ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

9 Mar 2017

ਰੁੱਖ ਦਾ ਸਬਰ

Image may contain: tree, sky, outdoor and nature
ਫੋਟੋ :ਪ੍ਰਤਾਪ ਹੀਰਾ 

ਪੱਤਾ ਪੱਤਾ ਟੁੱਟੇ ਮੇਰੇ ਸਬਰ ਦਾ !! 
ਤੈਨੂੰ ਪਤਾ ਨਹੀਂ ਮੇਰੇ ਹਸ਼ਰ ਦਾ !!
ਮੌਸਮ ਨਹੀਂ ਜੋ ਬਦਲ ਜਾਵਾਂਗਾ  !!
ਉਮੀਦ ਹੈ ਫਿਰ ਪੁੰਗਰ ਆਵਾਂਗਾ !!
ਤੁਫ਼ਾਨ ਅੱਗੇ ਖੜ ਗਿਆ ਹਾਂ !!
ਜਬਰ ਨਾਲ ਲੜ ਗਿਆ ਹਾਂ !!
ਹਿੱਕ 'ਤੇ ਨਾ ਫੇਰ ਆਰੀ ਦੋਸਤਾ !!
ਛਾਂ ਦੇਵਾਂ ਤੈਨੂੰ ਪਿਆਰੀ ਦੋਸਤਾ !!
ਜੀਣਾ ਚਾਹੰਦੈਂ  ਜੇ ਸੰਸਾਰ 'ਤੇ !!
ਰੁੱਖ ਇੱਕ ਹੀ ਲਗਾ ਮੌਸਮੇ ਬਹਾਰ 'ਤੇ !!
ਰੁੱਖ ਇੱਕ ਹੀ ਲਗਾ ਮੌਸਮੇ ਬਹਾਰ 'ਤੇ !!
ਨਿਰਮਲ ਕੋਟਲਾ 
ਨੋਟ : ਇਹ ਪੋਸਟ ਹੁਣ ਤੱਕ 84 ਵਾਰ ਪੜ੍ਹੀ ਗਈ ਹੈ।


8 Mar 2017

ਪੰਜ ਤੱਤਾਂ ਦੀ ਮਿੱਸ

Image result for woman painting jarnail singh
ਸਬਰ
ਸੰਜਮ 
ਸੁਹੱਪਣ 
ਸਿਦਕ 
ਤੇ 
ਸ਼ਰਮ 
ਪੰਜ ਤੱਤਾਂ ਦੀ ਮਿੱਸ ਦੀ ਮਿੱਟੀ 
ਗੁੰਨ ਗੁੰਨ 
ਓਸ ਘੁਮਿਆਰ ਨੇ 
ਘੜੀ ਤੇਰੀ 
ਸੀਰਤ ਤੇ ਸੂਰਤ 
ਐ ਔਰਤ !

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 145 ਵਾਰ ਪੜ੍ਹੀ ਗਈ ਹੈ।

ਵਕਤਾ ਵੇ !

Related imageਵਕਤਾ ਵੇ !
ਤੇਰੇ 'ਤੇ ਕੀ ਗਿਲਾ ਕਰਨਾ 
ਤੂੰ ਲੰਘ ਚੱਲਿਆ 
ਚੁੱਪ ਚੁਪੀਤਾ 
ਮੂੰਹ ਮੋੜ 
ਬਿਨ ਦੇਖਿਆਂ 
ਚੜਦੇ ਨੂੰ 
ਜੀ ਆਇਆਂ ਕਹਿਣ 
ਢਲਦੇ ਦਾ ਦਿਲ ਤੋੜ।
ਕਸੂਰ ਨਹੀਂ ਤੇਰਾ 
ਉਮਰਾਂ ਦੀ ਪੱਤਝੜ ਆਈ
ਹੱਡੀਆਂ ਨੇ ਖੜਖੜ ਲਾਈ
ਵਿੱਚ ਭੇਦ ਲੁਕਾਇਆ 
ਝੜਦੇ ਪੱਤੇ ਹੀ ਬਣਨ ਖਾਦ
ਨਵਿਆਂ ਲਈ 
ਮਿੱਟ ਜੀਵਨ ਗੁਆਵਣ 
ਆਸ਼ਾਵਾਦੀ ਨਹੀਂ ਹਾਰਨ 
ਲੱਖ ਜਾਨ ਗੁਆਵਣ 
ਫਿਰ ਪੁੰਗਰਦੇ 
ਲਹਿ ਲਹਾਉਂਦੇ 
ਫੁੱਲ ਬਣ ਬਾਗਾਂ ਦੇ 
ਐ ਵਕਤਾ 
ਤੇਰੇ 'ਤੇ ਕੀ ਸ਼ਿਕਵਾ ਕਰਾਂ?  

ਕਮਲਾ ਘਟਾਔਰਾ 
ਨੋਟ : ਇਹ ਪੋਸਟ ਹੁਣ ਤੱਕ 59 ਵਾਰ ਪੜ੍ਹੀ ਗਈ ਹੈ।

5 Mar 2017

ਯਾਦ

ਅੱਜ ਮੈਨੂੰ
ਯਾਦ ਆ ਰਿਹਾ ਹੈ
ਬਚਪਨ ਤੇ ਬਾਬਲ ਦਾ
ਓਹ ਵਿਹੜਾ ! ਜਿਥੇ ਸਟਾਪੂ ਖੇਡਦਿਆਂ
ਕਦੋਂ ਤ੍ਰਕਾਲਾਂ ਪੈ ਜਾਂਦੀਆਂ ਪਤਾ ਹੀ ਨਹੀਂ ਸੀ ਲੱਗਦਾ ! ਤੇ ਹੁਣ
ਪੈ ਰਹੀਆਂ ਨੇ
ਜ਼ਿੰਦਗੀ ਦੀਆਂ ਤ੍ਰਕਾਲਾਂ ! ਨਾ ਤਾਂ ਹੁਣ ਉਹ ਮਾਂ ਰਹੀ ਆ
ਗੁੱਸੇ ਹੋਣ ਵਾਲੀ , ਤੇ ਨਾ ਬਾਪੂ ਰਿਹਾ
ਮਨਾਉਣ ਵਾਲ਼ਾ ! ਕਈ ਵਾਰ
ਆਪੇ ਰੁੱਸ ਕੇ
ਆਪੇ ਹੀ ਮੰਨ ਜਾਈਦਾ ! ਹੁਣ ਵੀ ਕਈ ਵਾਰੀ
ਦਿਲ ਕਰਦਾ
ਬਹਾਨਾ ਲਾਵਾਂ
ਢਿੱਡ ਪੀੜ ਦਾ!!
ਨਾ ਜਾਣਾ ਪਵੇ
ਤਾਂ ਕਿ ਸਕੂਲ ! ਪਰ ਫਿਰ ਸੋਚਦੀ ਆਂ
ਕਿ ਛੱਡ ਮਨਾ
ਜ਼ਰੂਰ ਛੁੱਟੀ ਲਵਾਉਣੀ ਆਂ ! ਚੱਲ ਮਨ ਹੋਰ ਹੋਜੂ
ਜਾ ਕੇ ਸਕੂਲ !!! ਦਰਦ ਹੁੰਦਿਆਂ ਵੀ ਤੁਰ
ਪੈਂਦੀ ਹਾਂ ਰੁਜ਼ਗਾਰ ਨੂੰ!!

ਨਿਰਮਲ ਕੋਟਲਾ

ਨੋਟ : ਇਹ ਪੋਸਟ ਹੁਣ ਤੱਕ 33 ਵਾਰ ਪੜ੍ਹੀ ਗਈ ਹੈ।

4 Mar 2017

ਬੇਬੇ ਦੀ ਚੁੱਪੀ

1.
ਸਫ਼ੈਦ ਲੋਈ -
ਧੁੰਦ ਵਿੱਚ ਲਿਪਟੇ 
ਖੇਤ ਅਤੇ ਮੈਂ।


2.
ਦੁੱਖ ਲਕੀਰਾਂ -
ਝੁਰੜੀਆਂ 'ਚ ਕੰਬੀ 
ਬੇਬੇ ਦੀ ਚੁੱਪੀ । 


ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 151 ਵਾਰ ਪੜ੍ਹੀ ਗਈ ਹੈ।

ਕੂੰਜ ਉਡਾਰੀ

Surjit Bhullar's Profile Photo, Image may contain: 1 personਮੇਰਾ ਆਪਾ,
ਤੇਰੇ ਅਦਿੱਖ ਭੌਤਿਕ ਸਰੂਪ ਦੀ ਭਾਲ 'ਚ,
ਮਨ ਦੀਆਂ ਵੈਰਾਗ ਕੂੰਜਾਂ ਸੰਗ
ਲੰਮੇ ਸਫ਼ਰ ਦੀ ਉਡਾਣ ਭਰ ਚੁੱਕਾ ਹੈ।
ਇਹ ਤੇਰੇ ਤਰਲ ਤਾਲ ਤੇ ਕਦੋਂ ਉੱਤਰੇ
ਅਜੇ ਤਾਂ ਕਹਿਣਾ ਅਸੰਭਵ ਹੈ?
ਹਾਂ,ਇਹ ਮੰਨਦਾ ਹਾਂ,
ਇਨ੍ਹਾਂ ਵੈਰਾਗੀ ਕੂੰਜਾਂ ਸੰਗ ਉੱਡਦਿਆਂ
ਇਨ੍ਹਾਂ ਦੇ ਸਬਰ,ਸੰਤੋਖ ਤੇ ਗਿਆਨ ਅਨੁਭਵ ਨਾਲ
ਅਨਿੱਖੜ ਸਾਂਝ ਪੈ ਚੁੱਕੀ ਹੈ।
ਮੇਰੀ ਵਿਸ਼ਵਾਸ ਸ਼ਕਤੀ ਵੱਧ ਚੁੱਕੀ ਹੈ।
.
ਹੁਣ ਮੇਰੇ ਆਪੇ ਨੂੰ ਪੂਰਨ ਯਕੀਨ ਹੈ
ਤੇਰੇ ਅਦਿੱਖ ਭੌਤਿਕ ਸਰੂਪ ਨਾਲ
ਛੇਤੀ ਹੀ ਅਵੱਸ਼ ਮਿਲਣੀ ਕਰਾਂਗਾ।
ਤੇਰੇ ਨੈਣਾਂ ਦੇ ਨੀਰ ਦੀ ਨੀਲੱਤਣ ਝੀਲ'ਚ
ਸਾਹਸ ਭਰੀ ਕੂੰਜ ਡਾਰ ਉੱਤਰੇਗੀ
ਤੇਰੇ ਸੰਗ ਤਾਰੀਆਂ ਲਾਉਣ ਲਈ।
ਆਪਸੀ ਦੋਸਤੀ ਨਿਭਾਉਣ ਲਈ।
ਪਿਆਰ ਦੇ ਵਾਅਦੇ ਪੁਗਾਉਣ ਲਈ।
ਸੱਚੇ ਸੁੱਚੇ ਸੁਪਨੇ ਸਜਾਉਣ ਲਈ।
ਇਨ੍ਹਾਂ ਨੂੰ ਸਦੀਵੀ ਜਗਮਗਾਉਣ ਲਈ।
ਬੱਸ,ਹੁਣ ਮੈਨੂੰ ਕੇਵਲ ਤੇ ਕੇਵਲ,
ਤੇਰੇ ਵੱਲੋਂ 'ਹਾਂ' ਪੱਖੀ ਆਗਿਆ ਦੀ ਉਡੀਕ ਹੈ।
ਮੇਰੇ ਆਪੇ ਦੀ ਕੂੰਜ ਉਡਾਰੀ ਦੇ ਉੱਤਰਨ ਲਈ।
ਤੇਰੇ ਨੈਣਾਂ ਦੇ ਨੀਰ ਦੀ ਨੀਲੱਤਣ ਝੀਲ 'ਚ।
-0-
ਸੁਰਜੀਤ ਸਿੰਘ ਭੁੱਲਰ

 03-03-2017


ਨੋਟ : ਇਹ ਪੋਸਟ ਹੁਣ ਤੱਕ 41 ਵਾਰ ਪੜ੍ਹੀ ਗਈ ਹੈ।

1 Mar 2017

ਇਹ ਬਸਤੀ

ਇਹ ਬਸਤੀ ਬਿਗਾਨਿਆਂ ਦੀ
ਨਜ਼ਰਾਂ ਚੁਰਾ ਰਹੇ ਨੇ ।

ਝੂਠਾ ਹੀ ਹੱਸ ਰਹੇ ਨੇ

ਕੁਝ ਤਾਂ ਛੁਪਾ ਰਹੇ ਨੇ ।

ਜ਼ਿੰਦਗੀ  ਦੇ ਅਰਥ ਕੱਢ ਕੱਢ 

ਅਨਰਥ ਕਰ ਰਹੇ ਨੇ ,

ਕੁਝ ਲਫਜ਼ ਬੇਤੁੱਕੇ ਜਹੇ
ਗੁਨਗੁਣਾ ਰਹੇ ਨੇ ।
ਹਰ ਇੱਕ  ਦਾ ਰਾਗ ਆਪਣਾ 
ਕੋਈ ਵੀ ਸੁਣ ਰਿਹਾ ਨਹੀਂ
ਢੋਲ ਕੁੱਟ ਰਹੇ ਨੇ
ਖੁਦ ਨੂੰ ਸੁਣਾ ਰਹੇ ਨੇ ।
ਸਿਖਰ ਦੁਪਹਿਰ ਵੇਲੇ
ਸੂਰਜ ਤੋਂ ਡਰ ਰਹੇ ਨੇ ,
ਬੁੱਝੇ ਚਿਰਾਗ ਫੜ ਫੜ
ਫਿਰ ਤੋਂ ਬੁਝਾ ਰਹੇ ਨੇ ।
ਅਕਲਾਂ ਨੇ ਸਿਰ ਨੂੰ ਚੜੀਆਂ
ਪਾਗਲ ਹੋ ਗਏ ਨੇ ,
ਆਪੇ ਉਡਾ ਕੇ ਘੱਟਾ
ਸਿਰ 'ਤੇ ਪਾ ਰਹੇ ਨੇ ।
ਹਰ ਇੱਕ ਮੋੜ ਉੱਤੇ
ਰਾਹ ਭੁੱਲ ਰਹੇ ਨੇ ,
ਜਿਹੜੀ ਜਗ੍ਹਾ  ਤੋਂ ਚੱਲੇ
ਓਥੇ  ਹੀ ਜਾ ਰਹੇ ਨੇ ।
ਦਿਲਜੋਧ ਸਿੰਘ 
ਯੂ ਐਸ ਏ 
ਨੋਟ : ਇਹ ਪੋਸਟ ਹੁਣ ਤੱਕ 40 ਵਾਰ ਪੜ੍ਹੀ ਗਈ ਹੈ।