ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਹੁੰਗਾਰਾ ਭਰਨ ਵਾਲ਼ੇ
8 Dec 2016
7 Dec 2016
ਵਿਦਰੋਹ (ਮਿੰਨੀ ਕਹਾਣੀ)

'ਰਹਿਣ ਦੇ ਨੀ ਵੱਡੀਏ,ਬਾਪੂ ਦੀ ਹੇਜਲੀਏ। ਉਹ ਤਾਂ ਵੀਰ ਮੀਤੇ ਨੂੰ ਹੀ ਪਿਆਰ ਕਰਦਾ। ਤੂੰ ਦੱਸ, ਕੀ ਕਦੇ ਆਪਾਂ ਨੂੰ ਬਾਪੂ ਨੇ ਆਪਣੀ ਗੋਦੀ 'ਚ ਬਿਠਾ ਕੇ ਪਿਆਰ ਕੀਤੈ ?'
'ਲੈ ਦੇਖ ਲਈਂ,ਹੁਣੇ ਬਾਪੂ ਦੀਵਾਲੀ ਦੇ ਦੀਵੇ ਤੇ ਹੋਰ ਭਾਂਡੇ ਵੇਚ ਕੇ ਆਉਣ ਵਾਲਾ। ਜਦੋਂ ਮੈਂ ਉਹ ਨੂੰ ਇਹ ਰੋਟੀ ਦਿਖਾਊ,ਤਾਂ ਖ਼ੁਸ਼ ਹੋ ਕੇ ਮੈਨੂੰ ਵੀ ਪਿਆਰ ਕਰੂ ਤੇ ਝੋਲੀ 'ਚ ਬਿਠਾ ਲਊ।'
ਐਨੇ ਨੂੰ ਬਾਪੂ ਨੇ ਬਾਹਰੋਂ ਆ ਕੁੰਡਾ ਖੜਕਾਇਆ। ਛਿੰਦੋ ਨੇ ਦਰਵਾਜ਼ਾ ਖੋਲ੍ਹਿਆ। ਅਜੇ ਉਸ ਨੇ ਸਾਈਕਲ ਕੰਧ ਨਾਲ ਲਾਇਆ ਹੀ ਸੀ ਕਿ ਦੀਪੀ ਨੇ ਆਪਣੇ ਲਿੱਬੜੇ ਤਿੱਬੜੇ ਹੱਥਾਂ ਨਾਲ ਬਾਪੂ ਦਾ ਹੱਥ ਆ ਖਿੱਚਿਆ। ਉਹ ਕੁਝ ਦਿਖਾਉਣਾ ਚਾਹੁੰਦੀ ਸੀ ਪਰ ਉਸ ਦੇ ਲਿੱਬੜੇ ਹੱਥ ਦੇਖ ਕੇ ਬਾਪੂ ਨੇ ਸਖ਼ਤੀ ਨਾਲ ਪਰ੍ਹਾਂ ਕਰ ਦਿੱਤੇ। ਦੀਪੀ ਸੰਭਲ ਨਾ ਸਕੀ ਤੇ ਉਹ ਆਪਣੇ ਬਣਾਏ ਹੋਏ ਖਿਡਾਉਣਿਆਂ ਉੱਤੇ ਜਾ ਡਿੱਗੀ,ਜਿਨ੍ਹਾਂ 'ਚੋਂ ਬਹੁਤ ਸਾਰੇ ਵਿੰਗੇ ਟੇਢੇ ਹੋ ਗਏ। ਬਾਪੂ ਆਪ ਮੁਹਾਰੇ ਕਹਿਣ ਲੱਗਾ,'ਘਰ 'ਚ ਵੜਦਿਆਂ ਹੀ ਇਹ ਮਨਹੂਸ ਸੂਰਤਾਂ ਸਾਹਮਣੇ ਆ ਖੜ੍ਹਦੀਆਂ ਨੇ। ਸਾਹ ਵੀ ਨੀ ਲੈਣ ਦਿੰਦੀਆਂ।'ਬਾਪੂ ਨੂੰ ਗ਼ੁੱਸੇ 'ਚ ਦੇਖ ਕੇ ਸਾਰੀਆਂ ਭੈਣਾਂ ਸਹਿਮ ਗਈਆਂ।
ਬਾਪੂ ਥੱਕਿਆ ਹਾਰਿਆ ਹੋਇਆ ਮੰਜੀ 'ਤੇ ਆ ਡਿੱਗਾ। ਐਨੇ ਨੂੰ ਛੋਟਾ ਮੁੰਡਾ ਮੀਤਾ ਵਿਹੜੇ 'ਚੋਂ ਰਿੜ੍ਹਦਾ ਰੁੜ੍ਹਦਾ ਲਿੱਬੜਿਆ ਤਿਬੜਿਆ ਆ ਕੇ ਬਾਪੂ ਦੀਆਂ ਲੱਤਾਂ ਨੂੰ ਚਿੰਬੜ ਗਿਆ। ਉਸ ਨੇ ਪਿਆਰ ਨਾਲ ਚੁੱਕ ਕੇ ਛਾਤੀ ਨਾਲ ਲਾ ਲਿਆ। ਜੇਬ 'ਚੋਂ ਗੱਚਕ ਕੱਢੀ ਤੇ ਗੋਦੀ ਵਿਚ ਬਿਠਾ ਕੇ ਲਾਡ ਪਿਆਰ ਨਾਲ ਉਹ ਦੇ ਮੂੰਹ 'ਚ ਪਾਉਣ ਲੱਗਾ।
ਦੀਪੀ ਹੁਣ ਤਾਈਂ ਸੰਭਲ ਚੁੱਕੀ ਸੀ। ਉਸ ਨੇ ਜਦ ਵੀਰ ਮੀਤ ਨੂੰ ਬਾਪੂ ਦੀ ਬੁੱਕਲ 'ਚ ਦੇਖਿਆਂ ਤਾਂ ਉਹ ਇੱਕ ਦਮ ਉੱਠੀ ਤੇ ਬਣਾਈ ਹੋਈ ਮਿੱਟੀ ਦੀ ਰੋਟੀ ਨੂੰ ਤਵੇ ਤੋਂ ਲਾਹ ਕੇ ਮੁੜ ਪੇੜਾ ਬਣਾ ਲਿਆ ਤੇ ਭੋਲ਼ੇਪਣ 'ਚ ਆਪਣੇ ਆਪ ਨੂੰ ਕਹਿਣ ਲੱਗੀ, 'ਮੈਂ ਵੀ ਬਾਪੂ ਨੂੰ ਅੱਜ ਰੋਟੀ ਨੀਂ ਦੇਣੀ ,ਭੁੱਖਾ ਹੀ ਰੱਖੂ। ਸਾਨੂੰ ਵੀ ਤਾਂ ਉਹ ਵੀਰ ਜਿਨ੍ਹਾਂ ਪਿਆਰ ਨਹੀਂ ਕਰਦਾ। ਸਾਨੂੰ ਕਿਉਂ ਚੰਗਾ ਨੀ ਸਮਝਦਾ?'
ਹੰਝੂ ਦੀਪੀ ਦੀਆਂ ਅੱਖਾਂ 'ਚੋਂ ਨਿਕਲ ਗੱਲ੍ਹਾਂ 'ਤੇ ਵਗ ਤੁਰੇ। ਦੋਵੇਂ ਭੈਣਾਂ ਨੇ ਉਹ ਦੇ ਮਨ ਅੰਦਰੋਂ ਉੱਠੀ ਵਿਦਰੋਹ ਦੀ ਸੁਨਾਮੀ ਨੂੰ ਜਾਣਿਆ, ਜਿਸ ਨੂੰ ਉਹ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਪਲੋਸ ਪਲੋਸ ਰੋਕਣ ਦਾ ਯਤਨ ਕਰਨ ਲੱਗੀਆਂ।
-0-
ਸੁਰਜੀਤ ਸਿੰਘ ਭੁੱਲਰ
06-12-2014/16
ਨੋਟ : ਇਹ ਪੋਸਟ ਹੁਣ ਤੱਕ 74 ਵਾਰ ਪੜ੍ਹੀ ਗਈ ਹੈ।
ਨੋਟ : ਇਹ ਪੋਸਟ ਹੁਣ ਤੱਕ 74 ਵਾਰ ਪੜ੍ਹੀ ਗਈ ਹੈ।
5 Dec 2016
ਗਜ਼ਲ

ਸਾਗਰ ਦੇ ਕੰਡਿਆਂ ਤੇ, ਕਈ ਲੋਗ ਪਿਆਸੇ ਰਹਿ ਜਾਂਦੇ
ਜਾਂਦੇ ਜਾਂਦੇ ਰਾਹੀ ਕਈ, ਐਵੇਂ ਗੱਲ ਪਤੇ ਦੀ ਕਹਿ ਜਾਂਦੇ
ਝੂਠ ਕਿਸੇ ਦੀ ਜਾਨ ਬਚਾਵੇ ਤਾਂ,ਸੱਚ ਵੀ ਨੀਵਾਂ ਪੈ ਜਾਂਦਾ
ਸੱਚ ਬੋਲ ਕੇ ਜੋ ਸੂਲੀ ਚੜ੍ਹਦੇ, ਧੁਰ ਦਿਲਾਂ 'ਚ ਲਹਿ ਜਾਂਦੇ
ਸੁਪਨੇ ਵਿੱਚ ਆਮ ਉਨਾਂ ਦਾ, ਝੌਲ਼ਾ ਜਿਹਾ ਹੀ ਪੈਂਦਾ ਏ
ਹਰ ਰਾਤ ਉਹ ਚੁੱਪ ਚਪੀਤੇ ਆ ਸਰਹਾਣੇ ਬਹਿ ਜਾਂਦੇ
ਇਸ ਤੱਤੀ ਜਿੰਦਗੀ ਦਾ,ਹੁਣ ਟੁੱਟਿਆ ਪਿਆ ਕਿਨਾਰਾ ਏ
ਆਓੁਂਦੇ ਆਉਂਦੇ ਹਾਸੇ ਵੀ, ਬੱਸ ਬੁੱਲਾਂ 'ਤੇ ਹੀ ਰਹਿ ਜਾਂਦੇ
ਪਾ ਭਲੇਖੇ ਪੁੰਨ ਤੇ ਪਾਪਾਂ ਦੇ, ਭੰਬਲ ਭੂਸੇ ਪਾਇਆ ਏ
ਡਰਾਵੇ ਤੇ ਲਾਲਚ ਸੁਣ ਸੁਣ ,ਥਿੰਦ ਢੇਰੀ ਢਾਹ ਬਹਿ ਜਾਂਦੇ
ਇੰਜ: ਜੋਗਿੰਦਰ ਸਿੰਘ "ਥਿੰਦ"
ਸਿਡਨੀ
ਨੋਟ : ਇਹ ਪੋਸਟ ਹੁਣ ਤੱਕ 43 ਵਾਰ ਪੜ੍ਹੀ ਗਈ ਹੈ।
Subscribe to:
Posts (Atom)