ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

Showing posts with label ਨਿਰਮਲ ਕੋਟਲਾ. Show all posts
Showing posts with label ਨਿਰਮਲ ਕੋਟਲਾ. Show all posts

24 Dec 2017

ਸ਼ਹਾਦਤ

ਕਲਮ ਜਦ ਫੜੀ ਕਿ ਲਿਖਾਂ ਕੁਝ ਸ਼ਹਾਦਤ 'ਤੇ ।

ਰੀਝ ਸੀ ਕਿ ਚਿਰਾਂ ਤੋਂ ਲਿਖਾਂ ਕੁਝ ਇਬਾਦਤ 'ਤੇ ।


ਫਿਰ ਮਨ 'ਚ ਖਿਆਲ ਆਇਆ ,ਛੋਟੇ ਛੋਟੇ ਬੱਚਿਆਂ  ਦਾ ।

ਉਮਰ ਨਿਆਣੀ ਸੀ ਗੀ ਓਹਨਾਂ  ਮਨ ਦੇ ਸੱਚਿਆਂ ਦਾ ।


ਲਾਡਲੇ ਸੀ ਗੋਬਿੰਦ ਦੇ , ਮਾਂ ਗੁਜਰੀ ਦੇ ਲਾਲ ਜੀ ।

ਪਾਲੇ ਸੀ ਲਾਲ ਦੁਲਾਰੇ ,ਦੁੱਧ ਮੱਖਣਾ ਦੇ ਨਾਲ ਜੀ ।


ਗੰਗੂ ਨੇ ਧ੍ਰੋਹ ਕਮਾਇਆ ,ਲੋਭੀ ਸੀ ਹੋ ਗਿਆ ।

ਮੱਤ  ਓਹਦੀ ਮਾਰੀ ਗਈ ,ਮੱਤੋਂ  ਹੌਲਾ ਹੋ ਗਿਆ ।


ਚੰਦ ਸਿੱਕਿਆਂ ਦਾ ਲੋਭੀ ,ਮੱਥੇ ਦਾਗ ਐਸਾ ਲਾ ਗਿਆ ।

ਲੂਣ ਹਰਾਮੀ ਬਣ ,     ਕਲੰਕ ਐਸਾ  ਲਾ ਗਿਆ ,


ਪਾਪੀ ਸੁੱਚੇ  ਨੰਦ ਡਾਹਡਾ ਵੈਰ ਸੀ  ਕਮਾਇਆ ।

ਸੂਬਾ ਸਰਹੰਦ ਤਾਂਈ , ਕੰਨ  ਭਰ ਸੀ ਆਇਆ ।


ਸੱਪ ਦੇੇ ਸਪੋਲੀਆ ਨੇ ਐਦਾਂ ਨਹੀਂਓਂ  ਮੰਨਣਾ ।

ਸੁਣਾਓ ਐਸਾ ਫਤਵਾ ਤੁਸੀਂ ਭੁੱਲ ਜਾਣ ਜੰਮਣਾ ।


ਸ਼ੇਰ ਖਾਂ   ਨੇ ਹਾਅ ਦਾ ਨਾਹਰਾ ਐਸਾ  ਮਾਰਿਆ ।

ਇਹਨਾਂ ਮਸੂਮਾਂ ਨੇ ਦੱਸ  ਸਾਡਾ ਕੀ ਵਿਗਾੜਿਆ।


ਗੋਬਿੰਦ  ਦੇ ਲਾਲ  ਸਿਦਕੋਂ ਨਾ  ਡੋਲੇ ਸੀ ।

ਸੂਬੇ ਦੀ ਕਚਿਹਰੀ ਜਾ ਗੱਜ ਫ਼ਤਿਹ ਬੋਲੇ ਸੀ ।


ਸੂਬਿਆ ਓਏ ! ਨਹੀਂਓ  ਈਨ ਤੇਰੀ ਮੰਨਣੀ ।

ਅਣਖ ਤੇ ਗੈਰਤ ਨਾਲ , ਅੜ ਤੇਰੀ ਭੰਨਣੀ ।


ਹੋਵਾਂਗੇ ਸ਼ਹੀਦ ਅਸੀਂ ਧਰਮ ਬਚਾਵਾਂਗੇ ।

ਜਿੰਦ ਆਪਣੀ ਅਸੀਂ ,ਕੌਮ ਲੇਖੇ ਲਾਵਾਂਗੇ ।


ਠੰਡਾ ਬੁਰਜ ਸੀ ਠੰਡੀਆਂ ਪੋਹ ਦੀਆਂ ਰਾਤਾਂ ਸੀ

ਮਾਂ ਗੁਜਰੀ ਸ਼ਹਾਦਤਾਂ ਦੀਆਂ ਸੁਣਾਉਦੀ ਬਾਤਾਂ ਸੀ ।


ਮੋਤੀ  ਮਹਿਰਾ ਪੁੰਨ  ਸੀ ਕਮਾ ਗਿਆ ।

ਪਰਵਾਰ ਤਾਂਈ ਦੁੱਧ ਸੀ ਪਿਆ ਗਿਆ ।


ਦੇਖਿਓ !ਬੱਚਿਓ ਕਿਤੇ ਡੋਲ ਤੁਸੀਂ  ਜਾਇਓ ਨਾ ।

ਦਾਦੇ  ਦੀ ਪੱਗ ਤਾਂਈ  ਦਾਗ ਤੁਸੀਂ  ਲਇਓ ਨਾ ।


ਰੱਖ ਤੂੰ  ਭਰੋਸਾ ,ਇੰਝ ਬੋਲ ਨਾ ਤੂੰ ਅੰਮੀਏ 

ਸਿਦਕੋਂ ਨਹੀਂ ਹਾਰਾਂਗੇ ,ਡੋਲ ਨਾ ਤੂੰ ਅੰਮੀਏ!


