ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

Showing posts with label ਦਿਲਚਸਪੀਆਂ. Show all posts
Showing posts with label ਦਿਲਚਸਪੀਆਂ. Show all posts

22 May 2016

ਕੁਝ ਨਵਾਂ ਨਕੋਰ

ਕਲਾ ਸਾਡੇ ਅੰਤਰੀਵ 'ਚ ਜਿਉਂਦੀ ਹੈ ਤੇ ਸ਼ਬਦਾਂ ਤੇ ਰੰਗਾਂ ਨਾਲ ਜਨਮ ਲੈਂਦੀ ਹੈ। ਕੋਮਲ ਭਾਵਨਾਵਾਂ ਦੀ ਸ਼ਾਬਦਿਕ ਵਿਆਖਿਆ ਹੀ ਕਲਾ ਹੈ। ਇਹ ਇੱਕ ਕਲਾਕਾਰ ਦਾ ਪੈਦਾਇਸ਼ੀ ਗੁਣ ਮੰਨੀ ਗਈ ਹੈ। ਇਸ ਨੂੰ ਪੈਦਾ ਨਹੀਂ ਕੀਤਾ ਜਾ ਸਕਦਾ। ਸਗੋਂ ਸਾਧਨਾ ਨਾਲ ਤਰਾਸ਼ਿਆ ਤੇ ਸੰਵਾਰਿਆ ਜਾ ਸਕਦਾ ਹੈ। ਸੁਰਜੀਤ ਸਿੰਘ ਭੁੱਲਰ ਇੱਕ ਐਸਾ ਕਲਾਕਾਰ ਹੈ ਜਿਸ ਨੇ ਲਿਖਣ ਕਲਾ ਨੂੰ ਆਪਣੀ ਰੂਹ 'ਚ ਵਸਾ ਲਿਆ ਹੈ। ਨਿੱਤ ਆਪਣੇ ਮਨ ਦੀਆਂ ਤਹਿਆਂ ਫਰੋਲਦਾ ਉਹ ਏਸੇ ਰਾਹੀਂ ਹੀ ਸਾਹ ਲੈਂਦਾ ਹੈ। ਓਸ ਨੇ ਸੁੱਚੀ ਸਾਧਨਾ ਨਾਲ ਆਪਣੀ ਲੇਖਣ ਕਲਾ ਨੂੰ ਤਰਾਸ਼ ਕੇ ਹੀਰਾ ਬਣਾ ਲਿਆ ਹੈ। ਉਹ ਜਦ ਕੁਝ ਲਿਖਦਾ ਹੈ ਤਾਂ ਓਸ ਨੂੰ ਖੁਦ ਜਿਉਂਦਾ ਹੈ। ਕਿਸੇ ਵੀ ਰਚਨਾ ਨੂੰ ਓਹ ਸਿਰਫ਼ ਪੜ੍ਹਦਾ ਹੀ ਨਹੀਂ ਸਗੋਂ ਗੁਣਦਾ ਵੀ ਹੈ। ਇਹ ਗੁਣ ਬਹੁਤ ਹੀ ਘੱਟ ਲੋਕਾਂ ਦੇ ਹਿੱਸੇ ਆਇਆ ਹੈ। 
               ਸਫ਼ਰਸਾਂਝ ਨੇ 12 ਮਈ 2016 ਨੂੰ ਦਿਲਜੋਧ ਸਿੰਘ ਹੋਣਾਂ ਦਾ ਲਿਖਿਆ ਝਾਤੀਆਂ ਹਾਇਬਨ ਪ੍ਰਕਾਸ਼ਿਤ ਕੀਤਾ ਸੀ। ਇਹ ਹਾਇਬਨ ਮਨੁੱਖ ਦੀ ਬੇਚੈਨ ਇੱਕਲਤਾ ਨੂੰ ਚਿਤਵਦਾ ਹੈ। ਇੱਕਲਤਾ 'ਚ ਭਾਵੇਂ ਤੁਸੀਂ ਆਪਣੇ ਆਪ ਤੋਂ ਜਾਣੁ ਹੁੰਦੇ ਹੋ ਤੇ ਆਪਣਿਆਂ ਨੂੰ ਯਾਦ ਕਰਦੇ ਹੋ ਪਰ ਏਸ ਇੱਕਲਤਾ ਦੇ ਡੂੰਘੇ ਸਾਗਰ ਨੂੰ ਪਾਰ ਕਰਨਾ ਔਖਾ ਹੀ ਜਾਪਦਾ ਹੈ। ਇਹ ਹਾਇਬਨ ਪੜ੍ਹਨ ਲਈ ਇੱਥੇ ਕਲਿੱਕ ਕਰੋ। 

         ਸੁਰਜੀਤ ਸਿੰਘ ਭੁੱਲਰ ਨੇ ਆਪਣੇ ਸ਼ਬਦਾਂ 'ਚ ਏਸ ਦੀ ਵਿਆਖਿਆ ਇਸ ਤਰਾਂ ਕੀਤੀ ਹੈ - 
Surjit Bhullar's Profile Photo
ਝਾੜੀਆਂ (ਹਾਇਬਨ) ਨੂੰ ਪੜ੍ਹਦਿਆਂ ਹੀ, ਮੇਰਾ ਮਨ ਮੈਨੂੰ ਸੁਤੇ - ਸੁੱਧ ਆਪਣੇ ਅਤੀਤ ਵੱਲ ਉਂਗਲ ਫੜ ਲੈ ਤੁਰਿਆ।ਆਪਣੇ ਦੇਸ਼ ਦੇ ਚਲਾਕ ਕਾਂਵਾਂ ਦੀਆਂ ਬਚਪਨ ਵਿੱਚ ਦੇਖੀਆਂ - ਸੁਣੀਆਂ ਅਣਗਿਣਤ ਘਟਨਾਵਾਂ ਦਿਮਾਗ਼ 'ਚ ਘੁੰਮ ਗਈਆਂ।ਆਰੰਭਿਕ ਸ਼ਬਦ ਚਿੱਤਰ ਹੀ ਐਨਾ ਪ੍ਰਭਾਵਸ਼ਾਲੀ ਹੈ ਕਿ ਕਾਂਵਾਂ ਦੀ ਕਾਂ-ਰੌਲ਼ੀ ਵਿੱਚ ਵੀ ਆਪਣੇ ਦੇਸ਼ ਦੇ ਘਰਾਂ ਤੇ ਇੱਥੋਂ ਦੇ ਘਰਾਂ ਵੱਲ ਸੋਚ ਨੇ ਘੇਰਾ ਆ ਪਾਇਆ। ਮਨ ਸੋਚੀਂ ਪੈ ਗਿਆ ਕਿ ਕਿਵੇਂ ਕੋਈ ਵਿਅਕਤੀ ਪੱਛਮੀ ਦੇਸ਼ਾਂ ਵਿੱਚ ਰਹਿੰਦਾ ਹੋਇਆ,ਜੀਵਨ ਦੇ ਸਾਰੇ ਸੁੱਖ ਅਨੰਦ ਭੋਗਦਾ ਦੋ ਵੱਖ- ਵੱਖ ਹਾਲਾਤ ਵਿੱਚੋਂ ਦੀ ਲੰਘਦਾ,ਅਜੇ ਵੀ ਉਲਝਣ 'ਚ ਪਿਆ ਭਟਕਦਾ ਰਹਿੰਦਾ ਹੈ।
        ਲੋਕੀਂ ਠੀਕ ਹੀ ਕਹਿੰਦੇ ਨੇ ਕਿ ਜਿਵੇਂ ਪੂਰਬ ਅਤੇ ਪੱਛਮ ਆਪਸ ਵਿਚ ਕਦੇ ਮਿਲ ਨਹੀਂ ਸਕਦੇ,ਇਸੇ ਤਰ੍ਹਾਂ ਜ਼ਿੰਦਗੀ ਦੇ ਜਿਊਣ ਦੇ ਫ਼ਲਸਫ਼ੇ ਅਤੇ ਵਿਸ਼ਵਾਸ ਵਿੱਚ ਵੀ ਭਿੰਨਤਾਵਾਂ ਹੋਣ ਕਾਰਨ,ਮਨ ਅੰਦਰਲੇ ਸੱਚ ਦੀ ਤਲਾਸ਼ ਦਾ ਮਾਰਗ ਵੀ ਵੱਖਰਾ ਵੱਖਰਾ ਹੀ ਹੁੰਦਾ। ਹਰ ਸਭਿਆਚਾਰ ਵਿੱਚ ਰਿਸ਼ਤੇ ਹੀ ਪਰਿਵਾਰ ਤਿਆਰ ਕਰਦੇ ਹਨ,ਪਰ ਇਹਨਾਂ ਦੀ ਸਾਰਥਿਕਤਾ ਨੂੰ ਸਹੀ ਤਰੀਕੇ ਨਾਲ ਕਾਇਮ ਰੱਖਣਾ ਹਰ ਵਿਅਕਤੀ ਦੇ ਆਪਣੇ ਹੱਥ ਹੁੰਦਾ ਹੇ। ਪੱਛਮੀ ਸਭਿਅਤਾ ਵਿੱਚ, ਵਿਅਕਤੀਗਤ ਨੂੰ ਪਰਿਵਾਰ 'ਤੇ ਤਰਜੀਹ ਦਿੱਤੀ ਗਈ ਹੈ ਜਦ ਕਿ ਪੂਰਬੀ ਸਮਾਜ ਸੰਯੁਕਤ ਪਰਿਵਾਰ  'ਤੇ ਬਲ ਦਿੱਤਾ ਜਾਂਦਾ ਹੈ।
     ਇਸੇ ਸੰਦਰਭ ਵਿੱਚ ਲੇਖਕ ਕਈ ਨਾਟਕੀ ਸਥਿਤੀ ਦੇ ਉਪ ਪਲਾਟਾਂ ਨਾਲ ਆਪਣੇ ਆਸ਼ੇ ਵੱਲ ਵਧਣਾ ਸ਼ੁਰੂ ਕਰਦਾ ਹੈ।ਪਹਿਲਾਂ ਕਾਂ ਦੀ ਇੱਕਲਤਾ ਨੂੰ ਅਮਰੀਕੀ ਬਜ਼ੁਰਗ ਜੋੜੇ ਦੀ ਤਨਹਾਈ, ਫਿਰ ਕਈ ਹਜ਼ਾਰ ਗਜ ਵਾਲੇ ਮੁੱਖ ਘਰ ਨੂੰ ਛੱਡ ਕੇ,ਇਸ ਦੇ ਪਿਛਵਾੜੇ  ਇੱਕੋ ਕਮਰੇ 'ਚ ਗੁਜ਼ਰਾਨ, ਸੜਕ 'ਤੇ ਇੱਕ ਕਮਜ਼ੋਰ ਬਜ਼ੁਰਗ ਕਾਲੀ ਅਮਰੀਕਨ ਦਾ ਚੱਲਣਾ ਤੇ ਪੁਰਾਣੇ ਮਾਡਲ ਦੀ ਕਾਰ ਨੂੰ ਢਲਦੀ ਉਮਰ ਦਾ ਸਹਿਜਤਾ ਨਾਲ ਤੁਲਨਾ ਕਰਦਿਆਂ,ਪਾਠਕ ਦੇ ਮਨ ਤੇ ਨਕਸ਼ ਉੱਕਰਨ ਵਿਚ ਪੂਰੀ ਤਰ੍ਹਾਂ ਸਫਲ ਰਿਹਾ ਹੈ।
     ਅੱਗੇ ਚੱਲਦਿਆਂ ਲੇਖਕ ਆਪਣੇ ਵਿਚਾਰਾਂ ਵਿੱਚ ਦਾਰਸ਼ਨਿਕ ਪ੍ਰਭਾਵ ਪੈਦਾ ਕਰਦਿਆਂ ਕਹਿੰਦਾ ਹੈ ਕਿ ਕੀ ਇੱਥੇ ਮਕਾਨ ਕੇਵਲ ਭੋਗਣ ਦੀ ਵਸਤੂ ਹੀ ਹੁੰਦੇ ਹਨ ਤੇ ਰਿਸ਼ਤਿਆਂ ਦੀ ਤੰਦ ਵੀ ਓਨੀ ਹੀ ਕੱਚੀ ? ਉਹ ਅਜਿਹੀਆਂ ਪ੍ਰਸਥਿਤੀਆਂ ਨੂੰ ਆਪਣੇ ਦੇਸ਼ ਨਾਲ ਤੁਲਨਾ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਕਾਂ ਦੀ ਕਾਂ-ਕਾਂ ਉਸ ਦੀ ਸੋਚ ਨੂੰ ਝੰਜੋੜਦੀ ਹੈ,ਜਿਵੇਂ ਕਹਿੰਦੀ ਹੋਵੇ ਕਿ ਤੂੰ ਇੱਕਲਤਾ ਦੀ ਉਦਾਸੀ ਵਿਚ ਘਿਰਿਆ ਹੋਇਆ ਹੈਂ, ਮੇਰੀ ਫ਼ਿਕਰ ਛੱਡ ਤੂੰ ਆਪਣੀ ਸੋਚ।
     ਇੱਥੇ ਪਹੁੰਚ ਕੇ,ਦਿਲਜੋਧ ਸਿੰਘ ਮਨੁੱਖ ਦੀ ਤ੍ਰਾਸਦੀ ਤੇ ਬੇਬਸੀ ਦੀ ਤਸਵੀਰ ਨੂੰ ਪ੍ਰਭਾਵਮਈ ਪੂਰਨਤਾ ਨਾਲ ਹਾਇਬਨ ਵਿੱਚ ਪੇਸ਼ ਕਰਨ ਵਿਚ ਸਫਲ ਹੋਇਆ ਹੈ, ਮੈਂ ਜਿਸ ਦੀ ਸ਼ਲਾਘਾ ਕਰਦਾ ਹਾਂ।

-ਸੁਰਜੀਤ ਸਿੰਘ ਭੁੱਲਰ-16-05-2016


      ਹਾਇਬਨ ਦੀ ਲੜੀ ਨੂੰ ਹੋਰ ਅੱਗੇ ਤੋਰਦਿਆਂ 21 ਮਈ 2016 ਨੂੰ ਮੇਰਾ ਲਿਖਿਆ ਹਾਇਬਨ ਰੁਣਝੁਣ ਪ੍ਰਕਾਸ਼ਿਤ ਹੋਇਆ। ਇਸ ਹਾਇਬਨ 'ਚ ਕਾਦਰ ਦੀ ਕੁਦਰਤ ਦੇ ਅਜਬ ਨਜ਼ਾਰੇ ਨੂੰ ਪੇਸ਼ ਕੀਤਾ ਗਿਆ ਸੀ। ਅਸੀਂ ਸਾਰੇ ਕੁਦਰਤ ਦੇ ਅੰਗ -ਸੰਗ ਹੀ ਜਿਉਂਦੇ ਹਾਂ। ਬੱਸ ਲੋੜ ਹੈ ਜ਼ਰਾ ਖਲ੍ਹੋ ਕੇ ਖੁੱਲ੍ਹੀਆਂ ਅੱਖਾਂ ਨਾਲ ਏਸ ਨੂੰ ਤੱਕਣ ਦੀ। ਇਹ ਹਾਇਬਨ ਪੜ੍ਹਨ ਲਈ ਇੱਥੇ ਕਲਿੱਕ ਕਰੋ। ਬਹੁਤਾ ਕੁਝ ਨਾ ਕਹਿੰਦੀ ਹੋਈ ਮੈਂ ਭੁੱਲਰ ਸਾਹਿਬ ਹੋਣਾਂ ਦੀ ਜ਼ੁਬਾਨੀ ਏਸ ਦੀ ਵਿਆਖਿਆ ਸੁਣਾਉਂਦੀ ਹਾਂ  - 

