ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

28 Jan 2016

ਅੱਖਾਂ ਦਾ ਭਰਮ

ਨਿੱਕੇ ਹਾਇਕੁ ਨੇ ਐਨਕ ਨਾ ਤੋੜੀ ਹੁੰਦੀ ਤਾਂ ਪਤਾ ਹੀ ਨਾ ਲੱਗਦਾ ਕਿ ਮੋਤੀਆ ਬਿੰਦ ਐਨਾ ਵੱਧ ਗਿਆ ਹੈ। ਹੁਣ ਅੱਖ ਦਾ ਅਪ੍ਰੇਸ਼ਨ ਹੋਣਾ ਸੀ। ਚੰਗਾ ਹੋਇਆ ਕਿ ਐਨਕ ਟੁੱਟੀ ਤੇ ਅੱਖਾਂ ਦਾ ਭਰਮ ਵੀ। ਲਿਖਾ -ਪੜ੍ਹੀ ਦਾ ਸਾਰਾ ਕੰਮ ਆਪਣੇ ਸਹਿਯੋਗੀ ਨੂੰ ਕਰਨ ਲਈ ਮੇਲ ਕਰ ਦਿੱਤੀ। ਅਜੇ ਕਾਰ 'ਚ ਬੈਠ ਕੇ ਚੱਲੇ ਹੀ ਸੀ ਕਿ ਇੱਕ ਆਤਮਮੁਗਧ ਕਵੀ ਦਾ ਫੋਨ ਆ ਗਿਆ। ਉਸ ਦੀ ਜਿੱਦ ਸੀ ਕਿ ਮੈਂ ਛੇਤੀ ਤੋਂ ਛੇਤੀ ਉਸਦੀਆਂ ਕਵਿਤਾਵਾਂ 'ਤੇ ਲੇਖ ਲਿਖਕੇ ਭੇਜਾਂ। ਉਹ ਵੀ ਖੁਦ ਹੀ ਕਵਿਤਾਵਾਂ ਛਾਂਟ ਕੇ। ਉਸ ਨੂੰ ਆਪਣੇ ਬਾਰੇ ਲਿਖਵਾਉਣ ਦਾ ਬਹੁਤ ਸ਼ੌਕ ਹੈ ਪਰ ਕਿਸੇ ਹੋਰ ਦੀ ਕੋਈ ਲਿਖਤ ਪੜ੍ਹਨਾ ਜਾਂ ਓਸ ਬਾਰੇ ਦੋ ਸ਼ਬਦ ਸਾਂਝੇ ਕਰਨਾ ਆਪਣਾ ਅਪਮਾਨ ਸਮਝਦੇ ਨੇ। 
ਮੇਰੀਆਂ ਅੱਖਾਂ ਦੇ ਅਪ੍ਰੇਸ਼ਨ ਬਾਰੇ ਪਤਾ ਹੋਣ ਦੇ ਬਾਵਜੂਦ ਵੀ ਉਹ ਮੈਨੂੰ ਲਿਖਣ 'ਤੇ ਜੋਰ ਦੇ ਰਿਹਾ ਸੀ। ਕੰਨਾਂ ਦਾ ਪ੍ਰਯੋਗ ਕਰਨਾ ਤਾਂ ਜਿਵੇਂ ਸਿੱਖਿਆ ਹੀ ਨਹੀਂ ਸੀ। ਸੁਣਿਆ ਸੀ ਕਿ ਸੱਪਾਂ ਦੇ ਕੰਨ ਨਹੀਂ ਹੁੰਦੇ। ਪਰ ਇੱਥੇ ਸਾਨੂੰ ਬਿਨਾਂ ਕੰਨਾਂ ਦੇ ਹਜ਼ਾਰਾਂ ਇਨਸਾਨ ਮਿਲ ਜਾਣਗੇ। ਕਿਸੇ ਬਜ਼ੁਰਗ ਲੇਖਕ ਤੋਂ ਵੀ ਇਹ ਆਪਣੇ ਬਾਰੇ ਲਿਖਾਉਣ ਤੋਂ ਗੁਰੇਜ਼ ਨਹੀਂ ਕਰਦੇ , "ਆਪਜੀ ਨੇ ਮੇਰੇ ਬਾਰੇ ਤਾਂ ਕੁਝ ਲਿਖਿਆ ਹੀ ਨਹੀਂ, ਇਸ ਤੋਂ ਬਿਨਾਂ ਆਪ ਅਮਰ ਕਿਵੇਂ ਹੋਵੋਗੇ ?" ਨਾਲ ਹੀ ਸਮਝਾਉਣਗੇ ਕਿ ਇਹਨਾਂ ਬਾਰੇ ਕੀ-ਕੀ ਤੇ ਕਿੰਨਾਂ ਲਿਖਿਆ ਜਾਵੇ। ਇਹ ਲੋਕ ਮਰਨ ਤੋਂ ਪਹਿਲਾਂ ਅਮਰ ਹੋਣਾ ਲੋਚਦੇ ਨੇ। 
ਮਨ ਵਿੱਚ ਚੱਲਦੀ ਵਿਚਾਰਾਂ ਦੀ ਉਥਲ -ਪੁਥਲ ਕਾਰਨ ਪਤਾ ਹੀ ਨਾ ਲੱਗਾ ਕਦੋਂ  ਮੈਨੂੰ ਅਪ੍ਰੇਸ਼ਨ ਬੈਡ 'ਤੇ ਪਾ ਲਿਆ ਗਿਆ । ਹੁਣ ਮੇਰਾ ਬੇਚੈਨੀ ਤੇ ਫਿਕਰਮੰਦੀ ਨੂੰ ਗਲੋਂ ਲਾਹੁਣਾ ਜ਼ਰੂਰੀ ਸੀ। ਅਪ੍ਰੇਸ਼ਨ ਜੋ ਸ਼ੁਰੂ ਹੋਣ ਜਾ ਰਿਹਾ ਸੀ। ਪ੍ਰਮਾਤਮਾ ਦਾ ਨਾਂ ਜਿਓਂ ਹੀ ਮਨ 'ਚ ਲਿਆ ਮੈਨੂੰ  ਇਓਂ ਮਹਿਸੂਸ ਹੋਇਆ ਕਿ ਮੇਰੇ ਚਾਹੁਣ ਵਾਲੇ ਮੇਰੇ ਅਪ੍ਰੇਸ਼ਨ ਟੇਬਲ ਦੇ ਦੁਆਲੇ ਮੇਰੀ ਸੁਰੱਖਿਆ ਲਈ ਆ ਖੜ੍ਹੇ ਨੇ।  
ਬੋਝਲ ਮਨ 
ਭੁੱਲ ਗਿਆ ਪਲ 'ਚ 
ਸਾਰੀ ਤਪਸ਼।
ਰਮੇਸ਼ਵਰ ਕੰਬੋਜ ਹਿੰਮਾਂਸ਼ੂ 
(ਨਵੀਂ ਦਿੱਲੀ )
ਨੋਟ: ਇਹ ਪੋਸਟ ਹੁਣ ਤੱਕ 26 ਵਾਰ ਪੜ੍ਹੀ ਗਈ

