾਕ ਨਹੀਂ ਕਰੀਦਾ," ਆਪਣੀ ਨਿਰਾਸ਼ੀ ਉਡੀਕ ਨੂੰ ਛੁਪਾਉਂਦਿਆਂ ਮਾਂ ਨੇ ਸਾਨੂੰ ਇੱਕ ਮਿੱਠੀ ਜਿਹੀ ਘੂਰੀ ਦਿੱਤੀ। ਮਾਂ -ਪਾਪਾ ਨੇ ਤਾਂ ਸ਼ਾਇਦ ਇਹਨਾਂ ਉਡੀਕ ਦੇ ਚੰਦ ਕੁ ਪਲਾਂ 'ਚ ਹੀ ਆਉਣ ਵਾਲੇ ਪ੍ਰਾਹੁਣਿਆਂ ਨਾਲ ਉਮਰੋਂ ਲੰਮੀਆਂ ਬਾਤਾਂ ਪਾਉਣਾ ਕਿਆਸ ਲਿਆ ਹੋਣਾ ਹੈ। ਉਦਾਸੀ ਦੇ ਪਰਛਾਵਿਆਂ 'ਚ ਹਰਾਸੇ ਉਹਨਾਂ ਦੇ ਚਿਹਰੇ ਇਓਂ ਲੱਗਦੇ ਸਨ ਜਿਵੇਂ ਸੱਚੀ ਹੀ ਕੋਈ ਮਿਲਣ  ਦਾ ਵਾਅਦਾ ਕਰਕੇ ਨਾ ਆਇਆ ਹੋਵੇ। 
    .....ਤੇ ਫੇਰ ਕਈ ਵਰ੍ਹਿਆਂ ਮਗਰੋਂ ਪਾਪਾ ਨੇ ਸ਼ਹਿਰ ਆ ਨਵੇਂ ਘਰ 'ਚ ਬਣਵਾਏ ਫਰਨੀਚਰ 'ਚ ਡ੍ਰੈਸਿੰਗ ਟੇਬਲ ਦਾ ਸ਼ੀਸ਼ਾ ਮਾਸੜ ਜੀ ਦੇ ਕੱਦ ਦੇ ਮੇਚ ਦਾ ਬਣਵਾਇਆ ਸੀ .......ਮੱਤਾਂ ਇੱਥੇ ਆ ਕੇ ਉਹਨਾਂ ਨੂੰ ਪੱਗ ਬੰਨਣ 'ਚ ਕੋਈ ਦਿੱਕਤ ਨਾ  ਆਵੇ। ਅੱਜ ਵੀ ਓਸ ਸ਼ੀਸ਼ੇ ਵਿੱਚੋਂ ਮੈਨੂੰ ਪਾਪਾ ਦੇ ਲਾਏ ਮੋਹ ਤੇ ਅਪਣੱਤ ਦੇ ਬੂਟੇ ਦਾ ਅਕਸ ਨਜ਼ਰ ਆਉਂਦਾ ਹੈ ਜਿਸ ਨੂੰ ਮਾਂ ਨੇ ਆਪਣੀਆਂ ਮੋਹ ਦੀਆਂ ਛੱਲਾਂ ਨਾਲ ਸਿੰਜਦੇ ਹੋਏ ਹੁਣ ਤੱਕ ਤਰੋ -ਤਾਜ਼ਾ ਰੱਖਿਆ ਹੋਇਆ ਹੈ। ਓਥੇ ਅੱਜ ਵੀ ਪ੍ਰਾਹੁਣਿਆਂ ਦੀ ਆਮਦ ਨਾਲ ਹਰ ਇੱਕ ਦਾ ਚਿਹਰਾ ਇੰਝ ਖਿੜ ਜਾਂਦਾ ਹੈ ਜਿਵੇਂ ਇੱਕ ਡੋਡੀ ਹੁਣੇ -ਹੁਣੇ ਫੁੱਲ ਬਣ ਗਈ ਹੋਵੇ। 

ਮੋਹ ਅਕਸ -
ਧੁੱਪੀ ਪੌਣ ਰੁਮਕੇ 
ਫੁੱਲ ਟਹਿਕੇ। 

ਡਾ. ਹਰਦੀਪ ਕੌਰ ਸੰਧੂ 
ਨੋਟ: ਇਹ ਪੋਸਟ ਹੁਣ ਤੱਕ 31 ਵਾਰ ਪੜ੍ਹੀ ਗਈ ਹੈ । 

24 Mar 2015

ਪਹਿਲਾ ਪਾਠ ( ਹਾਇਬਨ)

ਛੋਟੀ ਜਿਹੀ ਥਾਂ ....ਛੋਟਾ ਜਿਹਾ ਸਕੂਲ .....ਜਿੱਥੇ ਸਾਰਿਆਂ ਨੂੰ ਸਭ ਬਾਰੇ ਜਾਣਕਾਰੀ ਸੀ। ਓਸ ਸਕੂਲ ਵਿੱਚ ਇੱਕ ਅਧਿਆਪਕ ਵਜੋਂ ਮੇਰੀ ਨਵੀਂ ਨਿਯੁਕਤੀ ਹੋਈ ਸੀ। ਪੜ੍ਹਾਉਣ ਦੇ ਨਾਲ- ਨਾਲ ਮੇਰੀ ਐਮ. ਏ. ਦੀ ਪੜ੍ਹਾਈ ਵੀ ਜਾਰੀ ਸੀ।ਵਿਹਲੀ ਘੰਟੀ ਵਿੱਚ ਮੈਂ ਆਪਣੀ ਪੜ੍ਹਾਈ 'ਚ ਰੁੱਝਿਆ ਰਹਿੰਦਾ। ਮੇਰੇ ਵਿਦਿਆਰਥੀਆਂ ਨੂੰ ਵੀ ਮੇਰੀ ਪੜ੍ਹਾਈ ਬਾਰੇ ਜਾਣਕਾਰੀ ਸੀ।ਮੇਰੇ ਖੁੱਲ੍ਹੇ ਸੁਭਾਅ ਕਰਕੇ ਵਿਦਿਆਰਥੀ ਬੇਝਿਜਕ ਹੋ ਕੇ ਮੇਰੇ ਕੋਲ ਆਉਂਦੇ। ਇੱਕ ਨੌਜਵਾਨ ਅਧਿਆਪਕ ਹੋਣ ਦੇ ਨਾਤੇ ਮੈਂ ਹਰ ਸਮੇਂ ਉਹਨਾਂ ਦੀਆਂ ਮੁਸ਼ਕਲਾਂ ਹੱਲ ਕਰਨ 'ਚ ਲੱਗਿਆ ਰਹਿੰਦਾ। ਜਿਸ ਕਾਰਨ ਮੈਂ ਆਪਣੇ ਸਾਥੀ ਅਧਿਆਪਕਾਂ ਦੀਆਂ ਨਜ਼ਰਾਂ 'ਚ ਖਟਕਣ ਲੱਗਾ। ਈਰਖਾ ਤੇ ਸਾੜੇ ਦੇ ਕਾਰਣ ਇੱਕ -ਦੋ ਸਾਥੀ ਕੋਈ ਨਾ ਕੋਈ ਖੁਰਾਫ਼ਾਤ ਕਰਦੇ ਰਹਿੰਦੇ ਜਿਸ ਕਾਰਣ ਮੈਂ ਅੰਦਰੋ -ਅੰਦਰੀ ਪੀੜਿਤ ਹੁੰਦਾ ਰਹਿੰਦਾ। ਸਿੱਟੇ ਵਜੋਂ ਮੇਰੀ ਪੜ੍ਹਾਈ 'ਤੇ ਅਸਰ ਹੋਣਾ ਸੁਭਾਵਿਕ ਸੀ। ਹੁਣ ਵਿਹਲੀ ਘੰਟੀ 'ਚ ਕੋਈ ਪੜ੍ਹਾਈ ਨਾ ਹੁੰਦੀ ਸਗੋਂ ਮੈਂ ਇੱਕ ਚੁੱਪੀ ਜਿਹੀ ਧਾਰ ਲਈ ਸੀ। ਮੈਂ ਨਹੀਂ ਸੀ ਜਾਣਦਾ ਕਿ ਮੇਰੇ ਵਿਦਿਆਰਥੀਆਂ ਦੀ ਨਜ਼ਰ ਮੇਰੀ ਉਦਾਸੀਨਤਾ 'ਤੇ ਵੀ ਹੈ। 
      ਅੱਠਵੀਂ ਜਮਾਤ ਦੀ ਇੱਕ ਵਿਦਿਆਰਥਣ ਨੇ ਇੱਕ ਦਿਨ ਝਿਜਕਦਿਆਂ ਜਿਹਾ ਕਿਹਾ, " ਗੁਰੂ ਜੀ ਆਪ ਨੂੰ ਇੱਕ ਗੱਲ ਕਹਿਣੀ ਸੀ, ਕਿਤੇ ਬੁਰਾ ਤਾਂ ਨਹੀਂ ਮਨਾਓਗੇ ?" " ਕਹੋ, ਮੈਨੂੰ ਬਿਲਕੁਲ ਬੁਰਾ ਨਹੀਂ ਲੱਗੇਗਾ। " ਉਸ ਦੀ ਝਿਜਕ ਤੋੜਦਿਆਂ ਮੈਂ ਹੁੰਗਾਰਾ ਭਰਿਆ। " ਮੈਂ ਕਈ ਦਿਨਾਂ ਤੋਂ ਦੇਖ ਰਹੀ ਹਾਂ ਕਿ ਤੁਸੀਂ ਵਿਹਲੇ ਪੀਰੀਅਡ 'ਚ ਚੁੱਪ -ਚਾਪ ਬੈਠੇ ਰਹਿੰਦੇ ਹੋ।  ਆਪਣੀ ਐਮ. ਏ. ਦੀ ਤਿਆਰੀ ਨਹੀਂ ਕਰ ਰਹੇ। ਇਸ ਦਾ ਕਾਰਣ ਸਾਡੇ ਕੁਝ ਅਧਿਆਪਕਾਂ ਦਾ  ਆਪ ਦੇ ਵਿਰੁੱਧ ਦੁਰਪ੍ਰਚਾਰ ਕਰਨਾ ਹੈ। " ਥੋੜ੍ਹਾ ਸਾਹ ਲੈਂਦਿਆਂ ਉਹ ਫਿਰ ਬੋਲੀ , " ਨੁਕਸਾਨ ਤਾਂ ਗੁਰੂ ਜੀ ਆਪ ਦਾ ਹੀ ਹੋ ਰਿਹਾ ਹੈ ... ਇਸ ਤਰ੍ਹਾਂ ਪੜ੍ਹਾਈ ਛੱਡ ਕੇ ......" ਨਰ ਹੋ ਨਾ ਨਿਰਾਸ਼ ਕਰੋ ਮਨ ਕੋ" ..... ਆਪ ਹੀ ਨੇ ਤਾਂ ਇਹ ਕਵਿਤਾ ਪੜ੍ਹਾ ਨੇ ਸਾਨੂੰ ਉਤਸ਼ਾਹਿਤ ਕੀਤਾ ....ਸਾਡਾ ਹੌਸਲਾ ਵਧਾਇਆ ... ਤੇ ਖੁਦ ਆਪ ਕੀ ਕਰ ਰਹੇ ਹੋ ?" ਕਹਿੰਦਿਆ ਉਸ ਨੇ ਸਿਰ ਝੁਕਾ ਲਿਆ। 
      ਮੇਰਾ ਚਿਹਰਾ ਇੱਕ ਦਮ ਸੁਰਖ ਹੋ ਗਿਆ। ਕਿਸੇ ਵਿਦਿਆਰਥੀ ਦੀ ਐਨੀ ਹਿੰਮਤ। ਆਪਣੇ ਆਪ ਨੂੰ ਸੰਭਾਲਦਿਆਂ ਮੈਂ ਬੋਲਿਆ ," ਅੱਜ ਤੋਂ ਬਾਅਦ ਅਜਿਹਾ ਨਹੀਂ ਹੋਵੇਗਾ ...ਤੁਸੀਂ ਮੈਨੂੰ ਵਿਹਲੀ ਘੰਟੀ 'ਚ ਪੜ੍ਹਾਈ 'ਚ ਮਸਰੂਫ਼ ਪਾਓਗੇ। " ਕੁਝ ਅਜਿਹਾ ਹੀ ਹੋਇਆ ਜਿਸ ਦਾ ਨਤੀਜਾ ਐਮ. ਏ. ਦਾ ਇਮਤਿਹਾਨ ਮੈਂ  70 % ਅੰਕਾਂ  ਨਾਲ ਪਹਿਲੀ ਡਵੀਜ਼ਨ 'ਚ ਪਾਸ ਕੀਤਾ। ਬਾਅਦ 'ਚ ਕੇਂਦਰੀ ਵਿਦਿਆਲਿਆ ਵਿੱਚ ਅਧਿਆਪਕ ਤੇ ਫਿਰ ਮੁੱਖ -ਅਧਿਆਪਕ ਦੇ ਰੂਪ 'ਚ ਇਸ ਯੋਗਤਾ ਨੇ ਮੇਰਾ ਰਾਹ ਆਸਾਨ ਕੀਤਾ। ਨਿੱਕੜੀ ਦੇ ਪਾਏ ਉਸ ਯੋਗਦਾਨ ਨੂੰ ਮੇਰਾ ਰੋਮ-ਰੋਮ ਅੱਜ ਵੀ ਮਹਿਸੂਸਦਾ ਹੈ। ਮੈਂ ਉਸ ਗੁਰੂ ਦੇ ਦਿੱਤੇ ਪਹਿਲੇ ਪਾਠ ਨੂੰ ਕਦੇ ਨਹੀਂ ਭੁੱਲਾ ਸਕਦਾ। 

