ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

Showing posts with label ਭੂਪਿੰਦਰ ਸਿੰਘ. Show all posts
Showing posts with label ਭੂਪਿੰਦਰ ਸਿੰਘ. Show all posts

15 Jun 2015

ਗਰਮੀ ਦੀ ਰੁੱਤ

 ਗਰਮੀ ਆਪਣੇ ਸਿਖ਼ਰਾਂ ‘ਤੇ ਪਹੁੰਚ ਚੁੱਕੀ ਏ, ਜੂਨ ਦਾ ਮਹੀਨਾ ਜੋ ਚੱਲ ਰਿਹਾ ਏ । ਬਾਹਰ ਮਕਾਨ ਦੀ ਛਾਵੇਂ ਮੰਜੀ ਡਾਹ ਕੇ ਲੰਮਾ ਪਿਆ ਨਾਜਰ ਮੱਖੀਆਂ ਦੀ ਸਰਸਰਾਹਟ ਤੋਂ ਤੰਗ, ਇਹਨਾਂ ਦੁਆਰਾ ਫੈਲਾਈ ਹੋਈ ਦਹਿਸ਼ਤ ਨੂੰ ਆਪਣੇ ਸਿਰ ਦੇ ਮੜਾਸੇ ਨਾਲ ਖਤਮ ਕਰਨ ਦੀ ਕੋਸ਼ਿਸ਼ ਕਰਨ ਲੱਗਾ । ਉਸਦਾ ਨਿੱਕਾ ਬਾਲ ਗਰਮੀ ਲੱਗਣ ਕਰਕੇ ...ਉਐਂ...ਉਐਂ...ਐਂ ਕਰ ਰਿਹਾ ਏ ਜਿਸ ਨੂੰ ਸੁਣ ਕੇ ਨਾਜਰ  ਦੀ ਘਰਵਾਲੀ ਹਥਲਾ ਕੰਮ ਛੱਡ ਕਾਕੇ ਨੂੰ  ਆਪਣੇ ਦੁਪੱਟੇ ਨਾਲ ਹਵਾ ਝੱਲਣ ਲੱਗੀ। ਓਟੇ ਦੀ ਛਾਵੇਂ ਬੈਠਾ ਇੱਕ ਕੁੱਤਾ ਲੰਬੀ ਜੀਭ ਕੱਢ ਕੇ ਤੇਜ਼ ਰਫ਼ਤਾਰ ਨਾਲ ਹਫ਼ ਰਿਹਾ ਏ “...ਹੈ.ਅ...ਹੈ.ਅ...ਹੈ.ਅ..!” 
ਕਾਂ ਦੀ ਅੱਖ ਕੱਢਣ ਵਾਲੀ ਸਿਖ਼ਰ ਦੁਪਿਹਰੇ ਪਿੰਡਾਂ ਦੀਆਂ ਗਲੀਆਂ ਗਲਿਆਰੇ ਕਿਸੇ ਰਾਤ ਦੇ ਸੰਨਾਟੇ ਵਾਂਗ ਸੁੰਨ-ਸਾਨ ਪਏ ਨੇ। ਨਾਜਰ ਦੇ ਰੋਕਣ ਦੇ ਬਾਵਜੂਦ ਵੀ ਉਸ ਦੇ ਵੱਡੇ ਖੇਡਣ-ਮੱਲਣ ਵਾਲੇ ਜੁਆਕ ਇਸ ਪਿੰਡੇ ਲੂਹਣੀ ਧੁੱਪ ਵਿੱਚ ਬਾਹਰ ਕਿਸੇ ਰੁੱਖ ਦੀ ਛਾਂ ਹੇਠ ਜਾ  ਖੇਡਣ ਲੱਗੇ। ਕੁਝ ਹੋਰ ਉਹਨਾਂ ਦੇ ਸਾਥੀ ਪਿੰਡ ਨੇੜੇ ਵਗਦੀ ਨਹਿਰ ਵਿੱਚ ਛਾਲ਼ਾਂ ਮਾਰਨ, ਤਾਰੀਆਂ ਲਾਉਣ ਅਤੇ ਵਗਦੇ ਸੀਤਲ ਪਾਣੀ ਨਾਲ ਅੱਠਖੇਲੀਆਂ ਕਰਨ 'ਚ ਮਸਤ ਨੇ। ਨਾਜਰ ਵੀ ਹੁਣ ਪਿੰਡ ਦੀ ਫਿਰਨੀ ‘ਤੇ ਲੱਗੇ ਸੰਘਣੇ ਰੁੱਖਾਂ ਦੀ ਛਾਂ ਹੇਠ ਬੈਠੇ ਤਾਸ਼ਾਂ ਖੇਡਦਿਆਂ, ਅਖ਼ਬਾਰਾਂ ਪੜ੍ਹਦਿਆਂ  ਅਤੇ ਪਿੰਡ ਦੀ  ਚੁੰਝ -ਚਰਚਾ 'ਚ ਜਾ ਸ਼ਾਮਿਲ ਹੋਇਆ। 
           ਸਾਹਮਣੇ ਪਿੰਡ ਵਾਲੇ ਟੋਭੇ ਦੇ ਕੰਢੇ 'ਤੇ ਪਾਣੀ ਵਿੱਚ ਤਾਰੀਆਂ ਲਾ ਕੇ ਖੰਭ ਝਾੜਦੇ ਪੰਛੀ, ਟੋਭੇ 'ਚ ਮਸਤੀ ਨਾਲ ਨਹਾਉਂਦੀਆਂ ਮੱਝਾਂ, ਗਾਵਾਂ ਤੇ  ਕੱਟਰੂ-ਵੱਛਰੂ ਆਪੋ-ਆਪਣੇ ਢੰਗ ਨਾਲ ਇਸ ਗਰਮੀ ਨੂੰ ਮਾਤ ਪਾ ਰਹੇ ਹਨ। ਕੁਝ ਚਹਿ-ਚਹਾਉਂਦੇ ਪੰਛੀ ਰੁੱਖਾਂ ‘ਤੇ ਆਲ੍ਹਣਿਆਂ ਵਿੱਚ ਬੈਠੇ ਆਪਣੇ ਬੋਟਾਂ ਨਾਲ ਕਲੋਲਾਂ ਕਰ ਰਹੇ ਨੇ । ਇਹਨਾਂ ਹੀ ਰੁੱਖਾਂ ਦੀ ਛਾਂ ਹੇਠ ਹਾਲ਼ੀ ਵਹਿੜਕੇ, ਬੌਲਦ, ਕੱਟੇ ਅਤੇ ਝੋਟੇ ਉਗਾਲ਼ੀ ਕਰਕੇ ਚਿੱਟੀ-ਚਿੱਟੀ ਝੱਗ ਸੁੱਟਦੇ ਨਜ਼ਰ ਆਉਂਦੇ ਹਨ।

