
ਮੇਰਾ ਤਲਾਕ ਹੋ ਗਿਆ ਸੀ । ਜੱਜ ਦੀ ਕੁਸਰੀ 'ਤੇ ਬੈਠਾ ਇੱਕ ਅਜਨਬੀ ਬੰਦਾ ਮੈਨੂੰ ਫ਼ੈਸਲਾ ਸੁਣਾ ਰਿਹਾ ਸੀ ਕਿ ਮੇਰੇ ਬੱਚੇ ਮੈਨੂੰ ਕਦੋਂ ਤੇ ਕਿੱਥੇ ਮਿਲ ਸਕਦੇ ਨੇ। ਇਉਂ ਲੱਗਦਾ ਸੀ ਜਿਵੇਂ ਤੁਪਕਾ ਤੁਪਕਾ ਕਰਕੇ ਕੋਈ ਮੇਰੇ ਕੰਨਾਂ 'ਚ ਪਾਰਾ ਪਾ ਰਿਹਾ ਹੋਵੇ। ਮੇਰੀ ਸੁਰਤ ਹਸਪਤਾਲ ਦੇ ਜਣੇਪਾ ਗ੍ਰਹਿ 'ਚ ਪਹੁੰਚ ਚੁੱਕੀ ਸੀ। ਜਣੇਪੇ ਦੀਆਂ ਪੀੜਾਂ ਨੂੰ ਮੱਧਮ ਕਰਨ ਲਈ ਮੇਰੇ ਬੱਚਿਆਂ ਦੀ ਸੰਭਾਵੀ ਮਾਂ ਨੂੰ ਡਾਕਟਰਾਂ ਨੇ ਟੀਕਾ ਲਾ ਨੀਮ ਬੇਹੋਸ਼ ਜਿਹਾ ਕਰ ਦਿੱਤਾ ਸੀ ਪਰ ਉਨਾਂ ਪਲਾਂ 'ਚ ਮੈਂ ਪੀੜਾਗ੍ਰਸਤ ਰਿਹਾ।
ਅੱਜ ਬੱਚੇ ਮੈਨੂੰ ਮਿਲਣ ਆਏ ਸਨ। ਆਥਣ ਹੋ ਗਿਆ ਸੀ ਤੇ ਉਹਨਾਂ ਦੇ ਜਾਣ ਦਾ ਵੇਲ਼ਾ। ਮੇਰੀ ਬੁੱਕਲ਼ 'ਚ ਨਿੱਕੀ ਰੋਣਹਾਕੀ ਹੋਈ ਬੈਠੀ ਸੀ, " ਪਾਪਾ ! ਆਪਾਂ 'ਕੱਠੇ ਕਿਉਂ ਨੀ ਰਹਿ ਸਕਦੇ?" ਮੇਰੀ ਰੂਹ ਦੀ ਕੁੱਖ ਅੱਜ ਫ਼ੇਰ ਉਹੀਓ ਜਨਣ ਪੀੜਾਂ ਮਹਿਸੂਸ ਕਰ ਰਹੀ ਸੀ।
*ਮਿੰਨੀ ਕਹਾਣੀ ਸੰਗ੍ਰਹਿ ਵਿੱਚੋਂ
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