ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

27 Feb 2016

ਅਡੋਲ ਥੰਮ

    ਅਡੋਲ ਥੰਮ

ਸੰਘਣੀ ਧੁੰਦ ਤੇ ਕਾਲੇ ਬੱਦਲਾਂ ਕਰਕੇ ਦਿਨੇ ਹੀ ਹਨ੍ਹੇਰਾ ਜਿਹਾ ਹੋ ਗਿਆ ਲੱਗਦਾ ਸੀ। ਕਹਿਰ ਦੇ ਛਾਏ ਬੱਦਲਾਂ ਨੇ ਸਾਰੇ ਟੱਬਰ ਦਾ ਵਜੂਦ ਹੀ  ਕੁੱਬਾ ਕਰ ਦਿੱਤਾ ਸੀ। ਸਭ ਦੇ ਚਿਹਰੇ ਮੁਰਝਾਏ ਹੋਏ ਸਨ। ਉਸ ਦਾ ਜੀਵਨ ਮੌਤ ਦੇ ਮੂੰਹ ਜੋ ਪਿਆ ਦਿਖਾਈ ਦੇ ਰਿਹਾ ਸੀ। ਪਰ ਉਸ ਦਾ ਮਨੋਬਲ ਅੰਬਰਾਂ ਨੂੰ ਛੂਹ ਰਿਹਾ ਸੀ। ਕਿਸੇ ਗੰਭੀਰ ਰੋਗ ਨਾਲ ਪੀੜਤ ਅਪ੍ਰੇਸ਼ਨ ਬੈਡ 'ਤੇ ਪਿਆ ਵੀ ਉਹ ਖੁਦ ਸਾਰਿਆਂ ਦਾ ਹੌਸਲਾ ਵਧਾ ਰਿਹਾ ਸੀ। 
      ਓਸ ਦਿਨ ਮੇਰੀ ਰੂਹ ਵੀ ਉਸ ਦੇ ਮੰਜੇ ਦਾ ਇੱਕ ਕੋਨਾ ਮੱਲੀ ਬੈਠੀ ਸੀ ਐਨ ਕੋਲ ਜਿਹੇ।  ਉਸ ਦੀ ਜ਼ਿੰਦਗੀ ਦੇ ਦਿਸਹੱਦਿਆਂ ਦੇ ਆਰ -ਪਾਰ ਤੱਕਦੀ। ਰੁੱਤਾਂ ਬਦਲੀਆਂ ਤੇ ਜ਼ਿੰਦਗੀ ਦਾ ਰਹਿਬਰ ਸਮਾਂ ਲੰਘਦਾ ਗਿਆ। ਪਰ ਸਮੇਂ ਦੀ ਨਬਜ਼ ਪਛਾਣ ਏਸ ਨੂੰ ਆਪਣੇ ਮੁਤਾਬਕ ਢਾਲਣ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ। ਉਹ ਬਿਲਕੁਲ ਅਜਿਹਾ ਹੀ ਤਾਂ ਹੈ ਜੋ ਦੂਜਿਆਂ ਦੇ ਹਿਤਾਂ ਦੀ ਰਾਖੀ ਕਰਦਾ ਜ਼ਿੰਦਗੀ 'ਚ ਅਨੋਖੇ ਰੰਗ ਭਰਦਾ ਗਿਆ।
       ਬਟਵਾਰੇ ਵੇਲੇ ਉਸ ਦੀ ਉਮਰ ਮਸਾਂ ਸੱਤ ਕੁ ਸਾਲਾਂ ਦੀ ਹੋਵੇਗੀ। ਹਾਏ ਕੁਰਲਾਪ ਦੇ ਕਹਿਰ ਭਰੇ ਦਿਨਾਂ ਦਾ ਅਸਰ ਉਸ ਅਨਭੋਲ ਦੇ ਮਨ 'ਤੇ ਕਿਤੇ ਗਹਿਰਾ ਉਕਰਿਆ ਗਿਆ ਸੀ। ਸਾਂਦਲ ਬਾਰ ਨੂੰ ਛੱਡਣ ਦੇ ਹਉਕੇ ਉਸ ਨੂੰ ਸੁਪਨਿਆਂ 'ਚ ਵੀ ਸੁਣਾਈ ਦਿੰਦੇ। ਜਿਨ੍ਹਾਂ 'ਚ ਉਹ ਅਕਸਰ ਉਹਨਾਂ ਖੇਤਾਂ ਦੀ ਸੈਰ ਕਰਦਾ ਜਿੱਥੇ ਬਾਪੂ ਨੇ ਕਦੇ ਹੱਲ ਵਾਹਿਆ ਸੀ। ਪਰ ਬਾਪੂ ਹਮੇਸ਼ਾਂ ਓਸ ਮਿੱਟੀ ਦੇ ਮੋਹ ਨੂੰ ਤਿਆਗ ਅੱਗੇ ਵੱਧਣ ਦੀ ਸਲਾਹ ਦਿੰਦਾ ਤੇ ਉਸ ਦੇ ਲਏ ਨਿੱਕੇ -ਨਿੱਕੇ ਫੈਸਲਿਆਂ ਦੀ ਤਰਜ਼ਮਾਨੀ ਵੀ ਕਰਦਾ। ਬਾਪੂ ਦੀ ਥਾਪੀ ਨੇ ਉਸ ਨੂੰ ਅਡਿੱਗ ਤੇ ਅਡੋਲ ਰਹਿਣ ਵਾਲਾ ਦਰਸ਼ਨੀ ਜਵਾਨ ਬਣਾ ਦਿੱਤਾ ਸੀ।
     ਉਸ ਦੀ ਖੂਬਸੂਰਤ ਸਖਸ਼ੀਅਤ ਵੇਖ ਕੇ ਸਵਰਗ ਦੇ ਰੰਗ ਵੀ ਫਿੱਕੇ ਪੈ ਜਾਂਦੇ। ਉਹ ਕਦੇ ਵੀ ਪੋਚਾ ਫੇਰੂ ਗੱਲਾਂ ਨਾ ਕਰਦਾ। ਕੱਚੇ ਦੁੱਧ ਦੀ ਘੁੱਟ ਵਰਗੇ ਬੰਦੇ ਹੀ ਉਸ ਦੇ ਮਿੱਤਰ ਬਣੇ। ਪਰਿਵਾਰ ਦੇ ਹਰ ਨਿੱਕੇ -ਵੱਡੇ ਫ਼ੈਸਲੇ 'ਚ ਉਹ ਮੋਹਰੀ ਹੁੰਦਾ। ਮੁੱਢ ਤੋਂ ਹੀ ਉਹ ਦਿਲੋਂ ਦਲੇਰ ਸੀ। ਹਰ ਇੱਕ ਦੇ ਕਸ਼ਟ ਸਾਹ ਰੋਕ ਕੇ ਸੁਣਦਾ ਤੇ ਫੇਰ ਬੜੇ ਵਿਵੇਕ ਨਾਲ ਉਸਦਾ ਹੱਲ ਵੀ ਲੱਭ ਲੈਂਦਾ। ਕਈ ਵਰ੍ਹੇ ਉਹ ਪਿੰਡ ਦਾ ਸਰਪੰਚ ਵੀ ਰਿਹਾ। ਆਪਣੀ ਜਾਦੂਮਈ ਆਵਾਜ਼ ਨਾਲ ਉਹ ਸਰੋਤਿਆਂ ਨੂੰ ਕੀਲਣ ਦੀ  ਸਮਰੱਥਾ ਰੱਖਦਾ ਹੈ। ਰੱਬ ਦੀ ਹੋਂਦ ਤੋਂ ਭਾਵੇਂ ਉਹ ਅੱਜ ਵੀ ਮੁਨਕਰ ਹੈ ਪਰ "ਘੱਲੇ ਆਵੇ ਨਾਨਕਾ ਸੱਦੇ ਉਠ ਜਾਏ" ਤੁਕ ਦੀ ਪ੍ਰੋੜਤਾ ਕਰਨ ਵਾਲਾ ਨਾਸਤਿਕ ਵੀ ਤਾਂ ਨਹੀਂ ਹੋ ਸਕਦਾ। 
     ਸਾਹਿਤ ਸਿਰਜਣਾ ਦੀ ਉੱਤਮ ਕਲਾ ਉਸ ਦੀਆਂ ਰਗਾਂ 'ਚ ਦੌੜਦੀ ਹੈ। ਉਸ ਦੀਆਂ ਸਾਰੀਆਂ ਲਿਖਤਾਂ ਅੱਜ ਵੀ ਉਸ ਦੇ ਜ਼ਿਹਨ 'ਚ ਜਿਉਂਦੀਆਂ ਨੇ। ਪਰ ਅੱਜ ਤਾਈਂ ਕਿਸੇ ਕੋਰੇ ਵਰਕੇ 'ਤੇ ਆਪਣਾ ਹੱਕ ਨਹੀਂ ਜਤਾ ਸਕੀਆਂ। ਜੇ ਕਿਧਰੇ ਕਿਸੇ ਸਫ਼ੇ 'ਤੇ ਮੋਤੀ ਬਣ ਬਿਖਰੀਆਂ ਵੀ ਤਾਂ ਜ਼ਿੰਦਗੀ ਦੀਆਂ ਤੇਜ਼ ਹਨ੍ਹੇਰੀਆਂ 'ਚ ਪਤਾ ਨਹੀਂ ਉਹ ਵਰਕੇ ਕਿਧਰੇ ਉੱਡ -ਪੁੱਡ ਗਏ। ਉਸ ਦੀ ਛੋਟੀ ਭੈਣ ਹਰ ਲਿਖਤ ਦੀ ਪਹਿਲੀ ਸਰੋਤਾ ਬਣੀ।  ਪੰਜ-ਛੇ ਦਹਾਕਿਆਂ ਬਾਅਦ ਛੋਟੀ ਭੈਣ ਨੇ ਦਿਲ ਦੀਆਂ ਤੈਹਾਂ ਫਰੋਲ ਫਿਰ ਤੋਂ 'ਸਾਂਦਲ ਬਾਰ' ਲਿਖਣ ਲਈ ਕਿਹਾ। ਹੈਰਾਨੀ ਤਾਂ ਓਦੋਂ ਹੋਈ ਜਿਥੇ-ਕਿਤੇ ਲਿਖਾਰੀ ਦੀ ਕਲਮ ਉੱਕੀ,ਹਮੇਸ਼ਾਂ ਵਾਂਗ ਓਦਣ ਵੀ ਸਰੋਤਾ ਬਣੀ ਛੋਟੀ ਭੈਣ ਟੁੱਟੀਆਂ ਸਤਰਾਂ ਨੂੰ ਜੋੜਦੀ ਗਈ ਕਿਓਂ ਜੋ ਇਹ ਕਵਿਤਾ ਉਸ ਦੇ ਜ਼ਿਹਨ ‘ਚ ਵੀ ਸਾਲਾਂ ਬੱਧੀ ਘਰ ਕਰੀ ਬੈਠੀ ਸੀ। 
         ਅੰਦਰੋਂ ਬਾਹਰੋਂ ਉਹ ਇੱਕ ਰੂਪ ਹੈ। ਪਤਾ ਨਹੀਂ ਕਿਹੜੀਆਂ ਆਜ਼ਾਦ ਪੌਣਾਂ ਦਾ ਮਹਿਰਮ ਹੈ ਉਹ। ਉਸ ਕਦੇ ਵੀ ਬਦਤਮੀਜ਼ ਸਮਿਆਂ ਕੋਲ ਆਪਣੇ ਸਾਹਾਂ ਦੀ ਅਨਮੋਲ ਰਕਮ ਗਹਿਣੇ ਨਹੀਂ ਹੋਣ ਦਿੱਤੀ। .......ਤੇ ਓਸ ਦਿਨ ਅਪ੍ਰੇਸ਼ਨ ਤੋਂ ਕੁਝ ਘੜੀਆਂ ਪਹਿਲਾਂ ਮੌਤ ਨੂੰ ਟਿੱਚਰ ਕਰਦਾ ਉਹ ਕਹਿੰਦਾ ਹੈ ਕਿ "ਵੇਖ ਲਈ ਜ਼ਿੰਦਗੀ ਦੀ ਪ੍ਰਾਹੁਣਾਚਾਰੀ- ਮੌਤ ਮੈਨੂੰ ਸੱਦ ਰਹੀ ਜਾ ਕੇ ਵੇਖ ਲਾਂ। " ਪਰ ਸਾਡੀਆਂ ਸਭ ਦੀਆਂ ਦੁਆਵਾਂ ਦਵਾ ਬਣ ਗਈਆਂ ਤੇ ਟੱਬਰ ਦਾ ਅਡੋਲ ਥੰਮ ਕਾਲੀ ਹਨ੍ਹੇਰੀ ਰਾਤ ਤੋਂ ਬਾਅਦ ਨਵੇਂ ਸੂਰਜ ਦੀ ਲੌਅ 'ਚ ਫਿਰ ਤੋਂ ਉੱਠ ਖੜ੍ਹਾ ਹੋਇਆ। 

