ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

2 Jul 2018

ਆਤਮ ਨਾਟ (ਮਿੰਨੀ ਕਹਾਣੀ )- ਡਾ. ਹਰਦੀਪ ਕੌਰ ਸੰਧੂ

Image result for tap dance sketch
ਉਹ ਕਦੰਬ ਦੇ ਰੁੱਖ ਹੇਠ ਚਿਰਾਂ ਤੋਂ ਇੱਕਲਾ ਹੀ ਖੜ੍ਹਾ ਸੀ। ਉਸ ਰੁੱਖ ਦੀਆਂ ਝੁਕੀਆਂ ਟਹਿਣੀਆਂ ਕਲਾਵੇ 'ਚ ਲੈਂਦੀਆਂ ਉਸ ਦੀ ਇੱਕਲਤਾ ਨੂੰ ਭਰਨ ਦੀ ਅਸਫ਼ਲ ਕੋਸ਼ਿਸ਼ ਕਰਦੀਆਂ ਰਹਿੰਦੀਆਂ। ਅਜੇ ਉਸ ਚੰਗੂ ਤੁਰਨਾ ਵੀ ਨਹੀਂ ਸਿੱਖਿਆ ਸੀ ਜਦੋਂ ਦੋ ਦਹਾਕੇ ਪਹਿਲਾਂ ਕਿਸੇ ਚੰਦਰੀ ਘੜੀ ਨੂੰ ਉਹ ਅਚਾਨਕ ਮਾਂ ਹੱਥੋਂ ਛੁਟ ਭੁੰਜੇ ਜਾ ਡਿੱਗਿਆ। ਉਸ ਦੇ ਘੁੰਗਰੂਆਂ ਦੇ ਬੋਰ ਉਲਝ ਗਏ। ਬੋਲ ਅਬੋਲੇ ਬਣ ਉਸ ਦਾ ਸਾਥ ਛੱਡ ਗਏ। ਉਹ ਕਿਸੇ ਖਲਾਅ 'ਚ ਜਿਉਣ ਲੱਗਾ ਜਿੱਥੇ ਕਿਸੇ ਤਰ੍ਹਾਂ ਦੇ ਸੁਰ ਸੰਚਾਰ ਦੀ ਕੋਈ ਸੰਭਾਵਨਾ ਹੀ ਨਹੀਂ ਸੀ। ਪਤਾ ਨਹੀਂ ਅੱਖਾਂ ਥੀਂ ਉਹ ਕਿੰਝ ਸੁਣਦਾ ਹੋਵੇਗਾ ? ਹਾਣੀਆਂ ਦੇ ਦੁਰਕਾਰਨ 'ਤੇ ਰੋਂਦਾ ਰੋਂਦਾ ਉਹ ਮਾਂ ਦੀ ਬੁੱਕਲ਼ 'ਚ ਆ ਸਿਮਟਦਾ ਤੇ ਨਿੱਤ ਪੀੜ-ਪੀੜ ਹੁੰਦਾ ਰਹਿੰਦਾ। ਅਣਕਹੇ ਭਾਵਾਂ ਦੇ ਸਮੁੰਦਰ 'ਚ ਵਹਿੰਦਾ ਪਤਾ ਨਹੀਂ ਉਹ ਕਿੰਨੀ ਵਾਰ ਮਰਦਾ ਹੋਣੈ । ਮਾਂ ਉਸ ਦੀ ਬੇਚੈਨੀ ਤੋਂ ਬੇਜ਼ਾਰ ਹੋਈ ਆਪਣੀ ਬੇਵੱਸੀ 'ਤੇ ਝੂਰਦੀ ਰਹਿੰਦੀ। 
.... ਤੇ ਫ਼ੇਰ ਇੱਕ ਦਿਨ ਕੋਈ ਫ਼ਰਿਸ਼ਤਾ ਉਸ ਦੇ ਆਪੇ ਅੰਦਰ ਚਿਰਾਂ ਤੋਂ ਪੁੰਗਰਦੇ ਬੀਜ ਨੂੰ ਸਿੰਜਣ ਆ ਉਤਰਿਆ। ਪੀੜਾ ਨੂੰ ਕਾਬੂ ਕਰ ਵੱਸੋਂ ਬਾਹਰੀ ਤਾਂਘ ਨੂੰ ਉਸ ਦੇ ਆਪੇ ਅੰਦਰ ਮਘਣ ਲਾ ਦਿੱਤਾ। ਹੁਣ ਤੱਕ ਸੁੱਤੀ ਉਸ ਦੀ ਸੰਗੀਤ ਪ੍ਰੀਤ ਅੰਗੜਾਈਆਂ ਭਰਨ ਲੱਗੀ। ਅਣਗਾਹੇ ਬਣਾਂ 'ਚ ਭਾਉਂਦਿਆਂ ਅੰਤਰੀਵ ਇਸ਼ਟ ਦੇ ਮਿਲਾਪ ਨੇ ਉਸ ਨੂੰ ਨ੍ਰਿਤ ਦੀਆਂ ਸੰਗੀਤਕ ਲਿੱਪੀਆਂ ਦਾ ਹਾਣੀ ਬਣਾ ਦਿੱਤਾ। ਹੁਣ ਉਸ ਦੇ ਮਨੋਭਾਵ ਸੁਰਾਂ ਸੰਗ ਥਿਰਕਣ ਲੱਗੇ।
ਅੱਜ ਉਸ ਦੀਆਂ ਜੀਵਨ ਨਾੜੀਆਂ ਅੰਦਰ ਕਿਸੇ ਨਵੀਂ ਰੁੱਤ ਦਾ ਸੰਚਾਰ ਹੋ ਰਿਹਾ ਸੀ। ਉਹ ਖੁੱਲ੍ਹੀਆਂ ਅੱਖਾਂ ਨਾਲ਼ ਖੁਦ ਕੋਈ ਸੁਪਨਾ ਵੇਖ ਰਿਹਾ ਸੀ ਜਾਂ ਉਸ ਸੁਪਨਮਈ ਲੋਕ ਦਾ ਉਹ ਆਪ ਹਿੱਸਾ ਬਣ ਗਿਆ ਸੀ। ਕਦੇ ਲੱਗਦਾ ਸੀ ਕਿ ਜਿਵੇਂ ਉਹ ਚੁਫ਼ੇਰੇ  ਨੂੰ ਅਸਚਰਜ ਕਰ ਰਿਹਾ ਹੋਵੇ ਜਾਂ ਫ਼ੇਰ ਉਸ ਦਾ ਆਪਾ ਖੁਦ ਅਚੰਭਿਤ ਹੋ ਰਿਹਾ ਸੀ। ਅੱਜ ਉਹ ਨੈਣਾਂ ਰਾਹੀਂ ਡੀਕ ਲਾ ਕੇ ਸਭ ਕੁਝ ਪੀ ਜਾਣਾ ਲੋਚਦਾ ਸੀ। ਅੱਖਾਂ ਦੀ ਆਰਸੀ 'ਚ ਉਸ ਦੇ ਨਿਰਮਲ ਹਿਰਦੇ ਦਾ ਅਕਸ ਸਾਫ਼ ਦਿਖਾਈ ਦੇ ਰਿਹਾ ਸੀ। ਬਿਨਾਂ ਕੋਈ ਸੁਰ ਸੁਣੇ ਦਿਲ ਧੜਕਣ 'ਚ ਸਮਾਈ ਤਾਲ ਦੀ ਲੈਅ 'ਤੇ ਆਤਮ ਤਲ ਦੇ ਮਹਾਂ ਸੰਗੀਤ ਰਾਹੀਂ ਕੋਈ ਮਹਾਂ ਨਾਟ ਦ੍ਰਿਸ਼ਟੀਮਾਨ ਹੋ ਰਿਹਾ ਸੀ। ਇਓਂ ਲੱਗਦਾ ਸੀ ਕਿ ਕਿਸੇ ਨ੍ਰਿਤਕ ਹੂਕ ਨੇ ਉਸ ਨੂੰ ਰੱਬ ਦੀ ਜੂਹੇ ਲਿਆ ਖੜ੍ਹਾ ਕੀਤਾ ਹੋਵੇ ਜਿੱਥੇ ਅੱਜ ਉਸ ਨੇ ਖੁਦ 'ਚੋਂ ਖੁਦਾ ਨੂੰ ਪਾ ਲਿਆ ਸੀ। ਕਦੰਬ ਦੇ ਰੁੱਖ ਦੀ ਛਾਂ ਨੂੰ ਮਾਣਦਾ ਸਗਲ ਸ੍ਰਿਸ਼ਟੀ ਨਾਲ਼ ਨੱਚਦਾ ਹੁਣ ਉਹ ਪੂਰਣਤਾ ਨੂੰ ਜਾਂਦੇ ਰਾਹ ਵੱਲ ਪੁਲਾਂਘਾ ਭਰ ਰਿਹਾ ਸੀ। 
ਡਾ. ਹਰਦੀਪ ਕੌਰ ਸੰਧੂ 
* ਮਿੰਨੀ ਕਹਾਣੀ ਸੰਗ੍ਰਹਿ ਵਿੱਚੋਂ 



No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