ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

28 Jun 2019

ਖ਼ੁਦਾਇ ਰੰਗਿ (ਹਾਇਬਨ) ਡਾ. ਹਰਦੀਪ ਕੌਰ ਸੰਧੂ

ਖ਼ੁਦਾਇ ਰੰਗਿ (ਹਾਇਬਨ) ਡਾ. ਹਰਦੀਪ ਕੌਰ ਸੰਧੂ
ਹਾੜ ਦੇ ਦਿਨਾਂ ਦੀ ਆਲਮੀ ਤਪਸ਼ ਵੱਧਦੀ ਜਾ ਰਹੀ ਸੀ। ਪੂਰਬ ਤੋਂ ਪੱਛਮ ਦਾ ਪੈਂਡਾ ਤੈਅ ਕਰਦਾ ਸੂਰਜ ਚੁਫ਼ੇਰੇ ਦੀ ਨਮੀ ਨੂੰ ਸੋਖ ਰਿਹਾ ਸੀ। ਟਿਕੀ ਦੁਪਹਿਰ ਨੂੰ ਗਰਮੀ ਦੇ ਸਤੇ ਹੋਏ ਬੀਂਡੇ ਵੀ ਟੀਂ- ਟੀਂ ਕਰ ਰਹੇ ਸਨ।ਪੂਰੀ ਕਾਇਨਾਤ ਹੀ ਕਿਧਰੇ ਗੁਆਚੀ ਜਾਪ ਰਹੀ ਸੀ। ਇਉਂ ਲੱਗਦਾ ਸੀ ਕਿ ਜਿਵੇਂ ਇਹ ਕਦੇ ਹੱਥ ਨਹੀਂ ਆਵੇਗੀ।      
ਵਿਹੜੇ ਦੇ ਇੱਕ ਖੂੰਜੇ ਲੱਗਾ ਛੋਟਾ ਜਿਹਾ ਰੁੱਖ ਉਸ ਦੇ ਤੁਰ ਜਾਣ ਮਗਰੋਂ ਸੁੱਕ ਕੇ ਮੁਰਝਾ ਗਿਆ ਸੀ। ਲੱਗਦਾ ਸੀ ਜਿਵੇਂ ਕੜੰਗ ਹੋਇਆ ਇਹ ਰੁੱਖ ਕਰੁੰਬਲਾਂ ਤੇ ਪੱਤਿਆਂ ਦੇ ਵਿਯੋਗ ਵਿੱਚ ਕੋਈ ਮੂਕ ਹੋਕਰਾ ਬਣ ਗਿਆ ਹੋਵੇ। ਕਦੇ ਅਜਿਹੇ ਸੁੱਚੇ ਪੱਤਿਆਂ ਨੇ ਸਾਡੇ ਬੂਹੇ ਦੀਆਂ ਪਲਕਾਂ ਦਾ ਭਾਗ ਬਣ ਉਸ ਦੀ ਆਮਦ ਦੇ ਗੀਤ ਗਾਏ ਸਨ। ਉਸ ਦੇ ਬੋਲਾਂ ਦੀ ਆਹਟ ਨੂੰ ਚਿਤਵਦਾ ਮਨ ਨਾਨਕੇ ਪਿੰਡ ਦੀ ਕੱਚੀ ਬੀਹੀ ਨੂੰ ਹੋ ਤੁਰਿਆ। ਉਹ ਵੱਡੀ ਭੈਣ ਦੀ ਕੁੱਛੜ ਸੀ ਤੇ ਮੈਂ ਉਂਗਲ ਲੱਗੀ ਨਾਲ਼ ਤੁਰੀ ਜਾ ਰਹੀ ਸਾਂ, " ਕੁੜੇ ਆ ਪਾਲ ਦੀ ਕਾਕੀ ਆ?" ਸਾਹਮਣਿਓਂ ਤੁਰੀ ਆਉਂਦੀ ਬੇਬੇ ਨੇ ਪੁਚਕਾਰਦੇ ਹੋਏ ਕਿਹਾ। " ਤੇ ਮੈਂ ਪਾਲ ਦਾ ਕਾਕਾ," ਉਸ ਨੇ ਝੱਟ ਖੁਦ ਨੂੰ ਬੇਬੇ ਦੇ ਅਧੂਰੇ ਵਾਕ 'ਚ ਸ਼ਾਮਿਲ ਕਰ ਲਿਆ ਸੀ। 
