ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

19 Jun 2018

ਰੰਗੀਨ ਖ਼ਿਜ਼ਾਂ (ਹਾਇਬਨ) ਡਾ. ਹਰਦੀਪ ਕੌਰ ਸੰਧੂ

Related image
ਪੱਤਝੜੀ ਰੁੱਤ ਦੇ ਘਸਮੈਲ਼ੇ ਜਿਹੇ ਦਿਨ ਸਨ । ਅਸਮਾਨ ਸਾਫ਼ ਸੀ ਪਰ ਸੁੰਨਾ ਸੁੰਨਾ ਜਿਹਾ ਵਿਖਾਈ ਦੇ ਰਿਹਾ ਸੀ।ਰੁੱਖਾਂ ਦੇ ਪੱਤੇ ਪੀਲੇ ਜ਼ਰਦ ਹੋ ਹੋ ਝੜ ਰਹੇ ਸਨ। ਖੁੱਲ੍ਹੀਆਂ ਤੇਜ਼ ਹਵਾਵਾਂ ਨੂੰ ਭੋਰਾ ਜਿੰਨੀ ਵੀ ਪ੍ਰਵਾਹ ਨਹੀਂ ਸੀ।ਇੱਕੋ ਥਾਂ ਨਾਲ਼ੋ ਨਾਲ਼ ਖਲ੍ਹੋਤੇ ਰੁੱਖ ਇੱਕ ਦੂਜੇ ਤੋਂ ਬਿਲਕੁਲ ਅਣਜਾਣ ਸਨ। ਵੇਖਣ ਨੂੰ ਸ਼ਾਂਤ ਪਰ ਅੰਦਰ ਘਮਸਾਣ।ਅਣਜਾਣ ਜਿਹੀ ਬਸਤੀ 'ਚ ਨਵੇਂ ਚਿਹਰਿਆਂ ਦੇ ਵਿਚਕਾਰ ਮੈਂ ਝਿਜਕਦਿਆਂ ਜਿਹੇ ਪੈਰ ਧਰਿਆ। ਮੇਰਾ ਭਮੱਤਰਿਆ ਜਿਹਾ ਚਿਹਰਾ ਵੇਖ ਕੇ ਇੱਕ ਗੰਭੀਰ ਪਰ ਅਪਣੱਤ ਭਰੀ ਆਵਾਜ਼ ਨੇ ਸਾਂਝ ਪਾਈ, " ਤੂੰ ਇੱਥੇ ਖੁਦ ਨੂੰ ਕਦੇ ਇੱਕਲੀ ਨਾ ਸਮਝੀਂ।" ਮੇਰੇ ਲਈ ਇਹ ਆਵਾਜ਼ ਓਨੀ ਹੀ ਅਣਜਾਣ ਸੀ ਜਿੰਨੀ ਮੈਂ ਉਸ ਵਾਸਤੇ।  
    ਕਹਿੰਦੇ ਨੇ ਕਿ ਕੁਝ ਵੀ ਅਚਾਨਕ ਨਹੀਂ ਹੁੰਦਾ। ਦੋ ਅਜਨਬੀ ਰਾਹਗੀਰਾਂ ਦੇ ਰਾਹਾਂ ਦਾ ਮੇਲ ਕੋਈ ਇਤਫ਼ਾਕੀਆ ਨਹੀਂ ਹੁੰਦਾ। ਇਸ ਮੇਲ਼ ਦੇ ਉਦੇਸ਼ ਦਾ ਪਤਾ ਹੋਣਾ ਵੀ ਲਾਜ਼ਮੀ ਨਹੀਂ ਪਰ ਅਜਿਹੇ ਸੁਭਾਗ ਤੋਂ ਪ੍ਰਾਪਤ ਪਲਾਂ 'ਚ ਵਿਗਸਣਾ ਜ਼ਰੂਰੀ ਹੈ। ਉਸ ਦੀ ਹਲੀਮੀ ਭਰੀ ਪਹਿਲੀ ਨਿੱਘੀ ਮਿਲਣੀ ਨੇ ਮੇਰਾ ਮਨ ਮੋਹ ਲਿਆ ਸੀ। ਉਹ ਬੜੇ ਹੀ ਖੁੱਲ੍ਹੇ ਤੇ ਹੱਸਮੁੱਖ ਸੁਭਾਅ ਵਾਲ਼ੀ ਸੀ। ਮਿਲਣਸਾਰ ਤੇ ਆਸ਼ਾਵਾਦੀ ਰੰਗਾਂ 'ਚ ਰੰਗੀ ਉਹ ਹਰ ਇੱਕ ਨੂੰ ਝੱਟ ਹੀ ਆਪਣੇ ਮੋਹ ਭਿੱਜੇ ਕਲਾਵੇ 'ਚ ਭਰ ਲੈਂਦੀ। ਕਦੇ ਕਦੇ ਉਹ ਮੈਨੂੰ ਕੋਈ ਰੰਗੀਨ ਫੁਵਾਰੇ ਜਿਹੀ ਲੱਗਦੀ ਜਿਸ ਦੇ ਸੀਤਲ ਛਿੱਟੇ ਮਨ ਨੂੰ ਪ੍ਰਫੁੱਲਿਤ ਕਰਦੇ।  
