ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

30 Sept 2013

ਉਡੀਕੇ ਚੰਨ ਮਾਹੀ

1.
ਦੂਰ-ਦੁਰੇਡੇ
ਸਪੀਕਰ ਵੱਜਣ
ਰਕਾਟਾਂ ਵਾਲ਼ੇ।

2.
ਦੁੱਧ-ਮਧਾਣੀ
ਘੁੰਮੇ ਵਿੱਚ ਚਾਟੀਆਂ
ਸਾਂਝ-ਸਵੇਰੇ।

3.
ਬੈਠ ਕੇ ਬੂਹੇ
ਉਡੀਕੇ ਮੁਟਿਆਰ
ਚੰਨ ਮਾਹੀ ਨੂੰ ।

4.
ਤੋਪੇ ਭਰਦੀ
ਬੈਠ ਕੇ ਨਿੰਮ ਥੱਲੇ
ਲੈ ਫੁਲਕਾਰੀ ।

ਅੰਮ੍ਰਿਤ ਰਾਏ (ਪਾਲੀ)
ਫ਼ਾਜ਼ਿਲਕਾ 

28 Sept 2013

ਬੇਬੇ ਮਗਰੋਂ

ਪੰਜਾਬ ਦੇ ਪਿੰਡਾਂ 'ਚ ਇਹ ਆਮ ਵੇਖਣ ਨੂੰ ਮਿਲਦਾ ਸੀ। ਹਾਰੇ 'ਚ ਰਿੱਝੀ ਦਾਲ਼ ਦਾ ਵੱਖਰਾ ਜਿਹਾ ਸੁਆਦ ਪ੍ਰੈਸ਼ਰ-ਕੁੱਕਰਾਂ 'ਚ ਪੱਕੀ ਦਾਲ਼ ਤੋਂ ਕਈ ਗੁਣਾਂ ਵਧੇਰੇ ਵਧੀਆ ਸੀ। ਹੁਣ ਨਾ ਹਾਰਿਆਂ 'ਚ ਦਾਲ਼ ਰਿੱਝਦੀ ਹੈ ਤੇ ਬੇਬੇ ਦੇ ਤੁਰ ਜਾਣ ਮਗਰੋਂ ਉਸ ਦਾ ਸੰਦੂਕ ਤੇ ਚਰਖੇ ਦੀ ਹਾਲਤ ਤੁਸੀਂ ਆਪਣੇ ਅੱਖੀਂ ਵੇਖ ਲਓ।


ਡਾ. ਹਰਦੀਪ ਕੌਰ ਸੰਧੂ
(ਬਰਨਾਲ਼ਾ-ਸਿਡਨੀ)

27 Sept 2013

ਚਾਨਣ ਲੱਭਾਂ

1.
ਏਨਾ ਵਕਫ਼ਾ
ਜਿੰਦ ਨਿਕਲਣ ਨੂੰ 
ਮਿੰਟ ਨਾ ਲੱਗੇ
ਕਿਉਂ ਵੈਰ ਕਮਾਵੇਂ 
ਵੇ ਮੈਨੂੰ ਤੜਪਾਵੇਂ ।
2.
ਏਨੀ ਉਡੀਕ 
ਚੰਨ ਲੱਥਾ-ਚੰੜ੍ਹਿਆ 
ਹਾਲ ਨਾ ਠੀਕ
ਮੇਰਾ ਖਿੜੇ ਨਸੀਬ 
ਜੇ ਤੂੰ ਹੋਵੇਂ ਕਰੀਬ ।
3.
ਚਾਨਣ ਲੱਭਾਂ 
ਤੇਰਾ ਮੁਖੜਾ ਦੂਰ 
ਤੂੰ ਮਜਬੂਰ 
ਕਿੱਥੇ ਭੇਜਾਂ ਅਰਜੀ 
ਜਿੰਦ ਹੌਕੇ ਭਰਦੀ ।

ਡਾ. ਸ਼ਿਆਮ ਸੁੰਦਰ ਦੀਪਤੀ
(ਅੰਮ੍ਰਿਤਸਰ)

25 Sept 2013

ਮੇਲੇ ਸੱਖਣੇ (ਤਾਂਕਾ)