ਜੂਨ ਮਹੀਨਾ  
ਗਿੱਠ ਕੁ ਲੰਬੀ ਜੀਭ
ਮਿਣਦੀ ਤਾਪ। 



ਭੂਪਿੰਦਰ ਸਿੰਘ 

(ਨਿਊ ਯਾਰਕ ) 
ਨੋਟ: ਇਹ ਪੋਸਟ ਹੁਣ ਤੱਕ 116 ਵਾਰ ਪੜ੍ਹੀ ਗਈ।

28 Apr 2015

ਖੂਨੀ ਭੁਚਾਲ

ਨੇਪਾਲ ਦੇ ਕਾਠਮੰਡੂ ਦਾ ਇਲਾਕਾ। ਆਮ ਜਿਹਾ ਦਿਨ ਓਦੋਂ ਅਭਾਗਾ ਦਿਨ ਬਣ ਗਿਆ ਜਦੋਂ ਕੁਦਰਤ ਨੇ ਕਹਿਰ ਢਾਹ ਦਿੱਤਾ । ਖ਼ਤਰਨਾਕ ਭੂਚਾਲ, ਏਨੀ ਤੀਬਰਤਾ ਨਾਲ ਆਇਆ ਕਿ ਇਸ ਇਲਾਕੇ ਨੂੰ ਹਜ਼ਾਰਾਂ ਹੀ ਮਨੁੱਖਾਂ ਦੀ ਕਤਲਗਾਹ ਬਣਾ ਗਿਆ!.....ਕਿੰਨਾ ਹੋਰ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ।  ਦੇਖੋ! ਸਭ ਪਾਸੇ ਮੱਚੀ ਹੋਈ ਹਾਹਾਕਰ.....ਢਹਿ ਢੇਰੀ ਹੋਏ ਨੇ ਘਰਾਂ ਦੇ ਘਰਮੰਦਰ ਅਤੇ ਕਈ ਹੋਰ ਪੁਰਾਣੀਆਂ ਇਮਾਰਤਾਂ। ਖੌਰੇ,ਕਿੰਨੀਆਂ ਕੁ ਲਾਸ਼ਾਂ ਮਲਬੇ ਦੇ ਹੇਠ ਦੱਬੀਆਂ ਪਈਆਂ ਹਨ। ਜ਼ਖਮੀਆਂ ਤੇ ਪੀੜਤਾਂ ਨਾਲ ਭਰੇ ਹਸਪਤਾਲ।ਅਜੇ ਵੀ ਅਣਗਿਣਤ ਲੋਕ ਲਾਪਤਾ ਹਨ ਅਤੇ ਹੁਣ ਭੂਚਾਲ ਤੋਂ ਬਾਅਦ ਨਿਰੰਤਰ ਆਉਣ ਵਾਲੇ ਝਟਕਿਆਂ ਦੇ ਡਰ ਨਾਲ ਸਹਿਮੇ ਨੇ ਲੋਕ।  

ਖੂਨੀ ਭੂਚਾਲ-
ਦੇਖ ਕਤਲਗਾਹ
ਸਹਿਮੇ ਲੋਕ । 

ਭੁਪਿੰਦਰ ਸਿੰਘ 
(ਨਿਊਯਾਰਕ )
ਨੋਟ: ਇਹ ਪੋਸਟ ਹੁਣ ਤੱਕ 12 ਵਾਰ ਪੜ੍ਹੀ ਗਈ। 



6 Jun 2013

ਪਹੁ ਫੁਟਾਲਾ

1.
ਪਹੁ ਫੁਟਾਲਾ
ਜੀਵਾਂ ਦੀ ਨੱਠ ਭੱਜ
ਢਿੱਡ ਖਾਤਰ |
2.
ਪਹੁ ਫੁਟਾਲਾ
ਟਿਕਣ ਲੱਗੇ ਪਏ
ਰਾਤ ਦੇ ਪਾਂਧੀ |

ਭੂਪਿੰਦਰ ਸਿੰਘ
(ਨਿਊਯਾਰਕ)