ਪਹਿਲਾ ਪਾਠ -
ਹੱਥ ਫੜ੍ਹ ਤੁਰਨਾ 
ਸਿਖਾਉਂਦੀ ਮਾਂ। 

ਰਾਮੇਸ਼ਵਰ ਕੰਬੋਜ ਹਿੰਮਾਂਸ਼ੂ 
(ਨਵੀਂ ਦਿੱਲੀ )
ਨੋਟ: ਇਹ ਪੋਸਟ ਹੁਣ ਤੱਕ 75 ਵਾਰ ਪੜ੍ਹੀ ਗਈ ਹੈ । 

21 Mar 2015

ਕਿਰਤੀ ਕਿਸਾਨ (ਚੋਕਾ)

ਕਣਕ ਪੱਕੀ
ਭਿਓਂ -ਭਿਓਂ ਕੇ ਨਾੜ 
ਵੱਟਿਆ ਬੇੜ
ਦਾਤਰੀਆਂ ਚੱਲੀਆਂ 

ਚਾਦਰੇ ਲਾਹ 
ਬੰਨ੍ਹ -ਬੰਨ੍ਹ ਭਰੀਆਂ 

ਚੁੱਕ ਧਰੀਆਂ 
ਜਾ ਲਾਏ ਖਲਵਾੜ 
ਫਲ੍ਹੇ ਪਾ ਗਾਹੀ
ਗੋਲ ਧੱੜਾਂ ਲਾਈਆਂ
ਰਾਖੀ ਵੀ ਕੀਤੀ

ਤੰਗਲੀ ਨਾਲ ਉਡਾ
ਤੂੜੀ ਵੱਖਰੀ 
ਸਾਂਭੀ ਲਾ ਕੇ ਮੂਸਲ 
ਕੱਢੇ ਨੇ ਦਾਣੇ
ਬੋਰੀਆਂ ਭਰ ਭਰ
ਲੱਦ ਗੱਡਿਆਂ 
ਮੰਡੀ ਢੇਰ ਲਗਾਏੇ
ਵੱਟ ਕੇ ਪੈਸੇ
ਸ਼ਾਹ ਦੇ ਪੱਲੇ ਪਾਏ
ਕਦੇ ਹੱਥ ਨਾ ਆਏ। ਇੰਜ : ਜੋਗਿੰਦਰ  ਸਿੰਘ ਥਿੰਦ
     (ਅੰਮ੍ਰਿਤਸਰ--ਸਿਡਨੀ) 
ਨੋਟ: ਇਹ ਪੋਸਟ ਹੁਣ ਤੱਕ 56 ਵਾਰ ਪੜ੍ਹੀ ਗਈ ਹੈ । 

