
ਸੁੰਦਰਤਾ ਮੁਕਾਬਲਾ ਚੱਲ ਰਿਹਾ ਸੀ। ਸੂਰਤ ਦੇ ਨਾਲ਼ ਨਾਲ਼ ਸੀਰਤ ਵੀ ਨਾਪੀ ਜਾਣੀ ਸੀ। ਖੁੱਲ੍ਹੇ ਮੰਚ 'ਤੇ ਖਲ੍ਹਾਰ ਕੇ ਦੱਸਿਆ ਜਾ ਰਿਹਾ ਸੀ ਕਿਸ ਮੁਟਿਆਰ ਨੂੰ ਸਹੀ ਹੱਸਣਾ ਆਉਂਦੈ ਤੇ ਕਿਸ ਨੂੰ ਬੋਲਣ ਦੀ ਲਿਆਕਤ ਏ। ਜਿਸਮਾਂ ਦੀ ਨੁਮਾਇਸ਼ 'ਚ ਸਰੀਰਕ ਬਣਤਰ ਦੀ ਤਾਰੀਫ਼ ਹੋ ਰਹੀ ਸੀ। ਉਹ ਰੂਪਵੰਤੀਆਂ ਪੂਰਾ ਤਾਣ ਲਾ ਕੇ ਆਪਣਾ ਨਿੱਜੀ ਹੁਨਰ ਪੇਸ਼ ਕਰ ਰਹੀਆਂ ਸਨ। ਰਚਾਏ ਸਵਾਂਗ 'ਚ ਅੱਲ੍ਹੜਾਂ ਨੂੰ ਵਹੁਟੀਆਂ ਬਣਾ ਵਿਆਹ ਤੋਂ ਪਹਿਲਾਂ ਹੀ ਵਿਦਾ ਕੀਤਾ ਜਾ ਰਿਹਾ ਸੀ। ਰੰਗਲੀ ਮਹਿਫ਼ਿਲ ਦੀ ਚਕਾਚੌਂਧ ਵਿੱਚ ਸੱਭਿਅਤਾ ਚੁੱਪ ਚਾਪ ਨੀਲਾਮ ਹੋ ਰਹੀ ਸੀ। ਚੁੰਧਿਆਉ ਲਿਸ਼ਕੋਰ 'ਚ ਦਰਸ਼ਕਾਂ ਦੀ ਗ੍ਰਹਿਣੀ ਸੋਚ ਰੋਮਾਂਚਿਤ ਹੋ ਰਹੀ ਸੀ। ਤਾੜੀਆਂ ਦੀ ਗੂੰਜ ਵਿੱਚ ਵਿਰਸਾ ਸ਼ਰ੍ਹੇਆਮ ਕਤਲ ਹੋ ਰਿਹਾ ਸੀ।
* ਮਿੰਨੀ ਕਹਾਣੀ ਸੰਗ੍ਰਹਿ 'ਚੋਂ
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