'ਰੁਣਝੁਣ' ਵਿੱਚ ਲੇਖਕਾ ਕੁਦਰਤ ਦੀ ਗੋਦੀ ਵਿਚੋਂ ਜੰਮੇ ਮੱਘਰ ਮਹੀਨੇ ਦਾ ਕਲਾਤਮਕ ਢੰਗ ਨਾਲ ਵਰਣਨ ਕਰਦਿਆਂ ਤੇ ਏਸ ਦਾ ਨਿੱਘ ਮਾਣਦੀ ਦੀ ਜਦ ਜਾਗ ਖੁੱਲ੍ਹਦੀ ਹੈ ,ਤਾਂ ਵਿਹੜੇ ਵਿੱਚ ਪੰਛੀਆਂ ਦੇ ਸੁਰਾਂ ਦੀ ਚਹਿਚਹਾਟ ਸੁਣਦੀ ਹੈ। ਇਹ ਉਨ੍ਹਾਂ ਪ੍ਰਤੀ ਉਸ ਦੀ ਪ੍ਰੀਤੀ ਤਾਂਘ ਨੂੰ ਰੂਪਮਾਨ ਕਰਦੀ ਹੈ।ਉਸ ਦਾ ਬਚਪਨ ਤੋਂ ਹੀ ਪੰਛੀਆਂ ਲਈ ਬਹੁਤ ਪਿਆਰ ਰਿਹਾ ਹੈ। ਭਾਵੇਂ ਇਹ ਗੱਲ ਹੋਰ ਹੈ ਕਿ ਉਸ ਦੇ ਕੁਝ ਪੱਕੇ ਮਿੱਤਰ ਪੰਛੀ ਸਮੇਂ ਦੇ ਮਾਰੂ ਹੱਥਾਂ 'ਚ ਫੜੇ ਕਿਤੇ ਜਾ ਡਿੱਗੇ, ਜਿਨ੍ਹਾਂ ਨੂੰ ਉਹ ਆਪਣੇ ਚੇਤਿਆਂ ਵਿਚੋਂ ਅਜੇ ਤਕ ਵੀ ਵਿਸਾਰ ਨਹੀਂ ਸਕੀ। ਜਿਵੇਂ -'ਉਹ ਤਾਂ ਰੋਣਹਾਕੀ ਹੋ ਜਾਂਦੀ ਸੀ, ਜਦ ਉਸ ਦੀ ਆਪਣੀ ਰੰਗੀ ਚਿੜੀ ਨੂੰ ਉਡੀਕ ਕਰਦੀ ਹੋਰ ਹੋਰ ਚਿੜ੍ਹੀਆਂ , ਕਾਂ, ਕਬੂਤਰ, ਘੁੱਗੀਆਂ ਤੇ ਕਾਟੋਆਂ ਆ ਵਿਹੜੇ ਖਿੱਲਰਿਆ ਚੋਗ ਚੁਗ ਜਾਂਦੀਆਂ।

      ਮੈਂ ਤਾਂ ਉਸ ਉਮਰੇ ਦੀ ਬਾਲੜੀ ਲੇਖਕਾ ਨੂੰ ਜੀਵਾਂ ਦੇ ਮਾਧਿਅਮ ਰਾਹੀਂ ਅਧਿਆਤਮਕ ਪ੍ਰੀਤ ਨੂੰ ਰੂਪਮਾਨ ਕਰਨ ਵਾਲੀ ਮੰਨਦਾ ਹਾਂ, ਜਿਸ ਨੇ ਪੰਛੀਆਂ ਪ੍ਰਤੀ ਏਨਾ ਮੋਹ ਅੱਜ ਤਕ ਵੀ ਕਾਇਮ ਰੱਖਿਆ ਹੈ।ਇਸ ਮੋਹ ਨੂੰ ਇਹਨਾਂ ਸੁੰਦਰ ਵਾਕਾਂ ਰਾਹੀਂ  ਪ੍ਰਗਟਾ ਕੇ ਤਾਂ ਕਮਾਲ ਕਰ ਦਿਖਾਈ ਹੈ," ਪੰਖੇਰੂਆਂ ਦੀਆਂ ਕਲਾਤਮਿਕ ਛੋਹਾਂ ਨਾਲ ਬਣਾਏ ਆਲ੍ਹਣੇ ਮੈਨੂੰ ਬੜੇ ਸੋਹਣੇ ਲੱਗਦੇ ਸਨ। ਪੰਛੀਆਂ ਦੇ ਰੰਗ -ਬਿਰੰਗੇ ਆਂਡੇ ਵੇਖ ਕੇ ਮਨ ਨੂੰ ਧੂਹ ਜਿਹੀ ਪੈਂਦੀ ਸੀ।" ਅਸਲ ਵਿੱਚ ਉਹ ਤਾਂ ਇਨ੍ਹਾਂ ਰਾਹੀਂ "ਬਲਿਹਾਰੀ ਕੁਦਰਤ ਵੱਸਿਆ, ਤੇਰਾ ਅੰਤੁ ਨਾ ਜਾਏ ਲੱਖਿਆ" ਦੇ ਮਹਾਂਵਾਕ ਅਨੁਸਾਰ ਕਾਦਰ ਨਾਲ ਆਪਣੀ ਸਾਂਝ ਪਾਉਣਾ ਲੋਚਦੀ ਰਹਿੰਦੀ ਹੈ। 
     
     ਇਹ ਦਾਲਚੀਨੀ ਜਾਂ ਸੁਰਮਈ ਜਿਹੇ ਰੰਗ ਵੀ ਸਾਡੀ ਜ਼ਿੰਦਗੀ ਵਿੱਚ ਨਿੱਤ ਪ੍ਰਤੀ ਉਤਰਾਓ ਚੜ੍ਹਾਓ ਤੇ ਆਉਣ ਵਾਲੀਆਂ ਘਟਨਾਵਾਂ ਵੱਲ ਸੰਕੇਤ ਕਰਦੇ ਹਨ।ਇਸੇ ਸਿਲਸਿਲੇ ਵਿੱਚ ਜਦ ਉਸ ਦੀ ਬਿਰਤੀ ਇੱਕ ਪਾਸੇ ਇਕੱਲੀ ਬੈਠੀ ਘੁੱਗੀ ਦੀ ਘੁੱਗੂ-ਘੂੰ ਵੱਲ ਜਾਂਦੀ ਹੈ,ਤਾਂ ਉਹ ਉਸ ਨੂੰ ਕਿਸੇ ਪਹੁੰਚੇ ਹੋਏ ਫ਼ਕੀਰ ਵਾਂਗ ਪਾਲਣਹਾਰ ਦੀ ਇਬਾਦਤ ਕਰਦੀ ਮਹਿਸੂਸ ਹੁੰਦੀ ਹੈ।ਅਸਲ ਵਿੱਚ ਇਹ ਲੇਖਕਾ ਦੀ ਮਾਨਸਿਕ ਸਥਿਤੀ ਹੈ,ਜੋ ਉਹਦੇ ਮਨ ਦੀ ਸੱਖਣਤਾ ਨੂੰ ਕਾਦਰ ਦੀ ਸਾਜੀ ਤੇ ਨਿਵਾਜੀ ਇਸ ਕੁਦਰਤ ਦੀ ਵਿਸ਼ਾਲਤਾ ਦਾ ਅਨੰਦ ਲੈਣ ਲਈ ਨੇੜਤਾ ਬਣਾਉਣ ਦਾ ਕਲਾਤਮਕ ਉਪਰਾਲਾ ਕਰਵਾ ਰਹੀ ਜਾਪਦੀ ਹੋਵੇ; ਇੱਕ ਸਾਂਝ ਪਾਉਂਦੀ ਲੱਗਦੀ ਹੋਵੇ।ਇਸੇ ਲਈ ਪੰਛੀਆਂ ਦੇ ਸੰਗੀਤ ਨਾਲ ਇੱਕ ਮਿੱਕ ਹੋਇਆਂ,ਸਵੇਰ ਦੇ ਵੇਲੇ ਦੇ ਕੁਦਰਤੀ ਹੁਸਨ ਤੇ ਸੁਹਾਵਣੇ ਪਲ ਜੀਵਨ ਨੂੰ ਉਤਸ਼ਾਹ,ਉਮਾਹ ਤੇ ਖ਼ੁਸ਼ੀ ਖੇੜਿਆਂ ਦਾ ਕਾਰਨ ਬਣਦੇ ਹਨ ਤੇ ਜੀਵਨ 'ਚ ਨਵਾਂ ਜੋਸ਼ ਭਰਦੇ ਹਨ।
ਡਾ:ਹਰਦੀਪ ਕੌਰ ਸੰਧੂ ਹੋਰਾਂ ਦੀ ਲਿਖਤ ਵਿਚਲੇ ਅਹਿਸਾਸ ਮਖ਼ਮਲੀ ਤੇ ਨਵੀਨਤਾਕਾਰੀ ਹਨ,ਜੋ ਆਪਣੇ ਚੌਗਿਰਦੇ ਵਿੱਚੋਂ ਵਿਚਰਦੀਆਂ ਮਾਮੂਲੀ ਤੇ ਨਿੱਕੀਆਂ ਘਟਨਾਵਾਂ ਨੂੰ ਆਪਣੀ ਕਾਵਿਕ ਸ਼ਕਤੀ ਨਾਲ ਸਜਾ ਕੇ ਪਾਠਕਾਂ ਦੇ ਮਨਾਂ ਨੂੰ ਟੁੰਬਣ ਦੀ ਸਮਰੱਥਾ ਰੱਖਦੇ ਹਨ। 
- ਸੁਰਜੀਤ ਸਿੰਘ ਭੁੱਲਰ-21-05-2016


ਸੁਰਜੀਤ ਸਿੰਘ ਭੁੱਲਰ ਇੱਕ ਬਹੁ -ਪੱਖੀ ਸ਼ਕਸੀਅਤ ਦੇ ਮਾਲਕ ਨੇ। ਇੱਕ ਕਵੀ ਵਜੋਂ ਸਥਾਪਤ ਨਾਂ ਹੈ। ਪੰਜਾਬੀ ਸਾਹਿਤ ਦੇ ਖੇਤਰ ਵਿੱਚ ਸੁਰਜੀਤ ਸਿੰਘ ਭੁੱਲਰ ਹੋਣਾਂ ਦਾ ਨਾਂ ਇੱਕ ਚੰਗੇ ਆਲੋਚਕ ਵਜੋਂ ਜ਼ਰੂਰ ਦਰਜ ਹੋਵੇਗਾ। ਅਜਿਹਾ ਮੇਰਾ ਮੰਨਣਾ ਹੈ। ਆਸ ਕਰਦੀ ਹਾਂ ਕਿ ਸਾਡੇ ਪਾਠਕ ਵੀ ਇਸ ਗੱਲ ਨਾਲ ਸਹਿਮਤ ਹੋਣਗੇ। 


ਡਾ .ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 74 ਵਾਰ ਪੜ੍ਹੀ ਗਈ 

14 Oct 2013

ਪੰਜਾਬ ਸਕਰੀਨ ਤੇ ਹਾਇਕੁ -ਲੋਕ

ਅੱਜ ਹਾਇਕੁ -ਲੋਕ ਦੀ ਸਾਂਝ ਪੰਜਾਬ ਸਕਰੀਨ ਨਾਲ ਪਈ ਜਿੱਥੇ ਪੰਜਾਬੀ ਹਾਇਕੁ ਦੀ ਚਰਚਾ ਹੋਈ | ਸਾਡੇ ਲਈ ਇਹ ਬੜੇ ਹੀ ਮਾਣ ਵਾਲੀ ਗੱਲ ਹੈ| ਹਾਇਕੁ -ਲੋਕ ਦਾ ਦਾਇਰਾ ਹੁਣ ਹੋਰ ਵੱਡਾ ਕਰਨ ਲਈ ਇਹ ਚਰਚਾ ਸਹਾਈ ਹੋਵੇਗੀ | 
ਇਸ ਲੇਖ ਨੂੰ ਇੱਕ ਵਾਰ ਦੋਬਾਰਾ ਪੜ੍ਹਨ ਲਈ ਹੇਠ ਲਿਖੇ ਲਿੰਕ ਨੂੰ ਕਲਿੱਕ ਕਰੋ !

http://punjab-screen.blogspot.in/2013/10/blog-post_14.html

2 Oct 2013

ਪੰਜਾਬੀ ਹਾਇਕੁ ਸਬੰਧੀ ਜਾਣਕਾਰੀ

 ਹਾਇਕੁ ਜਪਾਨੀ ਵਿਧਾ ਦੀ ਦੁਨੀਆਂ ‘ਚ ਸਭ ਤੋਂ ਛੋਟੀ ਮੰਨੀ ਜਾਣ ਵਾਲੀ ਕਵਿਤਾ ਹੈ। ਸੁਬਕ ਜਿਹੀ ਤੇ ਇੱਕੋ ਸਾਹ ‘ਚ ਕਹੀ ਜਾਣ ਵਾਲੀ ਕਵਿਤਾ। 19ਵੀਂ ਸਦੀ ਦੇ ਅੰਤ ‘ਚ ਮਾਸਾਓਕਾ ਸ਼ਿਕੀ ਨੇ ਪੁਰਾਣੇ ਹੋਕੂ (hokku) ਕਾਵਿ ਜੋ ਹਾਇਕਾਈ/ ਰੇਂਗਾ  (haikai/renga) ਦਾ ਸ਼ੁਰਆਤੀ ਭਾਗ ਹੁੰਦਾ ਸੀ- ਨੂੰ ਹਾਇਕੁ ‘ਚ ਤਬਦੀਲ ਕਰਕੇ ਇਸਨੂੰ 5+7+5 ਦਾ ਅਜੋਕਾ ਰੂਪ ਦਿੱਤਾ।
           
