ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

Showing posts with label ਬਾਜਵਾ ਸੁਖਵਿੰਦਰ. Show all posts
Showing posts with label ਬਾਜਵਾ ਸੁਖਵਿੰਦਰ. Show all posts

7 Feb 2017

ਸਫਰ

ਰਾਜਸਥਾਨ ਰਾਜਿਆਂ ਦੀ ਧਰਤੀ। ਇਸ ਧਰਤੀ ਲਈ ਮੇਰੇ ਦਿਲ ‘ਚ ਮੋਹ ਤੇ ਸਤਿਕਾਰ ਏ ਇਸ ਲਈ ਨਹੀਂ ਕਿ ਇਹ ਧਰਤ ਕਦੇ ਰਾਜਿਆਂ ਦਾ ਸਥਾਨ ਸੀ ਸਗੋਂ ਇਸ ਲਈ ਕਿ ਇੱਥੋਂ ਦੇ ਲੋਕ ਬਹੁਤ ਸਹਿਜ ਤੁਰਦੇ ਨੇ। ਜਿੰਦਗੀ ਜਿਵੇਂ ਮਟਕ ਮਟਕ ਤੁਰਦੀ ਹੋਵੇ ਇਹਨਾਂ ਨਾਲ । 
ਮੈਂ ਇਹਨਾਂ ਟਿੱਬਿਆਂ ਕਰੀਰਾਂ ਨੂੰ ਮਿਲ ਖੁਸ਼ੀ ਨਾਲ ਭਰ ਜਾਂਦਾ, ਵਿਸਮਾਦ ਨਾਲ ਭਰ ਜਾਂਦਾ । ਰੇਤੀਲੇ ਰਾਵਾਂ ‘ਤੇ ਉੱਗੇ ਵਣ, ਕਰੀਰ, ਝਾੜੀਆਂ ਜਿਵੇਂ ਜੀ ਆਇਆ ਨੂੰ ਆਖਦੇ ਹੋਣ। ਟਿੱਬਿਆਂ ਦੇ ਵਿਚਕਾਰ ਇੱਕ ਦੂਜੀਆਂ ਤੋਂ ਦੂਰ ਦੂਰ ਕੱਲਮ-ਕੱਲੀਆਂ ਢਾਣੀਆਂ (ਘਰਾਂ) ਨੂੰ ਵੇਖ ਹੈਰਾਨ ਹੁੰਦਾ ਆਪਣੇ ਆਪ ਨੂੰ ਆਖਦਾ,"ਕਿਹੋ ਜਿਹੇ ਲੋਕ ਨੇ,ਨਾ ਰੱਬ ਨਾਲ ਤੇ ਨਾ ਹੀ ਕੁਦਰਤ ਨਾਲ ਕੋਈ ਸ਼ਿਕਵਾ ।” 

ਸਰ੍ਹੋਂ ਦੇ ਖੇਤ ਸੱਜ ਸਵਰ ਗਏ ਨੇ।  'ਕੱਲੇ 'ਕੱਲੇ ਸਰ੍ਹੋਂ ਦੇ ਬੂਟੇ ਨੇ ਮੱਥੇ ਫੁੱਲ ਸਜਾ ਲਏ ਨੇ । ਰੇਤ ‘ਚ ਦੱਬੇ ਛੋਲਿਆਂ ਦੇ ਬੀਆਂ ਨੇ ਵੀ ਹਰੇ ਭਰੇ ਬੂਟਿਆਂ ਦਾ ਰੂਪ ਧਾਰ ਸਿਰ ‘ਤੇ ਫੁੱਲਾਂ ਦਾ ਤਾਜ ਸਜਾ ਲਿਆ। ਬੱਸ ਇੱਕ ਮੀਂਹ ਤੇ ਫੇਰ ਅਨੰਦ ਹੀ ਅਨੰਦ , ਸਿਖਰਲਾ ਅਨੰਦ । ਕਿਰਸਾਣ ਦੀ ਮਿਹਨਤ ਤੇ ਸਬਰ ਨੂੰ ਮੇਰਾ ਸਜਦਾ। 

ਆਪਣੇ ਘਰ ਸੁੱਖਾਂ ਦੀ ਕੁੱਲੀ ਵੱਲ ਵਾਪਸ ਪਰਤ ਰਿਹਾ ਰੇਲ ਗੱਡੀ ‘ਚ। ਪਰ ਅਜੇ ਵੀ ਰੇਤ ਦੇ ਟਿੱਬੇ, ਕਰੀਰ, ਝਾੜੀਆਂ ਜਿਵੇਂ ਮੇਰੇ ਨਾਲ ਨਾਲ ਤੁਰ ਰਹੇ ਹੋਣ। ਗੱਡੀ ਦੇ ਨਾਲ ਨਾਲ ਭੱਜ ਰਹੇ ਹੋਣ। ਰੇਲ ਗੱਡੀ ਤੋਂ ਬਾਹਰ ਵੇਖ ਮੈਂ ਤਾਂ ਇੰਝ ਹੀ ਮਹਿਸੂਸ ਕਰ ਰਿਹਾ ਸੀ । ਮੇਰੇ ਆਪਣੇ ਦਿਲੋਂ ਮੇਰੇ ਆਪਣੇ ਆਪ ਲਈ ਇਹੀ ਅਸੀਸ, ‘ ਪੈਰਾਂ ਨੂੰ ਨਵੇਂ ਨਵੇਂ ਸਫਰ ਮੁਬਾਰਕ ਹੋਣ।"

ਰੇਤ ਦੇ ਟਿੱਬੇ 
ਅੱਕ ਕਰੀਰ ਵਣ 
ਤੁਰਨ ਨਾਲ ! 

       
  ਬਾਜਵਾ ਸੁਖਵਿੰਦਰ
  ਪਿੰਡ- ਮਹਿਮਦ ਪੁਰ 
 ਪਟਿਆਲਾ 

ਨੋਟ : ਇਹ ਪੋਸਟ ਹੁਣ ਤੱਕ 155 ਵਾਰ ਪੜ੍ਹੀ ਗਈ ਹੈ।

8 Dec 2016

ਤਰੇਲ ਮੋਤੀ

 1.
 ਅਸਮਾਨ 'ਤੇ 
ਸੂਰਜ ਸੰਧੂਰੀ ਏ 
 ਚੰਨ ਲੁਕਿਆ। 


2. 
ਤਰੇਲ ਮੋਤੀ 
ਘਾਹ ਮੱਥੇ ਸੱਜਿਆ 
ਪੌਣ  ਚੁੰਮਿਆ। 

     
 ਬਾਜਵਾ ਸੁਖਵਿੰਦਰ
  ਪਿੰਡ- ਮਹਿਮਦ ਪੁਰ 
( ਪਟਿਆਲਾ )

