
ਸਿਆਲਾਂ ਦੀ ਕੋਸੀ ਜਿਹੀ ਸਵੇਰ। ਘੰਟੀ ਵੱਜਦੇ ਹੀ ਵਿਦਿਆਰਥੀ ਸਵੇਰ ਦੀ ਸਭਾ 'ਚ ਜੁੜਨ ਲੱਗੇ। ਉਹਨਾਂ ਦੇ ਖਿੜੇ ਚਿਹਰਿਆਂ 'ਤੇ ਸੱਜਰੀ ਸਵੇਰ ਜਿਹੀ ਚਮਕ ਸੀ। ਅਜ਼ਾਦ ਹਵਾਵਾਂ 'ਚ ਡਾਢਾ ਲੋਰ ਸੀ। ਸਾਰੇ ਇਸੇ ਨਵੇਂ ਤਾਜ਼ੇ ਦਿਨ ਨੂੰ ਆਪਣੇ ਹੀ ਰੰਗ 'ਚ ਰੰਗਣ ਲਈ ਉਤਾਵਲੇ ਸਨ। ਬਾਰਵੀਂ ਜਮਾਤ ਦਾ ਅੱਜ ਸਕੂਲ 'ਚ ਆਖਰੀ ਦਿਨ ਸੀ। ਉਹਨਾਂ ਦੀ ਅੱਜ ਨਿਲਾਮੀ ਹੋਣੀ ਸੀ। ਹਰ ਵਿਦਿਆਰਥੀ ਨੇ ਅੱਜ ਕਿਸੇ ਦਾ ਗੁਲਾਮ ਬਣ ਕੇ ਰਹਿਣਾ ਸੀ -ਗੁਲਾਮੀ ਦੇ ਇੱਕ ਦਿਨ ਵੱਜੋਂ।
ਕੁਝ ਪਲਾਂ ਬਾਅਦ ਨਿਲਾਮੀ ਸ਼ੁਰੂ ਹੋ ਗਈ। ਬਾਰਵੀਂ ਜਮਾਤ ਦੇ ਵਿਦਿਆਰਥੀ ਆਪਣੀ -ਆਪਣੀ ਯੋਗਤਾ ਦਾ ਪ੍ਰਗਟਾਵਾ ਕਰਦੇ ਇੱਕ -ਇੱਕ ਕਰਕੇ ਆਪਣੇ -ਆਪ ਨੂੰ ਪੇਸ਼ ਕਰ ਰਹੇ ਸਨ। ਇੱਕ ਅਧਿਆਪਕ ਬੋਲੀ ਲਾ ਰਿਹਾ ਸੀ। ਬਾਕੀ ਅਧਿਆਪਕ ਤੇ ਵਿਦਿਆਰਥੀ ਬੋਲੀ ਦੇ ਕੇ ਆਪਣਾ -ਆਪਣਾ ਗੁਲਾਮ ਖਰੀਦ ਰਹੇ ਸਨ। ਇੱਕ ਦਿਨ ਲਈ ਆਰਜ਼ੀ ਤੌਰ 'ਤੇ ਬਣੇ ਮਾਲਕ ਆਪਣੇ ਗੁਲਾਮਾਂ ਤੋਂ ਮਨ ਚਾਹਿਆ ਕੰਮ ਕਰਵਾਉਣ ਦੀਆਂ ਸਕੀਮਾਂ ਘੜ ਰਹੇ ਸਨ।
ਸਕੂਲ ਦੇ ਸਾਂਝੇ ਫੰਡ ਲਈ ਪੈਸਾ ਇੱਕਠਾ ਹੋ ਰਿਹਾ ਸੀ ਪਰ ਇਹ ਸਾਰਾ ਵਰਤਾਰਾ ਮੇਰੀ ਸੋਚ ਨੂੰ ਵਿੰਨ੍ਹੀ ਜਾ ਰਿਹਾ ਸੀ। ਕਹਿੰਦੇ ਨੇ ਕਿ ਜੇ ਹਜ਼ਾਰਾਂ ਸਾਲ ਸੂਰਜ ਨਾ ਵੀ ਚੜ੍ਹੇ ਤਾਂ ਵੀ ਲੋਕ ਜਿਓਂ ਲੈਣਗੇ ਪਰ ਕਿਸੇ ਦੀ ਗੁਲਾਮੀ ਦੀ ਜ਼ਿੱਲਤ ਸਹਿ ਕੇ, ਆਪਣੀ ਜ਼ਮੀਰ ਨੂੰ ਮਾਰ ਕੇ ਬੇਗੈਤਰ ਜ਼ਿੰਦਗੀ ਦਾ ਇੱਕ ਦਿਨ ਵੀ ਕੱਟਣਾ ਔਖਾ ਹੁੰਦਾ ਹੈ। ਗੁਲਾਮੀ ਦੇ ਖਰਵੇ ਸੱਚ ਨੂੰ ਅੱਖੋਂ ਪਰੋਖੇ ਕਰਕੇ ਅੱਜ ਅਲਬੇਲੇ ਮਨਾਂ ਦੀ ਸੋਚ ਨੂੰ ਗੰਧਲਾ ਕੀਤਾ ਜਾ ਰਿਹਾ ਸੀ। ਮੇਰੀ ਸੋਚ ਦੀਆਂ ਤਲੀਆਂ ਤਪਣ ਲੱਗੀਆਂ। ਮਨੁੱਖੀ ਇਤਿਹਾਸ ਨੂੰ ਕਲੰਕਿਤ ਕਰਨ ਵਾਲੀ ਬ੍ਰਿਟਿਸ਼ ਸਾਮਰਾਜ ਦੀ ਕੋਝੀ ਚਾਲ ਦੀ ਉਪਜ 'ਗੁਲਾਮੀ' ਨੂੰ ਖ਼ਤਮ ਕਰਨ ਲਈ ਇੱਕ ਪਾਸੇ ਤਾਂ ਅਣਥੱਕ ਕੋਸ਼ਿਸ਼ਾਂ ਹੋਈਆਂ ਤੇ ਜਾਰੀ ਵੀ ਹਨ। ਪਰ ਦੂਜੇ ਪਾਸੇ ਅਹਿਜੇ ਦਿਨ ਮਨਾ ਕੇ ਮਨੁੱਖਤਾ ਨੂੰ ਵਲੂੰਧਰਦੀ ਵਿਚਾਰਧਾਰਾ ਨੂੰ ਇੱਥੇ ਮੁੜ ਜਿਉਂਦਾ ਕੀਤਾ ਜਾ ਰਿਹਾ ਸੀ। ਅਚਾਨਕ ਮੈਨੂੰ ਕਿਸੇ ਪਿੰਜਰੇ 'ਚ ਡੱਕੇ ਤੋਤੇ ਦਾ ਰੁਦਨ ਸੁਣਾਈ ਦੇਣ ਲੱਗਾ। ਹੁਣ ਮੈਂ ਸਹਿਜ ਹੋ ਕੇ ਵੀ ਸਹਿਜ ਨਹੀਂ ਸੀ।
ਲੰਮੀ ਉਡਾਰੀ -
ਪਿੰਜਰੇ ਵਾਲਾ ਤੋਤਾ
ਤੱਕੇ ਅੰਬਰ।
ਡਾ. ਹਰਦੀਪ ਕੌਰ ਸੰਧੂ
ਨੋਟ: ਇਹ ਪੋਸਟ ਹੁਣ ਤੱਕ 54 ਵਾਰ ਪੜ੍ਹੀ ਗਈ।
ਨੋਟ: ਇਹ ਪੋਸਟ ਹੁਣ ਤੱਕ 54 ਵਾਰ ਪੜ੍ਹੀ ਗਈ।
ਤੁਹਾਡਾ ਹਾਇਬਨ ਬਹੁਤ ਵਿਚਾਰਨਿਆ ਅਤੇ ਮਾਰਮਿਕ ਹੈ। ਜਿਸ ਦੀ ਜਿੱਲਤ ਸਾਡੇ ਵੁਜੁਰਗਾਂ ਨੇ ਹਡ ਹੰਡਾਈ। ਉਸਦਾ ਨਾਟਕ ਕਰਵਾਨਾ ਕੀ ਇਹ ਮਨਰੰਜਨ ਦਾ ਸਾਧਨ ਹੈ ? ਸਕੂਲ ਪਾਸ ਕਰਕੇ ਜਾਨ ਬਾਲੇ ਵਿਧਿਆਰਥੀਆਂ ਦੇ ਮਨ ਬਿਚ ਇਹ ਕਿਦਾਂ ਦੀ ਛਵੀ ਬਸਾਈ ਜਾ ਰਹੀ ਆ। ਆਪਣੇ ਦੇਸ਼ ਦੇ ਸ਼ਹੀਦਾਂ ਦੇ ਗੁਨਗਨ ਦੀ ਜਗਹ ਮਨ ਦੀ ਪੀੜਾ ਜਗੋਂਨ ਬਾਲਾ ਇਹ ਨਾਟਕ ਸੋਚ ਦੀ ਗ਼ਲਤ ਛਵੀ ਦਿਖੋੰਦਾ ਹੈ।
ReplyDeleteਬਹੁਤ ਸਹੀ ਲਿਖਿਆ।