ਜੇ ਕਿਸੇ ਤੱਤ ਨੂੰ ਕੁਝ ਲਫਜ਼ਾਂ 'ਚ ਪੇਸ਼ ਕੀਤਾ ਜਾ ਸਕੇ ਤਾਂ ਲੰਮੀ ਭੁਮਿਕਾ ਬੰਨਣ ਦੀ ਲੋੜ ਨਹੀਂ ਹੁੰਦੀ। ਅਣ-ਕਿਹਾ ਲਫਜ਼ ਕਹੇ ਗਏ ਸਾਰੇ ਲਫਜ਼ਾਂ ਨਾਲ਼ੋਂ ਵਧੇਰੇ ਕੀਮਤੀ ਹੁੰਦਾ ਹੈ।ਇਸੇ ਤਰ੍ਹਾਂ ਹਾਇਕੁ ਨੂੰ 17 ਧੁਨੀ ਇਕਾਈਆਂ ਵਿੱਚ 5+7+5 ਕਰਕੇ ਤਿੰਨ ਸਤਰਾਂ ‘ਚ ਲਿਖਿਆ ਜਾਂਦਾ ਹੈ।ਇਸ ਵਿੱਚ ‘ਕਹੇ’ ਨਾਲ਼ੋਂ ‘ਅਣ-ਕਿਹਾ’ ਜ਼ਿਆਦਾ ਹੁੰਦਾ ਹੈ। ਜੋ ਨਹੀਂ ਕਿਹਾ ਗਿਆ, ਉਹ ਪਾਠਕ ਨੇ ਆਪ ਸਿਰਜਣਾ ਹੁੰਦਾ ਹੈ। ਹਾਇਕੁ ਤੀਜ ਦੇ ਚੰਦ ਵਾਂਗ ਹੈ ਜੋ ਥੋੜਾ ਜਿਹਾ ਦਿਖਾਈ ਦਿੰਦਾ ਹੈ ਤੇ ਬਹੁਤਾ ਭਾਗ ਲੁਕਿਆ ਹੁੰਦਾ ਹੈਇਸ ਨੂੰ ਪਾਠਕ ਨੇ ਆਪਣੀ ਕਲਪਨਾ ਸ਼ਕਤੀ ਨਾਲ ਪੂਰਨਮਾਸ਼ੀ ਦਾ ਚੰਦ ਬਨਾਉਣਾ ਹੈ 
       
ਹਾਇਕੁ ਸਮੁੰਦਰ ‘ਚ ਤੈਰਦੇ ਇੱਕ ਬਰਫ਼ ਦੇ ਤੋਦੇ ਵਾਂਗ ਵੀ ਹੈ ਜਿਸ ਦਾ ਥੋੜਾ ਜਿਹਾ ਹਿੱਸਾ ਸਾਨੂੰ ਪਾਣੀ ਦੀ ਸਤਹ ਦੇ ਉੱਪਰ ਵਿਖਾਈ ਦਿੰਦਾ ਹੈ ਜਦ ਕਿ ਵਧੇਰੇ ਭਾਗ ਪਾਣੀ ਹੇਠਾਂ ਲੁਕਿਆ ਹੁੰਦਾ ਹੈ। ਇਸੇ ਤਰਾਂ ਹਾਇਕੁ ‘ਚ 5+7+5 ਧੁਨੀ ਇਕਾਈਆਂ ਰਾਹੀਂ ਕੁਝ ਹਿੱਸਾ ਪ੍ਰਗਟਾਇਆ ਜਾਂਦਾ ਹੈ ਜਦ ਕਿ ਕਵੀ ਦੀ ਸੰਵੇਦਨਾ ਤੇ ਅਣਕਿਹਾ ਸੁਨੇਹਾ ਲੁਕਿਆ ਹੁੰਦਾ ਹੈ। ਜੇ ਤੁਸੀਂ ਹਾਇਕੁ ਨੂੰ ਵਧੇਰੇ ਭਰੋਗੇ ਤਾਂ ਤੁਹਾਡੇ ਸੁਨੇਹੇ ਦੇ ਅੰਤਰੀਵ ਭਾਵ ਅਰਥਹੀਣ ਹੋ ਜਾਣਗੇ। ਇਸ ਲਈ ਬੇਹਤਰ ਏਹੋ ਹੈ ਕਿ ਹਾਇਕੁ ਨੂੰ ਬਰਫ਼ ਦਾ ਤੋਦੇ ਸਮਾਨ –ਥੋੜਾ ਕਿਹਾ ਅਤੇ ਜਿੰਨਾ ਹੋ ਸਕੇ ਪਾਣੀ ਦੀ ਸਤਹ ਹੇਠ ਲੁਕਿਆ ਹੋਇਆ ਪਾਠਕ ਦੀ ਕਲਪਨਾ ਸ਼ਕਤੀ  ਅਨੁਸਾਰ ਸਿਰਜਣ ਲਈ ਛੱਡ ਦੇਵੋ। ਜੇ ਤੁਹਾਡੇ ਕੋਲ਼ ਅਣਕਹੇ ਨੂੰ ਕਹਿਣ ਤੇ ਸਮਝਣ ਦੀ ਕਲਾ ਹੈ ਤਾਂ ਤੁਸੀਂ ਤਿੰਨ ਸਤਰਾਂ ‘ਚ 3-4 ਪੰਨਿਆ ਵਾਲ਼ੀ ਕਵਿਤਾ ਤੋਂ ਵੀ ਜ਼ਿਆਦਾ ਅਨੰਦ ਲੈ ਸਕਦੇ ਹੋ। 
        
ਹਾਇਕੁ ਲੇਖਣ ਸਾਡੇ ਆਲੇ-ਦੁਆਲੇ ਵਾਪਰ ਰਹੀਆਂ ਸਾਦੀਆਂ ਤੇ ਸਰਲ ਗੱਲਾਂ ਨੂੰ ਪੇਸ਼ ਕਰਨ ਦੀ ਕਲਾ ਹੈ।ਹਾਇਕੁ ਦੀਆਂ ਕਈ ਪਰਤਾਂ ਹਨ, ਜਿਸ ਨੂੰ ਜਿੰਨੀ ਵਾਰ ਪੜ੍ਹੀਏ ਇਸ ਦੇ ਅਰਥ ਹੋਰ ਡੂੰਘੇ ਹੁੰਦੇ ਜਾਂਦੇ ਹਨ। ਹਾਇਕੁ ਸਾਹਮਣੇ ਵਾਪਰ ਰਹੇ ਛਿਣ ਦੀ ਪਕੜ ਵੀ ਕਰਦਾ ਹੈ। ਇੱਕ ਆਮ ਆਦਮੀ ਲਈ ਜ਼ਿੰਦਗੀ ਹਮੇਸ਼ਾਂ ਆਮ-ਜਿਹੀ ਹੀ ਰਹੀ ਹੈ। ਉਹ ਆਪਣੇ ਆਲ਼ੇ-ਦੁਆਲ਼ੇ ਵਾਪਰ ਰਹੇ ਨੂੰ ਦੇਖਦਾ ਤਾਂ ਹੈ ਪਰ ਅਣਗੌਲ਼ਿਆ ਕਰ ਛੱਡਦਾ ਹੈ। ਪਰ ਇੱਕ ਹਾਇਕੁ ਕਵੀ ਦੇ ਮਨ 'ਤੇ ਇਹ ਸਭ ਆਮ ਜਿਹਾ ਇੱਕ ਅਮਿੱਟ ਛਾਪ ਛੱਡ ਜਾਂਦਾ ਹੈ, ਜਿਸ ਨੂੰ ਉਹ ਹਾਇਕੁ ਕਾਵਿ 'ਚ ਬੰਨ ਕੇ ਪਾਠਕ ਅੱਗੇ ਲਿਆ ਪੇਸ਼ ਕਰਦਾ ਹੈ। ਹਾਇਕੁ ਦਾ ਅਸਲੀ ਮਨੋਰਥ ਸਾਨੂੰ ਆਮ ਜ਼ਿੰਦਗੀ 'ਚ ਮਿਲ਼ਦੀਆਂ ਨਿਆਮਤਾਂ ਬਾਰੇ ਜਾਣੂ ਕਰਵਾ ਉਨ੍ਹਾਂ ਨੂੰ ਮਾਨਣਾ ਵੀ ਸਿੱਖਾਉਣਾ ਹੈ।
        
ਹਾਇਕੁ ਦਾ ਪਾਸਾਰ ਜਪਾਨੀ ਭਾਸ਼ਾ ਤੋਂ ਸੰਸਾਰ ਦੀਆਂ ਸਾਰੀਆਂ ਪ੍ਰਮੁੱਖ ਭਾਸ਼ਾਵਾਂ ਵਿੱਚ ਹੋ ਗਿਆ ਹੈ। ਭਾਰਤੀ ਭਾਸ਼ਾਵਾਂ 'ਚ ਕਾਫ਼ੀ ਲੰਬੇ ਸਮੇਂ ਤੋਂ ਹਾਇਕੁ ਲਿਖਿਆ ਜਾ ਰਿਹਾ ਹੈ। ਇਸ ਦੀ ਸ਼ੁਰੂਆਤ  ਗੁਰੂਦੇਵ ਰਾਬਿੰਦਰ ਨਾਥ ਟੈਗੋਰ ਨੇ 1916 ਈ: 'ਚ ਆਪਣੀ ਜਪਾਨ ਫੇਰੀ ਤੋਂ ਬਾਦ ਲਿਖੇ 'ਜਪਾਨ ਜਾਤਰੀ' ਨਾਂ ਦੇ ਸਫ਼ਰਨਾਮੇ  ਵਿੱਚ ਬੰਗਾਲੀ ਭਾਸ਼ਾ 'ਚ ਹਾਇਕੁ ਬਾਰੇ ਲਿਖ ਕੇ ਕੀਤੀ ਸੀ ਅਤੇ ਬਾਸ਼ੋ ਦੇ ਹਾਇਕੁ ਦਾ ਬੰਗਾਲੀ 'ਚ ਅਨੁਵਾਦ ਵੀ ਕੀਤਾ। ਆਪ ਵਲੋਂ ਇੱਕਤਰ ਕੀਤੇ ਹੋਕੂ ਪੁਸਤਕ 'ਅਚਨਚੇਤ ਉਡਾਰੀਆਂ' 'ਚ ਸ਼ਾਮਿਲ ਕੀਤੇ ਗਏ ਹਨ। ਹਿੰਦੀ ਭਾਸ਼ਾ 'ਚ ਪਹਿਲਾ ਹਾਇਕੁ ਕਵੀ ਬਾਲ ਕ੍ਰਿਸ਼ਣ ਬਾਲਦੁਆ ਨੂੰ ਮੰਨਿਆ ਜਾਂਦਾ ਹੈ। ਆਪ ਨੇ 1947 'ਚ ਅਨੇਕ ਹਾਇਕੁ ਲਿਖੇ। ਉਦਾਹਰਣ ਦੇ ਤੌਰ 'ਤੇ ਇੱਕ ਹਾਇਕੁ-

ਬਾਦਲ ਦੇਖ
ਖਿਲ ਉਠੇ ਸਪਨੇ
ਖੁਸ਼ ਕਿਸਾਨ - (ਪ੍ਰਿਸ਼ਦ-ਪੱਤ੍ਰਿਕਾ ਅੰਕ ਅਪ੍ਰੈਲ 2010-ਮਾਰਚ 2011, ਪੰਨਾ 182) 
          
ਪਹਿਲੇ ਭਾਰਤੀ ਅਤੇ ਜਪਾਨੀ ਭਾਸ਼ਾ ਵਿਦਵਾਨ ਪ੍ਰੋ. ਸੱਤਿਆ ਭੂਸ਼ਣ ਵਰਮਾ( ਮੁੱਖੀ,ਜਪਾਨੀ ਭਾਸ਼ਾ ਵਿਭਾਗ, ਜਵਾਹਰਲਾਲਾ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ)ਨੂੰ ਹਿੰਦੀ ਭਾਸ਼ਾ 'ਚ ਹਾਇਕੁ ਦੀ ਜੜ੍ਹ ਲਾਉਣ ਵਾਲਾ ਕਿਹਾ ਜਾਂਦਾ ਹੈ। ਆਪ ਨੇ ਜਪਾਨੀ ਹਾਇਕੁ ਦਾ ਹਿੰਦੀ ਅਨੁਵਾਦ 'ਜਪਾਨੀ ਕਵਿਤਾਏਂ' 1977 ਈ: 'ਚ ਪ੍ਰਕਾਸ਼ਿਤ ਕਰਵਾਇਆ। ਸੰਨ 1981 ਈ: ਵਿੱਚ ਆਪ ਨੇ 'ਹਾਇਕੁ ਪਤ੍ਰਿਕਾ' ਸ਼ੁਰੂ ਕੀਤੀ ਜਿਸ 'ਚ ਹਿੰਦੀ, ਪੰਜਾਬੀ ਤੇ ਹੋਰ ਭਾਰਤੀ ਭਾਸ਼ਾਵਾਂ 'ਚ ਹਾਇਕੁ ਪ੍ਰਕਾਸ਼ਿਤ ਹੋਏ। ਹਿੰਦੀ ਹਾਇਕੁ ਸੰਗ੍ਰਿਹ ਦੇ ਰੂਪ 'ਚ ਸਭ ਤੋਂ ਪਹਿਲਾਂ ਡਾ. ਭਗਵਤਸ਼ਰਣ ਅਗਰਵਾਲ ਦਾ ਸ਼ਾਸ਼ਵਤ ਖਿਤਿਜ(1985) ਤੇ ਡਾ. ਸੁਧਾ ਗੁਪਤਾ ਦਾ ਖੁਸ਼ਬੂ ਕਾ ਸਫ਼ਰ(1986) 'ਚ ਆਇਆ। 
             
 ਪੰਜਾਬੀ 'ਚ ਹਾਇਕੁ ਲੇਖਣ ਦੀ ਸ਼ੁਰੂਆਤ ਵੀਹਵੀਂ ਸਦੀ ਦੇ ਆਰੰਭ 'ਚ ਪ੍ਰੋ. ਪੂਰਨ ਸਿੰਘ ਨੇ ਬਾਸ਼ੋ, ਇੱਸਾ ਤੇ ਬੁਸੋਨ ਦੇ ਹੋਕੂ ਦਾ ਪੰਜਾਬੀ 'ਚ ਅਨੁਵਾਦ ਕਰ ਕੇ ਕੀਤੀ। ਅੰਮ੍ਰਿਤਾ ਪ੍ਰੀਤਮ ਨੇ ਹਾਇਕੁ ਦਾ ਪੰਜਾਬੀ ਅਨੁਵਾਦ ਕਰਕੇ 'ਨਾਗਮਣੀ' 'ਚ ਪ੍ਰਕਾਸ਼ਿਤ ਕੀਤਾ। ਫਿਰ ਡਾ. ਵਣਜਾਰਾ ਸਿੰਘ ਬੇਦੀ ਦੇ ਪਰਚੇ 'ਪਰੰਪਰਾ' ਦੇ ਦਸੰਬਰ 1979 ਦੇ ਅੰਕ 'ਚ ਹਾਇਕੁ ਤੇ ਪੰਜਾਬੀ ਮਾਹੀਏ ਬਾਰੇ ਤੁਲਨਾਤਮਕ ਅਧਿਐਨ ਪ੍ਰਕਾਸ਼ਿਤ ਹੋਇਆ।ਪੰਜਾਬੀ ਦੇ ਰਸਾਲੇ 'ਪ੍ਰੀਤਲੜੀ' ਵਿੱਚ 1976-77 ਦੇ ਅੰਕਾਂ 'ਚ ਵੀ ਹਾਇਕੁ ਪ੍ਰਕਾਸ਼ਿਤ ਹੁੰਦੇ ਰਹੇ ਹਨ। ਉਦਾਹਰਨ ਵਜੋਂ- 

