ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

Showing posts with label ਗੁਰਮੇਲ ਸਿੰਘ ਭੰਮਰਾ. Show all posts
Showing posts with label ਗੁਰਮੇਲ ਸਿੰਘ ਭੰਮਰਾ. Show all posts

25 Nov 2017

ਧਰਮ ਕਰਮ (ਕਹਾਣੀ)

ਸ਼ੇਰ ਸਿੰਘ, ਪੱਕਾ ਨਾਸਤਿਕ ਸੀ। ਉਹਦੀ ਪਤਨੀ ਸੁਰਜੀਤ ਕੌਰ ਦਾ ਧਰਮ ਵਿੱਚ ਵਿਸ਼ਵਾਸ ਤਾਂ ਸੀ ਲੇਕਿਨ ਸ਼ੇਰ ਸਿੰਘ ਉਸ ਨੂੰ ਸਿਰਫ ਗੁਰਦੁਆਰੇ ਜਾਣ ਤਕ ਹੀ ਇਜਾਜਤ ਦਿੰਦਾ ਸੀ। ਘਰ ਵਿੱਚ ਨਾ ਕਦੇ ਉਹਨਾਂ ਨੇ ਕਦੀ ਪਾਠ ਕਰਾਇਆ ਜਾਂ ਕੋਈ ਹੋਰ ਧਾਰਮਿਕ ਰਸਮ। ਇਸ ਦੇ ਉਲਟ ਉਹਨਾਂ ਦੀ ਗੁਆਂਢਣ ਬਿਸ਼ਨ ਕੌਰ ਆਪਣੇ ਘਰ ਵਿੱਚ ਕੋਈ ਨਾ ਕੋਈ ਧਾਰਮਿਕ ਰਸਮ ਕਰਵਾਉਂਦੀ ਰਹਿੰਦੀ।  ਗੁਰਦੁਆਰੇ ਲੰਗਰ ਵਿੱਚ ਕੰਮ ਕਰਦੀ ਤੇ ਕਦੇ ਸਾਧ ਸੰਗਤ ਦੇ ਜੋੜੇ ਸਾਫ ਕਰਦੀ। ਉਹਦੀਆਂ ਸਾਰੀਆਂ ਨੂੰਹਾਂ ਉਸ ਦੇ ਕਹਿਣੇ ਵਿੱਚ ਸਨ। ਸਾਰੀਆਂ ਜਨਾਨੀਆਂ ਉਹਦੀ ਬਹੁਤ ਇਜ਼ਤ ਕਰਦੀਆਂ ਸਨ। ਕਈ ਵਾਰੀ ਬਿਸ਼ਨ ਕੌਰ ਜਦ ਕਦੇ ਸ਼ੇਰ ਸਿੰਘ ਨੂੰ ਰਾਹ ਵਿਚ ਮਿਲਦੀ ਤਾਂ ਹਾਸੇ ਨਾਲ ਉਹਨੂੰ ਕਹਿ ਦਿੰਦੀ, " ਸ਼ੇਰ ਸਿਆਂਹ  ! ਕਦੇ ਤਾਂ ਕੋਈ ਧਰਮ ਕਰਮ ਦਾ ਕੰਮ ਕਰ ਲਿਆ ਕਰ, ਆਖ਼ਰ ਤਾਂ ਸਾਨੂੰ ਇੱਕ ਦਿਨ ਧਰਮ ਰਾਜ ਦੇ ਦਰਬਾਰ ਵਿਚ ਲੇਖਾ ਦੇਣਾ ਹੀ ਪਵੇਗਾ, ਕੀ ਮੂੰਹ ਲੈ ਕੇ ਜਾਵੇਂਗਾ ? " ਸ਼ੇਰ ਸਿੰਘ ਕਹਿੰਦਾ, "ਉਹ ਮਾਈ! ਧਰਮ ਰਾਜ ਕਿਹੜੇ ਪਲੈਨੇਟ 'ਤੇ ਬੈਠਾ? " ਬਿਸ਼ਨ ਕੌਰ ਵੀ ਹੱਸ ਪੈਂਦੀ। 
             ਇੱਕ ਦਿਨ ਅਖਬਾਰ ਪੜ੍ਹਦੇ ਪੜ੍ਹਦੇ ਸ਼ੇਰ ਸਿੰਘ ਦੀ ਨਜ਼ਰ ਇੱਕ ਦਸ ਗਿਆਰਾਂ ਸਾਲ ਦੀ ਲੜਕੀ ਦੀ ਫੋਟੋ 'ਤੇ ਪਈ ਜੋ ਬਹੁਤ ਦੇਰ ਤੋਂ ਕਿਡਨੀ ਦੀ ਮਰੀਜ਼ ਸੀ ਅਤੇ ਕਿਸੇ ਦੀ ਕਿਡਨੀ ਨਾ ਮਿਲਣ ਕਰਕੇ ਦੁਨੀਆਂ ਤੋਂ ਕੂਚ ਕਰ ਗਈ ਸੀ। ਸ਼ੇਰ ਸਿੰਘ ਉਸ ਮਾਸੂਮ ਕੁੜੀ ਦੀ ਫੋਟੋ ਵੱਲ ਦੇਖ ਕੇ ਉਦਾਸ ਹੋ ਗਿਆ। ਉਸੀ ਵਕਤ ਉਸ ਨੇ ਅੰਗਦਾਨ ਕਰਨ ਦਾ ਫੈਸਲਾ ਕਰ ਲਿਆ ਅਤੇ ਅੰਗ ਦਾਨ ਰਜਿਸਟਰ ਵਿੱਚ ਨਾਮ ਰਜਿਸਟਰ ਕਰਵਾ ਲਿਆ। ਜਦ ਘਰ ਆ ਕੇ ਉਸ ਨੇ ਪਤਨੀ ਨੂੰ ਦੱਸਿਆ ਤਾਂ ਉਹ ਗੁੱਸੇ ਹੋ ਗਈ ਕਿ ਇਹ ਕੰਮ ਤਾਂ ਧਰਮ ਦੇ ਖਿਲਾਫ ਹੈ।  ਦੁਨੀਆਂ ਛੱਡਣ ਵੇਲੇ ਸਰੀਰ ਪੂਰਾ ਹੋਣਾ ਚਾਹੀਦਾ ਹੈ। ਕੁਝ  ਦਿਨ ਗੁੱਸੇ ਰਾਜੀ ਰਹਿਣ ਤੋਂ ਬਾਅਦ ਗੱਲ ਆਈ ਗਈ ਹੋ ਗਈ। 
              ਇੱਕ ਦਿਨ ਸ਼ੇਰ ਸਿੰਘ ਆਪਣੀ ਕਾਰ 'ਚ ਕਿਤੋਂ ਆ ਰਿਹਾ ਸੀ ਕਿ ਰਸਤੇ ਵਿਚ ਗੁਰਦੁਆਰੇ ਤੋਂ ਬਾਹਰ ਨਿਕਲੀ ਬਿਸ਼ਨ ਕੌਰ ਦਿਖਾਈ ਦਿੱਤੀ। ਸ਼ੇਰ ਸਿੰਘ ਨੇ ਉਹਦੇ ਕੋਲ ਕਾਰ ਖੜੀ ਕਰ ਦਿੱਤੀ ਤੇ ਪੁੱਛਿਆ ਕਿ ਅਗਰ ਉਹਨੇ ਘਰ ਜਾਣਾ ਹੋਵੇ ਤਾਂ ਬੈਠ ਜਾਵੇ। ਬਿਸ਼ਨ ਕੌਰ ਬੋਲੀ, " ਸ਼ੇਰ ਸਿਆਂਹ ! ਆਹ ਤਾਂ ਤੇਰਾ ਭਲਾ ਹੋਵੇ, ਮੇਰੇ ਤਾਂ ਖਸਮਨਖਾਣੇ ਗੋਡੇ ਹੀ ਬਹੁਤ ਦੁਖਦੇ ਆ " ਅਤੇ ਉਹ ਗੱਡੀ ਵਿਚ ਬੈਠ ਗਈ। ਗੱਲਾਂ ਬਾਤਾਂ ਕਰਦੇ ਥੋੜੀ ਦੂਰ ਹੀ ਗਏ ਸਨ ਕਿ ਤੇਜ਼ ਆਉਂਦੀ ਇੱਕ ਗੱਡੀ ਸ਼ੇਰ ਸਿੰਘ ਦੀ ਗੱਡੀ ਵਿਚ ਲੱਗੀ। 
                          ਬੇਹੋਸ਼ ਹੋਇਆ ਸ਼ੇਰ ਸਿੰਘ ਹਸਪਤਾਲ ਵਿੱਚ ਪਿਆ ਸੀ ਕਿ ਇੱਕ ਦਮ ਯਮਰਾਜ ਨੇ ਆ ਕੇ ਉਸ ਨੂੰ ਬਾਹੋਂ ਫੜ ਲਿਆ। ਆਪਣੇ ਝੋਟੇ 'ਤੇ ਬਿਠਾਇਆ ਅਤੇ ਹਵਾ ਵਿਚ ਉਡਣ ਲੱਗਾ। ਅਗਲੇ ਪਲ ਉਹ ਧਰਮਰਾਜ ਦੇ ਦਰਬਾਰ ਵਿਚ ਖੜਾ ਸੀ। ਧਰਮ ਰਾਜ, ਚਿੱਤਰਗੁਪਤ ਨੂੰ ਬੋਲਿਆ, " ਚਿੱਤਰਗੁਪਤ ਜੀ, ਸ਼ੇਰ ਸਿੰਘ ਦਾ ਹਿਸਾਬ ਕਰਕੇ ਦੱਸੋ ਤਾਂ ਕੀ ਲਿਖਿਆ? "  ਚਿੱਤਰਗੁਪਤ ਨੇ ਕੁਝ ਟਾਈਪ ਕੀਤਾ ਅਤੇ ਕੰਪਿਊਟਰ ਪ੍ਰਿੰਟਰ ਵਿਚੋਂ ਇੱਕ ਬੜਾ ਪੇਪਰ ਕੱਢਿਆ ਅਤੇ ਧਰਮਰਾਜ ਨੂੰ ਫੜਾ ਦਿੱਤਾ।  ਕਾਫੀ ਦੇਰ ਸਟੱਡੀ ਕਰਨ ਤੋਂ ਬਾਅਦ ਧਰਮ ਰਾਜ ਜੀ ਸ਼ੇਰ ਸਿੰਘ ਵੱਲ  ਮੁਖ਼ਾਤਿਬ ਹੋ ਕੇ ਬੋਲੇ, " ਬਈ ਸ਼ੇਰ ਸਿਆਂਹ, ਬੇਸ਼ੱਕ  ਤੂੰ ਕਦੇ ਧਰਮ ਕਰਮ ਵਿੱਚ  ਹਿੱਸਾ ਨਹੀਂ ਲਿਆ ਲੇਕਿਨ ਤੇਰੇ ਅੰਗਦਾਨ ਨੇ ਪੰਜ ਲੋਕਾਂ ਨੂੰ ਜੀਵਨ ਦਾਨ ਦਿੱਤੀ ਹੈ। ਇਸ ਲਈ ਤੈਨੂੰ ਸਵਰਗ 'ਚ ਜਗ੍ਹਾ  ਦਿੱਤੀ ਜਾਂਦੀ ਹੈ।  " ਹੈਰਾਨ ਹੋਇਆ ਸ਼ੇਰ ਸਿੰਘ ਬਾਹਰ ਆਉਣ ਲੱਗਾ ਸੋਚ ਰਿਹਾ ਸੀ ਕਿ ਉਹ ਤਾਂ ਸਮਝਦਾ ਸੀ ਕਿ ਕਿਤੇ ਲੇਖਾ ਜੋਖਾ ਨਹੀਂ ਹੁੰਦਾ ਪਰ ਹੁਣ ਤਾਂ ਇਹ ਪ੍ਰਤੱਖ ਸੀ। ਉਹ ਬਾਹਰ ਜਾਣ ਹੀ ਲੱਗਾ ਸੀ ਕਿ ਇੱਕ ਜਮਰਾਜ ਬਿਸ਼ਨ ਕੌਰ ਨੂੰ ਫੜ ਕੇ ਲਿਆ ਰਿਹਾ ਸੀ। ਸ਼ੇਰ ਸਿੰਘ ਖੜਾ ਹੋ ਕੇ ਬਿਸ਼ਨ ਕੌਰ ਦੀ ਕਿਸਮਤ ਦੇਖਣ ਲੱਗ ਪਿਆ। 
                     ਧਰਮਰਾਜ ਕੁਝ ਕੜਕ ਕੇ ਬੋਲਿਆ, " ਏ ਬਿਸ਼ਨ ਕੌਰ, ਤੈਨੂੰ ਨਰਕਾਂ ਦੀ ਅੱਗ ਵਿੱਚ ਸੁੱਟਿਆ ਜਾਵੇਗਾ, ਕੁਝ  ਕਹਿਣਾ ਹੈ ਤਾਂ ਕਹਿ " ਬਿਸ਼ਨ ਕੌਰ ਡਰਦੀ ਡਰਦੀ ਬੋਲੀ, ਮਹਾਰਾਜ ! ਮੈਂ ਤਾਂ ਸਾਰੀ ਉਮਰ ਨਾਮ ਜਪਿਆ, ਗੁਰਦੁਆਰੇ ਵਿੱਚ ਸੇਵਾ ਕੀਤੀ, ਕਿੰਨੇ ਅਖੰਡਪਾਠ ਕਰਵਾਏ, ਫਿਰ ਮੈਨੂੰ ਇੰਨੀ ਸਜ਼ਾ ਕਿਓਂ ਜਦ ਕਿ ਸ਼ੇਰ ਸਿੰਘ ਨੇ ਕਦੇ ਗੁਰਦੁਆਰੇ ਵਲ ਮੂੰਹ ਹੀ ਨਹੀਂ ਕੀਤਾ।  ਫਿਰ ਵੀ  ਉਹ ਨੂੰ ਸਵਰਗਵਾਸ ਮਿਲ ਰਿਹਾ ਹੈ। " ਧਰਮ ਰਾਜ ਕ੍ਰੋਧ ਵਿਚ ਬੋਲਿਆ,  " ਤੂੰ ਕਿਸੇ ਨੂੰ ਜੀਵਨ ਦਾਨ ਤਾਂ ਕੀ ਦੇਣਾ ਸੀ, ਆਪਣੀਆਂ ਤਿੰਨਾਂ ਨੂੰਹਾਂ ਨੂੰ ਕੁੱਖ ਵਿੱਚ ਧੀਆਂ ਮਾਰਨ ਨੂੰ ਮਜ਼ਬੂਰ ਕੀਤਾ।  ਇਸ ਤੋਂ ਵੱਧ ਭੈੜਾ ਕੰਮ ਕੀ ਹੋ ਸਕਦਾ ਹੈ ? ਲੈ ਜਾਓ ਇਹਨੂੰ ਤੇ ਅਗਨ ਕੁੰਡ ਵਿਚ ਸੁੱਟ ਦਿਓ।  " ਚੀਖ ਚਿਹਾੜਾ ਪਾਉਂਦੀ ਬਿਸ਼ਨ ਕੌਰ ਅੱਖਾਂ ਤੋਂ ਉਹਲੇ ਹੋ ਗਈ। 
               ਸ਼ੇਰ ਸਿੰਘ ਦੀ ਅੱਖ ਖੁੱਲ ਗਈ, ਉਹ ਹਸਪਤਾਲ ਦੀ ਬੈਡ 'ਤੇ ਪਿਆ ਸੀ। ਉਹਦੇ ਕੋਲ ਉਹਦੀ ਪਤਨੀ ਸੁਰਜੀਤ ਕੌਰ ਅਤੇ ਸਾਰੇ ਮੁੰਡੇ ਕੁੜੀਆਂ ਖੜੇ ਸਨ। ਉਹਨਾਂ ਸਾਰਿਆਂ ਦੇ ਚੇਹਰੇ 'ਤੇ ਰੌਣਕ ਆ ਗਈ। ਸ਼ੇਰ ਸਿੰਘ ਹੈਰਾਨ ਹੋਇਆ ਆਲੇ ਦੁਆਲੇ ਦੇਖਣ ਲੱਗਾ ਤੇ  ਫਿਰ ਅਚਾਨਕ ਉੱਚੀ ਉੱਚੀ ਹੱਸਣ ਲੱਗ ਪਿਆ। 
ਗੁਰਮੇਲ ਸਿੰਘ ਭੰਵਰਾ 
ਯੂ ਕੇ 