ਕਹਿੰਦੇ ਨੇ ਕਿ ਕਈ ਮਿਲਾਪ ਜ਼ਿੰਦਗੀ ਨੂੰ ਤਾਜ਼ਗੀ ਦੇਣ ਯੋਗ ਹੁੰਦੇ ਨੇ। ਹੁਣ ਨਿੱਤ ਦਿਨ ਮੈਨੂੰ ਅਕਾਸ਼ ਦਾ ਰੰਗ ਨਿਖਰਿਆ ਤੇ ਨੀਲਾ ਨੀਲਾ ਜਾਪਦਾ । ਸੂਰਜ ਦੀ ਪਹਿਲੀ ਰਿਸ਼ਮ ਦੇ ਨਾਲ਼ ਹੀ ਪੰਛੀਆਂ ਵਾਂਗ ਉਡਾਰੀ ਭਰਦਾ ਮੇਰਾ ਮਨ ਨਵੇਂ ਅੰਬਰਾਂ ਨੂੰ ਛੋਹਣ ਵਾਲ਼ੇ ਸਕੂਨਮਈ ਪਲਾਂ ਨੂੰ ਮਾਣਦਾ। ਉਸ ਨੂੰ ਮਿਲਣਾ ਮੈਨੂੰ ਮੇਰੇ ਬਚਪਨ ਦੇ ਵਿਹੜੇ ਲੈ ਉਤਰਿਆ ਸੀ ਜਿੱਥੇ ਕਿਸੇ ਦੇ ਸੁਹਜ ਦੀ ਪ੍ਰਸ਼ੰਸਾ ਕਰਨ ਦੇ ਹੁਨਰ ਦੀ ਭਰਮਾਰ ਸੀ। ਜੀਅ ਕਰ ਆਇਆ ਆਪਣੇ ਆਪੇ 'ਤੇ ਇੱਕ ਵਾਰ ਫ਼ੇਰ ਕਰਨ ਨੂੰ ਨਾਜ਼ ਜਦੋਂ ਮੇਰੀਆਂ ਮੁਸ਼ੱਕਤਾਂ ਦਾ ਮੁੱਲ ਪਾਉਂਦੀ ਉਸ ਲਿਆ ਧਰਿਆ ਸੀ ਮੇਰੇ ਸਿਰ ਮੁਹੱਬਤਾਂ ਦਾ ਤਾਜ਼।  
        ਨਿੱਜੀ ਮੁਫ਼ਾਦ ਤੋਂ ਉਪਰ ਉਠੀਆਂ ਸੁੱਚੀਆਂ ਰੂਹਾਂ ਵਿਰਲੀਆਂ ਹੀ ਹੁੰਦੀਆਂ ਨੇ ਜਿਨ੍ਹਾਂ ਦੀ ਸਾਂਝ ਉਮਰਾਂ ਨਾਲ ਨਿੱਭ ਜਾਣ ਵਾਲ਼ੀ ਹੁੰਦੀ ਹੈ। ਸ਼ਾਇਦ ਸਾਡੀ ਸਾਂਝ ਵੀ ਕੁਝ ਅਜਿਹੀ ਹੀ ਸੀ ਇੱਕ ਦੂਜੇ ਦੀਆਂ ਭਾਵਨਾਵਾਂ 'ਚ ਖੰਡ ਪਤਾਸਿਆਂ ਵਾਂਗ ਘੁਲ਼ ਜਾਣ ਵਾਲ਼ੀ। ਅੰਤਰੀਵੀ ਸੰਵਾਦ ਤੋਂ ਇੱਕਸੁਰਤਾ ਦੀ ਸਾਂਝ ਤੱਕ ਦਾ ਸਫ਼ਰ ਤੈਅ ਕਰਦੀ । ਲੱਗਦਾ ਸੀ ਕਿ ਜਿਵੇਂ ਅਸੀਂ ਦੋਵੇਂ ਇੱਕੋ ਹੀ ਕਿਸ਼ਤੀ ਚ ਸਵਾਰ ਹੋ ਇੱਕ ਦੂਜੇ ਦੀ ਪ੍ਰਤਿਭਾ ਚੋਂ ਪ੍ਰਤਿਭਾ ਤਲਾਸ਼ਦੇ ਹੋਈਏ। ਸੁਬਕ ਦਿਲਾਂ ਦੀ ਧੜਕਣ ਪਾਕ ਸ਼ਰਾਕਤ ਦੇ ਦੀਵੇ ਬਾਲ ਸੱਜਰੇ ਚਾਨਣ ਨਾਲ਼ ਕਿਸੇ ਨਵੇਕਲੀ ਸਾਂਝ ਦੀ ਆਮਦ ਦੀ ਹਾਮੀ ਭਰਨ ਲੱਗੀ। ਚੌਗਿਰਦੇ 'ਚ ਵਗਦੀਆਂ ਬੇਸਿਰ-ਪੈਰ ਕੋਝੀਆਂ ਹਵਾਵਾਂ ਦਾ ਬਖੀਆ ਖੁਦ ਬ ਖੁਦ ਉਧੜ ਗਿਆ ਸੀ ਤੇ ਉਥੋਂ ਦੀ ਮਹੀਨ ਖੂਬਸੂਰਤੀ ਰੂਪਮਾਨ ਹੋ ਗਈ ਸੀ। 
        ਕਿਸੇ ਦੇ ਚਾਵਾਂ ਨੂੰ ਝਾਲਰ ਲਾਉਣ ਤਾਂ ਕੋਈ ਉਸ ਤੋਂ ਸਿੱਖੇ। ਮੇਰੇ ਆਪਣੇ ਦਾਇਰੇ ਵਿੱਚ ਸੀਮਿਤ ਖੁਸ਼ੀਆਂ ਨੂੰ ਨਿੱਕੀਆਂ ਮਿੱਠੀਆਂ ਨਿਆਮਤਾਂ ਨਾਲ਼ ਉਸ ਨੇ ਬਹੁਰੰਗੀਆਂ ਬਣਾ ਦਿੱਤਾ। ਉਸ ਦਾ ਅਪਣਾਪਣ ਸਲਾਮਾਂ ਤੇ ਸਿਫ਼ਤਾਂ ਤੋਂ ਭਾਵੇਂ ਬੇਮੁਹਤਾਜ਼ ਸੀ ਪਰ ਮੱਲੋਮੱਲੀ ਇਸ ਦੀ ਇਬਾਦਤ ਕਰਨ ਨੂੰ ਜੀਅ ਕਰ ਆਉਂਦਾ । ਅਣਜਾਣ ਜਿਹੀਆਂ ਪੱਗਡੰਡੀਆਂ 'ਤੇ ਚੱਲਦਿਆਂ ਮੇਰੇ ਸਿਦਕ ਲਈ ਰਾਹ ਮੋਕਲ਼ਾ ਕਰਨ ਲਈ ਉਸ ਦਾ ਹਰ ਵਾਅਦਾ ਤੇ ਹਰ ਬੋਲ ਹਕੀਕਤ ਬਣਦਾ ਗਿਆ। ਇਓਂ ਲੱਗਦਾ ਸੀ ਕਿ ਉਸ ਦੀ ਸੋਬਤ 'ਚ ਜਿਵੇਂ ਪੱਤਝੜ 'ਚ ਵੀ ਬਹਾਰ ਲੱਥ ਗਈ ਹੋਵੇ। ਹੁਣ ਵਿਹੜੇ ਲੱਗੇ ਰੁੱਖ ਆਪਣੀ ਖੁਦੀ 'ਚੋਂ ਬਾਹਰ ਨਿਕਲ ਇੱਕ ਦੂਜੇ ਨੂੰ ਮੋਹ ਗਲਵੱਕੜੀਆਂ ਪਾਉਂਦੇ ਜਾਪਦੇ। ਕਿਧਰੇ ਰੰਗ ਵਟਾਉਂਦੇ ਪੱਤੇ ਸੂਹੇ ਰੰਗਾਂ ਦੀ ਹੱਟ ਸਜਾਈ ਬੈਠੇ ਲੱਗਦੇ ਤੇ ਕਿਧਰੇ ਇਨ੍ਹਾਂ ਸ਼ੋਖ ਰੰਗਾਂ ਦਾ ਜਲੌਅ ਮੇਰੇ ਆਪੇ ਨਾਲ਼ ਸੰਵਾਦ ਰਚਾਉਂਦਾ ਜਾਪਦਾ। 
ਰੰਗੀਨ ਖ਼ਿਜ਼ਾਂ 
ਪੱਤੇ ਪੱਤੇ ਖਿੜਿਆ 
ਰੰਗ ਮਜੀਠ।  
ਡਾ. ਹਰਦੀਪ ਕੌਰ ਸੰਧੂ 
ਨੋਟ: ਇਹ ਪੋਸਟ ਹੁਣ ਤੱਕ 200 ਵਾਰ ਪੜ੍ਹੀ ਗਈ ਹੈ। 