ਬੇਰੁਜ਼ਗਾਰੀ
ਆਜ਼ਾਦੀ ਦੇ ਝੰਡੇ ਨੂੰ
ਲੱਗੀ ਸਿਉਂਕ। (ਅਗਿਆਤ)
        
ਡਾ. ਸਤਿਆਨੰਦ ਜਾਵਾ (ਸਾਬਕਾ ਡਾਇਰੈਕਟਰ, ਸੰਸਥਾਵਾਂ ਵਿਦੇਸ਼ੀ ਭਾਸ਼ਾਵਾਂ) ਨੇ ਪੰਜਾਬ ਦੀ ਲੋਕ-ਧਾਰਾ ਨੂੰ ਹਾਇਕੁ ਰੂਪ 'ਚ ਪੇਸ਼ ਕੀਤਾ। ਆਪ ਨੇ ਪੰਜਾਬੀ, ਹਿੰਦੀ, ਉਰਦੂ ਤੇ ਸਿੰਧੀ ਭਾਸ਼ਾ 'ਚ ਹਾਇਕੁ ਰਚਨਾ ਕੀਤੀ। ਇਸ ਤੋਂ ਇਲਾਵਾ ਪੰਜਾਬੀ ਹਾਇਕੁ ਲੇਖਣ ਵਿੱਚ ਮੋਹਨ ਕਟਿਆਲ, ਉਰਮਿਲਾ ਕੌਲ, ਸੱਤਿਆਪਾਲ ਚੁੱਘ, ਦੇਵਕੀ ਅਗਰਵਾਲ ਆਦਿ ਦੇ ਨਾਂ ਜ਼ਿਕਰਯੋਗ ਹਨ। 
            
 ਸੰਨ 2000 ਦੇ ਆਸ-ਪਾਸ ਸ਼੍ਰੀ ਕਸ਼ਮੀਰੀ ਲਾਲ ਚਾਵਲਾ ਨੇ ਮੁਕਤਸਰ ਹਾਇਕੁ ਗਰੁੱਪ ਚਾਲੂ ਕੀਤਾ ਜਿੰਨਾਂ ਨੇ ਪੰਜਾਬੀ 'ਚ ਹਾਇਕੁ ਲਿਖਣੇ ਸ਼ੁਰੂ ਕੀਤੇ। ਸੰਨ 2001 'ਚ ਪਰਮਿੰਦਰ ਸੋਢੀ ਦੀ ਕਿਤਾਬ 'ਜਪਾਨੀ ਹਾਇਕੁ ਸ਼ਾਇਰੀ' ਆਈ ਜਿਸ 'ਚ ਆਪ ਨੇ ਜਪਾਨੀ ਕਵੀਆਂ ਦੇ ਹਾਇਕੁ ਦਾ ਪੰਜਾਬੀ 'ਚ ਅਨੁਵਾਦ ਕੀਤਾ। ਇਹ ਅਨੁਵਾਦ ਤਾਂ ਸੀ ਪਰ ਹਾਇਕੁ ਨਹੀਂ। ਸ਼੍ਰੀ ਅਮਰਜੀਤ ਸਿੰਘ ਟਿਵਾਣਾ ਨੇ ਇਸ ਕਿਤਾਬ ਤੋਂ ਪ੍ਰਭਾਵਿਤ ਹੋ ਕੇ ਸੰਨ 2007 'ਚ ਪੰਜਾਬੀ ਹਾਇਕੁ ਬਲਾਗ ਬਣਾ ਕੇ ਪੰਜਾਬੀ ਹਾਇਕੁ ਦੇ ਪਸਾਰ 'ਚ ਵੱਡਾ ਯੋਗਦਾਨ ਪਾਇਆ। ਇਸ ਪ੍ਰਭਾਵ ਅਧੀਨ ਪੰਜਾਬੀ 'ਚ ਲਿਖਿਆ ਜਾਣ ਵਾਲ਼ਾ ਹਾਇਕੁ ਆਪਣਾ 5+7+5 ਦਾ ਰੂਪ ਗੁਆ ਚੁੱਕਾ ਸੀ। 
          
 ਹਾਇਕੁ ਦੇ ਛੰਦ ਅਨੁਸਾਰ 5+7+5 ਕੁੱਲ 17 ਉਚਾਰ ਖੰਡਾਂ ਵਿੱਚ ਲਿਖੇ ਜਾਣ ਵਾਲ਼ੇ ਹਾਇਕੁ ਰੂਪ ਦੇ ਪਸਾਰ ਲਈ ਸੰਨ 2012 'ਚ 'ਹਾਇਕੁ-ਲੋਕ' ਨਾਂ ਦਾ ਵੈਬ ਰਸਾਲਾ ਡਾ. ਹਰਦੀਪ ਕੌਰ ਸੰਧੂ ਵੱਲੋਂ ਸ਼ੁ੍ਰੂ ਕੀਤਾ ਗਿਆ। ਅੱਜ ਦੀ ਘੜੀ ਇਹ 36 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਇਸ ਨਾਲ਼ 40 ਦੇ ਕਰੀਬ ਰਚਨਾਕਾਰ ਜੁੜ ਚੁੱਕੇ ਹਨ। ਇਹ ਵੈਬ ਰਸਾਲਾ ਹਾਇਕੁ ਦੇ ਨਾਲ਼-ਨਾਲ਼ ਜਪਾਨੀ ਕਾਵਿ ਵਿਧਾ ਦੀਆਂ ਹੋਰ ਵੰਨਗੀਆਂ ਜਿਵੇਂ ਹਾਇਗਾ, ਤਾਂਕਾ, ਸੇਦੋਕਾ ਤੇ ਚੋਕਾ ਵੀ ਪ੍ਰਕਾਸ਼ਿਤ ਕਰਦਾ ਹੈ। 26 ਜੂਨ 2012 ਤੋਂ ਲੈ ਕੇ ਹੁਣ ਤੱਕ ਤਕਰੀਬਨ 300 ਪੋਸਟਾਂ ਵਿੱਚ 880 ਹਾਇਕੁ, 41 ਹਾਇਗਾ, 50 ਤਾਂਕਾ, 25 ਸੇਦੋਕਾ ਤੇ 13 ਚੋਕਾ ਪ੍ਰਕਾਸ਼ਿਤ ਹੋ ਚੁੱਕੇ ਹਨ। ਪੰਜਾਬੀ ਹਾਇਕੁ 'ਚ ਛੰਦਨੁਸ਼ਾਸਣ ਦੀ ਰਾਖੀ ਕਰਦਿਆਂ ਹਿੰਦੀ ਤੋਂ ਪੰਜਾਬੀ ਅਨੁਵਾਦ ਅਤੇ ਬਾਸ਼ੋ ਤੇ ਇੱਸਾ ਦੇ ਹਾਇਕੁ ਅਨੁਵਾਦ ਵੀ ਇਸ ਵੈਬ ਰਸਾਲੇ ਦਾ ਸ਼ਿੰਗਾਰ ਬਣੇ ਹੋਏ ਹਨ। ਕੁਝ ਅਨੁਵਾਦ ਗੁਰਮੁੱਖੀ ਤੇ ਦੇਵਨਾਗਰੀ ਲਿਪੀਆਂ 'ਚ ਨਾਲ਼ੋ-ਨਾਲ਼ ਪ੍ਰਕਾਸ਼ਿਤ ਕੀਤੇ ਗਏ ਹਨ ਤਾਂ ਕਿ ਦੋਹਾਂ ਭਾਸ਼ਾਵਾਂ ਦੇ ਜਾਣੂ ਇਹਨਾਂ ਦਾ ਸੁਆਦ ਚੱਖ ਸਕਣ। 

ਬਾਸ਼ੋ- 
the old pond 
frog jumps in
splash 
ਪੁਰਾਣਾ ਟੋਭਾ
ਡੱਡੂ ਲਾਈ ਟਪੂਸੀ
ਛੱਪ-ਛਪਾਕ । ਅਨੁਵਾਦ -ਡਾ. ਹਰਦੀਪ ਕੌਰ ਸੰਧੂ

ਇੱਸਾ-
gimme that moon
cries the crying
child

ਰੋ-ਰੋ ਕੇ ਮੰਗੇ
ਔਹ ਚੰਨ ਮੈਂ ਲੈਣਾ
ਬੱਚਾ ਚਿਲਾਵੇ।ਅਨੁਵਾਦ -ਡਾ. ਹਰਦੀਪ ਕੌਰ ਸੰਧੂ

ਹਿੰਦੀ- ਡਾ. ਸੁਧਾ ਗੁਪਤਾ

रात होते ही 
कोहरे से लिपट 
सोया शहर।   

ਰਾਤ ਹੁੰਦਿਆਂ
ਕੋਹਰੇ 'ਚ ਲਿਪਟ
ਸੁੱਤਾ ਸ਼ਹਿਰ ।ਅਨੁਵਾਦ -ਡਾ. ਹਰਦੀਪ ਕੌਰ ਸੰਧੂ

ਹਿੰਦੀ- ਡਾ. ਭਗਵਤਸ਼ਰਣ ਅਗਰਵਾਲ
रेत पै बस
लिखूँ मिटाऊँ नाम
और क्या करूँ।

ਰੇਤ 'ਤੇ ਬੱਸ
ਲਿਖਾਂ ਮਿਟਾਵਾਂ ਨਾਮ
 ਹੋਰ ਕੀ ਕਰਾਂ ।ਅਨੁਵਾਦ -ਡਾ. ਹਰਦੀਪ ਕੌਰ ਸੰਧੂ
          
ਅੱਜ ਦਾ ਹਾਇਕੁ ਜਪਾਨ ਦੀ ਸਰਹੱਦ ਟੱਪ ਕੇ ਪੂਰੀ ਦੁਨੀਆਂ 'ਚ ਫੈਲ ਚੁੱਕਾ ਹੈ। ਇਸ 'ਤੇ ਅਜੋਕੀ ਰੰਗਤ ਚੜ੍ਹਨੀ ਵੀ ਸੁਭਾਵਿਕ ਹੈ | ਹਾਇਕੁ ਭਾਵੇਂ ਇੱਕ ਸਧਾਰਨ ਜਿਹੀ ਗੱਲ ਨੂੰ ਦਰਸਾਉਂਦਾ ਹੈ ਪਰ ਇਸ ਵਿੱਚ ਅਰਥ ਵਿਸਤਾਰ ਦੀਆਂ ਬਹੁਤ ਸੰਭਾਵਨਾਵਾਂ ਹੋਣ ਕਰਕੇ ਬਹੁਅਰਥੀ ਬਣ ਜਾਂਦਾ ਹੈ। ਇਸ ਦੇ ਵਿਸ਼ੇ ਉਸ ਦੀ ਭਾਸ਼ਾ ਦੇ ਸਾਹਿਤ ਤੇ ਕਾਵਿ ਨਾਲ ਮੇਲ ਖਾਂਦੇ ਹੀ ਹੁੰਦੇ ਹਨ | ਪੰਜਾਬੀ ਹਾਇਕੁ ਪੰਜਾਬ ਦੇ ਸੱਭਿਆਚਾਰ ਤੇ ਵਿਰਸੇ ਦੀ ਗੱਲ ਕਰਦਾ ਹੈ ।ਪੰਜਾਬ ਦੇ ਪਿੰਡਾਂ ਦੀ ਤਸਵੀਰ ਪੰਜਾਬੀ ਹਾਇਕੁ ਬਾਖੂਬੀ ਚਿੱਤਰਦਾ ਹੈ।ਸਰਘੀ ਵੇਲ਼ੇ ਪਿੰਡ 'ਚੋਂ ਗੁਰਦੁਆਰੇ ਕੀਰਤਨ, ਚਿੜੀਆਂ ਦੀ ਚੀਂ-ਚੀਂ, ਕੁੱਕੜ ਬਾਂਗ, ਬਲ਼ਦਾਂ ਗੱਲ਼ ਟੱਲੀਆਂ, ਚਾਟੀ 'ਚ ਪਾਈ ਮਧਾਣੀ ਦਾ ਸੁਰ ਸਾਫ਼ ਸੁਣਾਈ ਦਿੰਦਾ ਹੈ।

ਅੰਮ੍ਰਿਤ ਵੇਲ਼ਾ
ਗੁਰਬਾਣੀ ਗੂੰਜਦੀ
ਚਿੜੀ ਚੂਕਦੀ - ਡਾ.ਹਰਦੀਪ ਕੌਰ ਸੰਧੂ

ਚਿੜੀਆਂ ਚੀਂ-ਚੀਂ
ਬੈਲ ਗੱਲ਼ ਟੱਲੀਆਂ
ਅੰਮ੍ਰਿਤ ਵੇਲ਼ਾ- ਪ੍ਰੋ. ਹਰਿੰਦਰ ਕੌਰ ਸੋਹੀ

ਬਲਦਾਂ ਗਲ਼ੇ
ਟੱਲੀਆਂ ਖੜਕਣ
ਟੁੱਟਦੀ ਚੁੱਪ- ਕਸ਼ਮੀਰੀ ਲਾਲ ਚਾਵਲਾ 

ਬਾਹੀਂ ਚੂੜੀਆਂ
ਨੱਢੀ ਦੁੱਧ ਰਿੜਕੇ
ਪੀੜ੍ਹੇ ਸੱਜਦੀ - ਪ੍ਰੋ. ਹਰਿੰਦਰ ਕੌਰ ਸੋਹੀ 

ਹਾਇਕੁ ਕੁਦਰਤ ਦੀ ਬੋਲੀ ਰਾਹੀਂ ਗੱਲ ਵੀ ਕਰਦਾ ਹੈ। ਰੁੱਤ ਨੂੰ ਹਾਇਕੁ ਦੀ ਰੂਹ ਵੀ ਮੰਨਿਆ ਗਿਆ ਹੈ। ਬਦਲਦੀਆਂ ਰੁੱਤਾਂ ਸਾਡੇ ਸੁਹਜ-ਸੁਆਦ ਨੂੰ ਪ੍ਰਭਾਵਿਤ ਕਰਦੀਆਂ ਹਨ। ਪੰਜਾਬੀ ਹਾਇਕੁ 'ਚ ਜੇਠ -ਹਾੜ ਦੇ ਮਹੀਨੇ ਪੈਂਦੀ ਅੰਤਾਂ ਦੀ ਗਰਮੀ, ਪਿਆਸੀ ਧਰਤ ਤੇ ਤਿਹਾਏ ਪੰਛੀਆਂ ਦਾ ਜ਼ਿਕਰ ਮਿਲ਼ਦਾ ਹੈ।

ਵਗਦੀ ਲੋਅ
ਲੋਹੜਿਆਂ ਦੀ ਤੱਤੀ
ਘਰ ਨਾ ਬੱਤੀ-ਵਰਿੰਦਰਜੀਤ ਸਿੰਘ ਬਰਾੜ

ਧਰਤ ਤ੍ਰੇਹੀ
ਚੂਕਦੀ ਏ ਪਾਣੀ ਨੂੰ
ਚਿੜੀ ਰੰਗੀਲੀ- ਪ੍ਰੋ. ਦਵਿੰਦਰ ਕੌਰ ਸਿੱਧੂ

ਜੇਠ ਮਹੀਨਾ
ਧੁੱਪ ਚਿੰਗਿਆੜੀਆਂ
ਖੂਬ ਵਰ੍ਹੀਆਂ -ਰਾਮੇਸ਼ਵਰ ਕੰਬੋਜ ਹਿੰਮਾਂਸ਼ੂ

ਸਾਉਣ-ਭਾਦੋਂ 'ਚ ਤ੍ਰੇਹੀ ਧਰਤੀ 'ਤੇ ਮੀਂਹ ਵਰ੍ਹਦਾ ਹੈ। ਬਦਲ ਰਿਹਾ ਮੌਸਮ ਹਾਇਕੁ 'ਚ ਬੋਲਦਾ ਹੈ- ਬੋਹੜੀ ਪੀਂਘਾਂ ਪੈਂਦੀਆਂ ਨੇ, ਤੀਆਂ ਤੇ ਤ੍ਰਿੰਝਣ ਲੱਗਦੇ ਨੇ। ਆਲ੍ਹਣਿਆਂ 'ਚ ਚੀਂ-ਚੀਂ ਸੁਣਦੀ ਹੈ, ਮੋਰ ਪੈਲਾਂ ਪਾਉਂਦੇ ਨੇ ਤੇ  ਪੱਕਦੇ ਪੂੜਿਆਂ ਦੀ ਮਹਿਕ ਆਉਂਦੀ ਹੈ ।

ਆਵੇ ਛਟਾਕਾ
ਚਲਦੇ ਪਰਨਾਲ਼ੇ
ਵਗਦਾ ਪਾਣੀ- ਪ੍ਰੋ. ਨਿਤਨੇਮ ਸਿੰਘ 

ਲੰਮੀਆਂ ਰਾਤਾਂ
ਤ੍ਰਿੰਝਣ ਦੀਆਂ ਗੱਲਾਂ
ਤਾਰਿਆਂ ਦੀ ਲੋ ।ਪ੍ਰੋ. ਦਵਿੰਦਰ ਕੌਰ ਸਿੱਧੂ

ਮੀਂਹ ਵਰ੍ਹਦਾ 
ਸਾਰਾ ਦਿਨ ਨਹਾ ਕੇ
ਲਹੇ ਨਾ ਚਾਅ -ਵਰਿੰਦਰਜੀਤ ਸਿੰਘ ਬਰਾੜ 

ਸਾਉਣ ਝੜੀ
ਪਕਾਏ ਗੁੱਲਗੁਲੇ
ਮਹਿਕ ਖਿੜੀ-ਡਾ. ਹਰਦੀਪ ਕੌਰ ਸੰਧੂ


ਮੋਰਾਂ ਦੀ ਪੈਲ
ਸੀਤਲ ਹਵਾ ਸੰਗ
ਝੂਮਣ ਸਿੱਟੇ-ਦੀਪੀ ਸੈਰ

ਦੂਰ ਦੇ ਸੁਰ.....
ਕਿਲਕਾਰੀਆਂ ਸੰਗ
ਬੋਹੜੀਂ ਪੀਘਾਂ -ਦਲਵੀਰ ਗਿੱਲ

ਬਸੰਤ ਰੁੱਤੇ ਫੁੱਲਾਂ ਦੇ ਨਾਲ਼ ਖੁਸ਼ੀਆਂ ਖਿੜਦੀਆਂ ਨੇ ਤੇ ਫਸਲਾਂ ਪੱਕਦੀਆਂ ਨੇ। ਸਿਆਲ਼ਾਂ ਵਿੱਚ ਅੰਤਾਂ ਦੀ ਪੈਂਦੀ ਠੰਡ 'ਚ ਜ਼ਿੰਦਗੀ ਚੁੱਪ ਹੋ ਜਾਂਦੀ ਹੈ। ਪੰਜਾਬੀ ਹਾਇਕੁ 'ਚ ਲੋਹੜੀ, ਰੱਖੜੀ, ਵਿਸਾਖੀ, ਦੁਸਹਿਰਾ, ਦੀਵਾਲੀ, ਈਦ ਤੇ ਬਸੰਤ ਦੇ ਮੇਲੇ ਲੱਗਦੇ ਹਨ।  

ਬਸੰਤ ਰੁੱਤ 
ਚਾਰੇ ਪਾਸੇ ਖੁਸ਼ਬੂ 
ਤੇਰਾ ਆਉਣਾ  -ਡਾ. ਸ਼ਿਆਮ ਸੁੰਦਰ ਦੀਪਤੀ

ਸਰਦ ਹਵਾ 
ਵਿਹੜੇ ਬੈਠੀ ਕੰਬੇ
ਖੂੰਜੇ 'ਚ ਬੇਬੇ -ਹਰਕੀਰਤ ਹੀਰ 


ਚੜ੍ਹਦੀ ਧੁੱਪ
ਵਿਹੜੇ ਮੰਜੀ ਬੈਠੀ
ਬੇਬੇ ਹੈ ਚੁੱਪ- ਡਾ. ਹਰਦੀਪ ਕੌਰ ਸੰਧੂ 

ਈਦ ਦਾ ਦਿਨ
ਬਜ਼ਾਰਾਂ 'ਚ ਰੌਣਕ
ਖੁਸ਼ੀ ਦੇ ਮੇਲੇ -ਸੁਪ੍ਰੀਤ ਕੌਰ ਸੰਧੂ 

ਦੀਵਾਲੀ ਰਾਤ
ਚਲਾਉਣ ਪਟਾਕੇ
ਖਿੰਡੇ ਚਾਨਣ-ਵਰਿੰਦਰਜੀਤ ਸਿੰਘ ਬਰਾੜ 

ਗੁਰੂਦੁਆਰੇ
ਵਡੇਰਿਆਂ ਦਾ ਦੀਵਾ
ਬੇਬੇ ਜਗਾਵੇ- ਭੂਪਿੰਦਰ ਸਿੰਘ

ਲੋਹੜੀ ਰਾਤ
ਮੱਘਦੀਆਂ ਧੂਣੀਆਂ
ਸੁੱਟਦੇ ਤਿੱਲ - ਡਾ.ਹਰਦੀਪ ਕੌਰ ਸੰਧੂ

ਭੈਣ ਬੰਨਦੀ
ਇੱਕ ਪਿਆਰਾ ਧਾਗਾ
ਵੀਰੇ ਦੇ ਗੁੱਟ- ਸੁਪ੍ਰੀਤ ਕੌਰ ਸੰਧੂ 

ਪਿੰਡ 'ਚ ਫੇਰੀ ਪਾਉਂਦਿਆਂ ਰਾਹਾਂ 'ਚ ਉੱਡਦੀ ਮਿੱਟੀ, ਗੱਡੇ 'ਤੇ ਬਾਪੂ, ਸੱਥ 'ਚ ਬੁੱਢੇ ਬੋਹੜਾਂ ਥੱਲੇ ਤਾਸ਼ ਖੇਡਦੇ ਬਾਬੇ, ਪਿੰਡ ਦੀ ਹੱਟੀ ਤੇ ਭੱਠੀ, ਖੂਹ ਤੋਂ ਪਾਣੀ ਭਰਦੀ ਮੁਟਿਆਰ, ਆਥਣ ਨੂੰ 'ਕੱਠੇ ਹੋ ਖੇਡਦੇ ਨਿਆਣੇ ਵੀ ਪੰਜਾਬੀ ਹਾਇਕੁ ਦਿੱਖਦੇ ਹਨ। ਇੱਥੇ ਕਣਕ, ਮੱਕੀ, ਬਾਜਰਾ ਤੇ ਕਪਾਹ ਖਿੜਦੀ ਹੈ। ਇਸ ਵਿੱਚ ਕਾਂ,ਕਬੂਤਰ,ਤੋਤੇ,ਘੁੱਗੀਆਂ,ਚਿੜੀਆਂ,ਉੱਲੂ,ਕੋਇਲ ਤੇ ਗਿੱਦੜ ਕੂਕਦੇ ਹਨ। 

ਮਿੱਟੀ ਉਡਾਵਾਂ
ਘਰ ਵੱਲ ਆਉਂਦੇ
ਮਟੈਲੀ ਸ਼ਾਮ -ਦਿਲਜੋਧ ਸਿੰਘ 

ਤਾਈ ਦੀ ਭੱਠੀ
ਆਉਂਦੇ ਨੇ ਨਿਆਣੇ
ਝੋਲੀ 'ਚ ਦਾਣੇ- ਡਾ. ਹਰਦੀਪ ਕੌਰ ਸੰਧੂ

ਹੱਟੀ 'ਤੇ ਜਾਣਾ
ਅੱਠ ਆਨੇ ਦਾ ਸੌਦਾ
ਰੂੰਗਾ ਲੈ ਖਾਣਾ- ਡਾ. ਹਰਦੀਪ ਕੌਰ ਸੰਧੂ 

ਖੇਤੋਂ ਚੁੱਗਦੀ
ਸੁਬਕ ਜਿਹੀ ਨਾਰ 
ਖਿੜੀ ਕਪਾਹ- ਡਾ. ਹਰਦੀਪ ਕੌਰ ਸੰਧੂ 

ਪੂਰਨਮਾਸ਼ੀ
ਕੂਕਦੇ ਨੇ ਗਿੱਦੜ
ਵੇਖ ਸ਼ਿਕਾਰ -ਸੁਪ੍ਰੀਤ ਕੌਰ ਸੰਧੂ 

ਨਿੱਤ ਉਡਾਵਾਂ
ਬਨ੍ਹੇਰੇ ਬੈਠਾ ਕਾਗ
ਬੁੱਲ੍ਹੀਂ ਤੇਰਾ ਨਾਂ-ਬਾਜਵਾ ਸੁਖਵਿੰਦਰ 

ਉੱਲੂ ਬੋਲਦੇ
ਰਾਤ ਦੇ ਚੌਕੀਦਾਰ
ਜਾਗਦੇ ਰਹੋ- ਕਸ਼ਮੀਰੀ ਲਾਲ ਚਾਵਲਾ

ਕੋਇਲ ਬੋਲੇ
ਗਾਵੇ ਮਿੱਠੇ ਤਰਾਨੇ
ਅੰਬਾਂ ਉੱਪਰ -ਪ੍ਰੋ. ਨਿਤਨੇਮ ਸਿੰਘ

ਪੰਜਾਬੀ ਹਾਇਕੁ ਵਿੱਚ ਸਮਾਜਿਕ ਰਹੁ-ਰੀਤਾਂ ਜਿਉਂਦੀਆਂ ਨੇ, ਕਿਸਾਨੀ ਦੀਆਂ ਸਮੱਸਿਆਵਾਂ, ਬਦਲਦੇ ਵਾਤਾਵਰਣ ਨਾਲ਼ ਅਲੋਪ ਹੁੰਦੇ ਪੰਛੀਆਂ ਦੀ ਚਿੰਤਾ ਤੇ ਬਦਲ ਰਹੇ ਪੰਜਾਬ ਦੀ ਨੁਹਾਰ ਦੇਖਣ ਨੂੰ ਮਿਲਦੀ ਹੈ।ਪਰਵਾਸੀਆਂ ਦੇ ਜੀਵਨ ਦੀ ਝਾਤ ਪਾਉਂਦਾ ਹੈ । ਨਾਲ਼ ਹੀ ਬਾਤ ਪਾਉਂਦਾ ਹੈ ਉਨ੍ਹਾਂ ਨੂੰ ਉਡੀਕਦੇ ਪੁਸ਼ਤੀ ਘਰਾਂ ਦੀ ਜਿੱਥੇ ਬੇਬੇ ਦੇ ਸੰਦੂਕ- ਚਰਖਾ ਅਤੇ ਬਾਪੂ ਦੇ ਖੂੰਡੇ ਦੀ ਕਦੇ ਚੌਧਰ ਸੀ।