ਲਿੰਕ 

16 Nov 2017

ਗੁਰਦਈ

      ਗੁਰਦਈ, ਮੁਹੱਲੇ ਦੀ ਰੌਣਕ ਹੁੰਦੀ ਸੀ। ਉਸ ਦੀ ਉਮਰ ਕਿੰਨੀ ਸੀ, ਕਿਸੇ ਨੂੰ ਸੋਚਣ ਦਾ ਖਿਆਲ ਹੀ ਨਹੀਂ ਆਇਆ ਸੀ। ਉਮਰ ਪੁੱਛ ਕੇ ਕੀ ਕਰਨਾ ਸੀ ? ਉਸ ਦੀਆਂ ਬਾਹਾਂ ਅਤੇ ਮੂੰਹ ਤੋਂ ਥੱਲੇ ਨੂੰ ਢਿਲਕਦਾ ਮਾਸ ਹੀ ਉਹਦਾ ਬਰਥ ਸਰਟੀਫੀਕੇਟ ਸੀ। ਗਰਮੀਆਂ ਨੂੰ ਉਹਦਾ ਮੰਜਾ ਨਿੰਮ ਦੇ ਦਰੱਖਤ ਥੱਲੇ ਹੁੰਦਾ ਸੀ ਅਤੇ ਸਰਦੀਆਂ ਨੂੰ ਉਹ ਗਲੀ ਵਿੱਚ ਹੀ ਬੈਠੀ ਧੁੱਪ ਸੇਕਦੀ ਹੁੰਦੀ ਸੀ। ਹਰ ਕੋਈ ਉਹਦੇ ਕੋਲ ਦੀ ਲੰਘਦਾ ਤਾਂ ਉਸ ਨੂੰ ਬੁਲਾ ਕੇ ਜਰੂਰ ਜਾਂਦਾ। ਗੁਰਦਈਏ ! ਕੋਈ ਗੱਲ ਸੁਣਾ ਦੇ ਚੋਂਦੀ ਚੋਂਦੀ।  ਅਕਸਰ ਬਜ਼ੁਰਗ ਵੀ ਉਹਨੂੰ ਕਹਿੰਦੇ। ਗੁਰਦਈ ਵੀ ਐਸਾ ਜਵਾਬ ਦਿੰਦੀ ਕਿ ਸਾਰੇ ਹੱਸ ਪੈਂਦੇ। ਛੋਕਰੇ ਤਾਂ ਉਹਨੂੰ ਹਮੇਸ਼ਾ ਇਹ ਹੀ ਕਹਿੰਦੇ, "ਓ ਮਾਈ, ਕੋਈ ਚੋਂਦੀ ਚੋਂਦੀ ਗਾਲ੍ਹ ਕੱਢ ਦੇ ਸਾਨੂੰ। ਸਾਡਾ ਦਿਨ ਸੋਹਣਾ ਲੰਘ ਜਾਊ।" ਗੁਰਦਈ ਵੀ ਇਹੋ ਜਿਹੀ ਗਾਲ੍ਹ ਕੱਢਦੀ ਕਿ ਸਾਰੇ ਉੱਚੀ ਉੱਚੀ ਹੱਸਣ ਲੱਗ ਪੈਂਦੇ,"ਹੈਹਾ ਵੇ ਤੁਹਾਡੇ ਪਿਓ ਦਾ.... । " ਐਸੀ ਗਾਲ੍ਹ ਕੱਢਦੀ ਕਿ ਉਥੇ ਬੈਠੀਆਂ ਹੋਰ ਬੁੜੀਆਂ ਵੀ ਉੱਚੀ ਉੱਚੀ ਹੱਸਣ ਲੱਗਦੀਆਂ। ਓ ਮਾਈ ! ਤੈਨੂੰ ਤਾਂ ਜਾਣ ਲੱਗੀ ਨੂੰ ਹੁਣ ਸੋਨੇ ਦੀ ਪੌੜੀ ਮਿਲਣੀ ਹੈ, ਅੱਗੇ ਵੀ ਤੈਨੂੰ ਸਵਰਗ ਵਿਚ ਸੋਨੇ ਦੇ ਮਹੱਲ ਮਿਲਣੇ ਆ। ਗੁਰਦਈ  ਮੁਸਕਰਾਉਣ ਲੱਗਦੀ। ਗੁਰਦਈ ਤੋਂ ਬਗੈਰ ਸਾਰਾ ਮੁਹੱਲਾ ਐਮੇਂ ਹੀ ਸੀ ਅਤੇ ਅੱਜ ਉਹ ਇਸ ਦੁਨੀਆਂ ਤੋਂ ਕੂਚ ਕਰ ਗਈ ਸੀ। ਉਹਦੀ ਅਰਥੀ ਨੂੰ ਹਰ ਕੋਈ ਮੋਢਾ ਦੇਣਾ ਚਾਹੁੰਦਾ ਸੀ। ਇਹ ਮੁਹੱਲਾ ਤਾਂ ਕੀ, ਸਾਰੇ ਪਿੰਡ ਦੇ ਲੋਕ ਉਹਦੀ ਅਰਥੀ ਨਾਲ ਸ਼ਮਸ਼ਾਨ ਘਾਟ ਗਏ ਸੀ। ਉਹਦੇ ਪੜੋਤੇ ਨਤਿਆਂ ਨੇ ਗੁਰਦਈ ਨੂੰ ਸੋਨੇ ਦੀ ਪੌੜੀ ਚੜ੍ਹਾਇਆ ਸੀ। 
             ਸ਼ਮਸ਼ਾਨ ਘਾਟ ਤੋਂ ਆਉਂਦੇ ਵਕਤ ਮੇਹਰ ਸਿੰਘ ਤੇ ਜਵਾਲਾ ਸਿੰਘ ਉਦਾਸ ਉਦਾਸ ਤੁਰੇ ਆਉਂਦੇ ਗੁਰਦਈ ਦੀਆਂ ਗੱਲਾਂ ਕਰਦੇ ਆ ਰਹੇ ਸੀ। ਜਵਾਲਾ ਸਿਆਂਹ ! ਬਈ ਦੇਖ ਲਾ ਗੁਰਦਈ ਕਿੰਨੇ ਜਿਗਰੇ ਵਾਲੀ ਔਰਤ ਸੀ।  ਹਰ ਵੇਲੇ ਹੱਸਦੀ ਮਖੌਲ ਕਰਦੀ ਰਹਿੰਦੀ ਸੀ। ਕਿੰਨਾ ਇਹਨੇ ਜ਼ਿੰਦਗੀ ਵਿਚ ਸਖਤ ਕੰਮ ਕੀਤਾ। ਕਿੰਨੇ ਦੁੱਖ ਉਠਾਏ। ਫਿਰ ਵੀ ਹਸੂੰ ਹਸੂੰ ਕਰਦੀ  ਰਹਿੰਦੀ।  ਮੇਹਰ ਸਿੰਘ ਬੋਲਿਆ। ਹਾਂ, ਮੇਹਰ ਸਿਆਂਹ ਗੁਰਦਈ ਵਰਗਾ ਮੁੜ ਕੇ ਨਹੀਂ ਹੋਣਾ। ਤਿੰਨ ਮੁੰਡੇ ਜੰਮ ਕੇ ਵਿਧਵਾ ਹੋ ਗਈ। ਆਦਮੀਆਂ ਦੀ ਤਰਾਂ ਖੇਤਾਂ ਵਿਚ ਕੰਮ ਕੀਤਾ। ਜੁਆਕ ਪਾਲ ਕੇ ਵਿਆਹੇ, ਪੋਤੇ ਹੋਏ ਤਾਂ ਖੂਨ ਖ਼ਰਾਬੇ ਵਿਚ ਪੁੱਤ ਮਰ ਗਏ। ਪੋਤੇ ਪਾਲਦੀ ਪਾਲਦੀ ਬੁੱਢੀ ਹੋ ਗਈ, ਪਰ ਖੇਤੀ ਫਿਰ ਭੀ ਉਸੇ ਜੋਸ਼ ਵਿਚ ਕਰਦੀ, ਪੋਤੇ ਵਿਆਹੇ, ਪੜੋਤੇ ਹੋ ਗਏ ਤਾਂ ਪੋਤੇ ਸ਼ਰਾਬ ਪੀ ਪੀ ਕੇ ਮਰ ਗਏ  ਪਰ ਪਤਾ ਨਹੀਂ ਗੁਰਦਈ ਕਿਹੜੀ ਮਿੱਟੀ ਦੀ ਬਣੀ ਹੋਈ ਸੀ ! ਅੱਜ ਇਹਦੇ ਪੜੋਤਿਆਂ ਨਤਿਆਂ ਨੇ ਦੇਖ ਲੈ ਘਰ ਨੂੰ ਕਿਥੇ ਤਕ ਪਹੁੰਚਾ ਦਿੱਤਾ ! ਘਰ ਵਿਚ ਬਹਾਰਾਂ ਲੱਗੀਆਂ ਹੋਈਆਂ, ਜਮੀਨ ਕਿੰਨੀ ਖਰੀਦ ਲਈ ! ਲੇਕਿਨ ਇੰਨੀ ਗੱਲ ਦੀ ਮੈਨੂੰ ਸਮਝ ਨਹੀਂ ਆਈ ਕਿ ਇਹਨੂੰ ਕਦੇ ਕਿਸੇ ਨੇ ਰੋਂਦਿਆਂ ਨਹੀਂ ਦੇਖਿਆ, ਹਮੇਸ਼ਾ ਹੱਸਦਿਆਂ ਹੀ ਦੇਖਿਆ। ਇੰਨੀ ਸ਼ਕਤੀ ਤਾਂ ਕਿਸੇ ਦੇਵੀ ਵਿਚ ਹੀ ਹੋ ਸਕਦੀ ਹੈ, ਜਵਾਲਾ ਸਿੰਘ ਬੋਲਿਆ। ਸੱਚੀ ਗੱਲ ਹੈ, ਮੇਹਰ ਸਿੰਘ ਬੋਲਿਆ, ਸੁਣਿਆ, ਇਹਦੇ ਪੜੋਤੇ ਨਤੇ ਗੁਰਦਈ ਦੇ ਨਾਮ ਤੇ ਜਠੇਰੇ ਬਣਾਉਣ ਲੱਗੇ ਹਨ। ਚਾਹੀਦਾ ਭੀ ਹੈ, ਅਤੇ ਗੁਰਦਈ ਦੀ ਸਾਰੀ ਜ਼ਿੰਦਗੀ ਦੀ ਜਦੋ ਜਹਿਦ ਨੂੰ ਇਹਨਾਂ ਜਠੇਰਿਆਂ ਦੀ ਜਗਾਹ ਤੇ ਲਿਖਣਾ ਚਾਹੀਦਾ ਹੈ ਤਾਂਕਿ ਆਉਣ ਵਾਲੀਆਂ ਪੀੜ੍ਹੀਆਂ ਸਬਕ ਸਿੱਖਣ। ਜਵਾਲਾ ਸਿੰਘ ਨੇ ਸਿਰ ਹਿਲਾ ਕੇ ਸਹਿਮਤੀ ਦਰਸਾਈ।  

ਗੁਰਮੇਲ ਸਿੰਘ ਭੰਮਰਾ 
ਨੋਟ : ਇਹ ਪੋਸਟ ਹੁਣ ਤੱਕ 50 ਵਾਰ ਪੜ੍ਹੀ ਗਈ ਹੈ। 


ਲਿੰਕ 

28 Oct 2017

ਪੱਕੀ ਜਗ੍ਹਾ (ਵਾਰਤਾ)

ਸਾਡੇ ਘਰ ਦੇ ਇੱਕ ਖੂੰਜੇ ਚ, ਇੱਕ ਗਮਲੇ ਵਿੱਚ ਮੇਰੀ ਪਤਨੀ ਨੇ ਮਨੀ ਪਲਾਂਟ ਨਾਂ ਦੀ ਇੱਕ ਵੇਲ ਉਗਾਈ ਹੋਈ ਹੈ ਜੋ ਕੋਈ ਬਾਰਾਂ ਚੌਦਾਂ ਫੁੱਟ ਲੰਬੀ ਹੋ ਗਈ ਹੈ ਘਰ 'ਚ ਲਾਏ ਹੋਰ ਤਰਾਂ ਤਰਾਂ ਦੇ ਪੌਦੇ ਵੀ ਨੇ ਪਰ ਇਹ ਮਨੀ ਪਲਾਂਟ ਜੋ ਕਾਫੀ ਸਾਲਾਂ ਤੋਂ ਇਸੇ ਖੂੰਜੇ ਵਿੱਚ ਪਿਆ ਹੈ। ਵੈਸੇ ਤਾਂ ਪਤਨੀ ਸਾਹਿਬਾਂ ਨੂੰ ਸਾਰੇ ਪੌਦਿਆਂ ਨਾਲ ਪਿਆਰ ਹੈ ਲੇਕਿਨ ਇਸ ਮਨੀ ਪਲਾਂਟ ਨਾਲ ਹਦੋਂ ਵੱਧ ਪਿਆਰ ਹੈ। ਕਦੀ ਕਦੀ ਉਹ ਸਵੇਰ ਨੂੰ ਇੱਕਲੇ ਇੱਕਲੇ ਪੱਤੇ ਨੂੰ ਟਿਸ਼ੂ ਪੇਪਰ ਨਾਲ ਸਾਫ ਕਰਦੀ ਹੈ ਤੇ ਪੱਤਿਆਂ ਨਾਲ ਗੱਲਾਂ ਵੀ  ਕਰਦੀ ਹੈ। ਇਹ ਪਲਾਂਟ ਕਾਫੀ ਸਾਲਾਂ ਤੋਂ ਘਰ ਦੇ ਇਸੇ ਖੂੰਜੇ ਵਿੱਚ ਹੀ ਰੱਖਿਆ ਹੋਇਆ ਹੈ। 
            ਇੱਕ ਦਿਨ ਪਤਨੀ ਦੇ ਮਨ ਵਿੱਚ ਕੋਈ ਵਿਚਾਰ ਆਇਆ ਕਿ ਕਿਓਂ ਨਾ ਉਹ ਇਸ ਨੂੰ ਚੁੱਕ ਕੇ ਖਿੜਕੀ ਦੇ ਕੋਲ ਰੱਖ ਦੇਵੇ ਤਾਂ ਕਿ ਇਸ ਨੂੰ ਖੁੱਲੀ ਰੋਸ਼ਨੀ ਮਿਲ ਸਕੇ। ਪਲਾਂਟ ਦੀ ਜਗਾਹ ਬਦਲ ਨੂੰ ਇੱਕ ਹਫਤਾ ਹੀ ਹੋਇਆ ਸੀ ਕਿ ਸਵੇਰ ਨੂੰ ਮਨੀ ਪਲਾਂਟ ਦਾ ਇੱਕ ਪੱਤਾ ਟੁੱਟ ਕੇ ਗਮਲੇ ਵਿਚ ਡਿੱਗਿਆ ਹੋਇਆ ਸੀ। ਪਤਨੀ ਨੇ ਪੱਤਾ ਚੁੱਕ ਕੇ ਕੂੜੇ ਵਾਲੇ ਬਿਨ ਵਿਚ ਸੁੱਟ ਦਿੱਤਾ। ਹੌਲੀ ਹੌਲੀ ਹਰ ਰੋਜ਼ ਪੱਤੇ ਝੜ ਕੇ ਡਿੱਗਣ ਲੱਗੇ। ਪਤਨੀ ਨੇ ਸੋਚਿਆ, ਸ਼ਾਇਦ ਪਲਾਂਟ ਨੂੰ ਫ਼ੂਡ ਦੀ ਲੋੜ ਹੈ। ਉਸ ਨੇ ਪਲਾਂਟ ਫ਼ੂਡ ਦੇ ਡਰੌਪ ਪਾਣੀ 'ਚ ਮਿਲਾ ਕੇ ਪਾਏ ਤੇ ਹਰ ਰੋਜ਼ ਪਾਣੀ ਦਾ ਵੀ ਖਿਆਲ ਰੱਖਿਆ ਲੇਕਿਨ ਕੋਈ ਫਰਕ ਨਹੀਂ ਪਿਆ।  ਪੱਤੇ ਦਿਨ-ਬ-ਦਿਨ ਝੜਨ ਲੱਗੇ। ਫਿਰ ਉਸ ਨੇ ਇੱਕ ਹੋਰ ਖਿੜਕੀ ਦੇ ਨਾਲ ਇਸ ਗਮਲੇ ਨੂੰ ਰੱਖ ਦਿੱਤਾ ਕਿਓਂਕਿ ਉਥੇ ਲਾਈਟ ਹੋਰ ਵੀ ਜ਼ਿਆਦਾ ਪੈਂਦੀ ਸੀ ਲੇਕਿਨ ਕੋਈ ਫਰਕ ਨਹੀਂ ਪਿਆ। ਪਤਨੀ ਬਹੁਤ ਬੇਚੈਨ ਰਹਿਣ ਲੱਗੀ। ਬਥੇਰੀ ਕੋਸ਼ਿਸ਼ ਕੀਤੀ ਲੇਕਿਨ ਇੱਕ ਦਿਨ ਆਇਆ ਜਦ ਸਾਰੇ ਪੱਤੇ ਝੜ ਗਏ। ਨਿਰਾਸ਼ ਹੋ ਕੇ ਪਤਨੀ ਨੇ ਪਲਾਂਟ ਨੂੰ ਗਮਲੇ ਵਿਚੋਂ ਕੱਢ ਕੇ ਬਾਹਰ ਗਾਰਡਨ ਵਿਚ ਸੁੱਟ ਦਿੱਤਾ। ਕੁਝ ਹਫਤੇ ਉਥੇ ਹੀ ਪਿਆ ਰਿਹਾ ਅਤੇ ਬਿਲਕੁਲ ਸੁੱਕ ਗਿਆ। ਇੱਕ ਦਿਨ ਫਿਰ ਪਤਨੀ ਨੂੰ ਪਤਾ ਨਹੀਂ ਕੀ ਸੁਝਿਆ, ਉਸ ਨੇ ਪਲਾਂਟ ਨੂੰ ਮੁੜ ਗਮਲੇ 'ਚ ਪਾ ਕੇ ਮਿੱਟੀ ਪਾਈ ਅਤੇ ਫਿਰ ਉਥੇ ਹੀ ਰੱਖ ਦਿੱਤਾ ਜਿਥੇ ਕਈ ਸਾਲਾਂ ਤੋਂ ਪਿਆ ਆਇਆ ਸੀ। ਪਤਨੀ ਪਲਾਂਟ ਫ਼ੂਡ ਅਤੇ ਪਾਣੀ ਲਗਾਤਾਰ ਪਾਉਂਦੀ ਰਹੀ। ਉਸ ਦੀ ਇੱਕ ਰੂਹ ਜਿਹੀ ਸੀ ਕਿ ਇਸ ਨੂੰ ਦੁਬਾਰਾ ਉਸੇ ਸ਼ਕਲ ਵਿਚ ਲਿਆਉਣਾ ਹੈ। 
           ਦੋ ਕੁ ਹਫਤੇ ਤੋਂ ਬਾਅਦ ਇੱਕ ਦਿਨ ਪਤਨੀ ਥੱਲੇ ਆਈ ਤੇ ਪਲਾਂਟ ਵਲ ਨੂੰ ਧਿਆਨ ਨਾਲ ਦੇਖਿਆ। ਦੋ ਹਰੀਆਂ ਹਰੀਆਂ ਪਤੀਆਂ ਪਤਨੀ ਵੱਲ ਝਾਕ ਰਹੀਆਂ ਸਨ। ਪਤਨੀ ਨੇ ਜ਼ੋਰ ਦੀ ਤਾਲੀ ਵਜਾਈ ਅਤੇ ਪਲਾਂਟ ਨਾਲ ਗੱਲਾਂ ਕਰਨ ਲੱਗੀ, " ਸੌਰੀ ! ਫਿਰ ਐਸੀ ਗ਼ਲਤੀ ਨਹੀਂ ਕਰਾਂਗੀ, ਮੈਨੂੰ ਪਤਾ ਹੀ ਨਹੀਂ ਸੀ ਕਿ ਤੇਰੀ ਉਹ ਜਗ੍ਹਾ ਹੀ ਪੱਕੀ ਜਗ੍ਹਾ  ਹੈ। ਦੁਬਾਰਾ ਗਲਤੀ ਨਹੀਂ ਕਰਾਂਗੀ। " ਮੈਂ ਵੀ ਥੱਲੇ ਆ ਗਿਆ ਸੀ ਤੇ ਪਤਨੀ ਨੇ ਮੈਨੂੰ ਦੋ ਪੱਤੀਆਂ ਦਿਖਾਲੀਆਂ ਜਿਹੜੀਆਂ ਨਵੀਆਂ ਨਵੀਆਂ ਲੱਗੀਆਂ ਸਨ। ਰੋਜ਼ ਰੋਜ਼ ਪੱਤੀਆਂ ਨਿਕਲਣ ਲੱਗੀਆਂ ਅਤੇ ਕੁਝ ਹਫਤਿਆਂ ਵਿੱਚ ਹੀ ਮਨੀ ਪਲਾਂਟ ਫਿਰ ਪਹਿਲਾਂ ਵਾਲੀ ਅਵਸਥਾ ਵਿੱਚ ਆ ਗਿਆ। ਇਸ ਵਕਤ ਵੀ ਇਹ ਪਲਾਂਟ ਮੇਰੇ ਸਾਹਮਣੇ ਪਿਆ ਹੈ ਅਤੇ ਰਾਤ ਨੂੰ ਸੌਣ ਲੱਗੇ ਇਸ ਨੂੰ ਜਰੂਰ ਹੀ ਇੱਕ ਵਾਰੀ ਧਿਆਨ ਨਾਲ ਦੇਖ ਕੇ ਲਾਈਟ ਬੰਦ  ਕਰਦਾ ਹਾਂ। 

ਗੁਰਮੇਲ ਸਿੰਘ ਭੰਮਰਾ 

ਨੋਟ : ਇਹ ਪੋਸਟ ਹੁਣ ਤੱਕ 100 ਵਾਰ ਪੜ੍ਹੀ ਗਈ ਹੈ।

ਲਿੰਕ 1        ਲਿੰਕ 2

10 Oct 2017

ਨਿਰਾਰਥਕ ਸ਼ਬਦ (ਵਾਰਤਾ )

ਕਈ ਦਿਨਾਂ ਤੋਂ ਸਾਡੇ ਘਰ ਲਗਾਤਾਰ ਮਹਿਮਾਨ ਆਉਂਦੇ ਰਹੇ ਅਤੇ ਸਾਡੇ ਸਮਾਜ ਦੀ ਸਭ ਤੋਂ ਉੱਤਮ ਗੱਲ ਹੈ, ਮਹਿਮਾਨ ਨਿਵਾਜ਼ੀ। ਮਹਿਮਾਨਾਂ ਦੀ ਸੇਵਾ ਲਈ ਤਰਾਂ -ਤਰਾਂ ਦੇ ਖਾਣੇ ਬਣਦੇ ਰਹੇ। ਮਹਿਮਾਨ ਵੀ ਖੁਸ਼ ਅਤੇ ਅਸੀਂ ਵੀ ਖੁਸ਼। ਵੈਸੇ ਮੈਂ ਬਹੁਤ ਹਲਕੀ ਅਤੇ ਸਿਹਤਮੰਦ ਖੁਰਾਕ ਹੀ ਖਾਂਦਾ ਹਾਂ, ਜ਼ਿਆਦਾ ਸਲਾਦ, ਫਰੂਟਸ, ਨੱਟਸ,  ਸੀਡ, ਦੁੱਧ ਦਹੀਂ ਆਦਿ। ਲੇਕਿਨ ਜਦ ਮਹਿਮਾਨ ਆ ਜਾਣ ਤਾਂ ਇਸ ਮੈਨਿਊ ਨੂੰ ਤਿਲਾਂਜਲੀ ਦੇ ਦਿੱਤੀ ਜਾਂਦੀ ਹੈ। ਜਦ ਅਸੀਂ ਲਗਾਤਾਰ ਕਈ ਦਿਨ ਭਾਰੀ ਖੁਰਾਕ ਖਾ ਲੈਂਦੇ ਹਾਂ ਤਾਂ ਸਾਡਾ ਮਨ ਕੁਝ  ਹਲਕਾ ਖਾਣ ਨੂੰ ਕਰਦਾ ਹੈ। ਪਤਨੀ ਸਾਹਿਬਾ ਨੂੰ ਮੈਂ ਫ਼ਰਮਾਇਸ਼ ਕੀਤੀ "ਬਹੁਤ ਦਿਨ ਤੱਕ ਬਹੁਤ ਖਾਧਾ ਹੈ, ਇਸ ਲਈ ਕੋਈ ਹਲਕੀ ਦਾਲ ਮਸਰ ਮੁਸਰ ਹੀ ਬਣਾ ਲਏ ਜਾਣ। " ਕੁਝ  ਦੇਰ ਬਾਅਦ ਮੈਂ ਫੇਰ ਪਤਨੀ ਸਾਹਿਬਾ  ਨੂੰ ਪੁੱਛਿਆ ਕਿ ਇਸ ਤੋਂ ਹਲਕੀ ਚੀਜ ਕੀ ਹੋ ਸਕਦੀ ਹੈ ?, ਪਤਨੀ ਬੋਲੀ, " ਇਸ ਤੋਂ ਹਲਕੀ ਤਾਂ ਬੱਸ ਮੜੀ ਮੂੰਗੀ ਹੋ ਸਕਦੀ ਹੈ ਜਾਂ ਦੇਖ ਲਉ ਹੋਰ ਤਾਂ ਗੜੀ ਗੋਭੀ ਹੀ ਹੋ ਸਕਦੀ ਹੈ, ਜੋ ਹੁਕਮ ਹੋਵੇ ਬਣਾ ਦੇਵਾਂਗੀ। " ਚਲੋ ਫਿਰ ਮੂੰਗੀ ਹੀ ਹੋ ਜਾਵੇ, ਕਹਿ ਕੇ ਮੈਂ ਨਹਾਉਣ ਲਈ ਵੜ ਗਿਆ। ਨਹਾਉਂਦਾ -ਨਹਾਉਂਦਾ ਮੈਂ ਉੱਚੀ- ਉੱਚੀ ਹੱਸਣ ਲੱਗ ਪਿਆ। ਕੀ ਗੱਲ ਹੈ ਜੀ, ਕਿਓਂ ਹੱਸ ਰਹੇ ਹੋ? ਪਤਨੀ ਨੇ ਸਵਾਲ ਕੀਤਾ। ਮੈਂ ਕੋਈ ਜਵਾਬ ਨਹੀਂ ਦਿੱਤਾ। ਪਤਨੀ ਨੇ ਵੀ ਦੁਬਾਰਾ ਨਹੀਂ ਪੁੱਛਿਆ ਕਿਓਂਕਿ ਉਹ ਨੂੰ ਪਤਾ ਹੈ ਕਿ ਜਿਸ ਰੋਗ ਨਾਲ ਮੈਂ ਪੀੜਤ ਹਾਂ, ਉਸ ਵਿਚ ਰੋਗੀ ਇਮੋਸ਼ਨਲ ਬਹੁਤ ਹੋ ਜਾਂਦਾ ਹੈ। ਹੱਸਣ ਲੱਗੇ ਤਾਂ ਹਾਸਾ ਰੁਕਦਾ ਨਹੀਂ, ਅੱਖਾਂ ਵਿਚੋਂ ਹੰਝੂ ਆਉਣ ਲੱਗਣ ਤਾਂ ਹੰਝੂ ਰੁਕਦੇ ਨਹੀਂ। ਇਨਸਾਨ ਨੂੰ ਪਤਾ ਤਾਂ ਹੁੰਦਾ ਹੈ ਲੇਕਿਨ ਇਸ 'ਤੇ ਕੰਟਰੋਲ ਨਹੀਂ ਕਰ ਸਕਦਾ।  
        ਸਕੂਲ ਦੇ ਜ਼ਮਾਨੇ ਵਿਚ ਮੈਂ ਇੱਕ ਲੇਖ ਪੜ੍ਹਿਆ ਸੀ ਜਿਸ ਦਾ ਨਾਂ ਸੀ ਗੁਸਲਖਾਨਾ। ਇਹ ਲੇਖ ਕਾਫੀ ਲੰਬਾ ਸੀ, ਇਸ ਦਾ ਭਾਵ ਇਹ ਹੀ ਸੀ ਕਿ ਜਦ ਅਸੀਂ ਗੁਸਲਖਾਨੇ ਵਿਚ ਇਸ਼ਨਾਨ ਕਰ ਰਹੇ ਹੁੰਦੇ ਤਾਂ ਪਤਾ ਨਹੀਂ ਕਿੰਨੇ ਕਿੰਨੇ ਖਿਆਲ ਸਾਡੇ ਦਿਮਾਗ 'ਚ ਆਉਂਦੇ ਹਨ।  ਸਾਡਾ ਧਿਆਨ ਬਹੁਤ ਦੂਰ- ਦੂਰ ਘੁੰਮਦਾ ਰਹਿੰਦਾ ਹੈ। ਅੱਜ ਗੁਸਲਖਾਨੇ ਵਿਚ ਮੇਰਾ ਧਿਆਨ ਇਸ ਗੱਲ 'ਤੇ ਹੀ ਟਿੱਕ ਗਿਆ ਕਿ ਇਹ ਮਸਰ ਨਾਲ ਮੈਂ ਮੁਸਰ ਕਿਹਾ ਸੀ ਅਤੇ ਪਤਨੀ ਸਾਹਿਬ ਨੇ ਮੜੀ ਮੂੰਗੀ ਤੇ ਗੜੀ ਗੋਭੀ ਕਿਹਾ ਸੀ, ਇਸ ਮੜੇ, ਮੜੀ ਅਤੇ ਗੜੀ ਦੇ ਕੀ ਅਰਥ ਹੋਏ ਤਾਂ ਮੇਰਾ ਧਿਆਨ ਮਿਡਲ ਸਕੂਲ ਦੇ ਸਮੇਂ ਵਿਚ ਚਲੇ ਗਿਆ, ਜਦ ਪੰਜਾਬੀ ਦੇ ਮਾਸਟਰ ਭਗਤ ਸਿੰਘ ਜੀ ਸਾਨੂੰ ਪੰਜਾਬੀ ਪੜ੍ਹਾਉਂਦੇ ਹੁੰਦੇ ਸਨ। ਵਿਆਕਰਣ ਪੜ੍ਹਾਉਂਦੇ ਹੀ ਉਹਨਾਂ ਨੇ ਸਾਨੂੰ ਦੱਸਿਆ ਸੀ ਕਿ ਕਦੀ ਕਦੀ ਬੋਲਦੇ ਸਮੇ ਪਤਾ ਨਹੀਂ ਅਸੀਂ ਕਿੰਨੇ ਸ਼ਬਦ ਇਸ ਤਰਾਂ ਦੇ ਬੋਲ ਦਿੰਦੇ ਹਾਂ ਕਿ ਜਿਹਨਾਂ ਦੇ ਕੋਈ ਅਰਥ ਨਹੀਂ ਹੁੰਦੇ। ਭਗਤ ਸਿੰਘ ਜੀ ਗ੍ਰੰਥੀ ਵੀ ਸਨ ਅਤੇ ਧਰਮ ਵਾਰੇ ਬਹੁਤ ਗੱਲਾਂ ਕਰਿਆ ਕਰਦੇ ਸਨ। ਉਹ ਕਹਿੰਦੇ ਹੁੰਦੇ ਸਨ ਕਿ ਇਨਸਾਨ ਦਾ ਦਿਮਾਗ ਬਾਂਦਰ ਦੀ ਤਰਾਂ ਟਿੱਕ ਕੇ ਨਹੀਂ ਬੈਠ ਸਕਦਾ। ਅਸੀਂ ਕਪੜੇ ਬਦਲ ਰਹੀਏ ਹੋਈਏ, ਕਿਤੇ ਜਾਂਦੇ ਹੋਈਏ, ਇਹ ਦੌੜਦਾ ਹੀ ਰਹਿੰਦਾ ਹੈ। ਮੈਡੀਟੇਸ਼ਨ ਜਾਂ ਯੋਗ ਅਭਿਆਸ ਇਸ ਕਰਕੇ ਹੀ ਕੀਤਾ ਜਾਂਦਾ ਹੈ ਕਿ ਆਪਣਾ ਮਨ ਕੰਟਰੋਲ ਕਰਕੇ ਪ੍ਰਮਾਤਮਾ ਵਿਚ ਲੀਨ ਕੀਤਾ ਜਾ ਸਕੇ। 
        ਮਨ ਤਾਂ ਮਨ ਹੀ ਹੈ। ਹੁਣ ਮੈਂ ਨਹਾਉਂਦਾ- ਨਹਾਉਂਦਾ ਨਿਰਾਰਥਕ ਸ਼ਬਦ ਢੂੰਡਣ ਲੱਗ ਪਿਆ। ਦੇਸ਼ ਦੇ ਹੋਰ ਹਿੱਸਿਆਂ ਦਾ ਤਾਂ ਮੈਨੂੰ ਪਤਾ ਨਹੀਂ ਲੇਕਿਨ ਪੰਜਾਬ ਵਿੱਚ ਤਾਂ ਇਹ ਨਿਰਾਰਥਕ ਸ਼ਬਦ ਤਾਂ ਜਿਸ ਤਰਾਂ ਸਾਡੀ ਬੋਲੀ ਦਾ ਹਿੱਸਾ ਹੀ ਹੋਣ। ਦਿਲਚਸਪ ਗੱਲ ਇਹ ਹੈ ਕਿ ਅਸੀਂ ਜੋ ਮਰਜੀ ਬੋਲੀਏ, ਇਹ ਨਿਰਾਰਥਕ ਸ਼ਬਦ ਆਪਣੇ ਆਪ ਹੀ, ਉਸੇ ਸ਼ਬਦ ਦੀ ਤਰਜ਼ ਤੇ ਬਣ ਜਾਂਦੇ ਹਨ। ਪਤਨੀ ਨੇ ਬੋਲਿਆ ਸੀ ਮੜੀ ਮੂੰਗੀ, ਇਹ ਮੂੰਗੀ ਸ਼ੂੰਗੀ ਵੀ ਕਹਿ ਸਕਦੇ ਹਾਂ। ਮੜੇ ਮੜੀ ਗੜੀ ਜੈਸੇ ਕਰੋੜਾਂ ਸ਼ਬਦ ਆਪਣੇ ਆਪ ਹੀ ਬਣ ਜਾਂਦੇ ਹਨ। ਉਦਾਹਰਣ ਦੇ ਤੌਰ ਤੇ, ਨਮਕ ਸ਼ਮਕ, ਗੁੜ ਗੜ, ਖੰਡ ਖੁੰਡ, ਸਬਜ਼ੀ ਸੁਬਜ਼ੀ, ਮਕਾਨ ਮਕੂਨ, ਦਰਵਾਜ਼ਾ ਦਰਵੂਜ਼ਾ, ਕੁਰਸੀ ਕਰਸੀ, ਮੇਜ ਮੂਜ, ਕਪੜਾ ਕੁਪੜਾ, ਕਮੀਜ਼ ਕਮੂਜ਼, ਪਗੜੀ ਪੁਗੜੀ, ਕੰਘੀ ਕੁੰਘੀ, ਟੈਲੀ ਟੂਲੀ, ਸੋਫਾ ਸੂਫ਼ਾ, ਫਿਲਮ ਫੁਲਮ, ਫੋਟੋ ਸ਼ੋਟੋ, ਮਿਰਚ ਮੁਰਚ, ਗਾਜਰ ਗੂਜਰ, ਮੂਲੀ ਮਾਲੀ, ਬੈਂਗਣ ਬੂੰਗਣ, ਭਿੰਡੀ ਭੂੰਡੀ, ਅਰਬੀ ਉਰਬੀ, ਮੀਟ ਸ਼ੀਟ, ਸ਼ਰਾਬ ਸ਼ਰੂਬ, ਦਾਲ ਦੂਲ, ਸਾਗ ਸੂਗ, ਰੋਟੀ ਰਾਟੀ, ਜਲੇਬੀ ਜ੍ਲੂਬੀ, ਸਮੋਸੇ ਸਮਾਸੇ, ਸੀਰਨੀ ਸੂਰਨੀ, ਪੇਠਾ ਪੂਠਾ, ਛੋਲੇ ਛਾਲੇ, ਵਕੀਲ ਵ੍ਕੂਲ, ਮਾਸਟਰ ਮੂਸਟਰ, ਟੀਚਰ ਟੂਚਰ............. । 
          ਹੁਣ ਆਪ ਵੀ ਕੋਸ਼ਿਸ਼ ਕਰਕੇ ਦੇਖੋ , ਮੇਰਾ ਦਾਅਵਾ ਹੈ ਕਿ ਤੁਹਾਨੂੰ ਕੋਈ ਮਿਹਨਤ ਨਹੀਂ ਕਰਨੀ ਪਵੇਗੀ।    
                                                                                                                                                  ਗੁਰਮੇਲ ਸਿੰਘ ਭੰਮਰਾ 
ਨੋਟ : ਇਹ ਪੋਸਟ ਹੁਣ ਤੱਕ 80 ਵਾਰ ਪੜ੍ਹੀ ਗਈ ਹੈ।

