ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

30 Jul 2015

ਸਾਉਣ ਝੜੀ (ਤਾਂਕਾ)

1.

ਧੁੰਦਲੀ ਸ਼ਾਮ
ਟਿਮਕਣ  ਬੱਤੀਆਂ
ਪਹਾੜੀ ਉੱਤੇ
ਜੁਗਨੂੰ ਦਾ ਭੁਲੇਖਾ
ਅਕਸਰ ਪਾਉਂਦੀ।

2.
ਬਿਨਾ ਐਨਕਾਂ
ਬਾਰੀ ਵਿਚੋਂ ਤੱਕਿਆ
ਰਾਤੀਂ  ਸ਼ਹਿਰ  
ਅਸ਼ਤਬਾਜ਼ੀ ਵਾਂਗੂੰ   
ਲਿਸ਼ਕੀਆਂ ਬੱਤੀਆਂ। 

3.
ਸਾਉਣ ਝੜੀ
ਪਾਣੀ ਦੀਆਂ ਘਰਾਲਾਂ
ਸਿਰੋਂ  ਨਿਕਲ
ਮੁਖੜੇ ਤੋਂ ਹੁੰਦੀਆਂ
ਕੁੜਤੀ 'ਚ ਵੜੀਆਂ। 

ਹਰਜਿੰਦਰ ਢੀਂਡਸਾ 
(ਕੈਨਬਰਾ )
ਨੋਟ: ਇਹ ਪੋਸਟ ਹੁਣ ਤੱਕ 73 ਵਾਰ ਪੜ੍ਹੀ ਗਈ।

29 Jul 2015

ਚਿੱਟਾ ਗੁਲਾਬ

ਡਾ. ਹਰਦੀਪ ਕੌਰ ਸੰਧੂ 
ਨੋਟ: ਇਹ ਪੋਸਟ ਹੁਣ ਤੱਕ 20 ਵਾਰ ਪੜ੍ਹੀ ਗਈ।

26 Jul 2015

ਪੱਤਝੜੀ 'ਵਾ

ਪੱਤਝੜੀ 'ਵਾ 
ਰੁੱਖੋਂ ਝੜਦੇ ਪੱਤੇ 
ਰੰਗ ਵਟਾ ਕੇ। 
ਸੁੰਨਾ ਰਸਤਾ 
ਬੁੱਲ੍ਹੇ ਸੰਗ ਉੱਡਣ 
ਮੈਪਲ ਪੱਤੇ। 

ਡਾ. ਹਰਦੀਪ ਕੌਰ ਸੰਧੂ 
ਨੋਟ: ਇਹ ਪੋਸਟ ਹੁਣ ਤੱਕ 59 ਵਾਰ ਪੜ੍ਹੀ ਗਈ।

25 Jul 2015

ਚਿੱਟੀ ਧਰਤੀ

1.

ਬੱਦਲਵਾਈ 
ਅਸਮਾਨੋ ਸੂਰਜ 
ਮਾਰੇ ਝਾਤੀਆਂ ।2.
ਠੰਡੀ ਜੁਲਾਈ 
ਗੜ੍ਹਿਆਂ  ਵਾਲਾ ਮੀਂਹ 
ਚਿੱਟੀ ਧਰਤੀ । 


ਹਰਜਿੰਦਰ ਢੀਂਡਸਾ
(ਕੈਨਬਰਾ)

ਨੋਟ: ਇਹ ਪੋਸਟ ਹੁਣ ਤੱਕ 34 ਵਾਰ ਪੜ੍ਹੀ ਗਈ।

22 Jul 2015

ਰਾਤ ਦੀ ਬੂੰਦ


ਇੱਕ ਲੰਮੀ ਚੁੱਪ ਤੋਂ ਬਾਦ ਇੱਕ ਵਾਰ ਫਿਰ .......

1.
ਖੜੋਤੀ ਝੀਲ
ਮੇਰੇ ਪੈਰਾਂ ਦੇ ਨਾਲ
ਚੱਲਦਾ ਚੰਨ
2.
ਧੁੱਪ ਨੇ ਪੀਤੀ
ਪੱਤਿਆਂ 'ਤੇ ਤਰਦੀ
ਰਾਤ ਦੀ ਬੂੰਦ


ਜਨਮੇਜਾ ਸਿੰਘ ਜੌਹਲ

ਨੋਟ: ਇਹ ਪੋਸਟ ਹੁਣ ਤੱਕ 50 ਵਾਰ ਪੜ੍ਹੀ ਗਈ।

20 Jul 2015

ਪਾਣੀ ਬਚਾਓ (ਚੋਕਾ)