24 Jan 2016

ਆਪਣਾਪਣ (ਸੇਦੋਕਾ)

1.
ਮੇਰੇ ਅੰਦਰੋਂ 
ਗੁਆਚਦਾ ਜਾ ਰਿਹਾ 
ਕਿਉਂ ਆਪਣਾਪਣ 
ਲੱਭ ਰਿਹਾ ਹਾਂ 
ਮੈਂ ਆਪਣੇ ਅੰਦਰੋਂ 
ਇਹ ਕਈ ਯੁੱਗਾਂ ਤੋਂ। 
2.
ਸ਼ਬਦ ਸੇਤੂ 
ਤੇਰੇ ਮੇਰੇ ਵਿਚਾਲੇ 
ਐਸੀ ਸਾਂਝ ਸਦੀਵੀ 
ਦਿਲ ਰੋਇਆ 
ਅੱਜ ਫੇਰ ਜ਼ਿਕਰ 
ਜਦ ਤੇਰਾ ਹੋਇਆ। 

ਬੁੱਧ ਸਿੰਘ ਚਿੱਤਰਕਾਰ 
ਪਿੰਡ :ਨਡਾਲੋਂ 
ਜ਼ਿਲ੍ਹਾ ਹੁਸ਼ਿਆਰਪੁਰ 

ਨੋਟ: ਇਹ ਪੋਸਟ ਹੁਣ ਤੱਕ 64 ਵਾਰ ਪੜ੍ਹੀ ਗਈ

23 Jan 2016

ਰੰਗਾਂ ਦੀ ਛਹਿਬਰ (ਸੇਦੋਕਾ)

