ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

2 Nov 2019

ਡੱਬੀਆਂ ਵਾਲ਼ਾ ਖੇਸ (ਹਾਇਬਨ) ਡਾ. ਹਰਦੀਪ ਕੌਰ ਸੰਧੂ


ਅੱਜ ਫ਼ੇਰ ਇੱਕ ਸੁਰਖ਼ ਲੋਅ ਵਾਲ਼ੀ ਨਵੀਂ ਸਵੇਰ ਸੀ। ਇਉਂ ਲੱਗਦਾ ਸੀ ਜਿਵੇਂ ਕਿਸੇ ਸੁੱਚੀ ਜਿਹੀ ਧੁੱਪੜੀ ਨੇ ਦਰਾਂ 'ਤੇ ਆਣ ਦਸਤਕ ਦਿੱਤੀ ਹੋਵੇ। ਕਹਿੰਦੇ ਨੇ ਕਿ ਮਨ ਦੇ ਦੁਆਰ 'ਤੇ ਕਿਸੇ ਰੱਬ ਸਬੱਬੀਂ ਕੁਝ ਨਾ ਕੁਝ ਅੱਪੜਦਾ ਹੀ ਰਹਿੰਦਾ ਹੈ। ਕਦੇ ਪੋਲੇ- ਪੋਲੇ ਪੱਬੀਂ ਆਏ ਦੂਰ ਦੁਰੇਡੀਓਂ ਚਾਅ ਵਿਹੜੇ ਦੀ ਰੌਣਕ ਬਣ ਜਾਂਦੇ ਨੇ ਤੇ ਕਦੇ ਸੂਹੇ ਪਲਾਂ ਦਾ ਨਾਦ ਗੂੰਜਣ ਲੱਗਦਾ ਹੈ। 
ਡੱਬੀਆਂ ਵਾਲ਼ਾ ਖੇਸ ਹੁਣ ਮੇਰੇ ਹੱਥਾਂ 'ਚ ਸੀ। ਇਹ ਬਹੁਤ ਲੰਮੇਰਾ ਸਫ਼ਰ ਤਹਿ ਕਰਦਾ ਦਾਦਕੇ ਪਿੰਡੋਂ ਮੇਰੇ ਦਾਦੇ ਦੇ ਭਰਾ ਦੇ ਘਰੋਂ ਏਥੇ ਸੱਤ ਸਮੁੰਦਰੋਂ ਪਾਰ ਆਇਆ ਸੀ। ਏਸ ਖੇਸ ਨੂੰ ਬੁਣਨ ਵੇਲ਼ੇ ਹੀ ਮੇਰੇ ਨਾਓਂ ਦੀ ਸ਼ਾਇਦ ਕੋਈ ਅਣਦਿੱਖ ਮੋਹਰ ਪਹਿਲਾਂ ਹੀ ਲੱਗ ਗਈ ਹੋਵੇ। ਜਿਸ ਦੀ ਖ਼ਬਰ ਨਾ ਖੇਸ ਬੁਣਨ ਵਾਲ਼ੀ ਓਸ ਬੇਬੇ ਨੂੰ ਸੀ ਜੋ ਆਪਣੀ ਉਮਰ ਦੇ ਹੁਣ ਨੌਂ ਦਹਾਕੇ ਵਿਹਾ ਚੁੱਕੀ ਹੈ ਤੇ ਮੈਨੂੰ ਤਾਂ ਹੋਣੀ ਹੀ ਕੀ ਸੀ ? ਬੇਬੇ ਨੇ ਆਪਣੇ ਸੰਦੂਕ ਦੇ ਭਰਪੂਰ ਖਜ਼ਾਨੇ 'ਚੋਂ ਕੱਢ ਕੇ ਸਭ ਤੋਂ ਅਮੁੱਲੀ ਵਸਤ ਮੈਨੂੰ ਭੇਜੀ ਸੀ ਜੋ ਉਸ ਦੇ ਦਿਲ ਦੇ ਬਹੁਤ ਨੇੜੇ ਹੈ। ਹੁਣ ਮੈਂ ਉਹ ਖੂਬਸੂਰਤੀ ਮਾਣ ਰਹੀ ਸਾਂ ਜੋ ਮੇਰੀ ਪੜਨਾਨੀ ਤੇ ਮਾਂ ਨੇ ਹਰ ਨਿੱਕੀ ਸ਼ੈਅ 'ਚੋਂ ਮੈਨੂੰ ਮਾਨਣੀ ਸਿਖਾਈ ਹੈ। 
ਬੇਬੇ ਦੇ ਚਰਖ਼ੇ ਦੀ ਘੂਕਰ ਹੁਣ ਮੈਨੂੰ ਸੁਣਾਈ ਦੇ ਰਹੀ ਸੀ।ਉਸ ਦੇ ਹੱਥੀਂ ਬੁਣੇ ਖੇਸ 'ਚੋਂ ਪਿਆਰ ਭਰੀ ਮਹਿਕ ਨੂੰ ਕਿਸੇ ਬਿਆਨ ਨਾਲ਼ ਮਿਣਿਆ ਨਹੀਂ ਜਾ ਸਕਦਾ। ਖੇਸ ਦੇ ਬੰਬਲਾਂ 'ਚ ਵੱਟੇ ਚਾਅ ਹੁਣ ਮੇਰੀ ਝੋਲ਼ੀ ਆ ਪਏ ਨੇ। ਹਰੀ ਕੰਨੀ ਵਾਲ਼ਾ ਮਿਟਿਆਲਾ ਜਿਹਾ ਡੱਬੀਆਂ ਵਾਲ਼ਾ ਖੇਸ ਮੈਨੂੰ ਕਿਸੇ ਅਨੋਖੀ ਸੂਖਮਤਾ ਦੇ ਨੇੜੇ ਲੈ ਗਿਆ ਸੀ। ਰਿਸ਼ਤਿਆਂ ਦੀ ਉਹ ਸੂਖਮਤਾ ਜਿਹੜੀ ਬੇਬੇ ਨੇ ਮੇਰੇ ਮਾਪਿਆਂ ਸੰਗ ਹੰਢਾਈ ਸੀ। ਖੇਸ ਭੇਜਣ ਵੇਲ਼ੇ ਵੀ ਬੇਬੇ ਦੀਆਂ ਗੱਲਾਂ 'ਚ ਮੇਰੀ ਮਾਂ ਦੇ ਨਿੱਘੇ ਤੇ ਮਿਲਾਪੜੇ ਸੁਭਾਅ ਦਾ ਜ਼ਿਕਰ ਸੀ। ਵਕਤ ਦੇ ਤਕਾਜ਼ਿਆਂ ਤੋਂ ਪਾਰ ਉਸ ਨੇ ਮੇਰੇ ਮਾਪਿਆਂ ਦੇ ਅਕਸ ਥੀਂ ਹੀ ਮੈਨੂੰ ਕਿਆਸਿਆ ਹੋਣੈ। 
ਡੱਬੀਦਾਰ ਖੇਸ ਹੱਥਾਂ 'ਚ ਲੈਂਦਿਆਂ ਜਦੋਂ ਆਪਣੀਆਂ ਪਲਕਾਂ ਭੀੜ੍ਹ ਲਈਆਂ ਤਾਂ ਮੈਂ ਕਈ ਦਹਾਕੇ ਪਿਛਾਂਹ ਉਨ੍ਹਾਂ ਅਣਦੇਖੇ ਪਲਾਂ 'ਚ ਜਾ ਖਲੋਈ ਜੋ ਮੇਰੀ ਅੰਮੜੀ ਤੇ ਬਾਬਲ ਨੇ ਕਦੇ ਬੇਬੇ ਦੇ ਪਰਿਵਾਰ ਸੰਗ ਬਿਤਾਏ ਸਨ। ਗੱਲ-ਗੱਲ 'ਤੇ ਸ਼ੁਗਲ ਮੇਲਾ ਮਨਾਉਂਦੇ ਤਰੋ -ਤਾਜ਼ੇ ਪਲ, ਸੁੱਚੀ ਗੁਫ਼ਤਗੂ 'ਚ ਰੁੱਝੇ ਪਲ। ਇਨ੍ਹਾਂ ਪਲਾਂ ਦੀ ਸੱਤਰੰਗੀ ਤਹਿਜ਼ੀਬ ਮੈਨੂੰ ਅਸੀਸ ਦਿੰਦੀ ਜਾਪੀ। ਵਰ੍ਹਿਆਂ ਪਿੱਛੋਂ ਅੱਜ ਮੈਂ ਉਹ ਪਲ ਜਿਉਂ ਲਏ ਸਨ ਜੋ ਮੇਰੇ ਹਿੱਸੇ ਕਦੇ ਆਏ ਹੀ ਨਹੀਂ ਸਨ । 
ਮੈਂ ਦਾਦਕਿਆਂ ਦੀ ਵਾਦੀ 'ਚ ਹੁਣ ਕਿਸੇ ਪੰਛੀ ਵਾਂਗ ਉੱਡ ਰਹੀ ਸਾਂ। ਮੈਂ ਇਹਨਾਂ ਪਲਾਂ ਤੋਂ ਵਿਦਾ ਨਹੀਂ ਲੈਣੀ ਚਾਹੁੰਦੀ ਸਾਂ ਜਿਥੇ ਦਿਲਦਾਰੀਆਂ ਜਿਉਂਦੀਆਂ ਸਨ। ਚਾਨਣ ਰੁੱਤੇ ਰਾਹਾਂ ਵਿੱਚ ਕਿਸੇ ਸੁਖਦ ਨਾਦ ਦੀ ਧੁਨ 'ਤੇ ਮਹਿਕਾਂ ਦਾ ਵਣਜ ਹੁੰਦਾ ਸੀ। ਹੁਣ ਮੈਂ ਉਨ੍ਹਾਂ ਸਮੁੰਦ ਪਲਾਂ ਜਿਹਾ ਹੋਣਾ ਲੋਚਦੀ ਸਾਂ ਜਿਥੇ ਪਾਣੀਆਂ ਜਿਹੀ ਪਾਕੀਜ਼ਗੀ ਸੀ। ਇਉਂ ਲੱਗਦਾ ਸੀ ਕਿ ਅੱਜ ਇਹਨਾਂ ਪਲਾਂ ਨੇ ਮੇਰੇ ਮਨ ਦੀ ਮੁਹਾਠ 'ਤੇ ਸਤਵਰਗੀ ਰਹਿਮਤਾਂ ਦਾ ਛਿੱਟਾ ਦੇ ਦਿੱਤਾ ਹੋਵੇ। 

ਪੁੱਜੀ ਪ੍ਰਦੇਸ 
ਵਿਸਮਾਦੀ ਖੁਸ਼ਬੋ 
ਸੁਹੰਦਾ ਖੇਸ। 

1 comment:

  1. ਬਹੁਤਿਆਂ ਚੀਜਾਂ ਪਿਛੇ ਛੱਡ ਕੇ ਅਸੀ ਤਰੱਕੀ ਦੀ ਅੰਧੀ ਦੌਡ ਵਿਚ ਬਹੁਤ ਕੁਛ ਗਵਾਂ ਬੈਠੇ ਹਾਂ।ਤੁਹਾਡੀ ਰਚਨਾ ਅਖਾਂ ਗਿਲੇ6ਕਰ ਗਈ।🙏

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