ਚੜ੍ਹਦੀ ਟਿੱਕੀ -
ਸੰਘਣੀ ਧੁੰਦ ਪਿੱਛੋਂ  
ਰੌਸ਼ਨ ਦਿਨ। 
ਡਾ. ਹਰਦੀਪ ਕੌਰ ਸੰਧੂ 

ਨੋਟ: ਇਹ ਪੋਸਟ ਹੁਣ ਤੱਕ 81 ਵਾਰ ਪੜ੍ਹੀ ਗਈ

22 Feb 2016

ਚਿੱਠੀ ਦੀਆਂ ਬਾਤਾਂ

 ਚਿੱਠੀ ਲਿਖਣਾ ਕਿਸੇ ਕਲਾ ਤੋਂ ਘੱਟ ਨਹੀਂ ਹੁੰਦਾ। ਚਿੱਠੀ ਵਿੱਚ ਨਿੱਘ ਹੁੰਦਾ ਹੈ, ਮੋਹ ਹੁੰਦਾ ਹੈ ਤੇ ਅਪਣੱਤ ਹੁੰਦੀ ਹੈ। ਆਪਣਿਆਂ ਦੀ ਮਹਿਕ ਚਿੱਠੀ ਰਾਹੀਂ ਮਹਿਸੂਸ ਕੀਤੀ ਜਾ ਸਕਦੀ ਹੈ। ਚਿੱਠੀਆਂ ਸਾਡੀਆਂ ਭਾਵਨਾਵਾਂ ਦੀਆਂ ਤਰਜਮਾਨੀ ਕਰਦੀਆਂ ਨੇ। ਇਹ ਕਬੂਤਰ ਯੁੱਗ ਤੋਂ ਲੈ ਕੇ  ਫ਼ੇਸਬੁੱਕ -ਵਟਸਐਪ ਯੁੱਗ ਤੱਕ ਪੁੱਜ ਗਈਆਂ ਨੇ। ਟੈਲੀਗ੍ਰਾਮਾਂ ਨੇ , ਫੋਨ ਨੇ, ਫੈਕਸ ਹੈ, ਈ -ਮੇਲਾਂ ਨੇ।   ਪਰ  ਚਿੱਠੀ ਤਾਂ ਚਿੱਠੀ ਹੀ ਹੈ। ਹਾਇਕੁ ਲੋਕ ਦੇ ਵਿਹੜੇ ਆਈਆਂ ਕੁਝ ਚਿੱਠੀਆਂ ਪੇਸ਼ ਹਨ -
ਸਤਿਕਾਰਯੋਗ ਵੀਰ ਕੰਬੋਜ ਜੀ ਤੇ ਭੈਣ ਹਰਦੀਪ ਕੌਰ ਸੰਧੂ ਜੀਓ। 
ਮਿੱਠੀ ਯਾਦ !
ਮੈਂ ਆਪ ਜੀ ਦਾ ਤੇ ਹਾਇਕੁ ਪਰਿਵਾਰ ਦਾ ਕੋਟਿ ਕੋਟਿ ਧੰਨਵਾਦੀ ਹਾਂ ਕਿ ਆਪ ਮੈਨੂੰ ਆਪਣੇ ਹਾਇਕੁ ਲੋਕ ਬਲਾਗ 'ਚ ਲਗਾਤਾਰ ਛਾਪ ਕੇ ਮੇਰਾ ਮਾਣ ਵਧਾ ਰਹੇ ਹੋ। ਇਹ ਤੁਹਾਡੀ ਲਗਾਤਾਰ ਸਖ਼ਤ ਮਿਹਨਤ ਤੇ ਇਮਾਨਦਾਰੀ ਦਾ ਸਿੱਟਾ ਹੈ ਕਿ ਤੁਸੀਂ ਇਸ ਹਾਇਕੁ ਵਿਧਾ ਦਾ ਮੂੰਹ -ਮੁਹਾਂਦਰਾ ਸੁਆਰਨ ਲਈ ਪੂਰੀ ਤਰਾਂ ਸਮਰਪਿਤ ਤੇ ਸੰਘਰਸ਼ੀਲ ਹੋ। ਸਾਹਿਤ ਸਾਧਨਾ ਕਰੜੀ ਮੁਸ਼ੱਕਤ ਤੇ ਸਚਾਈ ਦਾ ਨਾਂ ਹੈ। ਰੱਬ ਜੀ ਇਹ ਵੱਡਮੁੱਲੀ ਦਾਤ ਕਿਸੇ ਭਾਗਾਂਭਰੀਆਂ ਰੂਹਾਂ ਨੂੰ ਹੀ ਬਖਸ਼ਦਾ ਹੈ। ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਤੇ ਚੰਗੀ ਸਿਹਤ ਬਖਸ਼ੇ। 
ਤੁਹਾਡਾ ਆਪਣਾ 
ਬੁੱਧ ਸਿੰਘ ਨਡਾਲੋਂ 
ਜ਼ਿਲ੍ਹਾ ਹੁਸ਼ਿਆਰਪੁਰ (1.10.15)
*******************************************************************************
ਪਿਆਰੀ ਡਾ. ਹਰਦੀਪ ਜੀ,
ਆਪ ਦੀ ਹੱਲਾਸ਼ੇਰੀ ਨਾਲ ਮੈਂ ਹਾਇਕੁ -ਲੋਕ ਨਾਲ ਜੁੜਨ ਦਾ ਹੌਸਲਾ ਕੀਤਾ ਹੈ। ਪੰਜਾਬੀ ਦੀਆਂ ਸਾਰੀਆਂ ਰਚਨਾਵਾਂ ਮੈਂ ਬੜੇ ਸ਼ੌਕ ਨਾਲ਼  ਪੜ੍ਹਦੀ ਹਾਂ। ਪੰਜਾਬੀ ਲਿਖਣ ਦਾ ਵੀ ਸ਼ੌਕ ਰੱਖਦੀ ਹਾਂ ਤੇ ਲਿਖਣ ਦੀ ਪ੍ਰੇਰਣਾ ਮੈਨੂੰ ਹਾਇਕੁ ਲੋਕ ਪੜ੍ਹ ਕੇ ਮਿਲੀ ਹੈ। ਭਾਵੇਂ ਪੰਜਾਬੀ ਸਾਹਿਤ 'ਤੇ ਮੇਰੀ ਐਨੀ ਪਕੜ ਨਹੀਂ ਹੈ ਸਨੇਹ ਭਰੇ ਦਿਲ ਵਾਲੀ ਡਾ. ਹਰਦੀਪ ਸੰਧੂ ਦੇ ਸਹਿਯੋਗ ਸਦਕਾ ਪੰਜਾਬੀ ਲਿਖਣ ਦਾ ਹੌਸਲਾ ਕਰਦੀ ਹਾਂ। 
ਹਰਦੀਪ ਜੀ ਆਪ ਨੇ  ਹਾਇਕੁ ਲੋਕ ਨਾਲ ਜੋੜਕੇ ਮੇਰਾ ਮਾਨ ਬੜਾ ਦਿੱਤਾ । ਨਿਮਾਣੀ ਜੇਈ ਲੇਖਣੀ ਨੂੰ  ਲਿਖਨ ਦੀ ਜਾਂਚ ਨਹੀ ਹੈ ਫਿਰ ਭੀ ਤੁਸਾਂ ਆਪਣਾ ਸਹਿਯੋਗ  ਦੇ ਕੇ ਮੈਨੂੰ  ਅੱਗੇ ਬੜਨ ਦੀ ਪ੍ਰੇਰਣਾ ਦਿਤੀ ਹੈ। ਤੁਸੀਂ ਹੋਸਲਾ ਅਫਜਾਈ ‘ਚ ਕਦੀ ਪਿਛੇ ਨਹੀ ਹਟਦੇ। 
