
ਜੂਨ ਦਾ ਮਹੀਨਾ ਸੀ ਤੇ ਅਤਿ ਦੀ ਗਰਮੀ ਵੀ । ਸ਼ਾਮ ਵੇਲੇ ਹਲਕੀ -ਹਲਕੀ ਹਵਾ ਚੱਲਣ ਲੱਗੀ ਤੇ ਮੈਂ ਬਾਹਰ ਸੈਰ ਕਰਨ ਲਈ ਤੁਰ ਪਈ । ਮੈਂ ਆਪਣੇ ਹੀ ਧਿਆਨੇ ਤੁਰੀ ਜਾ ਰਹੀ ਸਾਂ ਤੇ ਅਚਾਨਕ ਮੇਰੀ ਰੂਹ ਦਾ ਚਿੱਤਰ ਮੇਰੀਆਂ ਅੱਖਾਂ ਸਾਹਵੇਂ ਫੈਲਣ ਲੱਗਦਾ ਏ। ਜਦੋਂ ਦੁਨੀਆਂ ਦੀ ਸਦੀਵੀ ਸੁੰਦਰਤਾ ਦੀ ਸੁੰਨ ਮੇਰੀ ਰੂਹ 'ਤੇ ਹਾਵੀ ਹੁੰਦੀ ਏ ਤਾਂ ਇਹ ਦੇਸ਼ ਵੱਸਦੀ -ਵੱਸਦੀ ਪ੍ਰਦੇਸੀ ਹੋ ਜਾਂਦੀ ਹੈ। ਕਿਸੇ ਨੇ ਸਹੀ ਕਿਹਾ ਹੈ ਕਿ ਕੁਦਰਤ ਦੇ ਦਿਸਦੇ ਦ੍ਰਿਸ਼ਾਂ ਤੋਂ ਅੱਗੇ ਸੁਹੱਪਣ 'ਚੋਂ ਕਿਰਦੇ ਨਾਦ ਨੂੰ ਸੁਣਨ ਦੀ ਤਮੰਨਾ ਹੀ ਇੱਕ ਸੁੰਨ ਨੂੰ ਰੂਹ 'ਤੇ ਹਾਵੀ ਕਰਦੀ ਹੈ। ਕੂੰਜਾਂ ਵਾਂਗ ਉੱਡਦੀ ਚੇਤਨਤਾ ਜਦੋਂ ਅਸਮਾਨੀ ਚੜ੍ਹਦੀ ਏ ਤਾਂ ਪਲ ਵਿੱਚ ਆਪਣੀ ਪਛਾਣ ਪਾ ਅੰਬਰੀਂ ਰਹੱਸ ਦੀਆਂ ਕੰਨਸੋਆਂ ਲੈਣ ਲੱਗਦੀ ਏ। ਉਹ ਸਭ ਜੋ ਚੇਤਨਤਾ ਹੰਢਾਉਣਾ ਚਾਹੁੰਦੀ ਹੈ ਉਹ ਅਣਦਿੱਸਦੇ ਭੇਦਾਂ ਪਿੱਛੇ ਛੁਪਿਆ ਪਿਆ ਹੈ। ਕਾਇਨਾਤ ਦੀ ਦੁਨਿਆਵੀ ਸੁੰਦਰਤਾ ਚੰਨ, ਤਾਰੇ, ਮਹਿਕਦੇ ਬਾਗ ਬਗੀਚੇ, ਸਮਾਜਿਕ ਬੰਧਨ ਅਤੇ ਇਸ ਨਾਸ਼ਵਾਨ ਦੁਨੀਆਂ ਦੇ ਬਖੇੜੇ ਛੱਡ ਰੂਹ ਦੀਆਂ ਬਾਤਾਂ ਪਾਉਣ ਦੀ ਲੋਚਾ ਹੈ।
ਹੁਣ ਮੈਂ ਤੁਰਦੀ - ਤੁਰਦੀ ਇੱਕ ਵੱਡੇ ਪਾਰਕ 'ਚ ਪਹੁੰਚ ਗਈ ਸਾਂ। ਕਾਇਨਾਤ ਨੂੰ ਨਿਹਾਰ ਰਹੀ ਸਾਂ। ਉਸ ਦੀ ਫਜ਼ਰ ਸਮਝੋ ਕਿ ਇਹ ਅਦੁੱਤੀ ਕਾਇਨਾਤ ਮੇਰੇ 'ਤੇ ਹਾਵੀ ਨਹੀਂ ਰਹੀ। ਮੇਰੀ ਹੋਂਦ ਬਹੁਤ ਛੋਟੀ ਹੈ , ਕਿਣਕਾ ਮਾਤਰ ਮਿੱਟੀ ਵਿੱਚ ਮਿਲ ਗਿਆ , ਫਿਰ ਲੱਭੇ ਨਾ। ਬੂੰਦ ਮਾਤਰ , ਪਾਣੀ ਵਿੱਚ ਮਿਲ ਹੋਂਦ ਗੁਆ ਲਵੇ। ਪਰ ਮਿਹਰਾਂ ਵਾਲਿਆ ! ਅੱਜ ਮੇਰੀ ਨਿੱਕੀ ਜਿਹੀ ਹੋਂਦ ਤੇਰੇ ਰੰਗ ਬਰੰਗੇ ਸ਼ਹਿਰਾਂ, ਕਸਬਿਆਂ ਅਤੇ ਸਰਾਵਾਂ ਨੂੰ ਨਿਹਾਰਦੀ ਅਲਵਿਦਾ ਕਹਿਣ ਦੀ ਜੁਅਰਤ ਕਰ ਸਕੀ ਹੈ।
