
ਹੱਲਿਆਂ ਵੇਲੇ ਮੇਰੇ ਨਾਨਕੇ ਬਾਰ ’ਚੋਂ ਇੱਧਰਲੇ ਪੰਜਾਬ ’ਚ ਆਏ ਸੀ। ਪਾਕਿਸਤਾਨ ਵਾਲੀ ‘ਗੰਜੀ ਬਾਰ’ ਵਿਚ ਉਹ ਸਰਦਾਰ ਸਨ ਪਰ ਉਜਾੜੇ ਨੇ ਆਰਥਿਕਤਾ ਤਬਾਹ ਕਰ ਦਿੱਤੀ ਸੀ। ਉਹ ਜਿਹੜਾ ਸਾਮਾਨ ਨਾਲ ਲੈ ਕੇ ਆਏ, ਉਸ ਵਿੱਚ ਇਹ ਡੱਬੀਦਾਰ ਲੂੰਗੀ ਵੀ ਸੀ। ਮੇਰੀ ਨਾਨੀ ਨੇ ਆਪਣੇ ਵਿਆਹ ਤੋਂ ਪਹਿਲਾਂ ਇਹ ‘ਲੂੰਗੀ’ ਅੱਕ ਦੀਆਂ ਕੁਕੜੀਆਂ ਨੂੰ ਕੱਤ ਕੇ ਬਣਾਈ ਸੀ। ਕੂਲੀ ਰੇਸ਼ਮ ਵਰਗੀ ਛੋਹ ਹੈ ਇਸ ਦੀ । ਮੇਰਾ ਨਾਨਾ ਇਸ ਲੂੰਗੀ ਨੂੰ ਲੱਕ ਨਾਲ ਬੰਨ੍ਹ ਕੇ ਅਤੇ ਘੋੜੀ ’ਤੇ ਬੈਠ ਕੇ ਮੁਰੱਬਿਆਂ ਉੱਤੋਂ ਦੀ ਸ਼ੌਕ ਦਾ ਗੇੜਾ ਦੇਣ ਜਾਂਦਾ ਹੁੰਦਾ ਸੀ।
1947 ਦੀ ਵੱਢ-ਟੁੱਕ ਸਮੇਂ ਜਦੋਂ ਉਹ ਘਰੋਂ ਸਾਰਾ ਸਾਮਾਨ ਛੱਡ ਕੇ ਉਜੜਨ ਲੱਗੇ ਤਾਂ ਸੋਨੇ ਦੇ ਗਹਿਣਿਆਂ ਵਾਲੇ ਟਰੰਕ ਵਿੱਚ ਇਹ ਲੂੰਗੀ ਵੀ ਸੀ। ਮੇਰਾ ਨਾਨਾ ਇਸ ਨੂੰ ਟਰੰਕ ਵਿੱਚੋਂ ਕੱਢ ਕੇ ਕਿਤੇ ਸਾਲ ਛੇ ਮਹੀਨੇ ਪਿੱਛੋਂ ਜ਼ਰੂਰ ਦੇਖਦਾ। ਭਰੇ ਮਨ ਨਾਲ ਫਿਰ ਟਰੰਕ ਵਿਚ ਰੱਖ ਦਿੰਦਾ ਹੈ। ਮੇਰੀ ਨਾਨੀ ਨੂੰ ਧਰਵਾਸਾਂ ਵੀ ਦਿੰਦਾ ਕਿ ਥੋੜ੍ਹੇ ਚਿਰ ਨੂੰ ਘੋੜੀ ਲੈ ਲਵਾਂਗੇ, ਫਿਰ ਉਹ ਇਹ ਲੂੰਗੀ ਬੰਨ੍ਹ ਕੇ ਜ਼ਮੀਨਾਂ ਉੱਤੋਂ ਗੇੜਾ ਦਿਆ ਕਰੂ’’ ਪਰ ਉਹ ਸਮਾਂ ਕਦੇ ਨਾ ਆਇਆ। ਛਾਤੀ ਦੇ ਕੈਂਸਰ ਨਾਲ ਮਰਨ ਤੋਂ ਪਹਿਲਾਂ ਮੇਰੀ ਨਾਨੀ ਨੇ ਇਹ ‘ ਲੂੰਗੀ’ ਮੇਰੀ ਮਾਂ ਨੂੰ ਇਹ ਕਹਿ ਕੇ ਫੜਾ ਦਿੱਤੀ, ‘‘ਲੈ ਧੀਏ ਸਾਂਭ ਕੇ ਰੱਖੀ’, ਇਹ ਬਨਾਉਣ ਲਈ ਮੈਂ ਪੰਜ ਸੌ ਅੱਕ ਦੀ ਕੁਕੜੀ ਚਰਖੇ ਨਾਲ ਕੱਤੀ ਸੀ। ਕੱਤਣ ਵੇਲੇ ਲੂੰਆਂ ਦੀ ਧੂੜ ਨੱਕ ਨੂੰ ਚੜ੍ਹ ਜਾਂਦੀ। ਹਰ ਰੋਜ਼ ਥੋੜ੍ਹਾ ਜਿਹਾ ਹੀ ਕੱਤਣਾ ਪੈਂਦਾ। ਤੇਰਾ ਪਿਓ ਤਾਂ ਇਸ ਨੂੰ ਮੁੜ ਕੇ ਬੰਨ੍ਹ ਨਹੀਂ ਸਕਿਆ, ਹੋ ਸਕਦਾ ਤੇਰੇ ਸਿਰ ਦਾ ਸਾਈਂ ਕਿਤੇ ਘੋੜੀ ਲੈ ਲਵੇ’’।
ਮੇਰੀ ਨਾਨੀ ਦੇ ਖਿਆਲਾਂ ਵਾਲੀ ਸਰਦਾਰੀ ਸਾਡੇ ਘਰੇ ਵੀ ਕਦੇ ਨਾ ਆਈ। ਫੇਰ ਮੇਰੀ ਮਾਂ ਨੇ ਇਹ ਲੂੰਗੀ ਮੈਨੂੰ ਫੜਾ ਕੇ ਕਿਹਾ, ‘‘ਮੇਰੀ ਮਰੀ ਤੋਂ ਬਾਅਦ ਮੇਰੀ ਪੇਟੀ ਤਾਂ ਨੂੰਹਾਂ ਵੰਡ ਲੈਣਗੀਆਂ ਪਰ ਤੂੰ ਇਹ ‘ ਲੂੰਗੀ’ ਸਾਂਭ ਕੇ ਰੱਖੀਂ। ਇਹ ਮੇਰੀ ਮਾਂ ਦੀ ਇਕੋ ਬਾਕੀ ਨਿਸ਼ਾਨੀ ਹੈ।’’ ਦੇਖਦਾ ਹਾਂ ਤਾਂ ਮਨ ਰੋਣ ਨੂੰ ਕਰਦਾ ਹੈ। ਘੋੜੀ ਖਰੀਦਣ ਦੀ ਕੋਈ ਉਮੀਦ ਨਹੀਂ। ਨਵਾਬ ਬਣ ਕੇ ਸ਼ੌਂਕ ਦਾ ਗੇੜਾ ਦੇਣ ਦੇ ਜ਼ਮਾਨੇ ਵੀ ਨਹੀਂ ਰਹੇ। ਤਿੰਨ ਪੀੜ੍ਹੀਆਂ ਦੀ ਵਿਰਾਸਤ ‘ਲੂੰਗੀ’ ਮੇਰੇ ਲਈ ਬੇਸ਼ਕੀਮਤੀ ਗਹਿਣੇ ਵਾਂਗੂ ਹੈ ਪਰ ਕਦੇ-ਕਦੇ ਇਹ ਮੈਨੂੰ ‘ਕੈਂਸਰ ਦੀ ਵਿਰਾਸਤ’ ਵੀ ਪ੍ਰਤੀਤ ਹੁੰਦੀ ਹੈ। ਇਸ ‘ਲੂੰਗੀ’ ਦੀਆਂ ਵਾਰਸ ਮੇਰੀ ਨਾਨੀ ਅਤੇ ਮਾਂ ਨੂੰ ਮੈਂ ਕੈਂਸਰ ਨਾਲ ਮਰਦੇ ਦੇਖਿਆ ਹੈ। ਹੁਣ ਸਾਡੇ ਮਾਲਵੇ ਵਿਚ ਵੀ ਕੈਂਸਰ ਨਾਲ ਹਰ ਰੋਜ਼ ਮੌਤਾਂ ਹੋ ਰਹੀਆਂ ਹਨ। ਇਹ ‘ਲੂੰਗੀ’ ਤਾਂ ਮੇਰੇ ਕੋਲ ਹੀ ਰਹੇਗੀ ਪਰ ਜੇ ਮੇਰੀ ਮੌਤ ਵੀ ‘ਕੈਂਸਰ’ ਨਾਲ ਹੋਣ ਲੱਗੀ ਤਾਂ ਮਰਨ ਤੋਂ ਪਹਿਲਾਂ ਇਹ ਮੈਂ ਆਪਣੀ ਧੀ ਨੂੰ ਨਹੀਂ ਦਿਆਂਗਾ।