ਨੋਟ : ਇਹ ਪੋਸਟ ਹੁਣ ਤੱਕ 27 ਵਾਰ ਪੜ੍ਹੀ ਗਈ ਹੈ।

4 Aug 2016

ਇਖਲਾਕੀ ਬੰਦਾ


ਬੀਤਦਾ ਸਿਆਲ ਮੱਠੀ ਮੱਠੀ ਠੰਡ ਦੇ ਦਿਨ । ਮੈਂ ਤੇ ਮੇਰਾ ਬੇਟਾ ਪਿੰਡ ਮਛਲੀ ਖੁਰਦ ਤੋਂ ਬੱਸ ਰਾਹੀਂ  ਆਪਣੇ ਪਿੰਡ ਵਾਪਸ ਆ ਰਹੇ ਸੀ । ਕੁਝ ਕਵੇਲੇ ਤੁਰੇ, ਕੁਝ ਬੱਸ ਕੰਡਕਟਰਾਂ  ਲੇਟ ਕਰਤਾ । ਕੋਈ ਵੀ ਕੰਡਕਟਰ ਸਾਡੇ ਪਿੰਡ ਬੱਸ ਰੋਕਣ ਲਈ ਤਿਆਰ ਨਾ ਹੁੰਦਾ । ਜੀ.ਟੀ ਰੋਡ ਸ਼ੰਭੂ ਪਿੰਡ ਦੇ ਆਲੇ ਦੁਆਲੇ ਹੋਰ ਵੀ ਕਈ ਪਿੰਡ ਵੱਸਦੇ ਹਨ । ਹੌਲੀ ਹੌਲੀ ਸੱਤ ਅੱਠ ਸਵਾਰੀਆਂ ਆ ਜੁੜੀਆਂ ਸ਼ੰਭੂ ਉੱਤਰਨ ਵਾਲੀਆਂ । ਬੱਸ ਰਾਜਪੁਰੇ ਬਾਈਪਾਸ 'ਤੇ ਆਣ ਰੁਕੀ, ਬੱਸ ਕੰਡਕਟਰ ਸ਼ੰਭੂ ਬੱਸ ਰੋਕਣ ਲਈ ਤਿਆਰ ਸੀ । ਮੈਂ ਤੇ ਅਮਿਤੋਜ ਵੀ ਉਹਨਾਂ ਸਵਾਰੀਆਂ ਨਾਲ ਬੱਸ 'ਚ ਸਵਾਰ ਹੋ ਗਏ । 

ਜਿੰਦਗੀ ਦੇ ਸਫਰ 'ਚ ਆਪਾ ਸਾਰੇ ਹੀ ਆਪਣਿਆਂ ਬਿਗਾਨਿਆਂ ਨਾਲ ਹੱਸਦੇ ਖੇਡਦੇ ਹਾਂ।  ਬਹੁਤੀ ਵਾਰ ਤਾਂ ਕਈ ਬੰਦੇ ਉਮਰ ਭਰ ਦੁਬਾਰਾ ਨਹੀਂ ਮਿਲਦੇ। ਕਿਸੇ ਸਫਰ 'ਚ ਸਾਡੇ ਹਮਸਫਰ ਹੁੰਦੇ ਹਨ ਤੇ ਆਪਣੇ ਪੜਾਅ 'ਤੇ ਪਹੁੰਚ ਸਾਡੇ ਕੋਲੋਂ ਸਦਾ ਲਈ ਵਿੱਛੜ ਜਾਂਦੇ ਹਨ । ਪਰ ਕੁਝ ਕੁ ਐਸੇ ਵੀ ਹੁੰਦੇ ਹਨ ਜੋ ਸਾਡੇ ਚੇਤਿਆਂ 'ਚ ਵੱਸਦੇ ਹਨ। ਮੇਰੀ ਸੋਚਾਂ ਦੀ ਲੜੀ ਟੁੱਟੀ ਤੇ ਅਸੀਂ ਸ਼ੰਭੂ ਉਤਰੇ ਤਾਂ ਚਾਰ ਚੁਫੇਰੇ ਨੇ ਹਨੇਰੇ ਦੀ ਬੁੱਕਲ ਮਾਰੀ ਹੋਈ ਸੀ । ਸ਼ੰਭੂ ਤੋਂ ਸਾਡੇ ਪਿੰਡ ਦੀ ਦੂਰੀ ਪੰਜ ਕਿਲੋਮੀਟਰ ਸੀ ਤੇ  ਉੱਤੋਂ ਸਿਆਲੀ ਸ਼ਾਮ ਦਾ ਸਿਖਰ । ਸਾਡਾ ਪਿੰਡ ਵੀ ਜੀ.ਟੀ ਰੋਡ ਤੇ ਹੀ ਆਉਂਦਾ ਪਰ 'ਕੱਲੀ ਸਵਾਰੀ 'ਕੱਲਾ ਬੰਦਾ 'ਕੱਲਾ ਹੀ ਹੁੰਦਾ ।

ਪੰਦਰਾਂ ਵੀਹ ਮਿੰਟ ਗੁਜਰ ਗਏ ਸੀ ਪਰ ਕੋਈ ਸਵਾਰੀ ਨਾ  ਮਿਲੀ।  ਮੈਂ ਬੇਵੱਸ ਹੋਇਆ ਸੜਕ ਕਿਨਾਰੇ ਖੜਿਆ ਰਿਹਾ । ਇੱਕ ਮੋਟਰ ਸਾਇਕਲ ਆਉਂਦਾ ਦੇਖਿਆ ਮੈਂ ਹੱਥ ਦਿੱਤਾ। ਮੋਟਰ ਸਾਇਕਲ ਰੁਕਿਆ ਨਾ । ਅੱਧਾ ਮਿੰਟ ਵੀ ਨਾ  ਲੰਘਿਆ ਉਹੀ ਮੋਟਰ ਸਾਇਕਲ ਵਾਪਸ ਆਣ ਸਾਡੇ ਕੋਲ ਰੁਕਿਆ ।

“ ਬਹਿਜੋ ”

ਅਸੀਂ ਦੋਵੇਂ ਚੁੱਪ ਚਾਪ ਮੋਟਰ ਸਾਇਕਲ 'ਤੇ ਬਹਿ ਗਏ ਤੇ ਕੁਝ ਕੁ ਮਿੰਟਾਂ 'ਚ ਪਿੰਡ ਪਹੁੰਚ ਗਏ ।

“ ਮਿਹਰਬਾਨੀ ਭਾਅ ਜੀ, ਤੁਸੀਂ ਕਿੱਥੇ ਜਾਣਾ ? ” ਮੈਂ ਪੁੱਛਿਆ ।

ਜਿਹੜਾ ਪਿੰਡ ਉਸ ਇਖਲਾਕੀ ਬੰਦੇ ਦੱਸਿਆ, ਉਹ ਪਿੰਡ ਤਾਂ ਦੋ ਕਿਲੋਮੀਟਰ ਪਿੱਛੇ ਰਹਿ ਗਿਆ ਸੀ ,ਜੀ.ਟੀ ਰੋਡ ਤੋਂ ਨਿਕਲਦੇ ਲਿੰਕ ਰੋਡ ਤੋਂ ਚਾਰ ਕਿਲੋ ਮੀਟਰ ਦੀ ਦੂਰੀ 'ਤੇ ਸੀ।

“ ਜਦੋਂ ਮੈਂ ਤੁਹਾਡੇ ਕੋਲੋਂ ਲੰਘਿਆ ਤਾਂ ਆ ਮੋਢੇ ਚੁੱਕੇ ਮੁੰਡੇ ਨੂੰ ਵੇਖਿਆ ਤਾਂ ਦਿਲ ਨਾ ਕੀਤਾ ਤੁਹਾਨੂੰ ਕੱਲਿਆ ਛੱਡ ਕੇ ਜਾਣ ਨੂੰ ।” ਇਹ ਆਖ ਉਹ ਇਖਲਾਕੀ ਬੰਦਾ ਤੁਰ ਗਿਆ । ਪਰ ਉਹ ਮੇਰੇ ਲਈ ਖਾਸ ਤੇ ਅਣਮੁੱਲਾ ਬਣ ਗਿਆ ਤੇ ਯਾਦਾਂ ਦੀ ਸੰਦੂਕੜੀ 'ਚ ਭਰਿਆ ਸਰਮਾਇਆ। 