ਮੰਜੀਓਂ ਲਾਹੀ
ਬੇਬੇ ਅੰਤਿਮ ਸਾਹੀਂ
ਕੰਬਣ ਛੱਤਾਂ- ਹਰਕੀਰਤ ਹੀਰ

ਧੀ ਮਾਂ ਨੂੰ ਰੋਵੇ
ਜਲੇਬੀਆਂ ਪੱਕਣ
ਹੱਸਣ ਪੁੱਤ-ਰਣਜੀਤ ਸਿੰਘ ਪ੍ਰੀਤ 

ਚਿੜੀ ਬਨ੍ਹੇਰੇ
ਸੱਸ ਮੱਥੇ ਤਿਉੜੀ
ਨੂੰਹ ਪੇਟ ਤੋਂ - ਕਮਲ ਸੇਖੋਂ 

ਨਿੱਕੀ ਚਿੜੀਏ
ਬਹਿ ਸਾਡੇ ਵਿਹੜੇ
ਮਸਾਂ ਦਿਸੀਂ ਐਂ- ਸ਼ਿਆਮ ਸੁੰਦਰ ਅਗਰਵਾਲ਼ 

ਰੁੱਖਾਂ ਦੀ ਭੀੜ 
ਚੱਲ ਰਹੀ ਕੁਹਾੜੀ
ਭਾਲਦੇ ਮੀਂਹ -ਮਹਿੰਦਰਪਾਲ ਮਿੰਦਾ

ਸਾਵਣ ਰੁੱਤੇ
ਮੋਬਾਇਲ ਫੋਨ 'ਤੇ
ਲੰਮੀਆਂ ਗੱਲਾਂ -ਦਿਲਜੋਧ ਸਿੰਘ

ਦਾਦੀ ਦੀ ਬਾਤ 
ਟੀ. ਵੀ. ਨੇ ਖੋਹ ਲਈ 
ਮਿੱਠੀ ਸੁਗਾਤ -ਹਰਭਜਨ ਸਿੰਘ ਖੇਮਕਰਨੀ

ਪੁਸ਼ਤੀ ਘਰ
ਡਿਓੜੀ ਬਾਪੂ ਬੈਠਾ
ਮੰਜੇ 'ਤੇ ਖੂੰਡਾ-ਜੋਗਿੰਦਰ ਸਿੰਘ ਥਿੰਦ

ਵਿਦੇਸ਼ੀ ਪੁੱਤ
ਸਵੇਰਿਆਂ ਦੇ ਸੁੱਤੇ
ਰਾਤੀਂ ਜਾਗਣ- ਜਨਮੇਜਾ ਸਿੰਘ ਜੌਹਲ
            
ਪ੍ਰਾਕਿਰਤਕ ਦ੍ਰਿਸ਼ ਹਾਇਕੁ ਦੀ ਪਛਾਣ ਨੇ ਤੇ ਇਹ ਕੁਦਰਤੀ ਨਜ਼ਾਰਿਆਂ ਨੂੰ ਵੇਖਣ ਦਾ ਝਰੋਖਾ ਵੀ ਮੰਨਿਆ ਜਾਂਦਾ ਹੈ। ਇਹ ਕੁਦਰਤ ਨੂੰ ਬੋਲਣ ਲਾ ਦਿੰਦਾ ਹੈ। ਇਓਂ ਲੱਗਦਾ ਹੈ ਜਿਵੇਂ ਅੰਬਰ, ਤਾਰੇ, ਚੰਨ, ਸੂਰਜ, ਰੁੱਖ, ਫੁੱਲ, ਟਾਹਣੀਆਂ,ਘਾਹ, ਤ੍ਰੇਲ ਬੂੰਦਾਂ,ਮੀਂਹ ਤੇ ਹਵਾਵਾਂ ਮਿਲ਼ ਕੇ ਕੋਈ ਟੂਣੇਹਾਰਾ ਰਾਗ ਛੇੜਿਆ ਹੋਵੇ।ਜਪਾਨੀ ਹਾਇਕੁ ਵਾਂਗ ਪੰਜਾਬੀ ਹਾਇਕੁ ਸ਼ਾਂਤ ਤੇ ਚੁੱਪ ਨਹੀਂ ਹੈ। ਇਸ ਵਿੱਚ ਜਸ਼ਨ ਮਨਾਏ ਜਾਂਦੇ ਨੇ,ਢੋਲ ਵੱਜਦਾ ਹੈ ਤੇ ਗਿੱਧੇ-ਭੰਗੜੇ ਪੈਂਦੇ ਹਨ। 
ਸੁੱਚੇ ਮੋਤੀ ਨੇ            
ਚਿੱਟੇ ਗੁਲਾਬ ਉੱਤੇ      
ਤ੍ਰੇਲ ਤੁਪਕੇ -ਕਮਲ ਸੇਖੋਂ 

ਫੁੱਲ ਖਿੜਿਆ
ਟਾਹਣੀ ਝੁੱਕ ਗਈ
ਖੁਸ਼ਬੂ ਅੱਗੇ- ਜਨਮੇਜਾ ਸਿੰਘ ਜੌਹਲ

ਤੇਜ਼ ਬਾਰਿਸ਼
ਧੋਤਾ ਗਿਆ ਗਰਦਾ
ਰੁੱਖੀਂ ਜੰਮਿਆ- ਦਲਵੀਰ ਗਿੱਲ

ਚੱਲੇ ਗੱਭਰੂ
ਵਿਸਾਖੀ ਨਹਾਉਣ
ਮੋਢੇ 'ਤੇ ਡਾਂਗਾਂ- ਜੋਗਿੰਦਰ ਸਿੰਘ ਥਿੰਦ 

ਤੀਆਂ ਦਾ ਪਿੜ
ਮੱਚੇ ਗਿੱਧੇ ਦੀ ਲਾਟ
ਪੈਣ ਬੋਲੀਆਂ- ਡਾ. ਹਰਦੀਪ ਕੌਰ ਸੰਧੂ 
        
ਪੰਜਾਬੀ ਹਾਇਕੁ ਦੇ ਚਾਨਣ ਨੂੰ ਸਾਰੀ ਦੁਨੀਆਂ 'ਚ ਫੈਲਾਉਣ ਲਈ 'ਹਾਇਕੁ-ਲੋਕ' ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਇਸ ਵਿਧਾ ਨੂੰ ਪ੍ਰਫੁੱਲਤ ਹੋਣ ਲਈ ਆਪ ਸਭ ਦੇ ਨਿੱਘੇ ਹੁੰਗਾਰੇ ਦੀ ਲੋੜ ਹੈ। 

ਡਾ. ਹਰਦੀਪ ਕੌਰ ਸੰਧੂ

ਨੋਟ: ਇਹ ਪੋਸਟ ਹੁਣ ਤੱਕ 92 ਖੋਲ੍ਹ ਕੇ ਪੜ੍ਹੀ ਗਈ ਹੈ।

9 Mar 2013

ਦੂਜੀ ਅੰਤਰਰਾਸ਼ਟਰੀ ਪੰਜਾਬੀ ਹਾਇਕੁ ਕਾਨਫ਼ਰੰਸ

ਜਨਮੇਜਾ ਸਿੰਘ ਜੌਹਲ ਹਾਇਕੁ ਪਾਠ ਕਰਦਿਆਂ  
                     ਦੂਜੀ ਅੰਤਰਰਾਸ਼ਟਰੀ ਪੰਜਾਬੀ ਹਾਇਕੁ ਕਾਨਫ਼ਰੰਸ- ਇੱਕ ਰਿਪੋਰਟ 
ਜਨਮੇਜਾ ਸਿੰਘ ਜੌਹਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮਾਰਚ 8, 2013 ਨੂੰ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਾਹਿਤ ਸਭਾ ਵੱਲੋਂ ਵਿਭਾਗ ਦੇ ਮੁੱਖੀ ਡਾ. ਰਾਜਿੰਦਰ ਪਾਲ ਸਿੰਘ ਬਰਾੜ ਦੀ ਅਗਵਾਈ 'ਚ ਦੂਜੀ ਅੰਤਰਰਾਸ਼ਟਰੀ ਪੰਜਾਬੀ ਹਾਇਕੁ ਕਾਨਫ਼ਰੰਸ ਹੋਈ | ਡਾ. ਅੰਜਲੀ ਦੇਵਧਰ ਮੁੱਖ ਮਹਿਮਾਨ ਤੇ ਡਾ. ਦਲੀਪ ਕੌਰ ਟਿਵਾਣਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਕਾਨਫ਼ਰੰਸ ਦੇ ਪ੍ਰਧਾਨਗੀ ਭਾਸ਼ਣ 'ਚ ਉਪ-ਕੁੱਲਪਤੀ ਡਾ. ਜਸਪਾਲ ਸਿੰਘ ਨੇ ਕਿਹਾ ਕਿ ਦੁਨੀਆਂ 'ਚ ਆ ਰਹੀਆਂ ਤਬਦੀਲੀਆਂ ਨਾਲ ਸੰਵਾਦ ਰਚਾਉਣਾ ਬਹੁਤ ਜ਼ਰੂਰੀ ਹੈ | ਹਾਇਕੁ-ਕਾਵਿ ਦਾ ਜ਼ਿਕਰ ਕਰਦਿਆਂ ਆਪ ਨੇ ਕਿਹਾ ਕਿ ਪੰਜਾਬੀ ਹਾਇਕੁ ਵਿੱਚ ਬਹੁਤ ਸੰਭਾਵਨਾ ਹੈ ਕਿਉਂਕਿ ਇਹ ਜ਼ਿੰਦਗੀ ਦੇ ਵੱਡੇ ਪਸਾਰਾਂ ਨੂੰ ਬਹੁਤ ਥੋੜੇ ਸ਼ਬਦਾਂ 'ਚ ਪੇਸ਼ ਕਰਨ ਦੇ ਸਮਰੱਥ ਹੈ |  


                 ਇਸ ਮੌਕੇ ਆਯੋਜਿਤ ਹਾਇਕੁ ਦਰਬਾਰ 'ਚ ਜਨਮੇਜਾ ਸਿੰਘ ਜੌਹਲ,ਕਸ਼ਮੀਰੀ ਲਾਲ ਚਾਵਲਾ, ਅਨੂਪ ਵਿਰਕ, ਡਾ. ਭੁਪਿੰਦਰ ਸਿੰਘ ਖਹਿਰਾ , ਗੁਰਮੀਤ ਸੰਧੂ, ਅਮਰਜੀਤ ਸਾਥੀ, ਪ੍ਰੋ. ਦਰਬਾਰਾ ਸਿੰਘ,ਕੁਲਵੰਤ ਗਰੇਵਾਲ, ਚਰਨਜੀਤ ਕੌਰ, ਡਾ. ਨਰਿੰਦਰ ਸਿੰਘ ਕਪੂਰ, ਸਿਮਰਨਜੀਤ ਸਿੰਘ, ਡਾ. ਦੀਪਕ ਮਨਮੋਹਨ ਸਿੰਘ,  ਡਾ. ਪਰਮਜੀਤ ਵਰਮਾ, ਗੁਰਦੇਵ ਚੌਹਾਨ ਆਦਿ ਨੇ ਹਾਜ਼ਰੀ ਲੁਵਾਈ। 
                ਜਨਮੇਜਾ ਸਿੰਘ ਜੌਹਲ ਨੇ ਹਾਇਕੁ - ਲੋਕ ਮੰਚ  ਨੂੰ ਨਿਰੂਪਣ ਕਰਦੇ ਹੋਏ ਮੇਰੇ ਨਾਮ ਦਾ ਵਿਸ਼ੇਸ਼ ਜ਼ਿਕਰ ਕੀਤਾ । ਆਪ ਨੇ ਆਪਣੇ ਨਵੇਂ ਹਾਇਕੁਆਂ ਦੇ ਨਾਲ਼-ਨਾਲ਼ ਹਾਇਕੁ -ਲੋਕ ਮੰਚ 'ਤੇ ਹੁਣ ਤੱਕ ਪ੍ਰਕਾਸ਼ਿਤ ਆਪਣੇ ਹਾਇਕੁ ਪੇਸ਼ ਕੀਤੇ। ਇਸ ਤਰਾਂ ਪਹਿਲੀ ਵਾਰ ਪੰਜਾਬੀ ਹਾਇਕੁ, ਜਪਾਨੀ ਕਾਵਿ ਵਿਧਾ ਦੇ ਨਿਯਮਾਂ ( 5+ 7+5 ) ਦੀ ਪਾਲਣਾ ਕਰਦੇ ਹੋਏ ਕਿਸੇ ਪੰਜਾਬੀ ਹਾਇਕੁ ਕਾਨਫ਼ਰੰਸ ਦਾ ਹਿੱਸਾ ਬਣੇ। ਇਹ ਹਾਇਕੁ-ਲੋਕ ਪਰਿਵਾਰ ਦੀ ਇੱਕ ਵੱਡਮੁੱਲੀ ਪ੍ਰਾਪਤੀ ਹੈ। ਸਾਰੇ ਹਾਇਕੁਕਾਰ ਤੇ ਪਾਠਕ ਵਧਾਈ ਦੇ ਪਾਤਰ ਹਨ। ਮੈਂ ਹਾਇਕੁ-ਲੋਕ ਮੰਚ ਵਲੋਂ ਜਨਮੇਜਾ ਸਿੰਘ ਜੌਹਲ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ। 

(ਨੋਟ: ਇਹ ਪੋਸਟ ਹੁਣ ਤੱਕ 108 ਵਾਰ ਖੋਲ੍ਹ ਕੇ ਪੜ੍ਹੀ ਗਈ )

28 Feb 2013

ਹਾਇਕੁ-ਕਾਵਿ 'ਚ ਅਨੁਵਾਦ ਦੀ ਚੁਣੌਤੀ

ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ 'ਚ 4-10 ਫਰਵਰੀ 2013 ਦੇ ਦੌਰਾਨ ਆਯੋਜਿਤ ਕੀਤਾ ਗਿਆ 21ਵਾਂ ਪੁਸਤਕ ਮੇਲਾ ਸਾਹਿਤ ਤੇ ਪੁਸਤਕ ਪ੍ਰੇਮੀਆਂ ਦੇ ਵਿੱਚ ਸੁਰਖੀਆਂ 'ਚ ਰਿਹਾ । ਇਸ ਮੇਲੇ ਦੀ ਖਾਸ ਖਿੱਚ ਸੀ - ਲੇਖਕ ਮੰਚ । 8 ਫਰਵਰੀ ਨੂੰ ਸ਼ਾਮ 7 -8 ਵਜੇ ਇਸ ਲੇਖਕ ਮੰਚ 'ਤੇ 'ਕਥਾ ਪੰਜਾਬ' ਤੇ 'ਨੈਸ਼ਨਲ ਬੁੱਕ ਟ੍ਰਸੱਟ'  ਦੇ ਸੰਯੋਜਨ ਦੁਆਰਾ ਇੱਕ ਬਿਲਕੁਲ ਨਵੇਂ ਤੇ ਅਛੂਤੇ ਵਿਸ਼ੇ 'ਬਲਾਗ ਤੇ ਅਨੁਵਾਦ' 'ਤੇ ਚਰਚਾ ਹੋਈ। ਸਟੇਜ ਦਾ ਸੰਚਾਲਨ ਸ਼੍ਰੀ ਸੁਭਾਸ਼ ਨੀਰਵ ਨੇ ਕੀਤਾ। ਸ਼੍ਰੀ ਰਾਮੇਸ਼ਵਰ ਕੰਬੋਜ ਹਿੰਮਾਂਸ਼ੁ ਨੇ ਹਾਇਕੁ ਕਾਵਿ 'ਚ ਅਨੁਵਾਦ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ । ਆਪ ਦੇ ਵਿਚਾਰਾਂ ਨੂੰ ਮੈਂ ਹਾਇਕੁ -ਲੋਕ ਮੰਚ ਦੇ ਪਾਠਕਾਂ ਨਾਲ ਸਾਂਝਾ ਕਰਨ ਦੀ ਖੁਸ਼ੀ ਲੈ ਰਹੀ ਹਾਂ ।
ਰਾਮੇਸ਼ਵਰ ਕੰਬੋਜ 'ਹਿੰਮਾਂਸ਼ੂ' , ਸੁਭਾਸ਼ ਨੀਰਵ, ਰਜਿੰਦਰ ਗੌਤਮ, ਡਾ. ਜਗਬੀਰ ਸਿੰਘ ਤੇ ਸੂਰਜ ਪ੍ਰਕਾਸ਼

