ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

29 May 2015

ਜੁਗਨੀਨਾਮਾ - 3. ਬੇਬੇ ਦੀ ਚਿੱਠੀ

 ਸਿਆਲੂ ਰੁੱਤ 'ਚ ਕੱਚੇ ਬਨੇਰਿਆਂ 'ਤੇ ਡੁੱਲਦਾ ਚੜ੍ਹਦੀ ਟਿੱਕੀ ਦਾ ਸੂਹਾ ਚਾਨਣ। ਕੋਸੀ -ਕੋਸੀ ਧੁੱਪ ਸੇਕਦੀ ਬੇਬੇ ਦੇ ਬੋਲਾਂ ਦਾ ਅੰਮ੍ਰਿਤ ਅੱਜ ਇੰਝ ਝਰ ਰਿਹਾ ਸੀ ਜਿਵੇਂ ਨਿੱਤਰਿਆ ਪਾਣੀ ਤ੍ਰਿਹਾਈਆਂ ਫਸਲਾਂ ਨੂੰ ਸਿੰਜ ਰਿਹਾ ਹੋਵੇ। ਬੇਬੇ ਦੇ ਇਹਨਾਂ ਅਣਤੋਲੇ ਬੋਲਾਂ ਨੂੰ ਬੋਚ-ਬੋਚ ਕਾਗਜ਼ ਦੀ ਹਿੱਕ 'ਤੇ ਉਕਰ ਰਹੀ ਸੀ ਜੁਗਨੀ ....'ਬੇਬੇ ਦੇ ਇਲਾਹੀ ਪੈਂਡਿਆਂ ਦਾ ਚਾਨਣ ਖਿਲੇਰਦੀ ਚਿੱਠੀ ਦੇ ਰੂਪ 'ਚ। 
 "ਅੰਤਾਂ ਪਿਆਰੀਓ ਧੀਓ, ਜਿਉਂਦੀਆਂ ਵੱਸਦੀਆਂ ਰਓ। ਰੱਬ ਥੋਨੂੰ ਬਹੁਤਾ ਦੇਵੇ। ਧਰ -ਧਰ ਭੁੱਲੋ। ਹਰਾਨੀ ਤਾਂ ਪੁੱਤ ਥੋਨੂੰ ਬੌਤ ਹੋਊ ਬਈ ਇਹ ਕਿਹੜਾ ਆ ਅਜੇ ਬੀ ਗਏ ਗੁਜਰੇ ਜਮਾਨੇ ਦੀਆਂ ਬਾਤਾਂ ਪਾਈ ਜਾਂਦੈ। ਕੰਪੂਟਰਾਂ ਦੇ ਜਮਾਨੇ 'ਚ ਬੀ ਚਿੱਠੀਆਂ ਪਾਈ ਜਾਂਦੈ। ਪੁੱਤ ਥੋਡਾ ਕੋਈ ਆਵਦਾ ਹੀ ਇਹ ਹੱਕ ਜਤਾ ਸਕਦੈ। ਥੋਡੇ ਨਾਲ ਗੱਲਾਂ ਕਰਨ ਨੂੰ ਤਾਂ ਮੈਂ ਕਦੋਂ ਦੀ ਤਕਾਉਂਦੀ ਸਾਂ, ਬੱਸ ਬਿੰਦ -ਝੱਟ ਕਰਦੀ ਨੂੰ ਆ ਵੇਲਾ ਆ ਗਿਆ।ਚਿੱਠੀ -ਪੱਤਰੀ ਤਾਂ ਪੁੱਤ ਥੋਡੇ ਆ ਚੰਦਰੇ ਫੂਨਾਂ -ਕੰਪੂਟਰਾਂ ਨੇ  ਖਾ ਲੀ।
ਮੈਂ ਸਦਕੇ ਜਾਮਾਂ ਪੁੱਤ ਤਰੱਕੀ ਤਾਂ ਤੁਸੀਂ ਬੌਤ ਕਰਲੀ। ਬੌਤ ਪੜ੍ਹ -ਲਿਖ ਗਈਓਂ। ਬੌਤਾ ਪੜ੍ਹ ਕੇ ਲੱਗਦੈ ਥੋਡਾ ਡਮਾਕ ਚੱਕਿਆ ਗਿਐ। ਡੁੱਬੜੀਆਂ ਨੂੰ ਨਾ ਕੋਈ ਫਿਕਰ -ਨਾ ਫਾਕਾ। ਨਾ ਕੋਈ ਚੜ੍ਹੀ ਦੀ ਨਾ ਲੱਥੀ ਦੀ। ਕਿੰਨੀਆਂ ਅਲਗਰਜ਼ ਹੋ ਗਈ ਓਂ ਨੀ ਤੁਸੀਂ। ਆਵਦੇ ਮਾਂ -ਪਿਓ ਨੂੰ ਬੋਲਣ ਲੱਗੀਆਂ ਅੱਗਾ -ਪਿੱਛਾ ਨੀ ਵੇਂਹਦੀਆਂ। ਚੰਗੇ -ਚੰਗੇ ਘਰਾਂ ਦੀਆਂ ਧੀਆਂ ਐਂ ਲੱਪਰ -ਲੱਪਰ ਜਬਾਨ ਚਲਾਉਂਦੀਆਂ ਨੇ ਆਵਦੀਆਂ ਮਾਂਵਾਂ ਨੂੰ। ... ਅਖੇ ਗੋਲ ਰੋਟੀ ਪਕਾਉਣ ਦੀਆਂ ਨਸੀਹਤਾਂ ਸਾਨੂੰ ਹੀ ਕਿਓਂ ਦਿੰਨੇ ਓਂ , ਮੁੰਡੇ ਕਿਓਂ ਨੀ ਸਿੱਖਦੇ ? ਚੁੱਲ੍ਹਾ -ਚੌਂਕਾ ਤਾਂ ਹੁਣ ਰਿਹਾ ਨੀ ਜਿਹੜਾ ਬਈ ਏਨਾ ਨੇ ਲਿੱਪਣਾ ਆ, ਰੋਟੀ -ਟੁੱਕ ਕਰਦੀਆਂ ਦੀ ਡੁੱਬੜੀਓ ਥੋਡੀ ਜਾਨ ਨਿਕਲਦੀ ਆ। 

ਬੀਰ, ਰੱਬ ਝੂਠ ਨਾ ਬਲਾਵੇ….ਸਾਡੇ ਵੇਲ਼ਿਆਂ ‘ਚ ਕੁੜੀਆਂ ਬੌਤਾ ਨੀ ਸੀ ਪੜ੍ਹਦੀਆਂ। ਬੱਸ ਚਿੱਠੀ-ਚਪਾਠੀ ਲਿਖਣ ਜੋਗਾ ਈ ਜਾਣਦੀਆਂ ਸੀ। ਮੂੰਹ -ਨ੍ਹੇਰੇ ਉੱਠ ਮਾਲ- ਡੰਗਰ ਸਾਂਭਦੀਆਂ…ਧਾਰਾਂ ਕੱਢ…ਦੁੱਧ ਰਿੜਕਦੀਆਂ… ਰੋਟੀ-ਟੁੱਕ ਨਬੇੜ ਖੇਤ ਨੂੰ ਰੋਟੀ ਲੈ ਕੇ ਜਾਂਦੀਆਂ। ਵਿਹਲੇ ਵੇਲ਼ੇ ਚੁੱਲ੍ਹਾ-ਚੌਂਕਾ ਲਿੱਪਦੀਆਂ-ਸੁਆਰਦੀਆਂ। ਬਹੁਤੀਆਂ ਸਚਿਆਰੀਆਂ ਪਰੋਲ਼ਾ ਫੇਰ ਲੈਂਦੀਆਂ…ਕੰਧੋਲ਼ੀ -ਓਟਿਆਂ ‘ਤੇ ਫੁੱਲ-ਬੂਟੇ ਤੇ ਤੋਤੇ ਮੋਰਨੀਆਂ ਛਾਪਦੀਆਂ। ਕੱਢਣਾ-ਕੱਤਣਾ ਹਰ ਕੁੜੀ -ਕੱਤਰੀ ਦਾ ਸ਼ੌਕ ਹੁੰਦਾ। ਦਰੀਆਂ-ਖੇਸ ਬੁਣਦੀਆਂ…ਚਾਦਰਾਂ-ਸਰਾਣੇ ਤੇ ਬਾਗ-ਫੁਲਕਾਰੀਆਂ ਕੱਢਦੀਆਂ। ਪੱਖੀਆਂ-ਬੋਹੀਏ…ਮੰਜੇ-ਪੀੜ੍ਹੀਆਂ ਬੁਣਦੀਆਂ। ਫੇਰ ਪਿੰਡਾਂ ‘ਚ ਜਦੋਂ ਸਿਲਾਈ ਮਸ਼ੀਨਾਂ ਆਗੀਆਂ…ਕੱਪੜੇ ਸਿਊਣਾ ਸਿੱਖੀਆਂ। ਕੋਟੀਆਂ-ਸਵਾਟਰ ਬੁਣਨ ਲੱਗਪੀਆਂ। ਕੁੜੇ ਨੌਂ ਨੀ ਔਂਦਾ..ਓਹ ਗਿੱਠ ਕ ਜਿਹੀ ਸਲ਼ਾਈ ਦਾ….ਆਹੋ ਸੱਚ….ਕਰੋਸ਼ੀਆ …’ਤੇ ਭਾਂਤ-ਸਭਾਂਤੇ ਨਮੂਨੇ ਲਾਹੁਣ ਲੱਗਪੀਆਂ। 