ਘਰ ਵਾਪਿਸ ਆਈ ਤਾਂ ਮਨ 'ਚ ਦੀਦਾਰ ਦੀ ਖੁਸ਼ਬੂ ਉਤਰੀ ਸੀ। ਕਲਮ ਤੋਂ ਹਰਫਾਂ ਦੀ ਲੋਅ ਉਤਰੀ ਸੀ। ਕੈਸੀ ਖੁਸ਼ਬੋ , ਕੈਸੀ ਸਿਮਰਤੀ , ਅੱਖੀਂ ਹੰਝੂ ਭਰ ਗਈ। ਹੰਝੂਆਂ ਦੇ ਹੜ੍ਹਾਂ ਅੱਗੇ ਦੁਨਿਆਵੀ ਸੁੰਦਰਤਾ , ਪਿਆਰ , ਗੁਲਾਮੀ , ਬੰਧਨ ਸਭ ਵਹਿ ਤੁਰਿਆ ਏ। ਸਫ਼ਰ ਮੁਕਾਉਣ ਦਾ ਚਾਅ ਅਤੇ ਸ਼ੌਕ ਟਿਕਟਿਕੀ ਲਗਾਈ ਬੈਠਾ ਹੈ। ਸਫ਼ਰ ਤਦ ਹੀ ਮੁੱਕੇਗਾ ਜਦ ਅਣਦਿੱਸਦਾ ਵੀ ਦਿਖਣ ਲੱਗ ਜਾਏਗਾ ਤੇ ਰੂਹ ਓਸ ਨੂੰ ਹੰਢਾਏਗੀ। ਇਹ ਸਭ ਪਾਉਣ ਲਈ ਖਾਲੀ ਹੱਥ ਤੁਰਨਾ ਹੁੰਦਾ ਹੈ। ਦੁਨਿਆਵੀ ਪਦਾਰਥ , ਸਮਾਜਿਕ ਬੰਧਨ , ਪਿਆਰੇ ਰਿਸ਼ਤੇ , ਕੁਦਰਤੀ ਸੁੰਦਰਤਾ ਸਭ ਛੱਡ ਕੇ ਤੁਰਨਾ ਹੁੰਦਾ ਹੈ ਜੋ ਬਲਦ ਗਲ ਪਾਈ ਪੰਜਾਲੀ ਵਾਂਗ ਹਨ। ਰੂਹ ਦੀ ਆਜ਼ਾਦੀ ਗਲੋਂ ਪੰਜਾਲੀ ਲਹਿਣ ਦਾ ਪ੍ਰਤੀਕ ਹੈ। ਜਦ ਇਹ ਸਭ ਕੁਝ ਛੱਡਦੇ ਹਾਂ ਤਾਂ ਹੱਥ ਤਾਂ ਖਾਲੀ ਹੋ ਹੀ ਜਾਣਗੇ ਪਰ ਭਾਰ ਚੁੱਕ ਕੇ ਤੁਰਨਾ ਤੇ ਖਾਲੀ ਹੱਥ ਤੁਰਨਾ ਕਿੰਨਾ ਫ਼ਰਕ ਹੈ। ਜਿਸ ਸ੍ਰਿਸ਼ਟੀ ਸਾਜੀ ਉਸ ਤੱਕ ਪਹੁੰਚ ਅਪਨਾਉਣੀ ਹੋਵੇ ਤਾਂ ਨੰਗੀ ਰੂਹ ਚਾਹੀਦੀ ਹੈ ਤੇ ਖਾਲੀ ਹੱਥ ਉਹ ਵੀ ਅੱਡੇ ਹੋਏ। ਰੂਹ ਨੂੰ ਨੰਗਾ ਕਰਕੇ ਹੱਥ ਅੱਡਣਾ ਸੁਖਦਾਈ ਅਨੁਭਵ। ਹੱਥ ਖਾਲੀ ਨੇ ਜੋ ਬਲਦ ਵੱਲੋਂ ਪੰਜਾਲੀ ਲਹਿਣ ਦਾ ਪ੍ਰਤੀਕ ਨੇ ਤੇ ਹੱਥ ਅੱਡਣਾ ਇੱਕ ਸਕੂਨਮਈ ਅਹਿਸਾਸ ਹੈ।
ਨੀਲਾ ਅੰਬਰ
ਦੂਰ ਉਡੇਂਦੀ ਤੱਕਾਂ
ਕੂੰਜਾਂ ਦੀ ਡਾਰ।
ਪ੍ਰੋ ਦਵਿੰਦਰ ਕੌਰ ਸਿੱਧੂ
( ਦੌਦਰ -ਮੋਗਾ )
