ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

Showing posts with label ਵਰ੍ਹੇਗੰਢ. Show all posts
Showing posts with label ਵਰ੍ਹੇਗੰਢ. Show all posts

26 Jun 2017

ਪੰਜਵਾਂ ਵਰ੍ਹਾ

Image result for 5th year anniversary
ਸਫ਼ਰਸਾਂਝ ਦਾ ਸਾਹਿਤਕ ਸਫ਼ਰ ਆਪਣੇ ਪੰਜ ਵਰ੍ਹੇ ਪੂਰੇ ਕਰ ਚੁੱਕਿਆ ਹੈ। ਸਾਹਿਤ ਦੀ ਕੈਨਵਸ 'ਤੇ ਵੱਖੋ - ਵੱਖਰੀਆਂ ਰਚਨਾਵਾਂ ਆਪਣੀ ਆਪਣੀ ਸਮਰੱਥਾ ਅਨੁਸਾਰ ਰੰਗ ਬਿਖੇਰਦੀਆਂ ਰਹੀਆਂ। ਨਵੇਂ ਸਾਥੀ ਜੁੜੇ ਤੇ ਪਾਠਕਾਂ ਦਾ ਦਾਇਰਾ ਵਿਸ਼ਾਲ ਹੁੰਦਾ ਗਿਆ। ਰਚਨਾਵਾਂ ਆਪਣੀ ਸਾਹਿਤਕ ਊਰਜਾ ਨਾਲ ਨਵੀਆਂ ਨਵੀਆਂ ਪੈੜਾਂ ਪਾਉਂਦੀਆਂ ਆਪਣੇ ਹਿੱਸੇ ਦੀ ਮਹਿਕ ਖਿਲਾਰਦੀਆਂ ਰਹੀਆਂ। ਪਿਛਲੇ ਵਰ੍ਹੇ 193 ਰਚਨਾਵਾਂ ਪ੍ਰਕਾਸ਼ਿਤ ਹੋਈਆਂ ਤੇ ਸਭ ਤੋਂ ਵੱਧ ਹੁੰਗਾਰਾ ਮਿੰਨੀ ਕਹਾਣੀ ਤੇ ਹਾਇਬਨ ਨੂੰ ਮਿਲਿਆ। ਸਾਡੇ ਕੁਝ ਸੁਹਿਰਦ ਪਾਠਕਾਂ ਨੇ ਸਫਰਸਾਂਝ ਦੇ ਨਾਂ ਦੋ ਸ਼ਬਦ ਲਿਖ ਕੇ ਇਸ ਦਾ ਮਾਣ ਵਧਾਇਆ ਹੈ। ਅੱਜ ਆਪ ਸਭ ਨਾਲ ਸਾਂਝੇ ਕਰਕੇ ਖੁਸ਼ੀ ਪ੍ਰਾਪਤ ਕਰ ਰਹੇ ਹਾਂ। ਆਸ ਕਰਦੇ ਹਾਂ ਕਿ ਆਉਂਦੇ ਵਰ੍ਹੇ ਵੀ ਅਸੀਂ ਸਾਰੇ ਇੰਝ ਹੀ ਰਲਮਿਲ ਕੇ ਇਸ ਸਾਹਿਤਕ ਰਸਾਲੇ ਨੂੰ ਨਵੀਆਂ ਮੰਜ਼ਿਲਾਂ ਪਾਉਣ ਲਈ ਆਪਣੇ ਸਾਰਥਕ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਇੱਕ ਦੂਜੇ ਦੇ ਪੂਰਕ ਬਣ ਤੁਰਨ 'ਚ ਸਹਾਈ ਹੁੰਦੇ ਰਹਾਂਗੇ।
Image result for earthen pots with plants
                                                                                        
                                                ਮਿੱਟੀ ਦੀ ਬਾਵੀ ਸੰਗ ਮਿੱਟੀ ਦਾ ਬਾਵਾ 
                                               ਜ਼ਿੰਦਗੀ ਦਾ ਰੰਗ ਖਿੜਿਆ ਸੂਹਾ ਤੇ ਸਾਵਾ 





ਹਵਾ ਨਾਲ ਦੇਸ ਦੇਸ ਤੋਂ ਆਏ ਬੀਜ ਤ੍ਰੇਲ ਤੁਪਕੇ ਪੀ ਪੀ ਆਪੇ ਉਗ ਪੈਂਦੇ ਨੇ ਘਾਹ ਉਗਦਾ ਰਹਿੰਦੈ। ਕੁਦਰਤ ਮੌਲਦੀ ਰਹਿੰਦੀ ਏ। ਬੱਸ ਲੋੜ ਹੈ ਇਸ ਕੁਦਰਤ  ਤੋਂ ਕੁਝ ਰੰਗ ਉਧਾਰੇ ਲੈ ਇਸ ਪੰਨੇ 'ਤੇ ਉਤਾਰਣ ਦੀ। 

ਸਫ਼ਰ ਸਾਂਝ 

******************************************************************************
ਸਫ਼ਰ ਸਾਂਝ' ਦੇ ਵਰ੍ਹੇਗੰਢ 'ਤੇ ਸੰਦੇਸ਼
ਅੱਜ 'ਸਫ਼ਰ ਸਾਂਝ' ਆਪਣੇ ਨਵੇਂ ਸਾਹਿਤਕ ਸਾਲ ਵਿਚ ਪ੍ਰਵੇਸ਼ ਕਰ ਰਿਹਾ ਹੈ,ਜੋ ਸਾਡੇ ਸਾਰਿਆਂ ਲਈ ਖ਼ੁਸ਼ੀ ਅਤੇ ਮਾਣ ਵਾਲੀ ਗੱਲ ਹੈ।
ਜਦ ਮੈਂ ਇਸ ਵਿਚਲੀ ਪਿਛਲੇ ਇੱਕ ਸਾਲ ਦੀ ਛਪੀ ਸਾਹਿਤਕ ਸਮਗਰੀ 'ਤੇ ਝਾਤ ਪਾਈ ਤਾਂ ਨਿਰਸੰਦੇਹ ਤਸੱਲੀ ਬਖ਼ਸ਼ ਪ੍ਰਮਾਣ ਮਿਲਿਆ ਕਿ ਇਸ ਦੇ ਕਾਫ਼ਲੇ ਵਿਚ ਹੋਰ ਬਹੁਤ ਉੱਚ ਕੋਟੀ ਦੇ ਲੇਖਕਾਂ ਨੇ ਵੀ ਆਪਣੀ ਆਪਣੀ ਚੇਤਨਾ ਭਰਪੂਰ ਕੋਮਲਤਾ, ਸੰਕੇਤਮਈ ਤੇ ਸੁਹਜਮਈ ਜੁਗਤਾਂ ਰਾਹੀਂ ਮਿਆਰੀ ਰਚਨਾਵਾਂ ਨਾਲ ਭਰਵਾਂ ਹੁੰਗਾਰਾ ਦਿੱਤਾ ਹੈ,ਜੋ ਇਸ ਦੀ ਵਧਦੀ ਲੋਕ ਪ੍ਰਿਆ,ਤਰੱਕੀ ਅਤੇ ਇਸ ਦੇ ਮਿਥੇ ਉਦੇਸ਼ ਦੀ ਪੂਰਤੀ ਦੇ ਸੁਹਾਵੇ ਸਫ਼ਰ ਦਾ ਸੂਚਕ ਹੈ।
'ਸਫ਼ਰ ਸਾਂਝ' ਦੀ ਇੱਕ ਹੋਰ ਵਿਸ਼ੇਸ਼ਤਾ ਇਹ ਕਿ ਇਸ ਦੇ ਕਈ ਵਿਦਵਾਨ ਪਾਠਕ ਇਸ ਵਿਚਲੀਆਂ ਰਚਨਾਵਾਂ ਤੇ ਸਕਾਰਾਤਮਿਕ ਟਿੱਪਣੀਆਂ ਦਿੰਦੇ ਹਨ, ਜਿਸ ਨਾਲ ਦੂਜਿਆਂ ਦੇ ਸੋਚਣ ਲਈ ਇੱਕ ਨਵੀਂ ਦਿਸ਼ਾ ਦਾ ਪਹੁੰਚ ਮਾਰਗ ਖੁਲ੍ਹਦਾ ਹੈ।
ਅਸਲ ਵਿਚ,ਇਸ ਬੇਹੱਦ ਸੰਵੇਦਨਸ਼ੀਲ ਕਾਰਜ ਦੀ ਕਾਮਯਾਬੀ ਦੇ ਪਿੱਛੇ ,ਇਸ ਦੇ ਕਾਬਿਲ ਸੂਤਰਧਾਰ ਡਾ:ਹਰਦੀਪ ਕੌਰ ਸੰਧੂ ਹੋਰਾਂ ਦੀ ਸਲਾਹੁਣਯੋਗ ਅਤੇ ਅਤਿ ਕਰੜੀ ਮਿਹਨਤ ਦਾ ਨਤੀਜਾ ਹੈ।
ਇਸ 'ਸਫ਼ਰ ਸਾਂਝ' ਨੇ ਦੁਨੀਆ ਦੇ ਵੱਖ ਵੱਖ ਮੁਲਕਾਂ ਵਿਚ ਬੈਠੇ ਅਣਗਿਣਤ ਬੁੱਧੀਮਾਨ ਸਾਹਿਤ ਪ੍ਰੇਮੀਆ ਅਤੇ ਲੇਖਕਾਂ ਨੂੰ ਵਿਸ਼ਵ- ਕਾਰਵਾਂ ਦਾ ਹਮ ਸਫ਼ਰ ਬਣਨ ਦਾ ਅਵਸਰ ਬਖ਼ਸ਼ਿਆ ਹੈ,ਜਿਸ ਦੇ ਮਾਧਿਅਮ ਰਾਹੀਂ ਹਰ ਕੋਈ ਆਪਣੀ ਮਾਂ ਬੋਲੀ 'ਚ ਲਿਖੀ ਰਚਨਾ ਨੂੰ ਉਸ ਦੀ ਝੋਲੀ 'ਚ ਪਾ ਕੇ,ਨਾ ਕੇਵਲ ਸੇਵਾ ਕਰਦਾ ਹੈ,ਸਗੋਂ ਆਸ਼ੀਰਵਾਦ ਪ੍ਰਾਪਤ ਕਰਨ ਦੇ ਯੋਗ ਬਣ ਜਾਂਦਾ ਹੈ।

ਮੈਂ ਡਾ:ਹਰਦੀਪ ਕੌਰ ਸੰਧੂ ਅਤੇ 'ਸਫ਼ਰ ਸਾਂਝ' ਦੋਹਾਂ ਦਾ ਰਿਣੀ ਹਾਂ ਜਿਨ੍ਹਾਂ ਸਦਕੇ ਮੈਂ ਵੀ ਇਸ ਦੇ ਕਾਰਵਾਂ ਵਿਚ ਆ ਜੁੜਿਆ ਅਤੇ ਲਿਖਤੀ ਸਾਹਿੱਤਿਕ ਲਾਭ ਉਠਾਇਆ। ਮੈਂ ਹੋਰ ਸਾਹਿੱਤਕਾਰਾਂ ਨੂੰ ਵੀ ਇਸ ਪਾਸੇ ਆਪਣੀ ਆਪਣੀ ਭੂਮਿਕਾ ਨਿਭਾਉਣ ਲਈ ਅਰਜੋਈ ਕਰਦਾ ਹਾਂ। ਮੈਂ ਆਉਣ ਵਾਲੇ ਦਿਨਾਂ ਲਈ ਡਾ:ਹਰਦੀਪ ਕੌਰ ਸੰਧੂ ਅਤੇ 'ਸਫ਼ਰ ਸਾਂਝ' ਦੀ ਤਰੱਕੀ ਅਤੇ ਵਿਕਾਸ ਲਈ ਦਿਲੋਂ ਕਾਮਨਾ ਕਰਦਾ ਹਾਂ ਅਤੇ ਆਸ਼ਾ ਰੱਖਦਾ ਹਾਂ ਕਿ 'ਸਫ਼ਰ ਸਾਂਝ' ਸਾਹਿੱਤਿਕ ਦੁਨੀਆ ਵਿਚ ਧਰੂ ਤਾਰੇ ਵਾਂਗ ਚਮਕੇ।

ਸੁਰਜੀਤ ਸਿੰਘ ਭੁੱਲਰ
11 ਜੂਨ 2017 
********************************************************************
जन्म दिन हो मुबारक अपने सफरसाँझ का ।
सफरसाँझ
बल्ले!बल्ले !! लो अब
हुआ पाँच का
गाता नहीं गजलें
कहता कथा
सुनाता है गीत भी
दिखाता चित्र
लिख लिख हाइकु
मोहक प्यारे
देता पढ़ने को जी
हाइबन भी
देशी विदेशी सारे
पाठक कहें
मिट्ठी प्यारी माँ बोली
पंजाबी भाषा
लगे मानने सारे
रंग पंच पे
हरदीप दिखाया
कौशल निज
नये को साथ लिया
बढ़ाया आगे
लिखवाया सँवारा
बना कारवाँ
चल पढ़े यूँ सब
कदम मिला
नहीं रहेंगें पीछे
चलें मिल के
हर भाषा है प्यारी
सीखें जो चाहें
हो सम्मान बोली का
बोलें जब माँ बोली !
बहुत बहुत बधाई सफरसाँझ के जन्म दिन की ।