ਲਿੰਕ 

1 Oct 2017

ਗੱਲਾਂ ਵਿੱਚੋਂ ਗੱਲ

ਗੱਲ ਸ਼ਾਇਦ 1952- 53 ਦੀ ਹੋਵੇਗੀ,ਰਾਜ ਕਪੂਰ ਦੀ ਫਿਲਮ ਅਵਾਰਾ ਆਈ ਸੀ। ਸਾਡੇ ਪਿੰਡ ਦਾ ਸਕੂਲ ਛੇਵੀਂ ਜਮਾਤ ਤੱਕ ਸੀ। ਪੰਜ- ਸੱਤ ਪਿੰਡ ਦੇ ਮੁੰਡੇ ਅਗਲੀ ਪੜ੍ਹਾਈ ਲਈ ਫਗਵਾੜੇ ਜਾਣ ਲੱਗ ਪਏ। ਉਹਨਾਂ ਦਿਨਾਂ ਵਿਚ ਪਿੰਡ ਦੇ ਸਾਰੇ ਮੁੰਡੇ ਪਜਾਮੇ ਹੀ ਪਹਿਨਦੇ ਹੁੰਦੇ ਸਨ। ਜਿਹੜੇ ਕੁਝ ਮੁੰਡੇ ਸ਼ਹਿਰ ਜਾਣ ਲੱਗੇ, ਉਹ ਸ਼ਹਿਰੀ ਮੁੰਡਿਆਂ ਨੂੰ ਦੇਖ ਕੇ ਰਾਜ ਕਪੂਰ ਦੇ ਗਾਣੇ, ਮੇਰਾ ਜੂਤਾ ਹੈ ਜਾਪਾਨੀ ਵਿੱਚ  ਰਾਜ ਕਪੂਰ ਦੀ ਉੱਚੀ ਪੈਂਟ ਦੀ ਤਰਾਂ ਪੈਂਟਾਂ ਪਾਉਣ ਲੱਗ ਪਏ। ਪਿੰਡ ਦੇ ਲੋਕ ਉਹਨਾਂ ਵੱਲ ਦੇਖ ਕੇ ਹੱਸਦੇ ਹੁੰਦੇ ਸਨ। 
ਇੱਕ ਦਿਨ ਕਿਸੇ ਦੇ ਘਰ ਵਿਚ ਕੋਈ ਧਾਰਮਿਕ ਰਸਮ ਸੀ। ਇਸ ਘਰ ਦੇ ਦੋ ਮੁੰਡੇ, ਰਾਜ ਕਪੂਰ ਵਰਗੀਆਂ ਉੱਚੀਆਂ ਪੈਂਟਾਂ ਪਾਈ ਇਧਰ ਉਧਰ ਟੌਹਰ ਨਾਲ ਘੁੰਮ ਰਹੇ ਸੀ। ਉਹਨਾਂ ਨੂੰ ਦੇਖ ਕੇ ਇੱਕ ਬਜ਼ੁਰਗ ਉਹਨਾਂ ਨੂੰ ਬੋਲਿਆ, " ਬਈ ਜਵਾਨੋ ! ਇਹ ਜਿਹੜੇ ਪੈਸੇ ਤੁਸੀਂ ਪੈਂਟਾਂ ਤੇ ਲਾਏ ਆ, ਇਹਦੀ ਤੁਸੀਂ ਆਹ ਕੰਧ ਹੀ ਬਣਾ ਦਿੰਦੇ, ਜਿਹੜੀ ਕੱਚੀ ਇੱਟਾਂ ਦੀ ਬਣੀ  ਹੋਇਆ ਆ। ਖਸਤਾ ਹਾਲਤ ਵਿੱਚ ਆ, ਜੋ ਕਿਸੇ ਵੇਲੇ ਵੀ ਮੀਂਹ ਨਾਲ ਡਿੱਗ ਸਕਦੀ ਹੈ ਤੇ ਕੋਈ ਥੱਲੇ ਆ ਸਕਦਾ ਹੈ । ਬਜ਼ੁਰਗ ਦੀ ਗੱਲ ਸੁਣ ਕੇ ਸਾਰੇ ਹੱਸ ਪਏ। ਗੱਲ ਗਈ ਆਈ ਹੋ ਗਈ ਅਤੇ ਕੁਝ ਦਿਨਾਂ ਬਾਅਦ ਹੀ ਮੋਹਲੇਧਾਰ ਮੀਂਹ ਪਿਆ ਤੇ ਕੰਧ ਧੈਂ ਦੇਣੀ ਥੱਲੇ ਡਿੱਗ ਪਈ। ਪ੍ਰਮਾਤਮਾ ਦਾ ਸ਼ੁਕਰ ਹੋਇਆ ਕਿ ਇੱਕ ਛੋਟਾ ਜਿਹਾ ਮੁੰਡਾ ਕੁਝ  ਪਹਿਲਾਂ ਉਸ ਕੰਧ ਤੋਂ ਪਾਰ ਹੋਇਆ ਹੀ ਸੀ ਜੇ ਉਥੇ ਹੁੰਦਾ ਤਾਂ ਥੱਲੇ ਆ ਸਕਦਾ ਸੀ। ਰੌਲਾ ਪੈ ਗਿਆ ਪਰ ਸਭ ਨੇ ਸ਼ੁਕਰ ਮਨਾਇਆ ਕਿ ਮੁੰਡਾ ਬਚ ਗਿਆ। 
         ਅੱਜ ਮੈਨੂੰ ਉਸ ਬਜ਼ੁਰਗ ਦੀ ਗੱਲ ਯਾਦ ਆਈ ਜਦ ਮੁੰਬਈ ਦੇ ਰੇਲਵੇ ਸਟੇਸ਼ਨ ਦੇ ਕ੍ਰੌਸਿੰਗ ਬਰਿੱਜ 'ਤੇ 22 ਲੋਕ ਮਾਰੇ ਗਏ ਅਤੇ ਅਨੇਕਾਂ ਜਖਮੀ ਹੋਏ। ਅੱਜ ਮੈਂ ਵੀ ਬਜ਼ੁਰਗ ਹੀ ਹਾਂ ਅਤੇ ਭਾਰਤ ਦੀ ਹਕੂਮਤ ਨੂੰ ਕਹਿੰਦਾ ਹਾਂ, " ਓਏ ਬੁਲੇਟ ਟ੍ਰੇਨਾਂ ਫਿਰ ਬਣਾ ਲਿਓ ਪਰ ਪਹਿਲਾਂ ਅੰਗਰੇਜ਼ਾਂ ਦੇ ਛੱਡੇ ਹੋਏ ਕ੍ਰੌਸਿੰਗ ਬਰਿੱਜ ਤਾਂ ਠੀਕ ਕਰ ਲਉ। 

ਗੁਰਮੇਲ ਸਿੰਘ ਭੰਮਰਾ 
ਯੂ ਕੇ 


ਨੋਟ : ਇਹ ਪੋਸਟ ਹੁਣ ਤੱਕ 125 ਵਾਰ ਪੜ੍ਹੀ ਗਈ ਹੈ। 

ਲਿੰਕ 1

12 Sept 2017

ਵਫ਼ਾਦਾਰ (ਮਿੰਨੀ ਕਹਾਣੀ)