ਨਿੱਕੀਆਂ ਸੀ ਜਿੰਦਾਂ  ਸਾਕੇ ਵੱਡੇ  ਕਰ ਗਈਆਂ  ।

ਬਣ ਕੇ ਉਹ ਨੀਂਹ ਪੱਕੀ ਕੌਮ ਖੜੀ ਕਰ ਗਈਆਂ  ।


ਜਿੰਦਾਂ ਭਾਵੇਂ ਨਿੱਕੀਆਂ ਉਮਰਾਂ  ਸੀ  ਕੱਚੀਆਂ ।

ਨਿਰਮਲ ਸੁਣਾ ਚਲੀ  ਗੱਲਾਂ ਉਹ ਸੱਚੀਆਂ।

ਵੱਡੀਆਂ ਸ਼ਹਾਦਤਾਂ ਦਾ ਮੁੱਲ ਟੋਡਰ ਮੱਲ ਪਾ ਗਿਆ ।

ਸਿੱਖ ਕੌਮ  ਦੇ ਦਿਲ ਅੰਦਰ ਥਾਂ  ਆਪਣੀ  ਬਣਾ ਗਿਆ ।


ਦਾਸਤਾਨ  ਏ ਸ਼ਹਾਦਤ ਲੋਕੋ  ਨਾ ਭੁੱਲ  ਜਾਇਓ ।

ਬੱਚਿਆਂ ਨੂੰ ਨਾਲ ਲੈ  ਕੇ ਸਰਹੰਦ  ਵਿਖਾਇਊ ।


       ਨਿਰਮਲ ਕੋਟਲਾ

20 Jun 2017

ਦੁੱਖ- ਸੁੱਖ


ਹਾਂ ਭਈ ਸੰਤਾ ਸਿਹਾਂ ਸੁਣਾ ਕੀ ਹਾਲ ਏ ਤੇਰਾ ?
ਹਾਂ ਬੰਤਾ ਸਿਹਾਂ ਮੈਂ ਠੀਕ ਆਂ ਤੂੰ ਸੁਣਾ !!
ਕੀ ਸੁਣਾਵਾਂ ਯਾਰ ,ਜਦੋਂ ਦੀ ਬਿਸ਼ਨੀ ਤੁਰ ਗਈ ਏ ਮੈਂ ਤਾਂ ਇਕੱਲਾ ਰਹਿ ਗਿਆ ਹਾਂ। ਨੂੰਹਾਂ - ਪੁੱਤ ਤਾਂ ਪੁੱਛਦੇ ਨਹੀਂ ਬੱਸ ਭਰਾਵਾ ਕਦੇ ਕਿਸੇ ਗੁਰਦੁਆਰੇ ,ਕਦੀ ਕਿਸੇ।
ਹਾਂ ਸੰਤਾ ਸਿਹਾਂ ਮੇਰਾ ਵੀ ਕੁਝ ਤੇਰੇ ਵਾਲਾ ਹੀ ਹਾਲ ਹੈ। ਸਾਰੀ ਉਮਰ ਡਟ ਕੇ ਕਮਾਈ ਕੀਤੀ। ਦੋ ਧੀਆਂ ਨੂੰ ਪੜਾਇਆ ਲਿਖਾਇਆ।ਓਹਨਾਂ ਦੇ ਵਿਆਹ ਕੀਤੇ। ਪੁੱਤ ਨੂੰ ਵੀ ਬੜੀ ਕੋਸ਼ਿਸ ਕੀਤੀ ਕਿ ਕਿਸੇ ਕੰਮ ਧੰਦੇ 'ਤੇ ਲੱਗ ਜਾਵੇ ਪਰ ਬੇਕਾਰ। ਹੁਣ ਜੋ ਮੇਰੀ ਪੈਨਸ਼ਨ ਆਉਂਦੀ ਹੈ , ਮੈਨੂੰ ਸਿਰਫ਼ ਅੰਗੂਠਾ ਲਗਵਾਉਣ ਲਈ ਹੀ ਲਿਜਾਂਦੇ ਨੇ। ਹੋਰ ਸੁਣ ਕੱਲ ਮੇਰਾ ਬੜਾ ਦਿਲ ਕਰੇ ਬੱਤਾ ਪੀਣ ਨੂੰ .....ਮੈਂ ਨੂੰਹ ਕੋਲੋਂ ਦੱਸ ਰੁਪਏ ਮੰਗੇ। ਜਿਹੜੀ ਓਹਨੇ ਮੇਰੀ ਕੁੱਤੇ ਖਾਣੀ ਕੀਤੀ ਪੁੱਛ ਕੁਝ ਨਾ। ਮੇਰੇ ਨਾਲਦੀ ਵੀ ਜਦੋਂ ਦੀ ਤੁਰ ਗਈ ਏ ਮੈਂ ਵੀ ਇਕੱਲਾ ਰਹਿ ਗਿਆ ਵਾ ਭਰਾਵਾ।
ਹਾਂ ਬੰਤਾ ਸਿਹਾਂ ਓਹੀ ਬੰਦਾ ਹੁੰਦਾ ਜੋ ਆਪਣੇ ਬੱਚਿਆ ਦੇ ਕੰਡਾ ਚੁੱਭਿਆ ਨੀ ਜਰਦਾ .......! ਓਹੋ ਬੱਚੇ ਬੰਦੇ ਨੂੰ ਕੰਡਿਆ ਜੋਗਾ ਛੱਡ ਦਿੰਦੇ ਨੇ !
ਨਿਰਮਲ ਕੋਟਲਾ
ਨੋਟ : ਇਹ ਪੋਸਟ ਹੁਣ ਤੱਕ 22 ਵਾਰ ਪੜ੍ਹੀ ਗਈ ਹੈ। 

23 May 2017

ਭੇਦ ਨਾ ਖੋਲ

ਫੁੱਲਾਂ ਵਾਂਗ ਸਦਾ ਖਿੜੇ ਰਹੀਏ !!
ਮੰਦੇ ਬੋਲ ਕਦੇ ਨਾ ਬੋਲੀਏ ਜੀ !!

ਜੋ ਰੂਹ  ਤੋਂ ਕਰੇ ਪਿਆਰ ਸੱਜਣੋ !!
ਭੇਦ ਓਸ ਦੇ ਕਦੇ ਨਾ ਖੋਲੀਏ ਜੀ !!

ਦੇਸ਼ ਦੀ ਖਾਤਿਰ ਵਾਰਨਾਂ ਸੀਸ ਹੋਵੇ !!
ਵੀਰੋ ਸਿਦਕੋਂ ਕਦੇ ਨਾ ਡੋਲੀਏ ਜੀ !!

ਜਿਹਦਾ ਹਾਜ਼ਮਾ ਕਮਜ਼ੋਰ ਹੋਵੇ !!
ਰਾਜ਼  ਕਦੇ ਨਾ ਫਰੋਲੀਏ  ਜੀ !!

ਨਸ਼ੇ ਲਾਈਏ ਨਾ ਪੁੱਤ ਕਿਸੇ ਦਾ !!
ਮਿੱਟੀ 'ਚ ਵਿਸ਼ ਕਦੇ ਨਾ ਘੋਲੀਏ ਜੀ !!

ਮਾੜੇ ਬੰਦੇ ਨੂੰ ਜੇ ਕਿਤੇ ਭੀੜ ਪੈ ਜੇ !!
ਪਤ ਓਸ ਦੀ ਕਦੇ ਨਾ ਰੋਲੀਏ ਜੀ !!

ਨਿਰਮਲ ਰੂਹ ਤੋਂ ਜੋ ਜੁੜ ਜਾਵੇ !!
ਫਿਰ ਐਬ ਕਦੇ ਨਾ ਟੋਲੀਏ ਜੀ !!
  
 ਨਿਰਮਲ ਕੋਟਲਾ

ਨੋਟ : ਇਹ ਪੋਸਟ ਹੁਣ ਤੱਕ 56 ਵਾਰ ਪੜ੍ਹੀ ਗਈ ਹੈ। 

8 Apr 2017

ਕੰਢੇ 'ਤੇ ਰੁੱਖੜਾ

ਸੋਚ ਉਡਾਰੀ ਗਹਿਰਾ ਸਮੁੰਦਰ ਕਿਸ਼ਤੀ ਮੰਝਧਾਰ ਹੈ ! ਢ਼ਲਦੀ ਉਮਰ ਕੰਢੇ 'ਤੇ ਰੁੱਖੜਾ ਫੇਰ ਵੀ ਜ਼ਿੰਦਗੀ ਨਾਲ ਪਿਆਰ ਹੈ ! ਦੀਦਿਆਂ 'ਚੋਂ ਨੂਰ ਗਿਆ ਦਿਲ ਚੋਂ ਗਰੂਰ ਗਿਆ , ਮੰਗੇ ਸੱਚੇ ਵਾਲੀ ਦਾ ਦੀਦਾਰ ਹੈ ! ਆਵੋ ਜੀ ਮਿਲਾ ਦੇਵੋ ਬਿਰਹਾ ਦੇ ਮਾਰੇ ਨੂੰ ਵਿਛੜੀ ਕੂੰਜਾਂ ਦੀ ਡਾਰ ਹੈ ! ਨਿਰਮਲ ਕੋਟਲਾ



