ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

31 Aug 2017

ਪੁਨਰ ਮਿਲਣ

ਸਤੀਸ਼ ਆਪਣੇ ਡਰਾਇੰਗ ਰੂਮ ਵਿੱਚ ਬੈਠਾ ਸਿਗਰੇਟ ਪੀ ਰਿਹਾ ਸੀ। ਸੰਤੋਸ਼ ਨਾਲ ਉਹਦਾ ਤਲਾਕ ਹੋਏ ਨੂੰ ਦਸ ਸਾਲ ਹੋ ਗਏ ਸਨ। ਅੱਜ ਉਹ ਬਹੁਤ ਹੀ ਉਦਾਸ ਸੀ ਕਿ ਇਹ ਸਭ ਕਿਓਂ ਹੋ ਗਿਆ ਸੀ? ਕਿੰਨੇ ਖੁਸ਼ ਸਨ ਉਹ ਆਪਸ ਵਿੱਚ । ਸੋਚ ਸੋਚ ਕੇ ਉਹਦਾ ਸਿਰ ਦੁੱਖਣ ਲੱਗ ਪਿਆ ਸੀ। ਉਹ ਰੇਡੀਓ ਸੁਣਨ ਲੱਗਾ। ਕੋਈ ਕਹਾਣੀ ਚੱਲ ਰਹੀ ਸੀ। ਕਹਾਣੀ ਖਤਮ ਹੋਣ ਉਪਰੰਤ ਉਸ ਦੀਆਂ ਅੱਖਾਂ 'ਚ ਇੱਕ ਚਮਕ ਜਿਹੀ ਆ ਗਈ। ਕਹਾਣੀ ਉਸ ਦੀ ਜ਼ਿੰਦਗੀ ਨਾਲ ਕਿੰਨੀ ਮਿਲਦੀ ਜੁਲਦੀ ਸੀ। ਉਹਨੇ ਸਿਗਰੇਟ ਨੂੰ ਐਸ਼ ਟਰੇ 'ਚ ਮਸਲ ਦਿੱਤਾ। ਪੇਪਰ ਪੈਨਸਲ ਲੈ ਕੇ ਉਸ ਨੇ ਸੰਤੋਸ਼ ਨੂੰ ਖਤ ਲਿਖਣਾ ਸ਼ੁਰੂ ਕਰ ਦਿੱਤਾ। ਸੰਤੋਸ਼ ! ਪੜ੍ਹੇ ਤੋਂ ਬਗੈਰ ਹੀ ਮੇਰਾ ਖਤ ਪਾੜ ਨਾ ਦੇਣਾ। ਇਹ ਖਤ ਮੈਂ ਇਸ ਲਈ ਲਿਖਿਆ ਹੈ ਕਿ ਤੈਨੂੰ ਟੈਲੀਫੂਨ ਕਰਨ ਦੀ ਮੇਰੇ 'ਚ ਹਿੰਮਤ ਨਹੀਂ ਸੀ। ਜ਼ਿੰਦਗੀ ਦਾ ਕੀ ਭਰੋਸਾ, ਅਗਰ ਮੈਂ ਤੈਥੋਂ ਆਪਣੇ ਗੁਨਾਹਾਂ ਦੀ ਮੁਆਫੀ ਨਹੀਂ ਮੰਗਦਾ ਤਾਂ ਮਰ ਕੇ ਵੀ ਮੈਨੂੰ ਚੈਨ ਨਹੀਂ ਮਿਲੇਗਾ । ਚੰਗੀ ਭਲੀ ਸਾਡੀ ਜ਼ਿੰਦਗੀ ਸੀ।  ਦੋ ਬੇਟੇ ਸੀ, ਲੇਕਿਨ ਘਰ ਦੇ ਵਾਤਾਵਰਨ ਨੇ ਸਭ ਕੁਝ ਤਹਿਸ ਨਹਿਸ ਕਰ ਦਿੱਤਾ, ਜਿਸ ਵਿਚ ਮੈਂ ਆਪਣੇ ਆਪ ਨੂੰ ਜ਼ਿਆਦਾ ਕਸੂਰਵਾਰ ਮੰਨਦਾ ਹਾਂ ਕਿਓਂਕਿ ਆਪਣੇ ਭੈਣ ਭਰਾਵਾਂ ਦੀਆਂ ਗੱਲਾਂ 'ਚ ਆ ਕੇ  ਮੈਂ  ਆਪਣੇ ਪੈਰੀਂ ਆਪ ਕੁਹਾੜਾ ਮਾਰ ਲਿਆ। ਮੈਨੂੰ ਸੁਰਤ ਹੁਣ ਆਈ, ਜਦ ਮੇਰੇ ਭੈਣ ਭਾਈ ਵੀ ਮੇਰੇ ਤੋਂ ਕਿਨਾਰਾ ਕਰ ਗਏ। ਮੇਰੇ ਮਾਂ ਬਾਪ ਨੇ ਤੈਨੂੰ ਕਦੇ ਉਹ ਸਥਾਨ ਨਹੀਂ ਦਿੱਤਾ, ਜਿਸ ਦੀ ਤੂੰ ਹੱਕਦਾਰ ਸੀ ਅਤੇ ਮੈਂ ਵੀ ਉਸੇ ਵਹਿਣ 'ਚ ਵਹਿ  ਗਿਆ। ਸਾਡਾ ਤਲਾਕ ਹੋ ਗਿਆ। ਮੈਂ ਕਮਜ਼ੋਰ ਨਿਕਲਿਆ ਲੇਕਿਨ ਤੂੰ ਬੱਚਿਆਂ ਨੂੰ ਲੈ ਕੇ ਅਲੱਗ ਰਹਿਣ ਲੱਗੀ। ਕਿੰਨੀ ਅੱਛੀ ਹੈਂ ਤੂੰ ਕਿ ਸਾਡੇ ਬੇਟਿਆਂ ਨੂੰ ਮੈਨੂੰ ਮਿਲਣ ਤੋਂ ਤੂੰ  ਕਦੇ ਵੀ ਨਹੀਂ ਸੀ ਰੋਕਿਆ। ਹੁਣ ਤਾਂ ਦੋਨੋਂ ਬੇਟਿਆਂ ਨੇ ਯੂਨੀਵਰਸਿਟੀ ਦੀ ਪੜ੍ਹਾਈ ਵੀ ਖਤਮ ਕਰ ਲਈ ਹੈ, ਕਿੰਨੇ ਅੱਛੇ ਸੰਸਕਾਰ ਤੂੰ ਬੇਟਿਆਂ ਨੂੰ ਦਿੱਤੇ ਹਨ ! ਮੇਰੀ ਦਿਲੀ ਤਮੰਨਾ ਹੈ ਕਿ ਬੇਟੇ ਤੈਨੂੰ ਬਹੁਤ ਸੁੱਖ ਦੇਣ। ਅਗਰ ਹੋ ਸਕਦਾ ਹੋਵੇ ਤਾਂ ਮੈਨੂੰ ਮੁਆਫ ਕਰ ਦੇਵੀਂ।" ਉਹਨੇ ਖਤ ਪੋਸਟ ਕਰ ਦਿੱਤਾ। 
    ਉਸ ਨੂੰ ਕੋਈ ਆਸ ਨਹੀਂ ਸੀ ਕਿ ਸੰਤੋਸ਼ ਜਵਾਬ ਦੇਵੇਗੀ ਲੇਕਿਨ ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਜਦ ਕੁਝ ਦਿਨਾਂ ਬਾਅਦ ਹੀ ਉਸ ਨੂੰ ਸੰਤੋਸ਼ ਦਾ ਜਵਾਬ ਆ ਗਿਆ। ਉਸ ਨੇ ਲਿਖਿਆ ਸੀ, "ਸਤੀਸ਼ ! ਹੁਣ ਕਿਸੇ ਨੂੰ ਦੋਸ਼ ਦੇਣ ਦਾ ਕੀ ਫਾਇਦਾ ਹੈ ? ਜਦ ਜਵਾਨੀ ਦੇ ਅੱਛੇ ਦਿਨ ਹੀ ਨਿਕਲ ਗਏ। ਫਿਰ ਮੈਂ ਵੀ  ਤਾਂ ਇਸ ਵਿਚ ਦੋਸ਼ੀ ਸੀ ਜਿਸ ਨੇ ਗੁੱਸੇ ਵਿਚ ਆ ਕੇ ਝੱਟ ਪੱਟ ਤਲਾਕ ਦੇ ਪੇਪਰ ਫਾਈਲ ਕਰ ਦਿੱਤੇ। ਹੁਣ ਮੈਂ ਵੀ  ਬਹੁਤ ਵਾਰੀ ਸੋਚਦੀ ਹਾਂ ਕਿ ਕੁਝ  ਕਸੂਰ ਆਪ ਦਾ ਸੀ ਅਤੇ ਕੁਝ ਮੇਰਾ। ਬਹੁਤ ਸੋਚ ਸੋਚ ਕੇ ਮੈਂ ਇਸ ਨਤੀਜੇ ਤੇ ਪਹੁੰਚੀ ਹਾਂ ਕਿ ਹੁਣ ਵੀ  ਅਗਰ ਆਪ ਦੀ ਇੱਛਾ ਉਹਨਾਂ ਪੁਰਾਣੇ ਦਿਨਾਂ ਨੂੰ ਵਾਪਸ ਲਿਆਉਣ ਦੀ ਹੋਵੇ ਤਾਂ ਆਪਣੇ ਦੋਨੋਂ ਬੇਟਿਆਂ ਨੂੰ ਦੱਸ ਦੇਣਾ। ਜਿੱਦਾਂ ਉਹ ਕਹਿਣਗੇ ਮੈਂ ਕਰ ਲਵਾਂਗੀ।"
         ਜਦੋਂ ਦੋਨੋਂ ਬੇਟਿਆਂ ਨੂੰ ਮੰਮੀ ਡੈਡੀ ਦੇ ਇੱਕ ਦੂਜੇ ਦੇ ਨੇੜੇ ਨੇੜੇ ਆਉਣ ਦਾ ਪਤਾ ਲੱਗਾ ਤਾਂ ਉਹਨਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਉਹਨਾਂ ਨੇ ਆਪਣੇ ਮਾਂ -ਬਾਪ ਲਈ ਨਵੇਂ ਸਾਲ ਦੀ ਰਾਤ ਨੂੰ ਇੱਕ ਹੋਟਲ ਵਿੱਚ ਪੁਨਰ ਮਿਲਣ ਦਾ ਪ੍ਰੋਗਰਾਮ ਬੁੱਕ ਕਰਵਾ ਦਿੱਤਾ। ਉਸ ਰਾਤ ਹੋਟਲ ਦਾ ਕਮਰਾ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਭਰਿਆ ਹੋਇਆ ਸੀ। ਦੋਨੋ ਬੇਟੇ ਆਪਣੇ ਮੰਮੀ ਡੈਡੀ ਨੂੰ ਫੁੱਲਾਂ ਦੇ ਹਾਰ ਪਾ ਕੇ ਕਮਰੇ ਵਿਚ ਲੈ ਆਏ । ਸਾਰਾ ਕਮਰਾ ਤਾਲੀਆਂ ਨਾਲ ਗੂੰਜ ਉਠਿਆ। ਹੁਣ ਸਾਰੇ ਖਾਣ ਪੀਣ ਵਿਚ ਮਗਨ ਹੋ ਗਏ। ਇੱਕ ਵੱਡੇ ਟੀਵੀ ਸਕਰੀਨ ਤੇ ਬੀਬੀਸੀ ਚੈਨਲ 'ਤੇ  ਇੱਕ ਸ਼ੋ ਚੱਲ ਰਿਹਾ ਸੀ। ਜਦੋਂ ਬਾਰਾਂ ਵੱਜਣ ਵਿਚ ਕੁਝ  ਮਿੰਟ ਰਹਿ ਗਏ ਤਾਂ ਸਾਰਿਆਂ ਦਾ ਧਿਆਨ ਲੰਡਨ ਦੇ ਬਿਗ ਬੈੱਨ ਅਤੇ ਉਥੇ ਲੋਕਾਂ ਦੀ ਭੀੜ ਦੇਖਣ ਵਿਚ ਹੋ ਗਿਆ ਜੋ ਟੀਵੀ ਸਕ੍ਰੀਨ 'ਤੇ ਨਸ਼ਰ ਹੋਣ ਲੱਗੀ ਸੀ। ਜਦੋਂ ਹੀ ਬਾਰਾਂ ਵੱਜਣ ਨੂੰ ਹੋਏ, ਬਿਗ ਬੈਨ ਜ਼ੋਰ ਜ਼ੋਰ ਨਾਲ ਟੰਨ ਟੰਨ ਕਰਨ ਲੱਗਾ। ਜਦੋਂ ਹੀ ਆਖਰੀ ਟੰਨ ਖਤਮ ਹੋਈ, ਸਾਰੇ ਆਪਣੇ ਆਪਣੇ ਗਲਾਸ ਫੜੀ ਹੈਪੀ ਨਿਊ ਯੀਅਰ ਬੋਲਣ ਲੱਗੇ ਅਤੇ ਆਪਣੇ ਆਪਣੇ ਗਲਾਸ ਸਤੀਸ਼ ਅਤੇ ਸੰਤੋਸ਼ ਵੱਲ ਉਲਾਰ ਕੇ ਬੋਲਣ ਲੱਗੇ, ਹੈਪੀ ਨਿਊ ਯੀਅਰ ਸਤੀਸ਼ ਸੰਤੋਸ਼, ਹੈਪੀ ਰੀਯੂਨੀਅਨ ਟੂ ਯੂ। ਕੁਝ ਦੇਰ ਬਾਅਦ ਸਤੀਸ਼ ਅਤੇ ਸੰਤੋਸ਼ ਡਾਂਸ ਫਲੋਰ 'ਤੇ ਡਾਂਸ ਕਰਨ ਲੱਗੇ ਅਤੇ ਨਾਲ ਹੀ ਦੋਨੋਂ ਬੇਟੇ। ਫਿਰ ਕੀ ਸੀ ਸਾਰੇ ਉੱਠ ਕੇ ਡਾਂਸ ਕਰਨ ਲੱਗੇ। 
ਗੁਰਮੇਲ ਸਿੰਘ ਭੰਮਰਾ 
ਯੂ ਕੇ    

