ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

28 May 2013

ਦੁੱਖ ਭੁਲਾਵਾਂ


ਅੱਖ ਦਾ ਤੀਰ
ਮਾਰ ਜਦ ਕਰਦਾ
ਵਹਿੰਦਾ ਨੀਰੋ ਨੀਰ ।
ਦੁੱਖ ਭੁਲਾਵਾਂ
ਮਾਹੀ ਜੇ ਘਰ ਆਵੇ
ਭਜ ਗਲ਼ੇ ਲਗਾਵਾਂ ।

ਹਰਭਜਨ ਸਿੰਘ ਖੇਮਕਰਨੀ
(ਅੰਮ੍ਰਿਤਸਰ)

25 May 2013

ਰੋਏ ਪੰਜਾਬ

ਪੰਜਾਬੀ ਲੋਕ 
ਭੇਂਟ ਚੜ੍ਹਦੇ ਨਿੱਤ
ਭੈੜੇ-ਮਕਾਰ
ਰਾਜਨੀਤੀਵਾਨਾਂ ਦੇ
ਜਦ ਲੜੀਏ
ਅਸੀਂ ਹੱਕਾਂ ਖਾਤਰ 
ਖੇਡਣ ਚਾਲ
ਲੀਡਰ ਸਾਡੇ ਨਾਲ਼
ਸੱਤਾ ਖਾਤਰ 
ਵੰਡ- ਵੰਡ ਕੇ ਨਸ਼ੇ 
ਉਜਾੜੇ ਘਰ
ਹੱਕ ਮੰਗਣ ਵਾਲੇ
ਮੰਗਣ ਨਸ਼ੇ 
ਵੋਟਾਂ ਲੈਣ ਲੀਡਰ
ਨਸ਼ੇ ਖੁਆ ਕੇ 
ਅੰਦਰੋਂ ਖੁਸ਼ ਨੇਤਾ    
ਰੋਏ ਪੰਜਾਬ
ਕੌਣ ਲਵੇਗਾ ਸਾਰ
ਕਰੇ ਸਾਨੂੰ ਅਬਾਦ !     

ਵਰਿੰਦਰਜੀਤ ਸਿੰਘ ਬਰਾੜ 
(ਬਰਨਾਲ਼ਾ) 

24 May 2013

ਸੱਚੋ ਸੱਚ

                                                                                             1.
ਕਲਮ ਲਿੱਖੇ 
ਅੱਖੀਆਂ  ਪੜ੍ਹਨ  ਵੀ
ਅਸਰ ਜ਼ੀਰੋ ।


2.

ਸੱਚ ਦੀ ਗੱਲ
ਸਿਰਫ ਕਾਲੇ ਲੇਖ
ਜੱਗ  ਤਮਾਸ਼ਾ ।

3.

ਬੈਠ ਪ੍ਰਦੇਸੀਂ
ਚਿੰਤਾ ਕਰੋ ਦੇਸ਼ ਦੀ
ਤਾਜ਼ਾ ਖਬਰ ।

4.

ਸਭ ਨਕਲੀ
ਕਾਂ ਵੀ ਕਾਲਾ ਖਿਡੌਣਾ
ਚੂਰੀ ਵੀ ਝੂੱਠੀ ।


5.
ਅੱਖੀਆਂ ਬੰਦ
ਭਗਤ ਬਗਲਾ ਜੀ
ਮੂੰਹ 'ਚ ਮੱਛੀ।

 ਦਿਲਜੋਧ ਸਿੰਘ 
( ਨਵੀਂ ਦਿੱਲੀ )