ਨੋਟ : ਇਹ ਪੋਸਟ ਹੁਣ ਤੱਕ 152 ਵਾਰ ਪੜ੍ਹੀ ਗਈ ਹੈ।

9 Mar 2017

ਰੁੱਖ ਦਾ ਸਬਰ

Image may contain: tree, sky, outdoor and nature
ਫੋਟੋ :ਪ੍ਰਤਾਪ ਹੀਰਾ 

ਪੱਤਾ ਪੱਤਾ ਟੁੱਟੇ ਮੇਰੇ ਸਬਰ ਦਾ !! 
ਤੈਨੂੰ ਪਤਾ ਨਹੀਂ ਮੇਰੇ ਹਸ਼ਰ ਦਾ !!
ਮੌਸਮ ਨਹੀਂ ਜੋ ਬਦਲ ਜਾਵਾਂਗਾ  !!
ਉਮੀਦ ਹੈ ਫਿਰ ਪੁੰਗਰ ਆਵਾਂਗਾ !!
ਤੁਫ਼ਾਨ ਅੱਗੇ ਖੜ ਗਿਆ ਹਾਂ !!
ਜਬਰ ਨਾਲ ਲੜ ਗਿਆ ਹਾਂ !!
ਹਿੱਕ 'ਤੇ ਨਾ ਫੇਰ ਆਰੀ ਦੋਸਤਾ !!
ਛਾਂ ਦੇਵਾਂ ਤੈਨੂੰ ਪਿਆਰੀ ਦੋਸਤਾ !!
ਜੀਣਾ ਚਾਹੰਦੈਂ  ਜੇ ਸੰਸਾਰ 'ਤੇ !!
ਰੁੱਖ ਇੱਕ ਹੀ ਲਗਾ ਮੌਸਮੇ ਬਹਾਰ 'ਤੇ !!
ਰੁੱਖ ਇੱਕ ਹੀ ਲਗਾ ਮੌਸਮੇ ਬਹਾਰ 'ਤੇ !!
ਨਿਰਮਲ ਕੋਟਲਾ 
ਨੋਟ : ਇਹ ਪੋਸਟ ਹੁਣ ਤੱਕ 84 ਵਾਰ ਪੜ੍ਹੀ ਗਈ ਹੈ।


5 Mar 2017

ਯਾਦ

ਅੱਜ ਮੈਨੂੰ
ਯਾਦ ਆ ਰਿਹਾ ਹੈ
ਬਚਪਨ ਤੇ ਬਾਬਲ ਦਾ
ਓਹ ਵਿਹੜਾ ! ਜਿਥੇ ਸਟਾਪੂ ਖੇਡਦਿਆਂ
ਕਦੋਂ ਤ੍ਰਕਾਲਾਂ ਪੈ ਜਾਂਦੀਆਂ ਪਤਾ ਹੀ ਨਹੀਂ ਸੀ ਲੱਗਦਾ ! ਤੇ ਹੁਣ
ਪੈ ਰਹੀਆਂ ਨੇ
ਜ਼ਿੰਦਗੀ ਦੀਆਂ ਤ੍ਰਕਾਲਾਂ ! ਨਾ ਤਾਂ ਹੁਣ ਉਹ ਮਾਂ ਰਹੀ ਆ
ਗੁੱਸੇ ਹੋਣ ਵਾਲੀ , ਤੇ ਨਾ ਬਾਪੂ ਰਿਹਾ
ਮਨਾਉਣ ਵਾਲ਼ਾ ! ਕਈ ਵਾਰ
ਆਪੇ ਰੁੱਸ ਕੇ
ਆਪੇ ਹੀ ਮੰਨ ਜਾਈਦਾ ! ਹੁਣ ਵੀ ਕਈ ਵਾਰੀ
ਦਿਲ ਕਰਦਾ
ਬਹਾਨਾ ਲਾਵਾਂ
ਢਿੱਡ ਪੀੜ ਦਾ!!
ਨਾ ਜਾਣਾ ਪਵੇ
ਤਾਂ ਕਿ ਸਕੂਲ ! ਪਰ ਫਿਰ ਸੋਚਦੀ ਆਂ
ਕਿ ਛੱਡ ਮਨਾ
ਜ਼ਰੂਰ ਛੁੱਟੀ ਲਵਾਉਣੀ ਆਂ ! ਚੱਲ ਮਨ ਹੋਰ ਹੋਜੂ
ਜਾ ਕੇ ਸਕੂਲ !!! ਦਰਦ ਹੁੰਦਿਆਂ ਵੀ ਤੁਰ
ਪੈਂਦੀ ਹਾਂ ਰੁਜ਼ਗਾਰ ਨੂੰ!!

ਨਿਰਮਲ ਕੋਟਲਾ

ਨੋਟ : ਇਹ ਪੋਸਟ ਹੁਣ ਤੱਕ 33 ਵਾਰ ਪੜ੍ਹੀ ਗਈ ਹੈ।

28 Feb 2017

ਮੇਰੀ ਖਮੋਸ਼ ਮੁਹੱਬਤ

Image may contain: 1 person, selfie and closeup
ਮੈਂ  ਕਿਹਾ ,ਖਮੋਸ਼ ਕਿਓ ਹੈਂ !!!
ਜਵਾਬ ਮਿਲਦਾ !!!
..ਬੇਸ਼ੱਕ ਦੂਰ ਹਾਂ .. ਖਾਮੋਸ਼ ਹਾਂ !!!
ਪਰ ਸੋਚਾਂ 'ਚ ਤੇਰੀਆਂ ਮਦਹੋਸ਼ ਹਾਂ !!!
ਕਹਿ ਜਾਣਾ !!!
....ਬੜਾ ਚੰਗਾ ਲੱਗਦੈ !!!
ਇੰਝ ਚੁੱਪ ਚੁਪੀਤੇ ਮੁਹੱਬਤ ਹੋ ਜਾਣਾ !!!
....ਬਿਨਾ ਗੁਫ਼ਤਗੂ ਦੇ !!!
ਸੁਪਨਿਆਂ  'ਚ ਉੱਗ ਆਉਣਾ !!!
......ਬੜਾ ਚੰਗਾ 
ਲੱਗਦੈ !!!
ਅਜੀਬ  ਇਤਫ਼ਾਕ ਏ !!!
ਤੇਰੀ ਮੇਰੀ ਮੁਹੱਬਤ !!!
ਰੂਹ ਦਾ ਰੂਹ ਨਾਲ ਮੇਲ !!!
ਤੇ ਵਿਚਾਰਾਂ ਦਾ ਟਕਰਾਅ ਜਾਣਾ !!!
......ਬੜਾ ਚੰਗਾ 
ਲੱਗਦੈ !!!
ਅਜੀਬ ਹੈ ਕਸ਼ਮਕਸ਼ ਦੋਸਤਾ !!!
ਤੇਰਾ ਨਾ ਮਿਲ ਕੇ !!!
ਮਿਲ ਜਾਣਾ !!!
......ਬੜਾ ਚੰਗਾ 
ਲੱਗਦੈ !!!
ਸੁਤੀ ਹੈ ਲੁਕਾਈ !!!
ਹੈ ਕਵਿਤਾ ਜਾਗਦੀ !!!
ਮਿੱਠਾ ਦਰਦ ਛੁਪਾ ਜਾਣਾ !!!
......ਬੜਾ ਚੰਗਾ 
ਲੱਗਦੈ !!!
ਤੂੰ ਮਿਲੇ ਤਾਂ ਰੂਹ ਏ ਸਕੂਨ !!!
ਨਿਰਮਲ ਅਮ੍ਰਿਤ ਹੋ ਜਾਣਾ !!!
......ਬੜਾ ਚੰਗਾ 
ਲੱਗਦੈ !!!
ਇੰਝ ਚੁਪ ਚੁਪੀਤੇ ਮੁਹੱਬਤ ਹੋ ਜਾਣਾ !!!
.......ਬੜਾ ਚੰਗਾ 
ਲੱਗਦੈ !!!
ਨਿਰਮਲ ਕੋਟਲਾ