14 Mar 2015

ਧੰਨ ਹੋ ਤੁਸੀਂ ਪੰਛੀਓ

ਅਸਮਾਨੀ ਚਮਕਦੇ ਤਾਰਿਆਂ ਸੰਗ ਰੁਸ਼ਨਾਉਂਦਾ ਮੇਰਾ ਪਿੰਡ,ਪਿੰਡ ਵਾਲਾ ਘਰ ਤੇ ਪਿੰਡ ਦੇ ਰੁੱਖ। ਇੱਕ ਰਾਤ ਤਾਰਿਆਂ ਦੀ ਛਾਵੇਂ ਬੈਠਾ ਮੈਂ ਆਪਣੀ ਮਹਿਬੂਬਾ ਤੋਂ ਵੀ ਪਿਆਰੇ ਜਾਪਦੇ ਪਿੰਡ ਨੂੰ ਤੱਕਦਾ ਖਿਆਲਾਂ 'ਚ ਗੁਆਚ ਗਿਆ ਸਾਂ......" ਮੈਨੂੰ ਪਿਆਰ ਏ ਆਪਣੇ ਘਰ ਨਾਲ, ਆਪਣੇ ਪਿੰਡ ਨਾਲ ਤੇ ਮੇਰੇ ਆਪਣੇ ਪਿੰਡ ‘ਚ ਵੱਸਦੇ ਰੁੱਖਾਂ ਨਾਲ|ਜਿਵੇਂ ਕਾਦਰ ਨੂੰ ਮੇਰੇ ਤੋਂ ਵੀ ਵੱਧ ਪਿਆਰ ਹੋਵੇ ਮੇਰੇ ਪਿੰਡ ਨਾਲ | ਮੈਂ ਜਦੋਂ ਵੀ ਸਫਰ 'ਤੇ ਹੁੰਦਾ ਤਾਂ ਬੜਾ ਯਾਦ ਆਉਂਦਾ ਮੈਨੂੰ ਆਪਣਾ ਘਰ, ਪਿੰਡ ਤੇ ਪਿੰਡ ‘ਚ ਵੱਸਦੇ ਰੁੱਖ |ਇਹਨਾਂ ਨੂੰ ਮੈਂ ਆਪਣੇ ਸੁਪਨਿਆਂ ‘ਚ ਹਰਦਮ ਆਪਣੇ ਸੰਗ ਰੱਖਦਾ | ਮੇਰਾ ਘਰ ਸਾਂਭੀ ਬੈਠਾ ਮੇਰੇ ਵਾਂਗੂੰ ਯਾਦਾਂ, ਖੁਸ਼ੀ-ਗਮੀ ਮੇਰੇ ਸੰਗ ਮਨਾਉਂਦਾ |ਕਿੰਨਾ ਕੁਝ ਸਮਾਈ ਬੈਠਾ ਆਪਣੇ ਦਿਲ ‘ਚ, ਮੇਰੇ ਵਾਂਗੂੰ ਜਜ਼ਬਾਤੀ ਮੇਰਾ ਘਰ। ਇਹਨਾਂ ਰੁੱਖਾਂ ਸੰਗ ਇੰਝ ਲੱਗਦਾ ਜਿਵੇਂ ਮੇਰੀ ਜਨਮ-ਜਨਮ ਦੀ ਸਾਂਝ ਹੋਵੇ, ਮੇਰੇ ਹਮਰਾਜ਼ ਏ ਰੁੱਖ |ਰੁੱਖਾਂ ਸੰਗ ਮੇਰੀ ਰੂਹ ਦੀ ਸਾਂਝ।"
.........ਤੇ ਫੇਰ ਇੰਝ ਲੱਗਾ ਜਿਵੇਂ ਕਿਸੇ ਨੇ ਮੇਰੇ ਮੋਢੇ 'ਤੇ ਹੱਥ ਰੱਖ ਮੈਨੂੰ ਹਲੂਣਿਆ ਹੋਵੇ, "ਬਾਪੂ ਜੀ ਤੁਸੀਂ.......?"
" ਆਹੋ ਪੁੱਤਰਾ ਜਿਸ ਰੂਹ ਦੀ ਸਾਂਝ ਦੀਆਂ ਤੂੰ ਗੱਲਾਂ ਕਰਦੈਂ ...........ਏਹੋ ਸਾਂਝ ਏ ਮੇਰੀ ਓਸ ਘਰ ਨਾਲ ਜੋ ਸੰਨ ਸੰਤਾਲੀ ਤੋਂ ਬਾਦ ਮੇਰੇ ਤੋਂ  ਵਿੱਛੜ ਚੁੱਕਾ ... ਪਿੰਡ ਪਚਾਸੀ ਚੱਕ (ਸਰਗੋਧਾ,ਪਾਕਿਸਤਾਨ)......ਮੈਂ ਬੱਸ ਆਹ ਦਿਨ ਵੇਲੇ ਹੀ ਤੁਹਾਡੇ ਕੋਲ ਹੁੰਦਾ,ਰਾਤ ਵੇਲੇ ਤਾਂ ਆਪਣੇ ਪਿਛਲੇ ਪਿੰਡ ਦੀ ਹੀ ਪਰਿਕਰਮਾ ਕਰਦਾ ਰਹਿਨਾ... ਖ਼ਾਬਾਂ ਦੇ ਘੋੜੇ ਤੇ ਚੜ੍ਹ, ਜਿੱਥੇ ਜੰਮੇ ਪਲੇ..... ਜਿਸ ਦੀ ਮਿੱਟੀ ‘ਚ ਪਹਿਲਾ ਆਸਣ ਲਾਇਆ |ਜਿਉਂ-ਜਿਉਂ ਪਹੁ ਫੁੱਟਣ ਦਾ ਖਿਆਲ ਆਉਂਦਾ..... ਮੈਂ ਖ਼ਾਬਾਂ ਦੇ ਘੋੜੇ ਨੂੰ ਅੱਡੀ ਲਾਉਂਦਾ ਕਿ ਪਹੁ ਫੁੱਟਣ ਤੋਂ ਪਹਿਲਾਂ-ਪਹਿਲਾਂ ਜਾ ਮਿਲਾਂ ਉਹਨਾਂ ਰੁੱਖਾਂ ਨੂੰ ਤੇ ਆਪਣੇ ਭਰਾਵਾ ਜਿਹੇ ਹਮਸਾਇਆ ਨੂੰ ਤੇ ਨਿੱਘੀ ਜਿਹੀ ਗਲਵੱਕੜੀ ਪਾਵਾਂ ਤੇ ਆਖਾਂ ਕਿ ਮੈਂ ਉਦਾਸ ਹਾਂ।" 
