
ਅਚਾਨਕ ਬਦਲਿਆ ਸੀ ਮੌਸਮ ਦਾ ਮਿਜ਼ਾਜ਼। ਵੱਡੇ ਤੜਕੇ ਹੋਈ ਸੀ ਬੇਮੌਸਮੀ ਭਾਰੀ ਬਰਸਾਤ। ਤੁਫ਼ਾਨੀ ਹਵਾਵਾਂ ਵਗਣ ਤੋਂ ਬਾਦ ਹੁਣ ਚਾਰੇ ਪਾਸੇ ਮਰਨਾਊ ਚੁੱਪੀ ਦਾ ਪਸਾਰਾ ਸੀ। ਉਸ ਦੇ ਵਿਹੜੇ 'ਚ ਲੱਗੇ ਫੁੱਲ -ਬੂਟੇ ਤੇਜ਼ ਹਨ੍ਹੇਰੀ ਨਾਲ ਝੰਬੇ ਗਏ ਸਨ।ਕਿਆਰੀਆਂ 'ਚ ਇਧਰ ਓਧਰ ਉੱਡਦੇ ਸੁੱਕੇ ਪੀਲੇ ਤੇ ਭੂਰੇ ਪੱਤੇ ਸਹਿਕ ਰਹੇ ਸਨ। ਸਿਸਕਦੀ ਹਵਾ ਦਮ ਤੋੜਦੀ ਜਾਪ ਰਹੀ ਸੀ। ਉਸ ਦੇ ਖ਼ਾਮੋਸ਼ ਵਿਹੜੇ ਨੇ ਇੱਕ ਝੱਖੜ ਝੁੱਲਣ ਵਾਂਗ ਫਿਰ ਹਾਉਕਾ ਲਿਆ। ਉਸ ਦਾ ਕੁੱਤਾ ਘਰ ਦੇ ਬੂਹੇ ਅੱਗੇ ਸਿਰ ਸੁੱਟੀ ਉਦਾਸ ਜਿਹਾ ਬੈਠਾ ਸੀ। ਕਦੇ ਕਦੇ ਘਰ ਅੰਦਰ ਜਾ ਕੇ ਹਰ ਇੱਕ ਖੂੰਜਾ ਸੁੰਘਦਾ ਆਪਣੇ ਮਾਲਕ ਨੂੰ ਲੱਭਣ ਲੱਗਦਾ। ਉਸ ਦਾ ਮਾਲਕ ਵੀ ਜਾ ਰਲਿਆ ਸੀ ਹੁਣ ਆਪਣੀ ਜੀਵਨ ਸਾਥਣ ਦੇ ਨਾਲ ਦੂਰ ਅੰਬਰੀਂ ਇੱਕ ਤਾਰਾ ਬਣ।
ਉਸ ਦਾ ਘਰ ਗਲੀ ਦੇ ਮੋੜ 'ਤੇ ਸੀ। ਨਿੱਤ ਆਉਂਦੇ ਜਾਂਦੇ ਰਾਹਗੀਰਾਂ ਨੂੰ ਉਹ ਆਪਣੀ ਪਤਨੀ ਨਾਲ ਬਾਹਰ ਬਰਾਂਡੇ 'ਚ ਬੈਠਾ ਕਦੇ ਚਾਹ ਦੀਆਂ ਚੁਸਕੀਆਂ ਭਰਦਾ ਤੇ ਕਦੇ ਅਖ਼ਬਾਰ ਜਾਂ ਰੇਡੀਓ ਨਾਲ ਮਨ ਪ੍ਰਚਾਉਂਦਾ ਨਜ਼ਰ ਆਉਂਦਾ। ਕੋਲ਼ ਹੀ ਉਸ ਦੇ ਘਰ ਦੇ ਬਾਕੀ ਜੀਅ ਵੀ ਹਾਜ਼ਰੀ ਭਰਦੇ ਹੁੰਦੇ। ਜਿਨ੍ਹਾਂ 'ਚ ਦੋ ਖ਼ਰਗੋਸ਼, ਇੱਕ ਕੁੱਤਾ, ਬਿੱਲੀ ਤੇ ਇੱਕ ਬਜਰੀਗਰ ਸ਼ਾਮਿਲ ਸਨ । ਅੱਜ ਵੀ ਉਹ ਸਾਰੇ ਉੱਥੇ ਹੀ ਬੈਠੇ ਸਨ ਆਪਣੇ ਮਾਲਕ ਦੇ ਨਿੱਘ ਤੋਂ ਸੱਖਣੇ। ਅੱਜ ਉਨ੍ਹਾਂ ਦੀਆਂ ਖ਼ਾਮੋਸ਼ ਸੈਨਤਾਂ ਦਾ ਹੁੰਗਾਰਾ ਭਰਨ ਵਾਲਾ ਕੋਈ ਨਹੀਂ ਸੀ। ਇਓਂ ਲੱਗਦਾ ਸੀ ਜਿਵੇਂ ਉਨ੍ਹਾਂ ਦੇ ਗੂੰਗੇ ਹਾਉਕੇ ਪਪੀਹੇ ਵਾਂਗੂ ਵਰਲਾਪ ਕਰਦੇ ਹੋਣ। ਜਾਨਵਰਾਂ ਦੀ ਆਵਾਜ਼ ਬਣੀ ਇੱਕ ਸੰਸਥਾ ਉਨ੍ਹਾਂ ਸਭਨਾਂ ਨੂੰ ਆਪਣੇ ਨਾਲ ਲੈ ਗਈ ਸਿਵਾਏ ਇੱਕ ਬਜਰੀਗਰ ਦੇ।