ਨੋਟ : ਇਹ ਪੋਸਟ ਹੁਣ ਤੱਕ 127 ਵਾਰ ਪੜ੍ਹੀ ਗਈ ਹੈ।

19 Feb 2017

ਮਾਂ

ਰਾਤੀਂ ਸੁਪਨੇ 'ਚ 
ਮਾਂ ਮਿਲੀ !!!
ਤਲ਼ੀ 'ਤੇ 
ਕੁਝ ਪੈਸੇ ਰੱਖ ਬੋਲੀ !!
ਧੀਏ !!
ਸਿਆਣੀ ਬਣ 
ਧੀਆਂ ਦੀ ਮਾਂ ਐਂ !!
ਪੱਲਾ ਨਾ ਗੁਆਇਆ ਕਰ !!
ਕੁਝ ਪਰਦਾ ਵੀ ਰੱਖਿਆ ਕਰ !!
ਤੇ ਫਿਰ ਅਲੋਪ ਹੋ ਗਈ !!!
ਨਿਰਮਲ ਕੋਟਲਾ
ਨੋਟ : ਇਹ ਪੋਸਟ ਹੁਣ ਤੱਕ 160 ਵਾਰ ਪੜ੍ਹੀ ਗਈ ਹੈ।

24 Nov 2016

ਸਾਂਝਾਂ ਪਿਆਰ ਦੀਆਂ

ਦਿਲਾਂ 'ਚ ਮੁਹੱਬਤਾਂ ਰਿਸ਼ਤਿਆਂ 'ਚ ਬਹਾਰਾਂ ਕਦੇ ਨਾ ਮੁੱਕਣ ਇਹ ਸਾਂਝਾਂ ਪਿਆਰ ਦੀਆਂ । ਦੂਈ ਤੇ ਦੂਵੇਤ ਵਾਲੇ ਵਰਕੇ ਨੂੰ ਪਾੜ ਕੇ ਹੋਰ ਪਕੇਰੀਆ ਕਰੀਏ ਸਾਂਝਾਂ ਪਿਆਰ ਦੀਆਂ। ਲਿਖਾਂਗੇ ਸੱਚਾਈ ਲੱਚਰਤਾ ਨੂੰ ਛੱਡ ਕੇ ਮਾਂ ਬੋਲੀ ਨਾਲ ਪਵਾਂਗੇ ਸਾਂਝਾਂ ਪਿਆਰ ਦੀਆਂ। ਪ੍ਰੋਸਾਂਗੇ ਸੱਭਿਅਕ ਹਮੇਸ਼ਾਂ ਸਭ ਮਿਆਰੀ ਰਚਨਾਵਾਂ ਕਦੇ ਨਾ ਟੁੱਟਣ ਇਹ ਸਾਂਝਾਂ ਪਿਆਰ ਦੀਆਂ । ਨਿਰਮਲ ਦੀ ਏ ਇੱਕੋ ਹੀ ਤੰਮਨਾ ਰਹਿਣ ਪਕੇਰਿਆਂ ਸਾਂਝਾਂ ਪਿਆਰ ਦੀਆਂ ।

ਨਿਰਮਲ ਕੋਟਲਾ
ਨੋਟ : ਇਹ ਪੋਸਟ ਹੁਣ ਤੱਕ 56 ਵਾਰ ਪੜ੍ਹੀ ਗਈ ਹੈ।

10 Nov 2016

ਮੇਰੀ ਕੂਕ

ਮੇਰੀ ਕੂਕ
ਪਪੀਹੇ ਵਾਲੀ ,
ਕਦੀ ਨਾ ਤ੍ਰਿਪਤ ਹੋਈ 
ਬੱਸ 
ਤੇਰੇ ਵਜੂਦ 'ਚ
ਸਮਾ
ਜਾਣਾ ਚਾਹੁੰਦੀ ਆਂ ।

ਦਰ -ਬ -ਦਰ ,
ਭਟਕਣਾ ਨੂੰ ਛੱਡ 
ਬੱਸ 

ਇੱਕ ਦੀ ,

ਜੋਤ 'ਚ ਸਿਮਟ 

ਜਾਣਾ ਚਾਹੁੰਦੀ ਆਂ।



ਰੂਹਾਨੀਅਤ
ਮੇਰੇ ਜਿਸਮ ਅੰਦਰ 
ਫ਼ੂਕ ਦੇ ਮੇਰੇ ਮੌਲਾ 

ਮੈਂ 
ਆਪਣੇ 'ਚੋਂ ਮੈਂ ਮੁਕਾ 
ਬੱਸ ਤੂੰ ਹੀ ਤੂੰ  
ਹੋਣਾ ਚਾਹੁੰਦੀ ਹਾਂ।
ਤੇਰੇ ਵਿੱਚ
ਸਮਾਉਣਾ ਚਾਹੁੰਦੀ ਹਾਂ

ਸਵਾਂਤੀ ਬੂੰਦ ਦੀ
ਜੇ
ਕਰ ਦਵੇਂ ਬਖਸ਼ਿਸ਼
ਬੱਸ ਜ਼ਹਿਰ ਤੋਂ
ਅੰਮ੍ਰਿਤ ਹੋਣਾ ਚਾਹੁੰਦੀ ਹਾਂ। 

ਨਿਰਮਲ ਕੋਟਲਾ
ਪਿੰਡ ਕੋਟਲਾ ਮੱਝੇਵਾਲ 
ਜ਼ਿਲ੍ਹਾ ਅੰਮ੍ਰਿਤਸਰ 


ਨੋਟ : ਇਹ ਪੋਸਟ ਹੁਣ ਤੱਕ 106 ਵਾਰ ਪੜ੍ਹੀ ਗਈ ਹੈ। 

26 Oct 2016

ਜ਼ਿਹਨ

ਜ਼ਿਹਨ 

ਅਜ਼ੀਬ ਸ਼ੈਅ ਹੈ,
ਜ਼ਿਹਨ ਵੀ
ਜੋ ਰੱਖਣਾ ਚਾਹਿਆ
ਇਸ ਅੰਦਰ
ਉਹ ਟਿਕਿਆ ਨਹੀਂ..

ਜੋ ਕੱਢ ਕੇ
ਵਗ੍ਹਾ ਮਾਰਨਾ
ਚਾਹਿਆ ਬਾਹਰ
ਉਹ ਟਿਕ ਗਿਆ
ਸਿਲ ਪੱਥਰ ਦੀ ਤਰ੍ਹਾਂ..

ਕਿੱਥੇ ਕੱਢ ਹੁੰਦਾ ਹੈ,
ਜ਼ਿਹਨ 'ਚ ਵੱਸਿਆ
ਉਹ ਪਲ
ਜੋ
ਬਿਤਾਇਆ ਸੀ ਕਦੀ
ਤੇਰੇ ਨਾਲ
ਤੇਰੀ ਮਹਿਫਿਲ 'ਚ..
ਮੁੱਠੀ 'ਚੋਂ ਰੇਤ ਵਾਂਙ
ਕਿਰ ਗਏ
ਵਕਤ ਹੱਥੋਂ ਮਜਬੂਰ
ਖਾਲੀ ਕਾਸਾ ਹੱਥ ਫੜੀ
ਖੜ੍ਹੇ ਹਾਂ
ਅੱਜ ਤੇਰੀ ਦਹਿਲੀਜ਼ ਤੇ
ਆਸ ਹੈ ਕੁਝ ਖੈਰ ਦੀ !

