ਗੁਰਸੇਵਕ ਸਿੰਘ ਧੌਲਾ

‘‘ਮੇਰੇ ਜਾਣ ਤੋਂ ਬਾਅਦ ਤੂੰ ਰੋਈਂ ਨਾ ਮੰਮੀ, ਇੱਕ ਦੋ-ਚਾਰ ਦਿਨਾਂ ਵਿਚ ਮੇਰਾ +2 ਦਾ ਸਰਟੀਫਿਕੇਟ ਆ ਜਾਊ, ਜਦੋਂ ਡਾਕੀਆ ਫੜਾਉਣ ਆਇਆ ਤਾਂ ਬਿਨਾ ਪੜ੍ਹੇ ਹੀ ਪਾੜ ਕੇ ਸੁੱਟ ਦਿਓੂ।"
‘‘ਦਿਲ ਰੱਖ ਪੁੱਤ ਏਹੇ ਜੀਆਂ ਬੁਰੀਆਂ ਗੱਲਾਂ ਨੀ ਮੂੰਹੋਂ ਕੱਢੀਦੀਆਂ’’
ਮੇਰੀ ਛੋਟੀ ਭੈਣ ਪਰਮਜੀਤ ਨੇ ਸੁੱਖੀ ਦੀ ਗੱਲ ਕਿਸ ਜਿਗਰੇ ਨਾਲ ਸੁਣੀ ਹੋਵੇਗੀ। ਤਸੱਵਰ ਕਰਨਾ ਔਖਾ ਹੈ। ਮਾਂ ਨੇ ਆਪਣੇ 18 ਸਾਲ ਦੇ ਪੁੱਤ ਦੇ ਮੱਥੇ 'ਤੇ ਆਇਆ ਮੁੜ੍ਹਕਾ ਆਪਣੀ ਚੁੰਨੀ ਨਾਲ ਪੂੰਝਿਆ ਅਤੇ ਗੱਡੀ ਹਸਪਤਾਲ ਨੂੰ ਤੁਰ ਪਈ। ਗੱਡੀ ਵਿੱਚ ਹਸਪਤਾਲ ਦਾਖਲ ਹੋ ਜਾਣ ਲਈ ਜਾ ਰਹੇ ਸੁੱਖੀ ਨੂੰ ਪਤਾ ਸੀ ਕਿ ਉਸ ਨੇ ਹੁਣ ਘਰੇ ਜਿਉਂਦੇ ਜੀਅ ਵਾਪਸ ਨਹੀਂ ਆਉਣਾ। ਪਰ ਹੋਰ ਕਿਸੇ ਨੂੰ ਨਹੀਂ ਸੀ ਪਤਾ ਕਿ ਇਹ ਭਾਣਾ ਵਰਤਣ ਵਾਲਾ ਹੈ।
ਮੈਨੂੰ ਸੁਖਪ੍ਰੀਤ ਸਿੰਘ ਸੁੱਖੀ ਦੇ ਦੇ ਡੈਡੀ ਦਾ ਫ਼ੋਨ ਆਇਆ , ਘਬਰਾਈ ਹੋਈ ਆਵਾਜ਼ 'ਚ ਗੁਰਜੰਟ ਸਿੰਘ ਸਿੰਘ ਬੋਲਿਆ ‘‘ਜੋ ਕੰਮ ਹੱਥ ਵਿੱਚ ਹੈ, ਛੱਡ ਕੇ ਬਰਨਾਲੇ ਸਰਕਾਰੀ ਹਸਪਤਾਲ ਵਿਚ ਆ ਜਾ ਬਾਈ, ਸੁੱਖੀ ਅਚਾਨਕ ਬਹੁਤ ਬਿਮਾਰ ਹੋ ਗਿਆ , ਜਲਦੀ ਕਰ।’’ ਅਜੇ ਕੱਲ੍ਹ ਹੀ ਸੁੱਖੀ ਮੇਰੇ ਕੋਲ ਚਾਰ ਸਾਲਾਂ ਬਾਅਦ ਮਿਲਣ ਆਇਆ ਸੀ ! ਬਿਮਾਰੀ ਵਾਲੀ ਕੋਈ ਗੱਲ ਨਹੀਂ ਸੀ ਲਗਦੀ।
