
ਕਹਿੰਦੇ ਨੇ ਕਿ ਮੋਹ ਮੁਹੱਬਤ ਇੱਕ ਕੁਰਬਾਨੀ ਦਾ ਨਾਂ ਏ ਤੇ ਏਸ ਨੂੰ ਮਜ਼ਾਕ ਨਾ ਬਣਾਓ। ਪਰ ਜ਼ਿੰਦਗੀ ਤਾਂ ਮੇਰੇ ਨਾਲ਼ ਇੱਕ ਵੱਡਾ ਮਜ਼ਾਕ ਕਰ ਗਈ ਸੀ। ਉਸ ਲਈ ਇਹ ਮਹਿਜ਼ ਸ਼ਬਦ ਹੋਣਗੇ ਪਰ ਮੇਰੇ ਲਈ ਇੱਕ ਅਮੁੱਲਾ ਵਾਅਦਾ ਸਨ। ਇਖ਼ਲਾਕ ਦੀਆਂ ਸਾਰੀਆਂ ਹੱਦਾਂ ਪਾਰ ਕਰਦੀ ਮੈਨੂੰ ਆਪਣੀ ਕੋਝੀ ਚਾਲ ਦਾ ਮੋਹਰਾ ਬਣਾ ਕੇ ਉਹ ਤਾਂ ਕਦੋਂ ਦੀ ਕਿਸੇ ਹੋਰ ਦੀ ਬਣ ਬੈਠੀ ਸੀ।ਉਸ ਬੇਗ਼ੈਰਤ ਨੂੰ ਮੇਰੇ ਜਜ਼ਬੇ ਤੇ ਸੱਚੀ ਚਾਹਤ ਨੂੰ ਅਪਨਾਉਣਾ ਹੀ ਨਾ ਆਇਆ । ਐਨਾ ਵੱਡਾ ਧੋਖਾ, ਜਾਣਿਆ ਤੈਨੂੰ ਮੇਰਾ ਸੰਸਾਰ ਪਰ ਤੂੰ ਕੇਹੀ ਬਦਕਾਰ ? ਪਤਾ ਹੀ ਨਾ ਲੱਗਾ ਕਦੋਂ ਉਸ ਦੀ ਭੋਲ਼ੀ ਜਿਹੀ ਸੂਰਤ ਸੀਨੇ 'ਚ ਸਿੱਲਤ ਵਾਂਗ ਖੁੱਭ ਗਈ ਸੀ। ਰੱਤੋ ਰੱਤ ਹੋਇਆ ਮੇਰਾ ਹਿਰਦਾ ਹੁਣ ਬੇਰੋਕ ਨੁੱਚੜੀ ਜਾ ਰਿਹਾ ਸੀ।
ਕਮਰਾ ਹਨ੍ਹੇਰੇ 'ਚ ਡੁੱਬਦਾ ਜਾ ਰਿਹਾ ਸੀ। ਹਨ੍ਹੇਰੇ ਨੂੰ ਕੋਸਣ ਨਾਲ਼ੋਂ ਤਾਂ ਚੰਗਾ ਕਿ ਦੀਵਾ ਬਾਲ ਲਉ। ਪਰ ਮੇਰੀ ਰੂਹ ਮੇਰਾ ਸਾਥ ਦੇਣ ਤੋਂ ਮੁਨੱਕਰ ਹੁੰਦੀ ਜਾਪ ਰਹੀ ਸੀ। ਭੁੱਖ ਤੇ ਨੀਂਦ ਨੇੜੇ ਤੇੜੇ ਵੀ ਨਹੀਂ ਸੀ। ਏਸ ਪਹਾੜ ਜਿੱਡੇ ਦੁੱਖ ਨੂੰ ਅੰਦਰੋਂ ਅੰਦਰੀਂ ਪੀਣ ਦੀ ਹਿੰਮਤ ਕਿੱਥੋਂ ਲੈ ਕੇ ਆਵਾਂ ? ਉਣੀਂਦਰੇ ਨੈਣੀਂ ਜਾਗਦੀਆਂ ਰਾਤਾਂ ਦੀ ਪੀੜ ਮੇਰੇ ਪਿੰਡੇ ਨੂੰ ਨਪੀੜੀ ਜਾ ਰਹੀ ਸੀ,"ਕੋਈ ਐਨਾ ਬਦਇਖ਼ਲਾਕ ਤੇ ਬੇਰਹਿਮ ਕਿਰਦਾਰ ਕਿਵੇਂ ਹੋ ਸਕਦੈ ? 'ਕੱਠੇ ਜਿਉਣ ਮਰਨ ਦੇ ਕੀਤੇ ਵਾਅਦੇ ਹੁਣ ਕਿਧਰ ਲੁਪਤ ਹੋ ਗਏ ? ਮੇਰੀ ਜ਼ਿੰਦਗੀ ਦੇ ਦੋ ਦਹਾਕੇ ਮਿੱਟੀ 'ਚ ਰੋਲ਼ ਹੁਣ ਪਤਾ ਨਹੀਂ ਕਿਸ ਦਾ ਘਰ ਉਜਾੜ ਰਹੀ ਹੋਵੇਗੀ ? ਸ਼ਰਮ ਦੀਆਂ ਧੱਜੀਆਂ ਤਾਂ ਬੇਗ਼ੈਰਤ ਅਤੇ ਅਜਿਹੀਆਂ ਦੁਸ਼ਟ ਹੀ ਉਡਾਉਂਦੀਆਂ ਨੇ।"
ਮੇਰੇ ਬੁੱਲ੍ਹ ਖੁਸ਼ਕ ਹੋ ਗਏ ਸਨ ਤੇ ਗਲਾ ਸੁੱਕ ਗਿਆ ਸੀ। ਮਨ 'ਤੇ ਪਈਆਂ ਝਰੀਟਾਂ ਸਰੀਰ ਨੂੰ ਛੁਰੀ ਵਾਂਗ ਚੀਰ ਰਹੀਆਂ ਸਨ, "ਹੁਣ ਤਾਂ ਇਹ ਸੂਲੀ ਟੰਗੇ ਪਲ ਹੀ ਮੇਰੇ ਅੰਗੀ ਸਾਥੀ ਨੇ। ਮਾਂ ਵੀ ਤੁਰ ਗਈ।ਮੇਰੇ ਚਸਕਦੇ ਜ਼ਖਮਾਂ ਦੀ ਤਾਬ ਓਸ ਤੋਂ ਝੱਲ ਨਾ ਹੋਈ। ਨਾੜ ਨਾੜ 'ਚ ਉੱਗੀ ਕੰਡਿਆਈ ਦੀ ਕਸਕ ਤੋਂ ਰਾਹਤ ਪਾਉਣ ਲਈ ਮੈਂ ਤਾਂ ਓਸ ਵਗਦੇ ਦਰਿਆ ਦੇ ਪਾਣੀਆਂ 'ਚ ਵੀ ਜਾ ਡੁੱਬਿਆ ਸੀ। ਪਰ ਅਭਾਗੇ ਦੇ ਕਰਮਾਂ 'ਚ ਐਨੀ ਸੁਖਾਲ਼ੀ ਮੌਤ ਕਿੱਥੇ?"