ਪੁੱਤ ਜਮਾਨਾ ਬਦਲ ਗਿਆ..ਮੈਂ ਕਦੋਂ ਮੁੱਕਰਦੀਆਂ। ਕੁੜੇ ਜੈ-ਖਾਣੇ ਦੀ ਕੁਦਰਤ ਤਾਂ ਨੀ ਬਦਲੀ। ਕਈ ਕੰਮ ਕੁਦਰਤੋਂ ਈ ਕੁੜੀਆਂ ਨੂੰ ਸੋਭਦੇ ਆ।ਜੇ ਕੁਦਰਤ ਆਵਦਾ ਨੇਮ ਨੀ ਤੋੜਦੀ ਤਾਂ ਮਾਤੜਾਂ-ਧਮਾਤੜਾਂ ਨੇ ਤੋੜਕੇ ਤਾਂ ਔਖੇ ਹੀ ਹੋਣਾ ਆ। ਨਿਆਣੇ ਤਾਂ ਤੀਮੀਆਂ ਈ ਜੰਮਦੀਆਂ ਨੇ। ਧੁਰੋਂ ਮਿਲ਼ੀ ਦਾਤ ਥੋਨੂੰ “ਮਾਂ” ਬਣਾਉਂਦੀਆ। ਮਾਂ ਦੇ ਰੁੱਤਬੇ ਨੂੰ ਚੰਗੂ ਹੰਢਾਉਣ ਲਈ…ਪੁੱਤ ਕੁੜੀਆਂ-ਕੱਤਰੀਆਂ ਨੂੰ ਕੂਨੀਆਂ -ਸਚਿਆਰੀਆਂ ਬਣਨਾ ਹੀ ਪੈਣਾ।ਹੁਣ ਤਾਂ ਬੱਸ ਇੱਕੋ ਹੀ ਸੰਸਾ ਆ…ਬਈ ਬੱਡੀਆਂ ਪਟਰਾਣੀਆਂ ਡੱਕਾ ਭੰਨ ਕੇ ਦੂਹਰਾ ਕਰਦੀਆਂ ਨੀ …ਸਚਿਆਰੀਆਂ ਇਨ੍ਹਾਂ ਸੁਆਹ ਬਣਨਾ। 
ਲਿਖਤਮ ਬੇਬੇ ਧੰਨ ਕੁਰ। 
 ਗਹਿਰ -ਗੰਭੀਰ ਗੱਲਾਂ ਦਾ ਪੈਂਡਾ ਕਰਦੀ  ਬੇਬੇ ਦੀਆਂ ਅੱਖਾਂ 'ਚ ਰੋਹ ਤੇ ਚਿੰਤਾ ਦੇ ਰਲਵੇਂ ਜਿਹੇ ਭਾਵ ਵੇਖਦਿਆਂ ਜੁਗਨੀ ਦੀ ਚੱਲਦੀ ਕਲਮ ਰੁੱਕ ਗਈ। .........ਉਹ ਹੁਣ ਸੋਚ ਝਨਾਵਾਂ 'ਚ ਗੋਤੇ ਖਾ ਰਹੀ ਸੀ। 