सफरसांझ के पांचवे जन्म दिन की बहुत बहुत वधाई ।आप सभी लेखकों और पाठकों को भी।इस बार इस ने नाना विधायों द्वारा अपने पाठकों को इतना बाँधा कि पाठकों की संख्या हजारों से ऊपर जा पहुँची है । मिन्नी कहानी के प्रवेश से यह पत्रिका और भी रोचक हो गई है । इस पत्रिका की संचालिका के मस्तिष्क में शब्दों का नित नूतन निर्माण होता रहता है ।जब वह अपनी रचना में उनका प्रयोग करती हैं तो रचना पढ़ना  आनन्दित करता हैं ।
भाषा की इसी मधुरता ने मुझे इस पत्रिका ने अपनी और आकर्षित किया ।मैंने हरदीप जी के साथ साथ और भी ऊच्च कोटि के लेखकों की रचनायें पढ़ने का सुभाग्य पाया ।
मेरी हार्दिक बधाई इस की वर्ष गांठ पर ।यह यूँ ही प्रगति केपथ पर आगे बढ़ती रहे ।
ਕਮਲਾ ਘਟਾਔਰਾ 
1 ਜੂਨ 2017
**********************************************************************
Jagroop Kaur Khalsa's profile photo, Image may contain: 1 person, close-upਸਫਰ ਸਾਂਝ ਦੇ ਹਮਸਫਰ ਬਣਕੇ ਬਹੁਤ ਹੀ ਆਨੰਦ ਮਹਿਸੂਸ ਕੀਤਾ ।ਹਰਦੀਪ ਕੌਰ ਭੈਣ ਜੀ ਵਧਾਈ ਦੇ ਪਾਤਰ ਹਨ, ਜਿਨ੍ਹਾਂ ਦੀ ਕੋਸ਼ਿਸ਼ ਅਤੇ ਅਣਥੱਕ ਮਿਹਨਤ ਦਾ ਸਦਕਾ ਇਹ ਰਸਾਲਾ ਕਾਮਯਾਬੀ ਵੱਲ ਵਧ ਰਿਹਾ ਹੈ । ਰੁੱਤਾਂ ਦੇ ਬਦਲਣ ਵਾਂਗ ਅਲੱਗ ਅਲੱਗ ਵਿਸ਼ੇ ਤੇ ਕਹਾਣੀਆਂ, ਕਵਿਤਾਵਾਂ ਅਤੇ ਯਾਦਾਂ ਦੇ ਸਾਂਝੇ ਸਫਰ ਨੇ ਬੜੇ ਮਨਮੋਹਕ ਅਨੁਭਵ ਪਾਠਕਾਂ ਦੀ ਝੋਲੀ ਪਾਏ ।
ਬਾਰਿਸ਼ ਦੀ ਰਿਮਝਿਮ ਦਾ ਆਨੰਦ ਮਾਣਿਆ ਤਾਂ ਬਸੰਤ ਰੁੱਤ ਦੇ ਫੁੱਲਾਂ ਦੀ ਮਹਿਕ ਨੂੰ ਮਹਿਸੂਸ ਕੀਤਾ । ਫੱਗਣ ਦੀ ਕੋਸੀ ਧੁੱਪ ਨਾਲ ਆਪਣੇ ਆਪ ਨੂੰ ਤਰੋਤਾਜ਼ਾ ਕੀਤਾ । ਅਲੱਗ ਅਲੱਗ ਰਚਨਾਵਾਂ ਦੀ ਪੇਸ਼ਕਾਰੀ,ਨਵੇਂ ਲੇਖਕਾਂ ਨਾਲ ਮੇਲ ਮਿਲਾਪ ਇਸ ਸਫਰ ਦੇ ਹਮਸਫਰ ਬਣਨ ਸਦਕਾ ਹੀ ਸੰਭਵ ਹੋਇਆ ।
ਸ਼ਾਲਾ ਇਹ ਸਾਂਝ ਹੋਰ ਪਕੇਰੀ ਹੋਵੇ, ਭੈਣ ਹਰਦੀਪ ਕੌਰ ਨੂੰ ਵਾਹਿਗੁਰੂ ਹੋਰ ਹਿੰਮਤ ਅਤੇ ਬਲ ਬਖਸ਼ਣ, ਇਸ ਸਫਰ ਸਾਂਝ ਦੇ ਕਾਫਿਲੇ ਦੀ ਗਿਣਤੀ ਹੋਰ ਵਧਦੀ ਜਾਵੇ । ਲੰਮੀਆਂ ਵਾਟਾਂ ਦੇ ਪਾਂਧੀ, ਲੰਮੇਰੇ ਸਫਰ ਦੇ ਹਮਸਫਰ ਬਣੇ ਰਹੀਏ । ਬਹੁਤ ਬਹੁਤ ਵਧਾਈਆਂ ਸਫਰ ਸਾਂਝ ਦੇ ਛੇਵੇਂ ਵਰ੍ਹੇ ਦੇ ਜਨਮ ਦਿਨ ਦੀਆਂ''
ਜਗਰੂਪ ਕੌਰ ਖਾਲਸਾ
4 ਜੂਨ 2017
**********************************************************************************************
ਸਫਰ ਸਾਂਝ ਪੰਜ ਸਾਲ ਦਾ ਹੋ ਗਿਆ ਏ | ਬੜੀ ਖੁਸ਼ੀ ਦੀ ਗੱਲ ਹੈ | ਕਈਆਂ ਨੂੰ ਇਸ ਨਾਲ ਸਫਰ ਕਰਦਿਆਂ ਵੀ ਪੰਜ ਸਾਲ ਹੋ ਗਏ ਹਨ , ਉਹਨਾਂ ਵਿੱਚੋਂ ਇਕ ਮੈਂ ਵੀ ਹਾਂ | ਆਪਣੀਆਂ ਲਿਖਤਾਂ ਰਾਹੀਂ ਇਸ ਵਿੱਚ ਹਿੱਸਾ ਪਾਉਣ ਵਾਲੇ  , ਇੱਕ ਦੂਜੇ ਤੋਂ ਦੂਰ  ਦੂਰ ਬੈਠੇ ਹਾਂ , ਪਰ ਇੱਕ ਸਾਂਝ ਜਹੀ , ਇਕ ਰਿਸ਼ਤਾ ਜਿਹਾ  ਲਗਦਾ ਹੈ ਇੱਕ ਦੂਜੇ ਨਾਲ ਬਣ ਗਿਆ ਹੈ |ਲਿਖਦੇ ਹਾਂ ਇੱਕ ਦੂਜੇ  ਦੀ ਸੁਣਦੇ ਹਾਂ , ਹੁੰਗਾਰਾ ਭਰਦੇ ਹਾਂ , ਚੰਗਾ ਲਗਦਾ ਹੈ | ਜੋ ਅੱਜ ਤਕ ਨਹੀਂ ਲਿਖਿਆ ਸੀ , ਸਫ਼ਰ ਸਾਂਝ ਦੇ ਕਾਰਣ , ਉਹ ਵੀ ਲਿਖ ਦਿੱਤਾ ਏ | ਕਿੰਨੀਆਂ ਹੀ ਬਚਪਨ , ਜਵਾਨੀਆਂ  ਦੀਆਂ ਯਾਦਾਂ ਲਿਖ ਦਿੱਤੀਆਂ ਨੇ , ਹੁਣੇ ਹੁਣੇ ਜੋ ' ਕਸ਼ਮੀਰੋ ' ਜੋ ਛੋਟੀ ਕਹਾਨੀ  ਲਿਖੀ ਹੈ , ਇਹ ਉਹਨਾਂ ਯਾਦਾਂ ਵਿੱਚੋਂ ਇਕ ਹੈ | ਇਹ ਸਭ ਸਫਰ ਦੀ ਸਾਂਝ ਜੋ ਘੁੱਟ ਕੇ ਪਾ ਲਈ ਹੈ ਉਸ ਦਾ ਹੀ ਨਤੀਜਾ ਹੈ | ਹਰਦੀਪ ਮਿਹਨਤ ਨਾਲ ਚਲਾ ਰਹੀ  ਹੈ ਇਸ ਨੂੰ | ਆਪਣੇ ਰੁਝੇਵਿਆਂ ਤੋਂ ਵਕਤ ਕੱਡਣਾ ,ਬੜੀ ਵੱਡੀ ਕੁਰਬਾਨੀ ਅਤੇ ਖੂਬੀ ਹੈ | ਮੇਰੀਆਂ ਸ਼ੁਭ ਕਾਮਨਾਵਾਂ ਹਮੇਸ਼ਾ ਸਫਰ -ਸਾਂਝ ਨਾਲ ਹਨ | ਖੁਸ਼ੀ ਵਸਦੇ ਰਹੋ |
ਦਿਲਜੋਧ ਸਿੰਘ
7 ਜੂਨ  2017
***************************************************************************************************
ਸ਼ੌਕ ਸ਼ਬਦ ਨੂੰ ਸ਼ੌਂਕ ਲਿਖਣਾ ਹੀ ਮੇਰਾ ਸਫਰ ਸਾਂਝ ਨਾਲ਼ ਮਿਲਣ ਦਾ ਸਬੱਬ ਬਣਿਅਾ | ਇਹ ਮੇਰੀ ਅਜਿਹੀ ਗਲਤੀ ਸੀ ਜੋ ਕੇਵਲ ਸਫਰ ਸਾਂਝ ਦੀ ਛਤਰ ਛਾਇਅਾ ਹੇਠ ਕੇਵਲ ਸੁਧਰੀ ਹੀ ਨਹੀਂ ਸਗੋਂ ਪੰਜਾਬੀ ਭਾਸ਼ਾ ਹੋਰ ਵੀ ਪ੍ਰਪੱਕ ਹੋਈ | ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਇਸ ਸਫਰ ਨਾਲ਼ ਸਾਂਝ ਤੋਂ ਪਹਿਲਾਂ ਮੈਂ ਸਿਰਫ ਕੁਝ ਕੁ ਲਿਖਤਾਂ ਹੀ ਲਿਖੀਅਾਂ ਸੀ ਪਰ ਮੇਰੇ ਬਹੁਤ ਹੀ ਸਤਿਕਾਰ ਯੋਗ ਭੈਣ ਡਾ ਹਰਦੀਪ ਕੌਰ ਸੰਧੂ ਨੇ ਮੇਰੀ ਉਂਗਲ ਫੜ ਕੇ ਜੋ ਲਿਖਣਾ ਸਿਖਾਇਅਾ ੳੁਹ ਅੱਜ ਹਰ ਪਾਸੇ ਸਨੇਹੇ ਬਖੇਰ ਰਿਹਾ ਹੈ | ਮੈ ਵੀ ਇਹ ਵਿਸਵਾਸ਼ ਦਿਵਾੳੁਂਦਾ ਹਾਂ ਕਿ ਸਫਰ ਸਾਂਝ ਨੇ ਜੋ ਮੇਰਾ ਸਾਹਿਤਕ ਪੌਦਾ ਲਗਾਇਅਾ ਹੈ ੳੁਸ ਨੇ ਇੱਕ ਦਿਨ ਜਰੂਰ ਬੋਹੜ ਬਣ ਕੇ ਮਾਂ ਬੋਲੀ ਦੀ ਸੇਵਾ ਕਰਨੀ ਹੈ. ਮੇਰੀਅਾਂ ਮਿੰਨੀ ਕਹਾਣੀਅਾਂ ਦਾ ਸਫਰ ਤਾਂ ਸ਼ੁਰੂ ਹੀ ਇਸ ਸਾਂਝ ਨਾਲ਼ ਹੋਇਅਾ ਹੈ | ਭਾਵੇ ਇਸ ਸਫਰ ਨੂੰ ਸ਼ੁਰੂ ਹੋਇਅਾਂ ਜਿਅਾਦਾ ਲੰਮਾ ਅਰਸਾ ਨਹੀਂ ਹੋਇਅਾ ਪਰ ਇਸ ਨੇ ਪੰਜਾਬੀ ਮਾਂ ਬੋਲੀ ਦੀ ਝੋਲੀ ਅਨੇਕਾਂ ਸ਼ਬਦ ਰੂਪਾਂ ਨਾਲ਼ ਭਰ ਦਿੱਤੀ| ਇੱਕ ਦਿਨ ਮੈ ਇੱਕ ਹਾਇਕੁ ਪੜ੍ਹ ਰਿਹਾ ਸੀ ਤਾਂ ਮੈਨੂੰ ਮਾਣ ਮਹਿਸੂਸ ਹੋਇਅਾ ਕਿ ਸਾਡੀ ਪੰਜਾਬੀ ਮਾਂ ਬੋਲੀ ਕੋਲ ਕਿੰਨੇ ਮਿੱਠੇ ਅਤੇ ਸੁੰਦਰ ਸ਼ਬਦ ਹਨ ਜੋ ਅਸੀਂ ਵਿਸਾਰੀ ਜਾਂਦੇ ਹਾਂ | ਅੰਤ ਵਿੱਚ ਮੈਂ ਭੈਣ ਹਰਦੀਪ ਕੌਰ ਸੰਧੂ ਅਤੇ ਸਫਰ ਸਾਂਝ ਨੂੰ ਇਸ ਦੇ ਪੰਜ ਸਾਲ ਪੂਰੇ ਹੋਣ ਤੇ ਵਧਾਈ ਦਿੰਦਾ ਹਾਂ ਅਤੇ ਅਾਸ ਕਰਦਾ ਹਾਂ ਕਿ ਇਹ ਸਫਰ ਹਮੇਸ਼ਾ ਸਨੇਹੇ ਵੰਡਦਾ ਰਹੇ ਅਤੇ ਪੰਜਾਬੀ ਦੀ ਪੰਜਾਬੀਅਤ ਨਾਲ਼ ਸਾਂਝ ਬਣੀ ਰਹੇ ... ਧੰਨਵਾਦ ਜੀਓ ਮਾਸਟਰ ਸੁਖਵਿੰਦਰ ਦਾਨਗੜ੍ਹ
15 ਜੂਨ 2017 
**************************************************************************************
ਨੋਟ : ਇਹ ਪੋਸਟ ਹੁਣ ਤੱਕ 50 ਵਾਰ ਪੜ੍ਹੀ ਗਈ ਹੈ।