ਵਕਤ ਅੜਬ ਹੋ ਗਿਆ ਸੀ। ਮੈਂ ਵਾਰ ਵਾਰ ਸੁੱਕ ਰਹੇ ਬੁੱਲਾਂ ਉਤੇ ਜੀਭ ਫੇਰਦਿਆਂ ਖਿੜਕੀ ਵੱਲੋਂ ਨਿਗਾਹ ਹਟਾ ਬੱਤੀ ਜਗਾਉਣ ਵੱਲ ਅਹੁਲਿਆ।ਪਰ ਜੇ ਮਨ ਦੀ ਬੱਤੀ ਬੁਝੀ ਹੋਵੇ ਤਾਂ ਏਸ ਮਸਨੂਈ ਚਾਨਣ ਨੇ ਕੁਝ ਨਹੀਂ ਚਮਕਾ ਦੇਣਾ, " ਵੀਰਾਨ ਝਰਨੇ ਵਾਂਗ ਮੇਰੇ ਪਾਣੀ ਸੁੱਕ ਗਏ। ਮੇਰਾ ਆਪਣਾ ਹੀ ਕੋਈ ਮੈਨੂੰ ਲਾਂਬੂ ਲਾ ਗਿਆ। ਸਿਵਿਆਂ ਦੀ ਅੱਗ ਵਾਂਗੂ ਨਿਕਲਦੀਆਂ ਲਾਟਾਂ 'ਚ ਮੇਰਾ ਆਪਾ ਨਿੱਤ ਸੜਦੈ। ਹੁਣ ਤਾਂ ਪੱਤੇ ਝੜ ਗਏ ਕਸੈਲ਼ੀਆਂ ਰੁੱਤਾਂ ਦੇ ਕਹਿਰ ਝੱਲਦਾ ਖੜਸੁੱਕ ਰੁੱਖ ਹੀ ਬਾਕੀ ਹੈ। ਬੀਆਬਾਨ ਜੰਗਲ 'ਚ ਕੋਈ ਸਾਥੀ ਨਹੀਂ।"
ਰਾਤ ਦੀ ਚੁੱਪੀ ਸਿੱਲ੍ਹੇ ਹਨ੍ਹੇਰੇ 'ਚ ਘੁਲ਼ ਰਹੀ ਸੀ। ਮੈਂ ਬੋਝਲ ਅਲਸਾਈ ਹਵਾ ਦੇ ਕਸ਼ ਭਰਨ ਲੱਗਾ। ਬਾਹਰ ਝਾਤੀ ਮਾਰੀ ਤਾਂ ਲੱਗਾ ਕਿ ਜਿਵੇਂ ਰੁੱਖਾਂ ਦੇ ਪੱਤੇ ਕਰਨ ਕੋਈ ਗੁਫ਼ਤਗੂ। ਬੱਸ ਇਨ੍ਹਾਂ ਵਾਂਗਰ ਮੇਰੀ ਵੀ ਹੈ ਇੱਕ ਜੁਸਤਜੂ। ਕੋਈ ਦੇਵੇ ਮੇਰੇ ਸਾਹਾਂ 'ਚ ਖੁਸ਼ਬੋਈ ਦੀ ਦਸਤਕ ਨੈਣਾਂ ਨੂੰ ਆਣ ਮਿਲੇ ਅਚੰਭਿਤ ਕੋਈ ਮਹਿਕ। ਦੂਰ ਸੁੰਨੇ ਅਕਾਸ਼ 'ਕੱਲਾ ਚੰਨ ਲਟਕ ਰਿਹਾ ਸੀ ਤੇ ਮੈਨੂੰ ਲੱਗਾ ਕਿ ਸਾਹਮਣੇ ਟੰਗੇ ਮਹੀਨ ਪਰਦੇ ਪਿੱਛੇ ਜਿਵੇਂ ਅਚਾਨਕ ਕੋਈ ਆਣ ਖਲੋਤਾ ਹੋਵੇ। ਇਹ ਕੋਈ ਹੋਰ ਨਹੀਂ ਮੇਰੀ ਰੂਹ ਦਾ ਕਾਤਲ ਹੀ ਤਾਂ ਸੀ। ਮੇਰੇ ਸੌਣ ਕਮਰੇ ਵਿੱਚ ਇੱਕ ਕਤਲਗਾਹ ਉਗ ਆਈ ਸੀ।
ਸੁੰਨਾ ਅਕਾਸ਼
'ਕੱਲਾ ਲਟਕੇ ਚੰਨ
ਕਮਰੇ 'ਚ ਮੈਂ।
* ਹਾਇਬਨ ਸੰਗ੍ਰਹਿ 'ਚੋਂ
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