20 May 2013

ਪਹੁ ਫੁਟਾਲਾ


1.
ਪਹੁ ਫੁਟਾਲਾ
ਰਾਤ ਅਤੇ ਦਿਨ ਦੀ
ਗਲ਼ਵੱਕੜੀ
2.
ਪਹੁ ਫੁਟਾਲਾ
ਚਿੜੀਆਂ ਦਾ ਚੂਕਣਾ
ਰੁੱਖਾਂ ਦੀ ਜਾਗ
3.
ਪਹੁ ਫੁਟਾਲਾ
ਸੂਰਜ ਦੀ ਕਿਰਨ
ਨਵੀਂ ਆਸ ਦੀ

ਭੂਪਿੰਦਰ ਸਿੰਘ
(ਨਿਊਯਾਰਕ)

12 May 2013

ਮਾਂ ਦਿਵਸ

ਇੱਕ ਅੱਖਰਾ ਛੋਟਾ ਜਿਹਾ ਸ਼ਬਦ 'ਮਾਂ' ਆਪਣੇ ਅੰਦਰ ਇੱਕ ਵਿਸ਼ਾਲ ਸਮੁੰਦਰ ਜਿੰਨੀ ਗਹਿਰਾਈ, ਜਿਗਰਾ, ਪਿਆਰ ਤੇ ਪਾਣੀ ਵਾਂਗਰ ਹਰ ਰੰਗ 'ਚ ਘੁਲ਼ ਕੇ ਓਹੀ ਰੰਗ ਬਣ ਜਾਣ ਵਰਗੇ ਗੁਣ ਸਮੋਈ ਬੈਠਾ ਹੈ। ਮਾਂ ਦਿਵਸ ਨੂੰ ਵਿਸ਼ੇਸ਼ ਬਨਾਉਣ ਲਈ ਹਾਇਕੁ-ਲੋਕ ਮੰਚ ਆਪਣੇ ਸਾਰੇ ਪਾਠਕਾਂ ਨੂੰ ਵਧਾਈ ਦਿੰਦਾ ਹੋਇਆ ਕੁਝ ਹਾਇਕੁ ਤੇ ਤਾਂਕਾ ਪੇਸ਼ ਕਰ ਰਿਹਾ ਹੈ।



ਸੁਪ੍ਰੀਤ ਕੌਰ ਸੰਧੂ
(ਜਮਾਤ-ਨੌਵੀਂ) 
***********************************************************************

1.
ਜੱਗ ਦਾ ਫੇਰਾ
ਕਿਤੋਂ ਨਹੀਂ ਲੱਭਿਆ
ਮਾਂ ਜਿੱਡਾ ਜੇਰਾ
ਅੰਬਰ ਜਿਹਾ ਦਿਲ 
ਉਹ ਹੈ ਰੱਬ ਮੇਰਾ | 

2.
ਮੋਹ ਦੀ ਤਾਂਘ
ਮੁੱਕਣੀ ਸਾਹਾਂ ਨਾਲ਼
ਮਾਂ ਨਾਲ਼ ਸਾਂਝ
ਹਰ ਸਾਹ ਪੱਕੇਰੀ 
ਦੁਆਵਾਂ ਜਿਹੀ ਸਾਂਝ | 

3.
ਧੁੱਪ ਵਿੱਚ ਛਾਂ
ਅੱਖੀਆਂ ਪੜ੍ਹ ਲੈਂਦੀ
ਅਨਪੜ੍ਹ ਮਾਂ
ਦਿਲ ਤੋਂ ਬੁੱਝੇ ਸੋਚੇ 
ਅੰਤਰਜਾਮੀ ਏ ਮਾਂ |

4.
ਪੀੜ ਬੇਕਾਬੂ
ਪੁੜਪੁੜੀਆਂ ਝੱਸੇ
ਮਾਂ ਹੱਥ ਜਾਦੂ



 ਰੜਕੇ ਅੱਖ
ਚੁੰਨੀ ਦੇ ਲੜ ਨਾਲ਼ 
ਮਾਂ ਦਿੰਦੀ ਭਾਫ਼ ।


ਡਾ.ਹਰਦੀਪ ਕੌਰ ਸੰਧੂ
(ਬਰਨਾਲ਼ਾ)
**************************************************************
ਤਾਂਕਾ- 5+7+5+7+7 
1.
ਮਾਂਵਾਂ ਦਾ ਦਿਨ

ਮਨਾਉਂਦੀ ਦੁਨੀਆਂ

ਕਰਜ਼ਾ ਮੋੜੇ

ਮਾਂ ਇੱਕ ਫ਼ਲਸਫ਼ਾ

ਸਿਰਜਣਾ ਦਾ ਸ੍ਰੋਤ।

  2.