26 Jun 2016

ਚੌਥਾ ਵਰ੍ਹਾ

ਹਾਇਕੁ -ਲੋਕ ਤੋਂ ਸਫ਼ਰਸਾਂਝ ਤੱਕ ਦੇ  ਬੀਤੇ ਚਾਰ ਸਾਲਾਂ ਦੀ ਸਫ਼ਰਝਾਤ 


ਅਸੀਂ ਇੱਕ ਅਮੁੱਕ ਸਫ਼ਰ ਦੇ ਪਾਂਧੀ ਹਾਂ। ਇਹ ਸਫ਼ਰ ਨਿਰੰਤਰ ਜਾਰੀ ਹੈ ਤੇ ਏਸ ਨੂੰ ਜਾਰੀ ਰੱਖਣ ਦੀ ਹਰ ਹੀਲੇ ਕੋਸ਼ਿਸ਼ ਜਾਰੀ ਰਹੇਗੀ। ਇਸ ਸਫ਼ਰ ਦੇ ਬੀਤੇ ਸਾਲਾਂ ਵੱਲ ਨਿਗ੍ਹਾ ਮਾਰਦਿਆਂ ਸਾਨੂੰ ਬਹੁਤ ਤਸੱਲੀ ਹੈ ਤੇ ਭਰੋਸਾ ਵੀ ਕਿ ਆਉਣ ਵਾਲੇ ਸਾਲਾਂ ਵਿੱਚ ਹੋਰ ਅੱਗੇ ਤੋਂ ਅਗੇਰੇ ਜਾਣ ਵਾਸਤੇ ਸਾਡੇ ਕੋਲ ਤੁਹਾਡਾ ਸਾਥ ਹੈ ਤੇ ਵਿਸ਼ਵਾਸ ਵੀ। ਹਾਇਕੁ -ਲੋਕ ਨੇ ਹੁਣ ਸਫ਼ਰਸਾਂਝ ਬਣ ਕੇ ਆਪਣੇ ਸਾਹਿਤਕ ਵਿਹੜੇ ਨੂੰ ਹੋਰ ਮੋਕਲਾ ਕਰ ਲਿਆ ਹੈ। ਇਸ ਦੇ ਕਲਾਵੇ ਵਿੱਚ ਹੁਣ ਹੋਰ ਸਾਹਿਤਕ ਵਿਧਾਵਾਂ ਆ ਸਕਣਗੀਆਂ। ਇਹ ਸਾਡਾ ਸਭ ਦਾ ਸਾਂਝਾ ਮੰਚ ਹੈ ਤੇ ਤੁਹਾਡਾ ਸਾਥ ਹੀ ਸਾਡੀ ਹਿੰਮਤ ਬਣਦੀ ਰਹੀ ਹੈ ਤੇ ਬਣਦੀ ਰਹੇਗੀ । ਨਵੇਂ ਵਿਵੇਕ ਦੇ ਚਾਨਣਾਂ 'ਚ ਇਹ ਸਾਂਝਾ ਸਫ਼ਰ ਇਸ ਤੋਂ ਵੱਧ ਜੋਸ਼ ਨਾਲ ਜਾਰੀ ਰਹੇਗਾ। ਇਸ ਸਫ਼ਰ ਦੌਰਾਨ ਅਸੀਂ ਇੱਕ ਦੂਜੇ ਦੀਆਂ ਗੱਲਾਂ ਦਾ ਹੁੰਗਾਰਾ ਭਰਦੇ ਰਹੇ,ਆਪਣੀਆਂ ਸੁਣਾਉਂਦੇ ਰਹੇ ਤੇ ਦੂਜਿਆਂ ਦੀਆਂ ਸੁਣਦੇ ਰਹੇ। ਕੁਝ ਦੱਬੇ ਪੈਰੀਂ ਆਏ ਤੇ ਖਾਮੋਸ਼ ਹਵਾ ਦੇ ਬੁੱਲ੍ਹੇ ਵਾਂਗ ਪਰਤ ਗਏ। ਕੁਝ ਆਪਣੇ ਹਰਫ਼ ਹਵਾ 'ਚ ਲਿਖ ਗਏ। ਨਵੇਂ ਸਾਥੀ ਆ ਜੁੜੇ ਤੇ ਕਾਫਲਾ ਤੁਰਦਾ ਜਾ ਰਿਹਾ ਹੈ। 
ਹਰ ਨਵੇਂ ਦਿਨ ਸੁਪਨਿਆਂ ਨੂੰ 
ਹਰਫ਼ਾਂ ਦੇ ਖੰਭ ਲਾ ਕੇ 
ਅਸਾਂ ਪਰਵਾਜ਼ ਭਰਨੀ 
ਖੁੱਲ੍ਹੇ ਅੰਬਰਾਂ ਦੀ !
ਲੰਘੀ ਰਾਤ ਨੂੰ ਅਲਵਿਦਾ ਆਖ 
ਨਵੇਂ ਰਾਹਾਂ 'ਤੇ ਚਾਨਣ ਤਰੌਂਕਣਾ ਏ !
ਅੱਜ ਆਪ ਦੇ ਮਿੱਠੇ ਹੁੰਗਾਰੇ ਸਾਂਝੇ ਕਰਨ ਦੀ ਖੁਸ਼ੀ ਲੈ ਰਹੇ ਹਾਂ !

*************************************************************
ਸਫ਼ਰ ਸਾਂਝ ਦਾ ਨਵੇਂ ਸਾਹਿਤਕ ਸਾਲ (ਚੌਥੇ ਵਰ੍ਹੇ )ਵਿੱਚ ਪ੍ਰਵੇਸ਼ ਹੋਣ 'ਤੇ ਸੰਦੇਸ਼। ਮੈਂ ਲੰਮੇ ਸਮੇਂ ਤੋਂ ਪੰਜਾਬੀ ਵਿੱਚ 'ਚੌਵਰਗੇ ਲਿਖਦਾ ਆ ਰਿਹਾ ਹਾਂ।ਕੁਝ ਮਹੀਨੇ ਪਹਿਲਾਂ ਇੱਕ ਪਾਠਕ ਨੇ ਇਸ ਬਾਰੇ ਜਾਣਕਾਰੀ ਚਾਹੀ,ਜੋ ਦੇ ਦਿੱਤੀ ਗਈ। ਪਿੱਛੋਂ ਪਤਾ ਲੱਗਿਆ ਕਿ ਉਹ ਕੋਈ ਸਾਧਾਰਨ ਪਾਠਕ ਨਹੀਂ ਸੀ, ਸਗੋਂ ਸਤਿਕਾਰਤ ਡਾ:ਹਰਦੀਪ ਕੌਰ ਸੰਧੂ ਸਨ-'ਹਾਇਕੂ-ਲੋਕ' ਤੋਂ 'ਸਫ਼ਰਸਾਂਝ' ਬਣੇ ਬਲਾਗ ਦੇ ਸੰਚਾਲਕ। ਇਸ ਤਰ੍ਹਾਂ ਮੈਂ ਇਸ ਯੋਜਨਾਬੱਧ ਬਲਾਗ ਨਾਲ ਆ ਜੁੜਿਆ। ਜਿਸ ਰਾਹੀਂ ਬਿਨਾਂ ਸਮਾਂ ਗਵਾਏ ਕਿਸੇ ਵੀ ਯੋਗਦਾਨ ਲਿਖਾਰੀ ਦੀ ਰਚਨਾ 'ਤੇ ਕਲਿੱਕ ਕੀਤਿਆਂ ਸਿੱਧੀ ਪਹੁੰਚ ਕਰਕੇ ਰਚਨਾ ਦਾ ਅਨੰਦ ਮਾਣਨ ਲੱਗਾ,ਜੋ ਨਿਰਸੰਦੇਹ ਹਰਦੀਪ ਜੀ ਦੀ ਅਣਥੱਕ ਮਿਹਨਤ ਦਾ ਸ਼ਲਾਘਾਯੋਗ ਉਪਰਾਲਾ ਹੈ। ਇਹ ਬਲੌਗ ਵਿਸ਼ੇ ਵਸਤੂ ਤੇ ਗੁਣਾਤਮਿਕ ਸਾਹਿਤਕ ਸਮਗਰੀ ਦੀ ਵਭਿੰਨਤਾ ਦਾ ਭੰਡਾਰ ਹੈ, ਜਿਸ ਦਾ ਅਧਿਐਨ ਕਰਦਿਆਂ ਮਨ ਦੀ ਤ੍ਰਿਪਤੀ ਹੁੰਦੀ ਹੈ। ਹਾਂ, ਇਸ ਬਾਰੇ ਇੱਕ ਗੱਲ ਸੰਕੋਚ ਨਾਲ ਕਹਿਣਾ ਚਾਹੁੰਦਾ ਹਾਂ ਕਿ ਐਨਾ ਵਧੀਆ ਹੋਣ ਦੇ ਬਾਵਜੂਦ,ਇਸ ਵਿਚ ਲੇਖਕਾਂ ਦੀ ਸੂਚੀ ਤਾਂ ਬਹੁਤ ਲੰਬੀ ਹੈ ਪਰ ਉਨ੍ਹਾਂ ਦੀਆਂ ਰਚਨਾਵਾਂ ਦੀ ਗਿਣਾਤਮਿਕ ਘਾਟ ਮਹਿਸੂਸ ਹੁੰਦੀ ਹੈ। ਇੱਕ ਵਾਰ ਕਿਉਂ ਨਾ ਉਨ੍ਹਾਂ ਲੇਖਕਾਂ ਨੂੰ,ਜਿਨ੍ਹਾਂ ਇਸ ਨੂੰ ਅਸਥਾਈ ਤੌਰ ਤੇ ਵਿਸਾਰ ਦਿੱਤਾ ਹੈ, ਨਵੇਂ ਸਿਰਿਓਂ ਪ੍ਰਤੀਬੱਧਤਾ ਦਿਖਾਉਣ ਦੀ ਨਿਮਰਤਾ ਸਹਿਤ ਪ੍ਰੇਰਕ ਬੇਨਤੀ ਕਰ ਕੇ ਦੇਖਿਆ ਜਾ ਸਕੇ। ਅੱਜ ਇਹ ਬਲਾਗ ਆਪਣੇ ਨਵੇਂ ਸਾਹਿਤਕ ਸਾਲ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਮੇਰੀ ਦਿਲੀ ਕਾਮਨਾ ਹੈ ਕਿ ਇਸ ਦੀ ਸੰਚਾਲਕਾ ਉਸੇ ਊਰਜਾਵਾਣ ਜਨੂਨੀ ਲਗਨ ਤੇ ਉਤਸ਼ਾਹ ਨਾਲ ਇਸ ਸਾਲ ਵੀ ਅਣਥੱਕ ਯਤਨ ਘਾਲਦੀ ਰਹੇ ਅਤੇ ਅਸੀਂ ਵੀ ਸਾਰੇ ਸਬੰਧਤ ਲੇਖਕ ਆਪਣੀ ਲਿਖਤ ਸਮਗਰੀ ਨਾਲ ਇਸ ਦਾ ਭੰਡਾਰ ਭਰਦੇ ਰਹੀਏ ਤਾਂ ਜੋ ਡਾ: ਹਰਦੀਪ ਕੌਰ ਸੰਧੂ ਆਪਣੇ ਯੋਜਨਾਬੱਧ ਤਰੀਕੇ ਨਾਲ ਉਨ੍ਹਾਂ ਰਚਨਾਵਾਂ ਨੂੰ ਇਸ ਬਲਾਗ 'ਚ ਪਰੋਸ ਕੇ ਸਾਹਿਤ ਪ੍ਰੇਮੀਆਂ ਤੱਕ ਪਹੁੰਚਾ ਕੇ ਖ਼ੁਸ਼ੀਆਂ ਤੇ ਦੁਆਵਾਂ ਲਵੇ।
ਮੈਂ ਇਸ ਦੀ ਮਹਾਨ ਸਫਲਤਾ ਦੀ ਕਾਮਨਾ ਕਰਦਾ ਹਾਂ। -ਸੁਰਜੀਤ ਸਿੰਘ ਭੁੱਲਰ
ਯੂ ਐਸ ਏ

*************************************************************************************************


ਹਾਇਕੁ ਲੋਕ ਜਿਸ ਦਾ ਨਾਂ ਹੁਣ ਸਫ਼ਰਸਾਂਝ ਵਿੱਚ ਤਬਦੀਲ ਹੋ ਗਿਆ ਹੈ ਇਸ ਨਾਲ ਕਾਫ਼ੀ ਅਰਸੇ ਤੋਂ ਜੁੜੀ ਹੋਈ ਹਾਂ। ਦੋ ਲਫ਼ਜ਼ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦੀ ਹਾਂ। ਤੁਹਾਡੇ ਕੋਲ ਦ੍ਰਿਸ਼ ਚਿਤਰਣ ਵਾਲਾ ਖੂਬਸੂਰਤ ਚਿਤਰਕਾਰ ਮਨ ਹੈ। ਸੱਤਰੰਗੀ ਪੀਂਘ ਵਾਂਗ ਤੁਹਾਡੀਆਂ ਰਚਨਾਵਾਂ ਅਨੇਕਾਂ ਰੰਗ ਬਿਖੇਰਦੀਆਂ ਹਨ। ਇਹ ਰੰਗ ਸਮੇਂ ਨਾਲ ਹੋਰ ਗੂੜ੍ਹੇ ਤੇ ਗਹਿਰੇ ਹੁੰਦੇ ਜਾ ਰਹੇ ਹਨ। ਤੁਹਾਡੇ ਦਿਮਾਗ ਵਿੱਚ ਖੂਬਸੂਰਤ ਲਫਜ਼ਾਂ ਦੀ ਭਰਮਾਰ ਹੈ ਜੋ ਤੁਹਾਡੇ ਖਿਆਲਾਂ ਨੂੰ ਹਮੇਸ਼ਾਂ ਤੋਂ ਹੀ ਅਤਿ ਹਸੀਨ ਲਹਿਜੇ ਵਿੱਚ ਪੇਸ਼ ਕਰਨ ਦੀ ਕਮਾਨ ਰੱਖਦੇ ਨੇ। ਬਹੁਤ ਸਾਰੇ ਹੋਰ ਲੇਖਕਾਂ ਨੂੰ ਵੀ ਉਂਗਲ ਲਾ ਕੇ ਆਪਣੇ ਨਾਲ ਤੋਰਨ ਦਾ ਜੋ ਵੱਲ ਆਪ ਨੂੰ ਆਉਂਦਾ ਹੈ ਉਹ ਕਾਬਿਲੇ -ਤਾਰੀਫ਼ ਹੈ। ਸ਼ਾਲਾ ਇਸੇ ਤਰ੍ਹਾਂ ਹੀ ਲਿਖਤਾਂ ਦੀ ਸਫ਼ਰਸਾਂਝ ਬਣੀ ਰਹੇ। ਤੁਹਾਡੀ ਘਾਲਣਾ ਨੂੰ ਫਲ ਲੱਗਣ। 

ਪ੍ਰੋ ਦਵਿੰਦਰ ਕੌਰ ਸਿੱਧੂ 
(ਦੌਦਰ -ਮੋਗਾ )
************************************************************************************************************