ਨਿਰਮਲ ਕੋਟਲਾ 
ਪਿੰਡ : ਕੋਟਲਾ ਮੱਝੇਵਾਲ 

ਨੋਟ : ਇਹ ਪੋਸਟ ਹੁਣ ਤੱਕ 24 ਵਾਰ ਪੜ੍ਹੀ ਗਈ ਹੈ।

21 Oct 2016

ਬਹੁੜ ਕਿਤੇ ਵੇ ਸੱਚਿਆ ਸਾਈਆਂ

ਬਹੁੜ ਕਿਤੇ ਵੇ, ਸੱਚਿਆ ਸਾਈਆਂ। ਬਹੁੜ ਕਿਤੇ ਵੇ, ਸੱਚਿਆ ਸਾਇਆਂ। ਸਿਸਕਦੇ ਹਰਫ਼, ਵਿਲਕਦੇ ਪੰਨੇ, ਉਦਾਸ ਕਲਮ, ਉਖੜੀ ਸੋਚ, ਭਟਕੇ ਲੋਕ। ਅੰਧਵਿਸ਼ਵਾਸ, ਬੁੱਝਗੀ ਜੋਤ, ਕੁੱਖ ਦਾ ਨਾਸ, ਰੁੱਖ ਨੇ ਨਿਰਾਸ਼ । ਲਾਲੋ ਦੀ ਰੁੱਖੀ, ਮਲਕ ਦੀ ਪੂਰੀ, ਹੁਣ ਨਾ ਡਰਦਾ, ਪਾਪ ਕਮਾਉਂਦਾ, ਬਾਬਾ ਨਾਨਕ ਅ਼ੱਜ ਵੀ ਉਦਾਸ। ਕਿਰਤਾਂ ਭੁੱਲੀਆਂ, ਧੀਆਂ ਰੁੱਲੀਆਂ, ਦਾਜ ਦੇ ਲੋਭੀ, ਪਾਵਣ ਖਿੱਲੀਆਂ। ਸੁੱਤੀਆਂ ਸਰਕਾਰਾਂ, ਲੈਣ ਨਾ ਸਾਰਾਂ, ਬੇਰੁਜਗਾਰੀ, ਦਵੇ ਦੁਹਾਈਆਂ। ਚਿੱਟੇ ਦੀ ਵੀ ਹੁਣ, ਬੱਲੇ ਬੱਲੇ । ਜਵਾਨੀ ਡਿੱਗ ਗਈ, ਥੱਲੇ ਥੱਲੇ। ਬਹੁੜ ਕਿਤੇ ਵੇ ਸੱਚਿਆ ਸਾਈਆਂ । ਬਹੁੜ ਕਿਤੇ ਵੇ ਸੱਚਿਆ ਸਾਈਆਂ। ਨਿਰਮਲ ਕੋਟਲਾ
ਪਿੰਡ :ਕੋਟਲਾ ਮੱਝੇਵਾਲ
ਨੋਟ : ਇਹ ਪੋਸਟ ਹੁਣ ਤੱਕ 42 ਵਾਰ ਪੜ੍ਹੀ ਗਈ ਹੈ।

17 Oct 2016

ਰੂਹਾਂ ਦੀ ਗੱਲ

ਕੁਝ ਰੂਹਾਂ ਦਿਲ ਤੜਪਾਉਂਦੀਆਂ ਨੇ,
ਕੁਝ ਰੂਹਾਂ ਤਪਦੇ ਸੀਨੇ ਠਾਰਦੀਆਂ ।
ਕੁਝ ਰੂਹਾਂ ਕਰਦੀਆਂ ਗੱਲ ਮੁਹੱਬਤਾਂ ਦੀ,
ਕੁਝ ਰੂਹਾਂ ਸੌੜੀ ਨਫ਼ਰਤ ਪਾਲਦੀਆਂ ।
ਕੁਝ   ਰੂਹਾਂ  ਅੰਦਰ ਭਰਿਆ ਦਰਦ ਬੜਾ
ਕੁਝ  ਰੂਹਾਂ ਰੋੜੇ ਪੱਥਰ ਮਾਰਦੀਆਂ ।
ਕੁਝ ਰੂਹਾਂ ਜਪਦੀਆਂ ਪਾਲਣਹਾਰੇ ਨੂੰ,
ਕੁਝ ਰੂਹਾਂ  ਠੱਗਾਂ ਨੂੰ ਪੁਕਾਰਦੀਆਂ ।
ਕੁਝ ਰੂਹਾਂ ਫੁੱਲਾਂ ਵਰਗੀਆਂ ਨੇ,
ਕੁਝ ਰੂਹਾਂ ਰਾਹ ਕੰਡੇ ਖਿਲਾਰਦੀਆਂ ।
ਕੁਝ ਰੂਹਾਂ ਭਾਂਬੜ  ਭੱਠੀ ਨੇ,
ਕੁਝ ਰੂਹਾਂ ਸੀਤਲ ਧਾਰ ਜਿਹੀਆਂ ।
ਕੁਝ ਰੂਹਾਂ ਦਾਨੀ ਬੜੀਆਂ ਨੇ,
ਕੁਝ ਰੂਹਾਂ ਹੱਕ ਦੂਜੇ ਦਾ ਮਾਰਦੀਆਂ ।
ਕੁਝ ਰੂਹਾਂ ਪਾਕਿ ਪਵਿੱਤਰ ਨੇ,
ਕੁਝ ਰੂਹਾਂ ਸਮੁੰਦਰੀ ਖ਼ਵਾਰ ਜਿਹੀਆਂ ।
ਕੁਝ ਰੂਹਾਂ 'ਨਿਰਮਲ' ਜਿਹੀਆਂ ਨੇ,
ਜੋ ਸਰਬਤ ਦਾ ਭਲਾ ਚਿਤਾਰਦੀਆਂ ।

 
ਨਿਰਮਲ ਕੋਟਲਾ
ਪਿੰਡ ਕੋਟਲਾ ਮੱਝੇਵਾਲ 
ਜ਼ਿਲ੍ਹਾ ਅੰਮ੍ਰਿਤਸਰ 
ਨੋਟ : ਇਹ ਪੋਸਟ ਹੁਣ ਤੱਕ 234 ਵਾਰ ਪੜ੍ਹੀ ਗਈ ਹੈ।

13 Oct 2016

ਸੁਹਾਵਣਾ ਭੁਲੇਖਾ (ਵਾਰਤਾ)