1.
ਮੈਂ ਵਗਦਾ ਹਾਂ
ਦਰਿਆ ਤੁਰਦੇ ਨੇ
ਸਮਾਂ ਜਾਏ ਤੁਰਦਾ
ਹਰ ਝੁਰੜੀ
ਸਮੇਂ ਦਾ ਵਿਗਿਆਨ
ਬੁੱਢੇ ਬਾਬੇ ਦੇ ਮੱਥੇ। 


2.
ਬੇਬੇ ਦੇ ਹੱਥ
ਜੋ ਸੁਹਾਗ ਪਿਟਾਰੀ
ਮੋੜੇ ਸੁੰਦਰ ਯਾਦਾਂ
ਮਿਲੇ ਵਧਾਈ
ਰੰਗਾਂ ਦੀ ਛਹਿਬਰ
ਸਾਡੇ ਵਿਹੜੇ ਆਈ। 


ਕਸ਼ਮੀਰੀ ਚਾਵਲਾ
(ਮੁਕਤਸਰ)

ਨੋਟ: ਇਹ ਪੋਸਟ ਹੁਣ ਤੱਕ 39 ਵਾਰ ਪੜ੍ਹੀ ਗਈ

20 Jan 2016

ਅਸਚਰਜ (ਸੇਦੋਕਾ)

1.
ਕੀ ਕਿਹਾ ਹੋਣਾ 
ਹਵਾ ਨੇ ਪੱਤਿਆਂ ਨੂੰ 
ਝੂਮ ਉੱਠੇ ਨੇ ਪੱਤੇ 
ਆਲ੍ਹਣਾ ਮੇਰਾ 
ਰੁੱਖ ਦੀ ਹੈ ਸਿਖਰੇ 
ਪਰ ਚੋਗਾ ਮਿੱਟੀ 'ਤੇ। 
2.
ਤਾਕਤਵਰ
ਧਰਤ ਉੱਤੇ ਕੀੜੀ
ਅਸਮਾਨੀ ਪਰਿੰਦੇ
ਅਸਚਰਜ
ਕੀੜੀ ਬਲਵਾਨ ਹੈ
ਪਰਿੰਦੇ ਨਿਰਭੁਓ। 

ਬਾਜਵਾ ਸੁਖਵਿੰਦਰ
    ਪਿੰਡ- ਮਹਿਮਦਪੁਰ
    ਜਿਲ੍ਹਾ- ਪਟਿਆਲਾ
ਨੋਟ: ਇਹ ਪੋਸਟ ਹੁਣ ਤੱਕ 69 ਵਾਰ ਪੜ੍ਹੀ ਗਈ

16 Jan 2016

ਸੋਨੇ ਦਾ ਬੁੱਧ

ਥਾਈਲੈਂਡ ਦੀ ਰਾਜਧਾਨੀ 'ਚ ਬਣਿਆ ਮੰਦਰਾਂ ਵਾਲਾ ਰਮਣੀਕ ਸ਼ਹਿਰ ਬੈਂਕਾਕ। ਪਿੱਛੇ ਜਿਹੇ ਸਬੱਬੀਂ ਮੇਰਾ ਓਥੇ ਜਾਣਾ ਹੋਇਆ। ਅੰਬਰਾਂ ਨਾਲ ਸੰਵਾਦ ਰਚਾਉਂਦੀਆਂ ਉੱਚੀਆਂ ਇਮਾਰਤਾਂ ਦੇ ਐਨ ਮੱਧ ਵਿਚਕਾਰ ਇੱਕ ਮੰਦਰ ਵੇਖਿਆ। ਸੋਨੇ ਦੇ ਬੁੱਧ ਵਾਲਾ ਮੰਦਰ। 10 -12 ਫੁੱਟ ਉੱਚਾ ਖਾਲਸ ਸੋਨੇ ਦਾ ਬਣਿਆ  ਬੁੱਧ ਅੱਖਾਂ ਮੁੰਦੀ ਡੂੰਘੀ ਸਮਾਧੀ ਲਾਈ  ਬੈਠਾ ਹੈ ਇੱਥੇ। ਕੋਲ ਹੀ ਇੱਕ ਸ਼ੀਸ਼ੇ ਦਾ ਪਿਆ ਬਕਸਾ ਇਸ ਮੂਰਤੀ ਦਾ ਇਤਿਹਾਸ ਆਪਣੇ ਮੂੰਹੋਂ ਬੋਲਦਾ ਹੈ।
          ਬਰੀਕ -ਬਰੀਕ ਲਿਖਤ ਨੂੰ ਪੜ੍ਹਨ ਦਾ ਮੈਂ ਅਸਫ਼ਲ ਯਤਨ ਕਰ ਰਹੀ ਸੀ। ਮੇਰੇ ਚਿਹਰੇ 'ਤੇ ਫ਼ੈਲੀ ਜਿਗਿਆਸਾ ਨੂੰ ਭਾਂਪਦਿਆਂ ਇੱਕ ਸੇਵਾਦਾਰ ਮੇਰੇ ਕੋਲ ਆਇਆ ਤੇ ਬੜੀ ਹਲੀਮੀ ਨਾਲ ਕਹਿਣ ਲੱਗਾ, " ਇਹ ਸ਼ਾਂਤ ਤੇ ਗੰਭੀਰ ਮੁਸਕਾਨ ਬਿਖੇਰਦਾ ਬੁੱਧ ਜ਼ਿੰਦਗੀ ਦੇ ਅਣਦਿਸਦੇ ਰਹੱਸ ਆਪਣੇ ਅੰਦਰ ਸਮੋਈ ਬੈਠਾ ਹੈ। ਕਹਿੰਦੇ ਨੇ ਕਿ ਬਹੁਤ ਅਰਸਾ ਪਹਿਲਾਂ ਇੱਥੇ ਕਿਸੇ ਮੰਦਰ ਵਾਲੀ ਥਾਂ 'ਤੇ ਹਾਈਵੇ ਬਣਨ ਕਰਕੇ ਇੱਕ ਮਿੱਟੀ ਦੇ ਬੁੱਧ ਦੀ ਮੂਰਤੀ ਨੂੰ ਕਰੇਨ ਨਾਲ ਚੁੱਕ ਕਿਤੇ ਹੋਰ ਸਥਾਪਤ ਕਰਨਾ ਸੀ। ਅਚਾਨਕ ਮੂਰਤੀ ਤਿੜਕ ਗਈ ਤੇ ਮੰਦੇਭਾਗੀਂ ਮੀਂਹ ਵੀ ਪੈਣ ਲੱਗ ਪਿਆ। ਮੂਰਤੀ ਨੂੰ ਤਰਪਾਲ ਨਾਲ ਢੱਕ ਕੇ ਕੰਮ ਬੰਦ  ਕਰ ਦਿੱਤਾ ਗਿਆ। ਰਾਤ ਨੂੰ ਟੀਮ ਦਾ ਮੁੱਖੀ ਜਦੋਂ ਸਭ ਕੁਝ ਠੀਕ ਹੋਣ ਦਾ ਜਾਇਜ਼ਾ ਲੈਣ ਗਿਆ  ਤਾਂ ਉਸ ਨੇ ਟਾਰਚ ਦੀ ਰੌਸ਼ਨੀ 'ਚ ਤਰਪਾਲ ਦੇ ਹੇਠਾਂ ਕੁਝ ਚਮਕਦਾ ਦੇਖਿਆ। ਹੋਰ ਨੇੜੇ ਜਾਣ 'ਤੇ ਚਮਕ ਵੱਧਦੀ ਗਈ। ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਉਸ ਨੇ ਮੂਰਤੀ ਤੋਂ ਮਿੱਟੀ ਝਾੜੀ, ਹੇਠੋਂ ਸੋਨੇ ਦੇ ਬੁੱਧ ਦੀ ਮੂਰਤੀ ਪ੍ਰਗਟ ਹੋ ਗਈ। "