ਸਾਡਾ ਹਾਇਕੁ ਲੋਕ ਹੁਣ ਸਫ਼ਰਸਾਂਝ ਬਣ ਕੇ ਸੁੱਖ ਨਾਲ  ਚਾਰ ਸਾਲ ਦਾ ਹੋ ਗਿਆ ਹੈ  । ਨੰਨਾ -ਮੁੰਨਾ ਰੁੜਦਾ -ਰੁੜਦਾ ਚੱਲਣਾ ਸਿੱਖ ਗਿਆ ਹੈ ।ਸੋ ਅਸਾਂ ਇਹਦੀ ਖੁਸ਼ੀ ਲਈ ਇਸ ਦਾ ਨਵਾਂ ਨਾਂ ਸਵੀਕਾਰ ਕਰ ਲਿਆ - ਸਫ਼ਰਸਾਂਝ। ਇੱਕ ਲੰਮੇ ਸਫਰ ਦੀ ਰਾਹ 'ਤੇ ਅਸਾਂ ਇਸ ਦੇ ਨਾਲ ਚੱਲ ਪਏ ਹਾਂ ।ਹੱਸਦੇ ਗਾਉਂਦੇ ਅਸੀਂ ਉਚਾਈਆਂ 'ਤੇ ਜਾ ਕੇ ਡੇਰਾ ਜਰੂਰ ਲਾਵਾਂਗੇ ।ਜੇ  ਆਪਣੀ  ਮਾਂ ਬੋਲੀ ਨੂੰ  ਭੁਲਾ ਦੇਵਾਂਗੇ ਤਾਂ ਸਾਡੀ ਪਛਾਣ  ਕੀ ਬਚੂ ? ਇਹ ਸੋਚਣ  ਦੀ ਗੱਲ  ਹੈ । ਜਿਸ ਨੂੰ  ਹਰਦੀਪ ਨੇ ਗਹਿਰਾਈ  ਨਾਲ ਸਮਝਿਆ ਤੇ ਸਾਨੂੰ  ਰਾਹ ਦਿਖਾਈ। ਆਪਣੀ ਭਾਸ਼ਾ ਦੀ ਸੇਵਾ ਕਰਨ ਦੀ ।ਉਸ ਦਾ ਬਹੁਤ ਬਹੁਤ ਧੰਨਵਾਦ ।

ਹਰਦੀਪ ਦੀਆਂ ਜਦ ਮੈਂ ਲਿਖਤਾਂ ਪੜ੍ਹੀਆਂ ਤਾਂ ਬਹੁਤ  ਪ੍ਰਭਾਵਿਤ  ਹੋਈ ਸੀ। ਮੇਰੀ ਰੂਹ ਨੂੰ  ਉਸ ਦੀ ਲਿਖਤ ਨੇ ਜਿਵੇਂ ਗਲਵੱਕੜੀ ਪਾ ਕੇ ਆਪਣਾ ਬਣਾ ਲਿਆ ਹੋਵੇ ਤੇ  ਮੈਂ ਉਸ ਨਾਲ ਜੁੜ ਗਈ । ਜਦ ਕਿ ਮੈਨੂੰ  ਪੰਜਾਬੀ ਬਿਲਕੁਲ ਲਿਖਣੀ ਨਹੀਂ ਆਉਂਦੀ  ਸੀ ਪਰ ਉਸ ਦੀ ਲਿਖਤ ਨੇ ਥੋੜੀ ਬਹੁਤ ਸਿਖਾ ਹੀ ਦਿੱਤੀ, ਗੁਜਾਰੇ ਲਾਇਕ, ਕੰਮ ਚਲਾਉ ।

ਹਰਦੀਪ ਦੇ ਹੌਸਲੇ ਨੂੰ ਦਾਦ ਦੇਣੀ ਪਉਗੀ , ਜਿਸਨੇ ਅਪਣੀ  ਲਿਖਤ ਦੇ  ਦੁਵਾਰਾ ਸਭ ਨੂੰ ਸਕਾਰਾਤਮਕ ਸੋਚ ਵੱਲ ਜਾਣ  ਦਾ ਉਪਰਾਲਾ ਕੀਤਾ। ਉਸ ਨੇ ਹਾਇਬਨ ਲਿਖ ਕੇ ਆਪਣੀ  ਸੋਚ ਸਾਡੇ ਨਾਲ ਸਾਂਝੀ ਕੀਤੀ ।ਪੱਤਝੜ 'ਚ ਫੁੱਲ ਬਖੇਰੇ। 

ਕੋਈ ਕੰਮ ਸੌਖਾ ਨਹੀਂ ਹੁੰਦਾ ।ਜਦ ਅਸੀਂ ਚੱਲਣ ਲੱਗ ਜਾਈਏ  ਤਾਂ ਸਾਨੂੰ ਔਕੜਾਂ ਨਹੀਂ ਆਪਣਾ ਲਕਸ਼ ਨਜਰ ਆਉਂਦਾ ਹੈ । ਉਨ੍ਹਾਂ ਦੀ ਪਰਵਾਹ ਨਾ ਕਰਨ ਵਾਲਾ ਮੰਜ਼ਿਲ ਪਾ ਹੀ ਲੈਂਦਾ ਹੈ ।ਹਰਦੀਪ ਜੀ ਅਪਣੀ ਮੈਗਜੀਨ ਦੇ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਾਂ ।ਸਾਡਾ ਇਹ ਕਾਰਵਾਂ ਇਸੇ ਤਰ੍ਹਾਂ ਚੱਲਦਾ ਰਹੇ ।ਨਵੀਂ -ਨਵੀਂ  ਸ਼ੈਲੀ ਨਾਲ ਪਛਾਣ ਕਰਵਾਉਂਦਾ। ਕਵਿਤਾ ਦੀ ਹਰ ਵਿਧਾ ਨਾਲ ਜੋੜਦਾ ।



पुराना हाइकुलोक 'सफर साँझ' के नये नाम से हम से हाथ मिलाने आया है ।अपने  चौथे जन्मदिन पर मेरी और से उसे बहुत बहुत सारी बधाई ।आशा है इस सफर में और नये साथी  भी इस के साथ चलने को सामने आयेंगे । नई नई रचनायों लेकर । हम एक दूसरे से रूबरू होंगे ।अपने विचारों की एक दूसरे से साँझ पायेंगे ।

इस सारी मेहनत का सेहरा हमारी सब की  अज़ीज हरदीप के सिर जाता है ।कितनों को यह अपने साथ लेकर चली कितनों को प्रेरणा देकर चलने लायक बनाया । यह तो वह ही बता सकती है । उनमें मैं अपना नाम पहला समझती हूँ ।मैं सिर्फ हिंदी लिखनी पढ़नी ही जानती थी । हरदीप के हाइकुलोक से जुड़ने के बाद मैं पंजाबी पढ़नी ही नहीं थोड़ा लिखना भी सीख गई । सिर्फ पत्र द्वारा । मेरे मन की सारी शुभ कामनायें हरदीप और उसके सफर साँझ के लिये हमेशा उपस्थित रहेंगी ।

ਕਮਲਾ ਘਟਾਔਰਾ 
ਯੂ  ਕੇ
**********************************************************************************************
good and best and fast 



ਕਸ਼ਮੀਰੀ ਲਾਲ ਚਾਵਲਾ 

(ਮੁਕਤਸਰ) 



***********************************************************************************************

  ਹਾਇਕੁ -ਲੋਕ ਦਾ  ਨਾਂ ਬਦਲ ਕੇ ਸਫਰ- ਸਾਂਝ  ਹੋ ਗਿਆ ਹੈ । ਕੁਝ ਸੋਚ ਕੇ ਹੀ ਨਾਂ ਦੀ ਤਬਦੀਲੀ ਕੀਤੀ ਹੋਵੇ ਗੀ । ਕੋਈ ਤਾਂ ਕਾਰਣ ਜ਼ਰੂਰ ਰਿਹਾ ਹੋਵੇਗਾ। ਮੈਂ ਤਾਂ ਪਹਿਲੇ ਦਿਨ ਤੋਂ ਹੀ ਹਾਇਕੁ ਲੋਕ ਨਾਲ ਜੁੜਿਆ ਹਾਂ , ਹੁਣ ਸਫ਼ਰ ਸਾਂਝ ਨਾਲ ਹੋ ਤੁਰਾਂਗਾ। ਲੋਕ ਬਹੁਤ ਤੇਜ਼ ਚੱਲਦੇ ਨੇ , ਕੋਈ ਅੱਗੇ ਨਿਕਲ ਜਾਂਦਾ ਹੈ , ਕੋਈ ਇਧਰ ਉਧਰ ਰਾਹ ਬਦਲ ਲੈਂਦਾ ਹੈ , ਮੈਂ ਤਾਂ ਹੌਲੀ -ਹੌਲੀ ਪਿੱਛੇ ਤੁਰਿਆ ਆਉਂਦਾ ਹਾਂ। ਕੋਈ ਜਲਦੀ ਨਹੀਂ ਹੈ। ਜਦ ਤੁਸੀਂ ਨਾਂ ਬਦਲ ਹੀ ਲਿਆ ਹੈ , ਤੁਸੀਂ ਇਸ ਦੇ ਸਾਹਿਤਕ ਘੇਰੇ। ਵੰਨਗੀਆਂ ਵਿੱਚ ਵੀ ਬਦਲਾਓ ਲਿਆ ਸਕਦੇ ਹੋ। ਇਸ ਨਾਲ ਹੋਰ ਵੀ ਲੇਖਕ /ਪਾਠਕ ਜੁੜਨਗੇ। ਤੁਸੀਂ ਆਪਣੀ ਮਿਹਨਤ ਤੇ ਲਗਨ ਨਾਲ ਚਾਰ ਸਾਲ ਬੜੇ ਸੋਹਣੇ ਤਰੀਕੇ ਨਾਲ ਇਸ ਨੂੰ ਚਲਾਈ ਰੱਖਿਆ ਹੈ , ਇਸ ਦੀ ਮੈਂ ਸ਼ਲਾਘਾ ਕਰਦਾ ਹਾਂ। ਆਉਣ ਵਾਲੇ ਸਮੇਂ ਦੀ ਸਫ਼ਲਤਾ ਦੀ ਕਾਮਨਾ ਕਰਦਾ ਹਾਂ। 
ਦਿਲਜੋਧ ਸਿੰਘ 
ਜੂਨ 2016 

***************************************************************************************************

ਬਦਲਾਵ ਬਹੁਤ ਚੰਗਾ ਲੱਗਿਆ 
ਅੰਮ੍ਰਿਤ ਰਾਏ ਪਾਲੀ 
(ਫਾਜ਼ਿਲਕਾ)

******************************************************************************************

ਸਤਿਕਾਰਯੋਗ ਭੈਣ ਜੀ ਹਰਦੀਪ,
ਸਤਿ ਸ਼੍ਰੀ ਅਕਾਲ ਜੀ,

ਪਰਚੇ ਨੂੰ ਚਾਰ ਸਾਲ ਪੂਰੇ ਹੋਣ 'ਤੇ ਆਪ ਅਤੇ ਸਾਰੇ ਸਫ਼ਰਸਾਂਝ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀਓ। ਇਹਨਾਂ ਚਾਰ ਸਾਲਾਂ ਦੇ ਸਫ਼ਰ ਦੌਰਾਨ ਮੈਂ ਭਾਵੇਂ ਆਪਣੇ ਰੁਝੇਵਿਆਂ ਕਰਕੇ ਆਪ ਜੀਆਂ ਨਾਲ਼ ਘੱਟ ਹੀ ਜੁੜਿਆਂ ਹਾਂ ਪਰ ਗਾਹੇ-ਬਗਾਹੇ ਇਸ 'ਤੇ ਝਾਤ ਜ਼ਰੂਰ ਮਾਰ ਲੈਂਦਾ ਹਾਂ। 
ਹਾਇਕੁ -ਲੋਕ ਤੋਂ ਸਫ਼ਰਸਾਂਝ ਤੱਕ ਦਾ ਸਫ਼ਰ ਆਪ ਜੀ ਦੀਆਂ ਅਣਥੱਕ ਕੋਸ਼ਿਸ਼ਾਂ ਕਰਕੇ ਹੀ ਸਿਰੇ ਚੜ੍ਹ ਸਕਿਆ ਹੈ। ਮੈਂ ਦੇਖਿਆ ਹੈ ਕਿ ਇਸ ਸਮੇਂ ਦੌਰਾਨ ਬਹੁਤ ਸਾਰੇ ਬੁੱਧੀਜੀਵੀ ਲੇਖਕ ਇਸ ਨਾਲ਼ ਆ ਜੁੜੇ ਹਨ ਅਤੇ ਬਹੁਤ ਹੀ ਸੁਲਝੀ ਅਤੇ ਤਜ਼ਰਬੇਕਾਰ ਲੇਖਣੀ ਨਾਲ਼ ਆਪਣਾ ਯੋਗਦਾਨ ਪਾ ਰਹੇ ਹਨ। ਸਾਹਿਤ ਦੀ ਹਾਇਕੁ  ਵਿਧਾ ਨੂੰ ਚਾਰ ਚੰਨ ਲਾ ਰਹੇ ਹਨ। ਮੈਨੂੰ ਵੱਖ-ਵੱਖ ਲੇਖਕਾਂ ਦੀਆਂ ਲਿਖਤਾਂ ਪੜ੍ਹ ਕੇ ਬਹੁਤ ਚੰਗਾ ਲੱਗਦਾ ਹੈ। ਇਸ ਲਈ ਆਪ ਵਧਾਈ  ਦੇ ਪਾਤਰ ਹੋ, ਜੋ ਦਿਨ ਰਾਤ ਇਸ ਖੇਤਰ ਵਿੱਚ ਯਤਨਸ਼ੀਲ ਰਹਿੰਦੇ ਹੋ। ਮੈਂ ਦੇਖ ਰਿਹਾ ਹਾਂ ਕੇ ਆਪ ਜੀ ਦੀ ਮਿਹਨਤ ਅਤੇ ਲਗ਼ਨ ਨੂੰ ਹੁਣ ਫਲ਼ ਲੱਗਣਾ ਸ਼ੁਰੂ ਹੋ ਚੁੱਕਿਆ ਹੈ। ਮੈਂ ਦੁਆ ਕਰਦਾ ਹਾਂ ਕਿ ਆਪ ਜੀ ਇਸੇ ਤਰਾਂ ਹੀ ਦਿਨ ਪੁਰ ਰਾਤ ਅੱਗੇ ਆਉਣ ਵਾਲ਼ੇ ਸਮੇਂ ਵਿੱਚ ਵੀ ਯਤਨਸ਼ੀਲ ਰਹੋ। ਸਫ਼ਰਸਾਂਝ ਹੋਰ ਵੀ ਤਰੱਕੀ ਕਰੇ ਅਤੇ ਪੰਜਾਬੀ ਸਾਹਿਤ ਦੀ ਇਸ ਵਿਧਾ ਹੋਰ ਵੀ ਚਮਕੇ। 
ਬਹੁਤ ਬਹੁਤ ਦੁਆਵਾਂ ਨਾਲ਼।

