ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

31 Aug 2014

ਹਾਕਮੀ ਜ਼ੋਰ

ਜਗਦੀਸ਼ ਰਾਏ ਕੁਲਰੀਆਂ 

ਨੋਟ : ਇਹ ਪੋਸਟ ਹੁਣ ਤੱਕ 20 ਵਾਰ ਪੜ੍ਹੀ ਗਈ। 

26 Aug 2014

ਦੁੱਧੀਆ ਰਾਤ

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 30 ਵਾਰ ਪੜ੍ਹੀ ਗਈ। 

24 Aug 2014

ਬੱਦਲ਼ ਕਾਲੇ (ਤਾਂਕਾ)

1.
ਬੱਦਲ਼ ਕਾਲੇ 
ਨਾ ਚੜ੍ਹੀਆਂ ਘਟਾਵਾਂ
ਚਾਰ-ਚੁਫੇਰੇ
ਬਦਲਿਆ ਮੌਸਮ
ਲੰਘਾ ਸੁੱਕਾ ਸਾਵਣ।


2.
ਕੋਇਲ ਕੂਕੇ 
ਲੱਗੇ ਮਨਮੋਹਣੀ 
ਬਾਗਾਂ ਦੇ ਵਿੱਚ
ਸਾਉਣ ਦੇ ਮਹੀਨੇ
ਠੰਢੀ ਮਿੱਠੀ ਰੁੱਤ 'ਚ।



ਅੰਮ੍ਰਿਤ ਰਾੲੇ 'ਪਾਲੀ'
ਫਾਜ਼ਿਲਕਾ 
ਨੋਟ : ਇਹ ਪੋਸਟ ਹੁਣ ਤੱਕ 30 ਵਾਰ ਪੜ੍ਹੀ ਗਈ। 

23 Aug 2014

ਤੋਤਲੀ ਬੋਲੀ

1.

ਨਿੱਕੀ ਬਾਲੜੀ 
ਤੋਤਲੀ ਬੋਲੀ ਬੋਲੇ 
ਲੱਗੇ ਪਿਆਰੀ। 




2.
ਵੰਗ ਖੜਕੇ 
ਝਾਂਜਰਾਂ ਛਣਕਣ 
ਪੈਰੀਂ ਪਾਈਆਂ। 

ਜਰਨੈਲ ਸਿੰਘ ਭੁੱਲਰ 
(ਮੁਕਤਸਰ)

ਨੋਟ : ਇਹ ਪੋਸਟ ਹੁਣ ਤੱਕ 10 ਵਾਰ ਪੜ੍ਹੀ ਗਈ। 

20 Aug 2014

ਇੱਕੋ ਹੀ ਰੰਗ (ਸੇਦੋਕਾ)

1.
ਕੁਰੱਪਟ ਨੂੰ
ਕੁਰੱਪਟ ਹੀ ਖਾਵੇ
ਪੈਸਾ ਰੰਗ ਵਿਖਾਵੇ
ਰੱਤ ਨਿਚੋੜੇ
ਡ੍ਹਾਢਾ ਦੱਬੇ ਤੇ ਘੂਰੇ  
ਗਰੀਬ ਪਿਆ ਝੂਰੇ। 

2.
ਲਹੂ ਸਭ ਦਾ
ਹੈ ਇੱਕੋ  ਹੀ ਰੰਗ ਦਾ
ਡੰਕਾ ਕਿਓਂ ਜੰਗ ਦਾ
ਵੱਖਰੇ ਸਾਰੇ
ਕਰਨ ਪੈ ਪਸਾਰਾ
ਹੋਵੇ ਸੱਚ ਨਿਤਾਰਾ। 

ਜੋਗਿੰਦਰ ਸਿੰਘ  ਥਿੰਦ
(ਸਿ਼ਡਨੀ---ਅੰਮ੍ਰਿਤਸਰ )

ਨੋਟ : ਇਹ ਪੋਸਟ ਹੁਣ ਤੱਕ 15 ਵਾਰ ਪੜ੍ਹੀ ਗਈ। 

18 Aug 2014

ਕੁਦਰਤ(ਸੇਦੋਕਾ)

1.
ਹੋਈ ਸਵੇਰ 
ਚੰਦ ਅਤੇ ਚਾਂਦਨੀ 
ਕਿਤੇ ਗੁਫ਼ਾ 'ਚ ਗੁੰਮ 
ਚੰਦ ਨੂੰ ਦੇਖ 
ਚੰਦ ਜਿਹਾ ਚਿਹਰਾ 
ਰਾਤ 'ਚ ਖਿੜਿਆ ਏ 

2.
ਉਮਰਾਂ ਨਾਪੇ 
ਦਿਨ ਅਤੇ ਰਾਤ ਵੀ 
ਵੇਖੋ ਬਣੇ ਪੈਮਾਨੇ 
ਕੁਦਰਤ ਦੇ 
ਚੰਦ ਅਤੇ ਸੂਰਜ 
ਬਣੇ ਨੇ ਚੌਕੀਦਾਰ। 

ਕਸ਼ਮੀਰੀ ਲਾਲ ਚਾਵਲਾ 
(ਮੁਕਤਸਰ) 

ਨੋਟ : ਇਹ ਪੋਸਟ ਹੁਣ ਤੱਕ 50 ਵਾਰ ਪੜ੍ਹੀ ਗਈ। 



   

15 Aug 2014

ਜੁਗਨੀਨਾਮਾ- 2. ਬਾਰ ਦੀ ਜੂਹੇ (ਹਾਇਬਨ)


Click the arrow to listen

ਤਿੱਖੜ ਦੁਪਹਿਰਾ .......ਨਿੰਮ ਥੱਲੇ ਚਰਖਾ ਕੱਤਦੀ ਬੇਬੇ। ਕੋਲ ਬੈਠੀ ਜੁਗਨੀ ਨੂੰ ਦੇਖ ਕੇ ਬੇਬੇ ਪੁੱਛਣ ਲੱਗੀ, " ਕੁੜੇ ਜੁਗਨੀ ਅੱਜ ਸਕੂਲੇ ਨੀ ਜਾਣਾ ?" " ਬੇਬੇ ਅੱਜ ਛੁੱਟੀ ਹੈ ......ਅੱਜ ਆਜ਼ਾਦੀ ਦਿਵਸ ਹੈ। " ਜੁਗਨੀ ਨੇ ਬੇਬੇ ਨੂੰ ਜਿਵੇਂ ਬਹੁਤ ਕੁਝ ਚੇਤੇ ਕਰਾ  ਦਿੱਤਾ ਸੀ। ਉਸ ਦੀ ਬਿਰਤੀ ਝੱਟ ਜਾ ਜੁੜੀ ਸੀ 'ਸਾਂਦਲ ਬਾਰ ' ਨਾਲ।

ਨਵੀਂ ਪੂਣੀ ਛੋਹੰਦਿਆਂ ਬੇਬੇ ਕਹਿਣ ਲੱਗੀ," ਪੁੱਤ ਇਹ ਕਾਹਦੀ 'ਜਾਦੀ ਆ ਜਿਹੜੀ ਸਾਨੂੰ ਆਪਣਾ ਮੁਲਖ ਛੱਡ ਕੇ ਮਿਲੀ ਆ। ਘਰੋਂ ਬੇਘਰ ਕਰਤਾ ਸੀ ਏਸ ਖਸਮਾਂ -ਖਾਣੀ 'ਜਾਦੀ ਨੇ। ਉਦੋਂ ਤਾਂ ਲੱਗੇ ਖਬਨੀ ਲੋਟ ਹੀ ਹੋ ਹੋਜੂ ਸਾਰਾ ਕੁਝ.....ਖਬਨੀ  ਮੁੜ ਹੀ ਪਮਾਂਗੇ ਘਰਾਂ ਨੂੰ।  ਪਰ ਕੀ ਪਤਾ ਸੀ ਉਹਨਾਂ ਘਰਾਂ ਦਾ ਮੂੰਹ ਮੁੜ ਕੇ ਦੇਖਣ ਨੂੰ ਨਹੀਂ ਮਿਲਣਾ। ਜਮਾਂ ਈ ਸਮਝੋਂ ਬਾਹਰ ਦੀ ਸ਼ੈਅ ਸੀ......ਇਹ ਖਸਮਾਂ ਖਾਣੀ 'ਜਾਦੀ।
ਲਹੂ ਪੀਣੀਆਂ ਨੰਗੀਆਂ ਤਲਵਾਰਾਂ ਨਾਲ ਵੱਢ -ਟੁੱਕ ਹੋ ਰਹੀ ਸੀ । ਬਾਬੇ ਨਾਨਕ ਤੇ ਪੀਰਾਂ- ਪੰਗਬਰਾਂ ਦੀ ਧਰਤੀ ਰੱਤ ਨਾਲ ਲਾਲੋ- ਲਾਲ ਹੋ ਗਈ ਸੀ। ਹਾਹਾਕਾਰ ਮੱਚੀ ਵੀ ਸੀ ਚਾਰੇ ਪਾਸੇ।  ਓਦੋਂ ਤਾਂ ਸਾਡਾ ਰੱਬ ਵੀ ਨਹੀਂ ਸੀ ਬੌਹੜਿਆ।  ਉਹ ਵੀ ਪਤਾ ਨੀ ਕਿਹੜੀ ਗੱਲੋਂ ਡਰਿਆ ਕਿਸੇ ਕਾਲ -ਕੋਠੜੀ 'ਚ ਜਾ ਲੁਕਿਆ ਸੀ ਕਿਧਰੇ। ਧੀਆਂ -ਭੈਣਾਂ ਦੀ ਇੱਜ਼ਤ ਸਰੇਆਮ ਨੀਲਾਮ ਹੋਈ ਸੀ। ਕਈਆਂ ਨੇ ਆਪਣੀਆਂ ਧੀਆਂ -ਭੈਣਾਂ ਦੀ ਇੱਜ਼ਤ ਬਚਾਉਣ ਲਈ ਆਪਣੇ ਹੱਥੀਂ ਆਪ ਕਰਪਾਨਾਂ ਨਾਲ ਵੱਢਤਾ ਸੀ ਤੇ ਕਈਆਂ ਨੇ ਆਪਣੀਆਂ ਜਿਉਂਦੀਆਂ ਕੁੜੀਆਂ ਨੂੰ ਨਹਿਰਾਂ 'ਚ ਰੋੜਤਾ ਸੀ.............ਤੇ ਮਗਰੋਂ ਏਧਰ ਆ ਕੇ ਕਈ ਤਾਂ ਜਮਾਂ ਈ ਚੁੱਪ ਕਰਗੇ ਤੇ ਕਈਆਂ ਨੂੰ ਕਮਲੇ ਹੋਏ ਮੈਂ ਆਪ ਦੇਖਿਆ। ਆਪਣੇ ਟੱਬਰ ਨੂੰ .......ਆਪਣੇ ਹੱਥੀਂ ਮਾਰ ਕੇ ਕਿਵੇਂ ਕੋਈ ਜਿਉਂ ਲੂਗਾ ਭਲਾ।  ਮਨ 'ਤੇ ਪਿਆ ਵਜਨ ਕਮਲਾ ਨੀ ਕਰੂ ਤਾਂ ਹੋਰ ਕੀ ਕਰੂ ? ਨਾਲੇ ਆਵਦਾ ਮੁਲਖ ਛੱਡਣਾ ਕੀ ਸੁਖਾਲਾ ਪਿਆ।"