ਨਵਾਂ ਸਫ਼ਰ -


ਜੀ ਟੀ ਰੋਡ ਤੋਂ ਪਿੰਡ 


ਦਿਲ ਤੋਂ ਦਿਲ। 



ਬਾਜਵਾ ਸੁਖਵਿੰਦਰ
ਨੋਟ : ਇਹ ਪੋਸਟ ਹੁਣ ਤੱਕ 90 ਵਾਰ ਪੜ੍ਹੀ ਗਈ


10 Mar 2016

ਧਰਤ

         ਖੇਤ ਪਹੁੰਚ ਕੇ ਮੈਂ ਦੂਰ ਤੱਕ ਨਿਗ੍ਹਾ ਘੁਮਾਈ। ਹੁਣ ਕਣਕ ਨਿੱਸਰ ਚੁੱਕੀ ਸੀ,ਭਰ ਜੋਬਨ 'ਤੇ ਸੀ। ਨਿੱਕਾ ਜਿਹਾ ਬੀਜ ਧਰਤੀ ਦੀ ਕੁੱਖ 'ਚੋਂ  ਸਿੱਲ੍ਹ ਲੈ ਅੰਗੂਰਦਾ ਹੈ, ਵਧਦਾ ਫੁੱਲਦਾ ਹੈ । ਨਿੱਕਾ ਜਿਹਾ ਬੀਜ ਆਪਣਾ ਜੀਵਨ ਜਿਉਂਦਾ ਕਿੰਨੇ ਪਲ ਹੰਢਾਉਂਦਾ । ਕਣਕ ਨੇ ਹਰੀ ਤੋਂ ਸੁਨਹਿਰੀ ਹੋਣਾ ਹੈ, ਕਣਕ ਦੇ ਸਿੱਟਿਆਂ 'ਚ ਸੋਨਾ ਭਰਨਾ ਹੈ ਕੁਦਰਤ ਨੇ। ਮੈਂ ਧਰਤੀ ਸ਼ਿੰਗਾਰਦਾ ਹਾਂ, ਫਸਲਾਂ ਨੂੰ ਧੀਆਂ ਪੁੱਤਰਾਂ  ਵਾਂਗ ਪਿਆਰਦਾ ਹਾਂ, ਰੁੱਤਾਂ ਮੌਸਮਾਂ ਨੂੰ ਬਜੁਰਗਾਂ ਵਾਂਗ ਸਤਿਕਾਰਦਾ ਹਾਂ, ਮੈਂ ਕਿਰਸਾਣ ਹਾਂ । ਮਨ 'ਚ ਇਹ ਖਿਆਲ ਆਉਂਦਿਆਂ ਹੀ ਹਿਕੜੀ 'ਚ ਦਿਲ ਦੇ ਵਿਹੜੇ ਖੁਸ਼ੀ ਨੱਚ ਉੱਠੀ ਸੀ। 
        ਕਿਸੇ ਨੇ ਠੀਕ ਕਿਹਾ ਹੈ ਕਿ ਘਰ, ਆਲ੍ਹਣੇ, ਰੈਣ ਬਸੇਰੇ ਨੂੰ ਹਰ ਕੋਈ ਲੋਚਦਾ । ਹਰ ਘਰ 'ਚ ਇੱਕ ਲਾਣੇਦਾਰ, ਹਰ ਝੁੰਡ 'ਚ ਇੱਕ ਮੋਹਰੀ ਹੁੰਦਾ । ਮਧੂਮੱਖੀਆ ਦੇ ਝੁੰਡ, ਸ਼ੇਰਾਂ ਦੇ ਝੁੰਡ । ਕਿਸੇ ਵੀ ਤਰਾਂ ਦਾ ਕੰਮ ਹੋਵੇ, ਹਰ ਸ਼ੈਅ ਕਿਸੇ ਨਾ ਕਿਸੇ ਦੇ ਕੰਟਰੋਲ 'ਚ ਹੈ । ਕੀ ਕੁਦਰਤ ਦੀ ਖੂਬਸੂਰਤੀ ਨਾਲ ਸ਼ਿੰਗਾਰਿਆ ਸਾਡਾ ਗ੍ਰਹਿ ਨੀਲਾ ਤਾਰਾ  ਵੀ ਕਿਸੇ ਅਸੀਮ ਸ਼ਕਤੀ ਦੇ ਵੱਸ 'ਚ ਹੈ ? ਇਹ ਸੁਆਲ ਮੈਨੂੰ ਸੋਚੀਂ ਪਾ ਗਿਆ। 
    ਮੇਰੇ ਖਿਆਲ ਮੈਨੂੰ ਮੇਰੇ ਨਾਨਕੇ ਪਿੰਡ ਲੈ ਗਏ। ਚੱਕ 14 ਪੀ ਪਤਰੋੜਾ, ਮੇਰੇ ਮਾਮਿਆਂ ਦਾ ਪਿੰਡ , ਸ਼੍ਰੀ ਗੰਗਾ ਨਗਰ,ਰਾਜਸਥਾਨ। ਇਹ ਪਿੰਡ ਮੇਰੇ ਦਿਲ ਵੱਸਦਾ ਧੜਕਦਾ । ਕੱਚੇ ਰਾਹ, ਰੇਤ ਦੇ ਟਿੱਬੇ, ਮਲ੍ਹੇ ਝਾੜੀਆਂ, ਸਰੋਂ ਦੇ ਫੁੱਲਾਂ ਸੰਗ ਭਰੇ ਖੇਤ, ਕਰੀਰ ਦੇ ਰੁੱਖ। ਇੱਥੇ ਕੁਦਰਤ ਦੀ ਬੁੱਕਲ ਦਾ ਨਿੱਘ ਮਿਲਦਾ, ਪਿਆਰ ਮਿਲਦਾ । ਕੁਦਰਤ ਐਵੇਂ ਪਿਆਰਦੀ ਲੱਗਦੀ ਏ ਜਿਵੇਂ  ਮਾਂ ਨਿੱਕੇ ਜਿਹੇ ਲਾਡਲੇ ਪੁੱਤ ਨੂੰ ਪਿਆਰਦੀ ਹੋਵੇ । 
             ਕਿਸ ਨੇ  ਸ਼ਿੰਗਾਰਿਆ ਹੋਣਾ ਇਸ ਧਰਤ ਨੂੰ ? ਤੂੰ ਅਸੀਮ ਹੈ, ਦੂਰ ਹੈ ਕਰੀਬ ਹੈ ਭੇਦ ਹੈ ਡੂੰਘਾ। 


ਜੋਬਨ ਰੁੱਤ -
ਫੁੱਲਾਂ ਸੰਗ ਭਰਿਆ 
ਸਰੋਂ ਦਾ ਖੇਤ। 

ਬਾਜਵਾ ਸੁਖਵਿੰਦਰ 

ਨੋਟ: ਇਹ ਪੋਸਟ ਹੁਣ ਤੱਕ 71 ਵਾਰ ਪੜ੍ਹੀ ਗਈ 

2 Feb 2016

ਜ਼ਿੰਦਾਬਾਦ ਜ਼ਿੰਦਗੀ

1.

