
ਪਿੰਡ ਵਾਲੇ ਬਹੁਤ ਖ਼ੁਸ਼ ਸਨ ਕਿ ਉਨ੍ਹਾਂ ਦੇ ਪਿੰਡ ਦਾ ਬਿਜਲੀ ਮਹਿਕਮੇ ਚੋਂ ਕੱਢਿਆ ਮੁੰਡਾ ਇਨ੍ਹਾਂ ਇਲੈੱਕਸ਼ਨ ਵਿੱਚ ਜਿੱਤ ਗਿਆ ਹੈ ਅਤੇ ਐਮ. ਐਲ. ਏ ਬਣ ਗਿਆ ਹੈ। ਅੱਗੋਂ ਹੋਰ ਉਸ ਦੀ ਕਿਸਮਤ ਅਜਿਹੀ ਪਲਟੀ ਕਿ ਛੋਟੀ ਵਜ਼ੀਰੀ ਵੀ ਹੱਥ ਲੱਗ ਗਈ।
.
ਵਜ਼ੀਰੀ ਮਿਲਣ ਪਿੱਛੋਂ ਉਹ ਆਪਣੇ ਪਿੰਡ ਪਹਿਲੀ ਵਾਰ ਆਇਆ। ਲੋਕਾਂ ਨੇ ਉਹ ਨੂੰ ਸਿਰਾਂ ਤੇ ਚੁੱਕ ਲਿਆ। ਪਿੰਡ ਦੇ ਵਿਕਾਸ ਦੀ ਗੱਲ ਚੱਲੀ। ਬੜੇ ਵੱਡੇ ਵੱਡੇ ਪਲਾਨ ਘੜੇ ਗਏ। ਸੰਬੰਧਿਤ ਅਫ਼ਸਰਾਂ ਦਾ ਅਮਲਾ ਫੈਲਾ 'ਜੀ ਹਜ਼ੂਰੀਏ' ਰੂਪ 'ਚ ਪੱਬਾਂ ਭਾਰ ਹੋ ਕੇ ਮੁਸਤੈਦੀ ਨਾਲ ਉਸ ਦੀ ਦੇਖ ਰੇਖ ਕਰ ਰਿਹਾ ਸੀ।
.
"ਅੱਜ ਜਿੱਥੇ ਆਪਾਂ ਇਕੱਠੇ ਹੋਏ ਹਾਂ,ਆਪਣੇ ਸਾਰਿਆਂ ਦੇ ਬੈਠਣ ਲਈ ਥਾਂ ਬਹੁਤ ਘੱਟ ਹੈ। ਮੈਂ ਚਾਹੁੰਦਾ ਹਾਂ ਕਿ ਸਕੂਲ ਦੇ ਕੋਲੇ ਪਈ ਪੰਚਾਇਤੀ ਝਿੜੀ ਵਾਲੀ ਜ਼ਮੀਨ ਨੂੰ ਸਾਫ਼ ਕਰ ਕੇ, ਆਪਣੇ ਲੋਕਾਂ ਦੀ ਸਹੂਲਤ ਲਈ ਸੁਹਣਾ ਖੁੱਲ੍ਹਾ ਮੈਦਾਨ ਬਣਾਇਆ ਜਾਵੇ।" ਉਹ ਜਾਂਦਾ ਜਾਂਦਾ ਲੁਕਵਾਂ ਹੁਕਮ ਕਰ ਗਿਆ।
.
ਉਸ ਦੀ ਝੋਲ਼ੀ-ਚੁੱਕ ਪੰਚਾਇਤ ਨੇ ਨਾਲ ਦੀ ਨਾਲ ਹੀ ਜੈਕਾਰੇ ਛੱਡ ਦਿੱਤੇ। ਜੈਕਾਰਿਆਂ ਦੀ ਗੂੰਜ ਸੁਣ ਕੇ, ਗੋਲ੍ਹੇ ਕਬੂਤਰ ਤੇ ਚਮਗਿੱਦੜ,ਜੋ ਦਰਵਾਜ਼ੇ ਦੀ ਬਾਲਿਆਂ ਵਾਲੀ ਛੱਤ ਦੀਆਂ ਮੋਰੀਆਂ 'ਚ ਬੈਠੇ ਤੇ ਲਟਕਦੇ ਸੀ,ਡਰਦਿਆਂ ਨੇ ਜਾ ਉਡਾਰੀਆਂ ਮਾਰੀਆਂ।
.