ਨੋਟ : ਇਹ ਪੋਸਟ ਹੁਣ ਤੱਕ 85 ਵਾਰ ਪੜ੍ਹੀ ਗਈ ਹੈ।

link 1           link 2     link 3     link 4

30 Aug 2017

ਦਾਦਾ - ਪੋਤਾ

ਮਨ 'ਚ ਅੱਜ ਬਹੁਤ ਹੀ ਤਰਸ ਆਇਆ ਜਦੋਂ ਇੱਕ ਪਾਟੇ ਪੁਰਾਣੇ ਕੱਪੜਿਆਂ ਵਾਲਾ ਬਾਬਾ ਆਪਣੇ ਕਰਜ਼ੇ ਦੇ ਗਏ ਨੋਟਿਸ ਦੀ ਸੁਣਵਾਈ ਸਮੇਂ ਦਫਤਰ ਆਇਆ। ਨਾਲ ਆਏ 'ਕੱਲੇ 'ਕੱਲੇ ਪੋਤੇ ਦੀ ਟੌਹਰ ਵੇਖ ਕੇ ਮਨ 'ਚ ਕਈ ਸਵਾਲ ਆਏ। ਉਸ ਨੇ ਬਰੈਡਿੰਡ ਬੂਟ, ਐਨਕਾਂ ਤੇ ਮਹਿੰਗੇ ਕੱਪੜੇ ਪਾਏ ਸਨ। ਜੇਜੀ ਬੀ ਹੇਅਰ ਸਟਾਈਲ ਸੀ। ਸੇਵਾਦਾਰ ਨੇ ਉਸ ਬਾਬੇ ਨੂੰ ਅੰਦਰ ਭੇਜਣ ਲਈ ਮੈਥੋਂ ਪੁੱਛਿਆ।ਹਾਂ ਕਹਿਣ 'ਤੇ ਬਾਬੇ ਨੇ ਕੰਬਦੇ ਹੱਥਾਂ ਨਾਲ ਫਤਿਹ ਬੁਲਾਈ। ਮੈਂ ਕਿਹਾ," ਆਉ ਬਾਬਾ ਜੀ। "
ਬਾਬਾ ਕਹਿੰਦਾ, " ਬੱਚਿਆਂ ਆਲਿਆ ਫਸਲ ਨੀ ਹੋਈ, ਮਸਾਂ ਵੇਲਾ ਪੂਰਾ ਕਰਦੇ ਆਂ। ਦੋ ਕੁ ਵਿਆਹ ਇੱਕ ਨਾਨਕੀ ਛੱਕ ਭਰੀ ਆ। ਆੜ੍ਹਤੀਆਂ ਦੇ ਵੀ ਬਾਹਲੇ ਸਿਰ ਚੜ੍ਹੇ ਕਰਕੇ ਬੈਂਕ ਦੀ ਲਿਮਟ ਵੀ ਨਵੀਂ ਕਰਾਉਣੋ ਰਹਿ ਗਈ। ਛੱਕ ਵੀ ਪਹਿਲੀ ਸੀ। ਚੱਲੋ ਸ਼ਰੀਕੇ ਚ ਨੱਕ ਰਹਿ ਗਿਆ ।ਅਗਲੇ ਸਾਲ ਕੋਈ ਕਰਦੇ ਆਂ ਹੀਲਾ। ਦੋ ਔੜੇ ਧਰਕੇ ਥੋਥੋਂ ਖਹਿੜਾ ਛੁਡਾਲਾਂਗੇ। ਬਸ ਚਹੁੰ ਮਹੀਨਿਆਂ ਦੀ ਗੱਲ ਆ। "
ਪੋਤੇ ਦੇ ਕੰਨ ਨਾਲ ਆਈਫੋਨ ਲਾਇਆ ਤੇ ਹੱਸ -ਹੱਸ ਕੇ ਗੱਲਾਂ ਕਰਦਾ ਬਾਬੇ ਦੇ ਬਾਹਰ ਆਉਣ ਦੀ ਉਡੀਕ ਕਰ ਰਿਹਾ ਸੀ। ਜਿਵੇਂ ਉਸ ਦੇ ਪੈਰਾਂ ਹੇਠ ਅੱਗ ਮੱਚਦੀ ਹੋਵੇ ।ਮਜਾਲ ਆ ਉਸ ਨੂੰ ਭੋਰਾ ਵੀ ਫਿਕਰ ਹੋਵੇ ਕਿ ਬਾਬਾ ਕਰਜੇ ਦੇ ਨੋਟਿਸ ਦੀ ਸੁਣਵਾਈ 'ਤੇ ਆਇਆ ਤੇ ਪਤਾ ਨਹੀਂ ਕਿਹੜੇ ਜਿਗਰੇ ਨਾਲ ਅੰਦਰ ਵੜਿਆ ਹੋਣਾ ।ਬਾਬੇ ਦੇ ਚਿਹਰੇ 'ਤੇ ਅਤੇ ਮਨ ਵਿੱਚ ਨਿੱਕੀ ਉਮਰੇ ਤੋਂ ਹੀ ਦਿਨ ਰਾਤ ਕਮਾਈ ਕਰਕੇ ਜਿਹੜੀ ਚਾਰ ਔੜੇ ਬਣਾਈ ਸੀ, ਅੱਜ ਫੋਕੀਆਂ ਟੌਹਰਾਂ ਤੇ ਅੱਜ ਦੀ ਔਲਾਦ ਨੇ ਕੁਰਕ ਹੋਣ ਕਿਨਾਰੇ ਕਰ ਰੱਖੀ ਦਾ ਫਿਕਰ ਸਾਫ ਝਲਕਦਾ ਸੀ। ਬਾਬਾ ਸੋਚਦਾ ਸੋਚਦਾ ਅੰਗੂਠਾ ਲਾ ਕੇ ਕੰਧ ਨਾਲ ਜੋਰ ਜੋਰ ਦੀ ਘਸਾ ਕੇ ਡਿੱਗਦਾ ਡਿੱਗਦਾ ਕਮਰੇ ਚੋਂ ਬਾਹਰ ਤੁਰ ਗਿਆ।
ਮੈਂ ਕਿੰਨਾ ਚਿਰ ਸੁੰਨ ਹੋ ਕੇ ਬੈਠਾ ਰਿਹਾ ।ਸਾਰਾ ਦਿਨ ਮੈਨੂੰ ਦਾਦਾ ਪੋਤਾ ਕਾਰ 'ਚ ਬੈਠ ਕੇ ਵਾਪਸ ਜਾਂਦੇ ਦਿੱਸਦੇ ਰਹੇ ।