ਫੁੱਲ ਤੇ ਸੂਲਾਂ
ਇੱਕੋ ਟਹਿਣੀ ਯਾਰੋ
ਜ਼ਿੰਦਾਬਾਦ ਜ਼ਿੰਦਗੀ
ਸੂਰਜ ਚੰਨ
ਰੁੱਤਾਂ ਆਉਣ ਜਾਣ
ਬਦਲਾਅ ਜ਼ਿੰਦਗੀ ।

2.

ਤ੍ਰੇਲ ਤੁਪਕੇ
ਮੋਤੀ ਪਲ ਦੋ ਪਲ
ਸਜੇ ਪੱਤਿਆਂ ਮੱਥੇ
ਸੁੱਖ ਨੇ ਮੋਤੀ
ਜ਼ਿੰਦਗੀ ਮੱਥੇ ਜੜੇ
ਤ੍ਰੇਲ ਤੁਪਕੇ ਜਿਹੇ । 

ਬਾਜਵਾ ਸੁਖਵਿੰਦਰ
ਪਿੰਡ :ਮਹਿਮਦਪੁਰ 
ਜ਼ਿਲ੍ਹਾ :ਪਟਿਆਲਾ 
ਨੋਟ: ਇਹ ਪੋਸਟ ਹੁਣ ਤੱਕ 44 ਵਾਰ ਪੜ੍ਹੀ ਗਈ

20 Jan 2016

ਅਸਚਰਜ (ਸੇਦੋਕਾ)

1.
ਕੀ ਕਿਹਾ ਹੋਣਾ 
ਹਵਾ ਨੇ ਪੱਤਿਆਂ ਨੂੰ 
ਝੂਮ ਉੱਠੇ ਨੇ ਪੱਤੇ 
ਆਲ੍ਹਣਾ ਮੇਰਾ 
ਰੁੱਖ ਦੀ ਹੈ ਸਿਖਰੇ 
ਪਰ ਚੋਗਾ ਮਿੱਟੀ 'ਤੇ। 
2.
ਤਾਕਤਵਰ
ਧਰਤ ਉੱਤੇ ਕੀੜੀ
ਅਸਮਾਨੀ ਪਰਿੰਦੇ
ਅਸਚਰਜ
ਕੀੜੀ ਬਲਵਾਨ ਹੈ
ਪਰਿੰਦੇ ਨਿਰਭੁਓ। 