ਇੰਨ੍ਹਾਂ ਦਿਨਾਂ ਵਿੱਚ ਕਦੇ ਕਦੇ ਬਰਸਾਤ ਹੋਣ ਲੱਗੀ ਸੀ। ਹੁਣ ਉਸ ਦੇ ਆਪਣੇ ਹੱਥੀਂ ਲਾਏ ਸੁੱਕੇ ਰੁੱਖ ਨੂੰ ਤਾਂ ਸਾਵੇ ਪੱਤਿਆਂ ਤੇ ਸੂਹੇ ਫੁੱਲਾਂ ਦਾ ਫੁਟਾਰਾ ਪੈ ਗਿਆ ਸੀ ਪਰ ਵਕਤੋਂ ਬੇਵਕਤ ਹੋਏ ਪਲਾਂ ਨੂੰ ਘੇਰ ਕੌਣ ਮੋੜ ਕੇ ਲਿਆਵੇ ? ਉਸ ਦੀ ਪੈੜ ਚਾਲ ਨੂੰ ਕੰਨ ਤਰਸੇ ਪਏ ਨੇ । ਹੰਝੂਆਂ 'ਚ ਘੁਲ਼ਦੀਆਂ ਯਾਦਾਂ ਨੂੰ ਵੇਖ ਵਿਹੜੇ ਦਾ ਵੀ ਗੱਚ ਭਰ ਆਉਂਦਾ ਹੈ। ਵਿਹੜੇ ਦਾ ਸੂਰਜ ਅਲੋਪ ਹੁੰਦੇ -ਹੁੰਦੇ ਅਜਿਹਾ ਅਲੌਕਿਕ ਝਲਕਾਰਾ ਮਾਰ ਗਿਆ ਸੀ ਕਿ ਰੁਦਨ ਕਰੇਂਦਾ ਘਰ ਕਿਸੇ ਸੁਨਹਿਰੀ ਚੰਦੋਏ ਹੇਠ ਸ਼ਸ਼ੋਭਿਤ ਹੋ ਗਿਆ । ਉਸ ਦੀ ਝੋਲ਼ੀ ਮਾਂ ਦੇ ਪਾਏ ਰੰਗ ਚਾਨਣ ਨੂੰ ਉਹ ਹੋਰ ਚਾਨਣ -ਚਾਨਣ ਕਰ ਬਿਖੇਰ ਗਿਆ ਸੀ। ਰੂਹ ਉਸ ਦੀ ਰੱਬੀ ਰੱਬ ਸਮੋਈ ਹੋ ਗਿਆ ਉਹ ਦੇਵ ਪੁਰਸ਼ ਕੋਈ। 
 ਕਹਿੰਦੇ ਨੇ ਕਿ ਨਿੰਦਰੀ ਸੋਚ ਵਿੱਚ ਸੰਵੇਦੀ ਭਰਮ ਨਹੀਂ ਹੁੰਦੇ ਤੇ ਇਹ ਊਟਪਟਾਂਗ ਵੀ ਨਹੀਂ ਹੁੰਦੀ।ਪਰ ਸਮੇਂ ਵਿੱਚ ਕਦੇ - ਕਦੇ ਅਜਿਹੀ ਗੜਬੜੀ ਹੁੰਦੀ ਹੈ ਕਿ ਅਤੀਤ ਵੀ ਵਰਤਮਾਨ ਲੱਗਣ ਲੱਗ ਜਾਂਦਾ ਹੈ। ਉਸ ਦਿਨ ਸ਼ਹਿਰ ਦੇ ਸਲਾਨਾ ਪੁਸਤਕ ਮੇਲੇ ਦਾ ਆਯੋਜਨ ਸੀ। ਸਟੇਜ ਦੇ ਐਨ ਮੂਹਰੇ ਸਾਹਮਣੀ ਕਤਾਰ ਵਿੱਚ ਡਾਹੀਆਂ ਕੁਰਸੀਆਂ ਦੇ ਕੋਲ਼ ਖੜੇ ਕੁਝ ਅਣਜਾਣ ਚਿਹਰਿਆਂ ਨੂੰ ਮੈਂ ਪਛਾਨਣ ਦੀ ਅਸਫ਼ਲ ਕੋਸ਼ਿਸ਼ ਕਰ ਰਹੀ ਸਾਂ। ਉਹ ਵੀ ਸ਼ਾਇਦ ਇਸੇ ਉਲਝਣ ਵਿੱਚ ਦਿਖਾਈ ਦੇ ਰਹੇ ਸਨ। ਐਨੇ ਨੂੰ ਯਾਦਾਂ ਦੀ ਸਬਾਤ ਵਿੱਚੋਂ ਨਿਕਲ਼ ਅਚਾਨਕ ਉਹ ਮੇਰੇ ਐਨ ਪਿੱਛੇ ਆਣ ਖਲੋਇਆ ਸੀ। ਉਹ ਉਸ ਸਮਾਗਮ ਦਾ ਮੁੱਖ ਮਹਿਮਾਨ ਸੀ। ਖੜੇ ਵਿਅਕਤੀਆਂ ਵਿੱਚੋਂ ਇੱਕ ਸੱਜਣ ਨੇ ਹੱਥ ਮਿਲਾਉਂਦਿਆਂ ਉਸ ਦਾ ਸਵਾਗਤ ਕਰਦਿਆਂ ਕਿਹਾ, " ਆਪ ਨੂੰ ਕੌਣ ਨਹੀਂ ਜਾਣਦਾ ? ਪੂਰੇ ਇਲਾਕੇ ਵਿੱਚ ਆਪ ਦਾ ਨਾਂ ਬੋਲਦੈ।