ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਹੁੰਗਾਰਾ ਭਰਨ ਵਾਲ਼ੇ
6 Mar 2016
4 Mar 2016
ਮੈਪਲ ਪੱਤੇ
ਪੱਤਝੜ ਰੁੱਤ ਦੀ ਢਲਦੀ ਸ਼ਾਮ ਸੀ ਪਰ ਅੰਤਾਂ ਦੀ ਗਰਮੀ ਵੀ । ਵਧ ਰਹੀ ਘੁਟਨ ਕਾਰਨ ਮੇਰਾ ਬਾਹਰ ਸੈਰ ਕਰਨ ਨੂੰ ਮਨ ਲੋਚਿਆ। ਤੁਰਦੇ ਤੁਰਦੇ ਮੇਰੀ ਨਜ਼ਰ ਰੁੱਖਾਂ ਦੇ ਰੰਗ ਵਟਾਉਂਦੇ ਪੱਤਿਆਂ 'ਤੇ ਪਈ। ਰੁੰਡ -ਮੁੰਡ ਹੋਣ ਤੋਂ ਪਹਿਲਾਂ ਮੈਪਲ ਰੁੱਖਾਂ ਦਾ ਜੋਬਨ ਝੱਲਿਆ ਨਹੀਂ ਸੀ ਜਾ ਰਿਹਾ । ਕੁਦਰਤ ਦੀ ਇਸ ਅਲੌਕਿਕ ਲੀਲ੍ਹਾ ਨੂੰ ਤੱਕਦਿਆਂ ਮੇਰੀ ਸੋਚ ਦਾ ਪੰਛੀ ਮੈਨੂੰ ਸੱਤ ਸਮੁੰਦਰੋਂ ਪਾਰ ਲੈ ਉੱਡਿਆ ।ਅਗਲੇ ਹੀ ਪਲ ਮੈਂ ਉਸ ਦੇ ਵਿਹੜੇ ਜਾ ਬੈਠੀ ਜਿੱਥੇ ਉਹ ਜ਼ਿੰਦਗੀ ਦੀ ਤਪਸ਼ ਝੱਲਦੀ ਅੱਜ ਇਹਨਾਂ ਮੈਪਲ ਪੱਤਿਆਂ ਵਾਂਗ ਖਿੜੀ ਰੰਗ ਬਿਖੇਰ ਰਹੀ ਹੈ।
ਹੱਲਿਆਂ ਵੇਲੇ ਉਹ ਮਸੀਂ ਸੱਤਾਂ -ਅੱਠਾਂ ਵਰ੍ਹਿਆਂ ਦੀ ਹੋਵੇਗੀ। ਓਸ ਮਨਹੂਸ ਵੇਲੇ ਦੀ ਤ੍ਰਾਸਦੀ ਭਾਵੇਂ ਉਸ ਨੇ ਅੱਖੀਂ ਤਾਂ ਨਹੀਂ ਦੇਖੀ ਸੀ ਪਰ ਜ਼ਿੰਦ ਵਲੂੰਧਰਦੇ ਕਲਜੋਗੀ ਸਮੇਂ ਦਾ ਅਸਰ ਮਨ ਦੇ ਚੇਤਿਆਂ 'ਤੇ ਅਮਿੱਟ ਛਾਪ ਛੱਡ ਗਿਆ ਸੀ। ਉਹ ਰਾਤਾਂ ਨੂੰ ਤ੍ਰਭਕ -ਤ੍ਰਭਕ ਉੱਠ ਬਹਿੰਦੀ ਜਦੋਂ ਸੁਪਨਿਆਂ 'ਚ ਚੈਨ ਲਈ ਭਟਕਦੀਆਂ ਫਿਰਦੀਆਂ ਰੂਹਾਂ ਵਿਖਾਈ ਦਿੰਦੀਆਂ। ਇਹ ਨਰਕਈ ਭੈਅ ਅਵਚੇਤਨਤਾ 'ਚ ਹਰ ਪਲ ਉਸ ਦੇ ਨਾਲ ਨਾਲ ਹੀ ਤੁਰਦਾ ਗਿਆ। ਰੱਤੀ ਭਰ ਖਤਰੇ ਦੀ ਕਲਪਨਾ ਕਰਦਿਆਂ ਹੀ ਅੱਜ ਵੀ ਉਸਦੀ ਰੂਹ ਕੰਬ ਜਾਂਦੀ ਹੈ।
ਜ਼ਿੰਦਗੀ ਦਾ ਵਹਿਣ ਆਪਣੇ ਰੋੜ੍ਹ ਨਾਲ ਉਸ ਨੂੰ ਸਾਹਿਤਕ ਦਹਿਲੀਜ਼ 'ਤੇ ਲੈ ਆਇਆ ਜਿੱਥੇ ਸਾਡਾ ਇਹ ਸੁੱਚਾ ਮਿਲਣ ਹੋਇਆ। ਨਾ ਸਾਡਾ ਕੋਈ ਖੂਨ ਦਾ ਰਿਸ਼ਤਾ ਹੈ ਤੇ ਨਾ ਹੀ ਅਜੇ ਤੱਕ ਸਾਡੀ ਕੋਈ ਰਸਮੀ ਮੁਲਾਕਾਤ ਹੀ ਹੋਈ ਹੈ। ਪਰ ਫਿਰ ਵੀ ਅਸੀਂ ਇੱਕ ਦੂਜੇ ਨਾਲ ਨਿੱਤ ਢੇਰ ਗੱਲਾਂ ਕਰਦੇ ਹਾਂ।
ਕਹਿੰਦੇ ਨੇ ਦਿਲੀ ਸਾਂਝ ਦਾ ਰਿਸ਼ਤਾ ਉਮਰਾਂ ਨਾਲ ਨਹੀਂ ਮਾਪਿਆ ਜਾਂਦਾ ਸਗੋਂ ਇਹ ਤਾਂ ਸੁਹਜ ਸੋਚ ਦੀ ਇਕਸੁਰਤਾ ਦਾ ਵਹਾਓ ਹੁੰਦਾ ਹੈ। ਸ਼ਾਇਦ ਇਸੇ ਗੱਲ ਦੀ ਹਾਮੀ ਭਰਦਾ ਹੈ ਸਾਡਾ ਇਹ ਗੂੜ੍ਹਾ ਰਿਸ਼ਤਾ। ਇੱਕ ਪਾਸੇ ਦੀ ਚੁੱਪੀ ਦੂਜੇ ਨੂੰ ਬੇਚੈਨ ਕਰ ਦਿੰਦੀ ਹੈ। ਤਾਂਹੀਓ ਤਾਂ ਕਦੇ ਉਹ ਮੈਨੂੰ ਸੰਸਿਆਂ ਦੀਆਂ ਕੰਧਾਂ ਉਹਲੇ ਖੜੋਤੀ ਆਪਮਤੇ ਜਿਹੇ ਗੱਲਾਂ ਕਰਦੀ ਜਾਪਦੀ ਹੈ , "ਪੱਕੇ ਫਲ ਦਾ ਕੀ ਭਰੋਸਾ ਕਦੋਂ ਟਹਿਣੀਓਂ ਝੜ ਜਾਵੇ। " ਤੇ ਕਦੇ ਮੋਹ ਤੇ ਅਪਣੱਤ 'ਚ ਭਿੱਜੀ ਆਪਣਾ ਆਪਾ ਮੇਰੇ ਮੂਹਰੇ ਲਿਆ ਖਿਲਾਰਦੀ ਹੈ, "ਸੱਚੇ ਦਿਲ ਦੀ ਨੇੜਤਾ 'ਚ ਇੱਕ ਮਿੱਕ ਹੋ ਤੇਰੇ ਨਾਲ ਗੱਲਾਂ ਕਰਦਿਆਂ ਕੋਈ ਓਹਲਾ ਨਹੀਂ ਰਿਹਾ। ਤੇਰੇ ਨਾਲ ਗੱਲਾਂ ਕਰਦੀ ਮੈਨੂੰ ਇਓਂ ਲੱਗਦਾ ਹੈ ਜਿਵੇਂ ਮੈਂ ਮੇਰੇ ਆਪੇ ਨਾਲ ਹੀ ਗੱਲਾਂ ਕਰ ਰਹੀ ਹੋਵਾਂ। ਮੇਰੇ ਅੰਦਰ ਦੇ ਸੁੱਤੇ ਕਲਾਕਾਰ ਨੂੰ ਜਗਾ ਕਲਮ ਫੜਾਉਣ ਵਾਲੀ ਤੂੰ ਹੀ ਤਾਂ ਹੈਂ।"
ਉਮਰਾਂ ਦੇ ਸਿਖਰਲੇ ਪੜਾਅ 'ਤੇ ਹੁਣ ਉਹ ਪਹੁੰਚ ਚੁੱਕੀ ਏ। ਕਿਸੇ ਸਧਾਰਨ ਜਿਹੇ ਰੋਗ ਦੀ ਪੀੜਾ 'ਚ ਉਸ ਮੈਨੂੰ ਆਪਣੇ ਖਿਆਲਾਂ 'ਚ ਵੀ ਚਿਤਵਿਆ। ਅਛੋਪਲੇ ਹੀ ਮੈਂ ਉਸ ਦੀ ਸੁਪਨ ਨਗਰੀ ਦੀਆਂ ਬਰੂਹਾਂ 'ਤੇ ਜਾ ਖਲੋਈ ਸਾਂ । ਕਿਸੇ ਅਰਸ਼ੀ ਫਰਿਸ਼ਤੇ ਸੰਗ, ਜਿਸ ਦੀ ਹਾਜ਼ਰੀ 'ਚ ਉਸਨੇ ਸਾਡੇ ਮੋਹ ਦੇ ਰਿਸ਼ਤੇ ਦੀ ਗੰਢ ਨੂੰ ਹੋਰ ਪੀਢੀ ਕੀਤਾ ਸੀ। ਉਸਦੇ ਮਨ ਦੇ ਬੁਝੂੰ -ਬੁਝੂੰ ਕਰਦੇ ਦੀਵੇ ਉੱਚੀਆਂ ਲਾਟਾਂ ਨਾਲ ਜਗਣ ਲੱਗ ਪਏ ਸਨ।
ਪੈਰਾਂ ਹੇਠ ਆਏ ਪੱਤਿਆਂ ਦੀ ਖੜ -ਖੜ ਨੇ ਮੈਨੂੰ ਮੇਰੇ ਖਿਆਲਾਂ ਦੀ ਡਗਰ 'ਚੋਂ ਮੋੜ ਲਿਆਂਦਾ। ਹੁਣ ਮੈਂ ਤਰੋ -ਤਾਜ਼ਾ ਮਹਿਸੂਸ ਕਰ ਰਹੀ ਸਾਂ। ਕੁਦਰਤ ਨਾਲ ਲਿਵਲੀਨ ਹੁੰਦੀ ਮੈਂ ਕਾਇਨਾਤ ਦੇ ਅਲਬੇਲੇ ਰੰਗਾਂ ਨੂੰ ਮੁੜ ਤੋਂ ਨਿਹਾਰਨ ਲੱਗੀ।
ਸੂਹੇ -ਰੰਗਲੇ
ਝੜਨ ਤੋਂ ਪਹਿਲਾਂ
ਮੈਪਲ ਪੱਤੇ। ਡਾ . ਹਰਦੀਪ ਕੌਰ ਸੰਧੂ
ਨੋਟ: ਇਹ ਪੋਸਟ ਹੁਣ ਤੱਕ 55 ਵਾਰ ਪੜ੍ਹੀ ਗਈ
ਨੋਟ: ਇਹ ਪੋਸਟ ਹੁਣ ਤੱਕ 55 ਵਾਰ ਪੜ੍ਹੀ ਗਈ
2 Mar 2016
27 Feb 2016
ਅਡੋਲ ਥੰਮ
ਅਡੋਲ ਥੰਮ
ਸੰਘਣੀ ਧੁੰਦ ਤੇ ਕਾਲੇ ਬੱਦਲਾਂ ਕਰਕੇ ਦਿਨੇ ਹੀ ਹਨ੍ਹੇਰਾ ਜਿਹਾ ਹੋ ਗਿਆ ਲੱਗਦਾ ਸੀ। ਕਹਿਰ ਦੇ ਛਾਏ ਬੱਦਲਾਂ ਨੇ ਸਾਰੇ ਟੱਬਰ ਦਾ ਵਜੂਦ ਹੀ ਕੁੱਬਾ ਕਰ ਦਿੱਤਾ ਸੀ। ਸਭ ਦੇ ਚਿਹਰੇ ਮੁਰਝਾਏ ਹੋਏ ਸਨ। ਉਸ ਦਾ ਜੀਵਨ ਮੌਤ ਦੇ ਮੂੰਹ ਜੋ ਪਿਆ ਦਿਖਾਈ ਦੇ ਰਿਹਾ ਸੀ। ਪਰ ਉਸ ਦਾ ਮਨੋਬਲ ਅੰਬਰਾਂ ਨੂੰ ਛੂਹ ਰਿਹਾ ਸੀ। ਕਿਸੇ ਗੰਭੀਰ ਰੋਗ ਨਾਲ ਪੀੜਤ ਅਪ੍ਰੇਸ਼ਨ ਬੈਡ 'ਤੇ ਪਿਆ ਵੀ ਉਹ ਖੁਦ ਸਾਰਿਆਂ ਦਾ ਹੌਸਲਾ ਵਧਾ ਰਿਹਾ ਸੀ।
