ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਹੁੰਗਾਰਾ ਭਰਨ ਵਾਲ਼ੇ
8 Dec 2016
7 Dec 2016
ਵਿਦਰੋਹ (ਮਿੰਨੀ ਕਹਾਣੀ)
ਪੰਜ ਕੁ ਸਾਲਾਂ ਦੀ ਦੀਪੀ ਆਪਣੀਆਂ ਦੋਵੇਂ ਵੱਡੀਆਂ ਭੈਣਾਂ ਨਾਲ ਵਿਹੜੇ ਵਿੱਚ ਬੈਠੀ ਦੀਵਾਲੀ ਦੇ ਦੀਵਿਆਂ,ਹਟੜੀਆਂ,ਘੁੱਗੂ-ਘੋੜੇ ਤੇ ਹੋਰ ਖਿਡਾਉਣਿਆਂ ਵਾਸਤੇ ਕੱਚੀ ਨਰਮ ਮੁਲਾਇਮ ਗੁੰਨ੍ਹੀਂ ਮਿੱਟੀ ਨਾਲ ਨਿੱਕੇ ਨਿੱਕੇ ਭਾਂਡੇ ਬਣਾ ਕੇ ਖ਼ੁਸ਼ ਹੋ ਰਹੀ ਸੀ। ਖੇਡਣ ਪਿੱਛੋਂ ਉਸ ਨੇ ਮਿੱਟੀ ਦੇ ਪੇੜੇ ਦੀ ਰੋਟੀ ਬਣਾਈ ਤੇ ਵੱਡੀ ਭੈਣ ਛਿੰਦੀ ਨੂੰ ਕਹਿਣ ਲੱਗੀ, 'ਆ ਦੇਖ, ਮੈਂ ਮੋਟੀ ਰੋਟੀ ਤਵੇ ਤੇ ਬਾਪੂ ਲਈ ਪਾ ਦਿੱਤੀ ਹੈ,ਜਦ ਉਹ ਦੇਖੂ ਤਾਂ ਕਿਨ੍ਹਾਂ ਖ਼ੁਸ਼ ਹੋਊ।'
'ਰਹਿਣ ਦੇ ਨੀ ਵੱਡੀਏ,ਬਾਪੂ ਦੀ ਹੇਜਲੀਏ। ਉਹ ਤਾਂ ਵੀਰ ਮੀਤੇ ਨੂੰ ਹੀ ਪਿਆਰ ਕਰਦਾ। ਤੂੰ ਦੱਸ, ਕੀ ਕਦੇ ਆਪਾਂ ਨੂੰ ਬਾਪੂ ਨੇ ਆਪਣੀ ਗੋਦੀ 'ਚ ਬਿਠਾ ਕੇ ਪਿਆਰ ਕੀਤੈ ?'
'ਲੈ ਦੇਖ ਲਈਂ,ਹੁਣੇ ਬਾਪੂ ਦੀਵਾਲੀ ਦੇ ਦੀਵੇ ਤੇ ਹੋਰ ਭਾਂਡੇ ਵੇਚ ਕੇ ਆਉਣ ਵਾਲਾ। ਜਦੋਂ ਮੈਂ ਉਹ ਨੂੰ ਇਹ ਰੋਟੀ ਦਿਖਾਊ,ਤਾਂ ਖ਼ੁਸ਼ ਹੋ ਕੇ ਮੈਨੂੰ ਵੀ ਪਿਆਰ ਕਰੂ ਤੇ ਝੋਲੀ 'ਚ ਬਿਠਾ ਲਊ।'
ਐਨੇ ਨੂੰ ਬਾਪੂ ਨੇ ਬਾਹਰੋਂ ਆ ਕੁੰਡਾ ਖੜਕਾਇਆ। ਛਿੰਦੋ ਨੇ ਦਰਵਾਜ਼ਾ ਖੋਲ੍ਹਿਆ। ਅਜੇ ਉਸ ਨੇ ਸਾਈਕਲ ਕੰਧ ਨਾਲ ਲਾਇਆ ਹੀ ਸੀ ਕਿ ਦੀਪੀ ਨੇ ਆਪਣੇ ਲਿੱਬੜੇ ਤਿੱਬੜੇ ਹੱਥਾਂ ਨਾਲ ਬਾਪੂ ਦਾ ਹੱਥ ਆ ਖਿੱਚਿਆ। ਉਹ ਕੁਝ ਦਿਖਾਉਣਾ ਚਾਹੁੰਦੀ ਸੀ ਪਰ ਉਸ ਦੇ ਲਿੱਬੜੇ ਹੱਥ ਦੇਖ ਕੇ ਬਾਪੂ ਨੇ ਸਖ਼ਤੀ ਨਾਲ ਪਰ੍ਹਾਂ ਕਰ ਦਿੱਤੇ। ਦੀਪੀ ਸੰਭਲ ਨਾ ਸਕੀ ਤੇ ਉਹ ਆਪਣੇ ਬਣਾਏ ਹੋਏ ਖਿਡਾਉਣਿਆਂ ਉੱਤੇ ਜਾ ਡਿੱਗੀ,ਜਿਨ੍ਹਾਂ 'ਚੋਂ ਬਹੁਤ ਸਾਰੇ ਵਿੰਗੇ ਟੇਢੇ ਹੋ ਗਏ। ਬਾਪੂ ਆਪ ਮੁਹਾਰੇ ਕਹਿਣ ਲੱਗਾ,'ਘਰ 'ਚ ਵੜਦਿਆਂ ਹੀ ਇਹ ਮਨਹੂਸ ਸੂਰਤਾਂ ਸਾਹਮਣੇ ਆ ਖੜ੍ਹਦੀਆਂ ਨੇ। ਸਾਹ ਵੀ ਨੀ ਲੈਣ ਦਿੰਦੀਆਂ।'ਬਾਪੂ ਨੂੰ ਗ਼ੁੱਸੇ 'ਚ ਦੇਖ ਕੇ ਸਾਰੀਆਂ ਭੈਣਾਂ ਸਹਿਮ ਗਈਆਂ।
ਬਾਪੂ ਥੱਕਿਆ ਹਾਰਿਆ ਹੋਇਆ ਮੰਜੀ 'ਤੇ ਆ ਡਿੱਗਾ। ਐਨੇ ਨੂੰ ਛੋਟਾ ਮੁੰਡਾ ਮੀਤਾ ਵਿਹੜੇ 'ਚੋਂ ਰਿੜ੍ਹਦਾ ਰੁੜ੍ਹਦਾ ਲਿੱਬੜਿਆ ਤਿਬੜਿਆ ਆ ਕੇ ਬਾਪੂ ਦੀਆਂ ਲੱਤਾਂ ਨੂੰ ਚਿੰਬੜ ਗਿਆ। ਉਸ ਨੇ ਪਿਆਰ ਨਾਲ ਚੁੱਕ ਕੇ ਛਾਤੀ ਨਾਲ ਲਾ ਲਿਆ। ਜੇਬ 'ਚੋਂ ਗੱਚਕ ਕੱਢੀ ਤੇ ਗੋਦੀ ਵਿਚ ਬਿਠਾ ਕੇ ਲਾਡ ਪਿਆਰ ਨਾਲ ਉਹ ਦੇ ਮੂੰਹ 'ਚ ਪਾਉਣ ਲੱਗਾ।
ਦੀਪੀ ਹੁਣ ਤਾਈਂ ਸੰਭਲ ਚੁੱਕੀ ਸੀ। ਉਸ ਨੇ ਜਦ ਵੀਰ ਮੀਤ ਨੂੰ ਬਾਪੂ ਦੀ ਬੁੱਕਲ 'ਚ ਦੇਖਿਆਂ ਤਾਂ ਉਹ ਇੱਕ ਦਮ ਉੱਠੀ ਤੇ ਬਣਾਈ ਹੋਈ ਮਿੱਟੀ ਦੀ ਰੋਟੀ ਨੂੰ ਤਵੇ ਤੋਂ ਲਾਹ ਕੇ ਮੁੜ ਪੇੜਾ ਬਣਾ ਲਿਆ ਤੇ ਭੋਲ਼ੇਪਣ 'ਚ ਆਪਣੇ ਆਪ ਨੂੰ ਕਹਿਣ ਲੱਗੀ, 'ਮੈਂ ਵੀ ਬਾਪੂ ਨੂੰ ਅੱਜ ਰੋਟੀ ਨੀਂ ਦੇਣੀ ,ਭੁੱਖਾ ਹੀ ਰੱਖੂ। ਸਾਨੂੰ ਵੀ ਤਾਂ ਉਹ ਵੀਰ ਜਿਨ੍ਹਾਂ ਪਿਆਰ ਨਹੀਂ ਕਰਦਾ। ਸਾਨੂੰ ਕਿਉਂ ਚੰਗਾ ਨੀ ਸਮਝਦਾ?'