      ਅੱਜ ਇਹ ਪੱਤਰ ਮੈਂ ਆਪਣੇ ਪੰਜਾਬੀ ਗੁਰੂ ਨੂੰ ਲਿਖ ਰਹੀ ਹਾਂ। ਗੁਰੂ ਪੂਰਨਿਮਾ 'ਤੇ ਗੁਰੂ ਨੂੰ ਸ਼ਤ -ਸ਼ਤ ਨਮਨ। ਮੇਰੇ 'ਤੇ ਆਪਣਾ ਆਸ਼ੀਰਵਾਦ ਬਣਾਏ ਰੱਖਣਾ। ਤੇਰੇ ਲੇਖਣ ਤੇ ਤੇਰੀ ਆਵਾਜ਼ 'ਚ ਹਾਇਬਨ ਸੁਣ ਕੇ ਤੇਰੇ ਵੱਡੇ ਦਿਲ ਨਾਲ ਵੀ ਜਾਣ -ਪਛਾਣ ਹੋਈ। ਜਦ ਕਿਸੇ ਨੂੰ ਕੋਈ ਗੱਲ ਪਸੰਦ ਨਹੀਂ ਆਉਂਦੀ ਤਾਂ ਉਹ ਕਿਸੇ ਨਾਲ ਲਿੰਕ ਰੱਖਣਾ ਵੀ ਪਸੰਦ ਨਹੀਂ ਕਰਦਾ। ਪਰ ਤੂੰ ਅਜਿਹਾ ਨਹੀਂ ਕਰਦੀ। ਤੇਰੇ ਕੋਲੋਂ ਮੈਨੂੰ ਬਹੁਤ ਕੁਝ ਸਿੱਖਨ ਨੂੰ ਮਿਲਿਆ ਹੈ। ਤੇਰੇ ਹਾਇਬਨ ਪੜ੍ਹ ਕੇ ਤਾਰੀਫ਼ 'ਚ ਬਹੁਤ ਕੁਝ ਲਿਖਿਆ ਜਾ ਸਕਦਾ ਹੈ। ਜਦੋਂ ਤੋਂ ਤੇਰਾ ਹਾਇਬਨ ਨੰਬਰ ਪ੍ਲੇਟ ਪੜ੍ਹਿਆ ਹੈ ਤੇਰੀ ਲੇਖਣ ਸ਼ੈਲੀ ਤੇ ਪੰਜਾਬੀ ਮੈਨੂੰ ਹੋਰ ਜ਼ਿਆਦਾ ਸਮਝ ਆਉਣ ਲੱਗੀ ਹੈ। ਹੁਣ ਮੈਂ ਪੁਰਾਣੇ ਹਾਇਬਨ ਪੜ੍ਹਨੇ ਸ਼ੁਰੂ ਕੀਤੇ ਨੇ ਤੇ ਅਨੰਦ ਲੈ ਰਹੀ ਹਾਂ। 
       ਆਪ ਮੈਨੂੰ ਜੋ ਉਂਗਲੀ ਫੜ੍ਹ ਸਾਥ -ਸਾਥ ਚਲਨੇ ਕੀ ਪ੍ਰੇਰਣਾ ਦੇ ਰਹੀ ਹੋ। ਮੇਰੇ ਲਈ ਅਨਮੋਲ ਭੇਂਟ ਹੈ ਤੇਰੀ। ਮੈਂ ਆਪਣੀ ਕੋਸ਼ਿਸ਼ ਕਰਦੀ ਰਹਾਂਗੀ। ਇੱਕ ਵਾਰ ਫਿਰ ਆਪ ਦਾ ਬਹੁਤ -ਬਹੁਤ ਧੰਨਵਾਦ। 
ਕਮਲਾ ਘਟੌੜਾ 
ਯੂ ਕੇ (18.2.16)
*******************************************************************************************
ਪਿਆਰੀ ਦੀਪੀ ,
ਤੇਰੀਆਂ ਲਿਖਤਾਂ ਪੜ੍ਹੀਆਂ। ਲਾਜਵਾਬ ਨੇ। ਤੇਰਾ ਲਿਖਣ ਢੰਗ , ਸ਼ਬਦਚੋਣ ਤੇ ਲਿਖਣ ਦਾ ਅੰਦਾਜ਼ ਨਵੇਕਲਾ ਹੈ। ਤੂੰ ਹਰ ਗੱਲ ਨੂੰ ਬੜੀ ਬਾਰੀਕੀ ਨਾਲ ਪੇਸ਼ ਕਰ ਸਕਦੀ ਹੈਂ। ਤੇਰੇ ਹਾਇਬਨ ਇੱਕ ਛੋਟੀ ਜਿਹੀ ਗੱਲ 'ਤੇ ਕੇਂਦ੍ਰਿਤ ਹੁੰਦੇ ਨੇ। ਪਰ ਓਸ ਦਾ ਜੋ ਵਿਸਥਾਰ ਤੂੰ ਉਲੀਕਦੀ ਹੈਂ ਉਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਤੂੰ ਸਫਰਨਾਮਾ ਵੀ ਲਿਖ ਸਕਦੀ ਹੈਂ। ਜੇ ਤੂੰ ਕਦੇ ਸਫਰਨਾਮਾ ਲਿਖੇਂ ਤਾਂ ਇਹ ਬਹੁਤ ਮਕਬੂਲ ਹੋਵੇਗਾ। ਬਹੁਤ ਲੋਕ ਓਸ ਨੂੰ ਚਾਅ ਨਾਲ ਪੜ੍ਹਨਗੇ। ਤੇਰੇ ਲੇਖਣ ਬਾਰੇ ਬਹੁਤ ਕੁਝ ਕਿਹਾ ਤੇ ਲਿਖਿਆ ਜਾ ਸਕਦਾ ਹੈ। ਏਸ ਦੀ ਜਿੰਨੀ ਤਾਰੀਫ਼ ਕੀਤੀ ਜਾਏ ਘੱਟ ਹੈ। ਮੇਰੇ ਕੋਲ ਤਾਂ ਏਸ ਨੂੰ ਸਲਾਹੁਣ ਲਈ ਸ਼ਬਦ ਨਹੀਂ ਹਨ। 
ਤੇਰਾ ਮਾਮਾ ਸ. ਭਰਪੂਰ ਸਿੰਘ 
(ਸੱਵਦੀ ਕਲਾਂ )
8.2.16
******************************************************************************************
ਹੋਰ ਚਿੱਠੀਆਂ ਪੜ੍ਹਨ ਲਈ ਇੱਥੇ ਕਲਿੱਕ ਕਰੋ 