22 May 2013

ਹਾਇਕੁ ਬੋਲਦਾ ਹੈ

ਅੱਜ ਹਾਇਕੁ ਲੋਕ ਨਾਲ਼ ਪ੍ਰੋ. ਨਿਤਨੇਮ ਸਿੰਘ ਨੇ ਆਪਣੀ ਸਾਂਝ ਪਾਈ ਹੈ। ਆਪ ਬਾਟਨੀ ਵਿਸ਼ੇ ਦੇ ਲੈਕਚਰਰ ਵਜੋਂ ਪੰਜਾਬ ਦੇ ਵੱਖ-ਵੱਖ ਕਾਲਜਾਂ 'ਚ ਸੇਵਾ ਨਿਭਾਉਣ ਮਗਰੋਂ 31 ਮਈ 2011 ਨੂੰ ਸਰਕਾਰੀ ਕਾਲਜ ਮੁਕਤਸਰ ਤੋਂ ਸੇਵਾ ਮੁਕਤ ਹੋਏ। ਅੱਜਕੱਲ ਆਪਣੇ ਪਿੰਡ ਨਾਨਕਪੁਰਾ (ਮੁਕਤਸਰ) ਵਿਖੇ ਰਹਿ ਰਹੇ ਹਨ।

ਆਪ ਦਾ ਲਿਖਤੀ ਸਫ਼ਰ 1965 'ਚ ਜਦੋਂ ਆਪ ਪੰਜਵੀਂ ਜਮਾਤ 'ਚ ਪੜ੍ਹਦੇ ਸਨ, ਕੁਝ ਦੇਸ਼ ਭਗਤੀ ਦੇ ਗੀਤ ਲਿਖਣ ਤੋਂ ਸ਼ੁਰੂ ਹੋਇਆ ਪਰ ਅੱਧਵਾਟੇ ਹੀ ਛੁੱਟ ਗਿਆ। ਨੌਕਰੀ 'ਚ ਆਉਣ ਤੋਂ ਬਾਦ ਆਪ ਦੁਬਾਰਾ ਸਾਹਿਤ ਨਾਲ਼ ਜੁੜੇ। ਭਾਵੇਂ ਕਿਸੇ ਦੀ ਵਿਦਿਅਕ ਯੋਗਤਾ ਦਾ ਉਸ ਦੀ ਸਾਹਿਤਕ ਰੁਚੀ ਤੇ ਜਾਣਕਾਰੀ 'ਚ ਕੋਈ ਸਬੰਧ ਨਹੀਂ ਪਰ ਮੁਕਤਸਰ ਕਾਲਜ ਦੇ ਪੰਜਾਬੀ ਵਿਭਾਗ ਵਾਲ਼ਿਆਂ ਨੂੰ ਇੱਕ ਸਾਇੰਸ ਅਧਿਆਪਕ ਦੀ ਸਾਹਿਤਕ ਜਾਣਕਾਰੀ ਰੱਖਣ ਵਾਲ਼ੀ ਗੱਲ ਅੱਢੁਕਵੀਂ ਲੱਗੀ। ਆਪ ਨੇ ਇਸ ਨੂੰ ਚੁਣੌਤੀ ਵਜੋਂ ਲਿਆ ਤੇ ਪਹਿਲਾਂ ਗਜ਼ਲ ਤੇ ਫਿਰ ਹਾਇਕੁ ਸੰਗ੍ਰਹਿ ਪ੍ਰਕਾਸ਼ਿਤ ਕਰਵਾਇਆ। 
ਪ੍ਰੋ. ਨਿਤਨੇਮ ਸਿੰਘ ਜੀ ਨੂੰ ਜੀ ਆਇਆਂ ਕਹਿੰਦੀ ਹੋਈ ਮੈਂ ਆਪ ਦੇ ਹਾਇਕੁ ਸੰਗ੍ਰਹਿ 'ਹਾਇਕੁ ਬੋਲਦਾ ਹੈ' 'ਚੋਂ ਕੁਝ ਹਾਇਕੁ ਸਾਂਝੇ ਕਰਨ ਦੀ ਖੁਸ਼ੀ ਲੈ ਰਹੀ ਹਾਂ।