18 Jun 2018

ਸਲਾਹ ( ਮਿੰਨੀ ਕਹਾਣੀ )


ਭਾਗ ਸਿੰਘ ਨੇ ਅਾਪਣੇ ਜੀਵਨ 'ਚ ਅਥਾਹ ਮਿਹਨਤ ਕਰਕੇ ਚੋਖੀ ਜਾਇਦਾਦ ਬਣਾਈ ਸੀ । ੳੁਸ ਨੇ ਅਾਪਣੇ ਧੀਅਾਂ ਪੁੱਤਰਾਂ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਤੋਟ ਨਹੀਂ ਰਹਿਣ ਦਿੱਤੀ ਸੀ । ੳੁਸਦੀ ਜਵਾਨੀ 'ਚ ਕੱਟੀ ਤੰਗੀ ਤੁਰਸੀ ਸਦਕਾ ਹੀ ਸਾਰਾ ਪਰਿਵਾਰ ਹੁਣ ਸਰਦਾਰੀ ਮਾਣ ਰਿਹਾ ਸੀ ।
ੳੁਮਰ ਦੇੇ ਲਿਹਾਜ਼ ਨਾਲ਼ ਭਾਗ ਸਿੰਘ ਦੀ ਸਿਹਤ ਕਾਫੀ ਕਮਜ਼ੋਰ ਹੋ ਗਈ ਅਤੇ ਜ਼ਿੰਦਗੀ ਦੇ ਸੁੱਖ ਲੈਣ ਵੇਲ਼ੇ ੳੁਸਨੂੰ ਗੁਰਦੇ ਰੋਗ ਨੇ ਘੇਰਾ ਪਾ ਲਿਆ ਸੀ । ਅਾਖ਼ਿਰ ਭਾਗ ਸਿੰਘ ਨੂੰ ਹਸਪਤਾਲ 'ਚ ਦਾਖ਼ਲ ਕਰਵਾੳੁਂਣਾ ਪੈ ਗਿਆ ।        
            ਡਾਕਟਰ ਨੇ ਭਾਗ ਸਿੰਘ ਦੇ ਪੁੱਤਰ ਨੂੰ ਕਿਹਾ ,
   " ਗੁਰਦਾ ਬਦਲਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀ ਅੈ , ਜਿਸ ਦਾ ਖ਼ਰਚ ਤਕਰੀਬਨ ਸਵਾ ਕੁ ਲੱਖ ਰੁਪਏ ਅਾਵੇਗਾ , ਮੈਨੂੰ ਕੱਲ੍ਹ ਤਾਂਈ  ਸਲਾਹ ਕਰਕੇ ਦੱਸ ਦੇਣਾ  "
ਘਰ ਵਿੱਚ ਸਲਾਹ ਕਰਨ ਵੇਲ਼ੇ  ਭਾਗ ਸਿੰਘ ਦੀ ਵੱਡੀ ਨੂੰਹ ਕਹਿਣ ਲੱਗੀ ,
         " ਕੀ ਲੋੜ ਐ ਐਨਾ ਪੈਸਾ ਖ਼ਰਾਬ ਕਰਨ ਦੀ , ਸੁੱਖ ਨਾਲ਼ ਬਾਪੂ ਜੀ ਦੀ ਹੁਣ ਤਾਂ ੳੁਮਰ ਵੀ ਬਥੇਰੀ ਹੋ ਗਈ ਅੈ , ਤੁਸੀਂ ਡਾਕਟਰ ਨੂੰ ਕਹਿ ਦਿਓ ਕਿ ਅਸੀਂ ਤਾਂ ਘਰੇ ਈ ਸੇਵਾ ਕਰਨੀ ਅੈ , ਮੇਰੀ ਤਾਂ ਸਲਾਹ ਅੈ , ਅਾਪਾਂ ਏਹੀਓ ਰੁਪਏ ਭੋਗ 'ਤੇ ਖ਼ਰਚ ਕਰ ਲਵਾਂਗੇ "
ਮਾਸਟਰ ਸੁਖਵਿੰਦਰ ਦਾਨਗੜ੍ਹ
94171 80205