ਉਸ ਰੰਗੀਨ ਬਜਰੀਗਰ ਨੂੰ ਉਸ ਦੀ ਨਿੱਕੀ ਪੋਤੀ ਨੇ ਕਿਸੇ ਨੂੰ ਹੱਥ ਨਹੀਂ ਸੀ ਲਾਉਣ ਦਿੱਤਾ। ਕਦੇ -ਕਦੇ ਦਾਦੇ ਨੂੰ ਮਿਲਣ ਆਈ ਉਹ ਉਸ ਰੰਗੀਲੇ ਪੰਛੀ ਨਾਲ ਖੇਡਦੀ ਰਹਿੰਦੀ ਜਿਸ ਨੂੰ ਉਹ ਪਿਕਸੀ ਬੁਲਾਉਂਦੀ ਸੀ । ਸ਼ਾਇਦ ਉਸ ਦੀ ਰੰਗੀਨ ਖੂਬਸੂਰਤੀ ਹੀ ਉਸ ਨੂੰ ਵਾਰ ਵਾਰ ਇੱਥੇ ਲੈ ਆਉਂਦੀ ਸੀ। ਨਿੱਕੀ ਹੁਣ ਪਿਕਸੀ ਦੀ ਨਵੀਂ ਮਾਲਕਣ ਸੀ ਤੇ ਉਨ੍ਹਾਂ ਦੀ ਜਾਣ -ਪਛਾਣ ਵੀ ਪੁਰਾਣੀ ਸੀ। ਉਹ ਆਪਣੇ ਦਾਦੇ ਵਾਂਗਰ ਹੀ ਪਿਕਸੀ ਨੂੰ ਤਲੀ 'ਤੇ ਚੋਗ ਚੁਗਾਉਂਦੀ। ਕਦੇ ਖੇਡਦੀ ਤੇ ਕਦੇ ਉਸ ਲਈ ਗੀਤ ਗਾਉਂਦੀ। ਪਰ ਇਹ ਸਿਲਸਿਲਾ ਕੋਈ ਬਹੁਤਾ ਲੰਮਾ ਨਾ ਚੱਲ ਸਕਿਆ । ਨਾ ਕੋਈ ਰੋਗ ਨਾ ਬਿਮਾਰੀ, ਦੋ ਕੁ ਹਫ਼ਤਿਆਂ ਦੇ ਵਕਫ਼ੇ ਬਾਦ ਉਸ ਰੰਗੀਨ ਪੰਛੀ ਨੇ ਮੌਤ ਨੂੰ ਗਲ ਲਾ ਲਿਆ ਸੀ । ਸ਼ਾਇਦ ਉਸ ਨੂੰ ਲੱਗਾ ਚੰਦਰਾ ਰੋਗ ਨਾ ਕਿਸੇ ਨੂੰ ਨਜ਼ਰ ਆਇਆ ਤੇ ਨਾ ਸਮਝ ਹੀ ਲੱਗਿਆ ।
ਕੌਣ ਕਹਿੰਦੈ ਕਿ ਪੰਛੀਆਂ ਦੇ ਦਿਲ ਨਹੀਂ ਟੁੱਟਦੇ। ਆਪਣੇ ਮਾਲਕ ਦੇ ਹੱਥਾਂ ਦੀ ਛੋਹ ਤੋਂ ਵਿਰਵੇ ਪੰਛੀ ਦੇ ਜਿਉਣ ਦਾ ਲਰਜ਼ਦਾ ਅਹਿਆਸ ਸ਼ਾਇਦ ਆਪੂੰ ਹੀ ਦਮ ਤੋੜ ਗਿਆ ਸੀ।
ਸੁੰਨਾ ਵਿਹੜਾ
ਟਾਹਣੀਓਂ ਟੁੱਟਿਆ
ਜ਼ਰਦ ਪੱਤਾ।
ਡਾ. ਹਰਦੀਪ ਕੌਰ ਸੰਧੂ
ਨੋਟ : ਇਹ ਪੋਸਟ ਹੁਣ ਤੱਕ 235 ਵਾਰ ਪੜ੍ਹੀ ਗਈ ਹੈ।
ਨੋਟ : ਇਹ ਪੋਸਟ ਹੁਣ ਤੱਕ 235 ਵਾਰ ਪੜ੍ਹੀ ਗਈ ਹੈ।