          ਮੈਂ ਬਾਪੂ ਜੀ ਦਾ ਹੱਥ ਫੜ ਉਹਨਾਂ ਨੂੰ ਦਿਲਾਸਾ ਦੇਣਾ ਚਾਹਿਆ ....ਪਰ ਓਥੇ ਕੋਈ ਨਹੀਂ ਸੀ। ਚੱਕ ਪਚਾਸੀ ਨੂੰ ਇੱਕ ਵਾਰ ਫਿਰ ਦੇਖਣ ਦੀ ਆਸ ਮਨ ‘ਚ ਲੈ-ਕੇ ਇਸ ਫਾਨੀ ਸੰਸਾਰ ਨੂੰ ਓਹ ਤਾਂ ਕਦੋਂ ਦੇ ਅਲਵਿਦਾ ਕਹਿ ਗਏ ਸਨ | ਕਿੰਨਾ ਔਖਾ ਤੇ ਦੁੱਖਦਾਈ ਹੋਵੇਗਾ , ਸੰਗੀਆਂ-ਸਾਥੀਆਂ ਹਮਸਾਇਆ ਸੰਗ ਤੋੜ ਵਿਛੋੜਾ | ਕਿੰਨਾ ਔਖਾ ਤੇ ਦੁੱਖਦਾਈ ਸੀ, ਮਹਿਬੂਬ ਜਿਹੇ ਪਿਆਰੇ ਪਿੰਡ ਨੂੰ ਅਲਵਿਦਾ ਕਹਿਣਾ |ਮੈਨੂੰ ਕਈ ਦਿਨ ਤਾਪ ਚੜ੍ਹਿਆ ਰਿਹਾ | ਉਹਨਾਂ ਦੇ ਤੁਰ ਜਾਣ ਦਾ ਦੁੱਖ ਸੀ, ਜਾਂ ਦੁੱਖ ਸੀ ਉਹਨਾਂ ਦੀਆਂ ਯੱਖ ਹੋਈਆਂ ਅੱਖੀਆਂ ਵਿੱਚ ਤਰਦੇ ਕੁਝ ਖ਼ਾਬਾਂ ਦਾ ਜੋ ਉਸ ਦਿਨ ਕੰਡਿਆਲੀ ਤਾਰ ਦੇ ਖੁਸ਼ਕ ਸਾਗਰ ਦੀ ਭੇਟ ਚੜ੍ਹ ਗਏ ਸਨ | ਕੁਝ ਸਵਾਲ ਨੇ ਜੋ ਮੇਰੀ ਰੂਹ ਨੂੰ ਬੇਚੈਨ ਕਰਦੇ ਨੇ ਤੇ ਤੜਫ ਉੱਠਦੀ ਏ ਮੇਰੀ ਰੂਹ ….| ਕੰਡਿਆਲੀ ਤਾਰ ਦਾ ਪਹਿਰਾ ਹੋਣ ਦੇ ਬਾਵਜੂਦ ਵੀ ਕਿਉਂ ਪਾਣੀਆਂ ਆਪਣੀ ਦਿਸ਼ਾ ਨਹੀਂ ਬਦਲੀ ? ਪੰਛੀਆਂ ਨੂੰ ਕੰਡਿਆਲੀ ਤਾਰ ਦਾ ਚਿੱਤ -ਚੇਤਾ ਜਾਂ ਭੈਅ ਕਿਉਂ ਨਹੀਂ ਆਉਂਦਾ ? ਮੈਂ ਵੀ ਇੱਕ ਨਿਡਰ ਪੰਛੀ ਬਣਨਾ ਲੋਚਦਾ ਤੇ ਹੱਦਾਂ ਸਰਹੱਦਾਂ ਤੋਂ ਪਾਰ ਆਪਣੇ ਬਜੁਰਗਾਂ ਦੇ ਪਿੰਡ ਨੂੰ, ਪਿੰਡ ‘ਚ ਵੱਸਦੇ ਰੁੱਖਾਂ ਨੂੰ ਤੇ ਮਾਖਿਓ ਮਿੱਠੀ ਪੰਜਾਬੀ ਬੋਲੀ ਬੋਲਦੇ ਹਮਸਾਇਆ ਨੂੰ ਜਾ ਦੱਸਾਂ......ਕਿ ਮੇਰੇ ਬਾਪੂ ਜੀ ਤੁਹਾਨੂੰ ਆਖਰੀ ਸਾਹ ਤੱਕ ਨਹੀਂ ਭੁੱਲੇ | ਅੰਬਰੀ ਉੱਡਦੇ ਪੰਛੀਆਂ ਨੂੰ ਤੱਕਦਾ ਤਾਂ ਰੂਹ ਨਸ਼ਿਆ ਉੱਠਦੀ ਏ ਤੇ ਜ਼ੁਬਾਨ 'ਤੇ ਇਹੀ ਲਫ਼ਜ਼ ਨੱਚ ਉੱਠਦੇ ਨੇ, ਧੰਨ ਹੋ ਤੁਸੀਂ ਪੰਛੀਓ,ਧੰਨ ਹੋ ਤੁਸੀਂ ………. ।