14 Jun 2018

ਮੇਰੀ ਹੂਕ (ਮਿੰਨੀ ਕਹਾਣੀ) ਡਾ. ਹਰਦੀਪ ਕੌਰ ਸੰਧੂ

Image result for a loud weep sketch
ਘਰ ਤੇ ਵਿਹੜਾ ਉਦਾਸ ਸੀ। ਹਰ ਰੰਗ ਫਿੱਕਾ ਫਿੱਕਾ ਬੇਰੰਗ ਜਿਹਾ ਜਾਪ ਰਿਹਾ ਸੀ। ਟੱਬਰ ਦੇ ਜੀਅ ਮਨ ਮਸੋਸੀ ਸਹਿਮੇ ਸਹਿਮੇ ਜਿਹੇ ਦਿਖਾਈ ਦੇ ਰਹੇ ਸਨ। ਅੱਜ ਘਰੋਂ ਉਹ ਫ਼ੇਰ ਲਾਪਤਾ ਹੋ ਗਏ ਸਨ।ਜਾਣ ਲੱਗੇ ਮਾਂ ਨੂੰ ਵੀ ਆਪਣਾ ਕੋਈ ਥੌਹ ਟਿਕਾਣਾ ਨਹੀਂ ਦੱਸ ਕੇ ਗਏ। ਨਿੱਤ ਉਡੀਕ ਦਾ ਦਿਨ ਚੜ੍ਹਦਾ ਤੇ ਉਦਾਸੀ 'ਚ ਅਸਤ ਹੋ ਜਾਂਦਾ। ਪ੍ਰੇਸ਼ਾਨੀ ਦੇ ਆਲਮ 'ਚ ਮਾਂ ਸਾਡੇ ਤੋਂ ਹੰਝੂ ਲੁਕਾਉਂਦੀ ਪਾਪਾ ਦੇ ਘਰ ਪਰਤ ਆਉਣ ਦਾ ਦਿਲਾਸਾ ਦਿੰਦੀ ਮਨ ਹੀ ਮਨ ਅਰਦਾਸਾਂ ਕਰਦੀ ਜਾਪਦੀ।
 ......ਤੇ ਫ਼ੇਰ ਇੱਕ ਦਿਨ ਉਹ ਘਰ ਆ ਗਏ। ਅਸੀਂ ਮੋਹ ਭਿੱਜੇ ਗੁੱਸੇ ਦੀ ਬੁਸ਼ਾਰ ਕਰਦਿਆਂ ਭੱਜ ਕੇ ਜਾ ਗਲਵਕੜੀ ਪਾਈ, " ਤੁਸੀਂ ਕਿੱਥੇ ਗੁੰਮ ਹੋ ਗਏ ਸੀ ? ਅਸੀਂ ਤੁਹਾਨੂੰ ਕਿਤੇ ਨਹੀਂ ਜਾਣ ਦੇਣਾ।" ਪਰ ਓਸ ਰਾਤ ਖੌਫ਼ ਦੇ ਬੱਦਲ਼ ਦੁਬਾਰਾ ਮੰਡਰਾਉਣ ਲੱਗੇ ਜਦੋਂ ਉਹ ਕਾਲ਼ੇ ਪ੍ਰਛਾਵੇਂ ਪਾਪਾ ਨੂੰ ਫ਼ੇਰ ਲੈਣ ਆ ਗਏ। ਡਰ ਨਾਲ਼ ਸੁੰਨ ਖੜ੍ਹੀ ਦਾ ਮੇਰਾ ਤ੍ਰਾਹ ਨਿਕਲ਼ ਗਿਆ," ਮਾਂ ! ਮਾਂ ! ਪਾਪਾ ਨੂੰ ਕਿਤੇ ਲੁਕੋ ਲਵੋ, ਨਹੀਂ ਤਾਂ ਉਹ ਲੈ ਜਾਣਗੇ।" ਤ੍ਰਭਕ ਕੇ ਮੇਰੀ ਅੱਖ ਖੁੱਲ੍ਹ ਗਈ। ਮੈਂ ਮੁੜ੍ਹਕੇ ਨਾਲ਼ ਭਿੱਜੀ ਪਈ ਸਾਂ । ਪਾਪਾ ਤਾਂ ਏਸ ਜਹਾਨੋਂ ਕਈ ਵਰ੍ਹੇ ਪਹਿਲਾਂ ਰੁਖ਼ਸਤ ਹੋ ਚੁੱਕੇ ਸਨ। ਅੱਜ ਫ਼ੇਰ ਮੇਰੀ ਦਿਲੀ ਹੂਕ ਮੇਰੇ ਸਾਹਾਂ 'ਚ ਜਜ਼ਬ ਹੋਣ ਤੋਂ ਅਸਮਰੱਥ ਰਹਿ ਗਈ ਸੀ। ਇੱਕ ਠੰਡਾ ਹਾਉਕਾ ਭਰਦਿਆਂ ਮੈਂ  ਤਰਲ ਅੱਖਾਂ ਨਾਲ਼ ਧੁੰਦਲੀ ਜਿਹੀ ਛੱਤ ਵੱਲ ਹੁਣ ਅਪਲਕ ਨਿਹਾਰ ਰਹੀ ਸਾਂ । 
*ਮਿੰਨੀ ਕਹਾਣੀ ਸੰਗ੍ਰਹਿ ਵਿੱਚੋਂ 