ਨੋਟ: ਇਹ ਪੋਸਟ ਹੁਣ ਤੱਕ 67 ਵਾਰ ਪੜ੍ਹੀ ਗਈ

19 Feb 2016

ਪਿੰਡ ਦੀ ਯਾਦ

1.
ਪੱਛੋਂ ਦੀ ਹਵਾ 
ਤੱਤੇ -ਤੱਤੇ ਗੁੜ ਦੀ 
ਆਵੇ ਮਿੱਠੀ ਮਹਿਕ 
ਗੁੜ ਦੀ ਰੋੜੀ 
ਦਿਲਕਸ਼ ਸੁਆਦ 
ਆਈ ਪਿੰਡ ਦੀ ਯਾਦ। 
2.
ਧੁੰਦ ਤੇ ਕੋਰਾ 
ਰੁੱਖ ਬ੍ਰਿਖ ਸੜਦੇ 
ਪਰ ਫੁੱਲ ਖਿੜਦੇ 
ਰੁੱਖ ਉਦਾਸ 
ਫੁੱਲ ਪੱਤੇ ਬੇਆਸ 
ਜਦ ਜੜ੍ਹਾਂ ਸੁੱਕੀਆਂ। 

ਬੁੱਧ ਸਿੰਘ ਚਿੱਤਰਕਾਰ 
ਪਿੰਡ ਨਡਾਲੋਂ 
ਜ਼ਿਲ੍ਹਾ ਹੁਸ਼ਿਆਰਪੁਰ 
ਨੋਟ: ਇਹ ਪੋਸਟ ਹੁਣ ਤੱਕ 145 ਵਾਰ ਪੜ੍ਹੀ ਗਈ