ਮੈਨੂੰ ਯਾਦ ਆਇਆ ਤਿੰਨ ਕੁ ਸਾਲ ਪਹਿਲਾਂ ਮੈਂ ਸੁੱਖੀ ਦੀ ਰਿਪੋਰਟਾਂ ਪਟਿਆਲਾ ਦੇ ਪੈਥੋਲਜੀ ਵਿਭਾਗ ਦੇ ਮੁਖੀ ਡਾ. ਮਨਜੀਤ ਸਿੰਘ ਬੱਲ ਨੂੰ ਡਾ. ਅਮਨਦੀਪ ਸਿੰਘ ਟੱਲੇਵਾਲੀਆ ਦੇ ਘਰ ਬਰਨਾਲੇ ਦਿਖਾਈਆਂ ਸੀ। ਡਾ. ਬੱਲ ਨੇ ਸਾਫ਼ ਦੱਸ ਦਿੱਤਾ ਸੀ ਕਿ ‘ਮਸਕੂਲਰ ਡਿਸਟਰੌਫੀ’ ਨਾਮ ਦੀ ਇਸ ਬਿਮਾਰੀ ਦਾ ਦੁਨੀਆ ਭਰ ਵਿਚ ਕੋਈ ਇਲਾਜ ਨਹੀਂ।ਇਸ ਬਿਮਾਰੀ ਨਾਲ ਪੀੜਤ ਬੱਚੇ ਦੀ ਵੱਧ ਤੋਂ ਵੱਧ ਉਮਰ 23 ਸਾਲ ਹੁੰਦੀ ਹੈ। "
ਡਾ ਬੱਲ ਦੀ ਗੱਲ ਸੁਣ ਕੇ ਮੈਨੂੰ ਭਾਰੀ ਝਟਕਾ ਲੱਗਿਆ ਸੀ। ਮੈਂ ਉਸ ਦਿਨ ਦੀ ਸੁੱਖੀ ਦੀਆਂ ਰਿਪੋਰਟਾਂ ਵਾਪਸ ਕਰਨ ਦੀ ਥਾਂ ਆਪਣੇ ਆਪ ਨੂੰ ਸਹਿਜ ਕਰਨ ਲਈ ਦੋ ਦਿਨ ਰੁਕ ਗਿਆ ਸੀ ਤਾਂ ਕਿ ਮੇਰੇ ਚਿਹਰੇ ਤੋਂ ਕੋਈ ਬਿਮਾਰੀ ਦੀ ਭਿਆਨਕਤਾ ਦਾ ਅੰਜਾਦਾ ਨਾ ਲਾ ਲਵੇ। ਤੀਜੇ ਦਿਨ ਜਦੋਂ ਮੈਂ ਰਿਪੋਰਟਾਂ ਵਾਪਸ ਕਰਨ ਪਿੰਡ ਭੱਠਲ ਗਿਆ ਤਾਂ ਸੁੱਖੀ ਦੇ ਦਾਦੀ ਨੇ ਪੁੱਛਿਆ ‘‘ਕੀ ਕਹਿੰਦਾ ਪੁੱਤ ਡਾਕਟਰ ?’’