10 Jun 2018

ਭਾਰ ( ਮਿੰਨੀ ਕਹਾਣੀ )

ਸੁਰਿੰਦਰ ਪਿੰਡ ਵਿੱਚ ਵੱਡੀ ਕੋਠੀ ਪਾ ਕੇ ਪੂਰੀ ਟੌਅਰ ਨਾਲ਼ ਰਹਿਣ ਲੱਗ ਪਿਆ ਸੀ । ੳੁਹ ਕਈ ਕੀਮਤੀ ਚੀਜ਼ਾਂ ਅਤੇ ਚਿੱਟੇ ਕੱਪੜੇ ਪਾੳੁਣ ਦਾ ਸ਼ੌਕੀਨ ਹੋ ਗਿਆ ਸੀ । ਉਹ ਸੋਚਦਾ ਸੀ ਕਿ  ' ਜਿੰਦਗੀ ਜੀਣ ਦਾ ਤਾਂ ਮਜ਼ਾ ਈ ਹੁਣ ਆਇਆ ਅੈ , ਪਹਿਲਾਂ ਤਾਂ ਬਾਪੂ ਅੈਂਵੀ ਮਰੂੰ-ਮਰੂੰ ਕਰੀਂ ਗਿਆ । '
  ਇੱਕ ਰਾਤ ਸੁਰਿੰਦਰ ਅਾਪਣੇ  ਬਾਪੂ ਨੂੰ ਵਿਹੜੇ 'ਚ ਘੁੰਮਦੇ ਹੋਏ ਦੇਖ ਕੇ ਬੋਲਿਆ ,
              " ਹੁਣ ਤਾਂ ਸੌਂ ਜਾ ਭਾਪੇ ! ਕਾਹਤੋਂ ਅੱਧੀ- ਅੱਧੀ ਰਾਤ ਤਾਂਈ ਤੁਰਿਆ ਫਿਰਦਾ ਰਹਿੰਣੈ , ਤੇਰੀ ਵੀ ਨੀਂਦ ਪਤਾ ਨੀਂ ਕਿੱਧਰ ਨੂੰ ਖੰਭ ਲਾ ਗਈ ਅੈ "
     ਜਦੋਂ ਬਾਪੂ ਨੇ ਸੁਰਿੰਦਰ ਦੇ ਬੇਬਾਕ ਬੋਲ ਸੁਣੇ ਤਾਂ ੳੁਹ ਅੱਖਾਂ ਭਰ ਕੇ ਕਹਿਣ ਲੱਗਾ ,
        " ਪੁੱਤਰਾ , ਮੇਰਾ ਤਾਂ ਸਾਹ ਘੁੱਟਦਾ ਐ ਏਸ ਘਰੇ , ਮੈਂਨੂੰ ਨੀਂ  ਨੀਂਦ ਅਾੳੁਂਂਦੀ ਏਹੋ ਜਹੀ ਪੈਲ਼ੀ ਖਾਣੀ ਛੱਤ ਥੱਲੇ , ਜਿਸ ਉੱਤੇ  ਬੇਲੋੜੇ ਕਰਜ਼ੇ ਦਾ ਭਾਰ ਹੋਵੇ  "
ਮਾਸਟਰ ਸੁਖਵਿੰਦਰ ਦਾਨਗੜ੍ਹ
94171 80205