1.
ਝੂਮਦੇ ਰੁੱਖ
ਨੱਚਣ ਤੇ ਗਾਉਣ
ਸੁੰਦਰ ਪੰਛੀ ।

2.
ਮਹਿਕ ਫੈਲੇ
ਉੱਡਣ ਤਿੱਤਲੀਆਂ 
ਘੁੰਮਣ ਭੌਰੇ।

3.
ਕੋਇਲ ਬੋਲੇ
ਗਾਵੇ ਮਿੱਠੇ ਤਰਾਨੇ
ਅੰਬਾਂ ਉੱਪਰ । 

ਪ੍ਰੋ. ਨਿਤਨੇਮ ਸਿੰਘ 
(ਨਾਨਕਪੁਰ-ਮੁਕਤਸਰ)

20 May 2013

ਪਹੁ ਫੁਟਾਲਾ


1.
ਪਹੁ ਫੁਟਾਲਾ
ਰਾਤ ਅਤੇ ਦਿਨ ਦੀ
ਗਲ਼ਵੱਕੜੀ
2.
ਪਹੁ ਫੁਟਾਲਾ
ਚਿੜੀਆਂ ਦਾ ਚੂਕਣਾ
ਰੁੱਖਾਂ ਦੀ ਜਾਗ
3.
ਪਹੁ ਫੁਟਾਲਾ
ਸੂਰਜ ਦੀ ਕਿਰਨ
ਨਵੀਂ ਆਸ ਦੀ

ਭੂਪਿੰਦਰ ਸਿੰਘ
(ਨਿਊਯਾਰਕ)

17 May 2013

ਨਿੱਕੂ-ਨਿੱਕੀ ਦੀਆਂ ਸੁਗਾਤਾਂ

ਸਾਡੀ ਜ਼ਿੰਦਗੀ 'ਚ ਇੱਕ ਦਿਨ ਬਹੁਤ ਹੀ ਵਿਸ਼ੇਸ਼ ਹੁੰਦਾ ਹੈ ਜਦੋਂ ਅਸੀਂ ਜ਼ਿੰਦਗੀ ਦੀ ਅਗਲੀ ਬਹਾਰ ਦੇਖਣ ਲਈ ਅਗਲੇਰੇ ਰਾਹਾਂ ਨੂੰ ਸੁਆਰਨ ਦੇ ਹੀਲੇ-ਵਸੀਲੇ ਕਰਦੇ ਹੋਏ ਹੌਲੇ ਜਿਹੇ ਆਪਣਾ ਕਦਮ ਅੱਗੇ ਧਰਦੇ ਹਾਂ। ਸਾਡੇ ਆਪਣੇ ਇਸ ਦਿਨ ਆਪਾ ਲੁਟਾਉਂਦੇ ਹੋਏ ਸਭ ਕੁਝ ਸਾਡੇ ਮੂਹਰੇ ਅਰਪਣ ਕਰ ਦਿੰਦੇ ਹਨ। ਬੜੇ ਚਾਅ ਨਾਲ਼ ਹਰ ਦਿੱਤੀ ਸੁਗਾਤ ਨੂੰ ਅਸੀਂ ਝੋਲੀ 'ਚ ਪੁਆਉਂਦੇ ਖੁਸ਼ੀ ਨਾਲ਼ ਫੁੱਲੇ ਨਹੀਂ ਸਮਾਉਂਦੇ। ਬੱਸ ਇਹੋ ਜਿਹਾ ਹੀ ਦਿਨ ਅੱਜ ਮੇਰੇ ਬੂਹੇ ਆਣ ਖਲੋਤਾ ਜਿਸ ਦੇ ਹਰ ਪਲ਼ ਦੇ ਜ਼ਿਕਰ ਨੂੰ ਮੈਂ ਹਾਇਕੁ ਕਾਵਿ 'ਚ ਪਰੋ ਪਾਠਕਾਂ ਨਾਲ਼ ਸਾਂਝਾ ਕਰਨਾ ਲੋਚਦੀ ਹਾਂ।