16 Feb 2016

ਮੁਸਕਾਨ

           ਪੱਤਝੜ ਦੀ ਰੁੱਤ ਦੇ ਖੁਸ਼ਕ ਜਿਹੇ ਦਿਨ। ਖੁਰਦਰੇ ਪਲਾਂ ਦੀ ਮਾਰ ਝੱਲਦਾ ਜ਼ਖਮੀ ਜਿਹਾ ਮੌਸਮ। ਜ਼ਿੰਦਗੀ ਦੇ ਵਿਹੜਿਆਂ 'ਚ ਬੈਠੇ ਲੋਕ ਬਦਲੇ ਮੌਸਮ ਦੀਆਂ ਹੀ ਗੱਲਾਂ ਕਰਦੇ ਜਾਪਦੇ ਸਨ । ਜ਼ਿੰਦਗੀ ਦੇ ਮਾਂਦੇ ਪਏ ਰੰਗਾਂ ਦੀਆਂ ਪੈੜਾਂ ਹੇਠ ਗੁਆਚੇ ਜਿਉਣ ਵਰਗੇ ਪਲਾਂ ਨੂੰ ਹੁਣ ਉਹ ਲੱਭ ਰਹੇ ਸਨ । ਪਰ ਪੱਤਝੜ 'ਚ ਬਹਾਰ ਦਾ ਮਿਲ ਜਾਣਾ, ਹੈ ਨਾ ਅਲੋਕਾਰੀ ਅਹਿਸਾਸ।  ਹਾਂ ਓਸ ਦਿਨ ਏਹੋ ਹੀ ਤਾਂ ਹੋਇਆ ਸੀ ਜਦੋਂ ਉਹ ਮੈਨੂੰ ਮਿਲੀ ਸੀ।  ਕਾਉਂਟਰ 'ਤੇ ਖੜ੍ਹੀ ਨੇ ਬੜੇ ਹੀ ਤਪਾਕ ਨਾਲ ਉਸ ਪੁੱਛਿਆ ਸੀ , " ਹਾਓ ਕੈਨ ਆਈ ਹੈਲਪ ਯੂ ?" ਉਸ ਦੇ ਬੋਲਾਂ ਨੇ ਮੇਰਾ ਮਨ ਮੋਹ ਲਿਆ ਸੀ।
            ਉਸ ਦਾ ਝਮ -ਝਮ ਕਰਦਾ ਚਿਹਰਾ ਮੇਰੇ ਜ਼ਿਹਨ 'ਚ ਆਣ ਲੱਥਾ ਸੀ । ਇਕਹਰਾ ਪਤਲਾ ਸਰੀਰ, ਮਦਮਸਤ ਬਲੌਰੀ ਅੱਖਾਂ ਤੇ ਗੋਰਾ ਨਿਸ਼ੋਹ ਰੰਗ ਜਿਵੇਂ ਮੱਖਣ 'ਚ ਸੰਧੂਰ ਮਿਲਿਆ ਹੋਵੇ। ਜਦੋਂ ਹੱਸੇ ਤਾਂ ਮੂੰਹੋਂ ਫੁੱਲ ਕਿਰਨ। ਗੱਲ ਕਰੇ ਤਾਂ ਕੰਨਾਂ 'ਚ ਅੰਮ੍ਰਿਤ ਰਸ ਘੁਲੇ । ਉਸ ਦੇ ਹੰਸੂ -ਹਸੂੰ ਕਰਦੇ ਮੁੱਖੜੇ ਨੇ ਮੈਨੂੰ ਐਨਾ ਕੀਲ ਲਿਆ ਸੀ ਕਿ ਮੈਂ ਤਾਂ ਉਸ ਦਾ ਨਾਮ ਤੱਕ ਪੁੱਛਣਾ ਭੁੱਲ ਗਈ ਸਾਂ ਜਾਂ ਸਮਝੋ ਏਸ ਦੀ ਲੋੜ ਹੀ ਨਹੀਂ ਭਾਸੀ ਸੀ।
             ਕੁਝ ਦਿਨਾਂ ਬਾਅਦ ਜਦੋਂ ਮੈਂ ਫਿਰ ਸ਼ਾਪਿੰਗ ਮਾਲ ਗਈ ਤਾਂ ਮੇਰੀਆਂ ਅੱਖਾਂ ਉਸ ਨੂੰ ਹੀ ਤਲਾਸ਼ ਰਹੀਆਂ ਸਨ। ਕਹਿੰਦੇ ਨੇ ਕਿ ਜੋ ਹਮੇਸ਼ਾਂ ਬਹਾਰਾਂ 'ਚ ਜਿਉਂਦੇ ਨੇ ਉਹਨਾਂ ਲਈ ਪੱਤਝੜ ਵੀ ਬਹਾਰ  ਬਣ ਜਾਂਦੀ ਹੈ। ਉਹ ਤਾਂ ਖੜ -ਖੜ ਕਰਦੇ ਸੁੱਕੇ ਪੱਤਿਆਂ 'ਚੋਂ ਵੀ ਸੁਰ ਭਾਲ ਲੈਂਦੇ  ਨੇ। ਉਸ ਦੀ ਸੀਰਤ ਇਸੇ ਗੱਲ ਦੀ ਹੀ ਹਾਮੀ ਭਰਦੀ ਸੀ। ਇਸ  ਵਾਰ ਦੀ ਮਿਲਣੀ 'ਚ ਵਿਦੇਸ਼ੀ ਭਾਸ਼ਾ ਦਾ ਠੁੰਮਣਾ ਖੁਦ- ਬ -ਖੁਦ ਹੀ ਕਿਧਰੇ ਖਿਸਕ ਗਿਆ ਸੀ। ਮੈਨੂੰ ਮੇਰੀਆਂ ਭਾਵਨਾਵਾਂ ਹੁਣ ਬੇਕਾਬੂ ਹੁੰਦੀਆਂ ਜਾਪੀਆਂ ," ਤੈਨੂੰ ਵੇਖਦਿਆਂ ਹੀ ਪੱਤਝੜ ਰੁੱਤੇ ਵੀ ਰੰਗਾਂ ਦੀ ਛਹਿਬਰ ਲੱਗ ਜਾਂਦੀ  ਏ । ਤੇਰੇ ਬੋਲ ਸੱਜਰੀ ਹਵਾ ਦੇ ਬੁੱਲ੍ਹਿਆਂ ਜਿਹੇ ਨੇ। ਤੇਰੇ ਅਕਸ ਦਾ ਪਰਛਾਵਾਂ ਮੇਰੇ ਜ਼ਿਹਨ ਦਾ ਇੱਕ ਕੋਨਾ ਮੱਲੀ ਬੈਠਾ ਹੈ ।"
           ਦਿਨ ਚੜ੍ਹਦੇ ਦੀ ਲਾਲੀ ਜਿਹੀ ਚਮਕ ਹੁਣ ਉਸ ਦੀਆਂ ਅੱਖਾਂ 'ਚ ਸੀ। ਅਪਣੱਤ ਤੇ ਮੋਹ ਭਰੇ ਵੇਗ 'ਚ ਉਹ ਮੱਲੋਮੱਲੀ ਵਹਿ ਤੁਰੀ। "ਮੈਂ ਤਾਂ ਤੁਹਾਨੂੰ ਦੂਰੋਂ ਹੀ ਵੇਖ ਲਿਆ ਸੀ ਤੇ ਸੋਚ ਰਹੀ ਸਾਂ ਕਿ ਤੁਹਾਨੂੰ ਸੇਵਾ ਪ੍ਰਦਾਨ ਕਰਨ ਦੀ ਵਾਰੀ ਮੈਂ ਹੀ ਲੈਣੀ ਹੈ। ਇੱਕ ਗੱਲ ਹੋਰ ਕਹਾਂ - ਤੁਹਾਡੇ ਪਾਏ ਪੰਜਾਬੀ ਸੂਟ ਨੂੰ ਵੇਖ ਕੇ ਸੁਆਦ ਆ ਜਾਂਦਾ ਹੈ, " ਸਹਿਜੇ ਜਿਹੇ ਉਸ ਆਪਣੀ ਨਿੰਮੀ ਜਿਹੀ ਮੁਸਕਾਨ ਬਿਖੇਰੀ । ਮੇਰੇ ਅਬੋਲੇ ਬੋਲ ਮੇਰੇ ਸਾਹਵਾਂ ਨਾਲ ਰਲ ਕੇ ਏਹੋ ਦੁਆ ਕਰ ਰਹੇ ਸੀ ਕਿ ਉਹ ਇਸੇ ਤਰਾਂ ਸੰਦਲੀ ਖੁਸ਼ਬੋਈਆਂ ਵੰਡਦੀ ਰਹੇ ਤੇ ਇਹਨਾਂ ਖਿਣਾਂ ਦੀ ਕਦਰ ਕਰਨ ਵਾਲੇ ਆਪਣੀਆਂ ਝੋਲੀਆਂ ਭਰਦੇ ਰਹਿਣ। ਰੱਬ ਕਰੇ ਸੱਜਰੀਆਂ ਪੈੜਾਂ ਦਾ ਹੁਣੇ -ਹੁਣੇ ਸ਼ੁਰੂ ਹੋਇਆ ਸਾਡਾ ਇਹ ਇਲਾਹੀ ਸਫ਼ਰ ਇੰਝ ਹੀ ਚੱਲਦਾ ਰਹੇ।
ਹਵਾ ਦਾ ਬੁੱਲਾ  -
ਫੁੱਲਾਂ ਸੰਗ ਖਹਿੰਦਾ 
ਮਹਿਕੀ ਫਿਜ਼ਾ। 
ਡਾ. ਹਰਦੀਪ ਕੌਰ ਸੰਧੂ 
ਨੋਟ: ਇਹ ਪੋਸਟ ਹੁਣ ਤੱਕ 152 ਵਾਰ ਪੜ੍ਹੀ ਗਈ

13 Feb 2016

ਉਸ ਦੀ ਦੁਨੀਆਂ (ਚੋਕਾ)

ਖੇਤੋਂ ਮੁੜਕੇ
ਆਪਣੇ ਘਰ ਵੱਲ
ਮੈਂ ਤੁਰਿਆ ਸੀ
ਪਿੰਡ ਦੀ ਫਿਰਨੀ 'ਤੇ
ਓਹ ਬੈਠੀ ਸੀ
ਪਤਾ ਨਹੀਂ ਕਿਹੜੀ 
ਸੋਚ 'ਚ ਡੁੱਬੀ
ਡੱਕੇ ਨਾਲ ਵਾਹੁੰਦੀ
ਧਰਤੀ ਉੱਤੇ
ਘੁੱਗੂ- ਘਾਂਗੜੇ ਜਿਹੇ
ਗੁੰਮ ਸੁੰਮ ਜੀ
ਨਾ ਆਲੇ ਦੁਆਲੇ ਦੀ
ਕੋਈ ਖਬਰ
ਇੰਝ ਲੱਗਿਆ ਜਿਵੇਂ
ਦੋ ਪਲਾਂ ਵਿੱਚ
ਭਰ ਅੱਖਾਂ 'ਚ ਪਾਣੀ
ਓਹ ਰੋਵੇਗੀ
ਤੇ ਥਰਕਦੇ ਬੁੱਲ੍ਹ
ਮੁਸਕਰਾਹਟ
ਬਾਹਰ  ਸੁੱਟਣਗੇ
ਖੜਕੇ ਉਥੇ 
ਲੱਗਿਆ ਮੈਂ ਸੋਚਣ 
ਓਹ ਦੁਨੀਆਂ 
ਕਿਹੋ ਜਿਹੀ ਹੋਵੇਗੀ 
ਖੁਸ਼ੀਆਂ ਭਰੀ
ਜਾਂ ਪੀੜਾਂ ਦਾ ਪਰਾਗਾ
ਕੌਣ ਹੋਊਗਾ 
ਜੀਹਦੇ  ਨਾਲ ਹੋਊ 
ਇਹ ਵੰਡਦੀ
ਆਪਣੀਆਂ ਖੁਸੀਆਂ
ਤੇ ਅਪਣਾ ਦਰਦ|

ਹਰਜਿੰਦਰ ਢੀਂਡਸਾ 
(ਕੈਨਬਰਾ)

11 Feb 2016

ਕਾਂ,ਚਿੜੀਆਂ ਅਤੇ ਧੁੱਪ (ਸੇਦੋਕਾ )

1.
ਵਾਣ ਦੀ ਮੰਜੀ
ਟੁੱਟੀ ਦੌਣ ਤੇ ਢਿੱਲੀ
ਧੁੱਪੇ ਪਈ ਸੜਦੀ
ਢਿੱਲੀ ਹੀਹ 'ਤੇ
ਚੁੱਪ ਇੱਕ ਕਾਂ ਬੈਠਾ
ਪਿਆ ਸਮੇਂ ਨੂੰ  ਕੋਸੇ ।
2.
ਤਿੰਨ ਚਿੜੀਆਂ
ਵਿਹੜੇ 'ਚ ਖੇਡਣ
ਚੋਗਾ ਵੀ ਲੱਭਦੀਆਂ
ਸੁੰਨਾ ਵਿਹੜਾ
ਕੌਣ ਚੋਗ ਚੁਗਾਵੇ
ਮਾਰੀ ਦੂਰ ਉਡਾਰੀ ।
3.
ਕੋਸੀ ਹੈ ਧੁੱਪ
ਵਿਹੜੇ ਦੀਆਂ ਕੰਧਾਂ
ਧੁੱਪ ਨੇ ਸੇਕਦੀਆਂ
ਹਵਾ ਦਾ ਬੁੱਲ੍ਹਾ
ਵਿਹੜੇ 'ਚ ਵੜਿਆ
ਕੰਧਾਂ ਨਾਲ ਖਹਿੰਦਾ ।

ਦਿਲਜੋਧ ਸਿੰਘ 
(ਨਵੀਂ ਦਿੱਲੀ)
ਨੋਟ: ਇਹ ਪੋਸਟ ਹੁਣ ਤੱਕ 46 ਵਾਰ ਪੜ੍ਹੀ ਗਈ

9 Feb 2016

ਲਾਚਾਰ ਬਾਪੂ

ਸਵੇਰ ਦੀ ਲਾਲੀ ਬੜੀ ਮਨਮੋਹਿਤ ਲੱਗ ਰਹੀ ਸੀ। ਨਾਜਰ ਸਿੰਓ ਹੌਲੀ -ਹੌਲੀ ਤੁਰਦਾ ਆਪਣੇ ਖੇਤਾਂ ਨੂੰ ਜਾ ਰਿਹਾ ਸੀ। ਅਚਾਨਕ ਉਸ ਦੀ ਨਜ਼ਰ ਇੱਕ ਕੁੜੀ ਵੱਲ ਗਈ  ਜੋ ਬਜ਼ੁਰਗਾਂ ਨੂੰ ਆਸ਼ਰਮ 'ਚ ਸੈਰ ਕਰਵਾ ਰਹੀ ਸੀ। 'ਬਾਪੂ ਜੀ ਆਜੋ...ਤੁਸੀਂ ਵੀ ੲਿੱਥੇ ਬੈਠ ਕੇ ਮਿੱਠੀ ਧੁੱਪ ਦਾ ਨਜ਼ਾਰਾ ਲੈ ਲਵੋ', ਕੁੜੀ ਨੇ ਇੱਕ ਬਜ਼ੁਰਗ ਨੂੰ ਬੈਂਚ 'ਤੇ ਬਠਾਉਂਦੇ ਹੋੲੇ ਨਾਜਰ ਸਿੰਓ ਨੂੰ ਕਿਹਾ। 'ਜਿਉਂਦੀ ਰਹਿ ਧੀੲੇ', ਲੰਬਾ ਹਉਕਾ ਲੈਂਦਿਆਂ ਨਾਜਰ ਸਿੰਓ ਬੋਲਿਆ। 
      ਪਿੰਡ ਦੀ ਫਿਰਨੀ ਤੋਂ ਦੁੱਗ-ਦੁੱਗ..ਗ..ਗ ਦੀ 'ਵਾਜ਼ ਸੁਣਾੲੀ ਦਿੱਤੀ। 'ਬਾਪੂ ਅੱਜ ਤੋਂ ਤੇਰਾ ਘਰ-ਬਾਰ ਆ ਹੀ ੲੇ।' ਕਿਉਂ ਵੀਰ ਜੀ ਬਾਪੂ ਤੁਹਾਨੂੰ ਤੰਗੀ ਦਿੰਦਾ ਆ? ਮੋਟਰਸਾਈਕਲ ਨੂੰ ਇੱਕ ਪਾਸੇ ਖੜ੍ਹਾ ਕਰਕੇ ਉਹ ਕੁੜੀ ਕੋਲ ਆ ਕੇ ਬੋਲਿਆ " ਨੀ ਕੁੜੀੲੇ ਤੰਗੀ ਨ੍ਹੀਂ ਤਾਂ ਹੋਰ ਕੀ .....ਨਾਲੇ ਅਸੀਂ ਕਿਹੜਾ ਬੁੜੇ ਤੋਂ ਮੁੱਢ ਚਿਰਾਉਣੇ ਆ, ਵਿਹਲਾ ਖਰਚੇ ਦਾ ਘਰ ਹੀ ਤਾਂ ੲੇ। ਆ ਸਾਂਭ ਲੈ ਜੇ ਤੈਥੌਂ ਸੰਭਲਦਾ ਤਾਂ'। 
             ਆਸ਼ਰਮ ਦੇ ਗੇਟ ਕੋਲੇ ਖੜ੍ਹਾ ਨਾਜਰ ਅੰਦਰ ਹੁੰਦੀ ਘੁਸਰ-ਮੁਸਰ ਸੁਣਦਿਆਂ ਹੀ ਅੰਦਰੋਂ-ਅੰਦਰੀ ਪਿਸਦਾ ਜਾ ਰਿਹਾ ਸੀ। 
ਤ੍ਰੇਲੀ ਸਵੇਰ -
ਅੱਖਾਂ ਭਰ ਆਇਆ 
ਲਾਚਾਰ ਬਾਪੂ। 
ਅੰਮ੍ਰਿਤ ਰਾਏ (ਪਾਲੀ)
ਫਾਜ਼ਿਲਕਾ 