9 Jun 2018

ਸਫ਼ਰ

ਕਦੇ ਖਾਲੀ ਰਹੇ ਕਾਸਾ ਕਦੇ ਸੱਤੇ ਹੀ ਖ਼ੈਰਾਂ ਨੇ, ਇਹ ਜੀਵਨ ਇਕ ਸਮੰਦਰ ਹੈ ਖ਼ੁਸ਼ੀ ਤੇ ਗ਼ਮ ਦੋ ਲਹਿਰਾਂ ਨੇ। ਮੇਰੇ ਤਕ ਆਣ ਪੁੱਜੀ ਹੈ ਮੇਰੀ ਹੀ ਰਾਹ ਕਰਾਂ ਮੈਂ ਕੀ, ਕਿਸੇ ਲੇਖੇ ਨਹੀਂ ਲੱਗਾ ਸਫਰ ਕੀਤਾ ਜੋ ਪੈਰਾਂ ਨੇ। ਮੈਂ ਅਪਣੇ ਹਾਲ 'ਤੇ ਰੋਵਾਂ ਜਿਵੇਂ ਪੰਜਾਬ ਰੋਂਦਾ ਹੈ, ਕਿ ਦਰਿਆ ਪੰਜ ਵਗਦੇ ਨੇ ਤੇ ਸੁਕੀਆਂ ਫਿਰ ਵੀ ਨਹਿਰਾਂ ਨੇ। ਡਰਾਵੇ ਸੁੰਨ ਗਲ਼ੀਆਂ ਦੀ ਤੇ ਬੇ ਆਬਾਦ ਨੇ ਸੱਥਾਂ , ਜਿਨ੍ਹਾਂ ਵਿਚ ਮੌਲਿਆ ਬਚਪਨ ਉਹ ਕਿੱਥੇ ਹੁਣ ਦੁਪਹਿਰਾਂ ਨੇ। ਸਕੀਰੀ ਨਾਂ ਸ਼ਰੀਕਾ ਨਾ ਤੇ ਨਾ ਹੀ ਗੱਲ ਸਾਂਝਾ ਦੀ, ਕਿ ਗੌਤਮ ਕਰ ਲਿਆ ਵਾਸਾ ਤੇਰੇ ਪਿੰਡਾਂ 'ਚ ਸ਼ਹਿਰਾਂ ਨੇ।

ਰੁਪਿੰਦਰ ਕੌਰ
ਜਲੰਧਰ

4 Jun 2018

ਦਮ (ਮਿੰਨੀ ਕਹਾਣੀ ) ਡਾ. ਹਰਦੀਪ ਕੌਰ ਸੰਧੂ

Image result for fist of woman"ਪਾਪਾ ਦੇਖੋ ਕਿੰਨੀ ਸੋਹਣੀ ਫ਼ੋਟੋ ਹੈ ਸਾਡੀ। ਮੈਂ ਤੇ ਵੀਰ ਕਿੰਨੇ ਖੁਸ਼ ਨਜ਼ਰ ਆ ਰਹੇ ਹਾਂ। "
"ਧੀਏ ਇਹ ਸਾਂਝ ਉਮਰ ਭਰ ਇਓਂ ਹੀ ਬਣਾਈ ਰੱਖੀਂ ਤੂੰ ਆਪਣੇ ਵੀਰ ਨਾਲ।"
" ਤੁਹਾਡੀ ਮਰਜ਼ੀ ਸਾਹਵੇਂ ਮਾਂ ਦੀਆਂ ਅਜਿਹੀਆਂ ਕਈ ਨਿੱਕੀਆਂ ਨਿੱਕੀਆਂ ਖਾਹਿਸ਼ਾਂ ਖੁਦ ਬ ਖੁਦ ਸਹਿਜੇ ਹੀ ਦਮ ਤੋੜ ਗਈਆਂ । ਪਰ ਮੈਂ ਹਰ ਹੀਲੇ ਆਪਣੇ ਵਜੂਦ ਤੇ ਸਵੈ ਇੱਛਾ ਨੂੰ ਹਮੇਸ਼ਾਂ ਜਿਉਂਦਾ ਰੱਖਾਂਗੀ।"



* ਮਿੰਨੀ ਕਹਾਣੀ ਸੰਗ੍ਰਹਿ ਵਿੱਚੋਂ 

2 Jun 2018

ਝੁਕੀ ਰੀੜ੍ਹ (ਮਿੰਨੀ ਕਹਾਣੀ )ਡਾ. ਹਰਦੀਪ ਕੌਰ ਸੰਧੂ

Image result for old lady sketch

"ਬੀਬੀ ਹੁਣ ਹੋਰ ਝੁਕਣ ਦੀ ਕੋਈ ਗੁੰਜਾਇਸ਼ ਨਹੀਂ ਬਚੀ।" ਡਾਕਟਰ ਨੇ ਸਖ਼ਤ ਤਾਕੀਦ ਕਰਦਿਆਂ ਕਿਹਾ। 
"ਲਗਾਤਾਰ ਝੁਕੇ ਰਹਿਣ ਨਾਲ਼ ਰੀੜ੍ਹ ਦੀ ਹੱਡੀ ਦੇ ਮਣਕੇ ਆਪਣੀ ਜਗ੍ਹਾ ਤੋਂ ਖਿਸਕ ਗਏ ਨੇ ।" 
ਡਾਕਟਰ ਨਿਰੰਤਰ ਬੋਲੀ ਜਾ ਰਿਹਾ ਸੀ। ਪਰ ਉਸ ਨੂੰ ਕੁਝ ਵੀ ਸੁਣਾਈ ਨਹੀਂ ਦੇ ਰਿਹਾ ਸੀ। ਪੇਕਿਆਂ ਤੋਂ ਲੈ ਕੇ ਸਹੁਰਿਆਂ ਤੱਕ ਉਸ ਨੇ ਝੁਕੇ ਰਹਿਣਾ ਹੀ ਤਾਂ ਸਿਖਿਆ ਸੀ। ਚਾਵਾਂ, ਸੱਧਰਾਂ ਤੇ ਉਮੰਗਾਂ ਦੇ ਨਾਲ਼ ਨਾਲ਼ ਪਤਾ ਨਹੀਂ ਉਸ ਦਾ ਕੀ ਕੁਝ ਖਿਸਕ ਗਿਆ ਸੀ ?
" ਬੀਬੀ ਹੁਣ ਹੋਰ ਕੋਈ ਹੀਲਾ ਨਹੀਂ। ਜੇ ਚਾਰ ਦਿਨ ਸੁੱਖ ਦੇ ਕੱਟਣੇ ਨੇ ਤਾਂ ਰੀੜ੍ਹ ਨੂੰ ਸਿੱਧਾ ਰੱਖਣਾ ਪਊ ।"
ਡਾਕਟਰ ਦੀ ਪਰਚੀ ਚੁੰਨੀ ਦੇ ਪੱਲੇ ਨਾਲ਼ ਬੰਨਦੀ ਉਹ ਮੂੰਹ 'ਚ ਬੁੜਬੁੜਾਉਣ ਲੱਗੀ, "ਹਰ ਪੱਲੜੇ 'ਚ ਝੁਕਦੀ ਝੁਕਦੀ ਹੁਣ   ਤੱਕ ਉਹ ਤਾਂ ਇਹ ਵੀ ਭੁੱਲ ਗਈ ਸੀ ਕਿ ਉਸ ਦੀ ਕੋਈ ਰੀੜ੍ਹ ਵੀ ਹੈ ਤੇ ਡਾਕਟਰ ਕਹਿ ਰਿਹਾ ਹੈ ਕਿ ਝੁਕਣਾ ਨਹੀਂ।"  
* ਮਿੰਨੀ ਕਹਾਣੀ ਸੰਗ੍ਰਹਿ ਵਿੱਚੋਂ