ਭੁਪਿੰਦਰ ਸਿੰਘ 
(ਨਿਊਯਾਰਕ)
************************************************************************************************


                                        
ਨੋਟ : ਇਹ ਪੋਸਟ ਹੁਣ ਤੱਕ 85 ਵਾਰ ਪੜ੍ਹੀ ਗਈ

26 Jun 2015

ਤੀਜਾ ਸਾਲ

ਸਮਾਂ ਆਪਣੀ ਤੋਰ ਤੁਰਦਾ ਰਹਿੰਦਾ ਹੈ ਤੇ ਏਸ ਸਮੇਂ ਰੂਪੀ ਮੰਚ 'ਤੇ ਕਈ ਤਰ੍ਹਾਂ ਦੇ ਕਿਰਦਾਰ ਆਪਣੇ ਹਿੱਸੇ ਦੀ ਭੂਮਿਕਾ ਨਿਭਾਉਂਦੇ ਰਹਿੰਦੇ ਨੇ। ਧੁੱਪ ਹੋਵੇ ਜਾਂ ਛਾਂ, ਕਾਲੀ ਰਾਤ ਹੋਵੇ ਜਾਂ ਬਰਸਾਤ ਤੇ ਚਾਹੇ ਕੋਈ ਵੀ ਹਾਲਾਤ ਹੋਣ , ਸਮਾਂ ਕਦੇ ਨਹੀਂ ਰੁਕਦਾ ਤੇ ਇਸੇ ਲਈ ਹਮੇਸ਼ਾਂ ਜਿੱਤ ਜਾਂਦਾ ਹੈ। ਬੱਸ ਇਸੇ ਤੋਂ ਸੇਧ ਲੈ ਤੁਰਦਿਆਂ ਹਾਇਕੁ -ਲੋਕ ਨੂੰ ਪੂਰੇ ਤਿੰਨ ਵਰ੍ਹੇ ਹੋ ਗਏ ਨੇ। ਅੱਜ ਇਸ ਨੇ ਚੌਥੇ ਸਾਲ 'ਚ ਪੈਰ ਧਰਿਆ ਹੈ। ਅਸੀਂ ਆਪਣੇ ਸਫ਼ਰ 'ਚ ਸਿਰਫ਼ ਖੁਸ਼ੀ ਹੀ ਨਹੀਂ ਕਿਆਸੀ , ਸਗੋਂ ਹਨ੍ਹੇਰਾ ਵੀ ਆਇਆ। ਪਰ ਕਿਸੇ ਤਾਰੇ ਨੂੰ ਚਮਕਣ ਲਈ ਹਨ੍ਹੇਰੇ ਦੀ ਵੀ ਤਾਂ ਜ਼ਰੂਰਤ ਹੁੰਦੀ ਹੈ। ਸਾਡੇ ਸ਼ੁੱਭ -ਚਿੰਤਕ ਸਾਡੇ ਲਈ ਬਲਦੇ ਦੀਵੇ ਹੀ ਤਾਂ ਨੇ ਜਿਹਨਾਂ ਦੇ ਨਾਲ ਚੱਲਦਿਆਂ ਰਾਹ ਤਾਂ ਚਾਹੇ ਛੋਟੇ ਨਹੀਂ ਹੋਏ  ਪਰ ਇਹਨਾਂ ਦੇ ਚਾਨਣ ਨਾਲ ਸਫ਼ਰ ਸੌਖਾ ਜ਼ਰੂਰ ਹੋ ਜਾਂਦਾ ਹੈ। 
                 ਇਸ ਸਫ਼ਰ ਦੌਰਾਨ ਅਸੀਂ ਇੱਕ ਨਵੀਂ ਵਿਧਾ ਨਾਲ ਪਾਠਕਾਂ ਤੇ ਲੇਖਕਾਂ ਦੀ ਜਾਣ ਪਛਾਣ ਕਰਵਾਈ - ਹਾਇਬਨ। ਹੁਣ ਤੱਕ 46 ਹਾਇਬਨ ਪ੍ਰਕਾਸ਼ਿਤ ਹੋ ਚੁੱਕੇ ਹਨ। ਪਿਛਲੇ ਸਾਲ ਤਕਰੀਬਨ 130 ਪੋਸਟਾਂ ਪ੍ਰਕਾਸ਼ਿਤ ਹੋਈਆਂ ਤੇ ਸਾਡੇ ਪਾਠਕ ਇਹਨਾਂ ਪੋਸਟਾਂ 'ਤੇ ਆਪਣੇ ਸਾਰਥਕ ਵਿਚਾਰ ਹੁਣ ਤੱਕ 1900 ਟਿੱਪਣੀਆਂ ਰਾਹੀਂ ਭੇਜ ਚੁੱਕੇ ਹਨ। ਅੱਜ ਸਾਡੇ ਪਾਠਕਾਂ ਤੇ ਲੇਖਕਾਂ ਨੇ ਆਪਣੇ ਕੀਮਤੀ ਵਿਚਾਰਾਂ ਨਾਲ ਸਾਡੇ ਨਾਲ ਇਸ ਤਰ੍ਹਾਂ ਸਾਂਝ ਪਾਈ -

ਮੈਂ ਹਾਇਕੁ ਲੋਕ ਨਾਲ ਕੁਝ ਸਾਲ ਪਹਿਲਾਂ ਹਰਦੀਪ ਭੈਣ ਜੀ ਰਾਹੀਂ ਜੁੜੀ। ਮੈਨੂੰ ਸਭ ਤੋਂ ਵੱਧ ਹਾਇਬਨ ਵਿਧਾ ਚੰਗੀ ਲੱਗੀ। ਮਨ ਬੜਾ ਖੁਸ਼ ਹੁੰਦਾ ਹੈ ਹਾਇਬਨ ਪੜ੍ਹ ਕੇ ਜਿਸ ਵਿੱਚ ਸਭ ਆਪਣੀਆਂ ਹੱਡ ਬੀਤੀਆਂ ਇੰਨੇ ਸੋਹਣੇ ਲਫਜ਼ਾਂ 'ਚ ਬਿਆਨ ਕਰਦੇ ਨੇ। ਸਾਨੂੰ ਆਪਣੀ ਮਾਂ -ਬੋਲੀ ਨਾਲ ਜੁੜੇ ਰਹਿਣ ਦੀ ਕੋਸ਼ਿਸ਼ ਕਰਦੇ ਨੇ। ਹਰਦੀਪ ਭੈਣ ਜੀ ਦੇ ਲਿਖੇ ਹਾਇਬਨ ਬਹੁਤ  ਡੂੰਘੀ ਸੋਚ ਵਾਲੇ ਹੁੰਦੇ ਨੇ, ਜਿਨ੍ਹਾਂ ਵਿੱਚ ਸਾਦਾਪਣ ਤੇ ਜ਼ਿੰਦਗੀ ਦੀ ਅਸਲੀਅਤ ਬਿਆਨ ਕੀਤੀ ਹੁੰਦੀ ਹੈ। ਮੈਂ ਹਾਇਕੁ -ਲੋਕ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਸ ਨੇ ਸਾਨੂੰ ਮਾਂ -ਬੋਲੀ ਨਾਲ ਜੋੜੀ ਰੱਖਣ ਦਾ ਬੀੜਾ ਚੁੱਕਿਆ ਹੈ। 
ਜਸਕਿਰਨ ਥਿੰਦ 
(ਅਸਟ੍ਰੇਲੀਆ ) 
******************************************************************
ਆਪਣੀ ਭੈਣ ਹਰਦੀਪ  ਦੇ ਦੁਆਰਾ ਅਸੀਂ ਹਾਇਕੁ -ਲੋਕ ਨਾਲ ਜੁੜੇ ਤੇ ਹਾਇਕੁ -ਹਾਇਬਨ ਬਾਰੇ ਜਾਣਿਆ। ਇਸ ਨਾਲ ਸਾਂਝ ਪਾਉਣਾ ਸਾਨੂੰ ਬਹੁਤ ਹੀ ਚੰਗਾ ਲੱਗਾ। ਸਾਰੇ ਪਾਠਕ ਦਿਲ ਖੋਲ੍ਹ ਕੇ ਆਪਣੇ ਵਿਚਾਰ ਸਾਂਝੇ ਕਰਦੇ ਨੇ। ਹਾਇਕੁ -ਲੋਕ ਦੀ ਬੇਹਤਰੀ ਲਈ ਅਸੀਂ ਇਸ ਨੂੰ ਪੜ੍ਹੇ ਕੇ ਦੂਜਿਆਂ ਨੂੰ ਇਸ ਦੇ ਚੰਗੇ ਵਿਚਾਰਾਂ ਬਾਰੇ ਦੱਸਦੇ ਰਹਾਂਗੇ। ਇਸ ਦੀ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇੱਥੇ ਨਿੱਕੀਆਂ -ਨਿੱਕੀਆਂ ਗੱਲਾਂ ਰਾਹੀਂ  ਬਹੁਤ ਵੱਡੀ ਗੱਲ ਕਹਿ ਦਿੱਤੀ ਜਾਂਦੀ ਹੈ। ਥੋੜੇ ਸ਼ਬਦਾਂ ਰਾਹੀਂ ਵੱਡੀ ਗੱਲ ਕਹਿ ਦੇਣਾ ਹਾਇਕੁ -ਲੋਕ ਦੀ ਵੱਡੀ ਪਹਿਚਾਣ ਹੈ। ਰੱਬ ਕਰੇ ਇਹ ਇਸੇ ਤਰਾਂ ਹੀ ਚਾਨਣ ਵੰਡਦਾ ਰਹੇ। 
ਪਰਮ ਤੇ ਵਰਿੰਦਰਜੀਤ ਬਰਾੜ 
(ਬਰਨਾਲਾ) 
********************************************************************

ਹਾਇਕੁ-ਲੋਕ ਤਿੰਨ ਵਰ੍ਹਿਆਂ  ਦਾ ਹੋ ਗਿਆ ,ਚੌਥੇ ਵਰ੍ਹੇ  ਲਈ ਸ਼ੁੱਭ ਇਛਾਵਾਂ ,ਪਹਿਲੇ ਦਿਨ ਤੋਂ ਹੀ ਇਸ ਨਾਲ ਜੁੜੇ ਹਾਂ, ਹਰਦੀਪ ਕੌਰ ਨੇ ਇਸ ਨੂੰ ਸ਼ੁਰੂ ਕਰਨ ਦਾ ਉਪਰਾਲਾ ਕੀਤਾ ਅਤੇ ਉਹਨਾਂ ਦੇ ਕਾਰਣ ਇਸ ਨਾਲ ਜੁੜ ਗਏ। ਕੁਝ ਤਾਂ ਸਾਥੀ ਹੁਣ ਤੱਕ ਨਾਲ ਚੱਲ ਰਹੇ ਹਨ ,ਕਈ ਸਫਰ ਵਿੱਚ ਹੀ ਕਿਧਰੇ ਗਵਾਚ ਗਏ ,ਕਈ  ਨਵੇਂ ਵੀ ਨਾਲ ਆ ਰਲੇ , ਸਾਡੇ ਪਾਠਕਾਂ ਦੀ ਘਾਟ ਹੈ ,ਜੋ ਇਸ ਲਈ ਲਿਖਦੇ ਹਨ , ਸ਼ਾਇਦ ਓਹੀ ਪੜ੍ਹ  ਹਨ ,ਸ਼ਾਇਦ ਰਚਨਾਵਾਂ ਛੋਟੀਆਂ ਅਤੇ ਗਿਣਤੀ ਘੱਟ ਹੁੰਦੀ ਹੈ ,ਹਾਇਕੁ  ਆਦਿ ਦੀ ਵਿਧਾ ਆਮ ਲੋਕਾਂ ਵਿੱਚ ਸ਼ਾਇਦ ਜਿਆਦਾ ਮਕਬੂਲ ਨਹੀਂ। ਹਰ ਲੇਖਕ ਚਾਹੁੰਦਾ ਹੈ  ਕਿ ਉਸ ਦੀ ਰਚਨਾ ਕਾਫੀ ਪਾਠਕ ਪੜਣ ਅਤੇ ਉਸ ਨੂੰ ਥੋੜੀ ਪਹਿਚਾਨ ਮਿਲੇ ,ਹਾਇਕੁ- ਲੋਕ ਨੂੰ ਜਿਆਦਾ ਹਰਮਨ ਪਿਆਰਾ ਬਨਾਉਣ ਦੀ ਲੋੜ ਹੈ ,ਰਚਨਾਵਾਂ ਦੀ ਵੰਨਗੀ ਅਤੇ ਗਿਣਤੀ ਵਧਾਉਣ ਦੀ ਲੋੜ ਹੈ। ਮੇਰੇ ਵਿਚਾਰ ਆਪਣੇ ਨਿੱਜੀ ਹਨ ,ਮੇਰਾ ਸਿਰਫ ਸੁਝਾਓ ਹੈ ਕਿ ਇਸ ਨੂੰ ਹਫਤੇ /ਪੰਦਰਾਂ ਦਿਨਾਂ ਬਾਅਦ ਵੱਧ ਤੋਂ ਵੱਧ ਰਚਨਾਵਾਂ ਨਾਲ ਅਪਡੇਟ ਕੀਤਾ ਜਾਵੇ ਅਤੇ ਹਰ ਲੇਖਕ ਨੂੰ ਲੱਗੇ ਕਿ ਉਸ ਨੂੰ ਕੁਝ ਪਹਿਚਾਨ ਮਿਲ ਰਹੀ ਹੈ । 

