ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

10 Feb 2015

ਮਹਿਕੀ ਮਿੱਟੀ

           ਆਥਣ ਦਾ ਵੇਲ਼ਾ। ਟਿਮਟਿਮਾਉਂਦੀਆਂ ਬੱਤੀਆਂ 'ਚ ਟਿਮਕਦਾ ਸਿਡਨੀ ਦਾ ਏਅਰ ਪੋਰਟ। ਸਕੇ ਸਬੰਧੀਆਂ ਤੇ ਆਪਣੇ ਦੋਸਤ -ਮਿੱਤਰਾਂ ਦਾ ਸੁਆਗਤ ਕਰਨ ਪਹੁੰਚੇ ਲੋਕਾਂ ਦੀ ਭੀੜ। ਜਹਾਜ਼ ਦੇ ਸੁੱਖੀ -ਸਾਂਦੀ ਪਹੁੰਚ ਜਾਣ ਦੀ ਸੂਚਨਾ ਪੜ੍ਹਦਿਆਂ ਹੀ ਅਸੀਂ ਮੁੱਖ ਗੇਟ 'ਤੇ ਆ ਖਲੋਤੇ ਅਤੇ ਮਾਂ ਨੂੰ ਬੇਸਬਰੀ ਨਾਲ ਉਡੀਕਣ ਲੱਗੇ।
          ਕੁਝ ਦੇਰ ਬਾਅਦ ਸਮਾਨ ਨਾਲ ਲੱਦੀਆਂ ਵੱਡੀਆਂ -ਵੱਡੀਆਂ ਟਰਾਲੀਆਂ ਧਕੇਲਦੇ ਲੋਕ ਏਅਰ -ਪੋਰਟ ਤੋਂ ਬਾਹਰ ਆਉਣ ਲੱਗੇ। ਨਰਗਸ ਦੇ ਫੁੱਲਾਂ ਜਿਹੀ ਹਾਸੀ ਹੱਸਦੇ, ਬਾਹਾਂ ਖਿਲਾਰ -ਖਿਲਾਰ ਧਾਅ ਕੇ ਮਿਲ ਰਹੇ ਸਨ ਉਹ ਆਪਣਿਆਂ ਨੂੰ। ਅਸੀਂ ਵੀ ਬਰੂਹਾਂ 'ਤੇ ਖਲੋਤੇ ਅੱਡੀਆਂ ਚੁੱਕ -ਚੁੱਕ ਕੇ ਤੱਕ ਰਹੇ ਸਾਂ। ਲੱਗਦਾ ਸੀ ਜਿਵੇਂ ਇਓਂ ਕਰਨ ਨਾਲ ਮਾਂ ਛੇਤੀ ਬਾਹਰ ਆ ਜਾਵੇਗੀ। ਹੌਲੀ -ਹੌਲੀ ਭੀੜ ਘੱਟਣ ਲੱਗੀ। ਵੇਖਦਿਆਂ ਹੀ ਵੇਖਦਿਆਂ ਤਕਰੀਬਨ ਦੋ ਘੰਟੇ ਬੀਤ ਗਏ ਪਰ ਮਾਂ ਸਾਨੂੰ ਕਿਧਰੇ ਵਿਖਾਈ ਨਹੀਂ ਦੇ ਰਹੀ ਸੀ। ਉਸ ਨੂੰ ਮਿਲਣ ਦੀ ਤਾਂਘ ਦਾ ਉਤਾਵਲਾਪਣ ਸਾਨੂੰ ਸਾਹ -ਸਤਹੀਣ ਕਰਦਾ ਭਾਸਿਆ। ਸਾਡੀ ਵਿੱਥ 'ਤੇ ਖਲੋਤੀ ਹਵਾ ਵੀ ਗੰਭੀਰ ਹੋਈ ਜਾਪਣ ਲੱਗੀ।