ਨਾਨੀ ਨਿਸ਼ਾਨੀ
ਕੂਲੀ ਰੇਸ਼ਮੀ ਲੂੰਗੀ
ਵੇਖਾਂ ਤੇ ਰੋਵਾਂ।
ਗੁਰਸੇਵਕ ਸਿੰਘ ਧੌਲਾ
ਨੋਟ : ਇਹ ਪੋਸਟ ਹੁਣ ਤੱਕ 104 ਵਾਰ ਪੜ੍ਹੀ ਗਈ।
ਬੀਤੇ ਸਮੇਂ ਦੀਆਂ ਸਚਾਈਆਂ ਅਤੇ ਇਕ ਇਤਹਾਸ ਇਹਨੇ ਦਿਲਚਸਪ ਅਤੇ ਥੋੜੇ ਜਿਹੇ ਸ਼ਬਦਾਂ ਵਿਚ ਕਹਿ ਦਿੱਤਾ ਹੈ ।ਰਚਨਾ ਕਈੰ ਵਾਰ ਪੜੀ । ਪੜਣ ਵਾਲੀ ਸੁੰਦਰ ਲਿਖਤ ।
ReplyDeleteਦਿਲ ਨੂੰ ਟੁੰਬਣ ਵਾਲਾ ਹਾਇਬਨ। ਇਓਂ ਲੱਗਾ ਜਿਵੇਂ ਇਹ ਰੇਸ਼ਮੀ ਲੂੰਗੀ ਮੇਰੇ ਹੱਥਾਂ 'ਚ ਹੋਵੇ ਤੇ ਇਸ ਨੂੰ ਛੂਹੰਦਿਆਂ ਹੀ ਨਾਨੀ ਕਿਤੇ ਚਰਖਾ ਕੱਤਦੀ ਵਿਖਾਈ ਦਿੱਤੀ। ਨਹੀਂ ਇਹ ਅਨਮੋਲ ਨਿਸ਼ਾਨੀ ਕੈਂਸਰ ਦੀ ਵਿਰਾਸਤ ਨਹੀਂ ਹੋ ਸਕਦੀ। ਪੰਜਾਬ 'ਚ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਦੀ ਜੜ੍ਹ ਤਾਂ ਮਿਲਾਵਟ ਹੈ, ਲੋਕ ਆਪਣੇ ਮੁਨਾਫ਼ੇ ਲਈ ਭੋਜਨ ਦੀ ਥਾਂ ਜ਼ਹਿਰ ਵੇਚ ਰਹੇ ਹਨ। ਆਪਣੇ ਹੀ ਆਪਣਿਆਂ ਦੇ ਵੈਰੀ ਬਣੇ ਬੈਠੇ ਨੇ। ਲੋਕ ਇਸੇ ਆਸ 'ਤੇ ਜੀ ਰਹੇ ਨੇ ਕਿ ਰੱਬ ਕਿਤੇ ਤਾਂ ਮਿਹਰ ਕਰੇਗਾ। ਆਓ ਮਿਲ ਕੇ ਦੁਆ ਕਰੀਏ ਕਿ ਇਸ ਨਾਮੁਰਾਦ ਬਿਮਾਰੀ ਦੀ ਜੜ੍ਹ ਚੁੱਕੀ ਜਾਵੇ ਤੇ ਸਾਨੂੰ ਆਪਣੀਆਂ ਵਿਰਾਸਤੀ ਦਾਤਾਂ ਨੂੰ ਮੁੜ ਇਸ ਨਾਲ ਜੋੜ ਕੇ ਵੇਖਣਾ ਨਾ ਪਵੇ।
ReplyDeleteਵਧੀਆ ਹਾਇਬਨ ਸਾਂਝਾ ਕਰਨ ਲਈ ਵਧਾਈ ਦੇ ਪਾਤਰ ਹੋ।
ਬਹੁਤ ਮਿਹਰਵਾਨੀ ਹਰਦੀਪ ਕੌਰ ਸੰਧੂ ਭੈਣ ਜੀ
ReplyDeleteਬਹੁਤ ਮਿਹਰਵਾਨੀ ਦਿਲਜੋਧ ਬਾਈ ਜੀ
ReplyDelete