ਬੇਬੇ ਦੀਆਂ ਅੱਖਾਂ 'ਚੋਂ ਧਰਲ -ਧਰਲ ਹੰਝੂ ਵਹਿ ਰਹੇ ਸੀ। ਉਸਨੇ ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਝੀਆਂ ਤੇ ਨਾਲੇ ਐਨਕ ਨੂੰ। ਫੇਰ ਉਹ ਵੱਡੇ ਦਰਵਾਜ਼ੇ ਵੱਲ ਇਓਂ ਦੇਖਣ ਲੱਗੀ ਜਿਵੇਂ ਪੂੰਝੀ ਹੋਈ ਐਨਕ ਵਿੱਚੋਂ ਉਹਨੂੰ ਦਰਵਾਜ਼ੇ ਦੇ ਪਰਲੇ ਪਾਸੇ 'ਸਾਂਦਲ ਬਾਰ' ਨੂੰ ਜਾਂਦਾ ਖੌਰੇ ਕੋਈ ਰਾਹ ਹੀ ਦਿੱਖ ਜਾਊ। 

ਆਪਣਾ ਪਿੰਡ ਫਿਰ ਤੋਂ ਦੋਬਾਰਾ ਦੇਖੇ ਬਿਨਾਂ ਹੀ ਬੇਬੇ ਤਾਂ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਈ ਪਰ ਓਸ ਦੇ ਹੰਝੂ ਜੁਗਨੀ ਦੀਆਂ ਅੱਖਾਂ ਰਾਹੀਂ ਅੱਜ ਵੀ ਵਹਿ ਰਹੇ ਨੇ। ਜੁਗਨੀ ਕੋਲ਼ ਤਾਂ ਹੁਣ ਬੇਬੇ ਦੀ ਮਲਮਲ ਦੀ ਚੁੰਨੀ ਵੀ ਨਹੀਂ ਜਿਸ ਨਾਲ ਅੱਖਾਂ ਪੂੰਝ ਕੇ ਉਹ ਬੇਬੇ ਦੀ ਸਾਂਦਲ ਬਾਰ ਵੇਖ ਸਕੇ। 

ਕੱਤਦੀ ਬੇਬੇ 
ਛੋਹ ਪੂਣੀ ਜਾ ਪੁੱਜੀ 
ਬਾਰ ਦੀ ਜੂਹੇ।  

ਡਾ. ਹਰਦੀਪ ਕੌਰ ਸੰਧੂ 
ਨੋਟ : ਇਹ ਪੋਸਟ ਹੁਣ ਤੱਕ 32 ਵਾਰ ਪੜ੍ਹੀ ਗਈ। 

ਜੁਗਨੀਨਾਮਾ ਦੀ ਪਿਛਲੀ ਲੜੀ ਜੋੜਨ ਲਈ ਇੱਥੇ ਕਲਿੱਕ ਕਰੋ