ਅੱਜ ਮੈਂ ਆਪਣੇ ਇੱਕ ਜਾਣੂ ਸਾਹਿਤਕਾਰ 'ਤੇ ਲੇਖ ਲਿਖਣਾ ਸੀ। ਉਸ ਦੀਆਂ ਅੱਠ -ਦਸ ਪੁਸਤਕਾਂ ਪੂਰੇ ਮਨ ਨਾਲ ਪੜ੍ਹ ਚੁੱਕਾ ਸਾਂ। ਕੁਝ ਗੱਲਾਂ ਮਨ 'ਚ ਸਮੇਟ ਲਈਆਂ ਤੇ ਕਈਆਂ ਦੇ ਸੰਕੇਤ ਡਾਇਰੀ ਵਿੱਚ ਲਿਖ ਲਏ। ਮੈਨੂੰ ਪੂਰੀ ਉਮੀਦ ਸੀ ਕਿ ਲੇਖ ਬਹੁਤ ਵਧੀਆ ਲਿਖਿਆ ਜਾਵੇਗਾ। ਲਿਖਣ ਬੈਠਾ ਹੀ ਸੀ ਕਿ ਇੱਕ ਜਾਣਕਾਰ ਸਾਥੀ ਆ ਧਮਕਿਆ। ਇੱਕ ਤੋਂ ਬਾਦ ਇੱਕ ਗੱਲ ਛੇੜਨ ਲੱਗਾ।ਮੈਂ ਉਸ ਦੀਆਂ ਗੱਲਾਂ ਦਾ ਸਿਰਾ ਲੱਭਣ ਦੀ ਅਣਥੱਕ ਕੋਸ਼ਿਸ਼ ਕਰ ਰਿਹਾ ਸਾਂ ਪਰ ਉਹ ਕੋਈ ਨਾ ਕੋਈ ਨਾਕਰਾਤਮਿਕ ਗੱਲ ਫਿਰ ਤੋਂ ਛੇੜ ਬਹਿੰਦਾ।ਹੁਣ ਮੈਂ ਪੂਰੀ ਤਰ੍ਹਾਂ ਥੱਕ ਚੁੱਕਿਆ ਸਾਂ। ਮੈਂ ਜੋ ਕੁਝ ਲਿਖਣਾ ਸੀ ਮੇਰੀ ਸੋਚ 'ਚੋਂ ਪੂਰੀ ਤਰ੍ਹਾਂ ਵਿਸਰ ਚੁੱਕਾ ਸੀ। ਹੁਣ ਵਾਰ -ਵਾਰ ਮੈਨੂੰ 40-50 ਸਾਲ ਪਹਿਲਾਂ ਵਾਪਰੀ ਇੱਕ ਗੱਲ ਯਾਦ ਆ ਰਹੀ ਸੀ। ਓਦੋਂ ਸਾਡੇ ਪਿੰਡ ਵਿੱਚ ਚੂੜੀਆਂ ਵੇਚਣ ਵਾਲੇ ਆਉਂਦੇ ਸਨ। ਬਹੁਤਿਆਂ ਕੋਲ ਕੋਈ ਸਾਇਕਲ ਵੀ ਨਹੀਂ ਹੁੰਦਾ ਸੀ। ਉਹ ਕਿਸੇ ਕੱਪੜੇ 'ਚ ਚੂੜੀਆਂ ਬੰਨ੍ਹ ਪੋਟਲੀ ਜਿਹੀ ਬਣਾ ਕੇ ਮੋਢੇ 'ਤੇ ਲਮਕਾਈ ਫਿਰਦੇ।ਇੱਕ ਦਿਨ ਸਾਡੇ ਕਿਸੇ ਪਿੰਡ ਵਾਲੇ ਨੇ ਉਸ ਦੀ ਪੋਟਲੀ 'ਤੇ ਡੰਡਾ ਮਾਰ ਕੇ ਉਸ ਨੂੰ ਪੁੱਛਿਆ, "ਇਸ 'ਚ ਕੀ ਹੈ?" ਚੂੜੀਆਂ ਵੇਚਣ ਵਾਲਾ ਬੋਲਿਆ, " ਪਹਿਲਾਂ ਤਾਂ ਕੁਝ ਸੀ, ਹੁਣ ਨਹੀਂ ਕਹਿ ਸਕਦਾ ਕਿ ਇਸ ਵਿੱਚ ਕੀ ਹੈ ?" ਅੱਜ ਮੇਰੀ ਹਾਲਤ ਬਿਲਕੁਲ ਵਣਜਾਰੇ ਦੀ ਓਸ ਪੋਟਲੀ ਜਿਹੀ ਸੀ।
ਚਕਨਾਚੂਰ -
ਕੱਚ ਦੀਆਂ ਚੂੜੀਆਂ
ਵਿਸਰੀ ਸੋਚ।
ਰਾਮੇਸ਼ਵਰ ਕੰਮਬੋਜ 'ਹਿੰਮਾਂਸ਼ੂ'
(ਨਵੀਂ ਦਿੱਲੀ)
ਨੋਟ: ਇਹ ਪੋਸਟ ਹੁਣ ਤੱਕ 29 ਵਾਰ ਪੜ੍ਹੀ ਗਈ।
(ਨਵੀਂ ਦਿੱਲੀ)
ਨੋਟ: ਇਹ ਪੋਸਟ ਹੁਣ ਤੱਕ 29 ਵਾਰ ਪੜ੍ਹੀ ਗਈ।