         ਮੋਹ ਦੇ ਪਰਛਾਵੇਂ ਸੰਸਾ ਦੇ ਸਾਗਰ 'ਚ ਅਲੋਪ ਹੋ ਰਹੇ ਸਨ। ਮਾਂ ਪਹਿਲੀ ਵਾਰ ਸੱਤ -ਸਮੁੰਦਰੋਂ ਪਾਰ, ਅਣਜਾਣ ਰਾਹਾਂ ਦੇ ਸਫ਼ਰ ਤੋਂ ਆ ਰਹੀ ਸੀ। ਮਨ 'ਚ ਖਿਲਰੀਆਂ ਸੋਚਾਂ ਦੀਆਂ ਗੰਢਾਂ ਆਪੂੰ ਬੰਨਦੀ -ਖੋਲ੍ਹਦੀ, ਚਿੰਤਾ ਦਾ ਖੂਹ ਗੇੜਦੀ ਮੈਂ ਦਲੀਲਾਂ ਦੇ ਪੈਂਡੇ ਗਾਹੁੰਦੀ ਜਾ ਰਹੀ ਸੀ, " ਕਿਤੇ ਵੀਜ਼ੇ ਸਬੰਧੀ ਕਾਗਜ਼ੀ ਕਾਰਵਾਈ ਕਰਕੇ ਕੋਈ ਦਿੱਕਤ ਨਾ ਆਈ ਹੋਵੇ.......ਅਣਸੁਣੀ ਜਿਹੀ ਜ਼ੁਬਾਨ ਤੇ ਨਵੀਂ ਬੋਲੀ ਦੀ ਸਮਝ ਨੇ ਕਿਤੇ ਕੋਈ ਠੁੰਮਣਾ ਨਾ ਲਾ ਦਿੱਤਾ ਹੋਵੇ ...ਮਤਾਂ ਰਾਹ 'ਚ ਜਹਾਜ਼ ਬਦਲਣ ਲੱਗਿਆਂ ਕਿਤੇ ਅਗਲੀ ਜਹਾਜ਼ੀ ਉਡਾਣ ਹੀ ਨਾ ਖੁੰਝ ਗਈ ਹੋਵੇ।"
        ਦੂਜੇ ਹੀ ਪਲ ਆਪਣੇ ਅੰਦਰ ਡੂੰਘਾ ਉੱਤਰ ਕੇ ਇਸ ਗੁੰਝਲ ਦਾ ਹੱਲ ਲੱਭਦੇ -ਲੱਭਦੇ ਮਨ ਬੀਤੇ ਪਲਾਂ ਦੇ ਦਿਸਹੱਦਿਆਂ ਦੇ ਪਾਰ ਜਾ ਪੁੱਜਾ, ".....ਨਹੀਂ -ਨਹੀਂ ਇਓਂ ਹਰਗਿਜ਼ ਨਹੀਂ ਹੋ ਸਕਦਾ.......ਹਰ ਉਲਝਣ ਦਾ ਸਹਿਜਤਾ ਨਾਲ ਹੱਲ ਕੱਢਣਾ ਸਿਖਾਉਣ ਵਾਲੀ .....ਤੇ ਦੁਨੀਆਂ ਦਾ ਭੁਗੋਲ ਸਾਨੂੰ ਮੂੰਹ -ਜ਼ੁਬਾਨੀ ਚੇਤੇ ਕਰਾਉਣ ਵਾਲੀ ਮੇਰੀ ਮਾਂ ਲਈ ਅਜਿਹੀਆਂ ਅੜਿਚਣਾ ਤਾਂ ਕੁਝ ਵੀ ਨਹੀਂ।" 
...........ਤੇ ਅਚਨਚੇਤ ਫਿਜ਼ਾ 'ਚ ਸੰਦਲੀ ਮਹਿਕ ਘੁੱਲ ਗਈ। ਮਾਂ ਦਾ ਮੁਬਾਰਕ ਪ੍ਰਵੇਸ਼ ਸਾਡੇ ਹਰਾਸੇ ਚਿਹਰਿਆਂ 'ਤੇ ਖਿੜੇ ਜਿਹੇ  ਗੁਲਾਬੀ ਹਾਸੇ ਦੇ ਟੋਟੇ ਬਿਖੇਰ ਗਿਆ।ਖੁਸ਼ੀ 'ਚ ਲਟਬੌਰੇ ਹੋਏ ਅਸੀਂ ਮਾਂ ਦੇ ਚਿਰੋਕੇ ਪੱਛੜ ਕੇ ਬਾਹਰ ਆਉਣ ਦਾ ਕਾਰਨ ਪੁੱਛਣਾ ਵੀ ਭੁੱਲ ਗਏ। ਚਹਿਕਦੇ ਚਾਅ ਸ਼ਰਬਤੀ ਰੰਗ ਹੋ ਗਏ ਜਦੋਂ ਮਾਂ ਦੀ ਮੋਹ ਭਰੀ ਗਲਵੱਕੜੀ ਦੀ ਖੁਸ਼ਬੂ ਮਨ ਦੇ ਵਿਹੜੇ 'ਚ ਖਿਲਰ ਗਈ। 