ਗੱਲ 1973 ਦੀ ਹੈ। ਮੇਰੇ ਪਿਤਾ ਜੀ ਅਫ੍ਰੀਕਾ ਤੋਂ ਰੀਟਾਇਰ ਹੋ ਕੇ ਪਿੰਡ ਆ ਕੇ ਰਹਿਣ ਲੱਗ ਪਏ ਸਨ। ਆਪਣੇ ਆਪ ਨੂੰ ਮਸਰੂਫ ਰੱਖਣ ਲਈ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਨੇ ਇੱਕ ਕੁੱਤਾ ਵੀ ਪਾਲ ਰੱਖਿਆ ਸੀ ਜਿਸ ਨੂੰ ਸਾਰੇ ਜੈਕੀ ਬੋਲਦੇ ਸਨ। ਸਾਡੇ ਖੇਤ ਘਰ ਤੋਂ ਪੰਜਾਹ ਕੁ ਗਜ਼ ਦੀ ਦੂਰੀ 'ਤੇ ਹੀ ਸਨ। ਇਸ ਲਈ ਕਦੇ ਘਰ ਤੇ ਕਦੇ ਖੂਹ ਨੂੰ ਪਿਤਾ ਜੀ ਦਾ ਜਾਣਾ ਆਉਣਾ ਲੱਗਾ ਹੀ ਰਹਿੰਦਾ ਸੀ। ਪਿਤਾ ਜੀ ਦੇ ਦੋ ਹੀ ਸ਼ੌਕ ਸਨ ,ਇੱਕ ਜੈਕੀ ਨੂੰ ਹਰ ਦਮ ਆਪਣੇ ਨਾਲ ਰੱਖਣਾ ਜਾਂ ਟਰਾਂਜਿਸਟਰ ਰੇਡੀਓ ਕੋਲ ਰੱਖਣਾ। 
ਇੱਕ ਦਿਨ ਪਿਤਾ ਜੀ ਖੇਤ 'ਚ ਰੰਬੇ ਨਾਲ ਗੋਡੀ ਕਰ ਰਹੇ ਸਨ। ਨੇੜੇ ਹੀ ਰੇਡੀਓ ਵੱਜ ਰਿਹਾ ਸੀ। ਜੈਕੀ ਇਧਰ ਉਧਰ ਆਪਣੇ ਮਜ਼ੇ ਕਰ ਰਿਹਾ ਸੀ ਅਤੇ ਸਾਡੀ ਇੱਕ ਮੱਝ ਨਜ਼ਦੀਕ ਹੀ ਘਾਹ ਚਰ ਰਹੀ ਸੀ। ਨਜ਼ਦੀਕ ਹੀ ਸਾਡਾ ਪੁਰਾਣਾ ਖੂਹ ਸੀ ਜੋ ਹੁਣ ਉਜੜਿਆ ਹੋਇਆ ਸੀ। ਖੂਹ ਦੇ ਆਲੇ ਦੁਆਲੇ ਘਾਹ ਬਹੁਤ ਸੀ। ਮੱਝ ਕਿਤੇ ਉਹ ਘਾਹ ਖਾਣ ਲਈ ਖੂਹ ਵੱਲ ਨੂੰ ਚਲੀ ਗਈ। ਪਿਤਾ ਜੀ ਡਰ ਗਏ  ਕਿ ਕਿਤੇ ਮੱਝ ਖੂਹ ਵਿੱਚ  ਨਾ ਡਿੱਗ ਪਵੇ। ਮੱਝ ਨੂੰ ਉਥੋਂ ਹਟਾਉਣ ਲਈ ਦੌੜੇ ਲੇਕਿਨ ਮੁੜਨ ਲੱਗੀ ਮੱਝ ਦਾ ਮੂੰਹ ਲੱਗਣ ਨਾਲ ਉਹ ਖੁਦ ਹੀ ਖੂਹ ਵਿੱਚ ਡਿੱਗ ਪਏ। ਇਹ ਸਭ ਕੁਝ ਜੈਕੀ ਨੇ ਦੇਖਿਆ ਅਤੇ ਉਹ ਦੌੜ ਕੇ ਘਰ ਨੂੰ ਆ ਗਿਆ। ਘਰ ਆ ਕੇ ਉਹ ਸਾਡੀ ਬੀਬੀ ਨੂੰ ਭੌਂਕਣ ਲੱਗ ਪਿਆ। ਬੀਬੀ ਉਹ ਨੂੰ ਝਿੜਕਣ ਲੱਗੀ। ਉਸ ਨੂੰ ਵਿਚਾਰੀ ਨੂੰ ਕੀ ਪਤਾ ਸੀ ਕਿ ਕੀ ਹੋਇਆ ਸੀ? ਜੈਕੀ ਫਿਰ ਖੂਹ ਨੂੰ ਦੌੜ ਗਿਆ ਤੇ ਫਿਰ ਆ ਗਿਆ ਲੇਕਿਨ ਬਾਰ -ਬਾਰ ਭੌਂਕ ਰਿਹਾ ਸੀ। ਕਿਸੇ ਨੂੰ ਕੋਈ ਸਮਝ ਨਹੀਂ ਆ ਰਹੀ ਸੀ ਕਿ ਕੀ ਹੋਇਆ ਸੀ?
ਸ਼ਾਮ ਹੋ ਗਈ। ਜਦ ਪਿਤਾ ਜੀ ਘਰ ਨਹੀਂ ਆਏ ਤਾਂ ਸਭ ਸੋਚਣ ਲੱਗੇ। ਮੇਰੇ ਛੋਟੇ ਭਾਈ ਨਿਰਮਲ ਵੀ ਘਰ ਆ ਗਏ। ਪਿਤਾ ਜੀ ਬਾਰੇ ਪਤਾ ਕਰਨ ਲਈ ਪਹਿਲਾਂ ਉਹ ਖੂਹ ਵੱਲ ਨੂੰ ਚੱਲ ਪਏ। ਅੱਗੇ ਅੱਗੇ ਜੈਕੀ ਜਾ ਰਿਹਾ ਸੀ। ਖੂਹ 'ਤੇ ਜਾ ਕੇ ਜੈਕੀ ਖੂਹ ਵੱਲ ਨੂੰ ਮੂੰਹ ਕਰ ਕਰਕੇ ਭੌਂਕਣ ਲੱਗ ਪਿਆ। ਨਿਰਮਲ ਨੇ ਖੂਹ ਵਿੱਚ ਬੈਟਰੀ ਦੀ ਲਾਈਟ ਕੀਤੀ ਤਾਂ ਪਾਣੀ ਉਪਰ ਸੌ -ਸੌ ਰੁਪਏ ਦੇ ਨੋਟ ਤਰ ਰਹੇ ਸਨ। ਨਿਰਮਲ ਨੂੰ ਸਮਝ ਆ ਗਈ ਕਿ ਉਸ ਦਿਨ ਪਿਤਾ ਜੀ ਨੇ ਪੋਸਟ ਔਫਿਸ ਵਿਚੋਂ ਪੈਸੇ ਕਢਵਾਉਣੇ ਸਨ। 
ਉਸ ਦਿਨ ਤੋਂ ਬਾਦ ਜੈਕੀ ਨੇ ਖਾਣਾ ਪੀਣਾ ਛੱਡ ਦਿੱਤਾ। ਉਸ ਅੱਗੇ ਰੋਟੀ ਰੱਖਦੇ ਲੇਕਿਨ ਉਹ ਉਤੇ ਮਿੱਟੀ ਪਾ ਦਿੰਦਾ। ਉਸ ਦੀਆਂ ਅੱਖਾਂ ਵਿਚੋਂ ਹੰਝੂ ਆਉਂਦੇ ਰਹਿੰਦੇ। ਕੁਝ ਦਿਨਾਂ 'ਚ ਹੀ ਜੈਕੀ ਨੇ ਭੁੱਖੇ ਰਹਿ ਕੇ ਆਪਣੀ ਜਾਨ ਦੇ ਦਿੱਤੀ।  

ਗੁਰਮੇਲ ਸਿੰਘ ਭੰਮਰਾ 
ਯੂ ਕੇ 

ਨੋਟ : ਇਹ ਪੋਸਟ ਹੁਣ ਤੱਕ  153 ਵਾਰ ਪੜ੍ਹੀ ਗਈ ਹੈ। 

ਲਿੰਕ 1      ਲਿੰਕ 2           ਲਿੰਕ 3

31 Aug 2017

ਪੁਨਰ ਮਿਲਣ

ਸਤੀਸ਼ ਆਪਣੇ ਡਰਾਇੰਗ ਰੂਮ ਵਿੱਚ ਬੈਠਾ ਸਿਗਰੇਟ ਪੀ ਰਿਹਾ ਸੀ। ਸੰਤੋਸ਼ ਨਾਲ ਉਹਦਾ ਤਲਾਕ ਹੋਏ ਨੂੰ ਦਸ ਸਾਲ ਹੋ ਗਏ ਸਨ। ਅੱਜ ਉਹ ਬਹੁਤ ਹੀ ਉਦਾਸ ਸੀ ਕਿ ਇਹ ਸਭ ਕਿਓਂ ਹੋ ਗਿਆ ਸੀ? ਕਿੰਨੇ ਖੁਸ਼ ਸਨ ਉਹ ਆਪਸ ਵਿੱਚ । ਸੋਚ ਸੋਚ ਕੇ ਉਹਦਾ ਸਿਰ ਦੁੱਖਣ ਲੱਗ ਪਿਆ ਸੀ। ਉਹ ਰੇਡੀਓ ਸੁਣਨ ਲੱਗਾ। ਕੋਈ ਕਹਾਣੀ ਚੱਲ ਰਹੀ ਸੀ। ਕਹਾਣੀ ਖਤਮ ਹੋਣ ਉਪਰੰਤ ਉਸ ਦੀਆਂ ਅੱਖਾਂ 'ਚ ਇੱਕ ਚਮਕ ਜਿਹੀ ਆ ਗਈ। ਕਹਾਣੀ ਉਸ ਦੀ ਜ਼ਿੰਦਗੀ ਨਾਲ ਕਿੰਨੀ ਮਿਲਦੀ ਜੁਲਦੀ ਸੀ। ਉਹਨੇ ਸਿਗਰੇਟ ਨੂੰ ਐਸ਼ ਟਰੇ 'ਚ ਮਸਲ ਦਿੱਤਾ। ਪੇਪਰ ਪੈਨਸਲ ਲੈ ਕੇ ਉਸ ਨੇ ਸੰਤੋਸ਼ ਨੂੰ ਖਤ ਲਿਖਣਾ ਸ਼ੁਰੂ ਕਰ ਦਿੱਤਾ। ਸੰਤੋਸ਼ ! ਪੜ੍ਹੇ ਤੋਂ ਬਗੈਰ ਹੀ ਮੇਰਾ ਖਤ ਪਾੜ ਨਾ ਦੇਣਾ। ਇਹ ਖਤ ਮੈਂ ਇਸ ਲਈ ਲਿਖਿਆ ਹੈ ਕਿ ਤੈਨੂੰ ਟੈਲੀਫੂਨ ਕਰਨ ਦੀ ਮੇਰੇ 'ਚ ਹਿੰਮਤ ਨਹੀਂ ਸੀ। ਜ਼ਿੰਦਗੀ ਦਾ ਕੀ ਭਰੋਸਾ, ਅਗਰ ਮੈਂ ਤੈਥੋਂ ਆਪਣੇ ਗੁਨਾਹਾਂ ਦੀ ਮੁਆਫੀ ਨਹੀਂ ਮੰਗਦਾ ਤਾਂ ਮਰ ਕੇ ਵੀ ਮੈਨੂੰ ਚੈਨ ਨਹੀਂ ਮਿਲੇਗਾ । ਚੰਗੀ ਭਲੀ ਸਾਡੀ ਜ਼ਿੰਦਗੀ ਸੀ।  ਦੋ ਬੇਟੇ ਸੀ, ਲੇਕਿਨ ਘਰ ਦੇ ਵਾਤਾਵਰਨ ਨੇ ਸਭ ਕੁਝ ਤਹਿਸ ਨਹਿਸ ਕਰ ਦਿੱਤਾ, ਜਿਸ ਵਿਚ ਮੈਂ ਆਪਣੇ ਆਪ ਨੂੰ ਜ਼ਿਆਦਾ ਕਸੂਰਵਾਰ ਮੰਨਦਾ ਹਾਂ ਕਿਓਂਕਿ ਆਪਣੇ ਭੈਣ ਭਰਾਵਾਂ ਦੀਆਂ ਗੱਲਾਂ 'ਚ ਆ ਕੇ  ਮੈਂ  ਆਪਣੇ ਪੈਰੀਂ ਆਪ ਕੁਹਾੜਾ ਮਾਰ ਲਿਆ। ਮੈਨੂੰ ਸੁਰਤ ਹੁਣ ਆਈ, ਜਦ ਮੇਰੇ ਭੈਣ ਭਾਈ ਵੀ ਮੇਰੇ ਤੋਂ ਕਿਨਾਰਾ ਕਰ ਗਏ। ਮੇਰੇ ਮਾਂ ਬਾਪ ਨੇ ਤੈਨੂੰ ਕਦੇ ਉਹ ਸਥਾਨ ਨਹੀਂ ਦਿੱਤਾ, ਜਿਸ ਦੀ ਤੂੰ ਹੱਕਦਾਰ ਸੀ ਅਤੇ ਮੈਂ ਵੀ ਉਸੇ ਵਹਿਣ 'ਚ ਵਹਿ  ਗਿਆ। ਸਾਡਾ ਤਲਾਕ ਹੋ ਗਿਆ। ਮੈਂ ਕਮਜ਼ੋਰ ਨਿਕਲਿਆ ਲੇਕਿਨ ਤੂੰ ਬੱਚਿਆਂ ਨੂੰ ਲੈ ਕੇ ਅਲੱਗ ਰਹਿਣ ਲੱਗੀ। ਕਿੰਨੀ ਅੱਛੀ ਹੈਂ ਤੂੰ ਕਿ ਸਾਡੇ ਬੇਟਿਆਂ ਨੂੰ ਮੈਨੂੰ ਮਿਲਣ ਤੋਂ ਤੂੰ  ਕਦੇ ਵੀ ਨਹੀਂ ਸੀ ਰੋਕਿਆ। ਹੁਣ ਤਾਂ ਦੋਨੋਂ ਬੇਟਿਆਂ ਨੇ ਯੂਨੀਵਰਸਿਟੀ ਦੀ ਪੜ੍ਹਾਈ ਵੀ ਖਤਮ ਕਰ ਲਈ ਹੈ, ਕਿੰਨੇ ਅੱਛੇ ਸੰਸਕਾਰ ਤੂੰ ਬੇਟਿਆਂ ਨੂੰ ਦਿੱਤੇ ਹਨ ! ਮੇਰੀ ਦਿਲੀ ਤਮੰਨਾ ਹੈ ਕਿ ਬੇਟੇ ਤੈਨੂੰ ਬਹੁਤ ਸੁੱਖ ਦੇਣ। ਅਗਰ ਹੋ ਸਕਦਾ ਹੋਵੇ ਤਾਂ ਮੈਨੂੰ ਮੁਆਫ ਕਰ ਦੇਵੀਂ।" ਉਹਨੇ ਖਤ ਪੋਸਟ ਕਰ ਦਿੱਤਾ। 
    ਉਸ ਨੂੰ ਕੋਈ ਆਸ ਨਹੀਂ ਸੀ ਕਿ ਸੰਤੋਸ਼ ਜਵਾਬ ਦੇਵੇਗੀ ਲੇਕਿਨ ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਜਦ ਕੁਝ ਦਿਨਾਂ ਬਾਅਦ ਹੀ ਉਸ ਨੂੰ ਸੰਤੋਸ਼ ਦਾ ਜਵਾਬ ਆ ਗਿਆ। ਉਸ ਨੇ ਲਿਖਿਆ ਸੀ, "ਸਤੀਸ਼ ! ਹੁਣ ਕਿਸੇ ਨੂੰ ਦੋਸ਼ ਦੇਣ ਦਾ ਕੀ ਫਾਇਦਾ ਹੈ ? ਜਦ ਜਵਾਨੀ ਦੇ ਅੱਛੇ ਦਿਨ ਹੀ ਨਿਕਲ ਗਏ। ਫਿਰ ਮੈਂ ਵੀ  ਤਾਂ ਇਸ ਵਿਚ ਦੋਸ਼ੀ ਸੀ ਜਿਸ ਨੇ ਗੁੱਸੇ ਵਿਚ ਆ ਕੇ ਝੱਟ ਪੱਟ ਤਲਾਕ ਦੇ ਪੇਪਰ ਫਾਈਲ ਕਰ ਦਿੱਤੇ। ਹੁਣ ਮੈਂ ਵੀ  ਬਹੁਤ ਵਾਰੀ ਸੋਚਦੀ ਹਾਂ ਕਿ ਕੁਝ  ਕਸੂਰ ਆਪ ਦਾ ਸੀ ਅਤੇ ਕੁਝ ਮੇਰਾ। ਬਹੁਤ ਸੋਚ ਸੋਚ ਕੇ ਮੈਂ ਇਸ ਨਤੀਜੇ ਤੇ ਪਹੁੰਚੀ ਹਾਂ ਕਿ ਹੁਣ ਵੀ  ਅਗਰ ਆਪ ਦੀ ਇੱਛਾ ਉਹਨਾਂ ਪੁਰਾਣੇ ਦਿਨਾਂ ਨੂੰ ਵਾਪਸ ਲਿਆਉਣ ਦੀ ਹੋਵੇ ਤਾਂ ਆਪਣੇ ਦੋਨੋਂ ਬੇਟਿਆਂ ਨੂੰ ਦੱਸ ਦੇਣਾ। ਜਿੱਦਾਂ ਉਹ ਕਹਿਣਗੇ ਮੈਂ ਕਰ ਲਵਾਂਗੀ।"
         ਜਦੋਂ ਦੋਨੋਂ ਬੇਟਿਆਂ ਨੂੰ ਮੰਮੀ ਡੈਡੀ ਦੇ ਇੱਕ ਦੂਜੇ ਦੇ ਨੇੜੇ ਨੇੜੇ ਆਉਣ ਦਾ ਪਤਾ ਲੱਗਾ ਤਾਂ ਉਹਨਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਉਹਨਾਂ ਨੇ ਆਪਣੇ ਮਾਂ -ਬਾਪ ਲਈ ਨਵੇਂ ਸਾਲ ਦੀ ਰਾਤ ਨੂੰ ਇੱਕ ਹੋਟਲ ਵਿੱਚ ਪੁਨਰ ਮਿਲਣ ਦਾ ਪ੍ਰੋਗਰਾਮ ਬੁੱਕ ਕਰਵਾ ਦਿੱਤਾ। ਉਸ ਰਾਤ ਹੋਟਲ ਦਾ ਕਮਰਾ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਭਰਿਆ ਹੋਇਆ ਸੀ। ਦੋਨੋ ਬੇਟੇ ਆਪਣੇ ਮੰਮੀ ਡੈਡੀ ਨੂੰ ਫੁੱਲਾਂ ਦੇ ਹਾਰ ਪਾ ਕੇ ਕਮਰੇ ਵਿਚ ਲੈ ਆਏ । ਸਾਰਾ ਕਮਰਾ ਤਾਲੀਆਂ ਨਾਲ ਗੂੰਜ ਉਠਿਆ। ਹੁਣ ਸਾਰੇ ਖਾਣ ਪੀਣ ਵਿਚ ਮਗਨ ਹੋ ਗਏ। ਇੱਕ ਵੱਡੇ ਟੀਵੀ ਸਕਰੀਨ ਤੇ ਬੀਬੀਸੀ ਚੈਨਲ 'ਤੇ  ਇੱਕ ਸ਼ੋ ਚੱਲ ਰਿਹਾ ਸੀ। ਜਦੋਂ ਬਾਰਾਂ ਵੱਜਣ ਵਿਚ ਕੁਝ  ਮਿੰਟ ਰਹਿ ਗਏ ਤਾਂ ਸਾਰਿਆਂ ਦਾ ਧਿਆਨ ਲੰਡਨ ਦੇ ਬਿਗ ਬੈੱਨ ਅਤੇ ਉਥੇ ਲੋਕਾਂ ਦੀ ਭੀੜ ਦੇਖਣ ਵਿਚ ਹੋ ਗਿਆ ਜੋ ਟੀਵੀ ਸਕ੍ਰੀਨ 'ਤੇ ਨਸ਼ਰ ਹੋਣ ਲੱਗੀ ਸੀ। ਜਦੋਂ ਹੀ ਬਾਰਾਂ ਵੱਜਣ ਨੂੰ ਹੋਏ, ਬਿਗ ਬੈਨ ਜ਼ੋਰ ਜ਼ੋਰ ਨਾਲ ਟੰਨ ਟੰਨ ਕਰਨ ਲੱਗਾ। ਜਦੋਂ ਹੀ ਆਖਰੀ ਟੰਨ ਖਤਮ ਹੋਈ, ਸਾਰੇ ਆਪਣੇ ਆਪਣੇ ਗਲਾਸ ਫੜੀ ਹੈਪੀ ਨਿਊ ਯੀਅਰ ਬੋਲਣ ਲੱਗੇ ਅਤੇ ਆਪਣੇ ਆਪਣੇ ਗਲਾਸ ਸਤੀਸ਼ ਅਤੇ ਸੰਤੋਸ਼ ਵੱਲ ਉਲਾਰ ਕੇ ਬੋਲਣ ਲੱਗੇ, ਹੈਪੀ ਨਿਊ ਯੀਅਰ ਸਤੀਸ਼ ਸੰਤੋਸ਼, ਹੈਪੀ ਰੀਯੂਨੀਅਨ ਟੂ ਯੂ। ਕੁਝ ਦੇਰ ਬਾਅਦ ਸਤੀਸ਼ ਅਤੇ ਸੰਤੋਸ਼ ਡਾਂਸ ਫਲੋਰ 'ਤੇ ਡਾਂਸ ਕਰਨ ਲੱਗੇ ਅਤੇ ਨਾਲ ਹੀ ਦੋਨੋਂ ਬੇਟੇ। ਫਿਰ ਕੀ ਸੀ ਸਾਰੇ ਉੱਠ ਕੇ ਡਾਂਸ ਕਰਨ ਲੱਗੇ। 
ਗੁਰਮੇਲ ਸਿੰਘ ਭੰਮਰਾ 
ਯੂ ਕੇ    