ਹਰਪਾਲ ਸਿੰਘ
(ਗਿੱਦੜਬਾਹਾ)
ਨੋਟ : ਇਹ ਪੋਸਟ ਹੁਣ ਤੱਕ 210 ਵਾਰ ਪੜ੍ਹੀ ਗਈ ਹੈ।

ਲਿੰਕ 1           ਲਿੰਕ 2

27 Aug 2017

ਮੇਰੀ ਨਜ਼ਰ 'ਚ -ਡਾ. ਹਰਦੀਪ ਕੌਰ ਸੰਧੂ ਦੀਆਂ ਮਿੰਨੀ ਕਹਾਣੀਆਂ

Image result for my thoughts clipart
ਉਹੀਓ ਸਾਹਿਤ ਲੰਬੇ ਸਮੇਂ ਤੱਕ ਟਿਕਿਆ ਰਹਿ ਸਕਦਾ ਹੈ ਜੋ ਸਮੇਂ ਦੇ ਨਾਲ ਚੱਲਦਾ ਹੈ। ਜਿਹੜਾ ਲੋਕਾਂ ਨੂੰ ਝੰਜੋੜ ਕੇ ਰੱਖ ਦੇਵੇ ਤੇ ਦਿਲਾਂ 'ਚ ਵੱਸ ਜਾਏ। ਕਦੇ ਭਾਵਕ ਕਰ ਦੇਵੇ ਤੇ ਕਦੇ ਅੱਖਾਂ 'ਚ ਪਾਣੀ ਭਰ ਦੇਵੇ। ਇਨਸਾਨ ਦੇ ਅੰਦਰ ਸੁੱਤੀ ਮਾਨਵਤਾ ਨੂੰ ਜਗਾ ਦੇਵੇ। ਸਕਰਾਤਮਿਕ ਸੋਚ ਨੂੰ ਲੋਕਾਂ ਤੱਕ ਪਹੁੰਚਾਏ। 
    ਅੱਜ ਮਨੁੱਖ ਐਨਾ ਰਸਤੇ ਤੋਂ ਭਟਕ ਚੁੱਕਿਆ ਹੈ ਕਿ ਉਸ ਨੂੰ ਕਿਸੇ ਰਿਸ਼ਤੇ ਦੀ ਕਦਰ ਹੀ ਨਹੀਂ ਰਹੀ। ਸੁਆਰਥ ਤੇ ਸੁੱਖ ਅਰਾਮ ਨੇ ਉਸ ਨੂੰ ਖੁਦਗਰਜ਼ ਬਣਾ ਦਿੱਤਾ ਹੈ। ਲੇਖਕ ਸਮਾਜ 'ਚ ਛੁਪੇ ਹੋਏ ਉਨ੍ਹਾਂ ਹੀਰਿਆਂ ਨੂੰ ਵੀ ਲੱਭ ਲੈਂਦਾ ਹੈ ਜੋ ਦੂਜਿਆਂ ਲਈ ਇੱਕ ਮਿਸਾਲ ਦਾ ਕੰਮ ਕਰ ਜਾਂਦੇ ਹੋਣ। 
     ਅੱਜ ਮੈਂ ਡਾ. ਹਰਦੀਪ ਕੌਰ ਸੰਧੂ ਦੀਆਂ ਮਿੰਨੀ ਕਹਾਣੀਆਂ ਦੀ ਗੱਲ ਕਰਾਂਗੀ ਤੇ ਉਸ ਦੀ ਪਾਰਖੂ ਨਜ਼ਰ ਦੀ। ਉਸ ਦੀ ਲਿਖੀ 'ਮਿਲਣੀ' ਦਾ ਪਾਤਰ ਜੋ ਇੱਕ ਰਿਕਸ਼ੇਵਾਲਾ ਹੈ , ਇੱਕ ਅਣਜਾਣ  ਤੇ ਜੋਤਹੀਣ ਇਨਸਾਨ ਦੀ ਮਦਦ ਕਰਦਾ ਹੈ। ਉਸ ਦੇ ਮੋਹ ਭਰੇ ਮੁਸਕਰਾ ਕੇ ਕਹੇ ਸ਼ਬਦ ਰਿਕਸ਼ੇਵਾਲੇ ਨੂੰ ਐਨਾ ਪ੍ਰਭਾਵਿਤ ਕਰ ਦਿੰਦੇ ਨੇ ਕਿ ਉਹ ਵੀ ਉਹੋ ਜਿਹੀ ਮੁਸਕਾਨ ਵੰਡਣ ਕੇ ਉਸ ਨੂੰ ਯਾਦ ਕਰਦਾ ਰਹਿੰਦਾ ਹੈ। ਜਾਣੋ ਉਸ ਸਵਾਰ ਦੇ ਨਾਲ ਉਸ ਦਾ ਰੂਹ ਦਾ ਰਿਸ਼ਤਾ ਜੁੜ ਗਿਆ ਹੋਵੇ। 
      ਇਸੇ ਤਰਾਂ ਅਸੀਂ ਸਮਾਜ ਦੇ ਇੱਕ ਅਲਗ ਵਰਤਾਰੇ ਦਾ ਚਿੱਤਰ ਵੀ ਦੇਖਦੇ ਹਾਂ। ਅੱਜ ਲੋਕ ਦੂਜੇ ਦੀ ਹਮਦਰਦੀ ਨੂੰ , ਉਨ੍ਹਾਂ ਦੇ ਨਿਰਸਵਾਰਥ ਮੋਹ ਪਿਆਰ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਦੇ ਨੇ। ਇਹ ਵੀ ਅੱਜ ਦੀ ਇੱਕ ਹੋਰ ਸਚਾਈ ਹੈ ਜਿਸ ਨੂੰ ਹਰਦੀਪ ਜੀ ਨੇ 'ਬੇਵਜ੍ਹਾ'    ਕਹਾਣੀ 'ਚ ਬਹੁਤ ਖੂਬਸੂਰਤੀ ਨਾਲ ਉਕਰਿਆ ਹੈ। ਕਹਾਣੀ ਦੀ ਨਾਇਕਾ ਬਜ਼ੁਰਗ ਮਾਤਾ ਪਿਤਾ ਦੇ ਦੁੱਖ ਦਰਦ ਨੂੰ ਸੁਣ ਕੇ ਕੁਝ ਘੱਟ ਕਰਨ ਦੇ ਇਰਾਦੇ ਨਾਲ ਉਨ੍ਹਾਂ ਦੇ ਘਰ ਜਾਂਦੀ ਹੈ , ਜਿੰਨ੍ਹਾਂ ਦੇ ਨੌਜਵਾਨ ਪੁੱਤ ਦੀ ਮੌਤ ਹੋ ਚੁੱਕੀ ਹੈ। ਉਸ ਦੇ ਮਾਤਾ ਪਿਤਾ ਦਾ ਵਿਰਲਾਪ ਨਾਇਕਾ ਨੂੰ ਝੰਜੋੜ ਦਿੰਦਾ ਹੈ। ਉਹ ਮਾਨਵਤਾ ਦਾ ਧਰਮ ਨਿਭਾਉਣ ਬਿਨਾਂ ਵਜ੍ਹਾ ਓਥੇ ਆਉਂਦੀ ਜਾਂਦੀ ਹੈ ਤਾਂ ਉਸ 'ਤੇ ਵੀ ਸ਼ੱਕ ਦੀ ਉਂਗਲੀ ਉੱਠਣ ਲੱਗਦੀ ਹੈ। ਲੋਕਾਂ ਦੀ ਘਟੀਆ ਸੋਚ ਨੂੰ ਉਜਾਗਰ ਕਰਦੀ ਹੈ ਇਹ ਕਹਾਣੀ ਕਿਤੇ ਘੱਟ ਪ੍ਰਭਾਵਿਤ ਨਹੀਂ ਕਰਦੀ। 
     ਆਪਣੀ 'ਖੁਰਕ' ਕਹਾਣੀ ਰਾਹੀਂ ਅੱਜ ਦੇ ਯੁਵਕ ਵਰਗ ਨੂੰ ਰਾਹ 'ਤੇ ਲਿਆਉਣ ਦੀ ਕੋਸ਼ਿਸ਼ ਨੂੰ ਸੈਂਕੜੇ ਲੋਕਾਂ ਨੇ ਸਲਾਹਿਆ ਹੈ , ਪੜ੍ਹਿਆ ਹੈ। ਅੱਜ ਦਾ ਨੌਜਵਾਨ ਵਰਗ ਇਸ ਤਰਾਂ ਬੇਸ਼ਰਮੀ 'ਤੇ ਉਤਰ ਆਇਆ ਹੈ ਕਿ ਹਰ ਰਾਹ ਜਾਂਦੀ ਜਾਂ ਸਹਿ ਯਾਤਰੀ ਕੁੜੀ /ਔਰਤ ਨਾਲ ਛੇੜਛਾੜ ਕਰਨ ਤੋਂ ਬਾਜ਼ ਨਹੀਂ ਆਉਂਦਾ। ਇਸ 'ਤੇ ਨਾਇਕਾ ਨੇ ਸਾਹਸਪੂਰਣ ਕਹੇ ਸ਼ਬਦ ਉਸ ਯੁਵਕ ਨੂੰ ਸ਼ਰਮਸਾਰ ਕਰ ਦਿੰਦੇ ਨੇ। ਅਨੇਕਾਂ ਕੁੜੀਆਂ ਨੂੰ ਅਜਿਹੇ ਮਨਚਲਿਆਂ ਨਾਲ ਨਿਪਟਣ ਦਾ ਜਾਣੋ ਰਾਹ ਦਿਖਾ ਰਹੀ ਹੈ , ਕੁੜੀਆਂ 'ਚ ਸਾਹਸ ਭਰ ਰਹੀ ਹੈ । ਉਨ੍ਹਾਂ ਦੀਆਂ ਹਰਕਤਾਂ ਦਾ ਮੂੰਹ ਤੋੜ ਜਵਾਬ ਦੇਣ ਦੀ ਸਲਾਹ ਦੇ ਰਹੀ ਇਹ ਕਹਾਣੀ। ਜਿਸ ਦੀ ਸਾਡੀ ਧੀਆਂ -ਭੈਣਾਂ ਨੂੰ ਬਹੁਤ ਜ਼ਿਆਦਾ ਲੋੜ ਹੈ।
  ਆਪ ਦੀਆਂ ਚੁਣਿੰਦਾ ਕਹਾਣੀਆਂ 'ਚੋਂ ਪਹਿਲੀ ਸ਼੍ਰੇਣੀ 'ਚ ਹੈ 'ਚੁੰਨੀ ਵਾਲਾ ਸੂਟ' ਕਹਾਣੀ ਆਉਂਦੀ ਹੈ। ਜਿਸ ਵਿੱਚ ਵਿਦੇਸ਼ ਦੇ ਰੰਗ 'ਚ ਰੰਗਿ ਇੱਕ ਪੰਜਾਬਣ ਦੇ ਦਿਲ ਤੇ ਦਿਮਾਗ ਦੇ ਸੰਘਰਸ਼ ਨੂੰ ਦਿਖਾ ਕੇ ਆਪਣੇ ਦੇਸ਼ ਅਤੇ ਪੰਜਾਬੀ ਸੂਟ ਦਾ ਮਾਣ ਰੱਖਿਆ ਗਿਆ ਹੈ। ਨਾਇਕਾ ਸ਼ਾਪਿੰਗ ਮਾਲ 'ਚੋਂ ਸਮਾਂ ਦੀ ਟਰਾਲੀ ਰਾਹ ਵਿਚਕਾਰ ਛੱਡ ਕੇ ਅੱਗੇ ਜਾਣ ਬਾਰੇ ਸੋਚਦੀ ਹੈ। ਓਦੋਂ ਹੀ ਉਸ ਨੂੰ ਖਿਆਲ ਆਉਂਦਾ ਹੈ , " ਕੁੜੇ ਤੂੰ ਕੀ ਕਰਨ ਲੱਗੀ ਹੈਂ ? ਲੋਕ ਤੈਨੂੰ ਕੀ ਕਹਿਣਗੇ ? ਟਰਾਲੀ ਜੇ ਰਾਹ 'ਚ ਛੱਡ ਦੇਵੇਂਗੀ , ਜੋ ਲੋਕ ਤੈਨੂੰ ਦੇਖ ਰਹੇ ਨੇ , ਤੇਰੇ ਸੂਟ ਤੋਂ ਤੇਰੇ ਦੇਸ਼ ਨੂੰ ਪਛਾਣ ਇਸ ਦੀ ਨਿੰਦਾ ਕਰਨਗੇ। ਅਜਿਹਾ ਨਾ ਕਰ। ਤੇ ਉਹ ਦਿਲ ਤੇ ਦਿਮਾਗ ਦੋਵਾਂ ਤੋਂ ਕੰਮ ਲੈਂਦੀ ਹੈ। 
  "ਔਰਤ ਬਨਾਮ ਮਾਂ" ਵਿੱਚ ਉਸ ਨੇ ਉਨ੍ਹਾਂ ਲੋਕਾਂ ਨੂੰ ਚਿੱਤਰਿਆ ਹੈ ਜੋ ਹਵਸ ਦੇ ਲਈ ਔਰਤ ਦੀ ਪੱਤ ਦੇ ਪਰਖਚੇ ਉਡਾਉਣ ਲਈ ਸੁੰਨਸਾਨ ਜਗ੍ਹਾ ਘੇਰ ਉਨ੍ਹਾਂ 'ਤੇ ਹਮਲਾ ਕਰ ਦਿੰਦੇ ਨੇ। ਇਹ ਇੱਕ ਮਹਾਂਮਾਰੀ ਵਾਂਗ ਫੈਲਿਆ ਰੋਗ ਹੈ , ਜਿਸ ਦੀ ਵਜ੍ਹਾ ਨਾਲ ਕੋਈ ਵੀ ਔਰਤ, ਮਾਂ , ਬੇਟੀ ਜਾਂ ਨਿੱਕੀ ਬਾਲੜੀ ਸੁੱਖਿਅਤ ਨਹੀਂ ਹੈ। ਇਹ ਸਾਡੇ ਸਮਾਜ ਦਾ ਹੀ ਨਹੀਂ ਦੁਨੀਆਂ ਦਾ ਅਜਿਹਾ ਘਿਨਾਉਣਾ ਸੱਚ ਹੈ ਕਿ ਇਸ ਨੂੰ ਕੋਈ ਕਾਨੂੰਨ ਨਾ ਕੋਈ ਸਜ਼ਾ ਦੇ ਪਾਉਂਦਾ ਹੈ , ਨਾ ਪ੍ਰਸ਼ਾਸਨ ਇਸ ਨੂੰ ਰੋਕ ਸਕਿਆ ਹੈ। ਮਾਂ -ਬੇਟੀ ਨੂੰ ਜਿਸ ਇਸ ਕਹਾਣੀ 'ਚ ਦਰਿੰਦਿਆਂ ਨੇ ਘੇਰ ਲਿਆ ਤਾਂ ਬੇਟੀ ਨੂੰ ਬਚਾਉਣ ਲਈ ਮਾਂ ਖੁਦ ਉਨ੍ਹਾਂ ਦਾ ਸ਼ਿਕਾਰ ਬਣ ਜਾਂਦੀ ਹੈ। ਮਾਂ ਬੱਚਿਆਂ ਦੀ ਰਾਖੀ ਕਰਨ ਲਈ ਕਿਸ ਹੱਦ ਤੱਕ ਜਾ ਸਕਦੀ ਹੈ ਇਸ ਕਹਾਣੀ 'ਚ ਦਿਖਾਇਆ ਗਿਆ ਤੇ ਨਾਲ ਹੀ ਸਮਾਜ ਤੇ ਪ੍ਰਸ਼ਾਸਨ ਨੂੰ ਵੀ ਚਿਤਾਵਨੀ  ਦਿੱਤੀ ਗਈ ਹੈ। ਇਹ ਹੋ ਰਿਹਾ ਤੁਹਾਡੇ  ਨੱਕ ਹੇਠ। ਢਿੱਡ ਪਾਲਣ ਲਈ ਅੱਜ ਇੱਕਲੀ ਜੀਵਨ ਜਿਉਣ ਵਾਲੀ ਔਰਤ ਕਿਤੇ ਕੰਮ ਕਰਨ ਲਈ ਵੀ ਕਿਉਂ ਜਾ ਆ ਨਹੀਂ ਸਕਦੀ ਇਹਨਾਂ ਦਰਿੰਦਿਆਂ ਦੀ ਮੌਜੂਦਗੀ 'ਚ। ਹੁਣ ਤਾਂ ਜਾਗੋ ਦੁਨੀਆਂ ਦੇ ਲੋਕੋ। ਜਿਵੇਂ ਕਹਾਣੀ ਚੀਕ -ਚੀਕ ਕੇ ਪੁਕਾਰ ਰਹੀ ਹੋਵੇ। 
           ਨਾਰੀ ਦੀ ਪੀੜਾ ਦਾ ਤਾਂ ਅੰਤ ਹੀ ਨਹੀਂ। ਬਚਪਨ ਤੋਂ ਜਵਾਨੀ ਦੇ ਸੰਘਰਸ਼ਮਈ ਮੰਜ਼ਿਲਾਂ ਪਾਰ ਕਰਦੇ ਜਦ ਬੁਢਾਪੇ 'ਚ ਆਉਂਦੀ ਹੈ ਤਾਂ ਉਸ ਨੂੰ ਲੱਗਦਾ ਹੈ ਹੁਣ ਉਹ ਕੁਝ ਦਿਨ ਸੁੱਖ ਨਾਲ ਜਿਉਂ ਲਵੇਗੀ , ਪਰ ਕਿੱਥੇ ? ਉਸ ਦੀ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਹੈ। ਉਹ ਤਾਂ ਘਰ 'ਚ ਇੱਕ ਬੇਕਾਰ ਸਮਾਨ ਦੀ ਤਰ੍ਹਾਂ ਹੋ ਜਾਂਦੀ ਹੈ। ਜਦ 'ਬਟਵਾਰਾ' ਕਹਾਣੀ 'ਚ ਚੀਜ਼ਾਂ ਦਾ ਬਟਵਾਰਾ ਹੁੰਦਾ ਹੈ ਤਾਂ ਉਸ ਦਿਨ ਸੰਤਾਨ ਉਸ ਵੱਲ ਨਹੀਂ। ਇਹ ਸਵਾਲ ਮਾਂ ਦੇ ਮਨ 'ਚ ਉੱਠਦਾ ਹੈ ਕਿ ਮੈਂ ਕਿਸ ਦੇ ਹਿੱਸੇ ਆਈ ਹਾਂ ? ਉਸ ਦਾ ਇਹ ਦਰਦ ਪਾਠਕ ਨੂੰ ਅੰਦਰ ਤੱਕ ਹਿਲਾ ਦੇਣ ਦੀ ਤਾਕਤ ਨਾਲ ਭਰਿਆ ਹੋਇਆ ਹੈ। 
          ਅਜਿਹਾ ਹੀ ਬੱਚਿਆਂ ਦਾ ਚਿਹਰਾ ਇੱਕ ਹੋਰ ਕਹਾਣੀ 'ਚ ਸਾਹਮਣੇ ਆਉਂਦਾ ਹੈ। ਜਦੋਂ ਸਭ ਘਰ 'ਚ ਹੁੰਦੇ ਹੋਏ ਵੀ ਉਹ ਬਾਹਰ ਜਿੰਦਰਾ ਲਾ ਕੇ ਦਿਖਾਉਂਦੇ ਨੇ ਕਿ ਘਰ 'ਚ ਕੋਈ ਨਹੀਂ ਹੈ। ਉਸ ਜਿੰਦਰੇ ਨੂੰ ਵੇਖ ਕੇ ਬੁੱਢੇ ਮਾਂ -ਬਾਪ ਨੂੰ ਦਰ -ਦਰ ਭਟਕਣਾ ਪੈਂਦਾ ਹੈ। ਪੁੱਤਰਾਂ ਲਈ ਘਰ ਬਨਾਉਣ ਵਾਲੇ ਮਾਪਿਆਂ ਨੂੰ ਹੁਣ ਛੱਤ ਨਸੀਬ ਨਹੀਂ ਹੁੰਦੀ। ਪੜ੍ਹਨ ਵਾਲੇ ਦੇ ਦਿਲ 'ਚੋਂ ਸਹਿਜੇ ਹੀ ਕਿਹਾ ਜਾਂਦਾ ਹੈ ਅਜਿਹੀ ਸੰਤਾਂ ਨਾਲੋਂ ਤਾਂ ਬੇ-ਔਲਾਦ ਹੋਣਾ ਬੇਹਤਰ ਹੈ। ਕਹਾਣੀ ਅੱਖਾਂ ਨਮ ਕਰਨ ਤੇ ਅੱਜ ਦੀ ਪੀੜ੍ਹੀ ਦਾ ਕੌੜਾ ਸੱਚ ਸਾਹਮਣੇ ਲਿਆਉਣ 'ਚ ਪੂਰੀ ਤਰ੍ਹਾਂ ਕਾਮਯਾਬ ਹੋਈ ਹੈ। ਇੱਥੇ ਮੈਂ "ਨਿਰਮੋਹੇ" ਕਹਾਣੀ ਦਾ ਜ਼ਿਕਰ ਕਰ ਰਹੀ ਹਾਂ। ਜਿਸ 'ਚ ਨੱਬੇ ਸਾਲ ਦੇ ਬਜ਼ੁਰਗ ਕਮਜ਼ੋਰ ਯਾਦਾਸ਼ਤ ਆਪਣੀ ਜੀਵਨ ਸਾਥਣ ਨਾਲ ਦਰ -ਦਰ ਭਟਕ ਰਹੇ ਨੇ। ਇਹ ਓਹੀ ਮਾਪੇ ਨੇ ਜੋ ਆਪਣੀ ਸੰਤਾਂ ਦੀ ਪਰਵਰਿਸ਼ 'ਚ ਆਪਣਾ ਤਨ -ਮਨ ਤੇ ਸੁੱਖ ਅਰਾਮ ਨੌਸ਼ਾਵਰ ਕਰ ਦਿੰਦੇ ਨੇ। ਜੀਵਨ ਦੇ ਆਖ਼ਿਰੀ ਪਹਿਰ ਆਉਣ 'ਤੇ ਬੱਚੇ ਦੁੱਧ 'ਚ ਪਈ ਮੱਖੀ ਵਾਂਗ ਬਾਹਰ ਕੱਢ ਸੁੱਟ ਦਿੰਦੇ ਨੇ। ਉਹ ਪੱਥਰ ਦਿਲ ਹੋ ਜਾਂਦੇ ਨੇ। ਇਸ ਕਹਾਣੀ 'ਚ ਸ਼ਬਦਾਂ ਰਾਹੀਂ ਉਨ੍ਹਾਂ ਦੀ ਪੀੜਾ ਐਨੀ ਕਲਾਤਮਿਕਤਾ ਨਾਲ ਬਿਆਨ ਕੀਤੀ ਗਈ ਹੈ ਕਿ ਬਿਨਾਂ ਦੇਖੇ ਹੀ ਅਸੀਂ ਉਨ੍ਹਾਂ ਦੇ ਦਰਦ ਦੀ ਟੀਸ ਨਾਲ ਪਸੀਜ ਜਾਂਦੇ ਹਾਂ। ਇਹਨਾਂ ਸਤਰਾਂ 'ਤੇ ਜ਼ਰਾ ਗੌਰ ਕਰੋ ," ਬਾਪੂ ਦੇ ਚੀਸਾਂ ਭਰੇ ਜੀਵਨ ਦੇ ਅੱਲੇ ਜ਼ਖਮ ਆਪੂੰ ਫਿੱਸ ਪਏ , ਘਰ ਦੇ ਬਾਹਰ ਐਡਾ ਜਿੰਦਾ ਲਮਕਦੈ , ਹੈਗੇ ਤਾਂ ਉਹ ਅੰਦਰੇ ਪਰ ਸਾਨੂੰ ਬਾਰ ਨੀ ਖੋਲ੍ਹਦੇ। " ਇੱਕ ਬੁੱਢਾਪਾ ਤੇ ਉਸ ਦੇ ਉਤੋਂ ਯਾਦਾਸ਼ਤ ਦਾ ਘੱਟ ਜਾਣਾ , ਜੋ ਅੱਜ ਵਡੇਰੀ ਉਮਰ 'ਚ ਬਹੁਤ ਲੋਕਾਂ ਨੂੰ ਘੇਰ ਰਿਹਾ ਹੈ। ਇਸ ਵਕਤ ਆਪਣਿਆਂ ਦਾ ਸਾਥ ਨਾ ਮਿਲਣ 'ਤੇ , ਘਰ 'ਚ ਕੋਈ ਨਾ ਤਾਂ ਜੀਵਨ ਨਰਕ ਸਮਾਨ ਬਣ ਜਾਂਦਾ ਹੈ। ਲੋਕ ਤਾਂ ਆਪਣਾ ਨਾਮ ਤੱਕ ਭੁੱਲ ਜਾਂਦੇ ਨੇ। ਇਹਨਾਂ ਮਾਤਾ -ਪਿਤਾ ਦੀ ਪੀੜਾ ਦਾ ਤਾਂ ਅਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ। 
    ਹਰਦੀਪ ਜੀ ਨੇ ਇਹ ਕਹਾਣੀਆਂ ਆਪਣੇ ਵਕਤ ਦੇ ਸਮਾਜ ਵਿੱਚੋਂ ਚੁਣੀਆਂ ਹਨ। ਤਾਂਕਿ ਲੋਕਾਂ 'ਚ ਸੰਵੇਦਨਾ ਜਾਗੇ। ਆਪਣੇ ਅੰਦਰ ਉਨ੍ਹਾਂ ਦੀ ਪੀੜਾ ਨੂੰ ਮਹਿਸੂਸ ਕਰਨ। ਕੁਝ ਸੋਚਣ। ਕੱਲ ਨੂੰ ਬਜ਼ੁਰਗ ਬਣਨ ਵਾਲੀ ਪੀੜ੍ਹੀ ਇਹ ਮਹਿਸੂਸ ਕਰ  ਇਸ ਸੰਸਾਰ 'ਚ ਹੀ ਸਵਰਗ ਨਰਕ ਹੈ। ਮਾਂ -ਬਾਪ ਦੀ ਸੇਵਾ ਦੇਖਭਾਲ ਹੀ ਸੱਚਾ ਸੁੱਖ ਹੈ। ਜਿਨ੍ਹਾਂ ਨੇ ਸਾਨੂੰ ਸੰਸਾਰ ਦਿਖਾਇਆ।ਸਾਡਾ ਪਾਲਣ ਪੋਸ਼ਣ ਕੀਤਾ। ਜੀਵਨ 'ਚ ਕੁਝ ਬਣਾ ਕੇ ਪੈਰਾਂ 'ਤੇ ਖੜ੍ਹਾ ਹੋਣਾ ਸਿਖਾਇਆ। ਉਨ੍ਹਾਂ ਦੇ ਚਰਨ ਪੂਜ ਕੇ ਅਸੀਸ ਚਾਹੀਦੀ ਹੈ ਨਾ ਕਿ ਉਨ੍ਹਾਂ ਦੇ  ਰਹਿੰਦੇ ਜੀਵਨ ਨੂੰ ਨਰਕ ਸਮਾਨ ਬਣਾ ਕੇ ਆਪਣੇ ਲਈ ਲੋਕਾਂ ਦੀ ਨਫ਼ਰਤ ਦਾ ਕਾਰਨ ਬਣਨਾ ਚਾਹੀਦਾ ਹੈ। ਇੱਕ ਮਿੰਨੀ ਕਹਾਣੀਕਾਰ ਦੀ ਸਭ ਤੋਂ ਵੱਡੀ ਸਫਲਤਾ ਇਹੋ ਹੁੰਦੀ ਹੈ ਕਿ ਉਸ ਦੀ ਰਚਨਾ ਕੁਝ ਸ਼ਬਦਾਂ 'ਚ ਆਪਣਾ ਗਹਿਰਾ ਅਸਰ ਛੱਡ ਜਾਂਦੀ ਹੈ। ਪੜ੍ਹਨ ਵਾਲਾ ਸੋਚਦਾ ਕਿ ਕਹਾਣੀ ਪੂਰੀ ਹੋ ਗਈ ? ਕਹਾਣੀ ਦਾ ਨਤੀਜਾ ਕੀ ਨਿਕਲਿਆ ? ਪਾਠਕ ਆਪਣੀ ਸੋਚ ਅਨੁਸਾਰ ਫੈਸਲਾ ਕਰਦਾ ਹੈ। ਡਾ ਹਰਦੀਪ ਕੌਰ ਸੰਧੂ ਦੀ ਹਰ ਕਹਾਣੀ ਪਾਠਕ ਨੂੰ ਸੋਚਣ ਲਈ ਮਜਬੂਰ ਕਰਦੀ ਹੈ। 