ਹੰਝੂ ਦੀਪੀ ਦੀਆਂ ਅੱਖਾਂ 'ਚੋਂ ਨਿਕਲ ਗੱਲ੍ਹਾਂ 'ਤੇ ਵਗ ਤੁਰੇ। ਦੋਵੇਂ ਭੈਣਾਂ ਨੇ ਉਹ ਦੇ ਮਨ ਅੰਦਰੋਂ ਉੱਠੀ ਵਿਦਰੋਹ ਦੀ ਸੁਨਾਮੀ ਨੂੰ ਜਾਣਿਆ, ਜਿਸ ਨੂੰ ਉਹ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਪਲੋਸ ਪਲੋਸ ਰੋਕਣ ਦਾ ਯਤਨ ਕਰਨ ਲੱਗੀਆਂ।
-0-
ਸੁਰਜੀਤ ਸਿੰਘ ਭੁੱਲਰ
06-12-2014/16
ਨੋਟ : ਇਹ ਪੋਸਟ ਹੁਣ ਤੱਕ 74 ਵਾਰ ਪੜ੍ਹੀ ਗਈ ਹੈ।
ਨੋਟ : ਇਹ ਪੋਸਟ ਹੁਣ ਤੱਕ 74 ਵਾਰ ਪੜ੍ਹੀ ਗਈ ਹੈ।
5 Dec 2016
ਗਜ਼ਲ

ਸਾਗਰ ਦੇ ਕੰਡਿਆਂ ਤੇ, ਕਈ ਲੋਗ ਪਿਆਸੇ ਰਹਿ ਜਾਂਦੇ
ਜਾਂਦੇ ਜਾਂਦੇ ਰਾਹੀ ਕਈ, ਐਵੇਂ ਗੱਲ ਪਤੇ ਦੀ ਕਹਿ ਜਾਂਦੇ
ਝੂਠ ਕਿਸੇ ਦੀ ਜਾਨ ਬਚਾਵੇ ਤਾਂ,ਸੱਚ ਵੀ ਨੀਵਾਂ ਪੈ ਜਾਂਦਾ
ਸੱਚ ਬੋਲ ਕੇ ਜੋ ਸੂਲੀ ਚੜ੍ਹਦੇ, ਧੁਰ ਦਿਲਾਂ 'ਚ ਲਹਿ ਜਾਂਦੇ
ਸੁਪਨੇ ਵਿੱਚ ਆਮ ਉਨਾਂ ਦਾ, ਝੌਲ਼ਾ ਜਿਹਾ ਹੀ ਪੈਂਦਾ ਏ
ਹਰ ਰਾਤ ਉਹ ਚੁੱਪ ਚਪੀਤੇ ਆ ਸਰਹਾਣੇ ਬਹਿ ਜਾਂਦੇ
ਇਸ ਤੱਤੀ ਜਿੰਦਗੀ ਦਾ,ਹੁਣ ਟੁੱਟਿਆ ਪਿਆ ਕਿਨਾਰਾ ਏ
ਆਓੁਂਦੇ ਆਉਂਦੇ ਹਾਸੇ ਵੀ, ਬੱਸ ਬੁੱਲਾਂ 'ਤੇ ਹੀ ਰਹਿ ਜਾਂਦੇ
ਪਾ ਭਲੇਖੇ ਪੁੰਨ ਤੇ ਪਾਪਾਂ ਦੇ, ਭੰਬਲ ਭੂਸੇ ਪਾਇਆ ਏ
ਡਰਾਵੇ ਤੇ ਲਾਲਚ ਸੁਣ ਸੁਣ ,ਥਿੰਦ ਢੇਰੀ ਢਾਹ ਬਹਿ ਜਾਂਦੇ
ਇੰਜ: ਜੋਗਿੰਦਰ ਸਿੰਘ "ਥਿੰਦ"
ਸਿਡਨੀ
ਨੋਟ : ਇਹ ਪੋਸਟ ਹੁਣ ਤੱਕ 43 ਵਾਰ ਪੜ੍ਹੀ ਗਈ ਹੈ।
30 Nov 2016
ਗ਼ਜ਼ਲ

ਹਰ ਪਾਸੇ ਚੁੱਪ ਚਾਪ ਕਿਉਂ ?
ਸਭ ਦੇ ਮਨਾਂ 'ਚ ਪਾਪ ਕਿਉਂ ?
.