ਓਸ ਦਿਨ ਮੇਰੀ ਰੂਹ ਵੀ ਉਸ ਦੇ ਮੰਜੇ ਦਾ ਇੱਕ ਕੋਨਾ ਮੱਲੀ ਬੈਠੀ ਸੀ ਐਨ ਕੋਲ ਜਿਹੇ। ਉਸ ਦੀ ਜ਼ਿੰਦਗੀ ਦੇ ਦਿਸਹੱਦਿਆਂ ਦੇ ਆਰ -ਪਾਰ ਤੱਕਦੀ। ਰੁੱਤਾਂ ਬਦਲੀਆਂ ਤੇ ਜ਼ਿੰਦਗੀ ਦਾ ਰਹਿਬਰ ਸਮਾਂ ਲੰਘਦਾ ਗਿਆ। ਪਰ ਸਮੇਂ ਦੀ ਨਬਜ਼ ਪਛਾਣ ਏਸ ਨੂੰ ਆਪਣੇ ਮੁਤਾਬਕ ਢਾਲਣ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ। ਉਹ ਬਿਲਕੁਲ ਅਜਿਹਾ ਹੀ ਤਾਂ ਹੈ ਜੋ ਦੂਜਿਆਂ ਦੇ ਹਿਤਾਂ ਦੀ ਰਾਖੀ ਕਰਦਾ ਜ਼ਿੰਦਗੀ 'ਚ ਅਨੋਖੇ ਰੰਗ ਭਰਦਾ ਗਿਆ।
ਬਟਵਾਰੇ ਵੇਲੇ ਉਸ ਦੀ ਉਮਰ ਮਸਾਂ ਸੱਤ ਕੁ ਸਾਲਾਂ ਦੀ ਹੋਵੇਗੀ। ਹਾਏ ਕੁਰਲਾਪ ਦੇ ਕਹਿਰ ਭਰੇ ਦਿਨਾਂ ਦਾ ਅਸਰ ਉਸ ਅਨਭੋਲ ਦੇ ਮਨ 'ਤੇ ਕਿਤੇ ਗਹਿਰਾ ਉਕਰਿਆ ਗਿਆ ਸੀ। ਸਾਂਦਲ ਬਾਰ ਨੂੰ ਛੱਡਣ ਦੇ ਹਉਕੇ ਉਸ ਨੂੰ ਸੁਪਨਿਆਂ 'ਚ ਵੀ ਸੁਣਾਈ ਦਿੰਦੇ। ਜਿਨ੍ਹਾਂ 'ਚ ਉਹ ਅਕਸਰ ਉਹਨਾਂ ਖੇਤਾਂ ਦੀ ਸੈਰ ਕਰਦਾ ਜਿੱਥੇ ਬਾਪੂ ਨੇ ਕਦੇ ਹੱਲ ਵਾਹਿਆ ਸੀ। ਪਰ ਬਾਪੂ ਹਮੇਸ਼ਾਂ ਓਸ ਮਿੱਟੀ ਦੇ ਮੋਹ ਨੂੰ ਤਿਆਗ ਅੱਗੇ ਵੱਧਣ ਦੀ ਸਲਾਹ ਦਿੰਦਾ ਤੇ ਉਸ ਦੇ ਲਏ ਨਿੱਕੇ -ਨਿੱਕੇ ਫੈਸਲਿਆਂ ਦੀ ਤਰਜ਼ਮਾਨੀ ਵੀ ਕਰਦਾ। ਬਾਪੂ ਦੀ ਥਾਪੀ ਨੇ ਉਸ ਨੂੰ ਅਡਿੱਗ ਤੇ ਅਡੋਲ ਰਹਿਣ ਵਾਲਾ ਦਰਸ਼ਨੀ ਜਵਾਨ ਬਣਾ ਦਿੱਤਾ ਸੀ।
ਉਸ ਦੀ ਖੂਬਸੂਰਤ ਸਖਸ਼ੀਅਤ ਵੇਖ ਕੇ ਸਵਰਗ ਦੇ ਰੰਗ ਵੀ ਫਿੱਕੇ ਪੈ ਜਾਂਦੇ। ਉਹ ਕਦੇ ਵੀ ਪੋਚਾ ਫੇਰੂ ਗੱਲਾਂ ਨਾ ਕਰਦਾ। ਕੱਚੇ ਦੁੱਧ ਦੀ ਘੁੱਟ ਵਰਗੇ ਬੰਦੇ ਹੀ ਉਸ ਦੇ ਮਿੱਤਰ ਬਣੇ। ਪਰਿਵਾਰ ਦੇ ਹਰ ਨਿੱਕੇ -ਵੱਡੇ ਫ਼ੈਸਲੇ 'ਚ ਉਹ ਮੋਹਰੀ ਹੁੰਦਾ। ਮੁੱਢ ਤੋਂ ਹੀ ਉਹ ਦਿਲੋਂ ਦਲੇਰ ਸੀ। ਹਰ ਇੱਕ ਦੇ ਕਸ਼ਟ ਸਾਹ ਰੋਕ ਕੇ ਸੁਣਦਾ ਤੇ ਫੇਰ ਬੜੇ ਵਿਵੇਕ ਨਾਲ ਉਸਦਾ ਹੱਲ ਵੀ ਲੱਭ ਲੈਂਦਾ। ਕਈ ਵਰ੍ਹੇ ਉਹ ਪਿੰਡ ਦਾ ਸਰਪੰਚ ਵੀ ਰਿਹਾ। ਆਪਣੀ ਜਾਦੂਮਈ ਆਵਾਜ਼ ਨਾਲ ਉਹ ਸਰੋਤਿਆਂ ਨੂੰ ਕੀਲਣ ਦੀ ਸਮਰੱਥਾ ਰੱਖਦਾ ਹੈ। ਰੱਬ ਦੀ ਹੋਂਦ ਤੋਂ ਭਾਵੇਂ ਉਹ ਅੱਜ ਵੀ ਮੁਨਕਰ ਹੈ ਪਰ "ਘੱਲੇ ਆਵੇ ਨਾਨਕਾ ਸੱਦੇ ਉਠ ਜਾਏ" ਤੁਕ ਦੀ ਪ੍ਰੋੜਤਾ ਕਰਨ ਵਾਲਾ ਨਾਸਤਿਕ ਵੀ ਤਾਂ ਨਹੀਂ ਹੋ ਸਕਦਾ।