ਕਮਲਾ ਘਟਾਔਰਾ 
ਯੂ ਕੇ 

ਨੋਟ : ਇਹ ਪੋਸਟ ਹੁਣ ਤੱਕ 95 ਵਾਰ ਪੜ੍ਹੀ ਗਈ ਹੈ।
 ਲਿੰਕ 1           ਲਿੰਕ 2           ਲਿੰਕ 3

24 Aug 2017

ਸਾਨੂੰ ਕੀ?

Image result for we don't care clipartਉਹ ਬੀਬਾ ਬੱਸ ਦੀ ਉਡੀਕ 'ਚ ਬੈਠੀ ਸੀ ।ਉਸਦੇ ਕੋਲ਼ ਇੱਕ ਬਜ਼ੁਰਗ ਮਹਿਲਾ ਵੀ ਬੱਸ ਦੀ ਉਡੀਕ ਕਰ ਰਹੀ ਸੀ। ਅਕਸਰ ਕਈ ਲੋਕ ਅਣਜਾਣੇ ਹੀ ਵਕਤ ਗੁਜਾਰਣ ਲਈ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ। ਉਸ ਬੀਬਾ ਨੂੰ ਏਹ ਆਦਤ ਨਹੀਂ ਸੀ ।
ਲੇਕਿਨ ਗੱਲ ਸ਼ੁਰੂ ਹੋ ਜਾਏ ਤਾਂ ਆਪਣੇ ਆਪ ਝਿਜਕ ਮਿਟ ਜਾਂਦੀ ਹੈ ।ਗੱਲ  ਸ਼ੁਰੂ ਹੋਣ ਦਾ ਸਬੱਬ ਬਣ ਹੀ ਗਿਆ । ਸਾਹਮਣਿਓਂ ਇੱਕ ਮੁਟਿਆਰ ਆਪਣੀ ਬੇਟੀ ਨਾਲ ਬੱਸ ਸਟਾਪ ਦੀ ਜਗ੍ਹਾ ਉਨ੍ਹਾਂ ਦੇ ਸਾਹਮਣਿਓਂ ਲੰਘੀ। ਉਹ ਮਹਿਲਾ ਮੁਬਾਇਲ 'ਤੇ ਅੱਖਾਂ ਗੱਡੀ ਉਗਲਾਂ ਤੇਜ ਕਦਮੋਂ ਨਾਲ ਅੱਗੇ ਲੰਘ ਗਈ। ਪਿੱਛੇ ਆ ਰਹੀ ਉਸ ਦੀ ਪੰਚ -ਛੇ ਸਾਲ ਦੀ ਬੇਟੀ ਕੁਝ ਖਾਂਦੇ ਆ ਰਹੀ ਸੀ। ਖਾਂਦੇ -ਖਾਂਦੇ ਖਾਲੀ ਪੈਕਟ ਉੱਥੇ ਹੀ ਸੁੱਟ ਦਿੱਤਾ ਜਿੱਥੇ ਬੱਸ ਨੇ ਰੁਕਣਾ ਸੀ। ਸਾਹਮਣੇ ਹੀ ਕੂੜਾਦਾਨ ਵੀ ਪਿਆ ਸੀ। 
  ਉਹ ਦੋਵੇਂ ਇਸ ਦ੍ਰਿਸ਼ ਨੂੰ ਦੇਖ ਹੈਰਾਨ ਰਹਿ ਗਈਆਂ । "ਕਿਹੋ ਜਿਹੀ ਮਾਂ ਹੈ ?" ਬਜ਼ੁਰਗ ਮਹਿਲਾ ਕੋਲ ਬੈਠੀ ਬੀਬਾ ਨੂੰ ਕਹਿਣ ਲੱਗੀ। ਇਸ ਨੂੰ ਬੱਚੇ ਦੀ ਕੋਈ ਫਿਕਰ ਨਹੀਂ। ਚਾਹੇ ਪਿੱਛੇ ਬੱਸ ਆ ਜਾਂਦੀ। ਹੋਰ ਨਾ ਸਹੀ ਇੱਥੋਂ ਦੇ ਕਾਨੂੰਨ ਦਾ ਤਾਂ ਪਤਾ ਹੀ ਹੋਵੇਗਾ। 
"ਹਾਂ ਜੀ ਆਪ ਠੀਕ ਕਹਿ ਰਹੇ ਹੋ। ਨਵੀਂ ਆਈ ਲੱਗਦੀ ਹੈ।"  ਬੀਬਾ  ਵੀ ਬੋਲ ਪਈ।  ਗੱਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ।ਬਜ਼ੁਰਗ ਮਹਿਲਾ ਕਹਿਣ ਲੱਗੀ ," ਮਜਾਲ ਹੈ ਅਸੀਂ ਕਦੇ ਮਾਂ ਬਾਪ ਕੀ ਸਿੱਖਿਆ ਨੂੰ ਭੁਲਾਇਆ ਹੋਵੇ। ਇੱਥੇ ਆ ਕੇ ਵੀ ਬੱਚਿਆਂ ਨੂੰ ਓਸੇ ਤਰਾਂ ਸਲੀਕਾ ਸਿਖਾਇਆ ਹੈ। ਇੱਥੇ ਤਾਂ ਛੋਟੀ ਉਮਰ 'ਚ ਹੀ ਬੱਚੇ ਸਭ ਸਿੱਖ ਲੈਂਦੇ ਨੇ। ਇਸ ਨੂੰ ਤਾਂ ਜਿਵੇਂ ਕੁਝ ਪਤਾ ਹੀ ਨਹੀਂ ਹੈ। ਬੇਟੀ ਨੂੰ ਕੁਝ ਸਿਖਾਇਆ ਹੀ ਨਹੀਂ ਲੱਗਦਾ।" 
ਬੀਬਾ ਬੋਲੀ , "ਉਸ ਨੂੰ ਕਹਾਂ ਬੁਲਾ ਕੇ ਕਿ ਇੱਥੇ ਕੂੜਾ ਰਾਹ 'ਚ ਨਹੀਂ ਕੂੜੇਦਾਨ 'ਚ ਸੁੱਟਣਾ ਹੈ।"
ਬਜ਼ੁਰਗ ਮਹਿਲਾ ਬੋਲੀ," ਨਾ ਰਹਿਣ ਦੇ। ਕਿਸੇ ਨੂੰ ਕੁਝ ਕਹਿਣਾ ਤਾਂ ਇਓਂ ਹੈ ਜਿਸਨ ਆ ਬੈਲ ਮੁਝੇ ਮਾਰ। ਕੋਈ ਕੁਝ ਗਲਤ ਹੁੰਦਾ ਦੇਖ ਸਾਥੋਂ ਰੂਕੀਆ ਨਹੀਂ ਜਾਂਦਾ ਸਮਝਾਉਣ ਲੱਗਦੇ ਹਾਂ। ਇੱਕ ਵਾਰ ਮੈਂ ਕਿਸੇ ਨੂੰ ਕਹਿ ਬੈਠੀ ਬੀਬਾ ਬੱਚੇ ਦਾ ਹੱਥ ਫੜ ਕੇ ਨਾਲ ਚੱਲ । ਕਿਤੇ ਸੜਕ 'ਤੇ ਨਾ ਚੱਲਿਆ ਜਾਵੇ।ਉਹ ਬੋਲੀ, "ਮਾਤਾ ਜੀ ਚਲੇ ਜਾਏਗਾ ਤਲਕੀਫ ਮੈਨੂੰ ਹੋਵੇਗੀ ਕਿ ਆਪ ਨੂੰ  ? ਆਪ ਆਪਣੇ ਰਸਤੇ।"ਓਦੋਂ ਤੋਂ ਮੈਂ ਕਿਸੇ ਦੀ ਕਿਸੇ ਵੀ ਗੱਲ 'ਤੇ ਟੋਕਣਾ ਛੱਡ ਦਿੱਤਾ ਹੈ। ਸਾਨੂੰ ਕੀ ? ਆਪਣੀ ਬੇਇਜ਼ਤੀ ਥੋੜੇ ਕਰਵਾਉਣੀ ਹੈ। " 
ਬੀਬਾ "ਸਾਨੂੰ ਕੀ"  ਦੀ ਸੋਚਾਂ 'ਚ ਡੁੱਬੀ ਬੱਸ 'ਚ ਬੈਠ  ਗਈ । "ਸਾਨੂੰ ਕੀ" ਨਹੀਂ ਤਾਂ ਫਿਰ ਕਿਸ ਨੂੰ ਕੁਝ ਹੋਵੇਗਾ। ਸਮਾਜ ਦਾ ਅਸੀਂ ਵੀ ਇੱਕ ਹਿੱਸਾ ਹਾਂ। ਜੋ ਹੁੰਦਾ , ਹੁੰਦਾ ਰਹੇ ਤਾਂ ਗਲਤ ਨੂੰ ਸਹੀ ਕਰਨ ਰੋਕਣ ਕੌਣ ਅੱਗੇ ਆਵੇਗਾ ? 