Image result for in doubt clipartਜ਼ਿੰਦਗੀ 'ਚ ਕਈ ਵਾਰੀ ਇਹੋ ਜਿਹੀ ਘਟਨਾ ਵਾਪਰਦੀ ਆ,ਭੁਲੇਖੇ 'ਚ ਇੱਕ ਐਸੀ ਗੁਸਤਾਖ਼ੀ ਜੋ ਸਹਿਜ ਸੁਭਾ ਹੀ ਹੋ ਜਾਂਦੀ ਏ ਕਿ ਸਮਝ ਨਹੀਂ ਆਉਂਦੀ ਕਿ ਹੁਣ ਹੱਸੀਏ ਜਾਂ ਰੋਈਏ ? ਕੱਲ ਮੇਰੇ ਨਾਲ ਵੀ ਕੁਝ ਅਜਿਹਾ ਹੀ ਵਾਪਰਿਆ। ਕੱਲ ਮੈਂ ਅੰਮ੍ਰਿਤਸਰ ਤੋਂ ਮੇਸਟਰੋ ਸਕੂਟੀ ਤੇ ਵਾਇਆ ਸੋਹੀਆਂ ਹੁੰਦੀ ਹੋਈ ਮਜੀਠਾ ਵਾਪਸ ਆ ਰਹੀ ਸੀ ।ਮਜੀਠਾ ਰੋਡ ਦੀ ਹਾਲਤ ਖਰਾਬ ਹੋਣ ਕਰਕੇ ਮੈਂ ਅਕਸਰ ਸੋਹੀਆਂ ਬਲਾਂ ਵਾਲੇ ਰਸਤੇ ਅੰਮ੍ਰਿਤਸਰ ਜਾਂਦੀ ਹਾਂ । 
ਕੱਲ ਜਦ ਬਲਾਂ ਕੋਲ ਇੱਕ ਚੁਰਸਤੇ ਕੋਲ ਆਈ ਤਾਂ ਮੋਪਿਡ ਹੌਲ਼ੀ ਕਰ ਲਈ ।ਲੁਹਾਰਕਾ ਬਰਾਸਤੇ ਤੋਂ ਇੱਕ ਚਿੱਟੀ ਕਾਰ ਸਵਾਰ ਪੀਲੀ ਪੱਗ ਵਾਲਾ  ਇੱਕ ਵਿਆਕਤੀ ਮੇਰੇ ਵੱਲ ਦੇਖ ਕੇ ਮੁਸਕੁਰਾਇਆ ।ਮੈਂ ਵੀ ਦੇਖ ਕੇ ਮੋਪਿਡ ਰੋਕ ਕੇ ਉਸ ਵਲ ਵਧੀ।  ਲੁਹਾਰਕੇ ਮੇਰੀ ਮਾਸੀ ਰਹਿੰਦੀ ਏ। ਮੈਨੂੰ ਲੱਗਾ ਕਿ ਮੇਰੀ ਮਾਸੀ ਦਾ ਬੇਟਾ ਸੁੱਖ ਆ । ਜਦੋਂ  ਕੋਲ ਗਈ ਤਾਂ ਉਹ ਕੋਈ ਹੋਰ ਸੀ ।ਮੈ ਕੱਚੀ ਜਿਹੀ ਹੋ ਕੇ ਸਤਿ ਸ੍ਰੀ ਅਕਾਲ ਬੁਲਾਈ ਤੇ ਮੁਆਫ਼ੀ ਮੰਗਦਿਆਂ ਕਿਹਾ ," ਵੀਰ ਮੈਨੂੰ ਭੁਲੇਖਾ ਲੱਗਾ ਕਿ ਤੁਸੀਂ  ਸੁੱਖ ਵੀਰ ਹੋ।" ਅੱਗੋਂ ਹੱਸ ਕੇ ਉਹ ਕਹਿਣ ਲੱਗੇ," ਭੈਣ ਜੀ ਵੈਸੇ ਮੇਰਾ ਨਾਂ ਵੀ ਸੁੱਖ ਹੀ ਆ। ਮੈਨੂੰ ਵੀ ਭੁਲੇਖਾ ਲੱਗਾ ਕਿ ਮੇਰੀ ਭੂਆ ਦੀ ਬੇਟੀ ਵੀ ਤੁਹਾਡੇ ਵਾਂਗ ਲੱਗਦੀ ਏ ।" ਕਿੰਨਾ ਸੁਹਾਵਣਾ ਸੀ ਇਹ ਭੁਲੇਖਾ। 

ਨਿਰਮਲ ਕੋਟਲਾ 
ਪਿੰਡ ਕੋਟਲਾ ਮੱਝੇਵਾਲ 
ਅੰਮ੍ਰਿਤਸਰ 

ਨੋਟ : ਇਹ ਪੋਸਟ ਹੁਣ ਤੱਕ 99 ਵਾਰ ਪੜ੍ਹੀ ਗਈ ਹੈ।

12 Oct 2016

ਡੱਡੀਆਂ ਮੱਛੀਆਂ (ਵਾਰਤਾ )

Image result for frog & fish shaped lollies

ਛੋਟੇ ਹੁੰਦੇ ਬੜੇ ਚਾਅ ਨਾਲ ਨਾਨਕੇ ਜਾਂਦੇ। ਸਾਡੇ ਨਾਨਕੇ ਪਿੰਡ ਰਿਸ਼ਤੇਦਾਰੀ 'ਚੋਂ ਇੱਕ ਮਾਮਾ ਲੱਗਦਾ ਸੀ। ਉਸ ਦਾ ਨਾਂ ਪੂਰਨ ਸੀ। ਉਹ ਦੋਧੀ ਸੀ ਤੇ ਪੂਰਨ ਦੋਧੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਪੂਰੇ ਪਿੰਡ 'ਚ। ਪਿੰਡੋਂ ਦੁੱਧ 'ਕੱਠਾ ਕਰਕੇ ਸ਼ਹਿਰ ਪਾ ਕੇ ਆਉਂਦਾ ਸੀ। ਸਾਡਾ ਘਰ ਪਿੰਡ ਦੀ ਫਿਰਨੀ 'ਤੇ ਹੋਣ ਮਾਮਾ ਨਿੱਤ ਸਾਡੇ ਘਰ ਮੂਹਰਿਓਂ ਹੋ ਕੇ ਲੰਘਦਾ ਸੀ। 
ਅਸੀਂ ਮਾਮੇ ਨੂੰ ਉਡੀਕਦੇ ਰਹਿਣਾ। ਜਦੋਂ ਮਾਮਾ ਘਰ ਮੂਹਰਿਓਂ ਲੰਘਦਾ ਅਸੀਂ ਭੱਜ ਕੇ ਉਚੇਚੀ ਸਤਿ ਸ੍ਰੀ ਅਕਾਲ ਕਹਿਣੀ ਤੇ ਨਾਲ ਹੀ ਪੈਸੇ ਵੀ ਮੰਗ ਲੈਣੇ। ਮਾਮਾ ਬੜਾ ਹੀ ਹੱਸਮੁੱਖ ਸੁਭਾਅ ਦਾ ਸੀ। ਮਾਮੇ ਨੇ ਵੀ ਕਦੇ ਨਾਂਹ ਨਹੀਂ ਕੀਤੀ ਸੀ। ਉਸ ਨੇ ਆਪਣੀ ਜੇਬ 'ਚੋਂ ਕਦੇ 10 ਪੈਸੇ ਤੇ ਕਦੇ 20 ਪੈਸੇ ਕੱਢ ਸਾਡੀ ਹਥੇਲੀ 'ਤੇ ਰੱਖ ਦੇਣੇ।ਸਾਨੂੰ ਚਾਅ ਚੜ੍ਹ ਜਾਣਾ।  
ਅਸੀਂ ਚਾਈਂ ਚਾਈਂ ਓਥੋਂ ਭੱਜਣਾ। ਦਾਦੇ ਦੀ ਹੱਟੀ ਤੋਂ ਰੰਗ ਬਰੰਗੀਆਂ ਡੱਡੀਆਂ ਮੱਛੀਆਂ ਲੈ ਆਉਣੀਆਂ ਤੇ ਬੜੇ ਸੁਆਦ ਨਾਲ ਖਾਣੀਆਂ । ਜਦੋਂ ਮਾਤਾ ਜੀ ਨੂੰ ਪਤਾ ਲੱਗਾ ਕਿ ਅਸੀਂ ਮਾਮੇ ਕੋਲੋਂ ਪੈਸੇ ਮੰਗਦੇ ਆਂ ਤਾਂ ਬੜੀ ਕੁੱਟ ਵੀ ਪਈ ਸੀ। ਸੱਚੀਂ ਬੜਾ ਭੋਲਾ -ਭਾਲਾ ਸੀ ਬਚਪਨ ! 