ਰੰਗਲੇ ਪੰਛੀ
ਉੱਡਣ ਅਸਮਾਨੀ
ਹੱਦ ਨਾ ਬੰਨੇ।


ਬਾਜਵਾ ਸੁਖਵਿੰਦਰ
ਪਿੰਡ- ਮਹਿਮਦ ਪੁਰ
ਜ਼ਿਲ੍ਹਾ- ਪਟਿਆਲਾ


ਨੋਟ : ਇਹ ਪੋਸਟ ਹੁਣ ਤੱਕ 11 ਵਾਰ ਪੜ੍ਹੀ ਗਈ। 

9 Mar 2015

ਚੰਦ ਦੇ ਸੰਗ                                                                   ਡਾ. ਹਰਦੀਪ ਕੌਰ ਸੰਧੂ
*********************************************************************************


                                                                  ਪ੍ਰੋ. ਦਵਿੰਦਰ ਕੌਰ ਸਿੱਧੂ 
                                                                     ( ਦੌਧਰ -ਮੋਗਾ)
********************************************************************************
ਨੋਟ: ਇਹ ਫੋਟੋ ਉੱਤਰੀ ਧਰੁਵ ਤੋਂ ਲਈ ਗਈ ਹੈ ਸੂਰਜ ਛਿੱਪਣ ਵੇਲੇ ਜਦੋਂ ਚੰਦਰਮਾ ਵੀ ਦਿਖਾਈ ਦੇਣ ਲੱਗਾ। ਇਸ ਕੁਦਰਤੀ ਨਜ਼ਾਰੇ ਨੂੰ ਮਾਣਦਿਆਂ ਜੇ ਤੁਹਾਡਾ ਮਨ ਵੀ ਕੁਝ ਕਹਿੰਦਾ ਹੈ ਤਾਂ ਲਿਖ ਭੇਜੋ।
ਇਹ ਪੋਸਟ ਹੁਣ ਤੱਕ 15 ਵਾਰ ਵੇਖੀ ਗਈ। 

4 Mar 2015

ਕਾਲੀ ਰਾਤ (ਸੇਦੋਕਾ)

 1.
ਕੁੱਤੇ ਭੌਂਕਦੇ 
ਅੱਧੀ ਰਾਤ ਦਾ ਵੇਲਾ 
ਮੈਂ ਅਤੇ ਮੇਰਾ ਡਰ  ।
ਜਾਗਦੇ ਰਹੋ 
ਪਹਿਰੇਦਾਰ ਜਾਗੇ 
ਜਾਗ ਰਿਹਾ ਹਾਂ ਮੈਂ ਵੀ  ।

