
"ਗ਼ੈਰ ਦੇ ਖ਼ਿਆਲ ਨਾਲ਼ੋਂ ਮੌਤ ਪਹਿਲਾਂ ਮੰਗੀ ਏ, ਤੇਰਿਆਂ ਹੀ ਰੰਗਾਂ ਵਿੱਚ ਮੇਰੀ ਖੁਦੀ ਰੰਗੀ ਏ। ਬੇਅੰਤ ਮੋਹ ਤੇ ਪਾਰਸੁ ਛੋਹ।" ਉਸ ਦੀਆਂ ਹੱਥ ਘੁੱਟਣੀਆਂ ਦੀ ਨਿੱਘੀ ਛੋਹ ਨੂੰ ਮਲਕੜੇ ਜਿਹੇ ਆਪਣੇ ਕਲਾਵੇ 'ਚ ਭਰਨ ਲਈ ਜਿਉਂ ਹੀ ਉਸ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਓਥੇ ਕੋਈ ਨਹੀਂ ਸੀ। ਦੂਰ ਧੁੰਦਲਕੇ 'ਚ ਝਾਂਜਰ ਦੀ ਛਣਕਾਰ ਮੱਧਮ ਹੁੰਦੀ -ਹੁੰਦੀ ਇੱਕ ਬੇਸੁਰਾ ਸ਼ੋਰ ਬਣ ਗਈ ਸੀ। ਉਹ ਤਾਂ ਐਥੇ ਕਿਤੇ ਨਹੀਂ ਸੀ। ਇਖ਼ਲਾਕ ਦੀਆਂ ਸਾਰੀਆਂ ਹੱਦਾਂ ਪਾਰ ਕਰਦੀ ਉਸ ਨੂੰ ਆਪਣੀ ਕੋਝੀ ਚਾਲ ਦਾ ਮੋਹਰਾ ਬਣਾ ਕੇ ਉਹ ਤਾਂ ਕਦੋਂ ਦੀ ਕਿਸੇ ਹੋਰ ਦੀ ਬਣ ਬੈਠੀ ਸੀ।
ਹੁਣ ਉਹ ਉਣੀਂਦਰੇ ਨੈਣੀਂ ਜਾਗਦੀਆਂ ਰਾਤਾਂ ਦੇ ਦਰਦ ਨੂੰ ਆਪਣੇ ਪਿੰਡੇ 'ਤੇ ਹੰਢਾ ਰਿਹਾ ਸੀ, "ਕੋਈ ਐਨਾ ਬੇਕਿਰਕ, ਬੇਰਹਿਮ ਤੇ ਬੇਗ਼ੈਰਤ ਕਿਵੇਂ ਹੋ ਸਕਦੈ ? ਕੁਝ ਦਹਾਕੇ ਪਹਿਲਾਂ 'ਕੱਠੇ ਜਿਉਣ ਮਰਨ ਦੀਆਂ ਖਾਧੀਆਂ ਸੌਹਾਂ ਕਿਧਰ ਵਾਸ਼ਪ ਹੋ ਗਈਆਂ? ਮੇਰੀ ਪਾਕੁ ਮੁਹੱਬਤ ਦਾ ਮਜ਼ਾਕ ਬਣਾ ਕੇ ਰੱਖ ਦਿੱਤੈ। ਧੋਖੇ ਨਾਲ਼ ਮੇਰਾ ਸਭ ਕੁਝ ਹੜੱਪ ਤੇ ਹੁਣ ਕਿਸੇ ਹੋਰ ਨੂੰ ਲੁੱਟ ਰਹੀ ਏ।"
ਪੁੱਤ ਦੇ ਚਸਕਦੇ ਜ਼ਖਮਾਂ ਦੀ ਤਾਬ ਨਾ ਝੱਲਦੀ ਹੋਈ ਮਾਂ ਵੀ ਤੁਰ ਗਈ ਸੀ । ਜੀਵਨ ਸਫ਼ਰ 'ਚ ਉਗੀਆਂ ਪੀੜਾਂ ਤੋਂ ਹਾਥ ਪਾਉਣ ਲਈ ਉਸ ਨਹਿਰ 'ਚ ਜਾ ਛਾਲ਼ ਮਾਰੀ ਪਰ ਮੌਤ ਨੇ ਵੀ ਉਸ ਤੋਂ ਮੂੰਹ ਮੋੜ ਲਿਆ। ਰੋਹੀ 'ਚ ਇੱਕਲੇ ਖੜ੍ਹੇ ਰੁੱਖ ਵਾਂਗ ਕਸੈਲ਼ੀਆਂ ਰੁੱਤਾਂ ਦੇ ਕਹਿਰ ਨਾਲ ਲੜਦਾ ਹੁਣ ਉਹ ਕਿਸੇ ਦੀ ਜੁਸਤਜੂ ਨੂੰ ਆਪਣੇ ਦਰਾਂ ਦੀ ਦਸਤਕ ਬਣਨ ਦੀ ਆਰਜ਼ੂ ਮਨ 'ਚ ਪਾਲ਼ੀ ਬੈਠੈ।ਪਰ ਉਹ ਆਪਣੀ ਰੂਹ ਦੇ ਕਾਤਲ ਨੂੰ ਅਜੇ ਨਹੀਂ ਭੁੱਲਿਆ।
Very heart touching story..
ReplyDeleteਜਿਸ ਤਨ ਲੱਗੇ ਉਹੀਓ ਜਾਣੇ। ਇਸ ਕਹਾਣੀ ਦਾ ਪਾਤਰ ਕਾਲਪਨਿਕ ਨਹੀਂ ਹੈ। ਉਸ ਦੀ ਪੀੜ ਨੂੰ ਮਹਿਸੂਸਦੇ ਹੋਏ ਏਸ 'ਤੇ ਆਪਣੇ-ਪਣ ਦਾ ਫੰਬਾ ਧਰੀਏ । ਆਓ ਸਾਰੇ ਰਲ਼ ਕੇ ਉਸ ਲਈ ਦੁਆ ਕਰੀਏ।
ReplyDelete