ਨੋਟ: ਇਹ ਪੋਸਟ ਹੁਣ ਤੱਕ 33 ਵਾਰ ਪੜ੍ਹੀ ਗਈ

6 Feb 2016

ਉਮਰਾਂ ਦਾ ਹਾਸਾ

       ਢਲਦੀ ਦੁਪਹਿਰ ਨੂੰ ਉੱਚੇ ਅੰਬਰੀਂ ਛਾਏ ਸੁਰਮਈ ਬੱਦਲਾਂ 'ਚੋਂ -ਕਦੇ ਕਦੇ ਸੂਰਜ ਵੀ ਝਾਤੀ ਮਾਰ ਜਾਂਦਾ ਸੀ। ਏਸ ਅਲਬੇਲੇ ਜਿਹੇ ਮੌਸਮ ਵਿੱਚ ਅਸੀਂ ਚਾਰੋ ਜਣੇ ਆਪਣੀਆਂ ਬੇੜੀਆਂ ਤੇ ਚੱਪੂਆਂ ਸਮੇਤ ਨਦੀ ਕਿਨਾਰੇ ਜਾ ਪੁੱਜੇ ਸੀ। ਸ਼ਹਿਰ ਦੇ ਨਾਲ ਖਹਿ ਕੇ ਵਗਦੀ ਏਸ ਨਦੀ ਦੇ ਪਾਣੀਆਂ 'ਚ ਸ਼ਰਬਤੀ ਰੰਗ ਘੁਲੇ ਲੱਗਦੇ ਸਨ। ਮਸਤ ਹੋਏ ਪਰਿੰਦੇ ਆਜ਼ਾਦ ਪੌਣਾਂ 'ਚ ਕੁਦਰਤ ਦੀ ਵਡਿਆਈ ਦੇ ਗੀਤ ਗਾਉਂਦੇ ਜਾਪਦੇ ਸਨ। ਸੂਰਜੀ ਪਿਆਲੇ 'ਚੋਂ ਡੁੱਲ੍ਹਦੀ ਲਾਲੀ ਦੀ ਲਿਸ਼ਕੋਰ 'ਚ ਚਿਲਕਦਾ ਪਾਣੀ ਏਸ ਮਨਮੋਹਣੀ ਕਾਇਨਾਤ ਨੂੰ ਹੋਰ ਵੀ ਰੰਗਲਾ ਬਣਾ ਰਿਹਾ ਸੀ।
          ਲਾਈਫ ਜੈਕਟਾਂ ਪਾ ਕੇ ਇੱਕ ਬੇੜੀ 'ਚ ਅਸੀਂ ਦੋਵੇਂ ਮਾਂ -ਪੁੱਤ ਤੇ ਦੂਜੀ 'ਚ ਓਹ ਦੋਵੇਂ ਪਿਓ -ਧੀ ਸਵਾਰ ਹੋ ਗਏ। ਖੁੱਲ੍ਹਾ -ਡੁੱਲ੍ਹਾ ਮਾਹੌਲ ਸੀ। ਇੱਕ ਦੂਜੇ ਦੇ ਮਨ ਦੀਆਂ ਅਣਕਹੀਆਂ ਗੱਲਾਂ ਸਮਝਣ ਤੇ ਰਿਸ਼ਤਿਆਂ ਦਾ ਨਿੱਘ ਮਾਨਣ ਦਾ ਸਮਾਂ। ਅਸੀਂ ਆਪੂੰ ਚੱਪੂ ਮਾਰ ਡੂੰਘੇ ਪਾਣੀਆਂ 'ਚ ਉਤਰਨਾ ਸੀ। ਮੇਰੇ ਜਿੰਮੇ ਬੇੜੀ ਨੂੰ ਸਿਰਫ਼ ਅਗਾਂਹ ਧਕੇਲਣਾ ਸੀ ਤੇ ਮੇਰਾ ਬੇਟਾ ਬੇੜੀ ਨੂੰ ਸਹੀ ਸੇਧ ਤੇ ਦਿਸ਼ਾ 'ਚ ਰੱਖ ਰਿਹਾ ਸੀ। ਫੱਗਣ ਦੀ ਧੁੱਪ ਵਾਂਗੂ ਖਿੜਿਆ ਉਹ ਨਾਲੋ -ਨਾਲ ਬੜੀ ਸਹਿਜਤਾ ਨਾਲ ਬੇੜੀ ਨੂੰ ਆਪਣੇ ਕਾਬੂ 'ਚ ਰੱਖਣ ਬਾਰੇ ਵੀ ਮੈਨੂੰ ਦੱਸਦਾ ਜਾ ਰਿਹਾ ਸੀ।  ਮੈਂ ਨਿਗ੍ਹਾ ਘੁਮਾ ਕੇ ਸਾਹਮਣੇ ਦੇਖਿਆ। ਦੂਜੀ ਬੇੜੀ ਸਾਡੇ ਤੋਂ ਕਾਫ਼ੀ ਦੁਰੇਡੇ ਜਾ ਚੁੱਕੀ ਸੀ। ਪਰ ਸਾਡੇ ਵਾਲੀ ਬੇੜੀ ਸਾਡੇ ਹਾਸੇ ਦੇ ਟੋਟਿਆਂ ਦੀ ਘੁੰਮਣਘੇਰੀ 'ਚ ਉਲਝੀ ਇੱਕੋ ਜਗ੍ਹਾ ਗੋਲ -ਗੋਲ ਘੁੰਮੀ ਜਾ ਰਹੀ ਸੀ। 
       ਕਹਿੰਦੇ ਨੇ ਕਿ ਕੁਦਰਤ ਉਹਨਾਂ ਦਾ ਸਾਥ ਦੇ ਹੀ ਦਿੰਦੀ ਹੈ ਜੋ ਹਰ ਹੀਲੇ ਆਪਣੇ ਟੀਚੇ ਦੀ ਪ੍ਰਾਪਤੀ ਲਈ ਦ੍ਰਿੜ ਰਹਿੰਦੇ ਨੇ। ਹੁਣ ਸਾਡੀ ਬੇੜੀ ਸਾਡੇ ਕਾਬੂ 'ਚ ਸੀ ਪਰ ਹਾਸਾ ਅਜੇ ਵੀ ਬੇ -ਕਾਬੂ। "ਚੱਲੋ ਪਾਪਾ ਤੇ ਨਿਕੜੀ ਤੋਂ ਮੂਹਰੇ ਨਿਕਲੀਏ, " ਉਸ ਦੀਆਂ ਅੱਖਾਂ 'ਚ ਸ਼ਰਾਰਤ ਤੇ ਬੋਲਾਂ 'ਚ ਧੁੱਪ ਰੰਗਾ ਹਾਸਾ ਸੀ। ਪਾਣੀ ਦੀਆਂ ਲਹਿਰਾਂ ਨੂੰ ਚੱਪੂਆਂ ਦੀ ਆਵਾਜ਼ ਤਾਲ ਦੇ ਰਹੀ ਸੀ। ਅਗਲੇ ਕੁਝ ਪਲਾਂ ਬਾਅਦ ਸਾਡੀਆਂ ਬੇੜੀਆਂ ਇੱਕ -ਦੂਜੇ ਦੇ ਨਾਲੋ -ਨਾਲ ਜਾ ਰਹੀਆਂ ਸਨ। ਖੁਸ਼ੀਆਂ ਭਰੇ ਸ਼ਰਬਤੀ ਵੇਲੇ ਨੇ ਅੱਖਾਂ ਸਾਹਵੇਂ ਸੂਹੇ ਰੰਗ ਬਿਖੇਰ ਦਿੱਤੇ ਸਨ। 
       ਨਦੀ ਕਿਨਾਰੇ ਲੱਗੇ ਰੁੱਖਾਂ ਦੇ ਅਕਸ ਪਾਣੀ ਦੀਆਂ ਤਰੰਗਾਂ ਸੰਗ ਨੱਚਦੇ ਪ੍ਰਤੀਤ ਹੋ ਰਹੇ ਸਨ। ਪਰਿੰਦਿਆਂ ਦੀਆਂ ਗੂੰਜਦੀਆਂ ਸੰਗੀਤਮਈ ਆਵਾਜ਼ਾਂ ਨੇ ਸਾਡੇ ਅੰਦਰ ਪਸਰੇ ਫਿਕਰਾਂ ਦੇ ਹਨ੍ਹੇਰਿਆਂ  ਨੂੰ ਚਾਨਣ ਨਾਲ ਭਰ ਦਿੱਤਾ ਸੀ। ਮੋਹ ਭਰੇ ਹਾਸਿਆਂ ਦੀ ਉਂਗਲ ਲੱਗ ਉਹਨਾਂ ਕੁਝ ਕੁ ਪਲਾਂ ਵਿੱਚ ਹੀ ਅਸੀਂ ਉਮਰਾਂ ਦਾ ਹਾਸਾ ਆਪਣੀ ਝੋਲੀ 'ਚ ਸਮੇਟ ਲਿਆਏ ਸਾਂ। ਜਿਸ ਨੂੰ ਯਾਦ ਕਰਦਿਆਂ ਅੱਜ ਵੀ ਮੇਰੇ ਸਾਹ ਜਿਉਣ ਵਰਗੇ ਅਹਿਸਾਸ ਨਾਲ ਧੜਕਣ ਲੱਗ ਜਾਂਦੇ ਨੇ। 

ਛਿਪਦੀ ਟਿੱਕੀ -
ਪਾਣੀ ਤੋਂ ਤਿਲਕਣ 
ਸੋਨ -ਕਿਰਨਾਂ। 
ਡਾ. ਹਰਦੀਪ ਕੌਰ ਸੰਧੂ 
ਨੋਟ: ਇਹ ਪੋਸਟ ਹੁਣ ਤੱਕ 62 ਵਾਰ ਪੜ੍ਹੀ ਗਈ