ਬਾਜਵਾ ਸੁਖਵਿੰਦਰ
    ਪਿੰਡ- ਮਹਿਮਦਪੁਰ
    ਜਿਲ੍ਹਾ- ਪਟਿਆਲਾ




ਨੋਟ: ਇਹ ਪੋਸਟ ਹੁਣ ਤੱਕ 69 ਵਾਰ ਪੜ੍ਹੀ ਗਈ

14 Mar 2015

ਧੰਨ ਹੋ ਤੁਸੀਂ ਪੰਛੀਓ

ਅਸਮਾਨੀ ਚਮਕਦੇ ਤਾਰਿਆਂ ਸੰਗ ਰੁਸ਼ਨਾਉਂਦਾ ਮੇਰਾ ਪਿੰਡ,ਪਿੰਡ ਵਾਲਾ ਘਰ ਤੇ ਪਿੰਡ ਦੇ ਰੁੱਖ। ਇੱਕ ਰਾਤ ਤਾਰਿਆਂ ਦੀ ਛਾਵੇਂ ਬੈਠਾ ਮੈਂ ਆਪਣੀ ਮਹਿਬੂਬਾ ਤੋਂ ਵੀ ਪਿਆਰੇ ਜਾਪਦੇ ਪਿੰਡ ਨੂੰ ਤੱਕਦਾ ਖਿਆਲਾਂ 'ਚ ਗੁਆਚ ਗਿਆ ਸਾਂ......" ਮੈਨੂੰ ਪਿਆਰ ਏ ਆਪਣੇ ਘਰ ਨਾਲ, ਆਪਣੇ ਪਿੰਡ ਨਾਲ ਤੇ ਮੇਰੇ ਆਪਣੇ ਪਿੰਡ ‘ਚ ਵੱਸਦੇ ਰੁੱਖਾਂ ਨਾਲ|ਜਿਵੇਂ ਕਾਦਰ ਨੂੰ ਮੇਰੇ ਤੋਂ ਵੀ ਵੱਧ ਪਿਆਰ ਹੋਵੇ ਮੇਰੇ ਪਿੰਡ ਨਾਲ | ਮੈਂ ਜਦੋਂ ਵੀ ਸਫਰ 'ਤੇ ਹੁੰਦਾ ਤਾਂ ਬੜਾ ਯਾਦ ਆਉਂਦਾ ਮੈਨੂੰ ਆਪਣਾ ਘਰ, ਪਿੰਡ ਤੇ ਪਿੰਡ ‘ਚ ਵੱਸਦੇ ਰੁੱਖ |ਇਹਨਾਂ ਨੂੰ ਮੈਂ ਆਪਣੇ ਸੁਪਨਿਆਂ ‘ਚ ਹਰਦਮ ਆਪਣੇ ਸੰਗ ਰੱਖਦਾ | ਮੇਰਾ ਘਰ ਸਾਂਭੀ ਬੈਠਾ ਮੇਰੇ ਵਾਂਗੂੰ ਯਾਦਾਂ, ਖੁਸ਼ੀ-ਗਮੀ ਮੇਰੇ ਸੰਗ ਮਨਾਉਂਦਾ |ਕਿੰਨਾ ਕੁਝ ਸਮਾਈ ਬੈਠਾ ਆਪਣੇ ਦਿਲ ‘ਚ, ਮੇਰੇ ਵਾਂਗੂੰ ਜਜ਼ਬਾਤੀ ਮੇਰਾ ਘਰ। ਇਹਨਾਂ ਰੁੱਖਾਂ ਸੰਗ ਇੰਝ ਲੱਗਦਾ ਜਿਵੇਂ ਮੇਰੀ ਜਨਮ-ਜਨਮ ਦੀ ਸਾਂਝ ਹੋਵੇ, ਮੇਰੇ ਹਮਰਾਜ਼ ਏ ਰੁੱਖ |ਰੁੱਖਾਂ ਸੰਗ ਮੇਰੀ ਰੂਹ ਦੀ ਸਾਂਝ।"
.........ਤੇ ਫੇਰ ਇੰਝ ਲੱਗਾ ਜਿਵੇਂ ਕਿਸੇ ਨੇ ਮੇਰੇ ਮੋਢੇ 'ਤੇ ਹੱਥ ਰੱਖ ਮੈਨੂੰ ਹਲੂਣਿਆ ਹੋਵੇ, "ਬਾਪੂ ਜੀ ਤੁਸੀਂ.......?"
" ਆਹੋ ਪੁੱਤਰਾ ਜਿਸ ਰੂਹ ਦੀ ਸਾਂਝ ਦੀਆਂ ਤੂੰ ਗੱਲਾਂ ਕਰਦੈਂ ...........ਏਹੋ ਸਾਂਝ ਏ ਮੇਰੀ ਓਸ ਘਰ ਨਾਲ ਜੋ ਸੰਨ ਸੰਤਾਲੀ ਤੋਂ ਬਾਦ ਮੇਰੇ ਤੋਂ  ਵਿੱਛੜ ਚੁੱਕਾ ... ਪਿੰਡ ਪਚਾਸੀ ਚੱਕ (ਸਰਗੋਧਾ,ਪਾਕਿਸਤਾਨ)......ਮੈਂ ਬੱਸ ਆਹ ਦਿਨ ਵੇਲੇ ਹੀ ਤੁਹਾਡੇ ਕੋਲ ਹੁੰਦਾ,ਰਾਤ ਵੇਲੇ ਤਾਂ ਆਪਣੇ ਪਿਛਲੇ ਪਿੰਡ ਦੀ ਹੀ ਪਰਿਕਰਮਾ ਕਰਦਾ ਰਹਿਨਾ... ਖ਼ਾਬਾਂ ਦੇ ਘੋੜੇ ਤੇ ਚੜ੍ਹ, ਜਿੱਥੇ ਜੰਮੇ ਪਲੇ..... ਜਿਸ ਦੀ ਮਿੱਟੀ ‘ਚ ਪਹਿਲਾ ਆਸਣ ਲਾਇਆ |ਜਿਉਂ-ਜਿਉਂ ਪਹੁ ਫੁੱਟਣ ਦਾ ਖਿਆਲ ਆਉਂਦਾ..... ਮੈਂ ਖ਼ਾਬਾਂ ਦੇ ਘੋੜੇ ਨੂੰ ਅੱਡੀ ਲਾਉਂਦਾ ਕਿ ਪਹੁ ਫੁੱਟਣ ਤੋਂ ਪਹਿਲਾਂ-ਪਹਿਲਾਂ ਜਾ ਮਿਲਾਂ ਉਹਨਾਂ ਰੁੱਖਾਂ ਨੂੰ ਤੇ ਆਪਣੇ ਭਰਾਵਾ ਜਿਹੇ ਹਮਸਾਇਆ ਨੂੰ ਤੇ ਨਿੱਘੀ ਜਿਹੀ ਗਲਵੱਕੜੀ ਪਾਵਾਂ ਤੇ ਆਖਾਂ ਕਿ ਮੈਂ ਉਦਾਸ ਹਾਂ।" 
          ਮੈਂ ਬਾਪੂ ਜੀ ਦਾ ਹੱਥ ਫੜ ਉਹਨਾਂ ਨੂੰ ਦਿਲਾਸਾ ਦੇਣਾ ਚਾਹਿਆ ....ਪਰ ਓਥੇ ਕੋਈ ਨਹੀਂ ਸੀ। ਚੱਕ ਪਚਾਸੀ ਨੂੰ ਇੱਕ ਵਾਰ ਫਿਰ ਦੇਖਣ ਦੀ ਆਸ ਮਨ ‘ਚ ਲੈ-ਕੇ ਇਸ ਫਾਨੀ ਸੰਸਾਰ ਨੂੰ ਓਹ ਤਾਂ ਕਦੋਂ ਦੇ ਅਲਵਿਦਾ ਕਹਿ ਗਏ ਸਨ | ਕਿੰਨਾ ਔਖਾ ਤੇ ਦੁੱਖਦਾਈ ਹੋਵੇਗਾ , ਸੰਗੀਆਂ-ਸਾਥੀਆਂ ਹਮਸਾਇਆ ਸੰਗ ਤੋੜ ਵਿਛੋੜਾ | ਕਿੰਨਾ ਔਖਾ ਤੇ ਦੁੱਖਦਾਈ ਸੀ, ਮਹਿਬੂਬ ਜਿਹੇ ਪਿਆਰੇ ਪਿੰਡ ਨੂੰ ਅਲਵਿਦਾ ਕਹਿਣਾ |ਮੈਨੂੰ ਕਈ ਦਿਨ ਤਾਪ ਚੜ੍ਹਿਆ ਰਿਹਾ | ਉਹਨਾਂ ਦੇ ਤੁਰ ਜਾਣ ਦਾ ਦੁੱਖ ਸੀ, ਜਾਂ ਦੁੱਖ ਸੀ ਉਹਨਾਂ ਦੀਆਂ ਯੱਖ ਹੋਈਆਂ ਅੱਖੀਆਂ ਵਿੱਚ ਤਰਦੇ ਕੁਝ ਖ਼ਾਬਾਂ ਦਾ ਜੋ ਉਸ ਦਿਨ ਕੰਡਿਆਲੀ ਤਾਰ ਦੇ ਖੁਸ਼ਕ ਸਾਗਰ ਦੀ ਭੇਟ ਚੜ੍ਹ ਗਏ ਸਨ | ਕੁਝ ਸਵਾਲ ਨੇ ਜੋ ਮੇਰੀ ਰੂਹ ਨੂੰ ਬੇਚੈਨ ਕਰਦੇ ਨੇ ਤੇ ਤੜਫ ਉੱਠਦੀ ਏ ਮੇਰੀ ਰੂਹ ….| ਕੰਡਿਆਲੀ ਤਾਰ ਦਾ ਪਹਿਰਾ ਹੋਣ ਦੇ ਬਾਵਜੂਦ ਵੀ ਕਿਉਂ ਪਾਣੀਆਂ ਆਪਣੀ ਦਿਸ਼ਾ ਨਹੀਂ ਬਦਲੀ ? ਪੰਛੀਆਂ ਨੂੰ ਕੰਡਿਆਲੀ ਤਾਰ ਦਾ ਚਿੱਤ -ਚੇਤਾ ਜਾਂ ਭੈਅ ਕਿਉਂ ਨਹੀਂ ਆਉਂਦਾ ? ਮੈਂ ਵੀ ਇੱਕ ਨਿਡਰ ਪੰਛੀ ਬਣਨਾ ਲੋਚਦਾ ਤੇ ਹੱਦਾਂ ਸਰਹੱਦਾਂ ਤੋਂ ਪਾਰ ਆਪਣੇ ਬਜੁਰਗਾਂ ਦੇ ਪਿੰਡ ਨੂੰ, ਪਿੰਡ ‘ਚ ਵੱਸਦੇ ਰੁੱਖਾਂ ਨੂੰ ਤੇ ਮਾਖਿਓ ਮਿੱਠੀ ਪੰਜਾਬੀ ਬੋਲੀ ਬੋਲਦੇ ਹਮਸਾਇਆ ਨੂੰ ਜਾ ਦੱਸਾਂ......ਕਿ ਮੇਰੇ ਬਾਪੂ ਜੀ ਤੁਹਾਨੂੰ ਆਖਰੀ ਸਾਹ ਤੱਕ ਨਹੀਂ ਭੁੱਲੇ | ਅੰਬਰੀ ਉੱਡਦੇ ਪੰਛੀਆਂ ਨੂੰ ਤੱਕਦਾ ਤਾਂ ਰੂਹ ਨਸ਼ਿਆ ਉੱਠਦੀ ਏ ਤੇ ਜ਼ੁਬਾਨ 'ਤੇ ਇਹੀ ਲਫ਼ਜ਼ ਨੱਚ ਉੱਠਦੇ ਨੇ, ਧੰਨ ਹੋ ਤੁਸੀਂ ਪੰਛੀਓ,ਧੰਨ ਹੋ ਤੁਸੀਂ ………. ।