ਮਹਿਕੀ ਮਿੱਟੀ -
ਤਪਦੀ ਧੁੱਪ ਪਿੱਛੋਂ 
ਮੀਂਹ ਛਰਾਟੇ। 

ਡਾ. ਹਰਦੀਪ ਕੌਰ ਸੰਧੂ 
(ਬਰਨਾਲਾ -ਸਿਡਨੀ) 
 ਨੋਟ: ਇਹ ਪੋਸਟ ਹੁਣ ਤੱਕ 35 ਵਾਰ ਪੜ੍ਹੀ ਗਈ।

6 comments:

  1. ਹਰਦੀਪ ਜੀ,
    "ਮਹਿਕੀ ਮਿਟੀ " ਹਾਇਬਨ ਕਮਾਲ ਦੀ ਕਲਮ ਚੋੰ ਨਿਕਲਿਆ ਵਧੀਆ ਲੇਖ ਹੈ॥ ਮਾ ਦੇ ਪੈਰ ਜਿਸ ਮਿਟੀ ਤੇ ਵੀ ਪੈਣ, ਊਸ ਵਿਚੋੰ ਮਹਿਕ ਤਾੰ ਆਓਣੀ ਹੀ ਹੋਈ ॥

    ReplyDelete
  2. ਤੁਸੀਂ ਤਾਂ ਸਾਰੇ ਮੁਸਾਫਰਾਂ ਤੇ ਉਹਨਾਂ ਨੂੰ ਲੈਣ ਆਏ ਸਬੰਧੀਆਂ ਦੀਆਂ ਭਾਵਨਾਵਾਂ ਨੂੰ ਬਿਆਨ ਕਰ ਦਿੱਤਾ ਹੈ ਇਸ ਹਾਇਬਨ ਵਿੱਚ !
    ਬਹੁਤ ਖੂਬ !
    ਪਰਮ

    ReplyDelete
  3. ਸੋਹਣੀ ਰਚਨਾ ਹੈ । ਇੱਕ ਰਿਸ਼ਤੇ ਦੀ ਉਡੀਕ ਵਿਚ ਮੰਨ ਤੇ ਕੀ ਬੀਤਦੀ ਹੈ ,ਉਸ ਦਾ ਸੁੰਦਰ ਵਰਣਨ ਹੈ ।

    ReplyDelete
  4. ਮਹਿਕੀ ਮਿੱਟੀ ਬਹੁਤ ਹੀ ਮੋਹ ਭਰੇ ਅਹਿਸਾਸ ਵਾਲਾ ਖੂਬਸੂਰਤ ਹਾਇਬਨ ਹੈ !
    ਸਾਂਝਾ ਕਰਨ ਲਈ ਵਧਾਈ ਤੇ ਸ਼ੁਕਰੀਆ।
    ਦਵਿੰਦਰ

    ReplyDelete
  5. ਮਹਿਕੀ ਮਿੱਟੀ ਹਾਇਬਨ ਪਸੰਦ ਕਰਨ ਲਈ ਆਪ ਸਭ ਦਾ ਤਹਿ ਦਿਲੋਂ ਸ਼ੁਕਰੀਆ ਜੀ। ਇੰਝ ਹੀ ਹੁੰਗਾਰਾ ਭਰਦੇ ਰਿਹਾ ਕਰੋ ਆਪ ਸਭ ਦੇ ਹੁੰਗਾਰੇ ਕੁਝ ਨਵਾਂ ਪਰੋਸਣ 'ਚ ਸਹਾਈ ਹੁੰਦੇ ਹਨ।

    ReplyDelete
  6. ਮਹਕੀ ਮਿੱਟੀ
    ਹਰਦੀਪ ਜਾ ਦਾ ਇਹ ਕਮਾਲ ਹੈ ਨਿੱਕੀ ਜ਼ਹਿ ਗਲ ਨੂ ਇਸ ਖੂਬਸੂਰਤੀ ਨਾਲ ਲਿਖਦੇ ਹਨ ਕੀ। ਲਗਦਾ ਕੀ ਕੋਈ ਕਹਾਨੀ ਪੜ੍ਹ ਰਹੇਂ ਆ। ਇੰਤਜਾਰ ਕਰਦੇ ਮਨ ‘ਚ ਉਠਦੇ ਵਿਚਾਰਾਂ ਦਾ ਬੜ੍ਹੀ ਖੂਬਸੂਰਤੀ ਨਾਲ ਵਰਣਨ ਕੀਤਾ ਹੈ ਇਸ ਹਾਇਬਨ ‘ਚ ਚਿੰਤਾਵਾਂ ਦੀ ਤਪਦੀ ਧੁਪ ਪਿਛੋਂ ਮਿਲਣ ਦੇ ਖੁਸ਼ਬੂ ਭਰੇ ਛਰਾਟੇ ਕਾ ਆਨੰਦ ਮਿਲਦਾ ਹੈ। ਵਾਹ ਬਹੁਤ ਖੂਬ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