ਨਿਰਮਲ ਕੋਟਲਾ 
ਪਿੰਡ :ਕੋਟਲਾ ਮੱਝੇਵਾਲ 
ਅੰਮ੍ਰਿਤਸਰ 
ਟੌਫ਼ੀਆਂ ਹਾਇਬਨ ਤੋਂ ਪ੍ਰੇਰਿਤ ਹੋ ਕੇ ਲਿਖੀ ਵਾਰਤਾ। 

ਨੋਟ : ਇਹ ਪੋਸਟ ਹੁਣ ਤੱਕ 78 ਵਾਰ ਪੜ੍ਹੀ ਗਈ ਹੈ।

9 Oct 2016

ਖਿਆਲ ਉਡਾਰੀ

ਮੇਰੀਆਂ ਸੋਚਾਂ ਨੂੰ ਤੂੰ ਤਾਲੇ ਲਾ ਨਹੀਂ ਸਕਦਾ
ਬੇਸ਼ੱਕ ਬੰਨ ਦੇ ਤੂੰ ਮੈਨੂੰ ਸੰਗਲਾਂ ਨਾਲ।
ਉਸ ਪਾਰ ਜਾਏਗੀ ਖਿਆਲ ਉਡਾਰੀ ਮੇਰੀ  
ਨਹੀਓਂ  ਪਹੁੰਚੇਗੀ ਕਦੇ ਓਥੇ ਸੋਚ ਵੀ ਤੇਰੀ। 

ਚੁੱਗ ਲਿਆਵਾਂਗੀ ਮੋਤੀ ਮੈਂ ਹੰਸ ਚੁੱਭੀ ਮਾਰ 

ਸਭ ਬੰਦਿਸ਼ਾਂ ਤੋੜ ਮੈਂ ਪਹੁੰਚਾਂਗੀ ਉਸ ਪਾਰ। 

ਇੱਕ ਅਜ਼ਾਦ ਦੁਨੀਆਂ 'ਚ 

ਜਿੱਥੇ ਹੋਣ ਫ਼ਰਿਸ਼ਤੇ ਕਰਮਾਂ ਵਾਲੇ 

ਨਾ ਕਿ ਦੈਂਤ ਜਿਸਮ ਨਪੀੜਨ ਵਾਲੇ।

ਬੇਸ਼ੱਕ ਪਾ ਦੇ ਤੂੰ ਬੇੜੀਆਂ ਮੇਰੇ ਪੈਰੀਂ 

ਮੈਂ ਪਹੁੰਚਾਂਗੀ.................
ਜਿੱਥੇ ਪਰੀਆਂ ਮੇਰਾ ਭਰਨ ਪਾਣੀ 

ਮੇਰੀਆਂ ਅੱਖਾਂ 'ਤੇ ਤੂੰ  ਬੰਨ ਦੇ ਪੱਟੀ ਚਾਹੇ 

ਸੁਪਨਾ ਦੇਖਾਂਗੀ ਫਿਰ ਵੀ ਆਜ਼ਾਦ ਹੋਣ ਦੇ। 

ਫਿਰ ਖੁੱਲ੍ਹੀ ਫਿਜ਼ਾ 'ਚ ਸਾਹ ਲੈਣ ਦੇ 

ਜ਼ਿੰਦਗੀ ਜਿਉਣ ਦਾ ਹੱਕ ਹੈ ਮੈਨੂੰ 

ਤੇਰੀ ਸੋਚਾਂ ਦੀ ਗਲੀਆਂ ਬੇਸ਼ੱਕ ਤੰਗ ਹੋਣ। 

ਇੱਕ ਵਿਸ਼ਾਲ ਅੰਬਰ ਹੈ ਮੇਰੇ ਕੋਲ 

ਤੂੰ ਨਪੀੜ ਸਕਦਾ ਏ ਮੇਰੇ ਸਰੀਰ ਨੂੰ,
ਪਰ ਮੇਰੀ ਸੋਚ ਨੂੰ ਨਹੀਂ 
ਮੇਰੇ ਮਨ ਨੂੰ ਨਹੀਂ
ਮੇਰੇ ਖਿਆਲਾਂ ਨੂੰ ਨਹੀਂ 
ਮੇਰੇ ਜ਼ਜ਼ਬਾਤਾਂ ਨੂੰ ਨਹੀਂ
ਕਦੇ ਵੀ ਨਹੀਂ  ਕਦੇ ਵੀ ਨਹੀਂ। 

ਨਿਰਮਲ ਕੋਟਲਾ 
ਪਿੰਡ ਕੋਟਲਾ-
ਮੱਝੇਵਾਲ 

ਅੰਮ੍ਰਿਤਸਰ 
ਨੋਟ : ਇਹ ਪੋਸਟ ਹੁਣ ਤੱਕ 150 ਵਾਰ ਪੜ੍ਹੀ ਗਈ ਹੈ।

2 Oct 2016

ਹੱਥਾਂ ਦਾ ਫ਼ਰਕ (ਮਿੰਨੀ ਕਹਾਣੀ )

ਪੰਜਾਹ ਕੁ ਵਰ੍ਹਿਆਂ ਨੂੰ ਟੱਪ ਚੁੱਕੀ ਬੰਸੋ ਨੇ ਆਪਣੇ ਧੀ -ਪੁੱਤ ਹੁਣ ਵਿਆਹ ਲਏ ਨੇ। ਅੱਜ ਉਹ ਡੂੰਘੀਆਂ ਸੋਚਾਂ 'ਚ ਡੁੱਬੀ ਸ਼ੀਸ਼ੇ ਮੂਹਰੇ ਬੈਠੀ ਆਪਣੇ ਚਿਹਰੇ 'ਤੇ ਪਏ ਨੀਲ ਨਿਹਾਰਦੀ ਅਤੀਤ 'ਚ ਗੁਆਚ ਗਈ ਸੀ।
ਜਦੋਂ ਉਹ ਨੌਵੀਂ 'ਚ ਪੜ੍ਹਦੀ ਸੀ ਤਾਂ ਉਸ ਦੇ ਪਿਤਾ ਨੇ ਉਸ ਦਾ ਚਿਹਰਾ ਆਪਣੇ ਹੱਥਾਂ 'ਚ ਲੈ ਕੇ ਚੁੰਮਦਿਆਂ ਕਿਹਾ ਸੀ," ਮੇਰੀ ਧੀ ਉਚੇਰੀ ਸਿੱਖਿਆ ਲੈ ਕੇ ਵਿਦੇਸ਼ ਜ਼ਰੂਰ ਜਾਏਗੀ। "

ਪਰ ਅੱਜ ਬੰਸੋ ਦਾ ਨਸ਼ੇੜੀ ਪਤੀ ਚੀਕ -ਚੀਕ ਕੇ ਕਹਿ ਰਿਹਾ ਸੀ ," ਏਸ ਕੁਲੱਛਣੀ ਨੇ ਸਾਡੇ ਘਰ ਦਾ ਬੇੜਾ ਗਰਕ ਕਰ ਦਿੱਤਾ ਏ। " ਉਸ ਦੇ ਪਾਏ ਚਿਹਰੇ 'ਤੇ ਨੀਲ ਅਤੇ ਹੱਥਾਂ ਦਾ ਫ਼ਰਕ ਅੱਜ ਬੰਸੋ ਨੂੰ ਸਾਫ਼ ਨਜ਼ਰ ਆ ਰਿਹਾ ਸੀ।