ਸਾਹਿਤ ਸਿਰਜਣਾ ਦੀ ਉੱਤਮ ਕਲਾ ਉਸ ਦੀਆਂ ਰਗਾਂ 'ਚ ਦੌੜਦੀ ਹੈ। ਉਸ ਦੀਆਂ ਸਾਰੀਆਂ ਲਿਖਤਾਂ ਅੱਜ ਵੀ ਉਸ ਦੇ ਜ਼ਿਹਨ 'ਚ ਜਿਉਂਦੀਆਂ ਨੇ। ਪਰ ਅੱਜ ਤਾਈਂ ਕਿਸੇ ਕੋਰੇ ਵਰਕੇ 'ਤੇ ਆਪਣਾ ਹੱਕ ਨਹੀਂ ਜਤਾ ਸਕੀਆਂ। ਜੇ ਕਿਧਰੇ ਕਿਸੇ ਸਫ਼ੇ 'ਤੇ ਮੋਤੀ ਬਣ ਬਿਖਰੀਆਂ ਵੀ ਤਾਂ ਜ਼ਿੰਦਗੀ ਦੀਆਂ ਤੇਜ਼ ਹਨ੍ਹੇਰੀਆਂ 'ਚ ਪਤਾ ਨਹੀਂ ਉਹ ਵਰਕੇ ਕਿਧਰੇ ਉੱਡ -ਪੁੱਡ ਗਏ। ਉਸ ਦੀ ਛੋਟੀ ਭੈਣ ਹਰ ਲਿਖਤ ਦੀ ਪਹਿਲੀ ਸਰੋਤਾ ਬਣੀ। ਪੰਜ-ਛੇ ਦਹਾਕਿਆਂ ਬਾਅਦ ਛੋਟੀ ਭੈਣ ਨੇ ਦਿਲ ਦੀਆਂ ਤੈਹਾਂ ਫਰੋਲ ਫਿਰ ਤੋਂ 'ਸਾਂਦਲ ਬਾਰ' ਲਿਖਣ ਲਈ ਕਿਹਾ। ਹੈਰਾਨੀ ਤਾਂ ਓਦੋਂ ਹੋਈ ਜਿਥੇ-ਕਿਤੇ ਲਿਖਾਰੀ ਦੀ ਕਲਮ ਉੱਕੀ,ਹਮੇਸ਼ਾਂ ਵਾਂਗ ਓਦਣ ਵੀ ਸਰੋਤਾ ਬਣੀ ਛੋਟੀ ਭੈਣ ਟੁੱਟੀਆਂ ਸਤਰਾਂ ਨੂੰ ਜੋੜਦੀ ਗਈ ਕਿਓਂ ਜੋ ਇਹ ਕਵਿਤਾ ਉਸ ਦੇ ਜ਼ਿਹਨ ‘ਚ ਵੀ ਸਾਲਾਂ ਬੱਧੀ ਘਰ ਕਰੀ ਬੈਠੀ ਸੀ।
ਅੰਦਰੋਂ ਬਾਹਰੋਂ ਉਹ ਇੱਕ ਰੂਪ ਹੈ। ਪਤਾ ਨਹੀਂ ਕਿਹੜੀਆਂ ਆਜ਼ਾਦ ਪੌਣਾਂ ਦਾ ਮਹਿਰਮ ਹੈ ਉਹ। ਉਸ ਕਦੇ ਵੀ ਬਦਤਮੀਜ਼ ਸਮਿਆਂ ਕੋਲ ਆਪਣੇ ਸਾਹਾਂ ਦੀ ਅਨਮੋਲ ਰਕਮ ਗਹਿਣੇ ਨਹੀਂ ਹੋਣ ਦਿੱਤੀ। .......ਤੇ ਓਸ ਦਿਨ ਅਪ੍ਰੇਸ਼ਨ ਤੋਂ ਕੁਝ ਘੜੀਆਂ ਪਹਿਲਾਂ ਮੌਤ ਨੂੰ ਟਿੱਚਰ ਕਰਦਾ ਉਹ ਕਹਿੰਦਾ ਹੈ ਕਿ "ਵੇਖ ਲਈ ਜ਼ਿੰਦਗੀ ਦੀ ਪ੍ਰਾਹੁਣਾਚਾਰੀ- ਮੌਤ ਮੈਨੂੰ ਸੱਦ ਰਹੀ ਜਾ ਕੇ ਵੇਖ ਲਾਂ। " ਪਰ ਸਾਡੀਆਂ ਸਭ ਦੀਆਂ ਦੁਆਵਾਂ ਦਵਾ ਬਣ ਗਈਆਂ ਤੇ ਟੱਬਰ ਦਾ ਅਡੋਲ ਥੰਮ ਕਾਲੀ ਹਨ੍ਹੇਰੀ ਰਾਤ ਤੋਂ ਬਾਅਦ ਨਵੇਂ ਸੂਰਜ ਦੀ ਲੌਅ 'ਚ ਫਿਰ ਤੋਂ ਉੱਠ ਖੜ੍ਹਾ ਹੋਇਆ।
ਚੜ੍ਹਦੀ ਟਿੱਕੀ -
ਸੰਘਣੀ ਧੁੰਦ ਪਿੱਛੋਂ
ਰੌਸ਼ਨ ਦਿਨ।
ਡਾ. ਹਰਦੀਪ ਕੌਰ ਸੰਧੂ
ਨੋਟ: ਇਹ ਪੋਸਟ ਹੁਣ ਤੱਕ 81 ਵਾਰ ਪੜ੍ਹੀ ਗਈ
ਨੋਟ: ਇਹ ਪੋਸਟ ਹੁਣ ਤੱਕ 81 ਵਾਰ ਪੜ੍ਹੀ ਗਈ
22 Feb 2016
ਚਿੱਠੀ ਦੀਆਂ ਬਾਤਾਂ
ਚਿੱਠੀ ਲਿਖਣਾ ਕਿਸੇ ਕਲਾ ਤੋਂ ਘੱਟ ਨਹੀਂ ਹੁੰਦਾ। ਚਿੱਠੀ ਵਿੱਚ ਨਿੱਘ ਹੁੰਦਾ ਹੈ, ਮੋਹ ਹੁੰਦਾ ਹੈ ਤੇ ਅਪਣੱਤ ਹੁੰਦੀ ਹੈ। ਆਪਣਿਆਂ ਦੀ ਮਹਿਕ ਚਿੱਠੀ ਰਾਹੀਂ ਮਹਿਸੂਸ ਕੀਤੀ ਜਾ ਸਕਦੀ ਹੈ। ਚਿੱਠੀਆਂ ਸਾਡੀਆਂ ਭਾਵਨਾਵਾਂ ਦੀਆਂ ਤਰਜਮਾਨੀ ਕਰਦੀਆਂ ਨੇ। ਇਹ ਕਬੂਤਰ ਯੁੱਗ ਤੋਂ ਲੈ ਕੇ ਫ਼ੇਸਬੁੱਕ -ਵਟਸਐਪ ਯੁੱਗ ਤੱਕ ਪੁੱਜ ਗਈਆਂ ਨੇ। ਟੈਲੀਗ੍ਰਾਮਾਂ ਨੇ , ਫੋਨ ਨੇ, ਫੈਕਸ ਹੈ, ਈ -ਮੇਲਾਂ ਨੇ। ਪਰ ਚਿੱਠੀ ਤਾਂ ਚਿੱਠੀ ਹੀ ਹੈ। ਹਾਇਕੁ ਲੋਕ ਦੇ ਵਿਹੜੇ ਆਈਆਂ ਕੁਝ ਚਿੱਠੀਆਂ ਪੇਸ਼ ਹਨ -
ਨੋਟ: ਇਹ ਪੋਸਟ ਹੁਣ ਤੱਕ 67 ਵਾਰ ਪੜ੍ਹੀ ਗਈ
ਸਤਿਕਾਰਯੋਗ ਵੀਰ ਕੰਬੋਜ ਜੀ ਤੇ ਭੈਣ ਹਰਦੀਪ ਕੌਰ ਸੰਧੂ ਜੀਓ।
ਮਿੱਠੀ ਯਾਦ !