ਕਮਲਾ ਘਟਾਔਰਾ 
ਯੂ ਕੇ.

ਨੋਟ : ਇਹ ਪੋਸਟ ਹੁਣ ਤੱਕ  101 ਵਾਰ ਪੜ੍ਹੀ ਗਈ ਹੈ।

ਲਿੰਕ 1            ਲਿੰਕ 2           ਲਿੰਕ 3

23 Aug 2017

ਬਟਵਾਰਾ (ਮਿੰਨੀ ਕਹਾਣੀ )

ਰੱਬ ਦਾ ਦਿੱਤਾ ਘਰ 'ਚ ਸਭ ਕੁਝ ਸੀ। ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਪਰ ਫੇਰ ਵੀ ਉਸ ਦੀਆਂ ਨੂੰਹਾਂ ਹਰ ਨਿੱਕੀ -ਨਿੱਕੀ ਗੱਲ 'ਤੇ ਖਹਿਬੜਨ ਲੱਗ ਜਾਂਦੀਆਂ ਸਨ। ਨਿੱਤ ਦੇ ਹੁੰਦੇ ਕਾਟੋ ਕਲੇਸ਼ ਤੋਂ  ਤੰਗ ਆ ਕੇ ਘਰ ਦੇ ਬਟਵਾਰੇ ਦਾ ਫ਼ੈਸਲਾ ਹੋ ਗਿਆ ਸੀ । ਆਪਣਾ -ਆਪਣਾ ਹੱਕ ਜਤਾਉਂਦਿਆਂ ਸਾਂਝੇ ਘਰ 'ਚ ਪਈ ਹਰ ਨਿੱਕੀ -ਮੋਟੀ ਚੀਜ਼ ਚਾਈਂ -ਚਾਈਂ ਵੰਡੀ ਜਾਣ ਲੱਗੀ। 
      ਮਾਂ ਦੇ ਚਿਹਰੇ 'ਤੇ ਉਪਰਾਮਤਾ ਸੀ। ਡੰਗੋਰੀ ਦੀ ਪੀੜਾ ਨੂੰ ਸਮਝਣ ਵਾਲਾ ਕੋਈ ਨਹੀਂ ਸੀ। ਉਹ ਆਪਣੀ ਹੋਂਦ ਦੇ ਖਿੱਲਰੇ ਟੁੱਕੜੇ ਇਕੱਠੇ ਕਰਨ ਦੀ ਅਸਫ਼ਲ ਕੋਸ਼ਿਸ਼ ਕਰ ਰਹੀ ਸੀ। ਉਸ ਦੇ ਸਾਹਾਂ ਦੀ ਸਾਂਝ ਪਾਲਦਾ ਤੇ ਭਾਵਨਾਵਾਂ ਦਾ ਰਾਜ਼ਦਾਰ ਇਹ ਘਰ ਅੱਜ ਖਿੰਡ ਰਿਹਾ ਸੀ।  ਚੁੱਪ ਦੀ ਬੁੱਕਲ਼ ਮਾਰੀ ਖੂੰਜੇ ਬੈਠੀ ਮਾਂ ਦਾ ਗੱਚ ਭਰ ਆਇਆ ," ਮੈਂ ਕੀਹਦੇ ਹਿੱਸੇ ਆਈ ਹਾਂ ?" ਹੁਣ ਘਰ 'ਚ ਸੰਨਾਟਾ ਛਾ ਗਿਆ ਸੀ।  

ਡਾ. ਹਰਦੀਪ ਕੌਰ ਸੰਧੂ 
  
ਨੋਟ : ਇਹ ਪੋਸਟ ਹੁਣ ਤੱਕ  505 ਵਾਰ ਪੜ੍ਹੀ ਗਈ ਹੈ।


ਲਿੰਕ 1            ਲਿੰਕ 2             ਲਿੰਕ 3            ਲਿੰਕ 4


22 Aug 2017

ਔਰਤ ਬਨਾਮ ਮਾਂ (ਮਿੰਨੀ ਕਹਾਣੀ)



Image result for women and rape
ਉਸ ਦੇ ਵਿਹੜੇ ਘੋਰ ਗਰੀਬੀ ਦਾ ਆਲਮ ਸੀ। ਉਸ 'ਤੇ ਦੁੱਖਾਂ ਦੇ ਪਹਾੜ ਓਦੋਂ ਹੋਰ ਟੁੱਟ ਪਏ ਜਦੋਂ ਉਸ ਦੇ ਪਤੀ ਦੀ ਕਿਸੇ ਲੰਬੀ ਬਿਮਾਰੀ ਕਾਰਨ ਮੌਤ ਹੋ ਗਈ। ਦੋ ਡੰਗ ਦਾ ਚੁੱਲ੍ਹਾ ਤੱਪਦਾ ਰੱਖਣ ਦਾ ਫ਼ਿਕਰ ਉਸ ਨੂੰ ਵੱਢ ਵੱਢ ਖਾਣ ਲੱਗਾ। ਹੁਣ ਉਹ ਆਪਣੀ ਜਵਾਨ ਧੀ ਨੂੰ ਵੀ ਆਪਣੇ ਨਾਲ ਭੱਠੇ 'ਤੇ ਕੰਮ ਕਰਨ ਨਾਲ਼ ਲੈ ਜਾਂਦੀ।ਇੱਕਲਤਾ ਤੇ ਗੁਰਬਤ 'ਚ ਫਟੀ ਚੁੰਨੀ ਨੂੰ ਉਹ ਜਿਵੇਂ ਕਿਵੇਂ ਨਿੱਤ ਰਫ਼ੂ ਕਰ ਆਪਣਾ ਆਪਾ ਕੱਜ ਲੈਂਦੀ ਸੀ । 
      ਦੋਵੇਂ ਮਾਂਵਾਂ -ਧੀਆਂ ਨੂੰ ਭੱਠੇ ਤੋਂ ਘਰ ਮੁੜਦਿਆਂ ਨਿੱਤ ਹੀ ਬਹੁਤ ਕੁਵੇਲ਼ਾ ਹੋ ਜਾਂਦਾ ਸੀ। ਇੱਕ ਦਿਨ ਲੰਬੇ ਤੇ ਸੁੰਨੇ ਰਾਹ 'ਤੇ ਕੁਝ ਬੇਖੌਫ਼ ਘੁੰਮਦੇ ਵਹਿਸ਼ੀ ਦਰਿੰਦਿਆਂ ਨੇ ਉਨ੍ਹਾਂ ਦਾ ਰਾਹ ਰੋਕ ਲਿਆ। ਤਨ ਚੀਰਦੀਆਂ ਨਾਪਾਕ ਨਜ਼ਰਾਂ ਉਨ੍ਹਾਂ ਨੂੰ ਬੇਪੱਤ ਕਰਨ ਲੱਗੀਆਂ। ਬੇਵੱਸ ਪਰ ਹਿੰਮਤੀ ਮਾਂ ਨੇ ਬੜੀ ਫ਼ੁਰਤੀ ਨਾਲ ਆਪਣੀ ਧੀ ਨੂੰ ਬੇਰਹਿਮਾਂ ਦੇ ਚੁੰਗਲ ਤੋਂ ਬਚਾਉਂਦਿਆਂ ਖੁਦ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਹੈਵਾਨ ਬਣੇ ਉਹ ਦੇਰ ਰਾਤ ਤੱਕ ਵਾਰੋ - ਵਾਰੀ ਵਹਿਸ਼ਤ ਦੀ ਖੇਡ ਖੇਡਦੇ ਉਸ ਦੀ ਇੱਜ਼ਤ ਨੂੰ ਲੀਰੋ ਲੀਰ ਕਰਦੇ ਰਹੇ। ਉਹ ਰੋਂਦੀ ਕੁਰਲਾਉਂਦੀ ਉਨ੍ਹਾਂ ਦੀਆਂ ਬਦਸਲੂਕੀਆਂ ਸਹਿੰਦੀ ਰਹੀ। ਇੱਕ ਨਿਰਬਲ ਤੇ ਲਾਚਾਰ ਔਰਤ ਅੱਜ ਫੇਰ ਇੱਕ ਸਿਰੜੀ ਤੇ ਅਡੋਲ ਮਾਂ ਬਣ ਹਾਰ ਕੇ ਵੀ ਜਿੱਤ ਗਈ ਸੀ। 

ਡਾ. ਹਰਦੀਪ ਕੌਰ ਸੰਧੂ 

  ਲਿੰਕ 1                  ਲਿੰਕ 2        ਲਿੰਕ 3             ਲਿੰਕ 4

ਨੋਟ : ਇਹ ਪੋਸਟ ਹੁਣ ਤੱਕ 615 ਵਾਰ ਪੜ੍ਹੀ ਗਈ ਹੈ।




20 Aug 2017

ਧੁਰ ਦੀ ਅਸੀਸ (ਮਿੰਨੀ ਕਹਾਣੀ )

Image result for blessing with hand
ਉਹ ਆਪਣੀ ਮਾਂ ਨਾਲ ਸਮਾਨ ਦੀ ਖਰੀਦੋ -ਫਰੋਖਤ 'ਚ ਵਿਅਸਤ ਸੀ। ਸਮਾਨ ਵਾਲ਼ੀ ਟਰਾਲੀ ਧਕੇਲਦੀ ਉਹ ਮਾਂ ਦੇ ਮੂਹਰੇ -ਮੂਹਰੇ ਜਾ ਰਹੀ ਸੀ। ਅਚਾਨਕ ਸਾਹਮਣਿਓਂ ਉਸ ਨੂੰ ਇੱਕ ਸੱਤਰ ਕੁ ਵਰ੍ਹਿਆਂ ਦਾ ਬਾਬਾ ਆਉਂਦਾ ਵਿਖਾਈ ਦਿੱਤਾ। ਉਹ ਸ਼ੁਕੀਨ ਜਿਹਾ ਦਿਖਾਈ ਦੇਣ ਵਾਲਾ ਬਾਬਾ ਚੱਲਣ -ਫਿਰਨ ਤੋਂ ਅਸਮਰੱਥ ਸੀ। ਉਹ ਆਪਣੀ ਤਿੰਨ ਪਹੀਆਂ ਵਾਲੀ ਸਕੂਟੀ 'ਤੇ ਸਵਾਰ ਸੀ। ਉਸ ਮੁਸਕਰਾਉਂਦਿਆਂ ਇੱਕ ਪਾਸੇ ਨੂੰ ਹੋ ਉਸ ਬਾਬੇ ਦੀ ਸਕੂਟੀ ਲੰਘਣ ਲਈ ਰਾਹ ਛੱਡ ਦਿੱਤਾ। 
      ਪਹਿਲਾਂ ਤਾਂ ਬਾਬਾ ਕਾਹਲ਼ੀ ਨਾਲ ਅਗਾਂਹ ਲੰਘ ਗਿਆ ਤੇ ਫੇਰ ਪਿਛਾਂਹ ਨੂੰ ਪਰਤਿਆ। ਉਸ ਨੂੰ ਰੋਕ ਕੇ ਬੋਲਿਆ, "ਤੈਨੂੰ ਇੱਕ ਗੱਲ ਕਹਾਂ ?" ਐਨਾ ਆਖ ਉਹ ਇੱਕ ਪਲ ਲਈ ਚੁੱਪ ਹੋ ਗਿਆ। ਪਿੱਛੇ ਖਲੋਤੀ ਮਾਂ ਦੀਆਂ ਸੋਚਾਂ ਦੀ ਫ਼ਿਰਕੀ ਤੇਜ਼ੀ ਨਾਲ ਘੁੰਮਣ ਲੱਗੀ। ਖੌਰੇ ਉਹ ਅਣਜਾਣ ਬਾਬਾ ਉਸ ਦੀ ਜਵਾਨ ਧੀ ਨੂੰ ਕੀ ਕਹਿਣ ਵਾਲਾ ਹੈ। ਬਾਬੇ ਨੇ ਮੁਸਕਰਾ ਕੇ ਆਪਣੀ ਚੁੱਪੀ ਤੋੜਦਿਆਂ ਕਿਹਾ," ਧੰਨਵਾਦ! ਤੈਨੂੰ ਪਤਾ ਕਿਸ ਵਾਸਤੇ?" ਉਸ ਦੀ ਅੱਖਾਂ 'ਚ ਹੁਣ ਹੋਰ ਵਧੇਰੇ ਖੁਸ਼ੀ ਦੀ ਚਮਕ ਦਿਖਾਈ ਦੇ ਰਹੀ ਸੀ,"ਤੇਰੀ ਏਸ ਮਿੱਠੜੀ ਜਿਹੀ ਮੁਸਕਾਨ ਦੇ ਲਈ।" ਫੇਰ ਉਹ ਪਤਾ ਨਹੀਂ  ਕਿਧਰ ਭੀੜ 'ਚ ਅਲੋਪ ਹੋ ਗਿਆ।  
      ਹੁਣ ਉਹ ਦੋਵੇਂ ਮਾਂਵਾਂ -ਧੀਆਂ ਅਮੂਕ ਖੜ੍ਹੀਆਂ ਬਾਬੇ ਦੇ ਧੰਨਵਾਦੀ ਸ਼ਬਦਾਂ ਨੂੰ ਆਪਣੀ ਝੋਲੀ 'ਚ ਸਮੇਟ ਰਹੀਆਂ ਸਨ। ਮਾਂ ਤਰਲ ਅੱਖਾਂ ਨਾਲ ਉਸ ਬਾਬੇ ਦਾ ਮਨ ਹੀ ਮਨ ਸ਼ੁਕਰਾਨਾ ਅਦਾ ਕਰ ਰਹੀ ਸੀ ਜਿਹੜਾ ਉਸ ਦੀ ਧੀ ਨੂੰ ਧੁਰ ਦੀ ਅਸੀਸ ਦੇ ਗਿਆ ਸੀ। 

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 1155 ਵਾਰ ਪੜ੍ਹੀ ਗਈ ਹੈ।

ਲਿੰਕ 1         ਲਿੰਕ 2           ਲਿੰਕ 3          ਲਿੰਕ 4    ਲਿੰਕ 5

19 Aug 2017

ਫ਼ਰਕ ( ਮਿੰਨੀ ਕਹਾਣੀ )


ਜਾਗਰ ਸਿੰਘ ਨੂੰ ਕਈ ਸਾਲ ਬੀਤ ਗਏ ਸਨ ਦਰਸ਼ਨ ਸਿੰਘ ਨਾਲ਼ ਸੀਰੀ ਰਲ਼ਦਿਅਾਂ । ਦੋਹਾਂ ਵਿੱਚ ਸਕੇ ਭਾਰਾਵਾਂ ਵਾਲ਼ਾ ਪਿਅਾਰ ਪੈ ਗਿਅਾ ਸੀ । ੳੁਹ ਖੇਤ ਇੱਕੋ ਭਾਂਡੇ ਵਿੱਚ ਖਾਂਦੇ ਪੀਂਦੇ ਅਤੇ ਇੱਕਠੇ ਹੀ ਸੌ ਜਾਂਦੇ ਸਨ। ਦੋਵਾਂ ਨੇ ਅਾਪਣੀ ਜਵਾਨੀ ਵੀ ਪੈਲ਼ੀ ਦੀ ਮਿੱਟੀ ਫਰੋਲਦਿਅਾਂ ਹੀ ਗੁਜ਼ਾਰ ਦਿੱਤੀ ਸੀ 
। 
ਇੱਕ ਦਿਨ ਦਰਸ਼ਨ ਸਿੰਘ ਜਾਗਰ ਨੂੰ ਚਾਹ ਫੜਾੳੁਂਦਿਅਾਂ ਕਹਿਣ ਲੱਗਾ , " ਅਾਹ ਲੈ ਜਾਗਰਾ , ਚਾਹ ਪੀ ਲੈ , ਦੇਖ ਭਰਾਵਾ , ਭਾਵੇਂ ਚਾਰ ਪੈਸੇ ਵੱਧ ਲੈ ਲਵੀ ,ਪਰ ਤੈਨੂੰ ਕਿਸੇ ਹੋਰ ਜੱਟ ਦੇ ਸੀਰੀ ਨਹੀਂ ਰਲ਼ਣ ਦੇਣਾ ਕਦੇ ਵੀ। ਹੁਣ ਤਾਂ ਚੰਦਰੀ ਮੌਤ ਵੀ ਅੱਡ ਨਹੀਂ ਕਰ ਸਕਦੀ ਅਾਪਣੀਅਾਂ ਇਹਨਾਂ ਰੂਹਾਂ ਨੂੰ। "

ਇਹ ਸੁਣ ਕੇ ਜਾਗਰ ਦੀਅਾਂ ਅੱਖਾਂ ਛਲਕ ਪਈਅਾਂ ੳੁਹ ਕਹਿਣ ਲੱਗਾ,

" ਮੈਂ ਕਿਤੈ ਨਹੀਂ ਜਾਣੈ ਵੀਰ, ਅਾਪਣਾ ਇਹ ਖੇਤ ਛੱਡ ਕੇ , ਰੂਹ ਭਾਵੇਂ ਵੱਖ ਨਾ ਹੋਵੇ ਪਰ ਮੌਤ ਨੇ ਅਾਪਣੀ ਦੇਹ ਜਰੂਰ ਦੂਰ - ਦੂਰ ਕਰ ਦੇਣੀ ਅੈ। "
" ੳੁਹ ਕਿਵੇਂ ? " ਦਰਸ਼ਨ ਨੇ ਹੈਰਾਨ ਹੁੰਦਿਆਂ ਪੁੱਛਿਅਾ । ਜਾਗਰ ਨੀਵੀਂ ਪਾ ਕੇ ਕਹਿਣ ਲੱਗਾ, " ਤੈਨੂੰ ਪਤੈ ਤਾਂ ਹੈ ਵੀਰ , ਜੱਟਾਂ ਦੇ ਸਮਸ਼ਾਨ ਘਾਟ ਹੋਰ ਥਾਵੇਂ ਅੈ ਅਤੇ ਸਾਡੇ ਹੋਰ ਥਾਂ। " ਮਾਸਟਰ ਸੁਖਵਿੰਦਰ ਸਿੰਘ ਦਾਨਗੜ੍ਹ
94171-80205

ਨੋਟ : ਇਹ ਪੋਸਟ ਹੁਣ ਤੱਕ 29 ਵਾਰ ਪੜ੍ਹੀ ਗਈ ਹੈ।

ਸੁਫਨੇ ਤੇ ਰੂਹ

Satnam Singh's profile photo, Image may contain: 1 person, close-upਚਰਨੇ ਨੇ ਆਪਣੇ ਐਬ ਪੂਰੇ ਕਰਨ ਵਾਸਤੇ ਘਰ ਦੀ ਹਰ ਚੀਜ ਵੇਚ ਦਿੱਤੀ ਸੀ ਤੇ ਅੱਜ ਰਹਿੰਦਾ ਖੂੰਹਦਾ ਘਰ ਵੀ ਵੇਚ ਦਿੱਤਾ। ਉਸ ਦੀ ਬਜੁਰਗ ਮਾਤਾ ਦਾ ਦੁੱਖ ਦੇਖਿਆ ਸੀ ਨਹੀਂ ਜਾ ਰਿਹਾ। ਘਰ ਵਿਕਿਆ ਨਹੀਂ ਸੀ ਉਸ ਦੇ ਸਾਥੀ ਦੀ ਮੌਤ ਸੀ। ਉਸ ਦੇ ਸੁਫਨੇ ਦਾ ਅੰਤ ਸੀ। ਉਸ ਨੇ ਤੇ ਉਸ ਦੇ ਘਰਵਾਲੇ ਨੇ ਦਿਹਾੜੀਆਂ ਕਰ ਤੇ ਮਿਹਨਤ ਮਜਦੂਰੀ ਕਰ ਕੇ ਭੁੱਖੇ ਰਹਿ ਰਹਿ ਕੇ ਇੱਕ ਇੱਕ ਪੈਸਾ ਜੋੜ ਕੇ ਬਣਾਇਆ ਸੀ ਇਹ ਘਰ। ਘਰ ਦੀਅਾਂ ਕੰਧਾ 'ਚ ਇੱਟਾਂ ਨਹੀਂ ਉਨ੍ਹਾਂ ਦੋਹਾਂ ਦੇ ਇੱਕ ਇੱਕ ਦਿਨ ਤੇ ਕਈ ਸਾਲ ਹਨ। ਸਾਰੀ ਉਮਰ ਦੀ ਮਿਹਨਤ ਹੈ ਇਹ ਘਰ।
ਉਸ ਦਾ ਘਰਵਾਲਾ ਇਸ ਦੁਨੀਆਂ ਤੋਂ ਚਲਾ ਗਿਆ ਤਾਂ ਉਸ ਇੱਕਲੀ ਨੇ ਦਿਨ ਰਾਤ ਮਿਹਨਤ ਕੀਤੀ। ਇਸ ਘਰ ਨੂੰ ਬਣਾੳੁਣ ਲਈ। ਅੱਜ ਉਹ ਘਰ ਉਸ ਲਈ ਬੇਗਾਨਾ ਹੋ ਗਿਆ। ਉਸ ਦਾ ਇਸ ਘਰ 'ਤੇ ਹੱਕ ਵੀ ਨਾ ਰਿਹਾ। ਉਸ ਦਾ ਸੁਫਨਾ ਵੇਚ ਦਿੱਤਾ ਉਸ ਦੇ ਪੁੱਤ ਨੇ। ਉਸ ਦਾ ਜੀਅ ਕਰਦਾ ਉਹ ਉੱਚੀ ਉੱਚੀ ਰੋਵੇ ਵੈਣ ਪਾਵੈ। ਉਸ ਦਾ ਘਰ ਨਹੀਂ ਵਿਕਿਆ ਅੱਜ ਉਸ ਦਾ ਆਪਣਾ ਕੋਈ ਮਰ ਗਿਆ ਹੈ। ਉਸ ਦਾ ਸੁਫਨਾ ਮਰ ਗਿਆ ਹੈ ਤੇ ਇਸ ਸੁਫਨੇ ਦਾ ਕਾਤਿਲ ਉਸ ਦਾ ਆਪਣਾ ਪੁੱਤ ਹੈ। ਪਰ ਉਸ ਦਾ ਰੋਣ ਨਹੀਂ ਸੀ ਨਿਕਲ ਰਿਹਾ। ਉਸ ਦਾ ਗੱਚ ਭਰਿਆ ਹੋਇਆ ਸੀ। ਉਹ ਪੱਥਰ ਬਣ ਗਈ ਸੀ। ਉਹ ਸੁੰਨ ਸੀ। ਉਸ ਦੀ ਰੂਹ ਉਸ ਦੇ ਟੁੱਟੇ ਸੁਫਨੇ ਨੂੰ ਨਾਲ ਲੈ ਕੇ ਉੱਡ ਗਈ।

ਸਤਨਾਮ ਸਿੰਘ ਮਾਨ
(ਬਠਿੰਡਾ)

ਨੋਟ : ਇਹ ਪੋਸਟ ਹੁਣ ਤੱਕ 50 ਵਾਰ ਪੜ੍ਹੀ ਗਈ ਹੈ।

18 Aug 2017

ਸ਼ਗਨ(ਮਿੰਨੀ ਕਹਾਣੀ)

Image result for pani varna ceremonyਦਲੀਪੋ ਦੇ ਆਪਣੀ ਕੋਈ ਔਲਾਦ ਨਹੀਂ ਸੀ।ਉਸ ਦੇ ਦਿਓਰ ਨੇ ਆਪਣੇ ਪਲੇਠੇ ਪੁੱਤ ਨੂੰ ਦਲੀਪੋ ਦੀ ਝੋਲ਼ੀ ਪਾਉਂਦਿਆਂ ਕਿਹਾ ਸੀ, "ਭਾਬੀ ਅੱਜ ਤੋਂ ਛਿੰਦੇ ਨੂੰ ਤੂੰ ਆਵਦਾ ਹੀ ਪੁੱਤ ਸਮਝੀਂ, ਇਹ ਤੇਰਾ ਈ ਐ।’ ਭਿੱਜੀਆਂ ਅੱਖਾਂ ਨਾਲ਼ ਛਿੰਦੇ ਨੂੰ ਹਿੱਕ ਨਾਲ਼ ਲਾਉਂਦਿਆਂ ਦਲੀਪੋ ਨੂੰ ਲੱਗਾ ਸੀ ਜਿਵੇਂ ਉਸ ਦੀਆਂ ਦੁੱਧੀਆਂ ‘ਚ ਵੀ ਦੁੱਧ ਉੱਤਰ ਆਇਆ ਹੋਵੇ। ਛਿੰਦੇ ਦੇ ਵਿਆਹ ‘ਤੇ ਉਸ ਦੀ ਮਾਂ ਨੇ ਸਾਰੇ ਸ਼ਗਨ ਦਲੀਪੋ ਤੋਂ ਹੀ ਕਰਵਾਏ ਸਨ।  

