ਮੌਸਮ ਭਾਵੇਂ ਬਹੁਤਾ ਠੰਡਾ ਨਹੀਂ ਸੀ,ਪਰ ਤੇਜ਼ ਹਵਾ ਚੱਲ ਰਹੀ ਸੀ। ਲੱਗਦਾ ਸੀ ਕਿ ਕਾਲੀ -ਬੋਲ਼ੀ ਹਨ੍ਹੇਰੀ ਹੁਣੇ ਹੀ ਆ ਜਾਵੇਗੀ। ਸਾਈਕਲ ਦੇ ਪੈਡਲ ਬੜੀ ਕਾਹਲ਼ੀ -ਕਾਹਲ਼ੀ ਵੱਜ ਰਹੇ ਸਨ ਪਰ ਤੇਜ਼ ਹਵਾ ਓਨੇ ਹੀ ਜ਼ੋਰ ਨਾਲ ਪਿੱਛੇ ਨੂੰ ਧਕੇਲ ਦਿੰਦੀ। ਕਦੇ ਕਦੇ ਐਸਾ ਵਰੋਲਾ ਆਉਂਦਾ ਜੋ ਸਾਈਕਲ ਨੂੰ ਸੱਜੇ -ਖੱਬੇ ਧੱਕ ਦਿੰਦਾ । ਸਾਈਕਲ ਦੀ ਚੇਨ 'ਚ ਫੱਸੇ ਚੁੰਨੀ ਦੇ ਪੱਲੇ ਨੇ ਉਸ ਦੀ ਪ੍ਰੇਸ਼ਾਨੀ ਹੋਰ ਵਧਾ ਦਿੱਤੀ ਸੀ। ਉਹ ਤਾਂ ਪਹਿਲਾਂ ਹੀ ਸਕੂਲੋਂ ਲੇਟ ਸੀ ਉਪਰੋਂ ਬੇਕਿਰਕਾ ਮੌਸਮ। ਪਰ ਮੌਸਮ ਦੇ ਕਹਿਰ ਨਾਲ ਲੜਦੀ ਉਹ ਸਕੂਲ ਅੱਪੜ ਗਈ ਚਾਹੇ ਕੁਝ ਪੱਛੜ ਕੇ ਹੀ ਸਹੀ।
ਦਰਅਸਲ ਅੱਜ ਕੱਚੀ ਕਾਪੀ ਬਣ ਗਈ ਸੀ ਉਸ ਦੀ ਬੇਲੋੜੀ ਦੇਰੀ ਦਾ ਕਾਰਨ। ਅਜਬ ਕਸ਼ਮਕਸ਼ 'ਚ ਉਲਝੀ ਉਹ ਕਿੰਨਾ ਹੀ ਚਿਰ ਭਾਲਦੀ ਰਹੀ ਪਰ ਘਰੋਂ ਰੁਖ਼ਸਤ ਹੋਣ ਤੱਕ ਉਸ ਨੂੰ ਕੱਚੀ ਕਾਪੀ ਲੱਭੀ ਹੀ ਨਹੀਂ ਸੀ। ਸਭ ਤੋਂ ਵਿਲੱਖਣ ਕਾਪੀ ਸੀ ਇਹ ਜੋ ਹਰ ਵਿਸ਼ੇ ਨੂੰ ਸੰਭਾਲਦੀ ਸੀ। ਅਗਲੇਰੀ ਜਮਾਤ ਦੇ ਟੰਬੇ 'ਤੇ ਬੈਠਦਿਆਂ ਹੀ ਕੱਚੀ ਤੋਂ ਰਫ਼ ਕਾਪੀ ਬਣੀ ਦਿਲਾਂ 'ਤੇ ਰਾਜ ਕਰਨ ਵਾਲੀ ਇਹ ਅਨੋਖੀ ਸ਼ੈਅ ਅੱਜ ਗੁੰਮਸ਼ੁਦਾ ਸੀ। ਉਸ ਨੂੰ ਆਪਣਾ ਆਪਾ ਅੱਜ ਅੱਧਾ ਅਧੂਰਾ ਤੇ ਖ਼ਾਲੀ -ਖ਼ਾਲੀ ਜਿਹਾ ਜਾਪ ਰਿਹਾ ਸੀ।
ਸਕੂਲ ਲੱਗਣ ਦੀ ਇਹ ਤੀਜੀ ਘੰਟੀ ਸੀ। ਮਾਹੌਲ ਭਾਵੇਂ ਕਿੰਨਾ ਵੀ ਸਹਿਜ ਕਿਉਂ ਨਾ ਹੋਵੇ ਪਰ ਉਸ ਦਾ ਧਿਆਨ ਉਖੜਨਾ ਸੁਭਾਵਿਕ ਸੀ। ਕੱਚੀ ਥਾਂ 'ਤੇ ਵਿਸ਼ੇ ਟਾਟਾਂ ਉੱਤੇ ਛਤਰੀ ਬਣੀ ਭਾਰੀ ਟਾਹਲੀ ਦੀ ਬੁੱਕਲ 'ਚ ਬੈਠਿਆਂ ਉਸ ਦੀ ਸੋਚ ਕੱਚੀ ਕਾਪੀ ਦੇ ਪੰਨੇ ਹੀ ਫ਼ਰੋਲ ਰਹੀ ਸੀ। ਢੇਰ ਯਾਦਾਂ ਜੁੜੀਆਂ ਸਨ ਓਸ ਕੱਚੀ ਕਾਪੀ ਨਾਲ - ਕਿਤੇ ਅਣਕਹੇ ਅਹਿਸਾਸ, ਅਣਜਾਣਿਆ ਗੁੱਸਾ ਤੇ ਕਿਤੇ ਉਦਾਸੀ ਤੇ ਅਣਭੋਲ ਮਜ਼ਾਕ। ਜਿਵੇਂ ਕੋਈ ਖ਼ਾਸ ਅੰਦਾਜ਼ ਸੰਕੇਤਕ ਭਾਸ਼ਾ ਦਾ ਸ਼ਬਦਕੋਸ਼ ਹੋਵੇ। ਅਪਲਕ ਨਿਹਾਰਣਯੋਗ ਬਹੁਪਰਤੀ ਬਿੰਬਾਵਲੀ ਵਾਲਾ ।
ਕਹਿੰਦੇ ਨੇ ਕਿ ਰੋਟੀ ਦਾ ਬਦਲ ਤਾਂ ਰਾਟੀ ਹੋ ਸਕਦੈ ਪਰ ਉਸ ਦੀ ਕਾਪੀ ਦਾ ਕੋਈ ਬਦਲ ਨਹੀਂ ਸੀ। ਬਿਨਾਂ ਕਿਸੇ ਫ਼ਹਿਰਿਸਤ ਤੇ ਬਿਨਾਂ ਕਿਸੇ ਹਾਸ਼ੀਏ ਤੋਂ ਕੋਮਲ ਭਾਵਾਂ ਦਾ ਸੁਹਜਮਈ ਪ੍ਰਗਟਾਵਾ ਕਰਦੀ ਕਾਪੀ । ਨਾ ਜਿਲਦ ਮੜ੍ਹ ਇਸ ਨੂੰ ਸਾਫ਼ ਰੱਖਣ ਦੀ ਚਿੰਤਾ ਤੇ ਨਾ ਪੰਨੇ ਫਾੜਨ ਦਾ ਭੈਅ । ਇਸੇ ਕਾਪੀ ਦੇ ਪੰਨਿਆਂ ਨਾਲ ਕਦੇ ਨਿੱਕੇ- ਨਿੱਕੇ ਅਰਮਾਨਾਂ ਦੀਆਂ ਕਿਸ਼ਤੀਆਂ ਬਣਦੀਆਂ ਤੇ ਕਦੇ ਖ਼ਿਆਲ ਉਡਾਰੀਆਂ ਨਾਲ ਉੱਡਣੇ ਜਹਾਜ਼। ਪਹਿਲੇ ਪੰਨੇ 'ਤੇ ਫ਼ੁੱਲ -ਪੱਤੀਆਂ ਉਕਰ ਕੇ ਨਾਂ ਲਿਖਿਆ ਜਾਂਦਾ ਤੇ ਆਖ਼ਿਰੀ ਪੰਨੇ 'ਤੇ ਅਲੋਕਾਰੀਆਂ ਕਲਾ ਕ੍ਰਿਤੀਆਂ।
ਉਸ ਦੇ ਬਸਤੇ 'ਚ ਹੋਰ ਕੁਝ ਹੋਵੇ ਨਾ ਹੋਵੇ ਪਰ ਮਹਿਕਦੇ ਪੰਨਿਆਂ ਵਾਲੀ ਕੱਚੀ ਕਾਪੀ ਜ਼ਰੂਰ ਹੁੰਦੀ ! ਕਿਸੇ ਪੰਨੇ 'ਚ ਗੁਲਾਬ ਰੱਖ ਸੁਕਾਇਆ ਜਾਂਦਾ ਤੇ ਕਿਸੇ ਪੰਨੇ 'ਤੇ ਪਿੱਪਲ ਦਾ ਪੱਤਾ ਜਾਲੀਨੁਮਾ ਬਣਾਇਆ ਜਾਂਦਾ। ਕਦੇ ਗੇਂਦਾ, ਚਮੇਲੀ,ਕਲੀ ,ਗੁਲਾਬ ਦੀਆਂ ਪਰਚੀਆਂ ਬਣਦੀਆਂ ਤੇ ਕਦੇ ਰਾਜਾ, ਮੰਤਰੀ, ਚੋਰ, ਸਿਪਾਹੀ ਦੀਆਂ। ਕਦੇ ਇੱਕ ਸਿੱਕੇ ਨੂੰ ਦੂਜੇ 'ਤੇ ਘਸਾ -ਘਸਾ ਸਿੱਕੇ ਉੱਕਰੇ ਜਾਂਦੇ ਤੇ ਕਦੇ ਚਹੁ ਖੂੰਜੇ ਖ਼ਾਨੇ ਵਾਹ ਚਾਉਸਰ ਖੇਡੀ ਜਾਂਦੀ। ਸਿਆਹੀ ਦੀ ਦਵਾਤ ਡੁੱਲਣ 'ਤੇ ਕਦੇ ਕੋਈ ਵਰਕਾ ਸਿਆਹੀ -ਚੂਸ ਵੀ ਬਣ ਜਾਂਦਾ ਤੇ ਕਦੇ ਨਿੱਕੀ ਜਿਹੀ ਕਾਤਰ ਜਮਾਤ 'ਚ ਗਪੁਤ ਸੁਨੇਹਿਆਂ ਦਾ ਪ੍ਰਵਾਹ ਕਰਦੀ। ਕੋਈ ਕੁਝ ਵੀ ਲੈ ਸਕਦਾ ਸੀ ਉਸ ਦੇ ਬਸਤੇ ਚੋਂ ਪਰ ਕੱਚੀ ਕਾਪੀ ਨੂੰ ਛੋਹਣ ਦੀ ਇਜ਼ਾਜਤ ਕਿਸੇ ਨੂੰ ਨਾ ਹੁੰਦੀ। ਪਰ ਅੱਜ ਤਾਂ ਗਧੇ ਦੇ ਸਿੰਗਾਂ ਵਾਂਗ ਬਸਤੇ 'ਚੋਂ ਹੀ ਗਾਇਬ ਸੀ ਉਸ ਦੀ ਕੱਚੀ ਕਾਪੀ ।
ਉਸ ਨੂੰ ਲੱਗਾ ਕਿ ਜਿਵੇਂ ਉਸ ਦੇ ਹੰਝੂ ਭਿੱਜੇ ਅਣਕਹੇ ਹਰਫ਼ਾਂ ਨਾਲ ਕੱਚੀ ਕਾਪੀ ਦੇ ਸਫ਼ੇ ਸਿੱਲ੍ਹੇ ਹੋ ਗਏ ਹੋਣ। ਹਾਸਿਆਂ ਤੇ ਰੋਸਿਆਂ ਦਾ ਭਾਰ ਢੋਂਦੀ ਕੱਚੀ ਕਾਪੀ ਅਚਾਨਕ ਉਸ ਦੇ ਮੂਹਰੇ ਆਣ ਖੁੱਲ੍ਹ ਗਈ ਹੋਵੇ । ਇਹ ਕੋਈ ਸੁਪਨਾ ਨਹੀਂ ਸਗੋਂ ਹਕੀਕਤ ਹੀ ਤਾਂ ਸੀ ਜਦੋਂ ਕਿਸੇ ਸਹਿਪਾਠਣ ਨੇ ਉਸ ਦੀ ਗੁਆਚੀ ਕਾਪੀ ਉਸ ਨੂੰ ਆਣ ਫੜਾਈ ਸੀ। ਉਸ ਦੇ ਮਨ 'ਚ ਵਗਦੇ 'ਵਾ ਵਰੋਲ਼ਿਆਂ ਨੂੰ ਹੁਣ ਠੱਲ੍ਹ ਪੈ ਗਈ ਸੀ ਤੇ ਮੋਹ ਲਿਬਰੇਜ਼ ਹੱਥ ਘੁੱਟਣੀਆਂ ਨੇ ਧੰਨਵਾਦ ਕੀਤਾ ਸੀ। ਅਛੋਪਲੇ ਹੀ ਠੰਡੀ ਹਵਾ ਰੁਮਕਣ ਲੱਗੀ ਸੀ। ਉਸ ਨੇ ਟਾਹਲੀ ਦੇ ਕਿਰਦੇ ਪੱਤਿਆਂ 'ਚੋਂ ਚੁੱਕ ਇੱਕ ਪੱਤਾ ਕੱਚੀ ਕਾਪੀ 'ਚ ਫਿਰ ਸਾਂਭ ਲਿਆ ਸੀ।
ਟਾਹਲੀ ਦੀ ਛਾਂ
ਕੱਚੀ ਕਾਪੀ ਛੋਹਣ
ਸਿਲ੍ਹੀਆਂ ਅੱਖਾਂ।
ਸਿਲ੍ਹੀਆਂ ਅੱਖਾਂ।
ਡਾ. ਹਰਦੀਪ ਕੌਰ ਸੰਧੂ
ਨੋਟ : ਇਹ ਪੋਸਟ ਹੁਣ ਤੱਕ 235 ਵਾਰ ਪੜ੍ਹੀ ਗਈ ਹੈ।
**************************************************************** <