
********************************************************
ਜ਼ਿੰਦਾਦਿਲੀ
ਕੱਲ ਮੇਰੇ ਅਜੀਜ਼ ਰਿਸ਼ਤੇਦਾਰ ਦੀ ਖ਼ਬਰ ਲੈਣ ਲਈ ਹਸਪਤਾਲ ਗਈ । ਉੱਥੇ ਨਾਲ ਦੇ ਬੈੱਡ 'ਤੇ ਇੱਕ ਮਰੀਜ ਵੇਖਿਆ ਜਿਸ ਦੀ ਉਮਰ ਤਕਰੀਬਨ 65 ਸਾਲ ਦੇ ਕਰੀਬ ਹੋਵੇਗੀ ।ਉਸ ਦੀ ਹਾਲਤ ਦੇਖ ਕੇ ਮੇਰਾ ਦਿਲ ਦਹਿਲ ਗਿਆ ।ਮੈਂ ਮਨ ਹੀ ਮਨ ਸੋਚਣ ਲੱਗੀ, " ਐ ਮਨਾ ! ਤੂੰ ਕੀ ਜਾਣੇ ਦਰਦ ਕੀਹਨੂੰ ਕਹਿੰਦੇ ਨੇ, ਦਰਦ ਤਾਂ ਮੈਂ ਹੁਣ ਅੱਖੀਂ ਦੇਖ ਰਹੀ ਹਾਂ ।"
ਉਹ ਵਿਅਕਤੀ ਸ਼ੂਗਰ ਕਾਰਨ ਦੋਵੇਂ ਲੱਤਾਂ ਤੇ ਅੱਖਾਂ ਗੁਆ ਬੈਠਾ ਸੀ।ਅੱਜ ਮੈਂ ਉਸ ਦੀ ਬਹਾਦਰ ਪਤਨੀ ਨੂੰ ਮੋਢੇ 'ਤੇ ਇੱਕ ਜ਼ਿੰਦਾ ਲਾਸ਼ ਚੁੱਕੀ ਦੇਖਿਆ। ਇੱਕ ਰਜਨੀ ਸੋਲ੍ਹਵੀਂ ਸਦੀ 'ਚ ਹੋਈ ਸੀ ਤੇ ਇੱਕ ਰਜਨੀ ਮੇਰੀਆਂ ਅੱਖਾਂ ਸਾਹਮਣੇ ਸੀ। ਖਾਣ -ਪੀਣ ਤੋਂ ਲਾਚਾਰ ਪਤੀ ਦੀ ਸਾਂਭ ਸੰਭਾਲ ਅਸਲੀ ਸੇਵਾ, ਉੱਚੀ -ਸੁੱਚੀ ਗੁਰੂ ਘਰ ਤੋਂ ਵੀ ਵੱਡੀ। ਇਨਸਾਨੀਅਤ ਦੀ ਜ਼ਿੰਦਾ ਮਿਸਾਲ ਲੱਗੀ ਮੈਨੂੰ ਓਹ ਔਰਤ, ਜ਼ੁੰਮੇਵਾਰੀਆਂ ਦੀ ਪੰਡ ਚੁੱਕੀ। ਮੈਂ ਓਸ ਦੀ ਜ਼ਿੰਦਾਦਿਲੀ ਤੋਂ ਕੁਰਬਾਨ ਹੋ ਗਈ।
ਮੇਰੀਆਂ ਅੱਖਾਂ ਮੱਲੋ -ਮੱਲੀ ਵਹਿ ਤੁਰੀਆਂ। ਇੱਕ ਵਾਰ ਫਿਰ ਮੈਂ ਸੋਚਾਂ 'ਚ ਵਹਿ ਤੁਰੀ, " ਐਵੇਂ ਕੋਸਦੇ ਆਂ ਤੈਨੂੰ ਐ ਜ਼ਿੰਦਗੀ ! ਜਦ ਮੈਂ ਤੈਨੂੰ ਨੇੜਿਓਂ ਤੱਕਿਆ ਤਾਂ ਨਪੀੜੀ ਗਈ, ਇੱਕ ਅਸਹਿ ਪੀੜ ਨਾਲ।" ਅੱਜ ਮੈਂ ਆਪਣੀ ਜ਼ਿੰਦਗੀ ਦਾ ਸ਼ੁਕਰਾਨਾ ਕੀਤਾ ਪਰ ਅਫ਼ਸੋਸ ਮੈਂ ਉਸ ਲਈ ਕੁਝ ਨਹੀਂ ਕਰ ਸਕੀ। ਮੇਰੀਆਂ ਅੱਖੀਆਂ 'ਚੋਂ ਹੰਝੂ ਅਜੇ ਵੀ ਵਹਿ ਰਹੇ ਸਨ ਤੇ ਫੇਰ ਬੱਸ ਵਹਿੰਦੇ ਰਹੇ ! ਵਹਿੰਦੇ ਰਹੇ !
ਨਿਰਮਲ ਕੋਟਲਾ
ਪਿੰਡ ਕੋਟਲਾ - ਮੱਝੇਵਾਲ ਅੰਮ੍ਰਿਤਸਰ
ਨੋਟ : ਇਹ ਪੋਸਟ ਹੁਣ ਤੱਕ 300 ਵਾਰ ਪੜ੍ਹੀ ਗਈ।
ਨੋਟ : ਇਹ ਪੋਸਟ ਹੁਣ ਤੱਕ 300 ਵਾਰ ਪੜ੍ਹੀ ਗਈ।
ਸੁੰਦਰ ਰਚਨਾ ਹੈ ,ਹਰਦੀਪ ਦੇ ਕੰਮ ਨਾਲ ਜੁੜੇ ਹੋ , ਜੁੜੇ ਰਹਿਣਾ । ਛੱਡ ਕੇ ਦੌੜਨ ਦੀ ਜਲਦੀ ਨਾਂ ਕਰਨਾ ।
ReplyDeleteਨਿਰਮਲ ਜੀ ਸਾਡੇ ਨਾਲ ਹੁਣੇ ਹੁਣੇ ਜੁੜੇ ਹਨ। ਆਪ ਜੀ ਦਾ ਇੱਕ ਵਾਰ ਫੇਰ ਤਹਿ ਦਿਲੋਂ ਸੁਆਗਤ।
ReplyDeleteਭਾਵਪੂਰਨ ਹੱਡਬੀਤੀ ਨੂੰ ਹਾਇਬਨ ਰੂਪ 'ਚ ਪੇਸ਼ ਕਰਕੇ ਸਾਡੇ ਨਾਲ ਸਾਂਝ ਪਾਈ ਹੈ। ਇੱਕ ਔਰਤ 'ਚੋਣ ਆਪ ਨੂੰ ਰਜਨੀ ਨਜ਼ਰ ਆਈ। ਭਾਵਕ ਦਿਲ ਕਿਸੇ ਦਾ ਦੁੱਖ ਵੇਖ ਕੇ ਪਸੀਜ਼ ਗਿਆ। ਉਸ ਰਜਨੀ ਨਾਲ ਆਪ ਨੇ ਸਾਨੂੰ ਵੀ ਮਿਲਾ ਦਿੱਤਾ। ਆਪ ਵਧਾਈ ਦੇ ਪਾਤਰ ਨੇ।