4 Feb 2016

ਬੂਟਾਂ ਵਿੱਚ ਸੋਚ

          ਪ੍ਰਾਇਮਰੀ ਸਕੂਲ ਵਿੱਚ ਉਹ ਇੱਕ ਸੌੜੀ ਸੋਚ ਵਾਲਾ ਅਧਿਆਪਕ ਹੈ। ਇੱਕ ਪਿੰਡ ਵਿੱਚ ਨੌਕਰੀ ਕਰ ਰਿਹਾ ਹੈ।ਵੇਖਣ ਪਾਖਣ  ਨੂੰ ਚੰਗਾ ਭਲਾ ਲੱਗਦਾ  ਹੈ। ਪਰ "ਅਕਲਾਂ ਬਾਜੋਂ ਖੂਹ ਖਾਲੀ" ਵਾਲੀ ਗੱਲ ਬਿਲਕੁਲ ਉਸ 'ਤੇ ਢੁੱਕਦੀ ਏ।ਰੱਬ ਦੀ ਕਰਨੀ ਕਿ ਉਸ ਦਾ ਵਿਆਹ ਇੱਕ ਪੜੀ ਲਿਖੀ ਕੁੜੀ ਨਾਲ ਹੋ ਗਿਆ। ਮੂਰਖਾਂ ਦਾ ਟੱਬਰ, ਕੁੜੀ ਮਾਰੇ ਮੱਥੇ ਨੂੰ ਹੱਥ। ਪਰ ਹੁਣ ਕੀ ਕਰ ਸਕਦੀ ਸੀ। ਗੱਲ ਪਿਆ ਢੋਲ ਤਾਂ ਵਜਾਉਣ ਹੀ ਸੀ।
              ਖੈਰ, ਕੁੜੀ ਪੜੀ -ਲਿਖੀ ਹੋਣ ਕਰਕੇ ਲਾਗੇ ਹੀ ਸਰਕਾਰੀ ਦਫਤਰ ਵਿਚ ਸਰਵਿਸ ਕਰਦੀ ਸੀ। ਇਸ ਲਈ ਪੈਸੇ ਧੇਲੇ ਵਲੋਂ ਨਿਰਭਰ ਨਹੀਂ ਸੀ। ਨਹੀਂ ਤਾਂ ਆਦਮੀ ਨੇਂਘ ਚੋਂ ਜੂੰ ਨਾ ਕੱਢੇ। ਜਮਾਂ ਈ ਕੰਜੂਸ। ਸੌੜੀ ਸੋਚ ਤੇ ਕੰਜੂਸੀ ਦਾ ਇੱਕ ਨਮੂਨਾ ਉਦੋਂ ਸਾਹਮਣੇ  ਆਇਆ ਜਦੋਂ ਉਸ ਦੇ ਤਿੰਨ  ਕੁ ਸਾਲ ਦੇ ਬੱਚੇ  ਦੇ ਪੁਰਾਣੇ ਬੂਟਾਂ ਦਾ ਸੱਜਾ ਬੂਟ ਕਿਤੇ ਗੁੰਮ ਹੋ ਗਿਆ। ਫਿਰ ਕੀ ਸੀ.....ਘਰ ਵਿਚ ਵੱਖਤ ਪੈ ਗਿਆ। ਸਾਰਾ ਘਰ ਫਰੋਲ ਮਾਰਿਆ। ਬੂਟ ਨਾ ਲੱਭਾ। ਬੰਦੇ ਨੇ ਅਕਲ ਦੌੜਾਈ  ਤੇ ਬੱਚੇ ਦਾ ਖੱਬਾ ਬੂਟ ਲੈ ਕੇ ਨਾਲ ਲੱਗਦੇ ਸ਼ਹਿਰ ਚਲਾ ਗਿਆ। ਹੱਥ ਵਿੱਚ ਖੱਬੇ ਬੂਟ  ਨੂੰ ਵਿਖਾ ਕੇ ਉਸ ਨਾਲ ਦਾ ਸੱਜਾ ਬੂਟ ਹਰ ਬੂਟਾਂ ਦੀ ਦੁਕਾਨ 'ਤੇ ਭਾਲਦਾ ਰਿਹਾ । ਦੁਕਾਨਦਾਰ ਉਸ ਦੀ ਮੂਰਖਤਾ 'ਤੇ ਹੱਸਦੇ  ਰਹੇ। ਪਰ ਉਸ 'ਤੇ ਕੋਈ ਅਸਰ ਨਾ ਹੁੰਦਾ। ਸਾਰਾ ਸ਼ਹਿਰ ਗਾਹ ਮਾਰਿਆ। ਬੂਟ ਕਿੱਥੋਂ ਲੱਭਣਾ ਸੀ ? ਸਾਰਾ ਦਿਨ ਮੂਰਖਤਾ ਦਾ ਤਮਾਸ਼ਾ ਕਰਕੇ ਘਰ ਦਾ ਬੁੱਧੂ ਘਰ ਨੂੰ ਆਇਆ ।

ਲੋਕੀਂ ਹੱਸਣ
ਬੁੱਧੂ ਕਰੇ ਤਮਾਸ਼ਾ
ਹੱਥ 'ਚ ਕਾਸਾ। 



ਇੰਜ: ਜੋਗਿੰਦਰ ਸਿੰਘ "ਥਿੰਦ"    
(ਸਿਡਨੀ )        

ਨੋਟ: ਇਹ ਪੋਸਟ ਹੁਣ ਤੱਕ 35 ਵਾਰ ਪੜ੍ਹੀ ਗਈ

2 Feb 2016

ਜ਼ਿੰਦਾਬਾਦ ਜ਼ਿੰਦਗੀ

1.

ਫੁੱਲ ਤੇ ਸੂਲਾਂ
ਇੱਕੋ ਟਹਿਣੀ ਯਾਰੋ
ਜ਼ਿੰਦਾਬਾਦ ਜ਼ਿੰਦਗੀ
ਸੂਰਜ ਚੰਨ
ਰੁੱਤਾਂ ਆਉਣ ਜਾਣ
ਬਦਲਾਅ ਜ਼ਿੰਦਗੀ ।

2.

ਤ੍ਰੇਲ ਤੁਪਕੇ
ਮੋਤੀ ਪਲ ਦੋ ਪਲ
ਸਜੇ ਪੱਤਿਆਂ ਮੱਥੇ
ਸੁੱਖ ਨੇ ਮੋਤੀ
ਜ਼ਿੰਦਗੀ ਮੱਥੇ ਜੜੇ
ਤ੍ਰੇਲ ਤੁਪਕੇ ਜਿਹੇ । 

ਬਾਜਵਾ ਸੁਖਵਿੰਦਰ
ਪਿੰਡ :ਮਹਿਮਦਪੁਰ 
ਜ਼ਿਲ੍ਹਾ :ਪਟਿਆਲਾ 
ਨੋਟ: ਇਹ ਪੋਸਟ ਹੁਣ ਤੱਕ 44 ਵਾਰ ਪੜ੍ਹੀ ਗਈ

1 Feb 2016

ਮੇਰਾ ਪੰਜਾਬ

1.
ਪਾਲਾ ਕੋਹੜੀ
ਵਿਹੜੇ 'ਚ ਲੋਹੜੀ
ਕੱਠੇ ਮਨਾਈ
ਅੱਗ ਸੇਕਦੇ ਖਾਧੀ 
ਮੂੰਗਫਲੀ ਤੇ ਰੋੜੀ। 

2.

ਮੇਰਾ ਪੰਜਾਬ
ਨਿੱਘਰਦਾ ਹੀ ਜਾਵੇ
ਕੋਈ ਨਾ ਸਾਂਭੇ
ਰਾਖਾ ਕੀ ਕਰੂ ਜਦ
ਵਾੜ ਖੇਤ ਨੂੰ ਖਾਵੇ। 


3.
ਦੇਸ ਪੰਜਾਬ 
ਦਲਦਲ ਫਸਿਆ 
ਕੌਣ ਬਚਾਊ 
ਰਾਜਾ ਵਜੀਰ ਚੋਰ 
ਅਰਜ਼ੀ ਸੁਣੂ ਕੌਣ। 

ਹਰਜਿੰਦਰ ਢੀਂਡਸਾ 
(ਕੈਨਬਰਾ )

ਨੋਟ: ਇਹ ਪੋਸਟ ਹੁਣ ਤੱਕ 11 ਵਾਰ ਪੜ੍ਹੀ ਗਈ