ਦਿਨ ਮਾਂਵਾਂ ਦਾ

ਕੰਮੀ ਰੁੱਝੇ ਨੇ ਜਾਏ 

ਬਜ਼ੁਰਗ ਮਾਂ

ਖੂੰਜੇ ਬੈਠੀ ਤੱਕਦੀ

   ਭੁੱਖੀ ਅਤੇ ਪਿਆਸੀ।

ਭੂਪਿੰਦਰ ਸਿੰਘ
(ਨਿਊਯਾਰਕ) 
ਨੋਟ: ਇਹ ਪੋਸਟ ਹੁਣ ਤੱਕ 62 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ।


19 Feb 2013

ਪਾਲ਼ੇ ਦਾ ਘੁੰਡ


ਭੂਪਿੰਦਰ ਸਿੰਘ ਨੇ ਹਾਇਕੁ-ਲੋਕ ਪਰਿਵਾਰ ਨਾਲ਼ ਇੱਕ ਹਾਸੇ ਭਰਿਆ ਵਾਕਿਆ ਸਾਂਝਾ ਕੀਤਾ ਹੈ ਜਿਸ ਨੂੰ ਆਪ ਨੇ ਹਾਇਕੁ-ਲੇਖਣ ਨਾਲ਼ ਜੋੜਿਆ ਹੈ। ਕਿਸੇ ਵੀ ਸਧਾਰਨ ਤੇ ਆਮ ਜਿਹੀ ਗੱਲ 'ਤੇ ਬੋਲਣਾ ਜਾਂ ਲਿਖਣਾ ਅਤੇ ਸਰੋਤਿਆਂ/ ਪਾਠਕਾਂ ਨੂੰ ਪ੍ਰਭਾਵਿਤ ਕਰਨਾ ਐਨਾ ਸੌਖਾ ਨਹੀਂ ਜਿੰਨਾ ਕਿ ਸੋਚ ਲਿਆ ਜਾਂਦਾ ਹੈ। ਬਸੰਤ ਰੁੱਤ ਦੇ ਨਜ਼ਾਰਿਆਂ ਨੂੰ ਪਾਠਕਾਂ ਤੱਕ ਅੱਪੜਦਾ ਕਰਨ ਲਈ ਹਾਇਕੁ ਅੱਖ ਦੀ ਲੋੜ ਹੈ। ਸਾਡੀ ਇਸ ਹਾਇਕੁ ਕਲਮ ਨੇ ਕੁਝ ਇਓਂ ਬਿਆਨਿਆ ਹੈ........
ਇਸ ਤੋਂ ਪਹਿਲਾਂ ਕਿ ਹਾਇਕੁ-ਲੋਕ ਪਰਿਵਾਰ ਨਾਲ਼ ਆਪਣੇ ਹਾਇਕੁ ਸਾਂਝੇ ਕਰਾਂ, ਇੱਕ ਹਾਸੇ ਭਰਿਆ ਵਾਕਿਆ ਸਾਂਝਾ ਕਰਨਾ ਚਾਹਾਂਗਾ। ਕਿਸੇ ਵਿਸ਼ੇ ਬਾਰੇ ਕੁਝ ਸਾਰਥਕ ਲਿਖਣ ਜਾਂ ਬੋਲਣ ਲਈ ਕਾਫੀ ਮਿਹਨਤ ਦੀ ਲੋੜ ਹੁੰਦੀ ਹੈ। ਗਾੱਰਮਿੰਟ ਕਾੱਲਜ ਆੱਫ ਐਜੂਕੇਸ਼ਨ ਜਲੰਧਰ ਵਿਖੇ ਪੜ੍ਹਦਿਆਂ ਅਖੀਰਲਾ ਦਿਨ ਸਾਡੀ ਭਾਸ਼ਣ ਪ੍ਰਤੀਯੋਗਤਾ ਦਾ ਦਿਨ ਸੀ। ਇੰਚਾਰਜ ਪ੍ਰੋਫੈਸਰ ਸਾਹਿਬਾਨ ਹੁਰਾਂ ਕਹਾਣੀ ਇੰਝ ਬਣਾਈ ਕਿ ਭਾਸ਼ਣ ਮੁਕਾਬਲੇ ਦਾ ਆਧਾਰ ਪਰਚੀ ਸਿਸਟਮ 'ਤੇ ਰੱਖ ਦਿੱਤਾ। ਯਾਨੀ ਪਰਚੀ ਉਠਾਓ ਤੇ ਭਾਸ਼ਣ ਦਿਓ। ਮੁਕਾਬਲੇ ਦੇ ਵਿਸ਼ੇ ਬੜੇ ਮਜ਼ਾਕੀਆ ਢੰਗ ਵਾਲ਼ੇ ਰੱਖੇ ਗਏ। ਜਿਵੇ:

  • ਕਾਲਜੀਏਟਾਂ ਦੀ ਜੇਬ ਖਰਚੀ ਦਸ ਰੁਪਏ
  • ਦੋ ਲੱਤਾਂ ਵਾਲ਼ੇ ਕੁੱਤੇ....ਆਦਿ ।
ਜਦੋਂ ਮੇਰੀ ਵਾਰੀ ਆਈ ਤਾਂ ਪਰਚੀ ਵਿਚਲਾ ਵਿਸ਼ਾ ਪੜ੍ਹ ਕੇ ਮੇਰੇ ਪਸੀਨੇ ਛੁੱਟਣ ਲੱਗੇ। ਇਹ ਵਿਸ਼ਾ ਸੀ ਕਾਲਜ ਦਾ ਨਲ਼ਕਾ। ਪੈ ਗਈ ਭਸੂੜੀ। ਦੋ ਸੌ ਦੇ ਕਰੀਬ ਹੋਣ ਵਾਲ਼ੇ ਮਾਸਟਰ, ਪ੍ਰੋਫੈਸਰ ਸਾਹਿਬਾਨ ਅਤੇ ਬਾਹਰੋਂ ਆਏ ਮਹਿਮਾਨਾਂ ਨਾਲ ਭਰੇ ਹਾਲ ਵਿਚ ਚੁੱਪ ਛਾ ਗਈ। ਸੋਚਣ ਲੱਗਾ, ਕੀ ਬੋਲਿਆ ਜਾਵੇ ? ਹਾਲਤ ਵਾੜ ਚ ਫਸੇ ਬਿੱਲੇ ਵਾਲ਼ੀ ਹੋ ਰਹੀ ਸੀ। ਜੱਕੋਂ-ਤੱਕੋਂ ਵਿਚ ਖਿੱਚ-ਧੂਹ ਕੇ ਬੋਲਣਾ ਸ਼ੁਰੂ ਕਰ ਦਿੱਤਾ,
 ਅਸੀਂ ਇਸ ਕਾੱਲਜ ਦੇ ਵਿਦਿਆਰਥੀ ਹਾਂ। ਸਾਨੂੰ ਮਾਣ ਹੈ ਆਪਣੇ ਕਾਲਜ ਦੇ ਇਸ ਨਲਕੇ ਉੱਤੇ।....ਅਸੀਂ ਏਥੇ ਪਾਣੀ ਪੀਣ ਲਈ ਆਉਂਦੇ ਹਾਂ।...........!”
 ਕਿਸੇ ਪਾਸਿਓਂ ਗੱਲ ਬਣਦੀ ਨਹੀਂ ਸੀ ਦਿਸ ਰਹੀ। ਆਖਰਕਾਰ ਦੋ ਕੁ ਗੰਭੀਰ ਸ਼ਬਦ ਬੋਲ ਦਿੱਤੇ ਤਾਂ ਹਾਲ ਵਿਚ ਤਾੜੀਆਂ ਦੀ ਆਵਾਜ਼ ਗੂੰਜਣ ਲੱਗੀ।

ਕਹਿਣ ਤੋਂ ਭਾਵ ਕਿ ਕੁਝ ਏਸੇ ਤਰਾਂ ਦਾ ਵਿਸ਼ਾ ਹੁਣ ਬਸੰਤ ਰੁੱਤ ਹੋ ਨਿੱਬੜਿਆ ਹੈ। ਫਿਰ ਵੀ ਕੋਸ਼ਿਸ਼ ਕੀਤੀ ਹੈ। ਉਮੀਦ ਹੈ ਆਪ ਜੀ ਪਸੰਦ ਕਰੋਗੇ।

 1.
ਆਈ ਬਸੰਤ
ਸਰਦੀ ਤੇ ਗਰਮੀ
ਵਿਚਲਾ ਜੋੜ

2.
ਬਸੰਤ ਰੁੱਤੇ
ਕੁਦਰਤ ਚੁੱਕਦੀ
ਪਾਲ਼ੇ ਦਾ ਘੁੰਡ

3.
ਹਵਾ ਦੇ ਬੁੱਲੇ
ਆਸਮਾਨੀ ਲਾਇਆ
ਉੱਡੇ ਪਤੰਗ

ਭੂਪਿੰਦਰ ਸਿੰਘ
(ਨਿਊਯਾਰਕ)

26 Dec 2012

ਜੰਗਲ ਰਾਜ

ਦਿੱਲੀ 'ਚ ਹੋਈ ਦਿਲ ਕੰਬਾਊ ਘਟਨਾ ਨੂੰ ਬਿਆਨ ਕਰਦੇ ਹਾਇਕੁ 

1.
ਧੀਆਂ ਤੇ ਭੈਣਾਂ
ਸੁਰੱਖਿਅਤ ਨਹੀਂ
ਤਾੜਨ ਦੈਂਤ

 2.

ਭਰੇ ਬਜ਼ਾਰ
ਇੱਜ਼ਤਾਂ ਦੀ ਨਿਲਾਮੀ
ਦੇਖਣ ਲੋਕ

 3.

ਬਲਾਤਕਾਰ
ਬੇਗੁਨਾਹ ਨੂੰ ਮੌਤ
ਸ਼ਰਮਸਾਰ

 4.

ਦੇਸ਼ ਮਹਾਨ
ਮਨੁੱਖਤਾ ਦਾ ਘਾਣ
ਜੰਗਲ ਰਾਜ

ਭੂਪਿੰਦਰ ਸਿੰਘ
(ਨਿਊਯਾਰਕ)

29 Nov 2012

ਗੁਰੂ ਦੇ ਧਾਮ

ਅੱਜ-ਕਲ ਗੁਰਧਾਮਾਂ, ਗੁਰੂਦੁਆਰਿਆਂ ਜੋ  ਕੁਝ ਵਾਪਰ ਰਿਹਾ ਹੈ ਉਸ ਨੂੰ ਦੇਖ ਸੁਣ ਕੇ ਦਿਲ ਦਹਿਲ ਜਾਂਦਾ ਹੈ। ਖੌਰੇ  ਕੀ ਹੋ ਗਿਆ ਹੈ ਦਸਮ ਪਿਤਾ ਦੇ ਇਸ ਪੰਥ ਨੂੰ। ਹਰ ਰੋਜ਼  ਕੋਈ ਨਾ ਕੋਈ ਲੜਾਈ ਦੀ ਘਟਨਾ ਦੇਖਣ ਨੂੰ ਮਿਲਦੀ ਹੈ। ਵਾਹਿਗੁਰੂ ਭਲੀ ਕਰੇ। 





1.

ਗੁਰੂ ਦੇ ਧਾਮ                                                             
ਸੇਹ ਤੱਕਲਾ ਬਣੇ
ਯੁੱਧ ਅਖਾੜੇ

2.