ਨੋਟ : ਇਹ ਪੋਸਟ ਹੁਣ ਤੱਕ 85 ਵਾਰ ਪੜ੍ਹੀ ਗਈ ਹੈ।

link 1           link 2     link 3     link 4

17 Aug 2017

ਕੁੱਕਰੇ (ਇੱਕ ਪੁਰਾਣੀ ਸੱਚੀ ਯਾਦ)

ਮੇਰੀ ਮਾਂ ਨੂੰ ਮੈਂ ਬੀਬੀ ਆਖਦਾ ਸੀ। ਮੈਂ ਉਦੋਂ ਪੰਜ ਛੇ ਸਾਲ ਦਾ ਹੋਵਾਂਗਾ ਜਦੋਂ ਅਚਾਨਕ ਮੇਰੀ ਮਾਂ ਦੀਆਂ ਅੱਖਾਂ ਦੁੱਖਣੀਆਂ ਆ ਗਈਆਂ। ਪਿੰਡ ਦੇ ਡਾਕਟਰ ਤੋਂ ਇਲਾਜ ਕਰਾਇਆ ਲੇਕਿਨ ਕੋਈ ਫਾਇਦਾ ਨਹੀਂ ਹੋਇਆ। ਉਹਦੀਆਂ ਅੱਖਾਂ ਵਿੱਚੋਂ ਹਰ ਦਮ ਪਾਣੀ ਵਹਿੰਦਾ ਰਹਿੰਦਾ ਤੇ ਬੀਬੀ ਦਰਦ ਨਾਲ ਸੀ - ਸੀ ਕਰਦੀ ਰਹਿੰਦੀ। ਪਿੰਡ 'ਚ ਇੱਕ ਜੋਤਸ਼ੀ ਆਇਆ ਜਿਸ ਕੋਲ ਇੱਕ ਗਠੜੀ ਜਿਹੀ ਸੀ। ਜਿਸ ਵਿੱਚ ਉਸ ਨੇ ਇੱਕ ਮੈਲੀ ਜਿਹੀ ਜਨਮ ਪੱਤਰੀ ਰੱਖੀ ਹੋਈ ਸੀ। ਕਈ ਔਰਤਾਂ ਉਹਨੂੰ ਹੱਥ ਦਿਖਾਉਣ ਲੱਗ ਪਈਆਂ। ਫਿਰ ਮੇਰੀ ਬੀਬੀ ਨੇ ਵੀ ਅੱਖਾਂ ਬਾਰੇ ਉਹਨੂੰ ਪੁੱਛਿਆ। ਜੋਤਸ਼ੀ ਨੇ ਜਨਮ ਪੱਤਰੀ ਦੇ ਉਤੇ ਬੀਬੀ ਦਾ ਹੱਥ ਰਖਾਇਆ। ਕੁਛ ਦੇਰ ਮੂੰਹ 'ਚ ਕੁਝ ਪੜ੍ਹਨ ਤੋਂ ਬਾਅਦ ਜੋਤਸ਼ੀ ਨੇ ਕੋਈ ਮਾੜਾ ਗ੍ਰਹਿ ਦੱਸ ਦਿੱਤਾ ਤੇ ਬਹੁਤ ਸਾਰੇ ਪੈਸੇ ਲੈ ਕੇ ਚਲਿਆ ਗਿਆ। 
      ਬੀਬੀ ਦਾ ਅੱਖਾਂ ਦਾ ਦਰਦ ਵਧਦਾ ਜਾ ਰਿਹਾ ਸੀ। ਫਿਰ ਕਿਸੇ ਨੇ ਦਾਸੋ ਨਾਈ ਬਾਰੇ ਦੱਸਿਆ ਕਿ ਉਹ ਟੂਣਾ ਬਗੈਰਾ ਕਰਕੇ ਰੋਗ ਦੂਰ ਕਰ ਦਿੰਦਾ ਹੈ। ਇੱਕ ਰਾਤ ਮੇਰੇ ਬਾਬਾ ਜੀ ਦਾਸੋ ਨਾਈ ਨੂੰ ਘਰ ਲੈ ਆਏ। ਉਹਨੇ ਆਉਂਦਿਆਂ ਹੀ ਚਿਮਟੇ ਨਾਲ ਝਾੜਾ ਕੀਤਾ। ਫੂਕਾਂ - ਫਾਕਾਂ ਮਾਰੀਆਂ। ਫਿਰ ਇੱਕ ਮਿੱਟੀ ਦੇ ਭਾਂਡੇ ਨੂੰ ਤੋੜ ਕੇ ਇੱਕ ਟੁਕੜੇ ਉੱਤੇ ਚੁੱਲ੍ਹੇ ਦੀ ਸਵਾਹ ਦੇ ਸੱਤ ਲੱਡੂ ਬਣਾ ਕੇ ਰੱਖੇ। ਕੁਝ  ਦਾਲਾਂ, ਹਲਦੀ ਤੇ ਇੱਕ ਕਪੜੇ ਦੀ ਗੁੱਡੀ ਜਿਹੀ ਬਣਾ ਕੇ ਉਸ ਦੀਆਂ ਅੱਖਾਂ 'ਚ ਸੂਈਆਂ ਖੁਭੋ ਦਿੱਤੀਆਂ । ਬਾਬਾ ਜੀ ਤੋਂ ਉਸ ਨੇ ਇੱਕ ਕੁੱਕੜ ਤੇ ਇੱਕ ਸ਼ਰਾਬ ਦੀ ਬੋਤਲ ਦੇ ਪੈਸੇ ਲੈ ਲਏ। ਜਾਣ ਲੱਗੇ ਬਾਬਾ ਜੀ ਨੂੰ ਦੱਸ ਗਿਆ ਕਿ ਇਸ ਟੂਣੇ ਨੂੰ ਉਹ ਛੱਪੜ ਦੇ ਕੰਢੇ ਰੱਖ ਆਉਣ। ਬਾਬਾ ਜੀ ਇਸ ਠੀਕਰੇ ਨੂੰ ਕਿੱਥੇ ਰੱਖ ਕੇ ਆਏ, ਮੈਨੂੰ ਨਹੀਂ ਪਤਾ। ਮੈਨੂੰ ਤਾਂ ਇੰਨਾ ਯਾਦ ਹੈ ਕਿ ਕੁਝ ਦਿਨ ਬਾਅਦ ਜਦੋਂ ਮੈਂ ਦਾਸੋ ਦੇ ਮੁਹੱਲੇ ਵਿੱਚ ਆਪਣੇ ਦੋਸਤਾਂ ਨਾਲ ਖੇਲ ਰਿਹਾ ਸਾਂ ਤਾਂ ਦਾਸੋ ਆਪਣੇ ਦੋਸਤਾਂ ਨੂੰ ਮੇਰੇ ਵੱਲ ਇਸ਼ਾਰਾ ਕਰਕੇ ਹੱਸ ਹੱਸ ਕੇ ਦੱਸ ਰਿਹਾ ਸੀ ਕਿ ਪਿਛਲੇ ਹਫਤੇ ਇਹਦੇ ਬਾਬੇ ਤੋਂ ਬੋਤਲ ਤੇ ਕੁੱਕੜ ਦੇ ਪੈਸੇ ਲਏ ਸਨ। 
      ਇਸ ਤੋਂ ਬਾਅਦ ਇੱਕ ਹੋਰ ਆਦਮੀ ਨੂੰ ਲਿਆਂਦਾ ਗਿਆ। ਉਸ ਨੇ ਮੇਰੇ ਇੱਕ ਅੰਗੂਠੇ ਦੇ ਨੌਂਹ 'ਤੇ ਥੋੜਾ ਜਿਹਾ ਤੇਲ ਲਾਇਆ, ਫਿਰ ਮੈਨੂੰ ਕਹਿਣ ਲੱਗਾ ਕਿ ਕਾਕਾ ਮੇਰੇ ਮਗਰ ਮਗਰ ਬੋਲ,"ਹੇ ਸੱਚੇ ਪਾਤਸ਼ਾਹ ! ਝਾੜੂ ਫੇਰਨ ਵਾਲਾ ਆ  ਜਾਵੇ।" ਮੈਂ  ਉਸ ਦੇ ਮਗਰ -ਮਗਰ ਬੋਲਣਾ ਸ਼ੁਰੂ ਕਰ ਦਿੱਤਾ। ਕੋਈ ਪੰਦਰਾਂ ਕੁ ਵਾਰੀ ਬੋਲ ਕੇ ਉਹ ਮੈਨੂੰ ਪੁੱਛਣ ਲੱਗਾ ਕਿ ਮੈਨੂੰ ਕੁਝ ਦਿਸਦਾ ਹੈ !? ਮੈਂ ਛੋਟਾ ਜਿਹਾ ਬੱਚਾ ਮਾਨਸਿਕ ਤੌਰ 'ਤੇ ਉਸ ਦੀਆਂ ਗੱਲਾਂ 'ਚ ਆ ਗਿਆ। ਮੈਨੂੰ ਇਸ ਤਰਾਂ ਦਿਸਣ ਲੱਗ ਪਿਆ ਜਿਵੇਂ ਸੱਚੀ ਮੁੱਚੀ ਕੋਈ ਝਾੜੂ ਫੇਰ ਰਿਹਾ ਹੈ। ਇਸ ਤਰਾਂ ਹੀ ਉਹ ਮੈਨੂੰ ਪਾਣੀ ਛਿੜਕਾਉਣ ਵਾਲਾ ਆ ਜਾਵੇ,ਦਰੀਆਂ ਵਿਛਾਉਣ ਵਾਲਾ ਆ ਜਾਵੇ ਤੇ ਹੋਰ ਕਿੰਨਾ ਕੁਝ ਸੁਆਹ -ਖੇਹ ਮੇਰੇ ਮੂੰਹੋਂ ਕਹਾਉਂਦਾ ਰਿਹਾ। ਘਰ ਦਿਆਂ ਨੂੰ ਕੀ ਕੁਝ ਉਸ ਨੇ ਦੱਸਿਆ, ਮੈਨੂੰ ਨਹੀਂ ਪਤਾ ਲੇਕਿਨ ਬਹੁਤ ਸਾਰੀ ਕਣਕ ਤੇ ਪੈਸੇ ਲੈ ਕੇ ਉਹ ਵੀ ਚਲਿਆ ਗਿਆ। ਇਸ ਤਰਾਂ ਕਈ ਮਹੀਨੇ ਲੰਘ ਗਏ ਪਰ ਬੀਬੀ ਦਾ ਦੁੱਖ ਵਧਦਾ ਜਾ ਰਿਹਾ ਸੀ।
             ਫਿਰ ਕਿਸੇ ਨੇ ਦੱਸ ਪਾਈ ਕਿ ਫਗਵਾੜੇ ਇੱਕ ਫਕੀਰੀਆ ਨਾਮ ਦਾ ਬ੍ਰਾਹਮਣ ਹੈ ਜਿਸ ਕੋਲ ਬਹੁਤ ਲੋਕ ਜਾਂਦੇ ਹਨ ਤੇ ਉਹਨਾਂ ਨੂੰ ਫਾਇਦਾ ਹੋਇਆ ਹੈ। ਇੱਕ ਦਿਨ ਮੇਰੇ ਬਾਬਾ ਜੀ, ਬੀਬੀ ਤੇ ਮੈਨੂੰ ਨਾਲ ਲੈ ਕੇ ਫਗਵਾੜੇ ਨੂੰ ਪੈਦਲ ਚਲ ਪਏ। ਮੂਹਰੇ -ਮੂਹਰੇ ਮੇਰੇ ਬਾਬਾ ਜੀ ਤੇ  ਪਿੱਛੇ- ਪਿੱਛੇ ਬੀਬੀ ਦਾ ਹੱਥ ਫੜੀ ਮੈਂ ਚੱਲ ਪਿਆ। ਬੀਬੀ ਵਿਚਾਰੀ ਲੰਬਾ ਸਾਰਾ ਘੁੰਡ ਕੱਢੀ ਤੁਰ ਰਹੀ ਸੀ। ਪਿੰਡ ਤੋਂ ਛੇ ਕਿਲੋਮੀਟਰ ਪੈਦਲ ਚਲਣਾ ਕੋਈ ਅਸਾਨ ਨਹੀਂ ਸੀ। ਅਖੀਰ ਜਦ ਫ਼ਕੀਰੀਏ ਬ੍ਰਾਹਮਣ ਦੇ ਘਰ ਪਹੁੰਚੇ ਤਾਂ ਉਥੇ ਹੋਰ ਵੀ ਬਹੁਤ ਲੋਕ ਸਨ। ਜਦ ਸਾਡੀ ਵਾਰੀ ਆਈ ਤਾਂ ਫ਼ਕੀਰੀਏ ਨੇ ਮੂੰਹ 'ਚ ਮੰਤਰ ਪੜ੍ਹ ਕੇ ਫੂਕਾਂ ਮਾਰੀਆਂ। ਫਿਰ ਉਥੇ ਬੈਠਿਆਂ ਹੀ ਉਸ ਨੇ ਥੱਲੇ ਆਵਾਜ਼ ਮਾਰੀ, " ਇਹਨਾਂ ਨੂੰ ਸੁਨਹਿਰੀ ਗੜਵੀ ਚੋਂ ਚੀਜ ਦੇ ਦਿਓ ਜੀ। " ਉਸ ਤੋਂ ਬਾਅਦ ਅਸੀਂ ਥੱਲੇ ਆ ਗਏ। ਇੱਕ ਆਦਮੀ ਨੇ ਸਾਨੂੰ ਕੁਝ ਪੁੜੀਆਂ ਫੜਾ ਦਿਤੀਆਂ। ਪੈਸੇ ਦੇ ਕੇ ਅਸੀਂ ਫਿਰ ਪੈਦਲ ਚੱਲ ਪਏ। 
       ਬੀਬੀ ਦੀ ਹਾਲਤ ਬਹੁਤ ਗੰਭੀਰ ਹੋ ਗਈ ਸੀ ਅਤੇ ਹੁਣ ਦਿਸਣਾ ਵੀ ਮੁਸ਼ਕਿਲ ਲੱਗਣ ਪਿਆ ਸੀ। ਮੇਰੇ ਪਿਤਾ ਜੀ ਉਸ ਵਕਤ ਅਫ਼ਰੀਕਾ ਸਨ। ਜਦੋਂ ਉਹਨਾਂ ਨੇ ਆ ਕੇ ਬੀਬੀ ਦੀ ਹਾਲਤ ਦੇਖੀ ਤਾਂ ਉਸੇ ਵੇਲੇ ਬੀਬੀ ਨੂੰ ਸਾਈਕਲ 'ਤੇ ਬਿਠਾ ਕੇ ਸਿਧੇ ਜਲੰਧਰ ਅੱਖਾਂ ਦੇ ਹਸਪਤਾਲ ਲੈ ਗਏ। ਪਿਤਾ ਜੀ ਦੇ ਮੂੰਹੋਂ ਮੈਂ ਸੁਣਿਆ ਸੀ ਕਿ ਬੀਬੀ ਦੀਆਂ ਅੱਖਾਂ ਵਿਚ ਕੁੱਕਰੇ ਸਨ। ਉਥੇ ਬੀਬੀ ਦਾ ਇਲਾਜ ਹੋਇਆ ਅਤੇ ਕੁਝ ਦਿਨਾਂ ਵਿੱਚ ਹੀ ਬੀਬੀ ਠੀਕ ਹੋ ਗਈ। 
                                                                                                                                                  ਗੁਰਮੇਲ ਸਿੰਘ ਭੰਮਰਾ 
ਯੂ ਕੇ 

ਨੋਟ : ਇਹ ਪੋਸਟ ਹੁਣ ਤੱਕ 223 ਵਾਰ ਪੜ੍ਹੀ ਗਈ ਹੈ।

ਲਿੰਕ 1          ਲਿੰਕ 2            ਲਿੰਕ 3            ਲਿੰਕ 4

13 Aug 2017

ਸਿਰਦਰਦੀ ਨੋਟਾਂ ਦੀ (ਵਿਅੰਗ)

ਲੱਖਾ ਸਿੰਘ ਨੇ ਪਿੰਡ ਤੋਂ ਸ਼ਹਿਰ ਆ ਕੇ ਵਪਾਰ ਸ਼ੁਰੂ ਕੀਤਾ ਸੀ। ਪਤਾ ਨਹੀਂ ਕਿਹੜੀ ਗਿੱਦੜ ਸਿੰਗੀ ਉਸ ਦੇ ਹੱਥ ਵਿਚ ਆ ਗਈ ਸੀ ਕਿ ਕੁਝ  ਸਾਲਾਂ ਵਿੱਚ ਹੀ ਉਹ ਕਰੋੜਾਂ ਪਤੀ ਬਣ ਗਿਆ ਸੀ। ਪਿੰਡ ਦੇ ਚਾਰ ਖਣ ਵਾਲੇ ਛੋਟੇ ਜਿਹੇ ਮਕਾਨ ਨੂੰ ਛੱਡ ਕੇ ਹੁਣ ਉਹ ਵੱਡੀਆਂ -ਵੱਡੀਆਂ ਕੋਠੀਆਂ ਵੱਲ ਝਾਕਣ ਲੱਗ ਪਿਆ ਸੀ ਤੇ ਆਖ਼ਰ ਉਸ ਨੇ ਇੱਕ ਅਮੀਰ ਇਲਾਕੇ ਵਿਚ ਖੂਬਸੂਰਤ ਕੋਠੀ ਲੈ ਲਈ। ਉਹਦੀ ਸਿੱਧੀ ਸਾਧੀ ਪਤਨੀ ਵੀ ਹੁਣ ਠਾਠ- ਬਾਠ ਨਾਲ ਰਹਿਣ ਲੱਗ ਪਈ ਸੀ ਪਰ ਉਹ ਪਿੰਡ ਦੇ ਮਾਹੌਲ ਨੂੰ ਛੱਡ ਨਹੀਂ ਸਕੀ ਸੀ। ਬੇਸ਼ੱਕ ਹੁਣ ਬਿਜਲੀ ਨਾਲ ਚੱਲਣ ਵਾਲੀਆਂ ਬਹੁਤ ਵਸਤਾਂ ਮਿਲਣ ਲੱਗ ਪਈਆਂ ਸਨ ਲੇਕਿਨ ਉਸ ਨੂੰ ਹੁਣ ਵੀ ਕੂੰਡੇ -ਘੋਟਣੇ ਵਿੱਚ ਕੁੱਟੇ ਮਸਾਲੇ ਦੇ ਤੜਕੇ ਤੋਂ ਬਗੈਰ ਤਸੱਲੀ ਨਹੀਂ ਸੀ ਹੁੰਦੀ। ਇਸੇ ਲਈ ਉਹਦੀਆਂ ਅਮੀਰ ਗੁਆਂਢਣਾਂ ਜਦ ਵੀ ਉਹਦੇ ਘਰ ਦਾ ਖਾਣਾ ਖਾਂਦੀਆਂ ਤਾਂ ਸਿਫਤ ਕੀਤੇ ਬਗੈਰ ਰਹਿ ਨਾ ਸਕਦੀਆਂ। ਜਦ ਵੀ ਉਹਦੀ ਕੋਠੀ ਵਿਚੋਂ ਠੁੱਕ -ਠੁੱਕ ਦੀ ਆਵਾਜ਼ ਆਉਂਦੀ, ਗੁਆਂਢਣਾਂ ਸਮਝ ਜਾਂਦੀਆਂ ਕਿ ਤਾਈ ਧੰਨ ਕੌਰ ਕੂੰਡੇ ਵਿੱਚ ਕੁਝ ਕੁੱਟ ਰਹੀ ਹੋਵੇਗੀ। 
        ਇੱਕ ਦਿਨ ਤੜਕੇ ਤੋਂ ਹੀ ਉਹਦੇ ਘਰੋਂ ਅਜੀਬ ਜਿਹੀ ਠੁੱਕ -ਠੁੱਕ ਦੀ ਆਵਾਜ਼ ਆ ਰਹੀ ਸੀ, ਜਿਵੇਂ ਕੋਈ ਮੂੰਗਲੀ ਨਾਲ ਉਖੱਲ ਵਿੱਚ ਕੁਝ ਕੁੱਟ ਰਿਹਾ ਹੋਵੇ। ਜਦ ਇਹ ਆਵਾਜ਼ ਦਿਨ ਚੜੇ ਤੱਕ ਵੀ ਬੰਦ ਨਾ ਹੋਈ ਤਾਂ ਇੱਕ ਗੁਆਂਢਣ ਤਾਈ ਧੰਨ ਕੌਰ ਦੇ ਘਰ ਆ ਹੀ ਗਈ ਅਤੇ ਘਰ ਵੜਦੇ ਸਾਰ ਹੀ ਦੇਖ ਕੇ ਹੈਰਾਨ ਹੋ ਗਈ। ਤਾਈ ਨੇ ਇੱਕ ਵੱਡੇ ਪਾਣੀ ਦੇ ਡਰੰਮ ਵਿੱਚ ਹਜ਼ਾਰ -ਹਜ਼ਾਰ ਅਤੇ ਪੰਜ- ਪੰਜ ਸੌ ਦੇ ਨੋਟ ਪਾਏ ਹੋਏ ਸਨ ਤੇ ਉਹ ਥੋਹੜੇ ਥੋਹੜੇ ਨੋਟਾਂ ਨੂੰ ਉਖੱਲੀ ਵਿੱਚ ਪਾ ਕੇ ਮੋਹਲੇ ਨਾਲ ਕੁੱਟ-ਕੁੱਟ ਕੇ ਕਣਕ ਦੇ ਗੁੰਨ੍ਹੇ ਆਟੇ ਜਿਹਾ ਬਣਾ ਰਹੀ ਸੀ। ਗੁਆਂਢਣ ਹੈਰਾਨ ਹੋਈ ਬੋਲੀ, " ਤਾਈ ਇਹ ਕੀ ?" ਤਾਂ ਧੰਨ ਕੌਰ ਬੋਲੀ," ਭਾਈ, ਇਹ ਨੋਟ ਤਾਂ ਹੁਣ ਕਿਸੇ ਕੰਮ ਦੇ ਰਹੇ ਨਹੀਂ , ਮੈਂ ਸੋਚਿਆ ਪਈ, ਇਹਨਾਂ ਨੂੰ ਕੁੱਟ -ਕੁੱਟ ਕੇ ਇਹਦੇ ਵਿੱਚ ਗਾਚਣੀ ਮਿਲਾ ਕੇ ਕੁਝ ਦੌਰੇ ਤੇ ਗੋਹਲੇ ਬਣਾ ਲਵਾਂ। ਪਿੰਡ ਵਿੱਚ ਵੀ ਜਦੋਂ ਮੈਂ ਵਿਹਲੀ ਹੁੰਦੀ ਸੀ ਤਾਂ ਕਾਗਜ਼ਾਂ ਤੇ ਗੱਤਿਆਂ ਨੂੰ ਭਿਓਂ ਕੇ ਵਿੱਚ ਗਾਚਣੀ ਪਾ ਕੇ ਮੈਂ ਭਾਂਡੇ ਬਣਾ ਲੈਂਦੀ ਸੀ, ਜਿਸ ਵਿੱਚ ਆਟਾ ਤੇ ਦਾਣੇ ਪਾ ਲੈਂਦੀ ਸੀ। ਹੁਣ ਮੈਂ ਸੋਚਿਆ ਕਿ ਇੰਨੇ ਨੋਟ ਕਿੱਥੇ ਸੁਟੀਏ, ਬੈਂਕ ਵਿੱਚ ਰੱਖ ਨਹੀਂ ਸਕਦੇ, ਸਰਕਾਰ ਪੁੱਛੂ ਨੋਟ ਕਿਥੋਂ ਆਏ ? ਸੋ ਭਾਈ ਮੈਨੂੰ ਤਾਂ ਇਹੋ ਹੀ ਸੁਝਿਆ। ਤੁਸੀਂ ਵੀ ਆਪਣੇ ਆਪਣੇ ਨੋਟਾਂ ਦਾ ਕੁਛ ਬਣਾ ਲਉ ਭਾਈ, ਨਹੀਂ ਤਾਂ ਕੀ ਪਤਾ, ਇਹਨਾਂ ਕੋਠੀਆਂ ਵਿੱਚੋਂ ਨਿਕਲ ਕੇ ਵਾਪਸ ਪਿੰਡ ਜਾਣਾ ਪੈ ਜਾਵੇ ।" ਗੁਆਂਢਣ ਸੁਣ ਕੇ ਦੰਗ ਰਹਿ ਗਈ। 
                                                                                                                                                  ਗੁਰਮੇਲ ਸਿੰਘ ਭੰਮਰਾ 
 ਯੂ. ਕੇ. 