                                         ਹਾਇਕੁ-ਕਾਵਿ 'ਚ ਅਨੁਵਾਦ ਦੀ ਚੁਣੌਤੀ
                              ਰਾਮੇਸ਼ਵਰ ਕੰਬੋਜ 'ਹਿੰਮਾਂਸ਼ੂ'
ਭਾਸ਼ਾ ਮਨੁੱਖ ਦੇ ਵਜੂਦ ਦਾ ਇੱਕ ਬਹੁਤ ਹੀ ਜ਼ਰੂਰੀ ਤੇ ਮਹੱਤਵਪੂਰਣ ਪ੍ਰਾਣ-ਤੰਤੂ ਹੈ, ਗਰਭਨਾਲ਼ ਨਾਲ਼ ਜੁੜੇ ਬੱਚੇ ਵਾਂਗ। ਭਾਸ਼ਾ 'ਚ ਲਗਾਤਾਰ ਵਹਾਓ ਦਾ ਹੋਣਾ ਇਸ ਦੀ ਸਭ ਤੋਂ ਵੱਡੀ ਤਾਕਤ ਹੈ। ਇਹ ਤਾਕਤ ਸਮਾਜਿਕ ਸੰਵਾਦ ਅਤੇ ਚਿੰਤਨ ਧਾਰਾ ਦੇ ਵਹਾਓ ਸਦਕਾ ਹੋਰ ਗਹਿਰੀ ਤੇ ਵਿਸ਼ਾਲ ਹੁੰਦੀ ਹੈ। ਸ਼ਬਦਾਂ ਨੂੰ ਸਹਿਜਤਾ ਨਾਲ਼ ਅਪਣਾਉਂਦੇ ਜਾਣਾ ਮਨੁੱਖ ਦੀ ਸਭ ਤੋਂ ਵੱਡੀ ਤਾਕਤ ਹੈ। ਇਹੋ ਤਾਕਤ ਭਾਸ਼ਾ ਦੇ ਰੂਪ 'ਚ ਸਾਡੇ ਸਾਹਮਣੇ ਆਉਂਦੀ ਹੈ। ਇਹੀ ਤਾਕਤ ਪ੍ਰਫੁੱਲਤ ਹੋ ਕੇ ਬੋਲੀ ਨੂੰ ਭਾਸ਼ਾ ਤੇ ਗਿਰਾਵਟ ਵੱਲ ਜਾ ਕੇ ਭਾਸ਼ਾ ਨੂੰ ਬੋਲੀ ਅਤੇ ਅਣਗਹਿਲੀ ਕਾਰਣ ਇਸ ਨੂੰ ਲੁਪਤ ਵੀ ਕਰ ਸਕਦੀ ਹੈ। ਅੱਜ ਅਸੀਂ ਆਪਣੀਆਂ ਬੋਲੀਆਂ ਬਾਰੇ ਅਣਗਹਿਲੀ ਵਰਤ ਰਹੇ ਹਾਂ ਤੇ ਕਮਜ਼ੋਰ ਕਰ ਰਹੇ ਹਾਂ। ਛੋਟੇ-ਛੋਟੇ ਨਦੀ-ਨਾਲ਼ਿਆਂ ਨੂੰ ਜੇ ਅਸੀਂ ਸਮੁੰਦਰ ਨਾਲ਼ ਮਿਲਣ ਤੋਂ ਰੋਕਦੇ ਰਹਾਂਗੇ ਤਾਂ ਵਹਾਓ-ਗਹਿਰਾਈ ਤੇ ਵਿਸ਼ਾਲਤਾ ਦਾ ਘਟਾਓ ਸ਼ੁਰੂ ਹੋ ਜਾਵੇਗਾ।
            ਡਾ. ਭਗਵਤ ਸ਼ਰਣ ਅਗਰਵਾਲ ਨੇ 'ਅਰਘ' (1995) 'ਚ ਆਪਣੇ 65 ਹਿੰਦੀ ਹਾਇਕੁ 18 ਭਾਰਤੀ ਤੇ 7 ਵਿਦੇਸ਼ੀ ਭਾਸ਼ਾ 'ਚ ਪੇਸ਼ ਕੀਤੇ ਹਨ। ਇਹ ਅਨੋਖਾ ਤੇ ਵੱਡਾ ਕੰਮ ਹੈ। ਕੁਝ ਭਾਸ਼ਾਵਾਂ 'ਚ ਉਲੱਥੇ ਹਾਇਕੁ ਦੇ ਅਨੁਵਾਦ ਦੇ ਨਾਲ਼ ਸ਼ਿਲਪ ਵੀ ਕਾਇਮ ਰਹੀ ਹੈ। ਜਿਵੇਂ ਕਿ...
ਬੈਠਤੀਂ ਟਿੱਡੀ/ ਗੇਹੂੰ ਕੀ ਬਾਲੀਓਂ ਪੇ/ ਕਿਸਾਨ ਸੋਤੇ (ਹਿੰਦੀ)
ਤੀਡ ਬੇਸਤਾਂ/ ਘਊਂਨੇ ਕਣਸਲੇ/ ਖੇਡੂਤ ਸੂਤਾ (ਗੁਜਰਾਤੀ) 
          ਲੇਕਿਨ ਸਾਰੀਆਂ ਭਾਸ਼ਾਵਾਂ ਦਾ ਰੁਝਾਨ ਇੱਕੋ ਜਿਹਾ ਨਹੀਂ ਹੈ ਕਿ ਛੰਦ ਦੀ ਪਾਲਣਾ ਕਰਦੇ ਹੋਏ ਅਨੁਵਾਦ ਕੀਤਾ ਜਾ ਸਕੇ। ਇਹ ਸਭ ਅਨੁਵਾਦ-ਕਰਤਾ ਦੀ ਸਮਰੱਥਾ 'ਤੇ ਵੀ ਨਿਰਭਰ ਕਰਦਾ ਹੈ। ਕਾਵਿ ਦਾ ਅਨੁਵਾਦ ਕਰਨਾ ਵੈਸੇ ਵੀ ਬਹੁਤ ਵੱਡੀ ਚੁਣੌਤੀ ਹੈ। ਹਾਇਕੁ-ਜਗਤ ਨੇ ਡਾ. ਭਗਵਤ ਸ਼ਰਣ ਅਗਰਵਾਲ਼ ਦੇ ਇਸ ਵੱਡੇ ਕੰਮ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ।
          ਹਿੰਦੀ ਤੇ ਮਰਾਠੀ ਦੇ ਪ੍ਰਸਿੱਧ ਕਵੀ ਸ਼ਿਆਮ ਖਰੇ ਨੇ 'ਮਹਿਕ' (2008) 24 ਮਰਾਠੀ ਹਾਇਕੁਕਾਰਾਂ ਦੇ ਹਾਇਕੁ ਦਾ ਅਨੁਵਾਦ ਹਿੰਦੀ 'ਚ ਪੇਸ਼ ਕੀਤਾ। ਬਾਕੀ ਰਚਨਾਕਾਰਾਂ ਦਾ ਅਨੁਵਾਦ ਕੇਵਲ ਅਨੁਵਾਦ ਹੀ ਬਣ ਸਕਿਆ, ਹਾਇਕੁ ਨਹਿਂ। ਫਿਰ ਵੀ ਖਰੇ ਜੀ ਨੇ ਇਸ ਦਿਸ਼ਾ 'ਚ ਇੱਕ ਉਸਾਰੂ ਯਤਨ ਕੀਤਾ। ਇਹਨਾਂ ਦੇ ਕੁਝ ਹਾਇਕੁ 'ਚ ਹੀ ਛੰਦ ਦਾ ਨਿਰਬਾਹ ਹੋ ਸਕਿਆ, ਜਿਵੇਂ -
ਅਲਾਵ ਜਲ਼ੇ/ਹਮ ਨਹੀਂ ਜਾਨਤੇ/ ਦੁੱਖ ਵ੍ਰਕਸ਼ੋਂ ਕਾ ( ਸ਼ਿਆਮ ਖਰੇ)
ਸ਼ੇਕੋਟਿ ਜਲੇ/ ਮਾਨਵਾਂ ਕਾਂ ਨਾ ਕਲੇ/ ਦੁੱਖ ਵ੍ਰਕਸ਼ਾਂਚੇ (ਸ਼ਿਆਮ ਖਰੇ)
        ਡਾ. ਅੰਜਲੀ ਦੇਵਧਰ ਨੇ ਭਾਰਤੀ ਹਾਇਕੁ (2008) 'ਚ 105 ਹਾਇਕੁਕਾਰਾਂ ਦੇ ਇੱਕ-ਇੱਕ ਹਾਇਕੁ ਅਨੁਵਾਦ ਅੰਗਰੇਜ਼ੀ 'ਚ ਪੇਸ਼ ਕੀਤਾ। ਇਸ ਨੂੰ ਵੀ ਕੇਵਲ ਅਨੁਵਾਦ ਹੀ ਕਿਹਾ ਜਾ ਸਕਦਾ ਹੈ, ਨਾ ਕਿ ਅੰਗਰੇਜ਼ੀ ਹਾਇਕੁ। ਅੰਗਰੇਜ਼ੀ ਸਿਲੇਬਲ ( ਅੱਖਰ ਪ੍ਰਧਾਨ) ਭਾਸ਼ਾ ਹੈ, ਨਾ ਕਿ ਵਰਣ ਪ੍ਰਧਾਨ। ਇਸੇ ਲਈ ਛੰਦ ਦਾ ਪਾਲਣ ਕਰਦੇ ਹੋਏ ਅਨੁਵਾਦ ਕਰਨਾ ਬਹੁਤ ਹੀ ਔਖਾ ਕੰਮ ਹੈ। ਜਪਾਨੀ ਹਾਇਕੁ ਦੇ ਅੰਗਰੇਜ਼ੀ ਅਨੁਵਾਦ ਦੀ ਇਹ ਦਿੱਕਤ 'ਵਨ ਹੰਡਰਡ ਫਰਾਗ'(ਹਿਰੋਆਕਿ ਸਾਤੋ-1983) ਵਿੱਚ ਦੇਖੀ ਜਾ ਸਕਦੀ ਹੈ।
       ਡਾ. ਹਰਦੀਪ ਕੌਰ ਸੰਧੂ ਨੇ ਜੁਲਾਈ 2010 ਤੋਂ ਪੰਜਾਬੀ ਹਾਇਕੁ ਅਨੁਵਾਦ ਹਿੰਦੀ 'ਚ ਸ਼ੁਰੂ ਕੀਤਾ। ਇਨ੍ਹਾਂ ਦੇ ਹਿੰਦੀ ਅਨੁਵਾਦ 'ਚ ਮੂ਼ਲ ਭਾਵਨਾਵਾਂ ਦੇ ਨਾਲ਼ ਹਾਇਕੁ ਲੇਖਣ ਕਲਾ ਵੀ ਸੁਰੱਖਿਅਤ ਰਹੀ ਹੈ। ਜੂਨ 2012 ਤੋਂ ਆਪ ਨੇ ਹਾਇਕੁ-ਲੋਕ 'ਚ ਪੰਜਾਬੀ 'ਚ ਛੰਦਨੁਸ਼ਾਸਣ ਦੀ ਰਾਖੀ ਕਰਦੇ ਹੋਏ ਅਨੁਵਾਦ ਕੀਤਾ। ਕੁਝ ਅਨੁਵਾਦ ਗੁਰਮੁੱਖੀ ਤੇ ਦੇਵਨਾਗਰੀ ਲਿਪੀਆਂ 'ਚ ਨਾਲ਼ੋ-ਨਾਲ਼ ਪ੍ਰਕਾਸ਼ਿਤ ਕੀਤਾ ਗਿਆ ਹੈ ਤਾਂ ਕਿ ਦੋਹਾਂ ਭਾਸ਼ਾਵਾਂ ਦੇ ਜਾਣੂ ਇਹਨਾਂ ਦਾ ਸੁਆਦ ਚੱਖ ਸਕਣ। ਇਹ ਸਹੀ ਅਨੁਵਾਦ ਦੀ ਦਿਸ਼ਾ 'ਚ ਕੀਤਾ ਜਾ ਰਿਹਾ ਸ਼ਲਾਘਾਯੋਗ ਕੰਮ ਹੈ।
ਹਿੰਦੀ- ਰਾਤ ਯਾ ਦਿਨ / ਆਂਸੂਓਂ ਕਾ ਮੌਸਮ / ਸਦਾ ਨਿਖਰਾ ( ਡਾ. ਸੁਧਾ ਗੁਪਤਾ)
ਪੰਜਾਬੀ- ਰਾਤ ਜਾਂ ਦਿਨ/ ਹੰਝੂਆਂ ਦਾ ਮੌਸਮ / ਸਦਾ ਨਿਖਰੇ 
ਹਿੰਦੀ- ਘਟਾ- ਸੀ ਘਿਰੀ / ਕਮਲੋਂ ਕੀ ਸੁਗੰਧ / ਵੋ ਆਏ ਕਿਆ ? (ਡਾ. ਭਗਵਤ ਸ਼ਰਣ ਅਗਰਵਾਲ਼)
ਪੰਜਾਬੀ - ਛਾਈ ਹੈ ਘਟਾ / ਕਮਲਾਂ ਦੀ ਖੂਸ਼ਬੋ / ਕੀ ਓਹ ਆਏ ?
       ਸੁਹਿਰਦ ਕਥਾਕਾਰ ਕਵਿਤਰੀ ਰਚਨਾ ਸ਼੍ਰੀਵਾਸਤਵ ਭਾਸ਼ਾ ਦੀ ਊਰਜਾ ਤੇ ਤਾਕਤ ਤੋਂ ਜਾਣੂ ਹੈ। ਇਹਨਾਂ ਦੀ ਸ਼ਬਦ ਚੋਣ ਇਨ੍ਹਾਂ ਦੇ ਕੋਮਲ ਮਨ ਦੀ ਝਲਕ ਪੇਸ਼ ਕਰਦਾ ਹੈ।ਆਪ ਨੇ ਲੱਗਭੱਗ 600 ਹਿੰਦੀ ਹਾਇਕੁ ਦਾ ਅਵਧੀ ਅਨੁਵਾਦ ਕੀਤਾ ਹੈ। ਅਨੁਵਾਦ 'ਚ ਮੂ਼ਲ ਹਾਇਕੁ ਦੇ ਭਾਵ ਦੀ ਰਾਖੀ ਕਰਦੇ ਹੋਏ ਛੰਦ-ਵਿਧਾਨ ਨੂੰ ਵੀ ਕਾਇਮ ਰੱਖਿਆ ਗਿਆ ਹੈ। ਇਹ ਕੰਮ ਸੱਚਮੁੱਚ ਬਹੁਤ ਔਖਾ ਸੀ। ਇਸ ਕੜੀ 'ਚ ਰਚਨਾ ਸ਼੍ਰੀਵਾਸਤਵ ਨੇ ਹਿੰਦੀ (ਖੜੀ ਬੋਲੀ) ਦੇ ਹਾਇਕੁ ਦਾ ਅਵਧੀ 'ਚ ਅਨੁਵਾਦ ਕੀਤਾ, ਓਹ ਵੀ 34 ਰਚਨਾਕਾਰਾਂ ਦੇ 542 ਹਾਇਕੁ ਦਾ। ਇਹ ਕੰਮ ਹੁਣ ਤੱਕ ਕੀਤੇ ਗਏ ਹਾਇਕੁ ੳਨੁਵਾਦ ਦੇ ਖੇਤਰ 'ਚ ਕਿਸੇ ਇੱਕਲੇ ਰਚਨਾਕਾਰ ਵੱਲੋਂ ਕਿਤਾ ਗਿਆ ਵੱਡਾ ਕਾਰਜ ਹੈ। 
ਇਹਨਾਂ ਦੇ ਅਨੁਵਾਦ ਦੀਆਂ ਕੁਝ ਉਦਾਹਰਣਾਂ ਪੇਸ਼ ਹਨ..........
ਡਾ. ਭਗਵਤੀ ਸ਼ਰਣ ਅਗਰਵਾਲ਼- ਭੋਰਵਾ ਸਾਥੇ / ਈ ਕੇਕਰ ਮਹਿਕ / ਬੌਰਾਯਾ / ਮਨ
ਡਾ. ਸੁਧਾ ਗੁਪਤਾ- ਚਨਾਰ ਪਾਤ / ਕਹਾਂ ਪਾਈਸ ਆਗ / ਬਤਾਵਾ ਜਰਾ
ਡਾ. ਰਮਾਕਾਂਤ ਸ਼੍ਰੀਵਾਸਤਵ- ਗਾਵਤ ਮੋਰ / ਪਿਰੇਮ ਕੈ ਗਿਤਿਯਾ /ਊਸ਼ਾ ਨਿਹਾਲ
ਡਾ. ਭਾਵਨਾ ਕੁੰਵਰ- ਪੰਛੀ ਬਨਿ ਕੈ / ਘੂਮਤ ਰਹੀਂ ਯਾਦੇਂ / ਭੁਇਯਾਂ ਗਿਰੀ    
ਡਾ. ਹਰਦੀਪ ਸੰਧੂ- ਪਿਆਰੀ ਬੇਟੀ / ਭੋਰ ਕੈ ਆਰਤੀ ਈ / ਪਾਵਨ ਬਾਨੀ
ਡਾ. ਸਤੀਸ਼ਰਾਜ ਪੁਸ਼ਕਾਣਾ- ਹੰਸਾ ਏ ਦੋਸਤ / ਰੋਯੇ ਸੇ ਈ ਰਤਿਯਾ / ਛੋਟ ਨਾ ਕੋਈ 
        ਹਾਇਕੁ ਦੇ ਖੇਤਰ 'ਚ ਇਸ ਤੋਂ ਪਹਿਲਾਂ ਵੀ ਇਸ ਤਰਾਂ ਦੇ ਯਤਨ ਕੀਤੇ ਗਏ ਹਨ। ਡਾ. ਸੱਤਿਆ ਭੂਸ਼ਣ ਵਰਮਾ ਤੇ ਅਗੇਯ ਜੀ ਨੇ ਜੋ ਅਨੁਵਾਦ ਕੀਤੇ ਹਨ, ਉਹ ਹਾਇਕੁ ਨਹੀਂ ਬਣ ਸਕੇ। 
        ਡਾ. ਜਿਯੋਤਸਨਾ ਸ਼ਰਮਾ, ਸੁਸ਼ੀਲਾ ਸ਼ਿਵਰਣ ਤੇ ਤੁਹਿਨਾ ਰੰਜਨ ਨੇ ਕੁਝ ਹਾਇਕੁ ਦਾ ਅਨੁਵਾਦ ਕ੍ਰਮਵਾਰ : ਗੁਜਰਾਤੀ, ਰਾਜਸਥਾਨੀ ਤੇ ਉੜੀਆ ਵਿੱਚ ਕੀਤਾ ਹੈ। 
1.ਡਾ. ਜਿਯੋਤਸਨਾ ਸ਼ਰਮਾ
ਹਿੰਦੀ - ਲੋ ਆਈ ਭੋਰ / ਝਾਂਕ ਰਹਾ ਸੂਰਜ / ਪੂਰਵ ਕੀ ਓਰ
ਗੁਜਰਾਤੀ - ਆਵੀ ਸਵਾਰ/ ਜੋਈ ਰਹੋ ਸੂਰਜ / ਪੈਰਵ ਨੀ ਬਾਜੁ
ਹਿੰਦੀ- ਫੂੱਲੋਂ ਸੇ ਪੱਤੇ / ਕਿਤਨਾ ਬਤਿਯਾਤੇ / ਹਵਾ ਬਤਾਏ
ਗੁਜਰਾਤੀ - ਫੂੱਲੋਂ ਥੀ ਪਾਨ / ਕੇਟਲੀ ਵਾਤੋ ਕਰੀ / ਹਵਾ ਬਤਾਵੇ 
2.ਸੁਸ਼ੀਲਾ ਸ਼ਿਵਰਣ 
ਚੜ ਚੌਬਾਰੈ / ਗੋਰੀ ਨਿਰਖੈ ਚਾਂਦ / ਹਿਵੜੋ ਰੋਵੈ
ਕੋਖ ਮੈਂ ਮਾਰੀ / ਕਦੈ ਜਲਮਾਂ ਮਾਰੀ/ ਕਾਈ ਕਸੂਰ
3. ਤੁਹਿਨਾ ਰੰਜਨ
ਕਹੀ ਜਾਏ ਨਾ / ਮੇਰੇ ਮਨ ਕੀ ਬਾਤ / ਸਹੀ ਜਾਏ ਨਾ 
ਕੋਹੀ ਹੁਏ ਨਾ / ਮੋਰ ਮਨ ਰ ਕੋਥਾ/ ਸੋਹੀ ਹੁਏ ਨਾ 
ਜੀਵਨ ਨਦੀ / ਕੈਸੇ ਕਰੂੰਗੀ ਪਾਰ / ਟੂਟੀ ਹੈ ਨੌਕਾ 
ਜੀਬਨ ਨੋਈ / ਪਾਰ ਹੇਬੋ ਕੇਮਿਤਿ / ਭਾਨਿੰਚੀ ਡੰਗਾ 
      ਹੁਣੇ 2013 ਜਨਵਰੀ 'ਚ ਕਸ਼ਮੀਰੀ ਲਾਲ ਚਾਵਲਾ ਤੇ ਪ੍ਰੋ. ਨਿਤਨੇਮ ਸਿੰਘ ਦੇ ਦੋਭਾਸ਼ੀ (ਪੰਜਾਬੀ-ਹਿੰਦੀ ) ਹਾਇਕੁ ਸੰਗ੍ਰਿਹ ਆਏ ਹਨ ।ਇਹਨਾਂ ਦੋਹਾਂ ਸੰਗ੍ਰਿਹਾਂ ਵਿੱਚ ਦੋਹਾਂ ਕਵੀਆਂ ਨੇ ਦੋਹਾਂ ਭਾਸ਼ਾਵਾਂ 'ਚ ਛੰਦਨੁਸ਼ਾਸਨ ਦੀ ਪਾਲਣਾ ਕੀਤੀ ਹੈ। ਮੂ਼ ਹਾਇਕੁ ਸਧਾਰਣ ਹਨ। ਉਲੱਥੇ ਹਿੰਦੀ ਹਾਇਕੁ 'ਚ ਹਿੰਦੀ ਭਾਸ਼ਾ ਦੇ ਸਤਰ ਤੇ ਵਿਵਹਾਰਿਕ ਪ੍ਰਯੋਗ ਦੀ ਕਮੀ ਰੜਕਦੀ ਹੈ; ਫਿਰ ਵੀ ਇੱਕ ਉਤਸ਼ਾਹ ਪੂਰਵਕ ਸ਼ੁਰੂਆਤ ਤਾਂ ਹੋਈ ਹੈ। ਇਸ ਦਾ ਸੁਆਗਤ ਹੋਣਾ ਚਾਹੀਦਾ ਹੈ। 