            ਮਨ 'ਚ ਉੱਠਦੇ ਸਵਾਲਾਂ ਕਰਕੇ ਸਵਾਲੀਆਂ ਚਿੰਨ ਬਣਿਆ ਮੇਰਾ ਚਿਹਰਾ ਤੱਕਦਿਆਂ ਉਸ ਫਿਰ ਦੱਸਣਾ ਸ਼ੁਰੂ ਕੀਤਾ। " ਓਸ ਦਿਨ ਉਸ ਟੀਮ ਦੇ ਮੁੱਖੀ ਦੀ ਸੋਚ ਨੂੰ ਵੀ ਅਣਗਿਣਤ ਸਵਾਲਾਂ ਨੇ ਟੁੰਬਿਆ ਸੀ। ਉਸ ਨੇ ਇਸ ਮੂਰਤੀ ਦਾ ਰਾਜ ਖੋਲ੍ਹਣ ਲਈ ਆਪਣੀ ਅਗਲੇਰੀ ਖੋਜ ਦੇ ਨਤੀਜੇ ਜਦੋਂ ਸਾਂਝੇ ਕੀਤੇ ਤਾਂ ਪਤਾ ਲੱਗਿਆ ਕਿ ਕਈ ਸੌ ਸਾਲ ਪਹਿਲਾਂ ਬਰਮਾ ਦੀ ਫ਼ੌਜ ਨੇ ਥਾਈਲੈਂਡ 'ਤੇ ਹਮਲਾ ਕਰ ਦਿੱਤਾ ਸੀ। ਉਦੋਂ ਬੋਧੀ ਭਿਕਸ਼ੂਆਂ ਨੇ ਸੋਨੇ ਦੀ ਮੂਰਤੀ ਨੂੰ ਬਚਾਉਣ ਲਈ ਇੱਕ ਖਾਸ ਕਿਸਮ ਦੀ ਮਿੱਟੀ ਦਾ ਲੇਪ ਲਾ ਕੇ ਢੱਕ ਦਿੱਤਾ ਸੀ। ਹਮਲੇ ਦੌਰਾਨ ਸਾਰੇ ਬੋਧੀ ਭਿਕਸ਼ੂ ਮਾਰੇ ਗਏ ਤੇ ਇਸ ਮੂਰਤੀ ਦਾ ਰਾਜ਼ ਵੀ ਉਹਨਾਂ ਦੇ ਨਾਲ ਹੀ ਦਫ਼ਨ ਹੋ ਗਿਆ ਸੀ। "
         ਸੇਵਾਦਾਰ ਤਾਂ ਐਨੀ ਗੱਲ ਕਹਿ ਕੇ ਓਥੋਂ ਚਲਾ ਗਿਆ ਪਰ ਮੈਂ ਆਪਣੀਆਂ ਸੋਚ ਝਨਾਵਾਂ 'ਚ ਡੂੰਘੀ ਉੱਤਰੀ ਸੋਚ ਰਹੀ ਸਾਂ ਕਿ ਅਸੀਂ ਸਾਰੇ ਮਿੱਟੀ ਦੇ ਬੁੱਧ ਹੀ ਤਾਂ ਹਾਂ। ਅਸੀਂ ਆਪਣਾ ਆਪਾ ਕਦੇ ਡਰ- ਭੈਅ ਅਤੇ ਕਦੇ ਕ੍ਰੋਧ - ਹੰਕਾਰ ਦੇ ਸਖਤ ਨਕਾਬ ਨਾਲ ਕੱਜਿਆ ਹੁੰਦਾ ਹੈ। ਹਰ ਨਕਾਬ ਹੇਠਾਂ ਕੋਈ ਨਾ ਕੋਈ ਸੋਨੇ ਦਾ ਬੁੱਧ ਬੈਠਾ ਹੁੰਦਾ ਹੈ, ਸੋਨੇ ਵਰਗੀ ਸ਼ੁੱਧ ਤੇ ਪਵਿੱਤਰ ਆਤਮਾ ਵਾਲਾ। ਲੋੜ ਹੈ ਇਸ ਨਕਾਬ ਨੂੰ ਲਾਹੁਣ ਦੀ। ਮੈਨੂੰ ਲੱਗਾ ਕਿ ਮੇਰੇ ਨਵੇਂ ਵਿਵੇਕ ਦੇ ਚਾਨਣਾਂ 'ਚੋਂ ਦਿੱਸਦਾ ਸਾਹਮਣੇ ਬੈਠਾ ਬੁੱਧ ਜ਼ਿੰਦਗੀ ਦੇ ਅਸਲ ਸਕੂਨ ਦੀ ਪ੍ਰਾਪਤੀ ਲਈ ਮੈਨੂੰ ਸਾਡਾ ਆਪਾ ਖੋਜਣ ਦੀ ਸਲਾਹ ਦੇ ਰਿਹਾ ਹੋਵੇ। 
ਸੋਨੇ ਦਾ ਬੁੱਧ 
ਬੈਠਾ ਮੁਸਕਰਾਵੇ 
ਮੈਨੂੰ ਵੇਖ ਕੇ। 