ਬੀਜ ਕੇ ਸੂਲ਼ਾਂ ਪੁੱਛਦੇ ਹੋ,
ਮਹਿਕੇ ਨਹੀਂ ਗੁਲਾਬ ਕਿਉਂ ?
.
ਨਿਰਮਲ ਮਨ ਹੋ ਨਾ ਸਕੇ,
ਕਪਟ ਨੂੰ ਦੇਵਨ ਥਾਪ ਕਿਉਂ ?
.
ਜੋ ਨਹੀਂ ਸਭ ਦੇ ਭਲੇ ਲਈ,
ਅਜਿਹੇ ਧਰਮ ਦਾ ਜਾਪ ਕਿਉਂ ?
.
ਮਨ 'ਚ ਪੀੜ ਹੰਢਾਉਂਦੇ ਹਾਂ,
ਫਿਰ ਵੀ ਮਿਲੇ ਸਰਾਪ ਕਿਉਂ ?
.
ਆਪਣਾ ਸਭ ਕੁਝ ਵਾਰ ਦਿੱਤਾ,
ਗੈਰ ਕਰਨ ਵਿਰਲਾਪ ਕਿਉਂ ?
.
ਕਿਸ ਗੱਲੋਂ ਸ਼ਰਮ 'ਸੁਰਜੀਤ',
ਚੱਲ ਆਉਂਦੇ ਨੀ ਆਪ ਕਿਉਂ ?
-0-
ਸੁਰਜੀਤ ਸਿੰਘ ਭੁੱਲਰ
21-11-2014/16
ਨੋਟ : ਇਹ ਪੋਸਟ ਹੁਣ ਤੱਕ 30 ਵਾਰ ਪੜ੍ਹੀ ਗਈ ਹੈ।
29 Nov 2016
26 Nov 2016
ਸੋਚ ਆਪੋ ਆਪਣੀ (ਮਿੰਨੀ ਕਹਾਣੀ)
ਕਮਲ ਆਪਣੇ ਪਤੀ ਨਾਲ ਪੀਲੀਏ ਨਾਲ ਪੀੜਤ ਆਪਣੀ ਤਿੰਨ ਦਿਨਾਂ ਦੀ ਬੱਚੀ ਨੂੰ ਲੈ ਕੇ ਸਰਕਾਰੀ ਹਸਪਤਾਲ ਆਈ ਸੀ। ਡਾਕਟਰਾਂ ਨੇ ਜਦੋਂ ਖੂਨ ਬਦਲੀ ਦੀ ਸਲਾਹ ਦਿੱਤੀ ਤਾਂ ਉਹਨਾਂ ਦੀ ਚਿੰਤਾ ਹੋਰ ਵੱਧ ਗਈ। ਜ਼ੇਰੇ ਇਲਾਜ ਦੋ ਹੋਰ ਬੱਚਿਆਂ ਨਾਲ ਉਹਨਾਂ ਦੀ ਬੱਚੀ ਨੂੰ ਵੀ ਇਨਕਿਊਬੇਟਰ ‘ਚ ਪਾ ਦਿੱਤਾ ਗਿਆ।
ਕਮਜ਼ੋਰੀ ਕਾਰਨ ਕਮਲ ਬਹੁਤ ਨਿਢਾਲ ਸੀ ਤੇ ਨਿੱਕੜੀ ਦੀ ਬਿਮਾਰੀ ਉਸ ਦੀ ਪੀੜਾ ਨੂੰ ਹੋਰ ਵਧਾ ਰਹੀ ਸੀ। ਉਸ ਨੂੰ ਲੱਗ ਰਿਹਾ ਸੀ ਕਿ ਘੋਰ ਕਾਲੇ ਬੱਦਲਾਂ ਦੀ ਸੰਘਣੀ ਤਹਿ ਉਸ ਅੰਦਰ ਲਹਿ ਕੇ ਉਸਦੇ ਵਜੂਦ ਨੂੰ ਕੁੱਬਾ ਕਰ ਰਹੀ ਹੈ । ਉਹ ਦੂਰ ਬੈਠੀ ਇਨਕਿਊਬੇਟਰ ‘ਚ ਪਈ ਨਿੱਕੜੀ ਨੂੰ ਇੱਕੋਟੱਕ ਨਿਹਾਰ ਰਹੀ ਸੀ।