ਰੰਗਲੇ ਪੰਛੀ
ਉੱਡਣ ਅਸਮਾਨੀ
ਹੱਦ ਨਾ ਬੰਨੇ।


ਬਾਜਵਾ ਸੁਖਵਿੰਦਰ
ਪਿੰਡ- ਮਹਿਮਦ ਪੁਰ
ਜ਼ਿਲ੍ਹਾ- ਪਟਿਆਲਾ


ਨੋਟ : ਇਹ ਪੋਸਟ ਹੁਣ ਤੱਕ 11 ਵਾਰ ਪੜ੍ਹੀ ਗਈ। 

10 Jul 2014

ਪਿੰਡ ਜਾਗਿਆ

1.
ਬੁੱਢਾ  ਬੋਹੜ
ਜੜ੍ਹ ਪਤਾਲ ਲੱਗੀ
ਬੱਚੇ ਝੂਟਣ ।



2.
ਸਰਘੀ ਵੇਲਾ 
ਚਿੜੀਆਂ ਚਹਿਕਣ
ਪਿੰਡ ਜਾਗਿਆ । 



ਬਾਜਵਾ ਸੁਖਵਿੰਦਰ
ਪਿੰਡ- ਮਹਿਮਦ ਪੁਰ
ਜ਼ਿਲ੍ਹਾ- ਪਟਿਆਲਾ

20 Jun 2014

ਰੈਣ-ਬਸੇਰਾ

1.
ਚੇਤ ਮਹੀਨਾ 
ਪੱਤੇ ਨਵੇਂ ਨਕੋਰ
ਰੁੱਖ ਝੂੰਮਣ। 



2.
ਪੱਤਰ ਝੜੇ
ਪੰਛੀ ਨੇ ਛੱਡ ਚੱਲੇ
ਰੈਣ-ਬਸੇਰਾ। 



ਬਾਜਵਾ ਸੁਖਵਿੰਦਰ
ਪਿੰਡ- ਮਹਿਮਦ ਪੁਰ
ਜ਼ਿਲ੍ਹਾ- ਪਟਿਆਲਾ਼



                       
                            

12 Jun 2014

ਝੂੰਮਣ ਰੁੱਖ (ਸੇਦੋਕਾ)

1.
ਚਾਨਣੀ ਰਾਤ
ਚੰਨਾ ਤੇਰੀ ਚਾਨਣੀ
ਡੁੱਲ੍ਹ ਗਈ ਰੁੱਖਾਂ 'ਤੇ
ਮਨ - ਮੋਹਣੀ
ਰੁੱਖਾਂ ਦੀਆਂ ਕਤਾਰਾਂ
ਚੰਨ ਸੰਗ ਨੱਚਣ ।

2.
ਝੂੰਮਣ ਰੁੱਖ
ਵਗਦੀ 'ਵਾ ਸੰਗੀਤ
ਨੱਚਦਾ ਪੱਤਾ-ਪੱਤਾ
ਹੇ ਕੁਦਰਤ
ਰੁੱਖ ਜਦੋਂ ਬੋਲਦੇ
ਕਿੰਨੇ ਭੇਦ ਖੋਲਦੇ ।

                            
 ਬਾਜਵਾ ਸੁਖਵਿੰਦਰ
 ਪਿੰਡ- ਮਹਿਮਦ ਪੁਰ
 ਜਿਲ੍ਹਾ- ਪਟਿਆਲਾ
                            
ਨੋਟ: ਇਹ ਪੋਸਟ ਹੁਣ ਤੱਕ 47 ਵਾਰ ਖੋਲ੍ਹ ਕੇ ਵੇਖੀ ਗਈ। 


5 Jun 2014

ਮੈਂ ਤੇ ਉਹ (ਹਾਇਬਨ)

ਮੈਂ ਤੇ ਉਹ ਅਸੀਂ ਇੱਕ ਦੂਜੇ 'ਚ ਇਸ ਤਰਾਂ ਸਮਾਏ ਜਿਵੇਂ ਸ਼ਾਂਤ ਝੀਲ ਤੇ ਵਰਦੀ ਬੱਦਲੀ ਦੀ ਹਰ ਇੱਕ ਪਾਕ-ਪਵਿੱਤਰ ਕਣੀ ਝੀਲ ਦੇ ਪਾਣੀ 'ਚ ...ਸਾਡਾ ਵਜੂਦ ਇੱਕ ਹੋ ਗਿਆ । ਉਹ ਜਦੋਂ ਵੀ ਬਲੀ..... ਮੇਰੇ ਲਈ .....ਮੈਂ ਮੋਮ ਹੋਇਆ । ਵਿਯੋਗ ਦੇ ਪਲਾਂ 'ਚ ਅੱਖੀਓ ਡੁੱਲ੍ਹਿਆ ਪਾਕ ਹੰਝੂ ਨੈਣਾਂ ਦੀ ਰੜਕ, ਦਿਲ ਦੀ ਤੜਫ ਹੈ ਉਹ।
ਕਮਲੀ ਕਿਹੇ, " ਮੈਂ ਸਾਂ ਕਣੀ ਤੇਰੇ 'ਚ ਸਮਾ ਸਾਗਰ ਹੋਈ ।" ਪਰ ਮੈਂ ਜਾਣਦਾ ਤੇਰੇ ਸਦਕਾ ਵਜੂਦ ਮੇਰਾ...।
ਮੇਰੇ ਮਨ ਮੰਦਰ ਚ' ਸਮਾਧੀ ਲਾਈ ਬੈਠੀ,ਮੇਰੀ ਅਰਾਧਨਾ ਕਰਦੀ ਸਾਵਲ ਰੰਗੀਏ ਬੱਦਲੀਏ ਤੂੰ ਨਹੀਂ ਜਾਣਦੀ ਕਿ ਤੂੰ ਹੀ ਤਾਂ ਮੇਰਾ ਰੱਬ ਹੈ । 

ਦੀਵੇ ਦੀ ਲੋਅ 
ਇੱਕ-ਮਿੱਕ ਗਏ ਹੋ 
ਪਰਛਾਵੇ ਦੋ। 


(ਆਪਣੀ ਜੀਵਨ ਸਾਥਣ ਰੁਪਿੰਦਰ ਕੌਰ ਲਈ ਹਾਇਬਨ ਗੁਲਦਸਤਾ.... )


ਬਾਜਵਾ ਸੁਖਵਿੰਦਰ
ਪਿੰਡ- ਮਹਿਮਦ ਪੁਰ
 ਜਿਲ੍ਹਾ- ਪਟਿਆਲਾ


ਨੋਟ : ਹੁਣ ਤੱਕ ਇਹ ਪੋਸਟ 53 ਵਾਰ ਵੇਖੀ ਗਈ। 

28 May 2014

ਪੂਰਨਮਾਸ਼ੀ

1.
ਸੱਜਿਆ ਚੰਨ
ਮੱਥੇ ਜੜ ਸਿਤਾਰੇ

ਪੂਰਨਮਾਸ਼ੀ। 

2.

ਰਾਤ ਮੱਸਿਆ
ਕੋਠੇ ਚੜ੍ਹਿਆ ਚੰਨ
ਮਨਮੋਹਣਾ । 

                           
ਬਾਜਵਾ ਸੁਖਵਿੰਦਰ
ਪਿੰਡ- ਮਹਿਮਦ ਪੁਰ

ਜਿਲ੍ਹਾ- ਪਟਿਆਲਾ

ਨੋਟ: ਇਹ ਪੋਸਟ ਹੁਣ ਤੱਕ 18 ਵਾਰ ਵੇਖੀ ਗਈ। 

15 May 2014

ਜ਼ਿੰਦਗੀ ਤੇ ਮੌਤ

1.
ਜ਼ਿੰਦਗੀਨਾਮਾ 
ਪਾਣੀ ਦਾ ਬੁੱਲਬਲਾ
ਜਾਂ ਫਿਰ ਵਾਵਰੋਲਾ 
ਬੁੱਲਬੁਲਿਆ
ਪਾਣੀ 'ਚੋਂ ਉਪਜਿਆ 
ਪਾਣੀ 'ਚ ਸਮਾਇਆ । 

2.
ਅੱਜ ਤੀਕ ਨਾ
ਹੋਂਦ ਅਣਹੋਂਦ ਦਾ
ਕਿਸੇ ਭੇਦ ਪਾਇਆ
ਬੱਦਲ ਵਰ੍ਹੇ
ਦਰਿਆਵਾਂ ਉੱਤੇ ਜੋ
ਓਹੀ ਮਿਲੇ ਸਾਗਰਾਂ । 

ਬਾਜਵਾ ਸੁਖਵਿੰਦਰ
(ਪਟਿਆਲ਼ਾ)

ਨੋਟ: ਇਹ ਪੋਸਟ ਹੁਣ ਤੱਕ 48 ਵੇਖੀ ਗਈ। 

30 Apr 2014

ਘੱਗਰ ਕੰਢੇ

ਘੱਗਰ ਇੱਕ ਬਰਸਾਤੀ ਦਰਿਆ ਹੈ, ਜੋ ਸਿਰਫ ਬਰਸਾਤੀ ਮੌਸਮ ਵਿੱਚ ਹੀ ਵਗਦਾ ਹੈ। ਧਰਤੀ ਹੇਠ ਪਾਣੀ ਬਹੁਤ
ਡੂੰਘਾ ਹੋਣ ਕਰਕੇ ਸਾਡੇ ਤੇ ਆਲੇ ਦੁਆਲੇ ਦੇ ਪਿੰਡਾਂ ਦੇ ਕਿਸਾਨਾਂ ਦੀ ਇੱਕੋ ਇੱਕ ਉਮੀਦ ਇਹ ਘੱਗਰ ਦਰਿਆ ਹੀ ਹੈ ।

1.
ਘੱਗਰ ਕੰਢੇ 
ਕਰਨ ਤਪੱਸਿਆ 
ਖੇਤਾਂ ਦੇ ਸਾਧ । 

2.
ਰੁਮਕਦੀ 'ਵਾ
ਸੰਗੀਤਮਈ ਸ਼ਾਮ 
ਨੱਚਣ ਪੱਤੇ । 


ਬਾਜਵਾ ਸੁਖਵਿੰਦਰ
 ਪਿੰਡ- ਮਹਿਮਦ ਪੁਰ
 ਜਿਲ੍ਹਾ- ਪਟਿਆਲਾ      

       
ਨੋਟ: ਇਹ ਪੋਸਟ ਹੁਣ ਤੱਕ 13 ਵਾਰ ਖੋਲ੍ਹੀ ਗਈ
    

30 Mar 2014

ਚੰਨ ਰੁੱਸਿਆ

ਕਦੇ-ਕਦੇ ਚੁੱਪ ਦੀ ਅਵਾਜ਼ ਸੁਣਨਾ ਵੀ ਚੰਗਾ ਲੱਗਦਾ ਹੈ।  ਪਰ ਜਦੋਂ ਇੱਕ ਲੰਮੀ ਚੁੱਪ ਟੁੱਟਦੀ ਹੈ ਤਾਂ ਹੋਰ ਵੀ ਚੰਗਾ ਲੱਗਦਾ ਹੈ। ਜਦੋਂ ਦਿਲ ਕੋਲ਼ ਕਲਮ ਹੋਵੇ ਤੇ ਕੋਈ ਅੰਦਰ ਲਾਟ ਜਗਾਈ ਬੈਠਾ ਹੋਵੇ ਤਾਂ ਭਲਾ ਚੁੱਪ ਕਿਵੇਂ ਰਿਹਾ ਜਾ ਸਕਦਾ ਹੈ। ਇਸ ਚੁੱਪੀ ਨੇ ਤਾਂ ਕਦੇ ਟੁੱਟਣਾ ਹੀ ਟੁੱਟਣਾ ਹੁੰਦਾ ਹੈ। ਕੁਝ ਅਜਿਹੀ ਹੀ ਚੁੱਪੀ ਅੱਜ ਹਾਇਕੁ-ਲੋਕ ਵਿਹੜੇ ਟੁੱਟੀ ਹੈ।  
1.
ਬੁੱਝਿਆ ਦੀਵਾ
ਪਰਛਾਵਾਂ ਗੁੰਮਿਆ
ਨੈਣੀਂ ਅੱਥਰੂ। 

2.
ਕਾਲੀਆਂ ਰਾਤਾਂ
ਪਰਛਾਂਵੇ ਖਾਣੀਅਾਂ
ਚੰਨ ਰੁੱਸਿਆ । 

3.
ਬਸੰਤ ਰੁੱਤੇ
ਪੀਲੇ-ਪੀਲੇ ਰੰਗ ਵੇ
ਕੋਸੀ-ਕੋਸੀ 'ਵਾ । 


                            
ਬਾਜਵਾ ਸੁਖਵਿੰਦਰ

ਪਿੰਡ- ਮਹਿਮਦ ਪੁਰ


      ਨੋਟ: ਇਹ ਪੋਸਟ ਹੁਣ ਤੱਕ 49 ਵਾਰ ਖੋਲ੍ਹੀ ਗਈ                       

25 Mar 2013

ਪੁਰਾਣਾ ਘਰ

ਪੁਰਾਣਾ ਘਰ ਜਿੱਥੇ ਸਾਡੀ ਰੂਹ ਵੱਸਦੀ ਹੋਵੇ ਚੇਤਿਆਂ 'ਚ ਸਦਾ ਸਾਡੇ ਅੰਗ-ਸੰਗ ਰਹਿੰਦਾ ਹੈ ਅਸੀਂ ਚਾਹੇ ਦੁਨੀਆਂ ਦੇ ਕਿਸੇ ਕੋਨੇ 'ਚ ਵੀ ਚਲੇ ਜਾਈਏ ! 

ਆਇਆ ਯਾਦ
ਚੇਤਿਆਂ 'ਚ ਵੱਸਦਾ
ਪੁਰਾਣਾ ਘਰ..............ਬਾਜਵਾ

ਪੁਰਾਣਾ ਘਰ
ਬੈਠਕ 'ਚ ਅੰਗੀਠੀ
ਬਾਬੇ ਦੀ ਫੋਟੋ ............ਸੰਧੂ 

ਪੁਸ਼ਤੀ ਘਰ
ਡਿਓੜ੍ਹੀ ਬੈਠਾ ਬਾਪੂ
ਮੰਜੇ 'ਤੇ ਖੂੰਡਾ ............ਥਿੰਦ

ਵਿਹੜੇ ਵਿੱਚ
ਇੱਕ ਰੁੱਖ ਸੁੱਕਿਆ
ਉਡੀਕਾਂ ਖਾਧਾ...........ਦਿਲਜੋਧ ਸਿੰਘ

ਬਾਜਵਾ ਸੁਖਵਿੰਦਰ- ਪਟਿਆਲ਼ਾ
ਡਾ. ਹਰਦੀਪ ਸੰਧੂ- ਬਰਨਾਲ਼ਾ 
ਜੋਗਿੰਦਰ ਸਿੰਘ 'ਥਿੰਦ'-ਅੰਮ੍ਰਿਤਸਰ
ਦਿਲਜੋਧ ਸਿੰਧ- ਨਵੀਂ ਦਿੱਲੀ 

3 Mar 2013

ਸਾਗਰ ਤੇ ਅੰਬਰ- ਜੁਗਲਬੰਦੀ


ਕਈ ਵਾਰ ਰੁਝੇਵੇਂ ਐਨੇ ਵੱਧ ਜਾਂਦੇ ਹਨ ਕਿ ਸਾਡੇ ਕੋਲ਼ ਆਪਣੇ-ਆਪ ਲਈ ਵਕਤ ਨਹੀਂ ਹੁੰਦਾ। ਇਹ ਗੱਲ ਤਾਂ ਸਾਫ਼ ਹੈ ਕਿ ਇੱਕ ਲਿਖਾਰੀ ਕੋਲ਼ ਜਦੋਂ ਆਪਣੇ -ਆਪ ਲਈ ਸਮਾਂ ਹੋਵੇਗਾ ਤਾਂ ਓਹ ਕੁਝ ਨਾ ਕੁਝ ਲਿਖੇਗਾ ਜ਼ਰੂਰ । ਸ਼ਾਇਦ ਏਹੋ ਕਾਰਨ ਹੋਵੇ ਇਸ ਕਲਮ ਦੀ ਲੰਬੀ ਚੁੱਪੀ ਦਾ, ਜਿਸ ਨੇ ਅੱਜ ਫਿਰ ਹਾਜ਼ਰੀ ਲੁਆਈ ਹੈ। ਜਦੋਂ-ਜਦੋਂ ਕੋਈ ਆਪਣੀ ਚੁੱਪੀ ਤੋੜਦਾ ਹੈ ਤਾਂ ਮੇਰੀ ਕਲਮ ਖੁਦ-ਬ-ਖੁਦ ਓਸ ਦਾ ਹੁੰਗਾਰਾ ਭਰਨ ਲਈ ਨਾਲ਼ ਹੋ ਤੁਰਦੀ ਹੈ; ਜੋ ਅੰਤਿਮ ਰੂਪ 'ਚ ਜੁਗਲਬੰਦੀ ਹੋ ਨਿਬੜਦੀ ਹੈ। ਲਓ ਪੇਸ਼ ਹੈ ਇੱਕ ਝਲਕ........


1.
ਕਦੇ ਸਾਗਰ 
ਕਦੇ ਅੰਬਰ ਹੋਈ
ਇੱਕ ਕਿਤਾਬ......... ਸ. ਬਾਜਵਾ

ਪੜ੍ਹੇ ਕਿਤਾਬ
ਸਾਗਰ ਤੇ ਅੰਬਰ
ਲੰਘਦਾ ਪਾਰ...........ਹ. ਸੰਧੂ

2.
ਕਿੰਨੇ ਕੁ ਡੂੰਘੇ
ਦਿਲ ਅਤੇ ਦਰਿਆ 
ਡੁੱਬ ਤਾਂ ਜਾਣਾ........ਸ. ਬਾਜਵਾ

ਦਿਲ ਧੜਕੇ
ਕਲ-ਕਲ ਦਰਿਆ
ਵਹਿੰਦਾ ਜਾਵਾਂ ........ਹ. ਸੰਧੂ 


ਬਾਜਵਾ ਸੁਖਵਿੰਦਰ
ਮਹਿਮਦ ਪੁਰ( ਪਟਿਆਲਾ)
ਡਾ. ਹਰਦੀਪ ਕੌਰ ਸੰਧੂ
ਸਿਡਨੀ-ਬਰਨਾਲ਼ਾ

ਨੋਟ: ਇਹ ਪੋਸਟ ਹੁਣ ਤੱਕ 25 ਵਾਰ ਖੋਲ੍ਹ ਕੇ ਪੜ੍ਹੀ ਗਈ ।

13 Dec 2012

ਉਡੀਕ



1.
ਪਰਦੇਸੀਆ
ਅੰਬਰੀ ਕਿੰਨੇ ਤਾਰੇ
ਗਿਣੇ ਨੇ ਕਦੇ ?

2.
ਨਿੱਤ ਉਡਾਵਾਂ
ਬਨ੍ਹੇਰੇ ਬੈਠਾ ਕਾਗ
ਬੁੱਲ੍ਹੀਂ ਤੇਰਾ ਨਾਂ

3.
ਔਸੀਆ ਪਾਵਾਂ
ਭੁਰ-ਭੁਰ ਜਾਵਣ
ਕੱਲਰੀ ਕੰਧਾਂ

ਬਾਜਵਾ ਸੁਖਵਿੰਦਰ
( ਮਹਿਮਦ ਪੁਰ- ਪਟਿਆਲਾ) 

17 Sept 2012

ਪ੍ਰੀਤਾਂ ਦੇ ਵਣਜਾਰੇ


ਸੱਸੀ-ਪੁਨੂੰ

ਰੇਗਿਸਤਾਨ
ਸੱਸੀ ਲੱਭੇ ਪੁੰਨਣ
ਡਾਚੀ ਦੀ ਪੈੜ

ਹੀਰ-ਰਾਂਝਾ

ਟੁੱਟੇ ਦੋ ਤਾਰੇ
ਰੂਹ ਨੂੰ ਮਿਲੀ ਰੂਹ
ਹੀਰ ਰਾਂਝੇ ਦੀ

ਸੋਹਣੀ-ਮਹੀਵਾਲ

ਵਗ਼ੇ ਝਨਾਅ
ਕੱਚੇ ਘੜੇ ਤਰਦੀ
ਪ੍ਰੀਤ ਪੱਕੇਰੀ 

ਮਿਰਜ਼ਾ-ਸਹਿਬਾਂ

ਜੰਡ ਦਾ ਰੁੱਖ
ਅੱਣਖ-ਮੁੱਹਬਤ
ਇਮਤਿਹਾਨ



ਬਾਜਵਾ ਸੁਖਵਿੰਦਰ
ਪਿੰਡ-ਮਹਿਮਦ ਪੁਰ
ਪਟਿਆਲਾ - ਪੰਜਾਬ

7 Sept 2012

ਚੂੜੀ ਦਾ ਟੋਟਾ


1. ਮਜ਼ਬੂਰੀ \ ਬੇਵਸੀ

ਉਮਰ ਅੱਗ
ਠੰਡੇ ਸੀਵੇ ਸੇਕਦੀ
ਭੈਣਾਂ ਖਾਤਰ 

2. ਮਹਿਬੂਬ \ ਕੁਦਰਤ

ਰਾਤ ਮੱਸਿਆ
ਕੋਠੇ ਚੜ੍ਹਿਆ ਚੰਨ
ਅਜ਼ਬ ਦ੍ਰਿਸ਼

3. ਉਡੀਕ \ ਵਿਸ਼ਵਾਸ

 ਚੂੜੀ ਦਾ ਟੋਟਾ
ਭੰਨ ਵੇਖੇ ਪਿਆਰ
ਪ੍ਰਦੇਸੀ ਮਾਹੀ

ਬਾਜਵਾ ਸੁਖਵਿੰਦਰ 
ਪਿੰਡ - ਮਹਿਮਦ ਪੁਰ
ਜ਼ਿਲ੍ਹਾ- ਪਟਿਆਲ਼ਾ