ਨੋਟ : ਇਹ ਪੋਸਟ ਹੁਣ ਤੱਕ 130 ਵਾਰ ਪੜ੍ਹੀ ਗਈ ਹੈ।

ਲਿੰਕ 1             ਲਿੰਕ 2         ਲਿੰਕ 3       ਲਿੰਕ 4

10 Aug 2017

ਚਿੱਤਰਕਾਰ (ਕਹਾਣੀ)

     ਚਿੱਤਰਕਾਰ ਤਾਂ ਓਹ ਸਕੂਲ ਦੇ ਦਿਨਾਂ ਤੋਂ ਹੀ ਸੀ ਲੇਕਿਨ ਉਸ ਦੀ ਕਲਾ ਨੂੰ ਜਾਣਨ ਵਾਲਾ ਹੀ ਕੋਈ ਨਹੀਂ ਸੀ। ਉਂਜ ਵੀ ਰਾਜੂ ਗਰੀਬ ਮਾਂ ਦਾ ਇਕਲੌਤਾ ਬੇਟਾ ਹੀ ਸੀ। ਪਿਤਾ ਬਚਪਨ ਵਿੱਚ ਹੀ ਰੱਬ ਨੂੰ ਪਿਆਰਾ ਹੋ ਗਿਆ ਸੀ। ਇਸ ਤੋਂ ਵੀ ਬੁਰੀ ਗੱਲ ਉਸ ਦਾ ਪੜ੍ਹਾਈ 'ਚੋਂ ਕਮਜ਼ੋਰ ਹੋਣਾ ਸੀ । ਮਾਸਟਰ ਜੀ ਸੋਟੀ ਨਾਲ ਉਸ ਨੂੰ ਕੁਟਦੇ ਹੀ ਰਹਿੰਦੇ । ਮਾਸਟਰ ਜੀ ਵੀ ਕੀ ਕਰਦੇ, ਰਾਜੂ ਨੂੰ ਤਾਂ ਜਿਵੇਂ ਪੜ੍ਹਾਈ 'ਚ ਕੋਈ ਦਿਲਚਸਪੀ ਹੀ ਨਹੀਂ ਸੀ। ਬੱਸ ਸਲੇਟ 'ਤੇ ਤੋਤੇ ਚਿੜੀਆਂ ਕੁੱਤੇ ਆਦਿ ਬਣਾਉਂਦਾ ਰਹਿੰਦਾ । ਇਸੇ ਗੱਲ ਤੋਂ ਮਾਸਟਰ ਜੀ ਨੂੰ ਰਾਜੂ ਨਾਲ ਚਿੜ੍ਹ ਸੀ ਅਤੇ ਉਹ ਰਾਜੂ ਨੂੰ ਮੁਰਗਾ ਬਣਾਉਂਦੇ ਹੀ ਰਹਿੰਦੇ।ਇੱਕ  ਦਿਨ ਤਾਂ ਮਾਸਟਰ ਜੀ ਐਨੇ ਤੰਗ ਆਏ ਕਿ ਉਸ ਨੂੰ ਸੋਟੀਆਂ ਨਾਲ ਬੁਰੀ ਤਰਾਂ ਕੁੱਟਿਆ ਅਤੇ ਇਸ ਤੋਂ ਬਾਅਦ ਰਾਜੂ ਕਦੇ ਸਕੂਲ ਨਹੀਂ ਆਇਆ।  
          ਮਾਂ ਰਾਜੂ ਨੂੰ ਕਿਸੇ ਸ਼ਹਿਰ ਲੈ ਗਈ। ਸਮਾਂ ਬੀਤਿਆ ਤੇ ਉਸ ਦਾ ਵਿਆਹ ਤੇ ਫੇਰ ਬੱਚੇ ਵੀ ਹੋ ਗਏ। ਬਚਪਨ ਦੇ ਚਿੱਤਰਕਾਰੀ ਦੇ ਸ਼ੌਕ ਨੇ ਉਸ ਨੂੰ ਇੱਕ ਚੰਗਾ ਚਿੱਤਰਕਾਰ ਬਣਾ ਦਿੱਤਾ ਸੀ। ਲੇਕਿਨ ਇਸ ਚਿੱਤਰਕਾਰੀ ਤੋਂ ਘਰ ਦਾ ਖਰਚ ਚਲਾਉਣਾ ਉਸ ਲਈ ਬਹੁਤ ਮੁਸ਼ਕਿਲ ਸਾਬਤ ਹੋ ਰਿਹਾ ਸੀ। ਜਿੰਨੀਆਂ ਤਸਵੀਰਾਂ ਉਹ ਬਣਾਉਂਦਾ, ਉਹਨਾਂ ਨੂੰ ਵੇਚਣਾ ਮੁਸ਼ਕਿਲ ਹੁੰਦਾ, ਅਗਰ ਵਿਕ ਵੀ ਜਾਂਦੀਆਂ ਤਾਂ ਐਨੇ ਪੈਸੇ ਨਾ ਮਿਲਦੇ। ਪਤੀ ਪਤਨੀ ਵਿੱਚ ਹਰ ਰੋਜ਼ ਝਗੜਾ ਹੁੰਦਾ। ਕਦੇ ਕਦੀ ਰਾਜੂ ਬਹੁਤ ਉਦਾਸ ਹੋ ਜਾਂਦਾ ਕਿ ਲੋਕ ਉਸ ਦੀ ਕਲਾ ਨੂੰ ਕਿਓਂ ਨਹੀਂ ਪਛਾਣਦੇ ਸੀ। ਜਦ ਕਦੀ ਉਹ ਬਹੁਤ ਉਦਾਸ ਹੋ ਜਾਂਦਾ ਤਾਂ ਸ਼ਹਿਰ ਤੋਂ ਬਾਹਰ ਖੇਤਾਂ ਵੱਲ ਨੂੰ ਚਲੇ ਜਾਂਦਾ। ਖੇਤਾਂ ਵਿੱਚ ਆ ਕੇ ਉਸ ਦੇ ਮਨ ਨੂੰ ਕੁਝ ਚੈਨ ਮਿਲਦਾ । ਕਦੇ ਕਦੇ ਕਿਸੇ ਕਿਸਾਨ ਨਾਲ ਉਸ ਦੀ ਮੁਲਾਕਾਤ ਹੋ ਜਾਂਦੀ।  ਉਹਨਾਂ ਨਾਲ ਗੱਲਬਾਤ ਕਰਕੇ ਉਸ ਨੂੰ ਖੁਸ਼ੀ ਮਿਲਦੀ।ਰੋਜ਼ -ਰੋਜ਼ ਖੇਤਾਂ ਵੱਲ ਆਉਣਾ ਉਸ ਲਈ ਸੰਭਵ ਨਹੀਂ ਸੀ ਲੇਕਿਨ ਜਦ ਕਦੀ ਮਨ ਜ਼ਿਆਦਾ ਉਦਾਸ ਹੁੰਦਾ ਤਾਂ ਉਹ ਇੱਥੇ ਆ ਜਾਂਦਾ।  
       ਇੱਕ ਸ਼ਾਮ ਨੂੰ ਸੈਰ ਕਰਦੇ ਕਰਦੇ ਕੁਝ ਹਨ੍ਹੇਰਾ ਹੋਣਾ ਸ਼ੁਰੂ ਹੋ ਗਿਆ ਸੀ। ਸਰਸਰੀ ਨਜ਼ਰ ਨਾਲ ਉਸ ਨੇ ਦੇਖਿਆ ਇੱਕ ਕਿਸਾਨ ਇੱਕ ਰੁੱਖ ਨਾਲ ਰੱਸਾ ਬੰਨ੍ਹ ਰਿਹਾ ਸੀ। ਰਾਜੂ ਨੇ ਕੋਈ ਖਾਸ ਧਿਆਨ ਨਹੀਂ ਦਿੱਤਾ। ਉਹ ਚਲਾ ਜਾ ਰਿਹਾ ਸੀ। ਇਇੱਕ ਵਾਰ ਫਿਰ ਉਸ ਨੇ ਗਰਦਨ ਘੁਮਾ ਕੇ ਓਧਰ ਵੇਖਿਆ ਤਾਂ ਉਸ ਦੇ ਹੋਸ਼ ਉੜ ਗਏ. ਉਹ ਕਿਸਾਨ ਉਸ ਰੱਸੇ ਨੂੰ ਆਪਣੇ ਗਲ ਵਿੱਚ ਪਾ ਰਿਹਾ ਸੀ।  ਬਿਜਲੀ ਦੀ ਤੇਜੀ ਨਾਲ ਰਾਜੂ ਨੇ ਦੌੜ ਕੇ ਉਸ ਕਿਸਾਨ ਨੂੰ ਫੜ ਲਿਆ ਤੇ ਗਲ ਵਿਚੋਂ ਰੱਸਾ ਕੱਢਣ ਲੱਗਾ।" ਮੈਨੂੰ ਛੱਡ ਦੇ ! ਮੈਨੂੰ ਛੱਡ ਦੇ," ਉਹ ਕਿਸਾਨ ਉਚੀ ਉਚੀ ਬੋਲ ਰਿਹਾ ਸੀ। ਲੇਕਿਨ ਰਾਜੂ ਨੇ ਰੱਸਾ ਗਲ ਵਿਚੋਂ ਕੱਢ ਦਿੱਤਾ। ਕਿਸਾਨ ਰੋਂਦਾ ਰੋਂਦਾ ਬੋਲ ਰਿਹਾ ਸੀ ਕਿ ਜੀਣ ਵਾਸਤੇ ਉਸ ਦੇ ਕੋਲ ਹੁਣ ਕੁਝ ਨਹੀਂ ਬਚਿਆ ਸੀ।  ਉਸ ਦੇ ਸਿਰ ਐਨਾ ਕਰਜ਼ ਹੋ ਗਿਆ ਸੀ ਕਿ ਇਸ ਜਨਮ ਵਿਚ ਉਹ ਲਾਹ ਨਹੀਂ ਸਕਦਾ ਸੀ। ਫੇਰ ਰਾਜੂ ਨੇ ਉਸ ਦੇ ਪਰਵਾਰ ਜਾਣਿਆ ਤੇ ਉਸ ਨੂੰ ਸਮਝਿਆ ਕਿ ਉਹ ਤਾਂ ਆਤਮ ਹੱਤਿਆ ਕਰ ਕੇ ਸੁਰਖੁਰੂ ਹੋ ਜਾਵੇਗਾ ਲੇਕਿਨ ਬੀਵੀ ਅਤੇ ਬੱਚਿਆਂ ਦਾ ਕੀ ਬਣੇਗਾ। ਰਾਜੂ ਨੇ ਉਸ ਨੂੰ ਆਪਣੀ ਹਾਲਤ ਬਾਰੇ ਦੱਸਦਿਆਂ ਕਿਹਾ ਕਿ ਉਹ ਅੰਤ ਹੱਤਿਆ ਬਾਰੇ ਸੋਚ ਵੀ ਨਹੀਂ ਸਕਦਾ। ਸਮਝਾ ਬੁਝਾ ਕੇ ਰਾਜੂ ਕਿਸਾਨ ਨੂੰ ਉਸ ਦੇ ਘਰ ਛੱਡ ਆਇਆ ਲੇਕਿਨ ਉਹ ਬਹੁਤ ਘਬਰਾਇਆ ਹੋਇਆ ਘਰ ਜਾ ਰਿਹਾ ਸੀ। 
          ਸਾਰੀ ਰਾਤ ਰਾਜੂ ਸੋਚਦਾ ਰਿਹਾ ਕਿ ਅਗਰ ਕਿਸਾਨ ਆਤਮ ਹੱਤਿਆ ਕਰ ਲੈਂਦਾ ਤਾਂ ਕਿੰਨੀਆਂ ਹੋਰ ਜ਼ਿੰਦਗੀਆਂ ਤਬਾਹ ਹੋ ਜਾਂਦੀਆਂ। ਕਈ ਦਿਨ ਇਸ ਤਰ੍ਹਾਂ ਲੰਘ ਗਏ। ਇੱਕ ਸਵੇਰ ਨੂੰ ਉਸ ਦੇ ਦਿਮਾਗ 'ਚ ਕੁਝ ਆਇਆ ਤੇ ਉਸ ਨੇ ਇੱਕ ਚਿੱਤਰ ਬਨਾਉਣਾ ਸ਼ੁਰੂ ਕਰ ਦਿੱਤਾ। ਜਦ ਚਿੱਤਰ ਕਈ ਦਿਨਾਂ 'ਚ ਪੂਰਾ ਹੋਇਆ ਤਾਂ ਉਸ ਨੂੰ ਦੇਖ ਕੇ ਖੁਦ ਹੀ ਰਾਜੂ ਉਦਾਸ ਹੋ ਗਿਆ। ਚਿੱਤਰ ਵਿੱਚ ਇੱਕ ਕਿਸਾਨ ਕਿਸੇ ਦਰਖਤ ਨਾਲ ਬੰਨੇ ਹੋਏ ਰੱਸੇ ਨੂੰ ਗਲ ਵਿਚ ਪਾ ਕੇ ਬਾਰਸ਼ ਨਾਲ ਡੁੱਬੀ ਫਸਲ ਵੱਲ ਦੇਖਦਾ ਹੋਇਆ ਲਟਕ ਰਿਹਾ ਸੀ। ਰਾਜੂ ਤੋਂ ਚਿੱਤਰ ਵੱਲ ਦੇਖ ਨਹੀਂ ਸੀ ਹੁੰਦਾ। ਉਹ ਇਸ ਨੂੰ ਜਿੰਨੀ ਛੇਤੀ ਹੋ ਸਕੇ ਕਿਸੇ ਵੀ ਕੀਮਤ 'ਤੇ ਵੇਚਣਾ ਚਾਹੁੰਦਾ ਸੀ। ਸਾਰੇ ਚਿੱਤਰ ਲੈ ਕੇ ਰਾਜੂ ਸੜ੍ਹਕ ਦੇ ਕਿਨਾਰੇ ਬੈਠ ਕੇ ਗਾਹਕ ਦਾ ਇੰਤਜ਼ਾਰ ਕਰਨ ਲੱਗਾ। ਜੋ ਵੀ ਇਸ ਚਿੱਤਰ ਨੂੰ ਦੇਖਦਾ ਉਹ ਦੁੱਖ ਭਰੀ ਆਵਾਜ਼ 'ਚ ਕੁਝ ਸ਼ਬਦ ਬੋਲ ਕੇ ਅੱਗੇ ਚਲੇ ਜਾਂਦਾ। ਕੋਈ  ਖਰੀਦਣ  ਨੂੰ ਤਿਆਰ ਨਾ ਹੁੰਦਾ। ਸ਼ਾਮ ਹੋ ਗਈ ਸੀ।  ਉਹ ਘਰ ਨੂੰ ਮੁੜਨ ਹੀ ਵਾਲਾ ਸੀ ਕਿ ਇੱਕ ਵਿਦੇਸ਼ੀ ਜੋੜਾ ਆ ਕੇ ਇਸ ਤਸਵੀਰ ਨੂੰ ਦੇਖਣ ਲੱਗੇ । ਬਹੁਤ ਦੇਰ ਤੱਕ ਦੇਖਣ ਤੋਂ ਬਾਅਦ ਉਹ ਗੋਰਾ ਬੋਲਿਆ," ਕਿਤਨੇ ਪੈਸੇ ਲੇਗਾ ਇਸ ਪੇਂਟਿੰਗ ਕੇ। " ਸਾਹਬ ਜੋ ਮਰਜੀ ਦੇ ਦੋ ਰਾਜੂ ਬੋਲਿਆ। " ਏਕ ਲਾਖ ਰੁਪੀ ਲੇਗਾ ?" ਸੁਣ ਕੇ ਰਾਜੂ ਦਾ ਮੂੰਹ ਖੁੱਲਾ ਹੀ ਰਹਿ ਗਿਆ। " ਏਕ ਲਾਖ ਦਸ ਹਜ਼ਾਰ ਸੇ ਜ਼ਿਆਦਾ ਨਹੀਂ ਦੇਗਾ, ਬੋਲੋ ਮਨਜੂਰ ਹੈ ? " ਰਾਜੂ ਦੇ ਮੂੰਹ ਵਿੱਚੋਂ ਕੋਈ ਆਵਾਜ਼ ਨਿਕਲ ਨਹੀਂ ਰਹੀ ਸੀ।  ਸਿਰ ਹਿਲਾ ਕੇ ਉਸ ਨੇ ਰਜ਼ਾਮੰਦੀ ਜ਼ਹਿਰ ਕਰ ਦਿੱਤੀ। ਇੱਕ ਲੱਖ ਦਸ ਹਜ਼ਾਰ ਰੁਪਏ ਤੇ ਬਾਕੀ ਦੀਆਂ ਪੇਂਟਿੰਗ ਲੈ ਕੇ ਜਦ ਰਾਜੂ ਘਰ ਨੂੰ ਜਾ ਰਿਹਾ ਸੀ ਤਾਂ ਉਸ ਦੇ ਦਿਮਾਗ ਵਿਚ ਹਜ਼ਾਰਾਂ ਖ਼ਿਆਲ ਆ ਰਹੇ ਸਨ। ਉਸ ਨੂੰ ਲੱਗਾ ਕਿ ਇਹਨਾਂ ਪੈਸਿਆਂ ਦਾ ਅਸਲ ਹੱਕਦਾਰ ਉਹ ਖੁਦ ਨਹੀਂ ਸੀ ਬਲਕਿ ਉਹ ਕਿਸਾਨ ਸੀ।
                                                                                                                                                  ਗੁਰਮੇਲ ਸਿੰਘ ਭੰਮਰਾ  
(ਯੂ. ਕੇ.)

  ਲਿੰਕ 1               ਲਿੰਕ 2         ਲਿੰਕ 3
ਨੋਟ : ਇਹ ਪੋਸਟ ਹੁਣ ਤੱਕ 95 ਵਾਰ ਪੜ੍ਹੀ ਗਈ ਹੈ।