ਹੁਣੇ ਹੁਣੇ ਅੱਗ ਦੀ ਰੁੱਤ ਨੇ ਕਰਵੱਟ ਲੈ ਲਈ ਸੀ। ਕੁਦਰਤ ਦੇ ਝਰਨੇ 'ਚੋਂ ਸਵਾਂਤੀ ਬੂੰਦਾਂ ਝਰਨ ਲੱਗੀਆਂ ਸਨ। ਉਸ ਨੇ ਏਸ ਵਿਹੜੇ ਦਾ ਭਾਗ ਬਣਨਾ ਸੀ। ਪਤਾ ਨਹੀਂ ਉਹ ਆਪਣੀ ਰੂਹ ਨੂੰ ਜਾਂ ਏਸ ਵਿਹੜੇ ਦੀ ਤਪਸ਼ ਨੂੰ ਠਾਰਨ ਆ ਰਹੀ ਸੀ,ਇਹ ਤਾਂ ਉਸ ਦਾ ਰੱਬ ਹੀ ਜਾਣਦਾ ਸੀ। ਇਓਂ ਲੱਗਦਾ ਸੀ ਜਿਵੇਂ ਚਾਤ੍ਰਿਕ ਨੂੰ ਆਪਣੀ ਤ੍ਰਿਪਤੀ ਦਾ ਕੋਈ ਰਾਹ ਮਿਲ਼ ਗਿਆ ਹੋਵੇ। ਲੂਹੇ ਹੋਏ ਰੁੱਖਾਂ ਦੀ ਟਹਿਣੀਆਂ ਨਵਾਂ ਨਕੋਰ ਹੁਸਨ ਲੈ ਕੇ ਆਉਣ ਦੀਆਂ ਤਿਆਰੀਆਂ 'ਚ ਰੁੱਝੀਆਂ ਹੋਈਆਂ ਸਨ। ਉਹ ਅਗਰਬੱਤੀ ਦੀ ਸੁਗੰਧ ਬਣ ਕੇ ਖਿਲਰਣਾ ਤੇ ਸ਼ਹਿਨਾਈ ਦੀ ਕੋਈ ਗੂੰਜ ਹੋਣਾ ਲੋਚਦੀ ਸੀ।
ਕਹਿੰਦੇ ਨੇ ਕਿ ਹਰ ਰਿਸ਼ਤਾ ਭਾਵਕ ਸਾਂਝ ਦੀ ਬੁਨਿਆਦ 'ਤੇ ਹੀ ਪਣਪਦਾ ਹੈ। ਮੇਰਾ ਉਸ ਨਾਲ਼ ਨਾਂ ਦਾ ਰਿਸ਼ਤਾ ਤਾਂ ਜੁੜ ਚੁੱਕਿਆ ਸੀ ਪਰ ਭਾਵਨਾਵਾਂ ਦੀਆਂ ਤੰਦਾਂ ਜੁੜਨੀਆਂ ਅਜੇ ਬਾਕੀ ਸਨ। ਕੋਈ ਅਣਬੁੱਝ ਹਿਚਕਿਚਾਹਟ ਵਾਰ ਵਾਰ ਮੇਰਾ ਰਾਹ ਰੋਕ ਰਹੀ ਸੀ। ਮੈਂ ਸਿਆਲਾਂ 'ਚ ਹੁਨਾਲਾਂ ਨੂੰ ਮਿਲਣਾ ਲੋਚਦੀ ਸਾਂ। ਖ਼ਿਆਲ ਰੰਗ 'ਚੋਂ ਬਾਹਰ ਨਿਕਲ਼ ਏਸ ਰੁੱਤ ਲਲਾਰਨ ਤੋਂ ਸੂਹੇ ਰੰਗ ਉਧਾਰੇ ਲੈ ਮੈਂ ਉਸ ਦੀ ਝੋਲ਼ੀ ਪਾਉਣਾ ਚਾਹੁੰਦੀ ਸਾਂ। ਇਸੇ ਉਧੇੜ ਬੁਣ 'ਚ ਦਿਨ ਸਰਕਦਾ ਗਿਆ। ਅਖ਼ੀਰ ਮੇਰੀ ਝਿਜਕ ਹੌਲ਼ੀ ਹੌਲ਼ੀ ਦੁਆ ਸਲਾਮ ਤੇ ਫ਼ੇਰ ਖ਼ਿਆਲੀ ਚੁੱਪ ਫ਼ੋਨ ਦੇ ਬੋਲ ਹੁੰਗਾਰਿਆਂ 'ਚ ਬਦਲ ਗਈ।
ਹੁਣ ਉਹ ਮੇਰੇ ਐਨ ਕੋਲ਼ ਆ ਬੈਠੀ ਸੀ, "ਸੁਰਾਂ ਦੀ ਛਹਿਬਰ ਚੰਨ ਰਿਸ਼ਮਾਂ ਚਹੁੰ ਤਰਫ਼ੀ ਕਰਮਾਂ ਦੀ ਮਹਿੰਦੀ ਦਾ ਚੜ੍ਹੇ ਰੰਗ ਸ਼ਿੰਗਰਫ਼ੀ।" ਉਹ ਆਪਣੀਆਂ ਤਲੀਆਂ 'ਤੇ ਸ਼ਗਨਾਂ ਦੀ ਮਹਿੰਦੀ ਹੀ ਲਵਾ ਰਹੀ ਸੀ। ਅਸੀਂ ਦੋਵੇਂ ਹੀ ਇੱਕ ਦੂਜੇ ਲਈ ਅਣਜਾਣ ਸਾਂ ਪਰ ਇਓਂ ਲੱਗਦਾ ਸੀ ਜਿਵੇਂ ਸਾਡੀ ਕੋਈ ਪੁਰਾਣੀ ਸਾਂਝ ਹੋਵੇ। ਉਸ ਦੀਆਂ ਗੱਲਾਂ 'ਚ ਮੈਂ ਕਿਧਰੇ ਗੁਆਚ ਰਹੀ ਸਾਂ "ਤੇਰਾ ਵਿਕਦਾ ਜੈ ਕੁਰੇ ਪਾਣੀ ਲੋਕਾਂ ਦਾ ਨਾ ਦੁੱਧ ਵਿਕਦਾ।"
ਅੱਜ ਉਹ ਆਪਣੀਆਂ ਸੱਧਰਾਂ ਦੀ ਹਾਨਣ ਬਣੀ ਕਿਸੇ ਸਹਿਜ ਸਫ਼ਰ ਨੂੰ ਸ਼ੁਰੂ ਕਰਨ ਦੇ ਆਹਰ 'ਚ ਸੀ। ਮੈਂ ਸੱਤ ਸਮੁੰਦਰ ਪਾਰ ਬੈਠੀ ਉਸ ਦੀ ਸ਼ਗਨਾਂ ਦੀ ਫੁਲਕਾਰੀ 'ਚ ਚਾਵਾਂ ਦੇ ਫ਼ੁੱਲ ਗੁੰਦ ਰਹੀ ਸਾਂ ਜਦੋਂ ਕਿਸੇ ਨੇ ਮੈਨੂੰ ਪਿੱਛੋਂ ਆਵਾਜ਼ ਦਿੱਤੀ। ਕਿਸੇ ਚੀਚ ਵਹੁਟੀ ਵਾਂਗ ਮਖ਼ਮਲੀ ਸ਼ਾਲੂ 'ਚ ਲਿਪਟੀ ਮੈਨੂੰ ਉਹੀਓ ਨਜ਼ਰ ਆਈ। ਉਸ ਦੇ ਅਪਣੱਤ ਭਰੇ ਬੋਲ ਅਜੇ ਵੀ ਮੈਨੂੰ ਗਲਵੱਕੜੀ ਪਾਈ ਬੈਠੇ ਸਨ। ਮੈਂ ਬਾਹਰ ਝਾਤੀ ਮਾਰੀ। ਕੋਸੀ ਧੁੱਪ ਖਿੜਨ ਨਾਲ਼ ਧੁੰਦ ਛਟ ਗਈ ਸੀ। ਨਿੱਘ ਤੇ ਰੌਸ਼ਨੀ ਦੇ ਸੁਮੇਲ 'ਚ ਮਟਕ ਮਟਕ ਕੇ ਕੋਈ ਚਾਨਣੀ ਰੁੱਤ ਉਤਰ ਰਹੀ ਸੀ।
ਰੁੱਤ ਕਠੋਰ -
ਧੁੱਪ ਦੀ ਚਿਲਕੋਰ
ਹਵਾ 'ਚ ਲੋਰ।
* ਮੇਰੇ ਹਾਇਬਨ ਸੰਗ੍ਰਹਿ ਵਿੱਚੋਂ