ਹਿੰਦੀ ਤੋਂ ਅਨੁਵਾਦ: ਡਾ. ਹਰਦੀਪ ਕੌਰ ਸੰਧੂ 
(ਨੋਟ: ਇਹ ਪੋਸਟ ਹੁਣ ਤੱਕ 40 ਵਾਰ ਖੋਲ੍ਹ ਕੇ ਪੜ੍ਹੀ ਗਈ)

2 Dec 2012

ਹਾਇਕੁ ਗੋਸ਼ਟੀ

ਉਦਿਤਾ ਸਚਿਦਾਨੰਦ, ਡਾ. ਵਿਮਲ, ਸੁਆਮੀ ਜੀ,ਪ੍ਰੋ. ਹਿਦਿਆਕੀ ਇਸ਼ੀਦਾ 
ਕਾਵਿ ਖੋਜ ਸੰਸਥਾ ਦੀ ਰਹਿਨੁਮਾਈ ਅਧੀਨ ਭਾਰਤੀ ਵਿੱਦਿਆ ਭਵਨ ਕਾਪਰਨੀਕਸ ਲੇਨ ਕਸਤੂਰਬਾ ਗਾਂਧੀ ਮਾਰਗ ਨਵੀਂ ਦਿੱਲੀ ਵਿਖੇ 27-28 ਨਵੰਬਰ 2012 ਨੂੰ ਦੋ ਦਿਨਾਂ ਹਾਇਕੁ ਗੋਸ਼ਟੀ ਹੋਈ। ਇਸ ਗੋਸ਼ਟੀ ਦਾ ਸੰਚਾਲਨ ਸੁਪ੍ਰਸਿੱਧ ਸਾਹਿਤਕਾਰ ਡਾ. ਗੰਗਾ ਪ੍ਰਸਾਦ ਵਿਮਲ ਨੇ ਕੀਤਾ। ਡਾ. ਸੁਆਮੀ ਸ਼ਿਆਮਾ ਨੰਦ ਸਰਸਵਤੀ 'ਰੌਸ਼ਨ' ਦਾ ਹਾਇਕੁ ਸੰਗ੍ਰਹਿ 'ਰੌਸ਼ਨ ਹੂੰ ਮੈਂ' ਲੋਕ ਅਰਪਣ ਹੋਇਆ। 
ਪ੍ਰੋ. ਹਿਦਿਆਕੀ ਇਸ਼ੀਦਾ (ਜਪਾਨ)

ਹਿੰਦੀ ਤੇ ਜਪਾਨੀ ਭਾਸ਼ਾ ਦੇ ਵਿਦਵਾਨ ਪ੍ਰੋ. ਹਿਦੀਆਕੀ ਇਸ਼ਿਦਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਜਪਾਨੀ ਤੇ ਹਿੰਦੀ ਦੀ ਮਹਾਨ ਲੇਖਕਾ ਉਦਿਤਾ ਸਚਿਦਾਨੰਦ (ਜੋ ਹਾਇਕੁ ਦੇ ਅਨੁਵਾਦ ਦਾ ਕਾਰਜ ਕਰਦੇ ਹਨ) ਨੇ ਭਾਰਤ 'ਚ ਹਾਇਕੁ 'ਤੇ ਹੋਏ ਕੰਮ ਬਾਰੇ ਜਾਣਕਾਰੀ ਦਿੱਤੀ।


ਡਾ. ਤੋਮੋਕੋ ਕਿਕੁਚੀ ਪਿਛਲੇ ਵੀਹ ਸਾਲਾਂ ਤੋਂ ਭਾਰਤ 'ਚ ਰਹਿ ਰਹੇ ਹਨ ਤੇ ਹਾਇਕੁ ਦਾ ਅਨੁਵਾਦ ਕਾਰਜ ਸੰਭਾਲ ਰਹੇ ਹਨ। ਆਪ ਨੇ ਹਾਇਕੁ ਤੇ ਚੋਕਾ ਬਾਰੇ ਜਾਣਕਾਰੀ ਦਿੱਤੀ। ਆਪਨੇ ਯੋਸਾ ਬੁਸੋਨ ਦੇ ਹਾਇਕੁ ਦਾ ਅਨੁਵਾਦ ਸੁਣਾਇਆ। ਇਸ ਵਿੱਚ ਹਿੰਦੀ ਦਾ ਵਰਣ-ਵਿਧਾਨ ਸਾਫ਼ ਦੇਖਿਆ ਜਾ ਸਕਦਾ ਹੈ



ਸੁੰਦਰ ਰਾਤ 
ਚੰਦਰਮਾ ਮੁਝੇ ਦੋ
ਉਦਿਤਾ ਸੱਚਦਾਨੰਦ
ਬੱਚਾ ਰੋਤਾ ਹੈ

ਰਾਮੇਸ਼ਵਰ ਕੰਬੋਜ 'ਹਿਮਾਂਸ਼ੂ' ਨੇ ਹਿੰਦੀ ਹਾਇਕੁ ਤੇ ਤ੍ਰਿਵੇਣੀ 'ਚ  ਹਾਇਕੁ, ਹਾਇਗਾ, ਤਾਂਕਾ, ਚੋਕਾ ਤੇ ਸੇਦੋਕਾ ਸਬੰਧੀ ਹੋ ਰਹੇ ਕੰਮ ਬਾਰੇ ਜਾਣਕਾਰੀ ਦਿੱਤੀ। 
ਗੋਸ਼ਟੀ ਵਿੱਚ ਸਭ ਤੋਂ ਵੱਧ ਖਿੱਚ ਦਾ ਕੇਂਦਰ ਪੰਜਾਬੀ ਹਾਇਕੁ ਬਾਰੇ ਹੋਈ ਚਰਚਾ ਬਣੀ, ਜਿੱਥੇ ਹਾਇਕੁ-ਲੋਕ ਦਾ ਖਾਸ ਜ਼ਿਕਰ ਹੋਇਆ। ਅੱਜ ਤੋਂ 4 ਕੁ ਦਹਾਕੇ ਪਹਿਲਾਂ 

ਪੰਜਾਬੀ ਹਾਇਕੁ 'ਚ ਜਪਾਨੀ ਵਿਧਾ ਅਨੁਸਾਰ ਕੰਮ ਸ਼ੁਰੂ ਤਾਂ ਹੋਇਆ ਸੀ ਪਰ ਅੱਗੇ ਵਧ ਨਹੀਂ ਸਕਿਆ। ਓਸੇ ਅਧੂਰੇ ਕੰਮ ਨੂੰ ਕਰਨ ਦਾ ਬੀੜਾ ਹਾਇਕੁ-ਲੋਕ ਨੇ ਚੁੱਕਿਆ ਹੈ।ਪੰਜਾਬੀ ਹਾਇਕੁ ਵਿੱਚ ਜਪਾਨੀ ਕਾਵਿ ਵਿਧਾ ਅਨੁਸਾਰ ਕੰਮ ਕਰਨ ਦਾ ਜੋ ਟੀਚਾ ਹਾਇਕੁ-ਲੋਕ ਨੇ ਮਿਥਿਆ ਹੈ ਉਸ ਦੀ ਭਰਪੂਰ ਸ਼ਲਾਘਾ ਹੋਈ। ਇਹ ਹਾਇਕੁ -ਲੋਕ ਲਈ ਬਹੁਤ ਵੱਡੀ ਉਪਲਭਦੀ ਹੈ। ਸਮੂਹ ਹਾਇਕੁ ਪਰਿਵਾਰ ਇਸ ਲਈ ਵਧਾਈ ਦਾ ਹੱਕਦਾਰ ਹੈ। 

ਪੇਸ਼ ਕਰਤਾ: ਕਾਵਿ ਖੋਜ ਸੰਸਥਾ