
ਧਰਮ ਦਾ ਸੰਕਲਪ ਦੋ ਤਰਾਂ ਨਾਲ ਪੀੜ੍ਹੀ ਦਰ ਪੀੜ੍ਹੀ ਅਪਣਾਇਆ ਜਾਂਦਾ ਹੈ। ਪਹਿਲਾ ਰਾਹ ਸਾਨੂੰ ਵਿਰਾਸਤ ਵਿੱਚੋਂ ਮਿਲਦਾ ਹੈ। ਇਸ ਰਾਹ ਦੀ ਜਾਗ ਸਾਨੂੰ ਮਾਪਿਆਂ ਅਤੇ ਚੌਗਿਰਦੇ ਨੇ ਲਾਈ ਹੁੰਦੀ ਹੈ ਅਤੇ ਇਸਦਾ ਮੁੱਖ ਅਧਾਰ ਵਿਸ਼ਵਾਸ਼ ਜਾਂ ਬੇਬਸੀ ਹੁੰਦਾ ਹੈ। ਉਸਦਾ ਸਰੋਤ ਜਾਂ ਤੇ ਪ੍ਰੇਰਨਾ ਹੁੰਦਾ ਹੈ ਜਾਂ ਠੋਸੀ ਗਈ ਸਮਾਜਿਕ ਜਾਂ ਧਾਰਮਿਕ ਪ੍ਰਵਿਰਤੀ ਹੁੰਦੀ ਹੈ। ਦੋਹਾਂ ਹਾਲਤਾਂ ਵਿੱਚ ਇਸ ਅਮਲ ਵਿੱਚ ਸਾਡੀ ਆਪਣੀ ਸੋਚ ਅਤੇ ਸੋਝੀ ਦੀ ਸਾਂਝ ਨਾ-ਮਾਤਰ ਹੀ ਹੁੰਦੀ ਹੈ। ਅਸੀਂ ਇਸ ਰੂਹਾਨੀ ਵਰਤਾਰੇ ਨੂੰ ਸਮਾਜਿਕ ਫ਼ਰਜ ਸਮਝ ਕੇ ਮੰਨ ਤੇ ਲੈਂਦੇ ਹਾਂ, ਪਰ ਸ਼ਾਇਦ ਉਹ ਕਦੇ ਵੀ ਸਾਡੀ ਰੂਹ ਦੀ ਭਾਵਨਾਂ ਅਤੇ ਮਾਨਸਿਕ ਪ੍ਰਾਪਤੀ ਦਾ ਹਿੱਸਾ ਨਹੀਂ ਬਣਦਾ । ਕਿਉਂਕਿ ਉਸਦਾ ਸਰੋਤ ਸਾਡਾ ਚਿੰਤਨ ਨਹੀਂ, ਸਗੋਂ ਬੇਹਾ ਅਨੁਭਵ ਹੁੰਦਾ ਹੈ, ਭਾਵੇਂ ਉਹ ਸਾਡੇ ਮਾਪਿਆਂ ਦਾ ਹੀ ਅਨੁਭਵ ਕਿਉਂ ਨਾ ਹੋਵੇ। ਇਸ ਮਾਰਗ ਦੇ ਮੁੱਲ ਦਾ ਅਹਿਸਾਸ ਬੜਾ ਘੱਟ ਹੁੰਦਾ ਹੈ, ਕਿਉਂਕਿ ਇਹ ਸਾਨੂੰ ਮੁਫ਼ਤ ਜਾਂ ਮੁਫ਼ਤ ਦੇ ਭਾਅ ਮਿਲਿਆ ਲੱਗਦਾ ਹੈ। ਇਹ ਸੰਭਵ ਹੈ ਕਿ ਕਿਸੇ ਹੋਰ ਸ਼ਖ਼ਸ ਨੇ ਉਸਦਾ ਬਹੁਤ ਹੀ ਮਹੱਤਵਪੂਰਨ ਮੁੱਲ ਤਾਰਿਆ ਹੋਵੇ, ਪਰ ਸਾਡਾ ਸਿੱਟਾ ਬਹੁਤੀ ਵਾਰੀ ਨਿੱਜ ਤੇ ਹੀ ਅਧਾਰਿਤ ਹੁੰਦਾ ਹੈ। ਦੂਜਾ ਰਾਹ ਸਾਡੇ ਆਪਣੇ ਅਨੁਭਵ, ਗਿਆਨ, ਖ਼ੋਜ ਅਤੇ ਚੋਣ ਦਾ ਨਤੀਜਾ ਹੁੰਦਾ ਹੈ। ਉਸ ਰਾਹ ਨੂੰ ਅਸੀਂ ਆਮ ਤੌਰ ਤੇ ਬਾਲਗ਼ ਉਮਰ ਜਾਂ ਪ੍ਰੋੜ ਅਵਸਥਾ ਵਿੱਚ ਚੁਣਦੇ ਹਾਂ। ਉਸਦਾ ਪ੍ਰੇਰਨਾ ਸਰੋਤ ਕੋਈ ਮਹਾਂਪੁਰਸ਼, ਨਿੱਜੀ ਖ਼ੋਜ, ਗੁਰੂ, ਫ਼ਲਸਫਾ ਜਾਂ ਰੂਹਾਨੀ ਅਨੁਭਵ ਵੀ ਹੋ ਸਕਦਾ ਹੈ । ਇਸ ਰਾਹ ਅਤੇ ਪਹਿਲੇ ਰਾਹ ਦਾ ਬੁਨਿਆਦੀ ਫ਼ਰਕ ਇਹ ਹੈ ਕਿ ਅਸੀਂ ਇਸ ਚੋਣ ਦੇ ਫ਼ੈਸਲੇ ਲਈ ਪ੍ਰਤੀਬੱਧਤਾ ਦੇ ਨਾਲ਼ ਨਾਲ਼ ਆਪਣੀ ਜ਼ੁੰਮੇਵਾਰੀ ਨੂੰ ਵੀ ਪ੍ਰਵਾਨ ਕਰਦੇ ਹਾਂ। ਇਸ ਮਾਰਗ ਦੀ ਚੋਣ ਕਰਨ ਵਾਲ਼ਾ ਬਹੁਤੀ ਵਾਰੀ ਸਮਾਜਿਕ ਪ੍ਰਵਾਨਗੀ ਦੀ ਪ੍ਰਵਾਹ ਨਹੀਂ ਕਰਦਾ। ਕਿਉਂਕਿ ਇਸ ਮਾਰਗ ਦਾ ਸੰਕਲਪ ਹੀ ਸਮਾਜਿਕ ਰਹੁ ਰੀਤਾਂ ਦੇ ਵਿਰੋਧ ਵਿੱਚੋਂ ਪੈਦਾ ਹੁੰਦਾ ਹੈ। ਇਸ ਸਫ਼ਰ ਦਾ ਪਾਂਧੀ ਸਮਾਜਿਕ ਮੁੱਖ ਧਾਰਾ ਨਾਲੋਂ ਟੁੱਟ ਕੇ ਵੀ ਆਪਣੇ ਆਪ ਨੂੰ ਅੱਧਾ ਜਾਂ ਅਧੂਰਾ ਨਹੀਂ ਸਮਝਦਾ ਬਲਕਿ ਆਪਣੇ ਫ਼ੈਸਲੇ ਉੱਤੇ ਤਸੱਲੀ ਅਤੇ ਫ਼ਖਰ ਮਹਿਸ਼ੂਸ ਕਰਦਾ ਹੈ। ਕਿਉਂਕਿ ਇਸ ਚੋਣ ਲਈ ਅਤੇ ਚੋਣ ਦੇ ਸਿੱਟਿਆਂ ਲਈ ਸਿਰਫ਼ ਅਤੇ ਸਿਰਫ਼ ਉਸਦੀ ਆਪਣੀ ਜ਼ੁੰਮੇਵਾਰੀ ਹੁੰਦੀ ਹੈ। ਦੁਨੀਆਂ ਦੇ ਬਹੁਤ ਸਾਰੇ ਹਿੰਮਤੀ ਇੰਨਸਾਨਾਂ ਨੇ ਇਸ ਦੂਜੇ ਰਾਹ ਦੀ ਚੋਣ ਕਰਕੇ ਬਹੁਤ ਹੀ ਨਵੇਂ ਨਰੋਏ, ਵਿਗਿਆਨਿਕ, ਵਿਵਹਾਰਿਕ ਅਤੇ ਮਾਨਵੀ ਕਲਿਆਣ ਵਾਲ਼ੇ ਕੀਰਤੀਮਾਨ ਸਿਰਜੇ ਹਨ।
ਅਮਰੀਕ ਪਲਾਹੀ
ਨੋਟ : ਇਹ ਪੋਸਟ ਹੁਣ ਤੱਕ 48 ਵਾਰ ਪੜ੍ਹੀ ਗਈ ਹੈ।
ਉਸਾਰੂ ਵਿਚਾਰ ...
ReplyDelete