ਡਾ. ਹਰਦੀਪ ਕੌਰ ਸੰਧੂ 


ਨੋਟ: ਇਹ ਪੋਸਟ ਹੁਣ ਤੱਕ 38 ਵਾਰ ਪੜ੍ਹੀ ਗਈ

14 Jan 2016

ਮਾਘੀ ਦਾ ਮੇਲਾ ( ਤਾਂਕਾ)

1.                                                       
ਮਾਘੀ ਦਾ ਮੇਲਾ
ਖਿਦਰਾਣੇ ਦੀ ਢਾਬ
ਚਾਲੀ  ਮੁਕਤੇ
ਪੰਜਾਬ ਦੀ ਮੁਕਤੀ
ਕਰੂ ਆਮ ਆਦਮੀ। 


2.

ਮਾਘੀ ਦਾ ਮੇਲਾ
ਅਖਾੜੇ ਚ ਉੱਤਰੇ
ਸਿਆਸੀ ਮੱਲ
ਮੁੱਖ ਤੇ ਭੋਲਾਪਣ
ਖਿਆਲਾਂ ਚ ਕੁਰਸੀ। 

3.

ਪਹਿਲਾ ਮਾਘ
ਸਿਆਸਤਦਾਨਾ ਨੇ
ਗੰਦੀ ਕਰਤੀ
ਦੂਸ਼ਣਬਾਜੀ ਨਾਲ
ਪਵਿੱਤਰ ਧਰਤੀ। 


ਹਰਜਿੰਦਰ ਢੀਂਡਸਾ 
(ਕੈਨਬਰਾ)ਨੋਟ: ਇਹ ਪੋਸਟ ਹੁਣ ਤੱਕ 69 ਵਾਰ ਪੜ੍ਹੀ ਗਈ

7 Jan 2016

ਕਪਟੀ ਲੋਕਾਂ (ਸੇਦੋਕਾ)

1.                                                                    
ਐ ਵਿਸ਼ਵਾਸ਼ 
ਗੰਗਾ ਘਾਟ 'ਤੇ ਵੇਖੀ 
ਮੈਂ ਤੇਰੀ ਪਈ ਲਾਸ਼ 
ਕਪਟੀ ਲੋਕਾਂ 
ਗੰਗਾ ਗੰਧਲੀ ਕੀਤੀ 
ਅੱਜ ਆਸਥਾ ਦੇ ਨਾਂ।  
2.
ਮੁੜ ਕੇ ਜਾਗੇ 
ਦੇਖ ਦੇਖ ਦੁਨੀਆਂ 
ਹੁਣ ਮੋਹ ਤਿਆਗੇ 
ਟੁੱਟਾ ਪਿੰਜਰਾ 
ਹਿੰਮਤ ਕਿਓਂ ਹਾਰੀ 
ਚੱਲ ਮਾਰ ਉਡਾਰੀ। 

ਬੁੱਧ ਸਿੰਘ ਚਿੱਤਰਕਾਰ 
ਪਿੰਡ: ਨਡਾਲੋਂ 
(ਜ਼ਿਲ੍ਹਾ;ਹੁਸ਼ਿਆਰਪੁਰ)
ਨੋਟ: ਇਹ ਪੋਸਟ ਹੁਣ ਤੱਕ 115 ਵਾਰ ਪੜ੍ਹੀ ਗਈ

5 Jan 2016

ਸਾਉਣ ਝੜੀ (ਤਾਂਕਾ)

ਬਿਨਾਂ ਐਨਕਾਂ
ਬਾਰੀ ਵਿਚੋਂ ਤੱਕਿਆ
ਰਾਤੀਂ  ਸ਼ਹਿਰ  
ਆਤਸ਼ਬਾਜ਼ੀ ਵਾਂਗੂੰ   
ਲਿਸ਼ਕੀਆਂ ਬੱਤੀਆਂ। 


ਸਾਉਣ ਝੜੀ
ਪਾਣੀ ਦੀਆਂ ਘਰਾਲਾਂ
ਸਿਰੋਂ  ਨਿਕਲ
ਮੁਖੜੇ ਤੋਂ ਹੁੰਦੀਆਂ
ਕੁੜਤੀ 'ਚ ਵੜੀਆਂ। 

ਹਰਜਿੰਦਰ ਢੀਂਡਸਾ 
(ਕੈਨਬਰਾ)
ਨੋਟ: ਇਹ ਪੋਸਟ ਹੁਣ ਤੱਕ 55 ਵਾਰ ਪੜ੍ਹੀ ਗਈ

4 Jan 2016

ਨਵਾਂ ਸਾਲ -2016 (ਚੋਕਾ)