ਖੂਹ ਦੀ ਖੇਲ 

ਖੜ੍ਹਾ ਗੰਧਲਾ ਪਾਣੀ 
ਪਿਆਸਾ ਰਾਹੀ। 

ਡਾ. ਹਰਦੀਪ ਕੌਰ ਸੰਧੂ 


(ਜੁਗਨੀਨਾਮਾ ਦੀ ਪਿਛਲੀ ਲੜੀ ਜੋੜਨ ਲਈ ਇੱਥੇ ਕਲਿੱਕ ਕਰੋ


ਨੋਟ: ਇਹ ਪੋਸਟ ਹੁਣ ਤੱਕ 60 ਵਾਰ ਪੜ੍ਹੀ ਗਈ।

27 May 2015

ਚੀਸ ਕਲੇਜੇ (ਚੋਕਾ)

ਇੱਕ ਸੋਚ ਸੀ 
ਮੈਨੂੰ ਜੋ ਕਹਿ ਗਈ 
ਮੇਰੀ ਮੰਜ਼ਿਲ
ਪਿੱਛੇ ਹੀ ਰਹਿ ਗਈ
ਸੁੱਕਾ ਹੈ ਰੁੱਖ 
ਮਾਰੂਥਲ 'ਨ੍ਹੇਰੀਆਂ 
ਹੁਣ ਤਾਂ ਜਾਨ 
ਲੱਬਾਂ 'ਤੇ ਬਹਿ ਗਈ 
ਦੁੱਖ ਦਰਦ 
ਵੰਡਾਓਣ ਵਾਲਿਆ 
ਓਏ ਕਿੱਥੇ ਤੂੰ 
ਇੱਕ ਚੀਸ ਕਲੇਜੇ 
ਹਾਂ, ਰਹਿ ਗਈ 
ਵੇਖ ਆਸਾਂ ਦੀ ਲਾਟ 
 ਓ 'ਦਿਲਜਲੀ' 
ਗਮ ਖਾਰ ਬਣ ਕੇ 
ਧੁਰ ਅੰਦਰ 
ਕਿਤੇ ਜੋ ਲਹਿ ਗਈ 
ਆਪਣੀ ਅੱਗ 
ਹੁਣ ਆਪ ਸੇਕ ਤੂੰ 
ਤੇਰੇ ਅੰਦਰ 
ਭਾਵੇਂ ਭੁੱਬਲ ਬਾਕੀ 
ਦੱਬੀ ਹੀ ਰਹਿ ਗਈ। 

ਇੰ :ਜੋਗਿੰਦਰ ਸਿੰਘ 'ਥਿੰਦ'
(ਸਿਡਨੀ)
ਨੋਟ: ਇਹ ਪੋਸਟ ਹੁਣ ਤੱਕ 27 ਵਾਰ ਪੜ੍ਹੀ ਗਈ।

21 May 2015

ਬੂਹੇ ਜੰਦਰਾ




ਕਮਲਾ ਘਟਾਔਰਾ 
(ਯੂ ਕੇ.)    
ਨੋਟ: ਇਹ ਪੋਸਟ ਹੁਣ ਤੱਕ 102 ਵਾਰ ਪੜ੍ਹੀ ਗਈ।

19 May 2015

ਮਾਂ ਦਾ ਜਨਮ

1.
ਲੇਬਰ ਰੂਮ 
ਇੱਕ ਬੱਚੇ ਦੀ ਚੀਕ 
ਮਾਂ ਦਾ ਜਨਮ ।



2.
ਮੁੰਡਾ ਕਿ ਕੁੜੀ 
ਮਾਂ ਪਈ ਕੁਰਲਾਵੇ 
ਪੀੜ ਦਾ ਲਿੰਗ  ।


ਦਿਲਜੋਧ ਸਿੰਘ
(ਯੂ. ਐਸ. ਏ.)

 ਨੋਟ: ਇਹ ਪੋਸਟ ਹੁਣ ਤੱਕ 30 ਵਾਰ ਪੜ੍ਹੀ ਗਈ।

17 May 2015

ਅਦਿੱਖ ਪੀੜ

ਉਸ ਦਾ ਸਰੀਰ ਅੱਜ ਟੁੱਟ ਰਿਹਾ ਸੀ......ਤਨ ਦਾ ਦਰਦ ਅੱਖਾਂ ਰਾਹੀਂ ਵਹਿ ਰਿਹਾ ਸੀ। ਇਓਂ ਲੱਗਦਾ ਸੀ ਜਿਵੇਂ ਉਹਨਾਂ ਅੱਖਾਂ 'ਚ ਸੂਰਜ ਡੁੱਬ ਗਿਆ ਹੋਵੇ।  ਪਰ ਉਹ ਖਾਮੋਸ਼ ਮੰਜੇ 'ਤੇ ਪਈ ਅਥਾਹ ਜੰਮਣ ਪੀੜਾਂ ਸਹਿ ਰਹੀ ਸੀ। ਬਰਦਾਸ਼ਤ ਚਾਹੇ ਜਵਾਬ ਦੇ ਚੁੱਕੀ ਸੀ ਪਰ ਪਤਾ ਨਹੀਂ ਫਿਰ ਵੀ ਕਿਵੇਂ ਉਹ ਬਿਨ-ਆਵਾਜ਼ ਕੀਤਿਆਂ ਪੀੜਾਂ ਨਾਲ ਜੂਝ ਰਹੀ ਸੀ। ਕੋਲ਼ ਬੈਠੀ ਉਸ ਦੀ ਮਾਂ ਨੇ ਡਾਕਟਰ ਨੂੰ ਬੁਲਾ ਕੇ ਇੱਕ ਵਾਰ ਉਸ ਦਾ ਚੈਕਅਪ ਕਰਨ ਲਈ ਅਰਜ਼ ਕੀਤੀ। ਤਸੱਲੀ ਦੇ ਰਹੀ ਡਾਕਟਰ ਨੇ ਕਿਹਾ, "ਅਜੇ ਬਹੁਤ ਸਮਾਂ ਹੈ ਬੱਚੇ ਦੇ ਜਨਮ 'ਚ ..... ਏਥੇ ਤਾਂ ਚੀਖਾਂ ਵੱਜਦੀਆਂ ਨੇ, ਇਸ ਦੀਆਂ ਇਹ ਪੀੜਾਂ ਤਾਂ ਅਜੇ ਕੁਝ ਵੀ ਨਹੀਂ ਹਨ।" 
               ............ਪਰ ਉਹ ਦਰਦਾਂ ਨਾਲ ਹਾਲੋਂ -ਬੇਹਾਲ ਹੋਈ ਪਈ ਸੀ। ਉਸ ਦੀ ਤਾਂ ਜਿਵੇਂ ਜਾਨ ਨਿਕਲ ਰਹੀ ਸੀ ਪਰ ਜਦੋਂ ਵੀ ਉਸ ਦੇ ਦਰਦ ਉੱਠਦਾ ਉਹ ਬੁੱਲ੍ਹਾਂ ਨੂੰ ਚਿੱਥਦੀ, ਆਕੜਾਂ ਭੰਨਦੀ ਅੰਦਰੋਂ -ਅੰਦਰੀਂ ਹੀ ਘੁੱਟ ਲੈਂਦੀ ਸੀ। ਜ਼ਿਹਨ ਦੀ ਗੁੰਝਲਾਈ ਜ਼ੁਲਫ਼ ਨੂੰ ਕੰਘੀ ਕਰਦੀ ਉਹ ਇਸ ਔਖੇ ਵਕਤ ਦੇ ਖਤਮ ਹੋਣ ਦੀ ਉਡੀਕ ਕਰ ਰਹੀ ਸੀ। ਮਾਂ ਤੋਂ ਉਸ ਦਾ ਦਰਦ ਝੱਲਿਆ ਨਹੀਂ ਜਾ ਰਿਹਾ ਸੀ। ਮਾਂ ਨੇ  ਫਿਰ ਡਾਕਟਰ ਨੂੰ ਕਿਹਾ," ਮੈਂ ਆਪ ਵਾਂਗ ਡਾਕਟਰ ਤਾਂ ਨਹੀਂ ਹਾਂ ਜੋ ਜਾਂਚ ਕਰਕੇ ਦੇਖ ਸਕਾਂ ....ਪਰ ਇਸ ਦੀ ਮਾਂ ਜ਼ਰੂਰ ਹਾਂ .....  ਮੇਰੀ ਧੀ ਦੀ ਅਸਹਿ ਤੇ ਅਕਹਿ ਪੀੜਾ ਮੈਨੂੰ ਦਿਖਾਈ ਦੇ ਰਹੀ ਹੈ .....ਉਸ ਦੇ ਚਿਹਰੇ ਪਸਰੀ ਅਦਿੱਖ ਪੀੜ ਮੈਨੂੰ ਆਪਣੇ ਪੋਰ -ਪੋਰ 'ਚ ਮਹਿਸੂਸ ਹੋ ਰਹੀ ਹੈ .....ਮੇਰੀ ਧੀ ਬਹੁਤ ਪੀੜਾ 'ਚ ਹੈ....ਉਸ ਨੂੰ ਅੰਦਰ ਲੈ ਜਾਓ।" 
              ਡਾਕਟਰ ਅਣਮੰਨੇ ਜਿਹੇ ਮਨ ਨਾਲ ਉਸ ਨੂੰ ਲੇਬਰ ਰੂਮ 'ਚ ਲੈ ਗਈ ....... ਤੇ ਅਗਲੇ ਕੁਝ ਪਲਾਂ ਬਾਦ ਹੀ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦੇਣ ਲੱਗੀ। ਸੋਹਣਾ ਲੜਕਾ ਹੋਇਆ ਸੀ ... ਸਾਰੇ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਸਨ। ਮਾਂ ਡਾਕਟਰ ਤੋਂ ਆਪਣੀ ਧੀ ਦਾ ਹਾਲ ਪੁੱਛਦੀ ਉਸ ਦੇ ਸਿਹਤ ਅਫ਼ਜ਼ਾ ਹੋਣ ਦੀ ਦੁਆ ਕਰ ਰਹੀ ਸੀ। 

ਲੇਬਰ ਰੂਮ -
ਪੀੜਾਂ 'ਚ ਕੁਰਲਾਏ 
ਅੱਖਾਂ ਪੂੰਝੇ ਮਾਂ ।  

ਡਾ.ਹਰਦੀਪ ਕੌਰ ਸੰਧੂ  

ਨੋਟ: ਇਹ ਪੋਸਟ ਹੁਣ ਤੱਕ 70 ਵਾਰ ਪੜ੍ਹੀ ਗਈ। 

15 May 2015

ਰੌਣਕ ਮੇਲੇ

1.
ਪਈਆਂ ਪੀਘਾਂ
ਨਾਰਾਂ ਪੇਕੇ ਆਈਆਂ
ਝੂਟਣ ਪੀਘਾਂ । 

2.
ਪਿੱਪਲਾਂ ਥੱਲੇ
ਮੁੰਡੀਰ ਤਾਸ਼ ਖੇਡੇ 
ਰੌਣਕ ਮੇਲੇ। 

ਕਸ਼ਮੀਰੀ ਲਾਲ ਚਾਵਲਾ 
(ਮੁਕਤਸਰ) 
ਨੋਟ: ਇਹ ਪੋਸਟ ਹੁਣ ਤੱਕ 33 ਵਾਰ ਪੜ੍ਹੀ ਗਈ। 

13 May 2015

ਹੀਰ ਦੀ ਕਲੀ

1.

ਪਿੱਪਲ ਛਾਵੇਂ 
ਪਿੰਡ ਦੇ ਬਜੁਰਗ 
ਹੀਰ ਦੀ ਕਲੀ । 

2.

ਪਿੱਪਲ ਥੱਲੇ  
ਦਿਓਰ ਭਰਜਾਈ 
ਕਰਦੇ ਗੱਲਾਂ । 

3.

ਛੜਾ  ਅਮਲੀ 
ਪਿੱਪਲ 'ਤੇ ਚੜਿਆ 
ਨਾਨਕਾ ਮੇਲ । 


ਹਰਜਿੰਦਰ ਢੀਂਡਸਾ 
(ਕੈਨਬਰਾ)

ਨੋਟ: ਇਹ ਪੋਸਟ ਹੁਣ ਤੱਕ 29 ਵਾਰ ਪੜ੍ਹੀ ਗਈ।