ਨਿਰਮਲ ਕੋਟਲਾ
ਪਿੰਡ :ਕੋਟਲਾ ਮੱਝੇਵਾਲ 
ਨੋਟ : ਇਹ ਪੋਸਟ ਹੁਣ ਤੱਕ 141 ਵਾਰ ਪੜ੍ਹੀ ਗਈ ਹੈ। 

26 Sept 2016

ਜ਼ਿੰਦਾਦਿਲੀ

ਅੱਜ ਅਸੀਂ ਇੱਕ ਹੋਰ ਨਵੇਂ ਜੁੜੇ ਸਾਥੀ ਦਾ ਸਾਡੇ ਵਿਹੜੇ ਸੁਆਗਤ ਕਰਦੇ ਹਾਂ - ਨਿਰਮਲ ਕੋਟਲਾ। ਆਪ ਪਿੰਡ ਕੋਟਲਾ ਮਜੀਠਾ ਅੰਮ੍ਰਿਤਸਰ ਨਾਲ ਸਬੰਧ ਰੱਖਦੇ ਨੇ। ਆਪ ਸਿੱਖਿਆ ਦੇ ਖੇਤਰ ਨਾਲ ਜੁੜੇ ਹੋਏ ਹਨ ਤੇ ਪੰਜਾਬੀ ਸੱਭਿਆਚਾਰ ਨਾਲ ਆਪ ਦਾ ਅੰਤਾਂ ਦਾ ਮੋਹ ਹੈ। ਆਪ ਦੀਆਂ ਰਚਨਾਵਾਂ  ਪੰਜਾਬੀ ਇਨ ਹੌਲੈਂਡ ਅਖ਼ਬਾਰ 'ਚ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। ਆਪ ਸਮੇਂ ਸਮੇਂ 'ਤੇ ਸਾਹਿਤ ਸਭਾਵਾਂ ਦਾ ਹਿੱਸਾ ਬਣਦੇ ਰਹਿੰਦੇ ਹਨ। ਆਪ ਦਾ ਕਹਿਣਾ ਹੈ ਕਿ ਸੋਚ ਬਦਲੋ ਦੇਸ਼ ਬਦਲੇਗਾ -ਇਹ ਵਕਤ ਦੀ ਪੁਕਾਰ ਹੈ। ਅੱਜ ਆਪ ਨੇ ਸਾਡੇ ਨਾਲ ਜ਼ਿੰਦਾਦਿਲੀ ਨਾਲ ਸਾਂਝ ਪਾਈ ਹੈ। ਆਸ ਕਰਦੇ ਹਾਂ ਕਿ ਆਪ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਗੇ। 
********************************************************

ਜ਼ਿੰਦਾਦਿਲੀ 
ਕੱਲ ਮੇਰੇ ਅਜੀਜ਼ ਰਿਸ਼ਤੇਦਾਰ ਦੀ ਖ਼ਬਰ ਲੈਣ ਲਈ ਹਸਪਤਾਲ ਗਈ । ਉੱਥੇ ਨਾਲ ਦੇ ਬੈੱਡ 'ਤੇ ਇੱਕ ਮਰੀਜ ਵੇਖਿਆ ਜਿਸ ਦੀ ਉਮਰ ਤਕਰੀਬਨ 65 ਸਾਲ ਦੇ ਕਰੀਬ ਹੋਵੇਗੀ ।ਉਸ ਦੀ ਹਾਲਤ ਦੇਖ ਕੇ ਮੇਰਾ ਦਿਲ ਦਹਿਲ ਗਿਆ ।ਮੈਂ ਮਨ ਹੀ ਮਨ ਸੋਚਣ ਲੱਗੀ, " ਐ ਮਨਾ ! ਤੂੰ ਕੀ ਜਾਣੇ ਦਰਦ ਕੀਹਨੂੰ ਕਹਿੰਦੇ ਨੇ, ਦਰਦ ਤਾਂ ਮੈਂ ਹੁਣ ਅੱਖੀਂ ਦੇਖ ਰਹੀ ਹਾਂ ।" 
ਉਹ ਵਿਅਕਤੀ ਸ਼ੂਗਰ ਕਾਰਨ ਦੋਵੇਂ ਲੱਤਾਂ ਤੇ ਅੱਖਾਂ ਗੁਆ ਬੈਠਾ ਸੀ।ਅੱਜ ਮੈਂ  ਉਸ ਦੀ ਬਹਾਦਰ ਪਤਨੀ ਨੂੰ ਮੋਢੇ 'ਤੇ ਇੱਕ ਜ਼ਿੰਦਾ ਲਾਸ਼ ਚੁੱਕੀ ਦੇਖਿਆ। ਇੱਕ ਰਜਨੀ ਸੋਲ੍ਹਵੀਂ ਸਦੀ 'ਚ ਹੋਈ ਸੀ ਤੇ ਇੱਕ ਰਜਨੀ ਮੇਰੀਆਂ ਅੱਖਾਂ ਸਾਹਮਣੇ ਸੀ। ਖਾਣ -ਪੀਣ ਤੋਂ ਲਾਚਾਰ ਪਤੀ ਦੀ ਸਾਂਭ ਸੰਭਾਲ ਅਸਲੀ ਸੇਵਾ, ਉੱਚੀ -ਸੁੱਚੀ ਗੁਰੂ ਘਰ ਤੋਂ ਵੀ ਵੱਡੀ। ਇਨਸਾਨੀਅਤ ਦੀ ਜ਼ਿੰਦਾ ਮਿਸਾਲ ਲੱਗੀ ਮੈਨੂੰ ਓਹ ਔਰਤ, ਜ਼ੁੰਮੇਵਾਰੀਆਂ ਦੀ ਪੰਡ ਚੁੱਕੀ। ਮੈਂ ਓਸ ਦੀ ਜ਼ਿੰਦਾਦਿਲੀ ਤੋਂ ਕੁਰਬਾਨ ਹੋ ਗਈ। 
ਮੇਰੀਆਂ ਅੱਖਾਂ ਮੱਲੋ -ਮੱਲੀ ਵਹਿ ਤੁਰੀਆਂ। ਇੱਕ ਵਾਰ ਫਿਰ ਮੈਂ ਸੋਚਾਂ 'ਚ ਵਹਿ ਤੁਰੀ, " ਐਵੇਂ ਕੋਸਦੇ ਆਂ ਤੈਨੂੰ ਐ ਜ਼ਿੰਦਗੀ ! ਜਦ ਮੈਂ ਤੈਨੂੰ ਨੇੜਿਓਂ ਤੱਕਿਆ ਤਾਂ ਨਪੀੜੀ ਗਈ, ਇੱਕ ਅਸਹਿ ਪੀੜ ਨਾਲ।" ਅੱਜ ਮੈਂ ਆਪਣੀ ਜ਼ਿੰਦਗੀ ਦਾ ਸ਼ੁਕਰਾਨਾ ਕੀਤਾ ਪਰ ਅਫ਼ਸੋਸ ਮੈਂ ਉਸ ਲਈ ਕੁਝ ਨਹੀਂ ਕਰ ਸਕੀ। ਮੇਰੀਆਂ ਅੱਖੀਆਂ 'ਚੋਂ  ਹੰਝੂ ਅਜੇ ਵੀ ਵਹਿ ਰਹੇ ਸਨ ਤੇ ਫੇਰ ਬੱਸ ਵਹਿੰਦੇ ਰਹੇ ! ਵਹਿੰਦੇ ਰਹੇ !

ਨਿਰਮਲ ਕੋਟਲਾ
ਪਿੰਡ ਕੋਟਲਾ - ਮੱਝੇਵਾਲ ਅੰਮ੍ਰਿਤਸਰ 
ਨੋਟ : ਇਹ ਪੋਸਟ ਹੁਣ ਤੱਕ 300 ਵਾਰ ਪੜ੍ਹੀ ਗਈ