ਅਚਾਨਕ ਲੱਤ ਮਾਰ ਕੇ ਨਿੱਕੜੀ ਨੇ ਆਪਣੇ ਦੁਆਲ਼ੇ ਲਿਪੇਟਿਆ ਕੱਪੜਾ ਲਾਹ ਦਿੱਤਾ। ਜਿਉਂ ਹੀ ਕਮਲ ਨੇ ਕੱਪੜਾ ਠੀਕ ਕਰਨ ਲਈ ਆਪਣਾ ਹੱਥ ਵਧਾਇਆ ਉਸ ਦੀ ਚੀਕ ਨਿਕਲ ਗਈ। ਚਿਹਰੇ ‘ਤੇ ਪਸਰੀ ਪੀੜ ਰੋਹ ‘ਚ ਬਦਲ ਗਈ। ਅਗਲੇ ਹੀ ਪਲ ਉਸ ਨੇ ਨਿੱਕੜੀ ਨੂੰ ਬਾਹਰ ਕੱਢਦਿਆਂ ਕਿਹਾ, ” ਇਹਨਾਂ ਬੱਚਿਆਂ ਨਾਲ ਕੌਣ ਹੈ ? ਬਾਹਰ ਕੱਢੋ ਲਓ ਆਪਣੇ ਬੱਚਿਆਂ ਨੂੰ ,ਐਨੇ ਤਾਪ ‘ਚ ਅਸੀਂ ਆਪਣੇ ਬੱਚੇ ਸਾੜਨੇ ਨਹੀਂ। ” ਰੌਲਾ ਸੁਣ ਕੇ ਹਸਪਤਾਲ ਦਾ ਸਟਾਫ਼ ਇੱਕਠਾ ਹੋ ਗਿਆ। ਜਾਂਚ ਉਪਰੰਤ ਪਤਾ ਲੱਗਾ ਕਿ ਤਕਨੀਕੀ ਨੁਕਸ ਕਾਰਣ ਇਨਕਿਊਬੇਟਰ ਦਾ ਤਾਪਮਾਨ ਲੋੜ ਨਾਲੋਂ ਕਈ ਗੁਣਾਂ ਵੱਧ ਗਿਆ ਸੀ।
“ਸ਼ੁਕਰ ਐ ਓਸ ਦਾਤੇ ਦਾ, ਥੋਡੇ ਕਾਕੇ ਨਾਲ ਸਾਡੇ ਦੀ ਵੀ ਜਾਨ ਬਚ ਗਈ, ” ਦੂਜੇ ਬੱਚੇ ਨੂੰ ਸਾਂਭਣ ਆਈ ਬੇਬੇ ਨੇ ਕਿਹਾ। “ਸਾਡੀ ਤਾਂ ਕਾਕੀ ਹੈ ,” ਕਮਲ ਨੇ ਧੰਨਵਾਦੀ ਬੋਲ ਸਵੀਕਾਰਦਿਆਂ ਬੇਬੇ ਦੀ ਸ਼ੰਕਾ ਦੂਰ ਕੀਤੀ। “ਹੈਂ ਤੁਸੀਂ ਕੁੜੀ ਖਾਤਰ ਐਨੇ ਸੰਸਿਆਂ ‘ਚ ਡੁੱਬੇ ਸਵੇਰ ਦੇ ਨੱਠ -ਭੱਜ ਕਰੀ ਜਾ ਰਹੇ ਸੀ, ਮਖਿਆ ਥੋਡਾ ਵੀ ਮੁੰਡਾ ਹੀ ਹੋਊ। ” ਬੇਬੇ ਦਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਰਹਿ ਗਿਆ।
ਡਾ. ਹਰਦੀਪ ਕੌਰ ਸੰਧੂ
ਨੋਟ : ਇਹ ਪੋਸਟ ਹੁਣ ਤੱਕ 244 ਵਾਰ ਪੜ੍ਹੀ ਗਈ ਹੈ।
25 Nov 2016
ਜਿੰਦ ਇੱਕਲੀ
ਆਸ ਪਰਾਈ ਉਡ ਨਾ ਜਾਵੇ
ਵਿੱਚ ਪਿੰਜਰੇ ਦੇ ਪਾਵਾਂ ।
ਹੰਝੂਆਂ ਦਾ ਮੈਂ ਚੋਗਾ ਦੇਵਾਂ
ਵੱਡੀ ਕਰਦੀ ਜਾਵਾਂ ।
ਵਿੱਚ ਪਿੰਜਰੇ ਦੇ ਪਾਵਾਂ ।