1.
ਸਮਾਂ ਦਰਿਆ
ਵਹਿ ਗਏ ਤ੍ਰਿੰਞਣ
ਯਾਦਾਂ ਬਚੀਆਂ
ਵਿਸਰ ਜਾਣਗੀਆਂ
ਕਦੇ ਇਹ ਯਾਦਾਂ ਵੀ।

2.
ਰੋਵੇ ਜਵਾਨੀ
ਨਸ਼ਿਆਂ 'ਚ ਵਹਿੰਦੀ
ਮੇਲੇ ਸੱਖਣੇ
ਭਟਕਣਾ-ਮੁਕਤ
ਲੱਭਦੀ ਪਈ ਰਾਹ।

ਪ੍ਰੋ. ਦਵਿੰਦਰ ਕੌਰ ਸਿੱਧੂ
(ਦੌਧਰ-ਮੋਗਾ) 

23 Sept 2013

ਸੱਚੋ-ਸੱਚ (ਸੇਦੋਕਾ)

1.
ਦੇਸ਼ ਬੇਗਾਨੇ
ਉਤਰਿਆ ਜਹਾਜ਼
ਹੱਡ ਭੰਨਾਈ ਕਰੇ
ਕਦ ਆਵਣਾ

ਬੁੱਢੀ ਮਾਈ ਪੁੱਛਦੀ
ਸ਼ਾਇਦ ਕਦੇ ਨਹੀਂ ।


2.
ਝੂਠ ਤੇ ਸੱਚ
ਖੜ੍ਹੇ ਕਟਿਹਰੇ 'ਚ
ਆਪਸ 'ਚ ਲੜਦੇ
ਪੱਖ ਪੂਰਦੇ 
ਮੈਂ ਸਹੀ ਤੂੰ ਗਲਤ
ਜਿੱਤਿਆ ਸੱਚੋ-ਸੱਚ ।

ਅੰਮ੍ਰਿਤ ਰਾਏ (ਪਾਲੀ)
ਫ਼ਾਜ਼ਿਲਕਾ

ਨੋਟ : ਸੇਦੋਕਾ ਜਪਾਨੀ ਕਾਵਿ ਵਿਧਾ ਹੈ ਜਿਸ ਵਿੱਚ 5-7-7, 5-7-7 ਧੁੰਨੀ ਖੰਡ ਵਾਲ਼ੀਆਂ ਦੋ ਅੱਧੀਆਂ /ਅਧੂਰੀਆਂ  ਕਾਵਿ ਟੁਕੜੀਆਂ ਹੁੰਦੀਆਂ ਹਨ- ਜੋ ਮਿਲ਼ ਕੇ ਕਿਸੇ ਇੱਕ ਭਾਵ ਨੂੰ ਬਿਆਨਦੀਆਂ ਹਨ।


22 Sept 2013

ਤੱਕਣੀ ਤੇਰੀ (ਤਾਂਕਾ)

1.
ਨਖਰਾ ਤੇਰਾ
ਇੱਕ ਜਵਾਰ ਭਾਟਾ
ਚੜ੍ਹੇ ਉੱਤਰੇ
ਜਾਦੂ ਦੇ ਖੇਲ ਇਹ
ਹੁਲਾਰੇ ਪਏ ਦਿੰਦੇ।

2.
ਵਤੀਰਾ ਤੇਰਾ
ਨਿੱਘ ਦਾ ਅਹਿਸਾਸ
ਠਰਿਆ ਦਿਲ
ਹਰਕਤ ਮਿਲੇ ਤਾਂ
ਧੱਕ-ਧੱਕ ਧੜਕੇ ।

3.
ਤੱਕਣੀ ਤੇਰੀ
ਛੱਡੇ ਤੀਰ ਤਿੱਖੜੇ
ਕਰੇ ਘਾਇਲ
ਤੜਪਣ ਜ਼ਖਮ
ਮੱਲ੍ਹਮ ਕੌਣ ਲਾਵੇ।

ਜਸਵਿੰਦਰ ਸਿੰਘ ਰੁਪਾਲ
(ਲੁਧਿਆਣਾ)