ਡਾ. ਹਰਦੀਪ ਕੌਰ ਸੰਧੂ
(ਬਰਨਾਲ਼ਾ) 
ਨੋਟ: ਇਹ ਪੋਸਟ ਹੁਣ ਤੱਕ 107 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ।

16 May 2013

ਬਾਲ ਵਿਆਹ (ਚੋਕਾ)

ਮੈਰਿਜ਼ ਚਾਈਲਡ ਐਕਟ ਬਣਨ ਦੇ ਬਾਵਜੂਦ ਵੀ ਭਾਰਤ ਦੇਸ਼ 'ਚ 56% ਬਾਲ ਵਿਆਹ ਪਿੰਡਾਂ 'ਚ ਤੇ 30% ਸ਼ਹਿਰਾਂ 'ਚ ਹੁੰਦੇ ਹਨ। ਭਾਵੇਂ ਅਸੀਂ ਇਕੀਵੀਂ ਸਦੀ ਵਿੱਚ ਪਹੁੰਚ ਗਏ ਹਾਂ , ਪਰ ਹਾਲੇ ਵੀ ਬਿਹਾਰ ਵਿੱਚ ਬਾਲ ਵਿਆਹ ਦਾ ਰਿਵਾਜ ਹੈ ਜੋ ਕਿ ਭਾਰਤੀ ਕਾਨੂੰਨ ਦੀ ਉਲੰਘਣਾ ਹੈ।ਸਾਡੇ ਮੁਲਕ ਦੀਆਂ ਸਮੇਂ ਦੀਆਂ ਸਰਕਾਰਾਂ ਇਨ੍ਹਾਂ ਨੂੰ ਰੋਕਣ ਲਈ ਅਜੇ ਤੱਕ ਕੁਝ ਨਹੀਂ ਕਰ ਸਕੀਆਂ। 



ਛੋਟੀ ਉਮਰੇ 
ਬਾਬੁਲ ਕਰੇ ਵਿਦਾ 
ਧੀ- ਧਿਆਣੀ ਨੂੰ 
ਰਹੁ-ਰੀਤਾਂ 'ਚ ਬੱਝਾ 
ਉਮਰ ਸੋਲਾਂ 
ਬਾਲੜੀ ਬਣੀ ਸੀ ਮਾਂ 
ਭੋਗੇ ਨਰਕ 
ਖੇਡਣ ਦੀ ਉਮਰੇ
ਬਾਲ ਖਿਡਾਵੇ
ਸੁੱਖਾਂ ਨੂੰ ਉੱਡੀਕਦੀ 
ਦਿਨ ਹੰਡਾਵੇ 
ਪੀੜਾਂ ਭਰੀ ਉੱਠਦੀ 
ਦਿਲ ਚੋਂ ਹੂਕ 
ਅੱਥਰੂ ਵਹਾਉਂਦੀ 
ਮੂਰਤ ਮੂਕ 
ਚੜ੍ਹਦੀਆਂ ਕੁੜੀਆਂ 
ਅਜੇ ਵੀ ਕਿਉਂ
ਰਹੁ- ਰੀਤਾਂ ਦੀ ਬਲੀ 
ਪੀਵਣ ਰੱਤ  
ਭੈੜੀਆਂ ਕੁਰੀਤੀਆਂ 
ਬਾਲ ਵਿਆਹ 
ਰਲ਼ ਕਰੀਏ ਬੰਦ 
ਆਪਾਂ ਹੁਣ ਏ
ਪੁੱਠਾ ਜਿਹਾ ਰਿਵਾਜ਼
ਕਰੋ ਬੁਲੰਦ 'ਵਾਜ਼ !

ਵਰਿੰਦਰਜੀਤ ਸਿੰਘ ਬਰਾੜ
(ਬਰਨਾਲ਼ਾ) 
ਨੋਟ: ਇਹ ਪੋਸਟ ਹੁਣ ਤੱਕ 102 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ।