ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

16 Jan 2016

ਸੋਨੇ ਦਾ ਬੁੱਧ

ਥਾਈਲੈਂਡ ਦੀ ਰਾਜਧਾਨੀ 'ਚ ਬਣਿਆ ਮੰਦਰਾਂ ਵਾਲਾ ਰਮਣੀਕ ਸ਼ਹਿਰ ਬੈਂਕਾਕ। ਪਿੱਛੇ ਜਿਹੇ ਸਬੱਬੀਂ ਮੇਰਾ ਓਥੇ ਜਾਣਾ ਹੋਇਆ। ਅੰਬਰਾਂ ਨਾਲ ਸੰਵਾਦ ਰਚਾਉਂਦੀਆਂ ਉੱਚੀਆਂ ਇਮਾਰਤਾਂ ਦੇ ਐਨ ਮੱਧ ਵਿਚਕਾਰ ਇੱਕ ਮੰਦਰ ਵੇਖਿਆ। ਸੋਨੇ ਦੇ ਬੁੱਧ ਵਾਲਾ ਮੰਦਰ। 10 -12 ਫੁੱਟ ਉੱਚਾ ਖਾਲਸ ਸੋਨੇ ਦਾ ਬਣਿਆ  ਬੁੱਧ ਅੱਖਾਂ ਮੁੰਦੀ ਡੂੰਘੀ ਸਮਾਧੀ ਲਾਈ  ਬੈਠਾ ਹੈ ਇੱਥੇ। ਕੋਲ ਹੀ ਇੱਕ ਸ਼ੀਸ਼ੇ ਦਾ ਪਿਆ ਬਕਸਾ ਇਸ ਮੂਰਤੀ ਦਾ ਇਤਿਹਾਸ ਆਪਣੇ ਮੂੰਹੋਂ ਬੋਲਦਾ ਹੈ।
          ਬਰੀਕ -ਬਰੀਕ ਲਿਖਤ ਨੂੰ ਪੜ੍ਹਨ ਦਾ ਮੈਂ ਅਸਫ਼ਲ ਯਤਨ ਕਰ ਰਹੀ ਸੀ। ਮੇਰੇ ਚਿਹਰੇ 'ਤੇ ਫ਼ੈਲੀ ਜਿਗਿਆਸਾ ਨੂੰ ਭਾਂਪਦਿਆਂ ਇੱਕ ਸੇਵਾਦਾਰ ਮੇਰੇ ਕੋਲ ਆਇਆ ਤੇ ਬੜੀ ਹਲੀਮੀ ਨਾਲ ਕਹਿਣ ਲੱਗਾ, " ਇਹ ਸ਼ਾਂਤ ਤੇ ਗੰਭੀਰ ਮੁਸਕਾਨ ਬਿਖੇਰਦਾ ਬੁੱਧ ਜ਼ਿੰਦਗੀ ਦੇ ਅਣਦਿਸਦੇ ਰਹੱਸ ਆਪਣੇ ਅੰਦਰ ਸਮੋਈ ਬੈਠਾ ਹੈ। ਕਹਿੰਦੇ ਨੇ ਕਿ ਬਹੁਤ ਅਰਸਾ ਪਹਿਲਾਂ ਇੱਥੇ ਕਿਸੇ ਮੰਦਰ ਵਾਲੀ ਥਾਂ 'ਤੇ ਹਾਈਵੇ ਬਣਨ ਕਰਕੇ ਇੱਕ ਮਿੱਟੀ ਦੇ ਬੁੱਧ ਦੀ ਮੂਰਤੀ ਨੂੰ ਕਰੇਨ ਨਾਲ ਚੁੱਕ ਕਿਤੇ ਹੋਰ ਸਥਾਪਤ ਕਰਨਾ ਸੀ। ਅਚਾਨਕ ਮੂਰਤੀ ਤਿੜਕ ਗਈ ਤੇ ਮੰਦੇਭਾਗੀਂ ਮੀਂਹ ਵੀ ਪੈਣ ਲੱਗ ਪਿਆ। ਮੂਰਤੀ ਨੂੰ ਤਰਪਾਲ ਨਾਲ ਢੱਕ ਕੇ ਕੰਮ ਬੰਦ  ਕਰ ਦਿੱਤਾ ਗਿਆ। ਰਾਤ ਨੂੰ ਟੀਮ ਦਾ ਮੁੱਖੀ ਜਦੋਂ ਸਭ ਕੁਝ ਠੀਕ ਹੋਣ ਦਾ ਜਾਇਜ਼ਾ ਲੈਣ ਗਿਆ  ਤਾਂ ਉਸ ਨੇ ਟਾਰਚ ਦੀ ਰੌਸ਼ਨੀ 'ਚ ਤਰਪਾਲ ਦੇ ਹੇਠਾਂ ਕੁਝ ਚਮਕਦਾ ਦੇਖਿਆ। ਹੋਰ ਨੇੜੇ ਜਾਣ 'ਤੇ ਚਮਕ ਵੱਧਦੀ ਗਈ। ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਉਸ ਨੇ ਮੂਰਤੀ ਤੋਂ ਮਿੱਟੀ ਝਾੜੀ, ਹੇਠੋਂ ਸੋਨੇ ਦੇ ਬੁੱਧ ਦੀ ਮੂਰਤੀ ਪ੍ਰਗਟ ਹੋ ਗਈ। "
            ਮਨ 'ਚ ਉੱਠਦੇ ਸਵਾਲਾਂ ਕਰਕੇ ਸਵਾਲੀਆਂ ਚਿੰਨ ਬਣਿਆ ਮੇਰਾ ਚਿਹਰਾ ਤੱਕਦਿਆਂ ਉਸ ਫਿਰ ਦੱਸਣਾ ਸ਼ੁਰੂ ਕੀਤਾ। " ਓਸ ਦਿਨ ਉਸ ਟੀਮ ਦੇ ਮੁੱਖੀ ਦੀ ਸੋਚ ਨੂੰ ਵੀ ਅਣਗਿਣਤ ਸਵਾਲਾਂ ਨੇ ਟੁੰਬਿਆ ਸੀ। ਉਸ ਨੇ ਇਸ ਮੂਰਤੀ ਦਾ ਰਾਜ ਖੋਲ੍ਹਣ ਲਈ ਆਪਣੀ ਅਗਲੇਰੀ ਖੋਜ ਦੇ ਨਤੀਜੇ ਜਦੋਂ ਸਾਂਝੇ ਕੀਤੇ ਤਾਂ ਪਤਾ ਲੱਗਿਆ ਕਿ ਕਈ ਸੌ ਸਾਲ ਪਹਿਲਾਂ ਬਰਮਾ ਦੀ ਫ਼ੌਜ ਨੇ ਥਾਈਲੈਂਡ 'ਤੇ ਹਮਲਾ ਕਰ ਦਿੱਤਾ ਸੀ। ਉਦੋਂ ਬੋਧੀ ਭਿਕਸ਼ੂਆਂ ਨੇ ਸੋਨੇ ਦੀ ਮੂਰਤੀ ਨੂੰ ਬਚਾਉਣ ਲਈ ਇੱਕ ਖਾਸ ਕਿਸਮ ਦੀ ਮਿੱਟੀ ਦਾ ਲੇਪ ਲਾ ਕੇ ਢੱਕ ਦਿੱਤਾ ਸੀ। ਹਮਲੇ ਦੌਰਾਨ ਸਾਰੇ ਬੋਧੀ ਭਿਕਸ਼ੂ ਮਾਰੇ ਗਏ ਤੇ ਇਸ ਮੂਰਤੀ ਦਾ ਰਾਜ਼ ਵੀ ਉਹਨਾਂ ਦੇ ਨਾਲ ਹੀ ਦਫ਼ਨ ਹੋ ਗਿਆ ਸੀ। "
         ਸੇਵਾਦਾਰ ਤਾਂ ਐਨੀ ਗੱਲ ਕਹਿ ਕੇ ਓਥੋਂ ਚਲਾ ਗਿਆ ਪਰ ਮੈਂ ਆਪਣੀਆਂ ਸੋਚ ਝਨਾਵਾਂ 'ਚ ਡੂੰਘੀ ਉੱਤਰੀ ਸੋਚ ਰਹੀ ਸਾਂ ਕਿ ਅਸੀਂ ਸਾਰੇ ਮਿੱਟੀ ਦੇ ਬੁੱਧ ਹੀ ਤਾਂ ਹਾਂ। ਅਸੀਂ ਆਪਣਾ ਆਪਾ ਕਦੇ ਡਰ- ਭੈਅ ਅਤੇ ਕਦੇ ਕ੍ਰੋਧ - ਹੰਕਾਰ ਦੇ ਸਖਤ ਨਕਾਬ ਨਾਲ ਕੱਜਿਆ ਹੁੰਦਾ ਹੈ। ਹਰ ਨਕਾਬ ਹੇਠਾਂ ਕੋਈ ਨਾ ਕੋਈ ਸੋਨੇ ਦਾ ਬੁੱਧ ਬੈਠਾ ਹੁੰਦਾ ਹੈ, ਸੋਨੇ ਵਰਗੀ ਸ਼ੁੱਧ ਤੇ ਪਵਿੱਤਰ ਆਤਮਾ ਵਾਲਾ। ਲੋੜ ਹੈ ਇਸ ਨਕਾਬ ਨੂੰ ਲਾਹੁਣ ਦੀ। ਮੈਨੂੰ ਲੱਗਾ ਕਿ ਮੇਰੇ ਨਵੇਂ ਵਿਵੇਕ ਦੇ ਚਾਨਣਾਂ 'ਚੋਂ ਦਿੱਸਦਾ ਸਾਹਮਣੇ ਬੈਠਾ ਬੁੱਧ ਜ਼ਿੰਦਗੀ ਦੇ ਅਸਲ ਸਕੂਨ ਦੀ ਪ੍ਰਾਪਤੀ ਲਈ ਮੈਨੂੰ ਸਾਡਾ ਆਪਾ ਖੋਜਣ ਦੀ ਸਲਾਹ ਦੇ ਰਿਹਾ ਹੋਵੇ। 
ਸੋਨੇ ਦਾ ਬੁੱਧ 
ਬੈਠਾ ਮੁਸਕਰਾਵੇ 
ਮੈਨੂੰ ਵੇਖ ਕੇ। 

ਡਾ. ਹਰਦੀਪ ਕੌਰ ਸੰਧੂ 


ਨੋਟ: ਇਹ ਪੋਸਟ ਹੁਣ ਤੱਕ 38 ਵਾਰ ਪੜ੍ਹੀ ਗਈ

3 comments:

  1. Pritam Kaur19.1.16



    ਬਹੁਤ ਵਧੀਆ। ਅੰਤ 'ਚ ਬਹੁਤ ਵਧੀਆ ਨਚੋੜ ਕਢਿਆ ਹੈ ਪੜ੍ਹ ਕੇ ਅਨੰਦ ਆ ਗਿਆ। ਵਧਾਈ ਦੇ ਪਾਤਰ ਹੋ।
    ਪ੍ਰੀਤਮ ਕੌਰ

    ReplyDelete
  2. ਬਹੁਤ ਹੀ ਵਧੀਆ। ਬਹੁਤ ਚਿਰ ਬਾਅਦ ਆਪ ਜੀ ਦਾ ਲਿਖਿਆ ਪੜ੍ਹਿਆ ਹੈ।

    ReplyDelete
  3. ਤੂਸੀੰ ਹਰ ਬਾਰ ਕੁਝ ਖੋਜ ਭਰਿਆ ਲਿਖਦੇ ਹੋ ਵਧੀਆ ਹੁਂਦਾ ਆ ।ਜਾਨਕਾਰੀ ਦੇਨਵਾਲਾ।ਤੇਰੀ ਲੇਖਨੀ ਇਂਜ ਹੀ ਚਲਦੀ ਰਵੇ ਏਹੀ ਦੁਆ ਹੈ ਮੇਰੀ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