ਵਰ੍ਹਦੀ ਡਾਂਗ
ਗੁਰੂਦੁਆਰੇ ਵਿੱਚ
ਡਰੀ ਸੰਗਤ

3.

ਦੇਸ ਵਿਦੇਸ
ਹੈ ਮਸੰਦ ਪ੍ਰਣਾਲੀ
ਬਦਲੇ ਭੇਸ

4.

ਸਿੱਖ ਪੰਥ ਤੇ
ਅਰਦਾਸ ਦਿਲ ਤੋਂ
ਰਹਿਮ ਕਰ


ਭੂਪਿੰਦਰ ਸਿੰਘ
(ਨਿਊਯਾਰਕ)

12 Nov 2012

ਦੀਵਾਲੀ-2


ਜਗਮਗ ਦੀਵਿਆਂ ਦਾ ਤਿਓਹਾਰ ਦੀਵਾਲੀ ਸਭ ਦੇ ਘਰ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ। ਇਸੇ ਦੁਆ ਦੇ ਨਾਲ਼ ਹਾਇਕੁ-ਲੋਕ ਪਰਿਵਾਰ ਸਭ ਨੂੰ ਦੀਵਾਲੀ ਮੁਬਾਰਕ !
1)
ਆਈ ਦਿਵਾਲੀ
ਖੁਸ਼ੀਆਂ ਦਾ ਮਾਹੌਲ
ਖਿੜਿਆ ਦਿਨ
2)
ਗੁਰੂ-ਦੁਆਰੇ
ਵਡੇਰਿਆਂ ਦਾ ਦੀਵਾ
ਬੇਬੇ ਜਗਾਵੇ

3)
ਧਮਾਕੇਦਾਰ
ਚਲਦੇ ਨੇ ਪਟਾਖ਼ੇ
ਰੌਸ਼ਨ ਰਾਤ
4)
ਆਤਿਸ਼ਬਾਜ਼ੀ
ਆਕਾਸ਼ ਵਿੱਚ ਚੱਲੀ
ਬਿਖਰੇ ਰੰਗ
5)
ਘੁੰਮੇ ਚੱਕਰੀ
ਚਮਕਿਆ ਵਿਹੜਾ
ਹੱਸਣ ਬੱਚੇ
6)
ਚਮਕੇ ਤਾਰੇ
ਆਨਾਰ ਦੀ ਬੁਛਾੜ
ਫੁਹਾਰਾ ਚੱਲੇ
7)
ਫ਼ੀਤਾ ਸੁਰਕੇ
ਚੱਲਿਆ ਵੱਡਾ ਬੰਬ
ਕੰਬੇ ਧਰਤੀ
8)
ਫੁਲਝੜੀ ਵੀ
ਕੜ-ਕੜ ਕਰਕੇ
ਤਾਰੇ ਜੰਮਦੀ
9)
ਵੱਡਾ 'ਤੇ ਛੋਟਾ
ਸਭ ਖੁਸ਼ੀ ਮਾਨਣ
ਆਈ ਦਿਵਾਲੀ  
ਭੂਪਿੰਦਰ ਸਿੰਘ
(ਨਿਊਯਾਰਕ) 

12 Oct 2012

ਫੈਲੀ ਖੁਸ਼ਬੂ (ਤਾਂਕਾ)*

ਪੰਜਾਬੀ 'ਚ ਤਾਂਕਾ ਲਿਖਣ ਦੀ ਸ਼ੁਰੂਆਤ ਅਸੀਂ 5 ਸਤੰਬਰ 2012 ਨੂੰ ਹਾਇਕੁ-ਲੋਕ ਮੰਚ 'ਤੇ ਪਹਿਲਾਂ ਹੀ ਕਰ ਚੁੱਕੇ ਹਾਂ। ਫਿਰ ਇਹ 22 ਸਤੰਬਰ ਨੂੰ ਪ੍ਰਕਾਸ਼ਿਤ ਹੋਏ। ਓਸੇ ਕੜੀ ਨੂੰ ਅੱਗੇ ਤੋਰਦੀ ਇਹ ਕਲਮ .........

1.
ਉਂਗਲ ਫੜ੍ਹ
ਘਰ ਨੂੰ ਲਈ ਜਾਵੇ
ਰਾਹ ਦਿਖਾਵੇ
ਨਸ਼ੈੜੀ ਬਾਬਲ ਦੀ
ਇੱਕ ਸਿਆਣੀ ਬੇਟੀ !

2.
ਪੰਜਾਬੀ ਲੋਕ
ਵਸਦੇ ਪ੍ਰਦੇਸਾਂ 'ਚ
ਫੈਲੀ ਖੁਸ਼ਬੂ
ਦਰਦ ਪੰਜਾਬ ਦਾ
ਲਕੋ ਬੈਠੇ ਦਿਲਾਂ 'ਚ !
ਭੂਪਿੰਦਰ ਸਿੰਘ
(ਨਿਊਯਾਰਕ)
*ਨੋਟ:'ਤਾਂਕਾ' ( Tanka ) ਜਪਾਨੀ ਕਾਵਿ ਵਿਧਾ ਹੈ। ਇਹ 5 ਸਤਰਾਂ 'ਚ ਲਿਖਿਆ ਜਾਂਦਾ ਹੈ, ਜਿਸ 'ਚ ਕ੍ਰਮਵਾਰ 5 + 7 + 5 + 7 + 7 ਧੁਨੀ ਖੰਡ ਹੁੰਦੇ ਹਨ।