ਮੈਂ ਆਪ ਜੀ ਦਾ ਤੇ ਹਾਇਕੁ ਪਰਿਵਾਰ ਦਾ ਕੋਟਿ ਕੋਟਿ ਧੰਨਵਾਦੀ ਹਾਂ ਕਿ ਆਪ ਮੈਨੂੰ ਆਪਣੇ ਹਾਇਕੁ ਲੋਕ ਬਲਾਗ 'ਚ ਲਗਾਤਾਰ ਛਾਪ ਕੇ ਮੇਰਾ ਮਾਣ ਵਧਾ ਰਹੇ ਹੋ। ਇਹ ਤੁਹਾਡੀ ਲਗਾਤਾਰ ਸਖ਼ਤ ਮਿਹਨਤ ਤੇ ਇਮਾਨਦਾਰੀ ਦਾ ਸਿੱਟਾ ਹੈ ਕਿ ਤੁਸੀਂ ਇਸ ਹਾਇਕੁ ਵਿਧਾ ਦਾ ਮੂੰਹ -ਮੁਹਾਂਦਰਾ ਸੁਆਰਨ ਲਈ ਪੂਰੀ ਤਰਾਂ ਸਮਰਪਿਤ ਤੇ ਸੰਘਰਸ਼ੀਲ ਹੋ। ਸਾਹਿਤ ਸਾਧਨਾ ਕਰੜੀ ਮੁਸ਼ੱਕਤ ਤੇ ਸਚਾਈ ਦਾ ਨਾਂ ਹੈ। ਰੱਬ ਜੀ ਇਹ ਵੱਡਮੁੱਲੀ ਦਾਤ ਕਿਸੇ ਭਾਗਾਂਭਰੀਆਂ ਰੂਹਾਂ ਨੂੰ ਹੀ ਬਖਸ਼ਦਾ ਹੈ। ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਤੇ ਚੰਗੀ ਸਿਹਤ ਬਖਸ਼ੇ।
ਤੁਹਾਡਾ ਆਪਣਾ
ਬੁੱਧ ਸਿੰਘ ਨਡਾਲੋਂ
ਜ਼ਿਲ੍ਹਾ ਹੁਸ਼ਿਆਰਪੁਰ (1.10.15)
*******************************************************************************
ਪਿਆਰੀ ਡਾ. ਹਰਦੀਪ ਜੀ,
ਆਪ ਦੀ ਹੱਲਾਸ਼ੇਰੀ ਨਾਲ ਮੈਂ ਹਾਇਕੁ -ਲੋਕ ਨਾਲ ਜੁੜਨ ਦਾ ਹੌਸਲਾ ਕੀਤਾ ਹੈ। ਪੰਜਾਬੀ ਦੀਆਂ ਸਾਰੀਆਂ ਰਚਨਾਵਾਂ ਮੈਂ ਬੜੇ ਸ਼ੌਕ ਨਾਲ਼ ਪੜ੍ਹਦੀ ਹਾਂ। ਪੰਜਾਬੀ ਲਿਖਣ ਦਾ ਵੀ ਸ਼ੌਕ ਰੱਖਦੀ ਹਾਂ ਤੇ ਲਿਖਣ ਦੀ ਪ੍ਰੇਰਣਾ ਮੈਨੂੰ ਹਾਇਕੁ ਲੋਕ ਪੜ੍ਹ ਕੇ ਮਿਲੀ ਹੈ। ਭਾਵੇਂ ਪੰਜਾਬੀ ਸਾਹਿਤ 'ਤੇ ਮੇਰੀ ਐਨੀ ਪਕੜ ਨਹੀਂ ਹੈ ਸਨੇਹ ਭਰੇ ਦਿਲ ਵਾਲੀ ਡਾ. ਹਰਦੀਪ ਸੰਧੂ ਦੇ ਸਹਿਯੋਗ ਸਦਕਾ ਪੰਜਾਬੀ ਲਿਖਣ ਦਾ ਹੌਸਲਾ ਕਰਦੀ ਹਾਂ।
ਹਰਦੀਪ ਜੀ ਆਪ ਨੇ ਹਾਇਕੁ ਲੋਕ ਨਾਲ ਜੋੜਕੇ ਮੇਰਾ ਮਾਨ ਬੜਾ ਦਿੱਤਾ । ਨਿਮਾਣੀ ਜੇਈ ਲੇਖਣੀ ਨੂੰ ਲਿਖਨ ਦੀ ਜਾਂਚ ਨਹੀ ਹੈ ਫਿਰ ਭੀ ਤੁਸਾਂ ਆਪਣਾ ਸਹਿਯੋਗ ਦੇ ਕੇ ਮੈਨੂੰ ਅੱਗੇ ਬੜਨ ਦੀ ਪ੍ਰੇਰਣਾ ਦਿਤੀ ਹੈ। ਤੁਸੀਂ ਹੋਸਲਾ ਅਫਜਾਈ ‘ਚ ਕਦੀ ਪਿਛੇ ਨਹੀ ਹਟਦੇ।
ਅੱਜ ਇਹ ਪੱਤਰ ਮੈਂ ਆਪਣੇ ਪੰਜਾਬੀ ਗੁਰੂ ਨੂੰ ਲਿਖ ਰਹੀ ਹਾਂ। ਗੁਰੂ ਪੂਰਨਿਮਾ 'ਤੇ ਗੁਰੂ ਨੂੰ ਸ਼ਤ -ਸ਼ਤ ਨਮਨ। ਮੇਰੇ 'ਤੇ ਆਪਣਾ ਆਸ਼ੀਰਵਾਦ ਬਣਾਏ ਰੱਖਣਾ। ਤੇਰੇ ਲੇਖਣ ਤੇ ਤੇਰੀ ਆਵਾਜ਼ 'ਚ ਹਾਇਬਨ ਸੁਣ ਕੇ ਤੇਰੇ ਵੱਡੇ ਦਿਲ ਨਾਲ ਵੀ ਜਾਣ -ਪਛਾਣ ਹੋਈ। ਜਦ ਕਿਸੇ ਨੂੰ ਕੋਈ ਗੱਲ ਪਸੰਦ ਨਹੀਂ ਆਉਂਦੀ ਤਾਂ ਉਹ ਕਿਸੇ ਨਾਲ ਲਿੰਕ ਰੱਖਣਾ ਵੀ ਪਸੰਦ ਨਹੀਂ ਕਰਦਾ। ਪਰ ਤੂੰ ਅਜਿਹਾ ਨਹੀਂ ਕਰਦੀ। ਤੇਰੇ ਕੋਲੋਂ ਮੈਨੂੰ ਬਹੁਤ ਕੁਝ ਸਿੱਖਨ ਨੂੰ ਮਿਲਿਆ ਹੈ। ਤੇਰੇ ਹਾਇਬਨ ਪੜ੍ਹ ਕੇ ਤਾਰੀਫ਼ 'ਚ ਬਹੁਤ ਕੁਝ ਲਿਖਿਆ ਜਾ ਸਕਦਾ ਹੈ। ਜਦੋਂ ਤੋਂ ਤੇਰਾ ਹਾਇਬਨ ਨੰਬਰ ਪ੍ਲੇਟ ਪੜ੍ਹਿਆ ਹੈ ਤੇਰੀ ਲੇਖਣ ਸ਼ੈਲੀ ਤੇ ਪੰਜਾਬੀ ਮੈਨੂੰ ਹੋਰ ਜ਼ਿਆਦਾ ਸਮਝ ਆਉਣ ਲੱਗੀ ਹੈ। ਹੁਣ ਮੈਂ ਪੁਰਾਣੇ ਹਾਇਬਨ ਪੜ੍ਹਨੇ ਸ਼ੁਰੂ ਕੀਤੇ ਨੇ ਤੇ ਅਨੰਦ ਲੈ ਰਹੀ ਹਾਂ।
ਆਪ ਮੈਨੂੰ ਜੋ ਉਂਗਲੀ ਫੜ੍ਹ ਸਾਥ -ਸਾਥ ਚਲਨੇ ਕੀ ਪ੍ਰੇਰਣਾ ਦੇ ਰਹੀ ਹੋ। ਮੇਰੇ ਲਈ ਅਨਮੋਲ ਭੇਂਟ ਹੈ ਤੇਰੀ। ਮੈਂ ਆਪਣੀ ਕੋਸ਼ਿਸ਼ ਕਰਦੀ ਰਹਾਂਗੀ। ਇੱਕ ਵਾਰ ਫਿਰ ਆਪ ਦਾ ਬਹੁਤ -ਬਹੁਤ ਧੰਨਵਾਦ।
ਕਮਲਾ ਘਟੌੜਾ
ਯੂ ਕੇ (18.2.16)
*******************************************************************************************
ਪਿਆਰੀ ਦੀਪੀ ,
ਤੇਰੀਆਂ ਲਿਖਤਾਂ ਪੜ੍ਹੀਆਂ। ਲਾਜਵਾਬ ਨੇ। ਤੇਰਾ ਲਿਖਣ ਢੰਗ , ਸ਼ਬਦਚੋਣ ਤੇ ਲਿਖਣ ਦਾ ਅੰਦਾਜ਼ ਨਵੇਕਲਾ ਹੈ। ਤੂੰ ਹਰ ਗੱਲ ਨੂੰ ਬੜੀ ਬਾਰੀਕੀ ਨਾਲ ਪੇਸ਼ ਕਰ ਸਕਦੀ ਹੈਂ। ਤੇਰੇ ਹਾਇਬਨ ਇੱਕ ਛੋਟੀ ਜਿਹੀ ਗੱਲ 'ਤੇ ਕੇਂਦ੍ਰਿਤ ਹੁੰਦੇ ਨੇ। ਪਰ ਓਸ ਦਾ ਜੋ ਵਿਸਥਾਰ ਤੂੰ ਉਲੀਕਦੀ ਹੈਂ ਉਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਤੂੰ ਸਫਰਨਾਮਾ ਵੀ ਲਿਖ ਸਕਦੀ ਹੈਂ। ਜੇ ਤੂੰ ਕਦੇ ਸਫਰਨਾਮਾ ਲਿਖੇਂ ਤਾਂ ਇਹ ਬਹੁਤ ਮਕਬੂਲ ਹੋਵੇਗਾ। ਬਹੁਤ ਲੋਕ ਓਸ ਨੂੰ ਚਾਅ ਨਾਲ ਪੜ੍ਹਨਗੇ। ਤੇਰੇ ਲੇਖਣ ਬਾਰੇ ਬਹੁਤ ਕੁਝ ਕਿਹਾ ਤੇ ਲਿਖਿਆ ਜਾ ਸਕਦਾ ਹੈ। ਏਸ ਦੀ ਜਿੰਨੀ ਤਾਰੀਫ਼ ਕੀਤੀ ਜਾਏ ਘੱਟ ਹੈ। ਮੇਰੇ ਕੋਲ ਤਾਂ ਏਸ ਨੂੰ ਸਲਾਹੁਣ ਲਈ ਸ਼ਬਦ ਨਹੀਂ ਹਨ।
ਤੇਰਾ ਮਾਮਾ ਸ. ਭਰਪੂਰ ਸਿੰਘ
(ਸੱਵਦੀ ਕਲਾਂ )
8.2.16
******************************************************************************************
ਹੋਰ ਚਿੱਠੀਆਂ ਪੜ੍ਹਨ ਲਈ ਇੱਥੇ ਕਲਿੱਕ ਕਰੋ
ਨੋਟ: ਇਹ ਪੋਸਟ ਹੁਣ ਤੱਕ 67 ਵਾਰ ਪੜ੍ਹੀ ਗਈ
19 Feb 2016
16 Feb 2016
ਮੁਸਕਾਨ
ਪੱਤਝੜ ਦੀ ਰੁੱਤ ਦੇ ਖੁਸ਼ਕ ਜਿਹੇ ਦਿਨ। ਖੁਰਦਰੇ ਪਲਾਂ ਦੀ ਮਾਰ ਝੱਲਦਾ ਜ਼ਖਮੀ ਜਿਹਾ ਮੌਸਮ। ਜ਼ਿੰਦਗੀ ਦੇ ਵਿਹੜਿਆਂ 'ਚ ਬੈਠੇ ਲੋਕ ਬਦਲੇ ਮੌਸਮ ਦੀਆਂ ਹੀ ਗੱਲਾਂ ਕਰਦੇ ਜਾਪਦੇ ਸਨ । ਜ਼ਿੰਦਗੀ ਦੇ ਮਾਂਦੇ ਪਏ ਰੰਗਾਂ ਦੀਆਂ ਪੈੜਾਂ ਹੇਠ ਗੁਆਚੇ ਜਿਉਣ ਵਰਗੇ ਪਲਾਂ ਨੂੰ ਹੁਣ ਉਹ ਲੱਭ ਰਹੇ ਸਨ । ਪਰ ਪੱਤਝੜ 'ਚ ਬਹਾਰ ਦਾ ਮਿਲ ਜਾਣਾ, ਹੈ ਨਾ ਅਲੋਕਾਰੀ ਅਹਿਸਾਸ। ਹਾਂ ਓਸ ਦਿਨ ਏਹੋ ਹੀ ਤਾਂ ਹੋਇਆ ਸੀ ਜਦੋਂ ਉਹ ਮੈਨੂੰ ਮਿਲੀ ਸੀ। ਕਾਉਂਟਰ 'ਤੇ ਖੜ੍ਹੀ ਨੇ ਬੜੇ ਹੀ ਤਪਾਕ ਨਾਲ ਉਸ ਪੁੱਛਿਆ ਸੀ , " ਹਾਓ ਕੈਨ ਆਈ ਹੈਲਪ ਯੂ ?" ਉਸ ਦੇ ਬੋਲਾਂ ਨੇ ਮੇਰਾ ਮਨ ਮੋਹ ਲਿਆ ਸੀ।