ਨੋਟ : ਇਹ ਪੋਸਟ ਹੁਣ ਤੱਕ 151 ਵਾਰ ਪੜ੍ਹੀ ਗਈ।
ਨੋਟ : ਇਹ ਪੋਸਟ ਹੁਣ ਤੱਕ 151 ਵਾਰ ਪੜ੍ਹੀ ਗਈ।
ਦਵਿੰਦਰ ਭੈਣ ਜੀ ਦੀ ਹਰ ਲਿਖਤ ਲਾਜਵਾਬ ਹੁੰਦੀ ਹੈ। ਏਸ ਵਾਰ ਇੱਕ ਲੰਬੀ ਚੁੱਪ ਤੋਂ ਬਾਅਦ ਸਾਂਝ ਪਾਈ ਹੈ। ਸਭ ਤੋਂ ਪਹਿਲਾਂ ਆਪ ਜੀ ਦਾ ਤਹਿ ਦਿਲੋਂ ਸ਼ੁਕਰੀਆ।
ReplyDeleteਹੁਣ ਹਾਇਬਨ ਵੱਲ ਆਉਂਦੇ ਹਾਂ - ਚੇਤਨਾ ਦਾ ਚਿੱਤਰ - ਕੁਦਰਤ ਦੇ ਦ੍ਰਿਸ਼ਾਂ ਤੋਂ ਅੱਗੇ ਦਾ ਸੁਹੱਪਣ ਦੇਖਣ ਦੀ ਤਮੰਨਾ ! ਵਾਹ ਕਿੰਨੀ ਅਨੋਖੀ ਸੋਚ ਉਡਾਰੀ ਹੈ। ਓਸ ਨੂੰ ਵੇਖਣ ਤੇ ਹੰਢਾਉਣ ਲਈ ਖਾਲੀ ਹੱਥ ਚੱਲਣਾ ਪੈਂਦਾ ਹੈ ,ਰੂਹ ਨੂੰ ਨੰਗਾ ਕਰਕੇ।...ਤੇ ਆਪ ਨੂੰ ਅਣਦਿੱਸਦਾ ਦਿੱਖਣ ਲੱਗ ਜਾਵੇਗਾ। ਵਾਹ ਰੂਹ ਨਸ਼ਿਆ ਗਈ ਇਹ ਹਾਇਬਨ ਪੜ੍ਹਦਿਆਂ । ਬਲਦ ਗੱਲ ਪੰਜਾਲੀ ਵਾਲੀ ਉਦਾਹਰਣ ਬੜੀ ਢੁੱਕਵੀਂ ਹੈ। ਇੱਕ ਵਾਰ ਨਹੀਂ,ਮੈਂ ਏਸ ਹਾਇਬਨ ਨੂੰ ਕਈ ਵਾਰ ਪੜ੍ਹਿਆ ਤੇ ਹਰ ਵਾਰ ਇੱਕ ਅਨੋਖੇ ਤੇ ਸਕੂਨਮਈ ਅਨੁਭਵ ਦੀ ਪ੍ਰਾਪਤੀ ਹੋਈ।
ਬਹੁਤੀ ਉਡੀਕ ਕਰਵਾਇਆ ਕਰੋ। ਸਾਂਝ ਪਾਉਂਦੇ ਰਿਹਾ ਕਰੋ। ਵਧੀਆ ਲਿਖਤ ਸਾਂਝੀ ਕਰਨ ਲਈ ਆਪ ਵਧਾਈ ਦੇ ਪਾਤਰ ਹੋ।
ਹਰਦੀਪ
ਬਹੁਤ ਸੁੰਦਰ ਅਲਫ਼ਾਜ਼ !
ReplyDeleteਭੈਣ ਦਵਿੰਦਰ ਜੀ ਦੇ ਸਫਲ ਰੇਖਾ ਚਿਤਰਨ ਲਈ ਸਫ਼ਰ ਸਾਂਝ ਵਧਾਈ ਦਾ ਪਾਤਰ ਹੈ !
Bahut vadhia.....Laajwaab.
ReplyDeleteਖੂਬ ਸੂਰਤ ਬਰਣਨ ਸ਼ੈਲੀ ਰੂਹ ਦੀ ਉਡਾਰੀ ਦੀ ਚਾਹ ਦਾ ਸਕੂਨ ਭਰਿਆ ਅਨੁਭਵ ।ਵਾਹ ਦਵਿੰਦਰ ਜੀ ਤੁਸੀ ਤਾਂ ਦਰਸ਼ਨ ਸ਼ਾਸਤਰ ਦੀ ਗਹਰੀ ਗਲ ਕਰ ਗਏ ਘੁਮਦੇ ਘੁਮਦੇ ਬਲਦ ਗੱਲੋਂ ਪੰਜਾਲੀ ਲਹਨ ਦਾ ਉਦਾਹਰਣ ਦੇਕੇ ।
ReplyDelete