2 Oct 2012

ਦੂਜਾ ਦਰਿਆ


1.
 ਚਾਟੀ ਦੀ ਲੱਸੀ
ਗੁਣਕਾਰੀ ਖ਼ੁਰਾਕ
ਦੂਜਾ ਦਰਿਆ
2.
 ਭੰਗ ਦੇ ਬੂਟੇ
ਮਿਹਨਤੀ ਨਸ਼ੈੜੀ
ਜੋੜਦੇ ਮੈਲ਼
3.
 ਪੋਹ ਮਹੀਨਾ
ਅਰਮਾਨਾਂ ਦਾ ਨਿੱਘ
ਭੁੱਖ ਡਾਹਢੀ

ਭੂਪਿੰਦਰ ਸਿੰਘ
(ਨਿਊਯਾਰਕ) 

21 Sept 2012

ਘਰ ਜਾਂ ਖੇਤ (ਹਾਇਗਾ)

ਸਾਡੇ ਆਲ਼ੇ-ਦੁਆਲ਼ੇ ਵਾਪਰਨ ਵਾਲ਼ੀ ਹਰ ਛੋਟੀ ਤੋਂ ਛੋਟੀ ਗੱਲ ਨੂੰ ਜੇ ਗਹੁ ਨਾਲ਼ ਵੇਖਿਆ ਜਾਵੇ ਤਾਂ ਵੱਡੇ ਮਾਅਨੇ ਸਾਹਮਣੇ ਆਉਂਦੇ ਹਨ। ਓਹ ਮਾਅਨੇ ਤੁਹਾਨੂੰ ਓਸ ਘਟਨਾ ਦੇ ਕਾਰਨਾ ਬਾਰੇ ਸੋਚਣ ਲਈ ਕਦੇ ਨਾ ਕਦੇ ਜ਼ਰੂਰ ਮਜਬੂਰ ਕਰਦੇ ਹੋਣਗੇ । ਅੱਜ ਹਾਇਕੁ ਕਲਮ ਵੀ ਅਜਿਹੇ ਵਰਤਾਰੇ ਨੂੰ ਬਿਆਨਦੀ ਤੇ ਤੁਹਾਨੂੰ ਸੋਚਣ ਲਈ ਕੁਝ ਇਓਂ ਕਹਿੰਦੀ ਹੈ...........

                                                   ਓਹ ਚਾਹੇ ਕਿਸੇ ਘਰ 'ਚ ਵਾਪਰੀ ਹੋਵੇ........

ਜਾਂ ਕਿਸੇ ਖੇਤ 'ਚ ਵਾਪਰੀ ਹੋਵੇ ...........
                                                                 ਭੂਪਿੰਦਰ ਸਿੰਘ 
                                                                 (ਨਿਊਯਾਰਕ) 

1 Sept 2012

ਨਵ-ਵਿਆਹੁਤਾ ਤੇ ਮਾਹੀ

1.
ਕਾਰ ਚ ਡੋਲੀ
ਅੱਧਵਾਟੇ ਪਹੁੰਚੀ
ਇੱਕ ਦਿਲ  ਦੋ 
 2.
ਨਵ-ਵਿਆਹੀ
ਚਿਹਰੇ ਤੇ ਉਦਾਸੀ
ਮਾਹੀ ਚੱਲਿਆ
 3.
ਬਨ੍ਹੇਰੇ ਤੇ ਕਾਂ
ਡਾਕੀਏ ਦੀ ਉਡੀਕ
ਛੁੱਟੀ ਦਾ ਦਿਨ
 4.
ਮੂੰਹ ਜ਼ੁਬਾਨੀ
ਪੜ੍ਹਦੀ ਪਈ ਚਿੱਠੀ
ਗੂੰਜ ਮਾਹੀ ਦੀ
 5.
ਮਾਹੀ ਆਇਆ
ਭੁੰਜੇ ਪੈਰ ਨਾ ਲੱਗੇ
ਪਹਿਲੀ ਛੁੱਟੀ

ਭੂਪਿੰਦਰ ਸਿੰਘ
(ਨਿਊਯਾਰਕ)