ਹੰਝੂਆਂ ਦਾ ਮੈਂ ਚੋਗਾ ਦੇਵਾਂ
ਵੱਡੀ ਕਰਦੀ ਜਾਵਾਂ ।
ਵਿੱਚ ਗਵਾਂਢੇ ਖੜਕਾ ਹੋਇਆ
ਕੌਣ ਪਰਾਉਣਾ ਆਇਆ ।
ਮੇਰਾ ਵੀ ਮਨ ਰੱਖਣ ਦੇ ਲਈ
ਹਵਾ ਨੇ ਭਿੱਤ ਖੜਕਾਇਆ ।
ਕੌਣ ਪਰਾਉਣਾ ਆਇਆ ।
ਮੇਰਾ ਵੀ ਮਨ ਰੱਖਣ ਦੇ ਲਈ
ਹਵਾ ਨੇ ਭਿੱਤ ਖੜਕਾਇਆ ।
ਸਿਖਰ ਦੁਪਹਿਰੇ ਛਾਂ ਲੱਭਣ ਲਈ
ਘਰੋਂ ਬਾਹਰ ਮੈਂ ਟੁਰ ਪਈ ।
ਰਾਹ ਦੀ ਮਿੱਟੀ ਸਿਰ ਮੂੰਹ ਪੈ ਗਈ
ਛੱਡ ਰਾਹ ਨੂੰ ਮੁੜ ਗਈ ।
ਘਰੋਂ ਬਾਹਰ ਮੈਂ ਟੁਰ ਪਈ ।
ਰਾਹ ਦੀ ਮਿੱਟੀ ਸਿਰ ਮੂੰਹ ਪੈ ਗਈ
ਛੱਡ ਰਾਹ ਨੂੰ ਮੁੜ ਗਈ ।
ਜਿਸ ਤਾਰੇ ਵੱਲ ਗਗਨੀ ਤੱਕਿਆ
ਉਹੀ ਸੜ ਕੇ ਮੋਇਆ ।
ਹਰ ਬਿਰਹਨ ਦੇ ਭਾਗ ਨੇ ਕਾਲੇ
ਉਹੀ ਮੇਰੇ ਨਾਲ ਹੋਇਆ ।
ਉਹੀ ਸੜ ਕੇ ਮੋਇਆ ।
ਹਰ ਬਿਰਹਨ ਦੇ ਭਾਗ ਨੇ ਕਾਲੇ
ਉਹੀ ਮੇਰੇ ਨਾਲ ਹੋਇਆ ।
ਦਿਨ ਦਾ ਚਾਨਣ ਪਿੰਡੇ ਚੁੱਭੇ
ਕਿਉਂ ਸੂਰਜ ਨੂੰ ਕੋਸਾਂ ।
ਆਪਣੇ ਲੇਖ ਮੈਂ ਆਪੇ ਲਿਖ ਕੇ
ਆਪਣੇ ਲਈ ਪਰੋਸਾਂ ।
ਕਿਉਂ ਸੂਰਜ ਨੂੰ ਕੋਸਾਂ ।
ਆਪਣੇ ਲੇਖ ਮੈਂ ਆਪੇ ਲਿਖ ਕੇ
ਆਪਣੇ ਲਈ ਪਰੋਸਾਂ ।
ਝੋਲੀ ਮੇਰੀ ਛੇਦ ਨੇ ਲੱਖਾਂ
ਕੀ ਮੰਗਾਂ ਕੀ ਸਾਂਭਾਂ ।
ਕਿਹੜੇ ਵੇਲੇ ਕੀ ਗਵਾਚਾ
ਕਿਸ ਨੂੰ ਦੇਵਾਂ ਉਲਾਂਭਾ ।
ਕੀ ਮੰਗਾਂ ਕੀ ਸਾਂਭਾਂ ।
ਕਿਹੜੇ ਵੇਲੇ ਕੀ ਗਵਾਚਾ
ਕਿਸ ਨੂੰ ਦੇਵਾਂ ਉਲਾਂਭਾ ।
ਦਿਲਜੋਧ ਸਿੰਘ
ਯੂ ਐਸ ਏ
ਨੋਟ : ਇਹ ਪੋਸਟ ਹੁਣ ਤੱਕ 69 ਵਾਰ ਪੜ੍ਹੀ ਗਈ ਹੈ।
ਨੋਟ : ਇਹ ਪੋਸਟ ਹੁਣ ਤੱਕ 69 ਵਾਰ ਪੜ੍ਹੀ ਗਈ ਹੈ।
Subscribe to:
Posts (Atom)