ਚਹੁੰ ਵਰ੍ਹਿਆਂ ਪਿਛੋਂ ਜਦੋਂ ਛਿੰਦੇ ਦੇ ਘਰ ਪਲੇਠੀ ਧੀ ਜੰਮੀ ਤਾਂ ਦਲੀਪੋ ਦਾ ਚਾਅ ਚੱਕਿਆ ਨਹੀਂ ਸੀ ਜਾਂਦਾ।  ਦਮ-ਦਮ ਕਰਦੀ ਵਿਹੜੇ ‘ਚ ਭੱਜੀ ਫਿਰੇ। ਅਗਲੇ ਹੀ ਦਿਨ ਦੇਸੀ ਘਿਓ ਦੇ ਲੱਡੂ ਸਾਰੇ ਪਿੰਡ ‘ਚ ਫੇਰਦੀ ਹਰ ਕਿਸੇ ਨੂੰ ਕਹਿੰਦੀ ਫਿਰੇ,” ਨੀ ਭੈਣੇ, ਮੈਂ ਤਾਂ ਕਿੱਦਣ ਦੀ ਇਹ ਦਿਨ ‘ਡੀਕਦੀ ਸੀ। ਕੁੜੀ-ਮੁੰਡੇ ਦਾ ਮੈਨੂੰ ਕੋਈ ਫ਼ਰਕ ਨੀ।  ਰੱਬ ਦੀ ਦਾਤ ਐ, ਇੱਕੋ ਬਰੋਬਰ ਨੇ। ਕੁੜੇ, ਲੀਹ ਤਾਂ ਤੁਰੀ, ਨਹੀਂ ਤਾਂ ਛਿੰਦੇ ਦੀ ਮਾਂ ਨੇ ਆਪਣੇ ਚਿੱਤ ‘ਚ ਸੋਚਣਾ ਸੀ ਬਈ ਇਸ ਅਭਾਗਣ ਨੇ ਛਿੰਦੇ ਦੇ ਵਿਆਹ ਦੇ ਸ਼ਗਨ ਕੀਤੇ ਸਨ ਤਾਂ ਹੀ…।”

 ਡਾ. ਹਰਦੀਪ ਕੌਰ ਸੰਧੂ

ਲਿੰਕ 1       ਲਿੰਕ 2     ਲਿੰਕ 3      ਲਿੰਕ 4

*ਇਹ ਕਹਾਣੀ ਪੰਜਾਬੀ ਮਿੰਨੀ ਰਸਾਲੇ ‘ਚ 25 ਮਈ 2014 ਨੂੰ ਪ੍ਰਕਾਸ਼ਿਤ ਹੋਈ। 

ਨੋਟ : ਇਹ ਪੋਸਟ ਹੁਣ ਤੱਕ 845 ਵਾਰ ਪੜ੍ਹੀ ਗਈ ਹੈ।

17 Aug 2017

ਕੁੱਕਰੇ (ਇੱਕ ਪੁਰਾਣੀ ਸੱਚੀ ਯਾਦ)

ਮੇਰੀ ਮਾਂ ਨੂੰ ਮੈਂ ਬੀਬੀ ਆਖਦਾ ਸੀ। ਮੈਂ ਉਦੋਂ ਪੰਜ ਛੇ ਸਾਲ ਦਾ ਹੋਵਾਂਗਾ ਜਦੋਂ ਅਚਾਨਕ ਮੇਰੀ ਮਾਂ ਦੀਆਂ ਅੱਖਾਂ ਦੁੱਖਣੀਆਂ ਆ ਗਈਆਂ। ਪਿੰਡ ਦੇ ਡਾਕਟਰ ਤੋਂ ਇਲਾਜ ਕਰਾਇਆ ਲੇਕਿਨ ਕੋਈ ਫਾਇਦਾ ਨਹੀਂ ਹੋਇਆ। ਉਹਦੀਆਂ ਅੱਖਾਂ ਵਿੱਚੋਂ ਹਰ ਦਮ ਪਾਣੀ ਵਹਿੰਦਾ ਰਹਿੰਦਾ ਤੇ ਬੀਬੀ ਦਰਦ ਨਾਲ ਸੀ - ਸੀ ਕਰਦੀ ਰਹਿੰਦੀ। ਪਿੰਡ 'ਚ ਇੱਕ ਜੋਤਸ਼ੀ ਆਇਆ ਜਿਸ ਕੋਲ ਇੱਕ ਗਠੜੀ ਜਿਹੀ ਸੀ। ਜਿਸ ਵਿੱਚ ਉਸ ਨੇ ਇੱਕ ਮੈਲੀ ਜਿਹੀ ਜਨਮ ਪੱਤਰੀ ਰੱਖੀ ਹੋਈ ਸੀ। ਕਈ ਔਰਤਾਂ ਉਹਨੂੰ ਹੱਥ ਦਿਖਾਉਣ ਲੱਗ ਪਈਆਂ। ਫਿਰ ਮੇਰੀ ਬੀਬੀ ਨੇ ਵੀ ਅੱਖਾਂ ਬਾਰੇ ਉਹਨੂੰ ਪੁੱਛਿਆ। ਜੋਤਸ਼ੀ ਨੇ ਜਨਮ ਪੱਤਰੀ ਦੇ ਉਤੇ ਬੀਬੀ ਦਾ ਹੱਥ ਰਖਾਇਆ। ਕੁਛ ਦੇਰ ਮੂੰਹ 'ਚ ਕੁਝ ਪੜ੍ਹਨ ਤੋਂ ਬਾਅਦ ਜੋਤਸ਼ੀ ਨੇ ਕੋਈ ਮਾੜਾ ਗ੍ਰਹਿ ਦੱਸ ਦਿੱਤਾ ਤੇ ਬਹੁਤ ਸਾਰੇ ਪੈਸੇ ਲੈ ਕੇ ਚਲਿਆ ਗਿਆ। 
      ਬੀਬੀ ਦਾ ਅੱਖਾਂ ਦਾ ਦਰਦ ਵਧਦਾ ਜਾ ਰਿਹਾ ਸੀ। ਫਿਰ ਕਿਸੇ ਨੇ ਦਾਸੋ ਨਾਈ ਬਾਰੇ ਦੱਸਿਆ ਕਿ ਉਹ ਟੂਣਾ ਬਗੈਰਾ ਕਰਕੇ ਰੋਗ ਦੂਰ ਕਰ ਦਿੰਦਾ ਹੈ। ਇੱਕ ਰਾਤ ਮੇਰੇ ਬਾਬਾ ਜੀ ਦਾਸੋ ਨਾਈ ਨੂੰ ਘਰ ਲੈ ਆਏ। ਉਹਨੇ ਆਉਂਦਿਆਂ ਹੀ ਚਿਮਟੇ ਨਾਲ ਝਾੜਾ ਕੀਤਾ। ਫੂਕਾਂ - ਫਾਕਾਂ ਮਾਰੀਆਂ। ਫਿਰ ਇੱਕ ਮਿੱਟੀ ਦੇ ਭਾਂਡੇ ਨੂੰ ਤੋੜ ਕੇ ਇੱਕ ਟੁਕੜੇ ਉੱਤੇ ਚੁੱਲ੍ਹੇ ਦੀ ਸਵਾਹ ਦੇ ਸੱਤ ਲੱਡੂ ਬਣਾ ਕੇ ਰੱਖੇ। ਕੁਝ  ਦਾਲਾਂ, ਹਲਦੀ ਤੇ ਇੱਕ ਕਪੜੇ ਦੀ ਗੁੱਡੀ ਜਿਹੀ ਬਣਾ ਕੇ ਉਸ ਦੀਆਂ ਅੱਖਾਂ 'ਚ ਸੂਈਆਂ ਖੁਭੋ ਦਿੱਤੀਆਂ । ਬਾਬਾ ਜੀ ਤੋਂ ਉਸ ਨੇ ਇੱਕ ਕੁੱਕੜ ਤੇ ਇੱਕ ਸ਼ਰਾਬ ਦੀ ਬੋਤਲ ਦੇ ਪੈਸੇ ਲੈ ਲਏ। ਜਾਣ ਲੱਗੇ ਬਾਬਾ ਜੀ ਨੂੰ ਦੱਸ ਗਿਆ ਕਿ ਇਸ ਟੂਣੇ ਨੂੰ ਉਹ ਛੱਪੜ ਦੇ ਕੰਢੇ ਰੱਖ ਆਉਣ। ਬਾਬਾ ਜੀ ਇਸ ਠੀਕਰੇ ਨੂੰ ਕਿੱਥੇ ਰੱਖ ਕੇ ਆਏ, ਮੈਨੂੰ ਨਹੀਂ ਪਤਾ। ਮੈਨੂੰ ਤਾਂ ਇੰਨਾ ਯਾਦ ਹੈ ਕਿ ਕੁਝ ਦਿਨ ਬਾਅਦ ਜਦੋਂ ਮੈਂ ਦਾਸੋ ਦੇ ਮੁਹੱਲੇ ਵਿੱਚ ਆਪਣੇ ਦੋਸਤਾਂ ਨਾਲ ਖੇਲ ਰਿਹਾ ਸਾਂ ਤਾਂ ਦਾਸੋ ਆਪਣੇ ਦੋਸਤਾਂ ਨੂੰ ਮੇਰੇ ਵੱਲ ਇਸ਼ਾਰਾ ਕਰਕੇ ਹੱਸ ਹੱਸ ਕੇ ਦੱਸ ਰਿਹਾ ਸੀ ਕਿ ਪਿਛਲੇ ਹਫਤੇ ਇਹਦੇ ਬਾਬੇ ਤੋਂ ਬੋਤਲ ਤੇ ਕੁੱਕੜ ਦੇ ਪੈਸੇ ਲਏ ਸਨ। 
      ਇਸ ਤੋਂ ਬਾਅਦ ਇੱਕ ਹੋਰ ਆਦਮੀ ਨੂੰ ਲਿਆਂਦਾ ਗਿਆ। ਉਸ ਨੇ ਮੇਰੇ ਇੱਕ ਅੰਗੂਠੇ ਦੇ ਨੌਂਹ 'ਤੇ ਥੋੜਾ ਜਿਹਾ ਤੇਲ ਲਾਇਆ, ਫਿਰ ਮੈਨੂੰ ਕਹਿਣ ਲੱਗਾ ਕਿ ਕਾਕਾ ਮੇਰੇ ਮਗਰ ਮਗਰ ਬੋਲ,"ਹੇ ਸੱਚੇ ਪਾਤਸ਼ਾਹ ! ਝਾੜੂ ਫੇਰਨ ਵਾਲਾ ਆ  ਜਾਵੇ।" ਮੈਂ  ਉਸ ਦੇ ਮਗਰ -ਮਗਰ ਬੋਲਣਾ ਸ਼ੁਰੂ ਕਰ ਦਿੱਤਾ। ਕੋਈ ਪੰਦਰਾਂ ਕੁ ਵਾਰੀ ਬੋਲ ਕੇ ਉਹ ਮੈਨੂੰ ਪੁੱਛਣ ਲੱਗਾ ਕਿ ਮੈਨੂੰ ਕੁਝ ਦਿਸਦਾ ਹੈ !? ਮੈਂ ਛੋਟਾ ਜਿਹਾ ਬੱਚਾ ਮਾਨਸਿਕ ਤੌਰ 'ਤੇ ਉਸ ਦੀਆਂ ਗੱਲਾਂ 'ਚ ਆ ਗਿਆ। ਮੈਨੂੰ ਇਸ ਤਰਾਂ ਦਿਸਣ ਲੱਗ ਪਿਆ ਜਿਵੇਂ ਸੱਚੀ ਮੁੱਚੀ ਕੋਈ ਝਾੜੂ ਫੇਰ ਰਿਹਾ ਹੈ। ਇਸ ਤਰਾਂ ਹੀ ਉਹ ਮੈਨੂੰ ਪਾਣੀ ਛਿੜਕਾਉਣ ਵਾਲਾ ਆ ਜਾਵੇ,ਦਰੀਆਂ ਵਿਛਾਉਣ ਵਾਲਾ ਆ ਜਾਵੇ ਤੇ ਹੋਰ ਕਿੰਨਾ ਕੁਝ ਸੁਆਹ -ਖੇਹ ਮੇਰੇ ਮੂੰਹੋਂ ਕਹਾਉਂਦਾ ਰਿਹਾ। ਘਰ ਦਿਆਂ ਨੂੰ ਕੀ ਕੁਝ ਉਸ ਨੇ ਦੱਸਿਆ, ਮੈਨੂੰ ਨਹੀਂ ਪਤਾ ਲੇਕਿਨ ਬਹੁਤ ਸਾਰੀ ਕਣਕ ਤੇ ਪੈਸੇ ਲੈ ਕੇ ਉਹ ਵੀ ਚਲਿਆ ਗਿਆ। ਇਸ ਤਰਾਂ ਕਈ ਮਹੀਨੇ ਲੰਘ ਗਏ ਪਰ ਬੀਬੀ ਦਾ ਦੁੱਖ ਵਧਦਾ ਜਾ ਰਿਹਾ ਸੀ।
             ਫਿਰ ਕਿਸੇ ਨੇ ਦੱਸ ਪਾਈ ਕਿ ਫਗਵਾੜੇ ਇੱਕ ਫਕੀਰੀਆ ਨਾਮ ਦਾ ਬ੍ਰਾਹਮਣ ਹੈ ਜਿਸ ਕੋਲ ਬਹੁਤ ਲੋਕ ਜਾਂਦੇ ਹਨ ਤੇ ਉਹਨਾਂ ਨੂੰ ਫਾਇਦਾ ਹੋਇਆ ਹੈ। ਇੱਕ ਦਿਨ ਮੇਰੇ ਬਾਬਾ ਜੀ, ਬੀਬੀ ਤੇ ਮੈਨੂੰ ਨਾਲ ਲੈ ਕੇ ਫਗਵਾੜੇ ਨੂੰ ਪੈਦਲ ਚਲ ਪਏ। ਮੂਹਰੇ -ਮੂਹਰੇ ਮੇਰੇ ਬਾਬਾ ਜੀ ਤੇ  ਪਿੱਛੇ- ਪਿੱਛੇ ਬੀਬੀ ਦਾ ਹੱਥ ਫੜੀ ਮੈਂ ਚੱਲ ਪਿਆ। ਬੀਬੀ ਵਿਚਾਰੀ ਲੰਬਾ ਸਾਰਾ ਘੁੰਡ ਕੱਢੀ ਤੁਰ ਰਹੀ ਸੀ। ਪਿੰਡ ਤੋਂ ਛੇ ਕਿਲੋਮੀਟਰ ਪੈਦਲ ਚਲਣਾ ਕੋਈ ਅਸਾਨ ਨਹੀਂ ਸੀ। ਅਖੀਰ ਜਦ ਫ਼ਕੀਰੀਏ ਬ੍ਰਾਹਮਣ ਦੇ ਘਰ ਪਹੁੰਚੇ ਤਾਂ ਉਥੇ ਹੋਰ ਵੀ ਬਹੁਤ ਲੋਕ ਸਨ। ਜਦ ਸਾਡੀ ਵਾਰੀ ਆਈ ਤਾਂ ਫ਼ਕੀਰੀਏ ਨੇ ਮੂੰਹ 'ਚ ਮੰਤਰ ਪੜ੍ਹ ਕੇ ਫੂਕਾਂ ਮਾਰੀਆਂ। ਫਿਰ ਉਥੇ ਬੈਠਿਆਂ ਹੀ ਉਸ ਨੇ ਥੱਲੇ ਆਵਾਜ਼ ਮਾਰੀ, " ਇਹਨਾਂ ਨੂੰ ਸੁਨਹਿਰੀ ਗੜਵੀ ਚੋਂ ਚੀਜ ਦੇ ਦਿਓ ਜੀ। " ਉਸ ਤੋਂ ਬਾਅਦ ਅਸੀਂ ਥੱਲੇ ਆ ਗਏ। ਇੱਕ ਆਦਮੀ ਨੇ ਸਾਨੂੰ ਕੁਝ ਪੁੜੀਆਂ ਫੜਾ ਦਿਤੀਆਂ। ਪੈਸੇ ਦੇ ਕੇ ਅਸੀਂ ਫਿਰ ਪੈਦਲ ਚੱਲ ਪਏ। 
       ਬੀਬੀ ਦੀ ਹਾਲਤ ਬਹੁਤ ਗੰਭੀਰ ਹੋ ਗਈ ਸੀ ਅਤੇ ਹੁਣ ਦਿਸਣਾ ਵੀ ਮੁਸ਼ਕਿਲ ਲੱਗਣ ਪਿਆ ਸੀ। ਮੇਰੇ ਪਿਤਾ ਜੀ ਉਸ ਵਕਤ ਅਫ਼ਰੀਕਾ ਸਨ। ਜਦੋਂ ਉਹਨਾਂ ਨੇ ਆ ਕੇ ਬੀਬੀ ਦੀ ਹਾਲਤ ਦੇਖੀ ਤਾਂ ਉਸੇ ਵੇਲੇ ਬੀਬੀ ਨੂੰ ਸਾਈਕਲ 'ਤੇ ਬਿਠਾ ਕੇ ਸਿਧੇ ਜਲੰਧਰ ਅੱਖਾਂ ਦੇ ਹਸਪਤਾਲ ਲੈ ਗਏ। ਪਿਤਾ ਜੀ ਦੇ ਮੂੰਹੋਂ ਮੈਂ ਸੁਣਿਆ ਸੀ ਕਿ ਬੀਬੀ ਦੀਆਂ ਅੱਖਾਂ ਵਿਚ ਕੁੱਕਰੇ ਸਨ। ਉਥੇ ਬੀਬੀ ਦਾ ਇਲਾਜ ਹੋਇਆ ਅਤੇ ਕੁਝ ਦਿਨਾਂ ਵਿੱਚ ਹੀ ਬੀਬੀ ਠੀਕ ਹੋ ਗਈ। 
                                                                                                                                                  ਗੁਰਮੇਲ ਸਿੰਘ ਭੰਮਰਾ 
ਯੂ ਕੇ 

