ਅੱਜ ਮੈਂ ਸਵੇਰੇ ਆਪਣੇ ਕੰਮ 'ਤੇ ਪਹੁੰਚੀ ਤੇ ਟੀ ਬਰੇਕ ਦੌਰਾਨ ਹੋਈ ਅਸੀਂ ਸਭ ਭੈਣਾਂ ਇਕੱਠੀਆਂ ਹੋ ਕੇ ਚਾਹ ਦੇ ਨਾਲ ਨਾਲ ਗੱਲਾਂ 'ਚ ਵੀ ਰੁਝੀਆਂ ਰਹੀਆਂ ।ਅਚਾਨਕ ਕਿਸੇ ਨੇ ਮੈਨੂੰ ਬਹੁਤ ਹੀ ਪਿਆਰ ਨਾਲ ਇੱਕ ਗੁਲਾਬ ਦਾ ਫੁੱਲ ਭੇਂਟ ਕੀਤਾ ।ਇਹ ਮੇਰੀ ਜ਼ਿੰਦਗੀ ਦਾ ਪਹਿਲਾ ਫੁੱਲ ਹੈ ਜੋ ਮੈਂ ਬਹੁਤ ਹੀ ਖੁਸ਼ੀ ਖੁਸ਼ੀ ਸਵੀਕਾਰ ਕੀਤਾ । ਜਿਸ ਦੇ ਵਿੱਚ ਪਿਆਰ,ਅਪਣੱਤ,ਫਿਕਰ ਤੇ ਲੱਖਾਂ ਕਰੋੜਾਂ ਅਸੀਸਾਂ ਛੁਪੀਆ ਸਨ। ਫ਼ੁੱਲ ਦੇਣ ਵਾਲ਼ੇ ਮੇਰੀ ਮਾਤਾ ਜੀ ਦੇ ਉਮਰ ਦੇ ਨੇ ਪਰ ਸਾਰੇ ਉਹਨਾਂ ਨੂੰ ਵੱਡੇ ਭੈਣ ਜੀ ਕਹਿੰਦੇ ਹਨ । ਸੋ ਮੈਂ ਉਹਨਾਂ ਨੁੰ ਪੁੱਛਿਆ ਕਿ ਭੈਣ ਜੀ ਤੁਹਾਡੇ ਦਿਲ 'ਚ ਕਿਵੇਂ ਆਇਆ ਕਿ ਰਾਜ ਨੂੰ ਫੁੱਲ ਦੇਣਾ। ਕਹਿੰਦੇ ਮੈਂ ਕਾਫੀ ਸਮੇਂ ਤੋਂ ਉਡੀਕ ਕਰ ਰਹੀ ਸੀ ਤੇਰੇ ਲਈ ਇਹ ਫੁੱਲ ਖਿੜਨ ਲਈ।
ਭੈਣ ਜੀ ਲਹਿੰਦੇ ਪੰਜਾਬ ਤੋਂ ਨੇ। ਕਹਿੰਦੇ ਪਤਾ ਨਹੀਂ ਮੇਰਾ ਕੀ ਰਿਸ਼ਤਾ ਤੇਰੇ ਨਾਲ। ਜਦੋਂ ਵੀ ਨਮਾਜ਼ ਕਰਦੀ ਹਾਂ ਅੱਲਾ ਤੋਂ ਦੁਆ ਮੰਗਦੀ ਹਾਂ ਤੇਰਾ ਮੁਸਕਰਾਉਂਦਾ ਚਿਹਰਾ ਨਜ਼ਰ ਆ ਜਾਂਦਾ ਤੇ ਤੇਰੇ ਲਈ ਦੁਆ ਮੰਗ ਲੈਂਦੀ ਹਾਂ। ਫਿਰ ਗਾਰਡਨ ਚ ਲੱਗੇ ਫੁੱਲਾਂ ਵੱਲ ਜਾਂਦੀ ਹੈ। ਕੰਡਿਆਂ ਨਾਲ ਭਰਿਆ ਫੁੱਲ ਫਿਰ ਵੀ ਖਿੜਿਆ ਦੇਖ ਤੂੰ ਯਾਦ ਆ ਜਾਂਦੀ ਹੈ। ਲੰਮੇ ਸਮੇਂ ਤੋਂ ਜਾਣਦੇ ਹੋਣ ਕਰਕੇ ਮੇਰੇ ਦੁੱਖਾਂ ਸੁੱਖਾਂ ਤੋਂ ਵਾਕਿਫ਼ ਹਨ । ਇਸੇ ਕਰਕੇ ਦਿਲ ਕੀਤਾ ਕਿ ਰਾਜ ਨੂੰ ਗੁਲਾਬ ਦਾ ਫੁੱਲ ਦਿਆਂ। ਉਹਨਾਂ ਦੇ ਪਿਆਰ ਦੀ ਮੈ ਰਿਣੀ ਹਾਂ । ਸੱਚ ਤਾਂ ਇਹ ਹੈ ਕਿ ਫੁੱਲ ਦੇ ਜ਼ਰੀਏ ਬਹੁਤ ਕੁਝ ਸਮਝਾ ਗਏ ਮੈਨੂੰ । ਮੇਰੇ ਕੋਲ ਸਾਰਾ ਦਿਨ ਰਿਹਾ ਗੁਲਾਬ ਦਾ ਫੁੱਲ। ਹੁਣ ਕੁਮਲਾ ਗਿਆ ਹੈ ਪਰ ਸੁਗੰਧ ਹਜੇ ਤੱਕ ਉਸੇ ਤਰਾਂ ਹੀ ਹੈ। ਸੋਚਦੀ ਰਹੀ ਇਹ ਟੁੱਟ ਕੇ ਸਾਨੂੰ ਮਹਿਕ ਦੇ ਸਕਦਾ ਫਿਰ ਅਸੀਂ ਮਨੁੱਖੀ ਜੀਵ ਹੋ ਕਿ ਵੀ ਗੰਧਲੇ ਫਿਰਦੇ ਹਾਂ ਕੁੜੱਤਣ, ਈਰਖਾ, ਫਰੇਬ,ਲਾਲਚ,ਵੈਰ ਵਿਰੋਧ ਨਾਲ ਕਿਉਂ ਭਰੇ ਹੋਏ ਹਾਂ।