ਉਸ ਦਾ ਝਮ -ਝਮ ਕਰਦਾ ਚਿਹਰਾ ਮੇਰੇ ਜ਼ਿਹਨ 'ਚ ਆਣ ਲੱਥਾ ਸੀ । ਇਕਹਰਾ ਪਤਲਾ ਸਰੀਰ, ਮਦਮਸਤ ਬਲੌਰੀ ਅੱਖਾਂ ਤੇ ਗੋਰਾ ਨਿਸ਼ੋਹ ਰੰਗ ਜਿਵੇਂ ਮੱਖਣ 'ਚ ਸੰਧੂਰ ਮਿਲਿਆ ਹੋਵੇ। ਜਦੋਂ ਹੱਸੇ ਤਾਂ ਮੂੰਹੋਂ ਫੁੱਲ ਕਿਰਨ। ਗੱਲ ਕਰੇ ਤਾਂ ਕੰਨਾਂ 'ਚ ਅੰਮ੍ਰਿਤ ਰਸ ਘੁਲੇ । ਉਸ ਦੇ ਹੰਸੂ -ਹਸੂੰ ਕਰਦੇ ਮੁੱਖੜੇ ਨੇ ਮੈਨੂੰ ਐਨਾ ਕੀਲ ਲਿਆ ਸੀ ਕਿ ਮੈਂ ਤਾਂ ਉਸ ਦਾ ਨਾਮ ਤੱਕ ਪੁੱਛਣਾ ਭੁੱਲ ਗਈ ਸਾਂ ਜਾਂ ਸਮਝੋ ਏਸ ਦੀ ਲੋੜ ਹੀ ਨਹੀਂ ਭਾਸੀ ਸੀ।
ਕੁਝ ਦਿਨਾਂ ਬਾਅਦ ਜਦੋਂ ਮੈਂ ਫਿਰ ਸ਼ਾਪਿੰਗ ਮਾਲ ਗਈ ਤਾਂ ਮੇਰੀਆਂ ਅੱਖਾਂ ਉਸ ਨੂੰ ਹੀ ਤਲਾਸ਼ ਰਹੀਆਂ ਸਨ। ਕਹਿੰਦੇ ਨੇ ਕਿ ਜੋ ਹਮੇਸ਼ਾਂ ਬਹਾਰਾਂ 'ਚ ਜਿਉਂਦੇ ਨੇ ਉਹਨਾਂ ਲਈ ਪੱਤਝੜ ਵੀ ਬਹਾਰ ਬਣ ਜਾਂਦੀ ਹੈ। ਉਹ ਤਾਂ ਖੜ -ਖੜ ਕਰਦੇ ਸੁੱਕੇ ਪੱਤਿਆਂ 'ਚੋਂ ਵੀ ਸੁਰ ਭਾਲ ਲੈਂਦੇ ਨੇ। ਉਸ ਦੀ ਸੀਰਤ ਇਸੇ ਗੱਲ ਦੀ ਹੀ ਹਾਮੀ ਭਰਦੀ ਸੀ। ਇਸ ਵਾਰ ਦੀ ਮਿਲਣੀ 'ਚ ਵਿਦੇਸ਼ੀ ਭਾਸ਼ਾ ਦਾ ਠੁੰਮਣਾ ਖੁਦ- ਬ -ਖੁਦ ਹੀ ਕਿਧਰੇ ਖਿਸਕ ਗਿਆ ਸੀ। ਮੈਨੂੰ ਮੇਰੀਆਂ ਭਾਵਨਾਵਾਂ ਹੁਣ ਬੇਕਾਬੂ ਹੁੰਦੀਆਂ ਜਾਪੀਆਂ ," ਤੈਨੂੰ ਵੇਖਦਿਆਂ ਹੀ ਪੱਤਝੜ ਰੁੱਤੇ ਵੀ ਰੰਗਾਂ ਦੀ ਛਹਿਬਰ ਲੱਗ ਜਾਂਦੀ ਏ । ਤੇਰੇ ਬੋਲ ਸੱਜਰੀ ਹਵਾ ਦੇ ਬੁੱਲ੍ਹਿਆਂ ਜਿਹੇ ਨੇ। ਤੇਰੇ ਅਕਸ ਦਾ ਪਰਛਾਵਾਂ ਮੇਰੇ ਜ਼ਿਹਨ ਦਾ ਇੱਕ ਕੋਨਾ ਮੱਲੀ ਬੈਠਾ ਹੈ ।"
ਦਿਨ ਚੜ੍ਹਦੇ ਦੀ ਲਾਲੀ ਜਿਹੀ ਚਮਕ ਹੁਣ ਉਸ ਦੀਆਂ ਅੱਖਾਂ 'ਚ ਸੀ। ਅਪਣੱਤ ਤੇ ਮੋਹ ਭਰੇ ਵੇਗ 'ਚ ਉਹ ਮੱਲੋਮੱਲੀ ਵਹਿ ਤੁਰੀ। "ਮੈਂ ਤਾਂ ਤੁਹਾਨੂੰ ਦੂਰੋਂ ਹੀ ਵੇਖ ਲਿਆ ਸੀ ਤੇ ਸੋਚ ਰਹੀ ਸਾਂ ਕਿ ਤੁਹਾਨੂੰ ਸੇਵਾ ਪ੍ਰਦਾਨ ਕਰਨ ਦੀ ਵਾਰੀ ਮੈਂ ਹੀ ਲੈਣੀ ਹੈ। ਇੱਕ ਗੱਲ ਹੋਰ ਕਹਾਂ - ਤੁਹਾਡੇ ਪਾਏ ਪੰਜਾਬੀ ਸੂਟ ਨੂੰ ਵੇਖ ਕੇ ਸੁਆਦ ਆ ਜਾਂਦਾ ਹੈ, " ਸਹਿਜੇ ਜਿਹੇ ਉਸ ਆਪਣੀ ਨਿੰਮੀ ਜਿਹੀ ਮੁਸਕਾਨ ਬਿਖੇਰੀ । ਮੇਰੇ ਅਬੋਲੇ ਬੋਲ ਮੇਰੇ ਸਾਹਵਾਂ ਨਾਲ ਰਲ ਕੇ ਏਹੋ ਦੁਆ ਕਰ ਰਹੇ ਸੀ ਕਿ ਉਹ ਇਸੇ ਤਰਾਂ ਸੰਦਲੀ ਖੁਸ਼ਬੋਈਆਂ ਵੰਡਦੀ ਰਹੇ ਤੇ ਇਹਨਾਂ ਖਿਣਾਂ ਦੀ ਕਦਰ ਕਰਨ ਵਾਲੇ ਆਪਣੀਆਂ ਝੋਲੀਆਂ ਭਰਦੇ ਰਹਿਣ। ਰੱਬ ਕਰੇ ਸੱਜਰੀਆਂ ਪੈੜਾਂ ਦਾ ਹੁਣੇ -ਹੁਣੇ ਸ਼ੁਰੂ ਹੋਇਆ ਸਾਡਾ ਇਹ ਇਲਾਹੀ ਸਫ਼ਰ ਇੰਝ ਹੀ ਚੱਲਦਾ ਰਹੇ।
ਹਵਾ ਦਾ ਬੁੱਲਾ -
ਫੁੱਲਾਂ ਸੰਗ ਖਹਿੰਦਾ
ਮਹਿਕੀ ਫਿਜ਼ਾ।
ਡਾ. ਹਰਦੀਪ ਕੌਰ ਸੰਧੂ
ਨੋਟ: ਇਹ ਪੋਸਟ ਹੁਣ ਤੱਕ 152 ਵਾਰ ਪੜ੍ਹੀ ਗਈ
