
ਕਾਂ ਦੀ ਅੱਖ ਕੱਢਣ ਵਾਲੀ ਸਿਖ਼ਰ ਦੁਪਿਹਰੇ ਪਿੰਡਾਂ ਦੀਆਂ ਗਲੀਆਂ ਗਲਿਆਰੇ ਕਿਸੇ ਰਾਤ ਦੇ ਸੰਨਾਟੇ ਵਾਂਗ ਸੁੰਨ-ਸਾਨ ਪਏ ਨੇ। ਨਾਜਰ ਦੇ ਰੋਕਣ ਦੇ ਬਾਵਜੂਦ ਵੀ ਉਸ ਦੇ ਵੱਡੇ ਖੇਡਣ-ਮੱਲਣ ਵਾਲੇ ਜੁਆਕ ਇਸ ਪਿੰਡੇ ਲੂਹਣੀ ਧੁੱਪ ਵਿੱਚ ਬਾਹਰ ਕਿਸੇ ਰੁੱਖ ਦੀ ਛਾਂ ਹੇਠ ਜਾ ਖੇਡਣ ਲੱਗੇ। ਕੁਝ ਹੋਰ ਉਹਨਾਂ ਦੇ ਸਾਥੀ ਪਿੰਡ ਨੇੜੇ ਵਗਦੀ ਨਹਿਰ ਵਿੱਚ ਛਾਲ਼ਾਂ ਮਾਰਨ, ਤਾਰੀਆਂ ਲਾਉਣ ਅਤੇ ਵਗਦੇ ਸੀਤਲ ਪਾਣੀ ਨਾਲ ਅੱਠਖੇਲੀਆਂ ਕਰਨ 'ਚ ਮਸਤ ਨੇ। ਨਾਜਰ ਵੀ ਹੁਣ ਪਿੰਡ ਦੀ ਫਿਰਨੀ ‘ਤੇ ਲੱਗੇ ਸੰਘਣੇ ਰੁੱਖਾਂ ਦੀ ਛਾਂ ਹੇਠ ਬੈਠੇ ਤਾਸ਼ਾਂ ਖੇਡਦਿਆਂ, ਅਖ਼ਬਾਰਾਂ ਪੜ੍ਹਦਿਆਂ ਅਤੇ ਪਿੰਡ ਦੀ ਚੁੰਝ -ਚਰਚਾ 'ਚ ਜਾ ਸ਼ਾਮਿਲ ਹੋਇਆ।
ਸਾਹਮਣੇ ਪਿੰਡ ਵਾਲੇ ਟੋਭੇ ਦੇ ਕੰਢੇ 'ਤੇ ਪਾਣੀ ਵਿੱਚ ਤਾਰੀਆਂ ਲਾ ਕੇ ਖੰਭ ਝਾੜਦੇ ਪੰਛੀ, ਟੋਭੇ 'ਚ ਮਸਤੀ ਨਾਲ ਨਹਾਉਂਦੀਆਂ ਮੱਝਾਂ, ਗਾਵਾਂ ਤੇ ਕੱਟਰੂ-ਵੱਛਰੂ ਆਪੋ-ਆਪਣੇ ਢੰਗ ਨਾਲ ਇਸ ਗਰਮੀ ਨੂੰ ਮਾਤ ਪਾ ਰਹੇ ਹਨ। ਕੁਝ ਚਹਿ-ਚਹਾਉਂਦੇ ਪੰਛੀ ਰੁੱਖਾਂ ‘ਤੇ ਆਲ੍ਹਣਿਆਂ ਵਿੱਚ ਬੈਠੇ ਆਪਣੇ ਬੋਟਾਂ ਨਾਲ ਕਲੋਲਾਂ ਕਰ ਰਹੇ ਨੇ । ਇਹਨਾਂ ਹੀ ਰੁੱਖਾਂ ਦੀ ਛਾਂ ਹੇਠ ਹਾਲ਼ੀ ਵਹਿੜਕੇ, ਬੌਲਦ, ਕੱਟੇ ਅਤੇ ਝੋਟੇ ਉਗਾਲ਼ੀ ਕਰਕੇ ਚਿੱਟੀ-ਚਿੱਟੀ ਝੱਗ ਸੁੱਟਦੇ ਨਜ਼ਰ ਆਉਂਦੇ ਹਨ।
ਜੂਨ ਮਹੀਨਾ
ਗਿੱਠ ਕੁ ਲੰਬੀ ਜੀਭ
ਮਿਣਦੀ ਤਾਪ। ਭੂਪਿੰਦਰ ਸਿੰਘ
(ਨਿਊ ਯਾਰਕ )
ਨੋਟ: ਇਹ ਪੋਸਟ ਹੁਣ ਤੱਕ 116 ਵਾਰ ਪੜ੍ਹੀ ਗਈ।
ਗਰਈਮੀ ਵਿਚ ਪੇਂਡੂੰ ਮਾਹੌਲ ਦਾ ਸੁੰਦਰ ਚਿਤਰਣ ਹੈ । ਬਧਾਈ !
ReplyDeleteਗਰਮੀ ਰੁੱਤ ਦੀ ਬੜੀ ਸੁੰਦਰ ਮੂਵੀ ਹੀ ਬਣਾ ਦਿਤੀ ਹੈ |
ReplyDeleteਗਰਮੀ ਨਾਪਨ ਦਾ ਤਰੀਕਾ ਨਵੇਕਲਾ ਹੈ ।
ਗਰਮੀ ਦੀ ਰੁਤ ਦਾ ਚਿਤ੍ਰ ਬਹੁਤ ਬੜਿਆ। ਇਕ ਇਕ ਦਰਿਸ਼ ਕਮਾਲ ਦਾ ਹੈ। ਮੂਵੀ ਬੰਗੂ। ਵ੍ਧਾਯੀ ਭੁਪਿੰਦਰ ਜੀ
ReplyDelete