ਛੱਪੜ ਸੁੱਕੇ
ਸਭੇ ਲੱਜਾਂ ਅਲੋਪ
ਭੌਣੀਆਂ ਖਾਲੀ
ਕੀਤਾ ਸਮੇਂ ਕਰੋਪ
ਢਾਬਾਂ ਸੁੱਕੀਆਂ 
ਸੁੱਕੇ ਨਾਲੇ ਨਿਕਾਸੂ
ਪਿਆਸੇ ਪਸ਼ੂ 
ਨਲਕੇ ਨੇ ਬੇ-ਦਮ
ਪੰਛੀ ਹੌਂਕਣ 
ਕਈਆਂ ਛੱਡੇ ਦਮ
ਖੇਤਾਂ ਦੀ ਰੂਹ
ਟਿੰਡਾਂ ਵੇਖੋ ਰੁਲਣ
ਢਠੇ ਨੇ ਖੂਹ
ਜੰਗਾਲੇ  ਨੇ ਪਾੜਛੇ
ਲੋਹਾ ਵਿੱਕਦਾ 
ਫਿਰ ਕੌਡੀਆਂ ਭਾਅ
ਵੰਡਾਂ ਪਾਈਆਂ
ਵੇਖੇ ਹੱਥੇਲੀ ਜੱਟ 
ਲੱਭਾ ਨਾ ਕੱਖ 
ਆਓ ਸਭ 'ਕੱਠੇ ਹੋ
ਕਰੋ ਵਿਚਾਰ
ਪਾਣੀ ਏ ਸਾਡੀ ਜਾਨ 
ਕਰੋ ਅਧਾਰ
ਜੇ ਗਿਆ ਵੇਲਾ ਲੰਘ  
ਫਿਰ ਭੁੱਜੇਗੀ ਭੰਗ। 

ਇਂਜ: ਜੋਗਿੰਦਰ ਸਿੰਘ ਥਿੰਦ 
(ਸਿਡਨੀ)

ਨੋਟ: ਇਹ ਪੋਸਟ ਹੁਣ ਤੱਕ 36 ਵਾਰ ਪੜ੍ਹੀ ਗਈ।

13 Jul 2015

ਓਦਰੇਵਾਂ

ਯੁੱਧ ਦੀ ਡਾਕੂਮੈਂਟਰੀ ਵੇਖਦਿਆਂ ਉਹ ਓਦਰੇਵੇਂ ਦੀ ਬੁੱਕਲ 'ਚ ਜਾ ਬੈਠੀ ਸੀ। ਚਿਹਰੇ 'ਤੇ ਉਦਾਸੀ ਦੇ ਪਰਛਾਵੇਂ ਛਾ ਗਏ , "....ਪਤਾ ਨਹੀਂ ਇਹ ਯੁੱਧ ਕਿਉਂ ਹੁੰਦੇ ਨੇ, ਕਿਸ ਦਾ ਭਲਾ ਹੋਇਆ ਹੈ ਅੱਜ ਤੱਕ ਯੁੱਧ ਨਾਲ ? ਅਮਨ ਦਾ ਪੰਛੀ ਪਤਾ ਨਹੀਂ ਕਿਹੜੇ ਅੰਬਰਾਂ ਨੂੰ ਉਡਾਰੀ ਮਾਰ ਗਿਆ, ਮੁੜ ਮੇਰੇ ਵਤਨੀਂ ਪਰਤਿਆ ਹੀ ਨਹੀਂ। ਮੇਰੇ ਵਤਨ ਸੁਡਾਨ ਦੇ ਲੱਖਾਂ ਲੋਕ ਬੇਘਰ ਹੋ ਗਏ। ਅਕਸਰ ਬੇਸਹਾਰਾ ਹੋਏ ਤੇ ਆਪਣਿਆਂ ਨੂੰ ਗੁਆ ਚੁੱਕੇ ਲੋਕ ਦਰ -ਬ -ਦਰ ਠੋਕਰਾਂ ਖਾਂਦੇ ਨੇ। ਫੇਰ ਸਹਾਰਿਆਂ ਨੂੰ ਤਲਾਸ਼ਦੇ ਅਣਜਾਣ ਰਾਹਾਂ 'ਤੇ ਤੁਰਦੇ ਅਣਜਾਣੀਆਂ ਥਾਂਵਾਂ ਵੱਲ ਚੱਲ ਪੈਂਦੇ ਨੇ।"
       ਅਚਾਨਕ ਡਰ ਤੇ ਪੀੜਾ ਉਸ ਦੀਆਂ ਅੱਖਾਂ ਰਾਹੀਂ ਵਹਿ ਤੁਰੀ, " ਮੈਂ ਤਾਂ ਜਨਮੀ ਹੀ ਯੁੱਧ 'ਚ ਸਾਂ। ਅਜਿਹੇ ਮਾਹੌਲ 'ਚ ਪਲਣਾ ਆਪਣੇ ਆਪ 'ਚ ਸਰਾਪ ਹੀ ਤਾਂ ਹੈ। ਓਹ ਚੰਦਰਾ ਦਿਨ ਕਿਵੇਂ ਭੁੱਲ ਸਕਦੀ ਹਾਂ, ਜਦੋਂ  ਹਵਾਈ ਫਾਇਰ ਕਰਕੇ  ਦਗੜ -ਦਗੜ ਕਰਦੇ ਫੌਜੀ ਸਾਨੂੰ ਘਰਾਂ 'ਚੋਂ ਕੱਢਣ ਲਈ ਆ ਧਮਕੇ ਸੀ। ਅਫਰੀਕਾ ਦੇ ਜੰਗਲਾਂ 'ਚ ਨੰਗੇ ਪੈਰੀਂ ਤੁਰਦਿਆਂ ਮੇਰੇ ਪੈਰ ਸੁੱਜ ਗਏ ਸਨ।  ਕਈ ਵਰ੍ਹੇ ਭਿਖਾਰੀਆਂ ਜਿਹਾ ਜੀਵਨ ਬੀਤਿਆ ਯੁਗਾਂਡਾ ਦੇ ਕੈਂਪਾਂ 'ਚ। ਜਿੱਥੇ ਆਪਣੇ ਸੰਗੀ ਸਾਥੀਆਂ ਨੂੰ  ਭੁੱਖ ਨਾਲ ਮਰਦੇ ਵੇਖਿਆ ਸੀ । ਰੰਗਲਾ ਬਚਪਨ ਤਾਂ ਮੈਨੂੰ ਕਿਤੇ ਮਿਲਿਆ ਹੀ ਨਹੀਂ। "
        ਫਿਰ ਉਸ ਦੀ ਸੋਚ ਦਾ ਪੰਛੀ ਕੈਂਪ ਦੇ ਉਸ ਰੁੱਖ ਦੀ ਟਹਿਣੀ ਜਾ ਬੈਠਾ ਸੀ ਜਿਸ ਹੇਠ ਬੈਠ ਉਸ ਨੇ ਪਹਿਲੀ ਵਾਰ ਉਂਗਲਾਂ ਨਾਲ ਰੇਤੇ 'ਤੇ ਲਿਖਣਾ ਸਿੱਖਿਆ ਸੀ। ਅਣਗਿਣਤ ਸੱਖਣੇ ਤੇ ਮੁਰਝਾਏ ਪਲਾਂ 'ਚ ਜ਼ਿੰਦਗੀ ਨੇ ਕੁਝ ਰੰਗ ਭਰੇ ਤੇ ਕਿਸਮਤ ਉਸ ਨੂੰ ਸੱਤ ਸਮੁੰਦਰੋਂ ਪਾਰ ਲੈ ਆਈ। ਹੁਣ ਡਰ ਦੀ ਥਾਂ ਉਦਾਸੀ ਨੇ ਲੈ ਲਈ ਸੀ ਤੇ ਆਪਣੀ ਮਿੱਟੀ ਨੂੰ ਛੱਡਣ ਦਾ ਓਦਰੇਵਾਂ ਉਸ ਦੀਆਂ ਅੱਖਾਂ 'ਚੋਂ ਸਾਫ਼ ਝਲਕਦਾ ਸੀ। 