ਉਸ ਦਾ ਝਮ -ਝਮ ਕਰਦਾ ਚਿਹਰਾ ਮੇਰੇ ਜ਼ਿਹਨ 'ਚ ਆਣ ਲੱਥਾ ਸੀ । ਇਕਹਰਾ ਪਤਲਾ ਸਰੀਰ, ਮਦਮਸਤ ਬਲੌਰੀ ਅੱਖਾਂ ਤੇ ਗੋਰਾ ਨਿਸ਼ੋਹ ਰੰਗ ਜਿਵੇਂ ਮੱਖਣ 'ਚ ਸੰਧੂਰ ਮਿਲਿਆ ਹੋਵੇ। ਜਦੋਂ ਹੱਸੇ ਤਾਂ ਮੂੰਹੋਂ ਫੁੱਲ ਕਿਰਨ। ਗੱਲ ਕਰੇ ਤਾਂ ਕੰਨਾਂ 'ਚ ਅੰਮ੍ਰਿਤ ਰਸ ਘੁਲੇ । ਉਸ ਦੇ ਹੰਸੂ -ਹਸੂੰ ਕਰਦੇ ਮੁੱਖੜੇ ਨੇ ਮੈਨੂੰ ਐਨਾ ਕੀਲ ਲਿਆ ਸੀ ਕਿ ਮੈਂ ਤਾਂ ਉਸ ਦਾ ਨਾਮ ਤੱਕ ਪੁੱਛਣਾ ਭੁੱਲ ਗਈ ਸਾਂ ਜਾਂ ਸਮਝੋ ਏਸ ਦੀ ਲੋੜ ਹੀ ਨਹੀਂ ਭਾਸੀ ਸੀ।
ਕੁਝ ਦਿਨਾਂ ਬਾਅਦ ਜਦੋਂ ਮੈਂ ਫਿਰ ਸ਼ਾਪਿੰਗ ਮਾਲ ਗਈ ਤਾਂ ਮੇਰੀਆਂ ਅੱਖਾਂ ਉਸ ਨੂੰ ਹੀ ਤਲਾਸ਼ ਰਹੀਆਂ ਸਨ। ਕਹਿੰਦੇ ਨੇ ਕਿ ਜੋ ਹਮੇਸ਼ਾਂ ਬਹਾਰਾਂ 'ਚ ਜਿਉਂਦੇ ਨੇ ਉਹਨਾਂ ਲਈ ਪੱਤਝੜ ਵੀ ਬਹਾਰ ਬਣ ਜਾਂਦੀ ਹੈ। ਉਹ ਤਾਂ ਖੜ -ਖੜ ਕਰਦੇ ਸੁੱਕੇ ਪੱਤਿਆਂ 'ਚੋਂ ਵੀ ਸੁਰ ਭਾਲ ਲੈਂਦੇ ਨੇ। ਉਸ ਦੀ ਸੀਰਤ ਇਸੇ ਗੱਲ ਦੀ ਹੀ ਹਾਮੀ ਭਰਦੀ ਸੀ। ਇਸ ਵਾਰ ਦੀ ਮਿਲਣੀ 'ਚ ਵਿਦੇਸ਼ੀ ਭਾਸ਼ਾ ਦਾ ਠੁੰਮਣਾ ਖੁਦ- ਬ -ਖੁਦ ਹੀ ਕਿਧਰੇ ਖਿਸਕ ਗਿਆ ਸੀ। ਮੈਨੂੰ ਮੇਰੀਆਂ ਭਾਵਨਾਵਾਂ ਹੁਣ ਬੇਕਾਬੂ ਹੁੰਦੀਆਂ ਜਾਪੀਆਂ ," ਤੈਨੂੰ ਵੇਖਦਿਆਂ ਹੀ ਪੱਤਝੜ ਰੁੱਤੇ ਵੀ ਰੰਗਾਂ ਦੀ ਛਹਿਬਰ ਲੱਗ ਜਾਂਦੀ ਏ । ਤੇਰੇ ਬੋਲ ਸੱਜਰੀ ਹਵਾ ਦੇ ਬੁੱਲ੍ਹਿਆਂ ਜਿਹੇ ਨੇ। ਤੇਰੇ ਅਕਸ ਦਾ ਪਰਛਾਵਾਂ ਮੇਰੇ ਜ਼ਿਹਨ ਦਾ ਇੱਕ ਕੋਨਾ ਮੱਲੀ ਬੈਠਾ ਹੈ ।"
ਦਿਨ ਚੜ੍ਹਦੇ ਦੀ ਲਾਲੀ ਜਿਹੀ ਚਮਕ ਹੁਣ ਉਸ ਦੀਆਂ ਅੱਖਾਂ 'ਚ ਸੀ। ਅਪਣੱਤ ਤੇ ਮੋਹ ਭਰੇ ਵੇਗ 'ਚ ਉਹ ਮੱਲੋਮੱਲੀ ਵਹਿ ਤੁਰੀ। "ਮੈਂ ਤਾਂ ਤੁਹਾਨੂੰ ਦੂਰੋਂ ਹੀ ਵੇਖ ਲਿਆ ਸੀ ਤੇ ਸੋਚ ਰਹੀ ਸਾਂ ਕਿ ਤੁਹਾਨੂੰ ਸੇਵਾ ਪ੍ਰਦਾਨ ਕਰਨ ਦੀ ਵਾਰੀ ਮੈਂ ਹੀ ਲੈਣੀ ਹੈ। ਇੱਕ ਗੱਲ ਹੋਰ ਕਹਾਂ - ਤੁਹਾਡੇ ਪਾਏ ਪੰਜਾਬੀ ਸੂਟ ਨੂੰ ਵੇਖ ਕੇ ਸੁਆਦ ਆ ਜਾਂਦਾ ਹੈ, " ਸਹਿਜੇ ਜਿਹੇ ਉਸ ਆਪਣੀ ਨਿੰਮੀ ਜਿਹੀ ਮੁਸਕਾਨ ਬਿਖੇਰੀ । ਮੇਰੇ ਅਬੋਲੇ ਬੋਲ ਮੇਰੇ ਸਾਹਵਾਂ ਨਾਲ ਰਲ ਕੇ ਏਹੋ ਦੁਆ ਕਰ ਰਹੇ ਸੀ ਕਿ ਉਹ ਇਸੇ ਤਰਾਂ ਸੰਦਲੀ ਖੁਸ਼ਬੋਈਆਂ ਵੰਡਦੀ ਰਹੇ ਤੇ ਇਹਨਾਂ ਖਿਣਾਂ ਦੀ ਕਦਰ ਕਰਨ ਵਾਲੇ ਆਪਣੀਆਂ ਝੋਲੀਆਂ ਭਰਦੇ ਰਹਿਣ। ਰੱਬ ਕਰੇ ਸੱਜਰੀਆਂ ਪੈੜਾਂ ਦਾ ਹੁਣੇ -ਹੁਣੇ ਸ਼ੁਰੂ ਹੋਇਆ ਸਾਡਾ ਇਹ ਇਲਾਹੀ ਸਫ਼ਰ ਇੰਝ ਹੀ ਚੱਲਦਾ ਰਹੇ।
ਹਵਾ ਦਾ ਬੁੱਲਾ -
ਫੁੱਲਾਂ ਸੰਗ ਖਹਿੰਦਾ
ਮਹਿਕੀ ਫਿਜ਼ਾ।
ਡਾ. ਹਰਦੀਪ ਕੌਰ ਸੰਧੂ
ਨੋਟ: ਇਹ ਪੋਸਟ ਹੁਣ ਤੱਕ 152 ਵਾਰ ਪੜ੍ਹੀ ਗਈ
Subscribe to:
Posts (Atom)