ਦਿਲਜੋਧ ਸਿੰਘ 
(ਨਵੀਂ ਦਿੱਲੀ) 
********************************************************************
ਪਿੰਜਰੇ ਵਿੱਚ ਬੰਦ ਸੀ  ਲੇਖਕ -ਪੰਛੀ ਤੁਸਾਂ ਨੇ ਖੋਲ੍ਹ ਕੇ ਕੁੰਡੀ ਉਡਾਰੀ ਸਿਖਾ ਦਿੱਤੀ । ਹਾਇਕੁ -ਲੋਕ ਨਾਲ ਜੋੜ ਦਿੱਤਾ। ਉੱਡਣ ਦਾ ਚਾਅ ਹੈ ਹੁਣ ਜਾਵਾਂ ਆਕਾਸ਼ੇ ਜਾਂ ਡਿੱਗ ਪਵਾਂ ਮਰਜੀ ਰੱਬ ਦੀ। ਮੈਂ ਆਜਾਦ ਪੰਛੀ। ਉੱਡਾਂਗੀ ਉਂਗਲੀ ਫੜ੍ਹ ਕੇ ਆਪਦੀ। ਅੱਜ ਆਪਦੇ ਸਾਰੇ ਪੰਜਾਬੀ ਹਾਇਕੁ ਪੜ੍ਹੇ। ਆਪ ਦੀ ਚਾਟੀ ਵਾਲੀ ਲੱਸੀ ਨੇ ਮਨ ਲਲਚਾ ਦਿਤਾ। ਕਾੜਨੀ ਵਾਲਾ ਦੁੱਧ ਯਾਦ ਆ ਗਿਆ ਤੇ ਚੌਲਾਂ ਦੀਆਂ ਪਿੰਨੀਆਂ ਵੀ। ਆਪ ਦੀ ਹਰ ਲਿਖਤ ਮੈਨੂੰ ਅਤੀਤ ਵਿੱਚ ਲੈ ਜਾਂਦੀ ਹੈ। ਪਿੰਡ ਦੀ ਲੱਸੀ ਤੇ ਮਿੱਸੀ ਰੋਟੀ 'ਚ ਜੋ ਅੰਮ੍ਰਿਤ ਭਰਿਆ ਹੁੰਦਾ ਹੈ ਪਿਆਰ ਵਾਲਾ ਉਹ ਸ਼ਹਿਰ ਵਾਲਿਆਂ ਦੇ ਭਾਂਤ -ਭਾਂਤ ਦੇ ਪਕਵਾਨਾਂ 'ਚ ਵੀ ਨਹੀਂ ਮਿਲਦਾ ਕਿਉਂਕਿ ਉਹਨਾਂ ਵਿੱਚ ਪਿਆਰ ਦੀ ਜਗਹ ਦਿਖਾਵਾ ਹੁੰਦਾ ਹੈ, ਜੋ ਗਲੇ ਤੋਂ ਥੱਲੇ ਨਹੀਂ ਉੱਤਰਦਾ। ਹਾਇਕੁ ਲੋਕ ਨੂੰ ਪੜ੍ਹੇ ਕੇ ਮੇਰਾ ਮਨ ਵੀ ਪਿੰਡ ਬਾਰੇ ਕੁਝ ਲਿਖਣ ਲਈ ਕਰ ਆਇਆ। ਮੈਨੂੰ ਬਹੁਤ ਹੈਰਾਨੀ ਹੋਈ ਕਿ ਨੌਕਰੀ ਕਰਕੇ ਘਰ ਸੰਭਾਲ ਕੇ ਇਸ ਪਤ੍ਰਿਕਾ ਦਾ ਕੰਮ ਕਿਵੇਂ ਕਰਦੀ ਹੋ ? ਆਪ ਨੂੰ ਦੇਖ ਕੇ ਮੇਰੇ ਵਰਗਿਆਂ ਦੀ ਸਾਹਿਤ 'ਚ ਰੁਚੀ ਲੈਣ ਦੀ ਹਿੰਮਤ ਹੋਰ ਵੱਧਦੀ ਹੈ। ਭਗਵਾਨ ਆਪ ਦੀ ਇਸ ਸ਼ਕਤੀ ਨੂੰ ਬਣਾਏ ਰੱਖੇ - ਅੰਤਰਮਨੋਂ ਪ੍ਰਾਰਥਨਾ ਕਰਦੀ ਹਾਂ। 
ਕਮਲਾ ਘਟੌੜਾ 
(ਯੂ.ਕੇ.) 
*************************************************************************************
ਨਜ਼ਰ ਤੇ ਨਜ਼ਰੀਏ ਦਾ ਫ਼ਰਕ ਹੀ ਤਾਂ ਹੈ ਕਿ ਅੱਧਾ ਖਾਲੀ ਗਿਲਾਸ ਸਾਨੂੰ ਅੱਧਾ ਭਰਿਆ ਵੀ ਨਜ਼ਰ ਆ ਸਕਦਾ ਹੈ। ਆਪਣਾ ਰਾਬਤਾ ਉਸ ਫੁੱਲ ਨਾਲ ਨਹੀਂ ਸਗੋਂ ਓਸ ਰੁੱਖ ਨਾਲ ਬਣਾਓ ਜੋ ਕਿੰਨੇ ਹੀ ਮੌਸਮਾਂ ਨੂੰ ਝੱਲਦਾ ਹੋਇਆ ਸਾਡੇ 'ਤੇ ਫੁੱਲ ਵਰ੍ਹਾਉਂਦਾ ਰਹਿੰਦਾ ਹੈ। ਹਰ ਮੌਸਮ 'ਚ ਹਰ ਅਣਜਾਣ ਜਿਹੇ ਦਿਨ ਨੂੰ ਜਾਨਣ ਦੀ ਕੋਸ਼ਿਸ਼ ਕਰਦਿਆਂ ਖੁਦ - ਬ - ਖੁਦ ਆਪ ਦੇ ਤਜ਼ਰਬਿਆਂ ਦੇ ਖਜ਼ਾਨੇ ਭਰਦੇ ਰਹਿਣਗੇ। ਇਹਨਾਂ ਨੂੰ ਸ਼ਬਦੀ ਜਾਮਾ ਪੁਆ ਕੇ ਹਾਇਕੁ -ਲੋਕ ਨਾਲ ਸਾਂਝ ਬਣਾਈ ਰੱਖਣਾ। 

ਡਾ. ਹਰਦੀਪ ਕੌਰ ਸੰਧੂ 

ਨੋਟ: ਇਹ ਪੋਸਟ ਹੁਣ ਤੱਕ 51 ਵਾਰ ਪੜ੍ਹੀ ਗਈ।




26 Jun 2014

ਦੂਜਾ ਸਾਲ

ਅੱਜ ਹਾਇਕੁ -ਲੋਕ ਆਪਣਾ ਦੋ ਸਾਲਾਂ ਦਾ ਸ਼ਾਨਦਾਰ ਸਫ਼ਰ ਪੂਰਾ ਕਰ ਚੁੱਕਿਆ ਹੈ। ਨਵੇਂ -ਨਵੇਂ ਨਾਂ ਆ ਕੇ ਜੁੜਦੇ ਗਏ ਤੇ ਸਾਰਿਆਂ ਨੇ ਰਲ ਕੇ ਹਾਇਕੁ -ਲੋਕ ਵਿਹੜੇ ਵਗਦੇ ਠੰਢੇ -ਤੱਤੇ ਬੁੱਲਿਆਂ ਨੂੰ ਮਾਣਦਿਆਂ ਬਣਦਾ ਹੁੰਗਾਰਾ ਵੀ ਦਿੱਤਾ।ਅੱਜ ਤੱਕ ਹਾਇਕੁ-ਲੋਕ 45 ਦੇਸ਼ਾਂ 'ਚ ਪਹੁੰਚ ਚੁੱਕਾ ਹੈ ਤੇ ਇਸ ਨਾਲ਼ 48 ਦੇ ਕਰੀਬ ਰਚਨਾਕਾਰ ਜੁੜ ਚੁੱਕੇ ਹਨ। ਇਹ ਵੈਬ-ਰਸਾਲਾ ਪੰਜਾਬੀ ਹਾਇਕੁ ਦੇ ਨਾਲ਼-ਨਾਲ਼ ਹੋਰ ਜਪਾਨੀ ਕਾਵਿ ਸ਼ੈਲੀਆਂ ਜਿਵੇਂ ਕਿ ਹਾਇਗਾ, ਤਾਂਕਾ, ਸੇਦੋਕਾ, ਚੋਕਾ ਤੇ ਹੁਣ ਹਾਇਬਨ ਵੀ ਪ੍ਰਕਾਸ਼ਿਤ ਕਰਦਾ ਹੈ।  26 ਜੂਨ 2012 ਤੋਂ ਲੈ ਕੇ ਅੱਜ ਤੱਕ 396 ਪੋਸਟਾਂ 'ਚ 1004 ਹਾਇਕੁ, 51 ਹਾਇਗਾ, 98 ਤਾਂਕਾ, 51 ਸੇਦੋਕਾ , 17 ਚੋਕਾ ਤੇ 9 ਹਾਇਬਨ ਪ੍ਰਕਾਸ਼ਿਤ ਹੋ ਚੁੱਕੇ ਹਨ।ਵੱਖੋ -ਵੱਖਰੀਆਂ ਕਾਵਿ ਸ਼ੈਲੀਆਂ ਦਾ ਅਨੰਦ ਮਾਣਦੇ ਕੁਝ ਸਾਥੀ ਥੋੜਾ ਨਾਲ ਚੱਲੇ ਤੇ ਫੇਰ ਸਮੇਂ ਦੀ ਧੂੜ 'ਚ ਕਿਧਰੇ ਗੁਆਚ ਗਏ। ਬਹੁਤੇਰੇ ਸਾਥੀ ਹਾਇਕੁ -ਲੋਕ ਦੇ ਸੰਦਲੀ ਪੰਨਿਆਂ ਦੇ ਗੁਲਾਬੀ ਪਰਛਾਵਿਆਂ ਦੀ ਛਾਂ ਨੂੰ ਨਿਰੰਤਰ ਮਾਣਦੇ ਹਰ ਨਵੇਂ ਦਿਨ ਨੂੰ ਤੁਪਕਾ -ਤੁਪਕਾ ਕਰ ਕੇ ਪੀਂਦੇ ਰਹੇ।ਓਹਨਾਂ ਆਪਣੇ ਕੀਮਤੀ ਵਿਚਾਰਾਂ ਨੂੰ 1517 ਟਿੱਪਣੀਆਂ ਦੇ ਰੂਪ 'ਚ ਦਰਜ ਕਰਵਾਇਆ।ਸਾਡੇ ਬਹੁਤ ਹੀ ਸਤਿਕਾਰਯੋਗ ਲੇਖਕ ਦਿਲਜੋਧ ਸਿੰਘ ਜੀ ਦੇ ਨਾਂ ਦਾ ਖ਼ਾਸ ਜ਼ਿਕਰ ਕਰਨਾ ਬਣਦਾ ਹੈ ਜਿਹਨਾਂ ਨੇ ਹਾਇਕੁ -ਲੋਕ ਦੀ ਹਰ ਪੋਸਟ 'ਤੇ ਆਪਣੀ ਹਾਜ਼ਰੀ ਸ਼ਬਦੀ ਰੂਪ 'ਚ ਲਗਾਈ ਹੈ। ਪਰਦੇ ਪਿੱਛੇ ਕੰਮ ਕਰਨ ਵਾਲਿਆਂ 'ਚ ਦਵਿੰਦਰ ਭੈਣ ਜੀ ਅਤੇ ਹਿਮਾਂਸ਼ੂ ਜੀ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ ਜਿਨ੍ਹਾਂ ਦੇ ਸਹਿਯੋਗ ਤੋਂ ਬਿਨਾਂ ਹਾਇਕੁ-ਲੋਕ ਅਧੂਰਾ ਹੈ। 
ਹਾਇਕੁ -ਲੋਕ ਵਿਹੜੇ ਖਿਲਰੇ ਫੁੱਲਾਂ ਦੀ ਖੁਸ਼ਬੂ ਵਰਗੇ ਅਹਿਸਾਸਾਂ ਨੂੰ ਸਮੇਟ ਪਾਠਕਾਂ ਦੀ ਝੋਲੀ ਪਾਉਂਦਿਆਂ ਸਾਡੇ ਕੁਝ ਰਚਨਾਕਾਰਾਂ ਦੀ ਆਪਣੀ ਜ਼ੁਬਾਨੀ......

ਬੜੀ ਖੁਸ਼ੀ ਦੀ ਗੱਲ ਹੈ ਕਿ ਹਾਇਕੁ ਲੋਕ ਨੇ ਦੋ ਸਾਲ ਪੂਰੇ ਕਰ ਲਏ ਹਨ । ਇਹ ਹਰਦੀਪ ਕੌਰ ਦੀ ਮਿਹਨਤ ਅਤੇ ਲਗਨ  ਸਦਕਾ ਹੋ ਰਿਹਾ ਹੈ । ਕੁਝ ਲੇਖਕ ਜੋ ਸ਼ੁਰੂ ਵਿੱਚ ਨਾਲ ਜੁੜੇ ਸਨ ਅੱਗੇ ਪਿੱਛੇ ਹੋ ਗਏ ਹਨ । ਬੜਾ ਸੋਹਣਾ ਲਿਖਦੇ ਸਨ । ਸ਼ਾਇਦ ਤੇਜ ਕਦਮਾਂ ਨਾਲ ਅੱਗੇ ਨਿਕਲ ਗਏ ਹਨ ਜਾਂ ਕੁਝ ਹੌਲੀ ਚੱਲ ਕੇ ਥੋੜਾ ਪਿੱਛੇ ਹੋ ਗਏ ਹਨ ,ਪਰ ਯਾਦ ਜ਼ਰੂਰ ਆਉਂਦੇ ਹਨ । ਲਾਈਏ ਤਾਂ ਤੋੜ ਨਿਭਾਈਏ , ਇੰਨੇ ਨਿਰਮੋਹੀ ਨਾ ਬਣੀਏ। ਹਾਇਕੁ ਲੋਕ ਪੜ੍ਹਨ  ਵਾਲਿਆਂ ਦੀ ਗਿਣਤੀ ਥੋੜੀ ਘੱਟ ਨਜ਼ਰ ਆਉਂਦੀ ਹੈ । ਜਦੋਂ ਕਿਸੇ ਨੂੰ ਆਵਾਜ਼ ਮਾਰੋ ਤਾਂ ਓਹ ਪਿੱਛੇ ਮੁੜ ਕੇ ਜ਼ਰੂਰ ਦੇਖਦਾ ਹੈ । ਹੋ ਸਕਦਾ ਹੈ ਉੱਚੀ ਆਵਾਜ਼ ਮਾਰਨ ਨਾਲ ਰਿਸ਼ਤਿਆਂ ਦਾ ਘੇਰਾ ਹੋਰ ਵੱਡਾ ਹੋ ਜਾਏ ।

ਦਿਲਜੋਧ ਸਿੰਘ
ਨਵੀਂ ਦਿੱਲੀ -ਯੂ. ਐਸ. ਏ.
                                                      *******
ਹਰ ਪਲ ਨੂੰ ਮਾਨਣਾ, ਨਿੱਕੀਆਂ-ਨਿੱਕੀਆਂ ਖੁਸ਼ੀਆਂ ਸੰਗ ਝੋਲੀ ਭਰਨਾ ਤੇ ਝੋਲੀ 'ਚ ਲੁਕਾਈਆਂ ਖੁਸ਼ੀਆਂ ਵੰਡਣਾ ਹੈ ਜ਼ਿੰਦਗੀ।ਨਿੱਕਾ ਜਿਹਾ ਹਾਇਕੁ ਬਹੁਤ ਹੀ ਵਿਸ਼ਾਲ ਤੇ ਡੂੰਘਾ ਹੈ ਜਿਵੇਂ ਨਿੱਕਾ ਜਿਹਾ ਦਿਲ ਸਮੁੰਦਰੋਂ ਡੂੰਘਾ ਹੁੰਦਾ । ਦਿਲ ਦੀਆਂ ਕੋਈ ਨਹੀਂ ਜਾਣਦਾ, ਪਰ ਹਾਇਕੁ ਦੀ ਡੁੰਘਾਈ ਮਾਪਦਾ ਤੈਰਾਕ ( ਪਾਠਕ ) ਤੇ ਇਸ ਵਿਸ਼ਾਲ ਹਾਇਕੁ - ਲੋਕ ਦੇ ਨੀਲੇ ਅੰਬਰਾਂ  'ਚ ਉਡਾਰੀਆਂ ਲਾਉਂਦਾ ਮਨ ਪੰਛੀ ਸੂਖਮ ਅਹਿਸਾਸਾਂ  ਦਾ ਅਨੰਦ ਮਾਣਦਾ ।
ਮੈਂ ਅਗਸਤ 2012 ਤੋਂ ਹਾਇਕੁ - ਲੋਕ ਵੈਬ ਰਸਾਲੇ ਨਾਲ ਜੁੜਿਆ ਹੋਇਆ ਹਾਂ , ਮੈਨੂੰ ਮਾਣ ਹੈ ਕਿ ਮੈਂ ਵੀ ਹਾਇਕੁ - ਲੋਕ ਪਰਿਵਾਰ ਦਾ ਹਿੱਸਾ ਹਾਂ । ਮੈਂ ਅਰਦਾਸ ਕਰਦਾ ਕਿ ਹਾਇਕੁ - ਲੋਕ ਵੈਬ ਰਸਾਲੇ ਦੀ ਉਮਰ ਲੰਮੇਰੀ ਹੋਵੇ, ਵਾਹਿਗੁਰੂ ਸਾਡੀਆਂ ਆਸਾਂ ਨੂੰ ਫਲ਼ ਲਾਵੇ ਅਤੇ ਮਿਹਨਤਾਂ ਰੰਗ ਲਿਆਓਣ, ਆਮੀਨ।
ਬਾਜਵਾ ਸੁਖਵਿੰਦਰ
ਪਿੰਡ-ਮਹਿਮਦ ਪੁਰ
ਜ਼ਿਲਾ-ਪਟਿਆਲਾ
                                                      *******
ਦੋ ਸਾਲ ਹੋਏ ਇੱਕ ਦਿਮਾਗ ਨੇ ਕੁਝ ਨਵਾਂ ਸਿਰਜਨ ਦਾ ਸੁਪਨਾ ਲਿਆ। ਆਪਣਾ ਸੁਪਨਾ ਸਾਕਾਰ ਕਰਨ ਲਈ ਉਹ ਇਕੱਲੇ ਹੀ ਤੁਰ ਪਏ।ਫਿਰ ਕੀ ਸੀ "ਸਾਥੀ ਆਤੇ ਗਏ ਔਰ ਕਾਫਲਾ ਬਨਤਾ ਗਿਆ"। ਉਸ ਵੇਲੇ ਜੋ ਇਕ ਬੀਜ ਬੀਜਿਆ ਸੀ ਉਹ ਇੱਕ ਫੁੱਲਵਾੜੀ ਦਾ ਰੂਪ ਧਾਰ ਗਿਆ ਹੈ।ਜਿਸ ਵਿੱਚ ਸਾਰੀ ਦੁਨੀਆਂ ਦੇ ਫੁੱਲਾਂ ਦੀ ਮਹਿਕ ਸਮਾ ਗਈ ਹੈ।ਇਸ ਬਗੀਚੇ ਦੇ ਸਿਰਜਨਹਾਰ ਤੇ ਮਾਲੀ ਡਾ: ਹਰਦੀਪ ਕੌਰ ਸੰਧੂ ਜੀ ਨਿਰਸੰਦੇਹ ਵਧਾਈ ਦੇ ਪਾਤਰ ਹਨ।
ਮੈਂ ਕਦੀ ਲਿਖਿਆ ਸੀ ਕਿ:-
"ਪੈਰ ਪੁੱਟ ਤਾਂ ਸਹੀ
ਕਈ ਮਿਲਣਗੇ ਆ "
ਮੈਂ ਬੇਹੱਦ ਖੁਸ਼ ਹਾਂ ਕਿ ਅੱਜ ਸਾਡੇ ਨਾਲ਼ ਕਈ ਸਾਥੀ ਆ ਮਿਲੇ ਹਨ।ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਸਾਡਾ ਇਹ ਹਾਇਕੁ-ਲੋਕ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੇ। 
ਇੰਜ: ਜੋਗਿੰਦਰ ਸਿੰਘ "ਥਿੰਦ"
(ਅੰਮ੍ਰਿਤਸਰ-ਸਿਡਨੀ) 
                                                     *******
ਅੱਜ ਹਾਇਕੁ -ਲੋਕ ਨੂੰ ਆਰੰਭਿਆਂ ਦੋ ਸਾਲ ਬੀਤ ਚੁੱਕੇ ਹਨ। ਡਾ. ਹਰਦੀਪ ਇਸ ਕਾਰਜ ਲਈ ਵਧਾਈ ਦੀ ਹੱਕਦਾਰ ਹੈ। ਉਸ ਦੀ ਵਿਦਵਤਾ ਅਤੇ ਭਰਪੂਰ ਕੋਸ਼ਿਸ਼ਾਂ ਸਦਕਾ ਹਾਇਕੁ -ਲੋਕ ਇੱਕ ਸਿਰਕੱਢ ਬਲਾਗ ਦੇ ਰੂਪ 'ਚ ਰੌਸ਼ਨ ਹੈ। ਇਸ ਬਲਾਗ ਦੀ ਵਧੀਆ ਤਰਤੀਬ ਤੇ ਸੁੰਦਰ ਲੜੀ ਕਾਬਲੇ -ਤਾਰੀਫ਼ ਹੈ। ਹਾਇਕੁ ਤੋਂ ਤਾਂਕਾ ਤੇ ਹਾਇਬਨ ਤੱਕ ਦਾ ਸਫ਼ਰ ਸ਼ਾਨਦਾਰ ਹੈ। ਸਫ਼ਰ ਦੌਰਾਨ ਅਨੇਕਾਂ ਲੇਖਕਾਂ ਨੂੰ ਉਂਗਲੀ ਲਾ ਕੇ ਤੋਰਨਾ ਛੋਟੀ ਭੈਣ ਹਰਦੀਪ ਦੀ ਇੱਕ ਹੋਰ ਪ੍ਰਾਪਤੀ ਹੈ। ਸ਼ਾਲਾ ਇਹ ਮਾਣਯੋਗ ਬਲਾਗ ਬੁਲੰਦੀਆਂ ਨੂੰ ਛੂਹੇ। 

ਪ੍ਰੋ.ਦਵਿੰਦਰ ਕੌਰ ਸਿੱਧੂ
ਦੌਧਰ -ਮੋਗਾ 

                                                  *******
ਅੱਜ ਹਾਇਕੁ-ਲੋਕ ਨੇ ਆਪਣੇ ਦੋ ਸਾਲ ਪੂਰੇ ਕਰ ਲਏ ਹਨ।ਵੱਡੀ ਭੈਣ ਹਰਦੀਪ ਅਤੇ ਸਾਰੇ ਲੇਖਕ- ਪਾਠਕ ਵਧਾਈ ਦੇ ਪਾਤਰ ਹਨ। ਇਹ ਇੱਕ ਵਧੀਆ ਬਲਾਗ ਹੈ ਜੋ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰਦਾ ਹੈ।ਇਸ ਆਉਂਦੇ ਵਰ੍ਹੇ ਵੀ ਹਾਇਕੁ-ਲੋਕ ਇੰਝ ਹੀ ਵੱਧਦਾ-ਫੁੱਲਦਾ ਰਹੇ। 
ਵਰਿੰਦਰਜੀਤ ਸਿੰਘ ਬਰਾੜ 
(ਬਰਨਾਲਾ)
                                        *******

ਹਿੰਦੀ ਹਾਇਕੁ ਨੂੰ ਜੁਲਾਈ 'ਚ ਚਾਰ ਸਾਲ ਹੋ ਜਾਣਗੇ ਤੇ ਹਾਇਕੁ-ਲੋਕ ਹੁਣ ਤੀਸਰੇ ਵਰ੍ਹੇ 'ਚ ਪ੍ਰਵੇਸ਼ ਕਰ ਰਿਹਾ ਹੈ।  ਡਾ. ਹਰਦੀਪ ਸੰਧੂ ਨੇ ਜਿਵੇਂ ਹਿੰਦੀ ਹਾਇਕੁ ਨਾਲ਼ ਦੁਨੀਆਂ ਦੇ ਬਹੁਤੇਰੇ ਰਚਨਾਕਾਰਾਂ ਨੂੰ ਜੋੜਿਆ ਹੈ , ਇਸੇ ਤਰਾਂ ਹਾਇਕੁ-ਲੋਕ ਦੇ ਮਾਧਿਅਮ ਨਾਲ਼ ਪੰਜਾਬੀ ਹਾਇਕੁ ਨੂੰ ਨਵੀਂ ਦਿਸ਼ਾ ਦੇ ਨਾਲ਼-ਨਾਲ਼ ਗੁਣਾਤਮਕ ਤਬਦੀਲੀਆਂ ਕਰ ਕੇ ਪੰਜਾਬੀ ਹਾਇਕੁ, ਤਾਂਕਾ, ਸੇਦੋਕਾ ਤੇ ਹਾਇਬਨ ਵਰਗੀਆਂ ਨਵੀਆਂ ਜਪਾਨੀ ਕਾਵਿ ਸ਼ੈਲੀਆਂ ਨਾਲ਼ ਵੀ ਜੋੜਿਆ ਹੈ। ਦੋ ਸਾਲਾਂ 'ਚ 396 ਪੋਸਟਾਂ ਦਾ ਪ੍ਰਕਾਸ਼ਨ ਇਸ ਗੱਲ ਦੀ ਹਾਮੀ ਭਰਦਾ ਹੈ ਕਿ ਆਪ ਨੇ ਦੋ ਸਾਲਾਂ 'ਚ 396 ਦਿਨ ਹਾਇਕੁ-ਲੋਕ ਨੂੰ ਦਿੱਤੇ ਹਨ।ਦੂਸਰਿਆਂ ਦੀਆਂ ਲੱਤਾਂ ਖਿੱਚ ਕੇ ਸੁੱਟਣ ਵਾਲੇ ਲੋਕ ਸਾਹਿਤ ਵਿੱਚ ਬਹੁਤ ਮਿਲ ਜਾਣਗੇ, ਲੇਕਿਨ ਸਭ  ਨੂੰ ਨਾਲ ਲੈ ਕੇ ਚੱਲਣ ਵਾਲੇ ਤੇ ਉਦਾਰ ਚਿੱਤ ਅੱਜ ਕਿੰਨੇ ਹਨ ? ਸੱਚ ਮੁੱਚ ਬਹੁਤ ਘੱਟ ਹਨ। ਨੌਕਰੀ ਦੇ ਉਲਝੇਵੇਂ, ਘਰ-  ਪਰਿਵਾਰ ਦੀ ਜ਼ਿੰਮੇਵਾਰੀ ਨਿਭਾਉਂਦਿਆਂ , ਕਦੇ -ਕਦੇ ਸਿਹਤਯਾਬ ਨਾ ਹੁੰਦੇ ਹੋਏ ਵੀ ਹਾਇਕੁ ਵਿਧਾ ਬਾਰੇ ਸੋਚਣਾ ਤੇ ਕੁਝ ਨਾ ਕੁਝ ਨਵਾਂ ਕਰਨ ਦਾ ਜਜ਼ਬਾ ਸੰਧੂ ਜੀ ਵਿੱਚ ਮੌਜੂਦ ਹੈ। ਸਮੇਂ ਦੀ ਘਾਟ ਦਾ ਰੋਣਾ ਰੋਣ ਵਾਲੇ ਬਹੁਤ ਹਨ। ਪਰ  ਸਾਡੀ ਛੋਟੀ ਭੈਣ ਹਰਦੀਪ ਕਈ ਗੱਲਾਂ 'ਚ ਸਾਡੇ ਨਾਲੋਂ ਵੱਡੀ ਹੈ ਕਿਉਂਕਿ ਉਹ ਸਾਡੇ ਲਈ ਵੀ ਪ੍ਰੇਰਣਾ ਦਾ ਸਰੋਤ ਹੈ।  ਪੰਜਾਬੀ ਭਾਸ਼ਾ ਤੇ ਸਾਹਿਤ ਦੇ ਲਈ ਇਹ ਇੱਕ ਇਤਹਾਸਿਕ ਕੰਮ ਹੈ।  ਹਾਰਦਿਕ ਵਧਾਈ !
ਰਮੇਸ਼ਵਰ ਕੰਬੋਜ ਹਿਮਾਂਸ਼ੂ 
(ਨਵੀਂ  ਦਿੱਲੀ )
                                      *******

ਦੋ ਸਾਲਾਂ ਦੇ ਸਫ਼ਰ ਦੌਰਾਨ ਆਈਆਂ ਔਖ -ਸੌਖ ਦੀਆਂ ਘੜੀਆਂ ਹਾਇਕੁ -ਲੋਕ ਪਰਿਵਾਰ ਨੇ ਰਲ -ਮਿਲ ਕੇ ਹੰਢਾਈਆਂ ਤੇ ਹਾਇਕੁ -ਲੋਕ ਦੇ ਸਾਂਝੇ ਵਿਹੜੇ 'ਚ ਖੁਸ਼ਬੋ ਬਣ ਕੇ ਫੈਲੇ।ਨਵੀਆਂ ਤੰਦਾਂ ਜੁੜੀਆਂ ਤੇ ਸਾਰਿਆਂ ਦੇ ਰਲਵੇਂ ਹੁੰਗਾਰਿਆਂ ਦੇ ਨਾਲ ਹੀ ਇੱਥੇ ਰੋਣਕਾਂ ਲੱਗੀਆਂ .....ਇਹ ਰੌਣਕਾਂ ਸਦਾ ਇੰਝ ਹੀ ਲੱਗਦੀਆਂ ਰਹਿਣ ਬੱਸ ਇਹੋ ਦੁਆ ਹੈ। 
ਸੂਹਾ ਸਵੇਰਾ 
ਨਿੱਤ ਨਵਾਂ ਸੂਰਜ 
ਰੰਗੇ ਬਨ੍ਹੇਰਾ। 

ਡਾ. ਹਰਦੀਪ ਕੌਰ ਸੰਧੂ
*******
ਨੋਟ: ਇਹ ਪੋਸਟ ਹੁਣ ਤੱਕ 45 ਵਾਰ ਵੇਖੀ ਗਈ। 

26 Jun 2013

ਦੂਜੇ ਵਰ੍ਹੇ `ਚ ਪ੍ਰਵੇਸ਼ !

ਦੁਨੀਆਂ ਭਰ 'ਚ ਵਸਦੇ ਪੰਜਾਬੀਆਂ ਦੇ ਮਨਾਂ 'ਚ ਅਹਿਮ ਥਾਂ ਬਣਾ ਚੁੱਕਾ ਪੰਜਾਬੀ ਹਾਇਕੁ ਵੈਬ-ਰਸਾਲਾ 'ਹਾਇਕੁ-ਲੋਕ' ਆਪਣਾ ਇੱਕ ਵਰ੍ਹਾ ਪੂਰਾ ਕਰਕੇ ਦੂਜੇ ਵਰ੍ਹੇ 'ਚ ਪ੍ਰਵੇਸ਼ ਕਰ ਰਿਹਾ ਹੈ।ਅੱਜ  26 ਜੂਨ, 2013 ਨੂੰ ਇੱਕ ਸਾਲ ਪੂਰਾ ਹੋ ਜਾਵੇਗਾ-ਜਦੋਂ ਇਸ ਜੱਗ ਤ੍ਰਿੰਝਣ ਦੇ 'ਇੰਟਰਨੈਟ' ਨਾਂ ਦੇ ਪਿੰਡ 'ਚ ਬੁੱਢੇ ਬੋਹੜ ਵਾਲ਼ੇ ਚੌਂਕ ਨੂੰ ਟੱਪ ਕੇ ਸਾਂਝੀ ਬੀਹੀ ਵੜਦਿਆਂ ਹੀ ਵੱਡੇ ਦਰਵਾਜ਼ੇ ਦੇ ਕੋਲ਼ ਛੱਤੇ ਖੂਹ ਦੇ ਐਨ ਸਾਹਮਣੇ ਮੋਕਲ਼ੇ ਵਿਹੜੇ ਵਾਲ਼ਾ 'ਹਾਇਕੁ-ਲੋਕ' ਨਾਂ ਦਾ ਇੱਕ ਛੋਟਾ ਜਿਹਾ ਘਰ ਵਸਿਆ ਸੀ ।



ਓਦਣ ਇਸ ਘਰ 'ਚ ਸਿਰਫ਼ ਚਾਰ ਜੀਅ ਸਨ ਤੇ ਸੁੱਖ ਨਾਲ਼ ਅੱਜ ਇਹ ਘਰ 'ਵੱਡੇ ਲਾਣੇ ਕਿਆਂ ' ਦਾ ਅਖਵਾਉਂਦਾ ਹੈ ਕਿਉਂ ਜੋ ਹੁਣ ਘਰ ਦੇ 32 ਜੀਅ ਹੋ ਗਏ ਨੇ ਤੇ ਪ੍ਰਾਹੁਣੇ ਵੀ ਆਏ ਰਹਿੰਦੇ ਨੇ। ਇਹ ਵਾਧਾ ਅਜੇ ਜਾਰੀ ਹੈ।ਟੱਬਰ ਦੇ ਸਾਰੇ ਜੀਅ ਬਹੁਤ ਹੀ ਵਧੀਆ ਨੇ, ਉੱਚੀ-ਸੁੱਚੀ ਤੇ ਸੁੱਲਝੀ ਸੋਚ ਦੇ ਮਾਲਕ। ਗਾਲੜੀ ਵੀ ਬੜੇ ਨੇ । ਘਰ ਦੇ ਵਿਹੜੇ ਗੱਲਾਂ ਦਾ ਤੰਦੂਰ ਭੱਖਦਾ ਹੀ ਰਹਿੰਦਾ। ਇਸ ਸਾਂਝੇ ਤੰਦੂਰ 'ਤੇ ਅੱਜ ਤੱਕ 30 ਦੇਸ਼ਾਂ ਤੋਂ ਸਾਰੇ ਰਲ਼ ਕੇ ਹੁਣ ਤੱਕ 240 (ਪੋਸਟਾਂ) ਵਾਰੀਆਂ 'ਚ 770 ਤੰਦੂਰੀ ਰੋਟੀਆਂ (ਹਾਇਕੁ) ਲਾਹ ਚੁੱਕੇ ਨੇ। 
                  ਜੇ ਭਾਰਤ ਦੀ ਗੱਲ ਕਰੀਏ ਤਾਂ ਇੱਥੇ ਪੰਜਾਬ ਤੋਂ ਇਲਾਵਾ ਹਰਿਆਣਾ,ਜੰਮੂ ਤੇ ਕਸ਼ਮੀਰ,ਰਾਜਸਥਾਨ, ਗੁਜਰਾਤ, ਉੱਤਰ ਪ੍ਰਦੇਸ਼,ਮੱਧ ਪ੍ਰਦੇਸ਼, ਮਹਾਰਾਸ਼ਟਰ,ਉੜੀਸਾ,ਤਾਮਿਲਨਾਡੂ, ਕਰਨਾਟਕ,ਬਿਹਾਰ,ਅਸਾਮ, ਪੱਛਮੀ ਬੰਗਾਲ, ਕੇਰਲ ਤੋਂ ਆ ਕੇ ਲੋਕਾਂ ਨੇ ਇਸ ਘਰ ਦੇ ਛਾਬੇ ਦੀਆਂ ਰੋਟੀਆਂ (ਹਾਇਕੁ) ਦਾ ਸੁਆਦ ਮਾਣਿਆ। ਇਸ ਨੂੰ ਹੋਰ ਸੁਆਦਲਾ ਬਨਾਉਣ ਲਈ ਨਾਲ਼-ਨਾਲ਼ ਸੁਆਦਲੀਆਂ ਭਾਜੀਆਂ (ਤਾਂਕਾ,ਚੋਕਾ ਤੇ ਹਾਇਗਾ) ਵੀ ਪਰੋਸੀਆਂ ਜਾਂਦੀਆਂ ਨੇ। ਘਰ ਦੇ ਵਿਹੜੇ 'ਚ ਪਿਆ ਪਾਣੀ ਵਾਲ਼ਾ ਘੜਾ (ਟਿੱਪਣੀ ਵਾਲ਼ਾ ਖਾਨਾ) ਵੀ ਕਦੇ ਸੱਖਣਾ ਨਹੀਂ ਹੁੰਦਾ। 951 ਟਿੱਪਣੀਆਂ ਇਸ ਗੱਲ ਦੀ ਗਵਾਹੀ ਭਰਦੀਆਂ ਨੇ। 
      ਪਹਿਲਾ ਵਰ੍ਹਾ ਭਾਵੇਂ ਚੁਣੌਤੀਆਂ ਭਰਿਆ ਰਿਹਾ ਪਰ ਕਾਮਯਾਬੀਆਂ ਦੇ ਰਾਹ ਵੀ ਬਣਦੇ ਗਏ । ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਏਸ ਘਰ ਨੇ ਹੁਣ ਤੱਕ 16 760 ਰਾਹਗੀਰਾਂ (ਯੂਨੀਕ ਵਿਜ਼ਿਟਰ) ਦੀ ਮਹਿਮਾਨ ਨਿਵਾਜ਼ੀ ਭੁਗਤਾਈ ਹੈ। 
     ਸਾਡੇ ਕੁਝ ਸੁਹਿਰਦ ਲੇਖਕਾਂ/ ਪਾਠਕਾਂ ਜਿੰਨ੍ਹਾਂ ਆਪਣੇ ਕੀਮਤੀ ਵਕਤ 'ਚੋਂ ਵਕਤ ਕੱਢ ਹਾਇਕੁ-ਲੋਕ ਲੇਖੇ ਲਾਇਆ ਤੇ ਆਪਣੇ ਅਮੁੱਲੇ ਵਿਚਾਰਾਂ ਨਾਲ਼ ਹਾਇਕੁ-ਲੋਕ ਨੂੰ ਹੁਲਾਰਾ ਦਿੱਤਾ ਦਾ ਜ਼ਿਕਰ ਕਰਨਾ ਜ਼ਰੂਰ ਬਣਦਾ ਹੈ। ਇਹ ਨਾਂ ਹਨ- ਦਿਲਜੋਧ ਸਿੰਘ, ਜੋਗਿੰਦਰ ਸਿੰਘ ਥਿੰਧ, ਰਾਮੇਸ਼ਵਰ ਕੰਬੋਜ ਹਿੰਮਾਂਸ਼ੂ, ਵਰਿੰਦਰਜੀਤ ਸਿੰਘ, ਪ੍ਰੋ. ਦਵਿੰਦਰ ਕੌਰ ਸਿੱਧੂ, ਭੂਪਿੰਦਰ ਸਿੰਘ, ਗੁਰਸੇਵਕ ਸਿੰਘ ਧੌਲਾ। ਪਰਦੇ ਪਿੱਛੇ ਰਹਿ ਕੇ ਹੁਲਾਰਾ ਦੇਣ ਵਾਲ਼ੇ ਨੇ- ਡਾ. ਸ਼ਿਆਮ ਸੁੰਦਰ ਦੀਪਤੀ, ਸ਼ਿਆਮ ਸੁੰਦਰ ਅਗਰਵਾਲ਼, ਜਨਮੇਜਾ ਸਿੰਘ ਜੌਹਲ, ਡਾ. ਭਗਵਤ ਸ਼ਰਣ ਅਗਰਵਾਲ਼, ਡਾ. ਸੁਧਾ ਗੁਪਤਾ,ਡਾ. ਸਤੀਸ਼ਰਾਜ ਪੁਸ਼ਕਰਣਾ। ਜ਼ਿੰਦਗੀ ਦੇ ਰੁਝੇਵਿਆਂ ਕਾਰਨ ਭਾਵੇਂ ਬਾਕੀ ਦੇ ਸਾਥੀ ਕਦੇ-ਕਦੇ ਹੀ ਹਾਜ਼ਰੀ ਭਰਦੇ ਰਹੇ ਪਰ ਇਸ ਵਿਹੜੇ ਨੇ ਉਨ੍ਹਾਂ ਨੂੰ ਨਿੱਤ ਯਾਦ ਕੀਤਾ।ਉਨ੍ਹਾਂ ਬਿਨਾਂ ਘਰ ਸੁੰਨਾ ਲੱਗਦਾ ਹੈ। 

ਸੁੰਨਾ ਵਿਹੜਾ
ਉਡੀਕਣ ਅੱਖੀਆਂ
ਘਰ ਦੇ ਜੀਅ ।
ਸਮੇਂ -ਸਮੇਂ 'ਤੇ ਏਸ ਘਰ ਚਿੱਠੀਆਂ ਰਾਹੀਂ ਸੁੱਖ -ਸੁਨੇਹੇ ਵੀ ਆਉਂਦੇ ਰਹੇ ਜੋ ਚਿੱਠੀਨਾਮੇ 'ਚ ਸਾਂਭੇ ਪਏ ਨੇ।

ਪੜ੍ਹ ਕੇ ਚਿੱਠੀ
ਦੂਰ ਵਸੇਂਦੇ ਸਾਥੀ
ਲੱਗਦੇ ਨੇੜੇ ।

          ਆਸ ਕਰਦੇ ਹਾਂ ਕਿ ਅਗਲੇ ਵਰ੍ਹੇ ਅਸੀਂ ਪਹਿਲਾਂ ਵਾਂਗ ਹੀ ਮੋਹ ਤੰਦਾਂ ਜੋੜਦੇ ਹੋਏ ਅੱਗੇ ਵੱਧਦੇ ਜਾਵਾਂਗੇ। 

ਲਿਖਤਮ: 
ਹਾਇਕੁ ਲੋਕ ਮੰਚ 
ਨੋਟ: ਇਹ ਪੋਸਟ ਹੁਣ ਤੱਕ 98 ਵਾਰ ਖੋਲ੍ਹ ਕੇ ਪੜ੍ਹੀ ਗਈ।