2.
ਬਦਲ ਵੱਸੇ 
ਡਾਢੀ ਹੈ  ਕਾਲੀ  ਰਾਤ 
ਤੰਨ ਮੰਨ ਕੰਬਦਾ  ।
ਮੈਨੂੰ ਡਰਾਵੇ 
ਮੇਰਾ ਹੀ ਪਰਛਾਵਾਂ 
ਖੁਦ ਵੀ ਹੈ ਡਰਦਾ ।

ਦਿਲਜੋਧ  ਸਿੰਘ 
ਨਵੀਂ ਦਿੱਲੀ 
ਨੋਟ : ਇਹ ਪੋਸਟ ਹੁਣ ਤੱਕ 33 ਵਾਰ ਪੜ੍ਹੀ ਗਈ। 

1 Mar 2015

ਨਿੱਘਾ ਰਿਸ਼ਤਾ


ਢਲਦੀ ਸ਼ਾਮ .........ਸਾਵਾਂ ਜਿਹਾ ਮੌਸਮ।  ਮੈਂ ਉਸ ਦੇ ਸੰਗ ਚਾਹ ਪੀਣ ਦੇ ਹਾਰਦਿਕ ਸੱਦੇ ਨੂੰ ਨਾ ਚਾਹੁੰਦਿਆਂ ਹੋਇਆਂ ਵੀ ਅਣਚਾਹੇ ਰੁਝੇਵਿਆਂ ਕਾਰਨ ਇੱਕ ਲੰਮੇ ਅਰਸੇ ਤੋਂ ਨਕਾਰਦੀ ਆ ਰਹੀ ਸਾਂ । ਪਰ ਅੱਜ ਆਪਣੇ ਮੋਹਵੰਤੇ ਸੱਦੇ ਦੀ ਕਸ਼ਿਸ਼ ਸਦਕਾ ਉਹ ਜਿੱਤ ਗਈ ਸੀ । ਮਿੱਠੀ ਜਿਹੀ ਖੁਸ਼ੀ ਦੀ ਚਮਕ ਉਸ ਦੀਆਂ ਅੱਖਾਂ 'ਚ ਸੀ। ਆਪ -ਮੁਹਾਰੇ ਖੁਸ਼ ਹੋਏ ਬੋਲ ਬੁੱਲ੍ਹਾਂ 'ਤੇ ਥਿਰਕ ਰਹੇ ਸਨ। ਉਸ ਨੇ ਕਿਸੇ ਅਗੰਮੀ ਜਿਹੇ ਲੋਰ 'ਚ ਆਉਂਦਿਆਂ ਸਭ ਤੋਂ ਪਹਿਲਾਂ ਮੈਨੂੰ ਆਪਣੇ ਘਰ ਦਾ ਕੋਨਾ -ਕੋਨਾ ਦਿਖਾਇਆ। ਉਸ ਦੇ ਘਰ ਨੂੰ ਨਵਿਆਉਣ ਦਾ ਕੰਮ ਚੱਲਦਾ ਹੋਣ ਕਰਕੇ ਸਾਰਾ ਸਮਾਨ ਇੱਕ ਪਾਸੇ ਸਮੇਟਿਆ ਪਿਆ ਸੀ।
           ਵਰਾਂਡੇ 'ਚ ਆਰਜ਼ੀ ਤੌਰ 'ਤੇ ਬਣਾਇਆ ਡਰਾਇੰਗ ਰੂਮ ਚਾਹੇ ਛੋਟਾ ਜਿਹਾ ਸੀ ਪਰ ਜਦੋਂ ਮਨ ਦਾ ਵਿਹੜਾ ਮੋਕਲਾ ਹੋਵੇ ਤਾਂ ਥਾਂ ਦੀ ਕਮੀ ਨਹੀਂ ਭਾਸਦੀ। ਬਾਹਰ ਬੈਠ ਕੇ ਚਾਹ ਪੀਣ ਦਾ ਆਪਣਾ ਹੀ ਲੁਤਫ਼ ਸੀ। ਅਧਰਕ ਵਾਲੀ ਚਾਹ ਦੀਆਂ ਚੁਸਕੀਆਂ ਭਰਦਿਆਂ ਮੈਨੂੰ ਓਹ ਪਲ ਯਾਦ ਆਇਆ ਜਦੋਂ ਮੈਂ ਉਸ ਨੂੰ ਪਹਿਲੀ ਵਾਰ ਤੱਕਿਆ ਸੀ। ਆਪਣੀ ਦਿੱਖ ਤੇ ਪਹਿਰਾਵੇ ਕਰਕੇ ਉਹ ਭਾਰਤੀ ਨਹੀਂ ਜਾਪਦੀ ਸੀ। ਗੱਲ ਵੀ ਓਪਰੀ ਜਿਹੀ ਵਿਦੇਸ਼ੀ ਜ਼ੁਬਾਨ 'ਚ ਹੋਈ ਸੀ। ਇਹ ਤਾਂ ਉਸ  ਦਾ ਰੱਬ ਹੀ ਜਾਣਦਾ ਸੀ ਕਿ ਉਹ ਆਪਣਾ ਭਾਰਤੀ ਹੋਣਾ ਪ੍ਰਗਟਾਉਣਾ ਹੀ ਨਹੀਂ ਚਾਹੁੰਦੀ ਸੀ ਜਾਂ ਫਿਰ ਦੇਖਣ ਵਾਲੇ ਦੀਆਂ ਨਜ਼ਰਾਂ ਦਾ ਕੋਈ ਭੁਲੇਖਾ ਸੀ। ਪਰ ਮੇਰਾ ਮਨ ਉਸ ਦੇ ਪੰਜਾਬੀ ਹੋਣ ਦੀ ਹਾਮੀ ਭਰਦਾ ਸੀ। ...........ਤੇ ਫੇਰ ਇੱਕ ਦਿਨ ਗੱਲਾਂ ਕਰਦਿਆਂ ਆਪਣੀ ਆਦਤ ਮੂਜਬ ਮੈਂ ਉਸ ਦੀ ਕਿਸੇ ਗੱਲ ਦਾ ਜਵਾਬ ਪੰਜਾਬੀ 'ਚ ਦੇ ਦਿੱਤਾ ਸੀ ......ਤੇ ਓਸ ਪਲ ਤੋਂ ਬਾਦ ਇਹ ਵਿਦੇਸ਼ੀ ਭਾਸ਼ਾ ਸਾਡੇ ਤੋਂ ਡਾਢੀ ਵਿੱਥ 'ਤੇ ਜਾ ਖਲੋਈ ਸੀ।
         ਮੇਵਿਆਂ ਵਾਲੀ ਪੰਜੀਰੀ ਦੀ ਕੌਲੀ ਮੇਰੇ ਮੂਹਰੇ ਧਰਦਿਆਂ ਉਸ ਨੇ ਮੇਰੀ ਬਿਰਤੀ ਤੋੜੀ। ਗੱਲਾਂ -ਗੱਲਾਂ 'ਚ ਹੀ ਅਚਾਨਕ ਉਸ ਦੇ ਚੇਤੇ ਦੀਆਂ ਤਾਰਾਂ ਖੜਕੀਆਂ, " ਯਾਦ ਹੈ..... ਆਪਾਂ ਇੱਕ ਦਿਨ ਸੈਰ ਕਰਦੇ ਮਿਲੇ ਸਾਂ....ਪੰਜਾਬੀ ਸੂਟ 'ਚ ਬਹੁਤ ਫੱਬ ਰਹੇ ਸੀ ਆਪ। ਓਸ ਦਿਨ ਘਰ ਆ ਕੇ ਅਲਮਾਰੀ ਦੀ ਕਿਸੇ ਹਨ੍ਹੇਰੀ ਨੁੱਕਰ 'ਚੋਂ ਕੱਢ ਕੇ ਜਦੋਂ ਮੈਂ ਆਪਣਾ ਪੰਜਾਬੀ ਸੂਟ ਪਾਇਆ ਤਾਂ ਅਚੰਭਿਤ ਹੋਏ ਪਤੀ ਦੇਵ ਕਹਿਣ ਲੱਗੇ ਕਿ ਇਸ ਪ੍ਰਦੇਸ 'ਚ ਭੁੱਲੀ ਵਿਸਰੀ ਇਸ ਅਨਮੋਲ ਸੁਗਾਤ ਦਾ ਵਰ੍ਹਿਆਂ ਪਿੱਛੋਂ ਚੇਤਾ ਕਰਵਾਉਣ ਵਾਲਾ ਅਖੀਰ ਹੈ ਕੌਣ ?"
           ਮੈਂ ਮੂਕ ਬੈਠੀ ਉਸ ਦੀਆਂ ਨਾ ਮੁੱਕਣ ਵਾਲੀਆਂ ਗੱਲਾਂ ਸੁਣਦੀ ਸੋਚ ਰਹੀ ਸਾਂ ਕਿ ਬਾਹਰੀ ਦਿੱਖ ਦੀ ਭਿੰਨਤਾ ਹੋਣ ਦੇ ਬਾਵਜੂਦ ਕੋਈ ਤਾਂ ਸਾਂਝ ਹੈ ਜਿਸ ਨੇ ਸਾਨੂੰ ਇੱਕੋ ਡੋਰੀ 'ਚ ਪਰੁੰਨਿਆ ਹੋਇਆ ਹੈ।ਕੀ ਸਾਦਗੀ 'ਚ ਅਜੇ ਵੀ ਐਨੀ ਖਿੱਚ ਹੈ ?

ਨਿੱਘਾ ਰਿਸ਼ਤਾ -
ਸਾਵੇ ਰੁੱਖੀਂ ਲਿਪਟੀ 
ਝੁਮਕਾ ਵੇਲ । 

ਡਾ. ਹਰਦੀਪ ਕੌਰ ਸੰਧੂ 
ਨੋਟ: ਇਹ ਪੋਸਟ ਹੁਣ ਤੱਕ 29 ਵਾਰ ਪੜ੍ਹੀ ਗਈ।