ਆਪ ਜਿਹੀ ਫ਼ਕੀਰ ਰੂਹ ਇਲਾਕੇ ਲਈ ਕਿਸੇ  ਸੁੱਚੇ ਵਰਦਾਨ ਵਾਂਗ ਹੈ," ਉਸ ਅੱਗੇ ਵਧਦਿਆਂ ਨਿੰਮੀ ਮੁਸਕਰਾਹਟ ਨਾਲ਼ ਸਭ ਨੂੰ ਆਪਣੇ ਕਲਾਵੇ ਵਿੱਚ ਭਰ ਲਿਆ ਸੀ। " ਤੇ ਮੈਂ ਉਸ ਦੀ ਵੱਡੀ ਭੈਣ ਹਾਂ," ਮਾਣ ਨਾਲ਼ ਮੈਂ ਸੂਹੇ ਚਾਵਾਂ ਤੇ ਦੁਆਵਾਂ ਦਾ ਛਿੱਟਾ ਦੇ ਦਿੱਤਾ ਸੀ ।ਉਹ ਚਾਨਣ ਭਰੇ ਚਾਨਣ 'ਚੋਂ ਮੰਦ -ਮੰਦ ਮੁਸਕਰਾ ਰਿਹਾ ਸੀ। ਉਸ ਦੀਆਂ ਅੱਖਾਂ ਦੀ ਚਮਕ ਨੇ ਮੇਰੀ ਅਧੂਰੀ ਮੁਸਕਾਨ ਨੂੰ ਪੂਰਣ ਕਰ ਦਿੱਤਾ ਸੀ। 
 ਛੋਪਲੇ ਹੀ ਮੈਂ ਅਤੀਤ ਵਿੱਚੋਂ ਨਿਕਲ਼ ਹੁਣ 'ਚ ਪਰਤ ਆਈ ਸਾਂ । ਬਾਹਰ ਅਜੇ ਮੂੰਹ ਹਨ੍ਹੇਰਾ ਸੀ ਤੇ ਕਮਰੇ ਵਿੱਚ ਚੁੱਪ ਦਾ ਪਸਾਰਾ ਸੀ। ਟਿਕੀ ਸਵੇਰ ਵਿੱਚ ਦੂਰੋਂ ਕਿਤੇ ਪੰਖੇਰੂਆਂ ਦੇ ਪ੍ਰਭਾਤੀ ਗਾਨ ਦਾ ਮੱਧਮ ਜਿਹਾ ਸੁਰ ਸੁਣਾਈ ਦੇ ਰਿਹਾ ਸੀ।  ਆਪਣੇ ਆਪੇ ਵਿੱਚੋਂ ਬੋਲਦੀ ਚੁੱਪ 'ਚ ਘੁਲ਼ੀਆਂ ਉਸ ਦੀਆਂ ਯਾਦਾਂ ਪਤਾ ਨਹੀਂ ਕਿੰਨਾ ਚਿਰ ਮੇਰੀਆਂ ਅੱਖਾਂ ਥੀਂ ਬੇਰੋਕ ਵਹਿੰਦੀਆਂ ਰਹੀਆਂ। ਸ਼ਾਇਦ ਏਹੁ ਅਸ਼ਕ ਬਣ ਜਾਵਣ ਕੋਈ ਦੁਆ, ਖ਼ੁਦਾਇ ਰੰਗਿ ਓਹ ਖ਼ੁਦਾ ਗਵਾਹ। 
ਸਿੰਮਦੀ ਚੁੱਪ 
ਸਰਹਾਣੇ ਦੇ ਫ਼ੁੱਲ 
ਹੰਝੂ ਗੜੁੱਚ। 

2 comments:

  1. ਸਤਿਕਾਰਯੋਗ ਲੇਖਕ ਸਾਹਿਬਾਨ ਅਸੀਂ ਰੋਜ਼ਾਨਾ ਆਜ਼ਾਦ ਸੋਚ ਪੰਜਾਬੀ ਅਖਬਾਰ ਵਿੱਚ ਤੁਹਾਡੀਆਂ ਵਡਮੁੱਲੀਆਂ ਰਚਨਾਵਾਂ ਛਾਪ ਕੇ ਆਪਣੇ ਆਪ ਨੂੰ ਖੁਸ਼ਨਸੀਬ ਸਮਝਾਂਗੇ। ਕ੍ਰਿਪਾ ਕਰਕੇ ਲੇਖਕ ਸਾਹਿਬਾਨ ਆਪਣੀਆਂ ਰਚਨਾਵਾਂ azadsoach92@gmail.com ਤੇ ਭੇਜਣ ਦੀ ਖੇਚਲ ਕਰਨ ਜੀ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