16 Aug 2012

ਆਜ਼ਾਦੀ ਬਨਾਮ ਸੰਨ ਸੰਤਾਲ਼ੀ - 4


15 ਅਗਸਤ ਨੂੰ ਦੇਸ਼ ਆਜ਼ਾਦ ਤਾਂ ਹੋ ਗਿਆ ਪਰ ਪੰਜਾਬ 'ਚ ਫਿਰਕੂਪੁਣੇ ਦੀ ਜ਼ਹਿਰ ਨੇ ਖੂਨ ਦੀ ਹੋਲੀ ਖੇਡੀ । ਏਥੇ ਮੈਨੁੰ ਅਕਰਮ ਮਜੀਦ ਲਾਇਲਪੁਰ ਦੀਆਂ ਸਤਰਾਂ ਯਾਦ ਆਉਂਦੀਆਂ ਨੇ..........
ਬੜੇ ਪੁਰ-ਦਰਦ ਨੇ ਕਿੱਸੇ ਦਿਲਾਂ ਦੇ
ਬੜੀ ਪੁਰ-ਸੋਜ਼ ਏ ਰੂ-ਦਾਦ ਘਰ ਦੀ
ਲਿਖੀ ਵੇਲ਼ੇ ਨੇ ਲਹੂਆਂ ਨਾਲ਼ ਜਿਹੜੀ
ਕਹਾਣੀ ਏ ਕਿਸੇ ਬਰਬਾਦ ਘਰ ਦੀ
ਅਜੇ ਵਸਨੀਕ ਨੇ ਸੁੱਤੇ ਨੇ ਘਰ ਦੇ
ਅਜੇ ਤੇ ਬੇਅਸਰ ਫਰਿਆਦ ਘਰ ਦੀ
ਮਿਲ਼ੇ ਸੀ ਬੇਹਿਸਾਬੇ ਦਰਦ ਓਦੋਂ
ਜਦੋਂ ਰੱਖੀ ਗਈ ਸੀ ਬੁਨਿਆਦ ਘਰ ਦੀ 
ਸਾਡੇ ਹਾਇਕੁ ਕਵੀਆਂ ਦਾ ਏਸ ਬਾਰੇ ਕੀ ਖਿਆਲ ਹੈ ਪੜ੍ਹਦੇ ਰਹਿਣਾ.......
ਪ੍ਰੋ. ਦਵਿੰਦਰ ਕੌਰ ਸਿੱਧੂ 

1.
ਟਰੇਨ ਚੱਲੀ
ਡਰਾਉਣੇ ਖਿਆਲ
ਸੰਨ ਸੰਤਾਲੀ
2.
 ਫਾਂਸੀ ਦਾ ਰੱਸਾ
ਸੂਰਮੇ ਨੇ ਚੁੰਮਦੇ  
ਡੁੱਬਾ ਸੂਰਜ

 3.
ਖ਼ੂਨੀ ਮੋਹਰ
ਰੈਡਕਲਿਫ਼ ਰੇਖਾ
ਮੁਲਕ-ਵੰਡ
4.
ਆਈ ਆਜ਼ਾਦੀ
ਪੰਦਰਾਂ ਅਗਸਤ
ਲਹੂ-ਲੁਹਾਣ

ਭੂਪਿੰਦਰ ਸਿੰਘ
(ਨਿਊਯਾਰਕ)

17 Jul 2012

ਪਹਿਲਾ-ਛੱਲਾ


1.
ਤਪੀ ਧਰਤੀ 
ਆ ਪਿਆ ਲੱਛੇਦਾਰ
ਪਹਿਲਾ-ਛੱਲਾ

 2.

ਬੱਦਲ ਗੱਜੇ
ਆਸਮਾਨੀ ਬਿਜਲੀ
ਧਰਤੀ ਚੁੰਮੇ

 3.

ਭਿੱਜੀ ਜੁਲਫ਼
ਤਿੱਪ-ਤਿੱਪ ਡਿੱਗੀਆਂ
ਇਕ ਦੋ ਬੂੰਦਾਂ

 4.

ਛੱਤੜੀ ਉਤੇ
ਛਿੱਟਾਂ ਦੀ ਕਿੜ-ਕਿੜ
ਸਾਉਣ ਵਰ੍ਹੇ

5. 

ਚੜ੍ਹਦੀ ਪੀਂਘ
ਲਿਫ਼ੇ ਪਿਆ ਟਾਹਣ
ਸਾਉਣ ਵਿੱਚ

 6.

ਪੁੱਤ ਸ਼ਰਾਬੀ
ਬਾਪੂ ਵੱਟਾਂ ਚੋਪੜੇ
ਛੱਨ 'ਤੇ ਛਿੱਟਾਂ
ਭੂਪਿੰਦਰ ਸਿੰਘ
(ਨਿਊਯਾਰਕ)

7 Jul 2012

ਬਿਜਲੀ ਗੁੱਲ


ਅੱਜਕੱਲ ਪੰਜਾਬ 'ਚ ਪੈਂਦੀਆਂ ਤਪਦੀਆਂ ਧੁੱਪਾਂ ਨੇ ਆਲ਼ਾ-ਦੁਆਲ਼ਾ ਝੁਲਸਾ ਦਿੱਤਾ ਹੈ। ਏਸੇ ਗਰਮੀ ਦੀ ਰੁੱਤ ਨੂੰ ਬਿਆਨਦੇ ਨੇ ਇਹ ਕੁਝ ਹਾਇਕੁ।
1.
ਉੱਚਾ ਉੱਡਦਾ
ਬਾਰਿਸ਼ ਨੂੰ ਆਇਆ
ਬਬੀਹਾ ਬੋਲੇ

 2.

ਮੱਥੇ ਪਸੀਨਾ
ਮੋਢੇ ਉੱਪਰ ਕਹੀ
ਬਿਜਲੀ ਗੁੱਲ

 3.

ਕੁਲਫ਼ੀ ਲਓ
ਕੁਲਫ਼ੀ ਵਾਲਾ ਭਾਈ
ਜੇਬ ਚ ਧੇਲੀ

 4.

ਪਿੰਡ ਦਾ ਸੂਆ
ਸਿਖਰ ਦੁਪਹਿਰੇ
ਮਾਰਦੇ ਛਾਲਾਂ

 5.

ਦਾਜ ਬਣਾਵੇ
ਸਹੇਲੀਆਂ ਚ ਬੈਠੀ
ਬੁਣਦੀ ਪੱਖੀ

ਭੂਪਿੰਦਰ ਸਿੰਘ
(ਨਿਊਯਾਰਕ)