‘‘ਡਾਕਟਰ ਨੇ ਕਿਹਾ ਕਿ ਸੁੱਖੀ 23 ਸਾਲਾਂ ਤੋਂ ਬਾਅਦ ਆਪਣੇ ਆਪ ਠੀਕ ਹੋਣਾ ਸ਼ੁਰੂ ਹੋ ਜਾਵੇਗਾ’’ ਮੈਂ ਝੂਠ ਬੋਲਿਆ। ਕੋਲ ਮੰਜੇ ਤੇ ਪਿਆ ਸੁੱਖੀ ਹੱਸਦਾ ਬੋਲਿਆ ,‘‘ਮਾਮਾ ! ਓਦੋਂ ਤੱਕ ਤਾਂ ਮੈਨੂੰ ਲਗਦਾ ਮੈਂ ਦੂਜੇ ਜਨਮ ਵਿੱਚ ਵੀ ਛੇ-ਸੱਤ ਸਾਲ ਦਾ ਹੋ ਜਾਊਂਗਾ।"
ਸੁੱਖੀ ਦੀ ਮੰਮੀ ਨੇ ਅੱਖਾਂ ਭਰ ਲਈਆਂ ਸੁੱਖੀ ਨੂੰ ਝਿੜਕ ਕੇ ਬੋਲੀ ‘‘ਚੰਦਰੇ ਬੋਲ ਨੀ ਮੂੰਹੋਂ ਕੱਢੀਦੇ, ਤੇਰਾ ਮਾਮਾ ਦੱਸ ਤਾਂ ਰਿਹਾ ਕਿ ਤੂੰ ਹੁਣ ਠੀਕ ਹੋਣਾ ਸ਼ੁਰੂ ਹੋ ਜਾਣਾ। " ਸਭ ਨੂੰ ਪਤਾ ਸੀ ਕਿ ਇਹ ਦਿਲ-ਖੜ੍ਹਾਉ ਗੱਲਾਂ ਨੇ।
ਸੁੱਖੀ ਦਾ ਲੱਕ ਤੱਕ ਦਾ ਸਰੀਰ ਤਕਰੀਬਨ ਖੜ੍ਹ ਚੁੱਕਿਆ ਸੀ। ਹੱਥ ਅਤੇ ਬਾਹਵਾਂ ਦੀ ਕਮਜ਼ੋਰ ਹੋ ਚੁੱਕੇ ਸਨ। ਪਰ ਉਸ ਨੇ ਕਦੇ ਉਦਾਸੀ ਵਾਲੀ ਗੱਲ ਨਹੀਂ ਸੀ ਕੀਤੀ। ਆਪਣੇ ਨਾਨਕੇ ਪਿੰਡ ਧੌਲੇ ਆਇਆਂ ਵੀ ਹੁਣ ਚਾਰ-ਪੰਜ ਸਾਲ ਹੋ ਗਏ ਸਨ।ਮੈਂ ਜਦੋਂ ਵੀ ਉਸ ਨੂੰ ਧੌਲੇ ਆਉਣ ਲਈ ਕਹਿਣਾ ਤਾਂ ਉਸ ਨੇ ਸਖ਼ਤੀ ਨਾਲ ਕਹਿਣਾ ‘‘ਮੈਂ ਨਹੀਂ ਜਾਣਾ’’ ਕਿੰਨੇ ਵਾਰ ਕਹਿਣ ਤੇ ਬਾਵਜੂਦ ਸੁੱਖੀ ਨਾਨਕੇ ਘਰ ਨਹੀਂ ਸੀ ਆਇਆ। ਸ਼ਾਇਦ ਉਸ ਦੇ ਮਨ ਵਿਚ ਇਹ ਗੱਲ ਸੀ ਕਿ ਉਸ ਨੂੰ ਦੇਖ ਕੇ ਗਲ਼ੀ-ਗੁਆਂਢ ਦੀਆਂ ਬੁੜ੍ਹੀਆਂ ਆਉਣਗੀਆਂ ਤੇ ਤਰਸ ਭਰੀਆਂ ਗੱਲਾਂ ਕਰਕੇ ਮਾਂ-ਬਾਪ ਨੂੰ ਹੋਰ ਦੁਖੀ ਕਰਨੀਆਂ। ਪਰ 12 ਜੂਨ ਨੂੰ ਉਸ ਨੇ ਜਿੱਦ ਕੀਤੀ ਕਿ ਮੈਂ ਧੌਲੇ ਜਾਣਾ ਹੈ। ਸੁੱਖੀ, ਪਰਮਜੀਤ, ਗੁਰਜੰਟ ਅਤੇ ਸੁੱਖੀ ਦੀ ਭੂਆ ਦਾ ਮੁੰਡਾ ਰਾਜਾ ਧੌਲੇ ਆਏ । ਮੈਨੂੰ ਸੁੱਖੀ ਵੀਲ-ਚੇਅਰ 'ਤੇ ਬੈਠਾ ਬੜਾ ਖ਼ੁਸ਼ ਨਜ਼ਰ ਆ ਰਿਹਾ ਸੀ। ਇਨਾਂ ਖ਼ੁਸ਼ ਉਹ ਕਈ ਸਾਲ ਬਾਅਦ ਹੋਇਆ ਸੀ। ਜਦ ਉਹ ਪਹਿਲਾਂ ਆਇਆ ਸੀ ਤਾਂ ਸਾਡਾ ਪਰਿਵਾਰ ਸਾਂਝਾ ਸੀ ਪਰ ਹੁਣ ਅਸੀਂ ਦੋਨੋਂ ਭਾਈ ਅੱਡ-ਅੱਡ ਹੋ ਗਏ ਸਾਂ। ਅਸੀਂ ਦੋਨਾਂ ਨੇ ਵੱਖ-ਵੱਖ ਘਰ ਪਾ ਲਏ ਸਨ।
‘‘ਮਾਮਾ! ਮੈਨੂੰ ਸਾਰੇ ਕਮਰੇ ਦਿਖਾ ਦੇ’’
ਮੈਂ ਵੀਲ-ਚੇਅਰ ਨੂੰ ਰੋੜ੍ਹ ਕੇ ਸੁੱਖੀ ਨੂੰ ਸਾਰੇ ਕਮਰੇ ਦਿਖਾਉਂਦਾ ਰਿਹਾ। ਨਾਲ-ਨਾਲ ਦਸਦਾ ਰਿਹਾ ਕਿ ਇਸ ਤੋਂ ਪਹਿਲਾਂ ਇੱਥੇ ਕੀ ਹੁੰਦਾ ਸੀ। ਸੁੱਖੀ ਹਰ ਕਮਰਾ ਦੇਖ ਕੇ ਪਹਿਲਾਂ ਨਾਲੋਂ ਵੱਧ ਖ਼ੁਸ਼ ਹੋ ਜਾਂਦਾ। ਸਾਰਾ ਦਿਨ ਬੜੀਆਂ ਸੋਹਣੀਆਂ ਗੱਲਾਂ ਕਰਦੇ ਰਹੇ। ਦੋ ਵਾਰ ਚਾਹ ਪੀਤੀ ਅਤੇ ਦੁਪਹਿਰ ਦੀ ਰੋਟੀ ਖਾਧੀ । ਆਥਣੇ ਜਾਣ ਦੀ ਤਿਆਰੀ ਕੀਤੀ ਤਾਂ ਮੈਂ ਰਾਤ ਰੁਕਣ ਲਈ ਜ਼ੋਰ ਪਾਇਆ। ਸੁੱਖੀ ਨੇ ਕਿਹਾ ‘‘ਨਹੀਂ ਮਾਮਾ ! ਰਹਿਣਾ ਨਹੀਂ ਮੈਂ। "
ਜਾਣ ਲੱਗੇ ਸੁੱਖੀ ਨੇ ਗੱਡੀ ਵਿਚ ਬੈਠੇ ਨੇ ਮੈਨੂੰ ਨੇੜੇ ਸੱਦ ਕੇ ਕਿਹਾ
‘‘ਤੇਰਾ ਉਲਾਂਭਾ ਲਾਹ ਚੱਲਿਆ ਹਾਂ ਮਾਮਾ! ਸਤਿ ਸ੍ਰੀ ਅਕਾਲ !!’’
ਸਤਿ ਸ੍ਰੀ ਅਕਾਲ॥
ਹੋਰ ਅੱਗੇ ਪੜ੍ਹਨ ਲਈ ਹੇਠਾਂ ਕਲਿੱਕ ਕਰੋ ਜੀ। .........