ਵਜ਼ੀਰ ਜੀ ਨੇ ਜਾਂਦਿਆਂ ਇਹ ਵੀ ਕਹਿ ਦਿੱਤਾ ਕਿ ਮੇਰੇ ਪਿੰਡ ਵਾਸੀਓ,ਮਾਲੀ ਸਹਾਇਤਾ ਦੀ ਫ਼ਿਕਰ ਨਾ ਕਰਿਓ। ਪਿਛਲੀ ਸਰਕਾਰ ਵਾਂਗ ਗਪੌੜ ਮਾਰਨੇ ਸਾਨੂੰ ਨਹੀਂ ਆਉਂਦੇ। ਤੁਸੀਂ ਦੇਖੋਗੇ ਕਿ ਕਿਵੇਂ ਟਰੱਕ ਭਰ ਭਰ ਇਸ ਪਿੰਡ ਦੇ ਵਿਕਾਸ ਲਈ ਆਉਂਦੇ ਹਨ?
.
ਇਸ ਵਾਰ ਜ਼ੋਰਦਾਰ ਤਾੜੀਆਂ 'ਚ ਸਾਰਿਆਂ ਦੀਆਂ ਆਵਾਜ਼ਾਂ ਰਲ-ਗੱਡ ਹੋ ਗਈਆਂ।
.
ਸੱਚ ਮੁਚ ਹੀ ਅਗਲੀ ਸਵੇਰ ਨੂੰ,ਬੀ. ਡੀ. ਓ ਦੀ ਨਿਗਰਾਨੀ ਹੇਠ,ਮਜ਼ਦੂਰਾਂ ਦੇ ਭਰੇ ਕਈ ਟਰੱਕ ਆ ਪਹੁੰਚੇ। ਪਿੰਡ ਦੀ ਝਿੜੀ ਨੂੰ ਸਪਾਟ ਮੈਦਾਨ ਵਿਚ ਜੋ ਬਦਲਣਾ ਸੀ।
.
ਪਿੰਡ ਦੇ ਕਈ ਅਗਾਂਹਵਧੂ ਨੌਜਵਾਨ ਇਹ ਕਹਿੰਦੇ ਸੁਣੇ ਗਏ ਕਿ ਇਹ ਤਾਂ ਅਜੇ ਸਾਡੇ ਆਪਣੇ ਮੰਤਰੀ ਦੀ ਪਹਿਲੀ ਫੇਰੀ ਦਾ ਵਿਕਾਸ ਦੌਰਾ ਹੈ,ਦੂਜੀ ਫੇਰੀ ਤੇ ਹੈਲੀਕਾਪਟਰ ਦੀ ਪੱਟੀ ਵੀ ਮੁੱਖ ਮੰਤਰੀ ਦੇ ਆਉਣ ਲਈ ਤਿਆਰ ਹੋਈ ਸਮਝੋ। ਚਲੋ, ਲੋਕਤੰਤਰ ਦੀ ਇਸ ਪ੍ਰਣਾਲੀ ਦੇ ਅਧੀਨ ਪਿੰਡ ਦਾ ਨਹੀਂ,ਪਿੰਡ ਵਾਲੇ ਦਾ ਵਿਕਾਸ ਤਾਂ ਹੋ ਜਾਵੇਗਾ।
-0-
ਸੁਰਜੀਤ ਸਿੰਘ ਭੁੱਲਰ-13-05-2017
ਨੋਟ : ਇਹ ਪੋਸਟ ਹੁਣ ਤੱਕ 25 ਵਾਰ ਪੜ੍ਹੀ ਗਈ ਹੈ।
ਨੋਟ : ਇਹ ਪੋਸਟ ਹੁਣ ਤੱਕ 25 ਵਾਰ ਪੜ੍ਹੀ ਗਈ ਹੈ।
ਤਿੱਖਾ ਵਿਅੰਗ ਕਰਦੀ ਕਹਾਣੀ ਅੱਜਕੱਲ ਦੇ ਹਾਲਾਤ 'ਤੇ ਬਾਖੂਬੀ ਢੁੱਕਦੀ ਹੈ।
ReplyDelete