ਚੜ੍ਹਿਆ ਸਾਲ
ਜਿਵੇਂ ਕੋਰਾ ਕਾਗਜ਼ 
ਨਵਾਂ ਨਕੋਰ
ਖੜਾ 
​ਅੱਜ ਬੂਹੇ 'ਤੇ 
ਦੇਖੇ ਰੀਝਾਂ ਲਾ 
ਜੀ ਆਇਆਂ ਕਹਿੰਦਾ 
ਕੋਈ ਬੁਲਾਵੇ
ਮੈਨੂੰ ਅੰਦਰ ਲੈ ਜਾ  
ਪੰਘੂੜਾ ਡਾਹ 
ਬੈਠਾਵੇ ਸਤਿਕਾਰੇ 
ਦੇਵਾਂ ਮੈਂ ਸ਼ੀਸ਼ਾ
ਕਰੀਏ ਸੰਕਲਪ  
ਹੋਵੇ ਓ ਪੂਰਾ 
ਰਹੇ ਨਾ ਦਹਿਸ਼ਤ 
ਸ਼ਾਂਤੀ ਪਸਰੇ
ਹੋਵੇ ਦੁੱਖ ਤੇ ਸੁੱਖ 
ਸਭ ਦਾ ਸਾਂਝਾ
ਰੋਂਦੇ ਨੂੰ ਵਰਾਈਏ 
ਹੱਸਦਾ ਤਾਂ ਹੱਸੀਏ। 