ਟੀ. ਵੀ. 'ਤੇ ਯੁੱਧ 
ਓਦਰੀਆਂ ਅੱਖੀਆਂ 
ਸਿੰਮਣ ਕੋਏ। 

ਡਾ. ਹਰਦੀਪ ਕੌਰ ਸੰਧੂ 

ਨੋਟ: ਇਹ ਪੋਸਟ ਹੁਣ ਤੱਕ 49 ਵਾਰ ਪੜ੍ਹੀ ਗਈ।
3 Jul 2015

ਕਾਹੀ ਦੇ ਫੁੱਲ

ਅੱਜ ਸਾਡੇ ਨਾਲ ਇੱਕ ਨਵਾਂ ਨਾਂ ਆ ਜੁੜਿਆ ਹੈ - ਬੁੱਧ ਸਿੰਘ ਚਿੱਤਰਕਾਰ। ਆਪ ਨਡਾਲੋਂ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਹਨ ਤੇ  ਸਕੂਲਾਂ ਵਿੱਚ ਡਰਾਇੰਗ ਅਧਿਆਪਕ ਵਜੋਂ ਸੇਵਾ ਮੁਕਤ ਹੋਏ ਹਨ। ਆਪ ਜੀ ਦਾ ਨਿੱਘਾ ਸੁਆਗਤ ਹੈ। 


1.
ਖੁੱਲ੍ਹੀ ਖਿੜਕੀ 
ਅੰਦਰ ਫੈਲ ਗਿਆ 
ਪੂਰਾ ਅੰਬਰ। 


2.
ਰਾਤ ਚਾਨਣੀ 
ਚਾਂਦੀ ਵਾਂਗ ਚਮਕੇ 
ਕਾਹੀ ਦੇ ਫੁੱਲ। 

ਬੁੱਧ ਸਿੰਘ ਚਿੱਤਰਕਾਰ
(ਹੁਸ਼ਿਆਰਪੁਰ) 

ਨੋਟ: ਇਹ ਪੋਸਟ ਹੁਣ ਤੱਕ 95 ਵਾਰ ਪੜ੍ਹੀ ਗਈ।