ਨੋਟ : ਇਹ ਪੋਸਟ ਹੁਣ ਤੱਕ 223 ਵਾਰ ਪੜ੍ਹੀ ਗਈ ਹੈ।

ਲਿੰਕ 1          ਲਿੰਕ 2            ਲਿੰਕ 3            ਲਿੰਕ 4

16 Aug 2017

ਮੈਂ ਅਜ਼ਾਦ ਹਾਂ

Rajpal Singh Brar's profile photo, Image may contain: 1 person, standing and outdoorਮੈਂ ਅਜ਼ਾਦ ਹਾਂ......ਮੈਂ ਅਜ਼ਾਦ ਹਾਂ......ਇੰਨਕਲਾਬ ਜ਼ਿੰਦਾਬਾਦ ਕਹਿੰਦੀ ਹੋਈ ਇੱਕ ਛੋਟੀ ਜਿਹੀ ਬੱਚੀ ਜੋ ਟੀ.ਵੀ. 'ਤੇ 15 ਅਗਸਤ ਦਾ ਪ੍ਰੋਗਰਾਮ ਦੇਖ ਰਹੀ ਸੀ, ਬਾਹਰ ਆ ਕੇ ਕਹਿ ਰਹੀ ਸੀ। ਮੈਂ ਅਜ਼ਾਦ ਹਾਂ ਤੇ ਵਿਹੜੇ ਦੇ ਵਿਚਕਾਰ ਲੱਗੇ ਨਿੰਮ ਦੇ ਦਰੱਖਤ ਥੱਲੇ ਬੈਠੀ ਆਪਣੀ ਦਾਦੀ ਦੀ ਬੁੱਕਲ ਵਿੱਚ ਜਾ ਬੈਠੀ ਤੇ ਜਦੋਂ ਆਪਣੀ ਦਾਦੀ ਦੀਆਂ ਅੱਖਾਂ ਵੱਲ ਵੇਖਿਆ ਤਾਂ ਉਹਨਾਂ ਵਿੱਚੋਂ ਹੂੰਝ ਵਹਿ ਰਹੇ ਸਨ। 
ਬੱਚੀ ਨੇ ਪੱਛਿਆ ਦਾਦੀ ਜੀ ਤੁਸੀਂ ਰੋ ਕਿਉਂ ਰਹੇ ਹੋ ? ਅੱਜ ਤਾਂ ਅਜ਼ਾਦੀ ਦਿਵਸ ਹੈ। ਅੱਜ ਦੇ ਦਿਨ ਤਾਂ ਅਸੀਂ ਅਜ਼ਾਦ ਹੋਏ ਸਾਂ। ਬੱਚੀ ਦੇ ਵਾਰ-ਵਾਰ ਪੁੱਛਣ 'ਤੇ ਕੁਝ ਚਿਰ ਪਿੱਛੋਂ ਇੱਕ ਲੰਮਾ ਸਾਰਾ ਸਾਹ ਲਿਆ ਤੇ ਬੋਲੀ," ਅਜ਼ਾਦ....ਅਜ਼ਾਦ... ਨਹੀਂ ਧੀਏ, ਔਰਤ ਅੱਜ ਵੀ ਅਜ਼ਾਦ ਨਹੀਂ ਹੋਈ। " ਬੱਚੀ ਇਹ ਸ਼ਬਦ ਸੁਣ ਕੇ ਉਸੇ ਤਰ੍ਹਾਂ ਨੱਚਦੀ ਹੋਈ ਚੱਲੀ ਗਈ ਤੇ ਵਾਰ-ਵਾਰ ਗਾ ਰਹੀ ਸੀ। ਮੈਂ ਅਜ਼ਾਦ ਹਾਂ...ਮੈਂ ਅਜ਼ਾਦ ਹਾਂ........!
ਰਾਜਪਾਲ ਸਿੰਘ ਬਰਾੜ
ਜੈਤੋ (ਪੰਜਾਬ )

ਨੋਟ : ਇਹ ਪੋਸਟ ਹੁਣ ਤੱਕ 119 ਵਾਰ ਪੜ੍ਹੀ ਗਈ ਹੈ।

   ਲਿੰਕ 1                 ਲਿੰਕ 2

15 Aug 2017

15 ਅਗਸਤ ਦੇ ਨਾਂ .....! ( ਗਲ ਘੋਟੂ ਆਜ਼ਾਦੀ )

ਗਲ ਘੋਟੂ ਆਜ਼ਾਦੀ ਹੈ । ਹਰ ਪਾਸੇ ਬਰਬਾਦੀ ਹੈ । । ਰਾਜ ਹੈ ਕੂੜ੍ਹ ਹਨ੍ਹੇਰੇ ਦਾ ਹਰ ਬੰਦਾ ਫ਼ਰਿਆਦੀ ਹੈ । । ਗੱਲ ਕਰਾਂ ਜੇ ਸੱਚੀ ਮੈਂ ਕਾਨੂੰਨ ਕਹੇ ਅੱਤਵਾਦੀ ਹੈ । । ਫਾਹੇ ਲਾ ਦਿਓ ਲਾਲੋ ਨੂੰ ਗਲੀ - ਗਲੀ ਮੁਨਾਦੀ ਹੈ । । ਵਾਅਦੇ ਕਰਕੇ ਮੁਕਰਨਾ ਨੇਤਾ ਇਸ ਦਾ ਆਦੀ ਹੈ । । ਮਰ-ਮਰ ਜੀਣਾ ਪੈਂਦਾ ਹੈ ਲੋਕੋ ਜ਼ਿੰਦਗੀ ਕਾਹਦੀ ਹੈ । । ਸੁਰਿੰਦਰ ਤੇਰੇ ਦੁੱਖਾਂ ਦੀ ਕਾਨੀ ਭਰਦੀ ਸ਼ਾਹਦੀ ਹੈ । । ਐਸ ਸੁਰਿੰਦਰ ਯੂ ਕੇ

ਨੋਟ : ਇਹ ਪੋਸਟ ਹੁਣ ਤੱਕ 53 ਵਾਰ ਪੜ੍ਹੀ ਗਈ ਹੈ।

ਲਿੰਕ 1 ਲਿੰਕ 2 ਲਿੰਕ 3

ਦੋ ਫੇਫੜੇ -ਪੰਜਾਬ (ਕਵਿਤਾ)

Image result for wire mesh partition in punjab border

ਵਾਹਗੇ ਦੀ ਕੰਧ

ਕਿਓਂ ਉਸਾਰੀ

ਦੋ ਸਾਹਵਾਂ ਵਿੱਚਕਾਰ।

ਏਸ ਕੰਧ ਦੀਆਂ

ਭਾਰੀਆਂ ਇੱਟਾਂ

ਥੜਾ ਲੱਗਿਆ

ਸਾਡੀ ਹਿੱਕ ‘ਤੇ

ਨਾ ਝੱਲਿਆ ਜਾਵੇ

ਹੁਣ ਸਾਥੋਂ ਭਾਰ। 

ਇੱਕੋ ਵੱਖੀ ਪਰਨੇ

ਪਏ-ਪਏ ਥੱਕੇ

ਪਰਤੀਏ ਪਾਸਾ

ਚੁੱਭ ਜਾਂਦੀ ਇਹ 

ਕੰਡਿਆਲੀ ਤਾਰ। 

ਨੋ ਮੈਨਜ਼ ਲੈਂਡ ਦੇ

ਦੂਜੇ ਪਾਸੇ 

ਹਾਂ ਓਸ ਪਾਰ

ਮੈਨੂੰ ਦਿੱਖਦੇ

ਮੇਰੇ ਹੀ ਵਰਗੇ

ਮੇਰੇ ਆਪਣੇ

ਹੱਥ ਹਿਲਾਉਂਦੇ ਯਾਰ। 

ਖੁਸ਼ਬੋਈਆਂ ਪੌਣਾਂ  

ਨਾ ਹੋਈਆਂ ਜ਼ਖਮੀ

ਟੱਪ ਕੇ ਆ ਗਈਆਂ 

ਜਦ ਕੰਡਿਆਲੀ ਤਾਰ। 

ਨਾ ਫੜੀ ਗਈ

ਨਾ ਮੁੜੀ ਕਿਸੇ ਤੋਂ

ਸਾਂਝੇ ਰੁੱਖ ਦੀ 

ਸੰਘਣੀ ਛਾਂ

ਲੰਘੀ ਜਦ ਸਰਹੱਦੋਂ ਪਾਰ। 

ਇੱਕੋ ਸਰੀਰ

ਦੋ ਫੇਫੜੇ

ਸਾਡਾ ਚੜ੍ਹਦਾ ਤੇ

ਲਹਿੰਦਾ ਪੰਜਾਬ

ਡਾ. ਹਰਦੀਪ ਕੌਰ ਸੰਧੂ 
ਨੋਟ : ਇਹ ਪੋਸਟ ਹੁਣ ਤੱਕ 55 ਵਾਰ ਪੜ੍ਹੀ ਗਈ ਹੈ।

ਲਿੰਕ 1     ਲਿੰਕ 2   ਲਿੰਕ 3