ਕਮਲਾ ਘਟਾਔਰਾ 
ਯੂ ਕੇ 
ਨੋਟ: ਇਹ ਪੋਸਟ ਹੁਣ ਤੱਕ 26 ਵਾਰ ਪੜ੍ਹੀ ਗਈ

1 Jan 2016

ਸੂਹੀ ਸਵੇਰ ਦੀ ਜ਼ੀਨਤ -2016

             ਚੱਪਾ ਕੁ ਚੰਦ ਤੇ ਤਾਰਿਆਂ ਵਾਲੀ ਚੁੰਨੀ ਪਾਈ ਸ਼ਾਹ ਕਾਲੀ ਰਾਤ ਕਦੋਂ ਦੀ ਮੁੱਕ ਗਈ ਸੀ। ਸੂਹੀ ਸਵੇਰ ਦੀ ਅਨੰਦਮਈ ਮਹਿਕ ਵਿਹੜੇ ਨੂੰ ਮਹਿਕਾ ਰਹੀ ਸੀ। ਸੰਧੂਰੀ ਸਵੇਰ ਦੀ ਗੁਲਾਬੀ ਪੌਣ 'ਚ ਹੌਲੇ -ਹੌਲੇ ਜਿਹੇ ਰੁੱਖਾਂ ਦੇ ਪੱਤ ਹਿੱਲ ਰਹੇ ਸਨ। ਮੈ ਦੋ ਚਾਰ ਖੁੱਲ੍ਹੇ ਲੰਬੇ ਸਾਹ ਖਿੱਚੇ ਤੇ ਤਾਜ਼ੀ ਹਵਾ ਦੇ ਬੁੱਲੇ ਸੰਗ ਰੰਗੀਨ ਕੁਦਰਤ ਨੂੰ ਵੀ ਆਪਣੇ ਸਾਹਾਂ ਰਾਹੀਂ ਆਪਣੀ ਰੂਹ ਨਾਲ ਮਿਲਾਉਣ ਦੀ ਕੋਸ਼ਿਸ਼ ਕੀਤੀ ਤੇ ਸ਼ਾਇਦ ਮੈਨੂੰ ਥੋੜੀ ਕਾਮਯਾਬੀ ਵੀ ਮਿਲੀ। 
      ਹੁਣ ਮੇਰੀ ਰੂਹ ਖਿੜ ਗਈ ਸੀ। ਮੈਨੂੰ ਇਓਂ ਲੱਗਾ ਜਿਵੇਂ ਪੂਰਾ ਆਲਮ ਹੀ ਖੁਸ਼ੀਆਂ- ਖੇੜੇ ਤੇ ਨਵੀਆਂ ਤਰੰਗਾਂ ਨਾਲ ਨਸ਼ਿਆਇਆ ਹੋਇਆ ਹੋਵੇ । ਅੱਜ ਨਵੇਂ ਸਾਲ ਵਾਲੇ ਦਿਨ ਰੁੱਖਾਂ ਦੀਆਂ ਟਹਿਣੀਆਂ ਵਿੱਚੋਂ ਪੱਤਿਆਂ ਨਾਲ ਖਹਿ-ਖਹਿ ਕੇ ਲੰਘਦੀ ਠੰਡੀ ਹਵਾ ਵੀ ਕੁਦਰਤ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੰਦੀ ਲੱਗੀ |  ਜ਼ਮੀਨ 'ਤੇ  ਅੱਧ ਲਿਟਿਆ ਘਾਹ ਧਰਤੀ ਨੂੰ ਪਿਆਰ ਤੇ ਮਮਤਾਮਈ ਚੁੰਬਣ ਦੇ ਕੇ 'ਨਵਾਂ ਸਾਲ ਮੁਬਾਰਕ' ਹੀ ਤਾਂ ਕਹਿ ਰਿਹਾ ਹੈ | ਬਗੀਚੀ ਦੀਆਂ ਕਿਆਰੀਆਂ ਵਿੱਚ ਖਿੜੀਆਂ ਫੁੱਲ -ਪੱਤੀਆਂ ਵੀ ਹਵਾ ਦੇ ਬੁੱਲੇ ਸੰਗ ਨੱਚਦੇ ਪ੍ਰਤੀਤ ਹੋ ਰਹੇ ਹਨ।
              ਮੈਨੂੰ ਪਤਾ ਹੀ ਨਾ ਲੱਗਾ ਕਦੋਂ ਮੇਰੇ ਕਦਮ ਧੂਹ ਕੇ ਮੈਨੂੰ ਨਦੀ ਕਿਨਾਰੇ ਲੈ ਆਏ। ਕੂਲੀ -ਕੂਲੀ ਤ੍ਰੇਲ ਭਿੱਜੀ ਘਾਹ 'ਤੇ ਪੋਲੇ ਪੱਬ ਧਰਦਿਆਂ ਇਓਂ ਲੱਗਾ ਜਿਵੇਂ ਇਹ ਤ੍ਰੇਲ ਬੂੰਦਾਂ ਵੀ ਚੜ੍ਹਦੇ ਸੁੂਰਜ ਦੀ ਲਾਲੀ ਵਾਲੀ ਧੁੱਪ ਨਾਲ ਹੀ ਲਿਸ਼ਕਾਂ ਮਾਰਦੀਆਂ ਨਵੇਂ ਸਾਲ ਨੂੰ ਜੀ ਆਇਆਂ ਕਹਿ ਰਹੀਆਂ ਹੋਣ। ਵਗਦੀ ਸਿਹਤ ਅਫਜ਼ਾ ਪੌਣ ਨੇ ਫੂਕ ਮਾਰ ਜ਼ਿੰਦ ਨੂੰ ਨਵੀਂ ਨਰੋਈ ਕਰ ਦਿੱਤਾ ਸੀ । ਭੌਰਿਆਂ ਦਾ ਮਸਤੀ ਭਰਿਆ ਸੰਗੀਤ ਹਵਾ ਦੀ ਸ਼ਾਂ -ਸ਼ਾਂ 'ਚ ਘੁਲ ਕੇ ਮੋਹ ਦਾ ਅਹਿਸਾਸ ਕਰਵਾ ਰਿਹਾ ਸੀ। ਕਹਿੰਦੇ ਨੇ ਕਿ ਮੋਹ ਉਹ ਦੌਲਤ ਹੈ ਜਿਸ ਨੂੰ ਜਿੰਨਾ ਖਰਚ ਕਰੋ ਓਨੀ ਵੱਧਦੀ ਹੈ। ਇਹ ਕੋਈ ਮਹਜ਼ਬ ਤਾਂ ਨਹੀਂ ਹੈ ਪਰ ਐਸੀ ਦਰਗਾਹ ਹੈ ਜਿੱਥੇ ਹਰ ਸਿਰ ਝੁੱਕਦਾ ਹੈ। 
           ਟਾਹਲੀ ਦੇ ਪੱਤਿਆਂ 'ਚੋਂ ਪੁਣ -ਪੁਣ ਲੰਘਦੀ ਸੂਰਜ ਦੀ ਲੋਅ ਮੈਨੂੰ ਜ਼ਿੰਦਗੀ 'ਚ ਤਰੱਕੀ ਦੀਆਂ ਬੁਲੰਦੀਆਂ ਛੂਹਣ ਲਈ ਸੰਘਰਸ਼ ਕਰਨ ਦਾ ਸੰਕਲਪ ਲੈਣ ਦਾ ਸੁਨੇਹਾ ਦਿੰਦੀ ਜਾਪਦੀ ਲੱਗੀ । 

ਰੰਗਲਾ ਪਾਣੀ -
ਪੱਤਿਆਂ 'ਚੋਂ ਛਣਦੀ  
ਸੂਰਜੀ ਲੋਅ। 
ਡਾ. ਹਰਦੀਪ ਕੌਰ ਸੰਧੂ 
ਨੋਟ: ਇਹ ਪੋਸਟ ਹੁਣ ਤੱਕ 34 ਵਾਰ ਪੜ੍ਹੀ ਗਈ